ਜਦੋਂ ਮਨ ਦੀਆਂ ਬੂਹੇ ਬਾਰੀਆਂ ਖੁੱਲ੍ਹੀਆਂ ਸਨ ...  - ਰਾਮਚੰਦਰ ਗੁਹਾ

ਸਾਡੇ ਦੇਸ਼ ਵਿਚ ਮੁੰਬਈ ਮੇਰਾ ਪਸੰਦੀਦਾ ਸ਼ਹਿਰ ਹੈ ਅਤੇ ਮੁੰਬਈ ਦੇ ਗਾਮਦੇਵੀ ਇਲਾਕੇ ਵਿਚ ਸਥਿਤ ਮਣੀ ਭਵਨ ਮੁੰਬਈ ਦੀਆਂ ਮੇਰੀਆਂ ਕੁਝ ਮਨਪਸੰਦ ਥਾਵਾਂ ’ਚ ਸ਼ੁਮਾਰ ਹੈ। ਇਹ ਇਕ ਘਰ ਹੈ ਤੇ ਹੁਣ ਇਕ ਯਾਦਗਾਰ ਹੈ ਜਿੱਥੇ ਗਾਂਧੀ ਆ ਕੇ ਅਕਸਰ ਠਹਿਰਦੇ ਸਨ ਅਤੇ ਇੱਥੇ ਰਹਿ ਕੇ ਸਤਿਆਗ੍ਰਹਿ ਮੁਹਿੰਮਾਂ ਦੀ ਯੋਜਨਾਬੰਦੀ ਤੇ ਸਰਗਰਮੀਆਂ ਚਲਾਇਆ ਕਰਦੇ ਸਨ।
     1990ਵਿਆਂ ਦੇ ਸ਼ੁਰੂ ਵਿਚ ਜਦੋਂ ਮੈਂ ਮਣੀ ਭਵਨ ਵਿਚ ਆਉਣਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਵਡੇਰੀ ਉਮਰ ਪਰ ਛੋਟੇ ਕੱਦ ਦੀ ਇਕ ਔਰਤ ਨਾਲ ਮਿਲਣ ਦਾ ਮੌਕਾ ਮਿਲਿਆ ਜੋ ਚਿੱਟੀ ਸਾੜ੍ਹੀ ਪਹਿਨ ਕੇ ਰੱਖਦੇ ਸੀ। ਉਹ ਬੋਲਦੀ ਹੀ ਘੱਟ ਸੀ ਪਰ ਆਵਾਜ਼ ਬਹੁਤ ਮੁਲਾਇਮ ਸੀ। ਇਹ ਊਸ਼ਾ ਮਹਿਤਾ ਸੀ ਜੋ ਆਪਣੀ ਜਵਾਨੀ ਦੇ ਦਿਨਾਂ ਵਿਚ ‘ਅੰਗਰੇਜ਼ੋ ਭਾਰਤ ਛੱਡੋ’ ਲਹਿਰ ਦੀਆਂ ਪ੍ਰੇਰਨਾਮਈ ਹਸਤੀਆਂ ਵਿਚ ਸ਼ਾਮਲ ਹੁੰਦੇ ਸਨ। ਨੌਂ ਅਗਸਤ 1942 ਨੂੰ ਗਾਂਧੀ ਅਤੇ ਹੋਰਨਾਂ ਕਾਂਗਰਸ ਆਗੂਆਂ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਊਸ਼ਾ ਮਹਿਤਾ ਨੇ ਇਕ ਅੰਡਰਗਰਾਊਂਡ ਰੇਡੀਓ ਕਾਇਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਜਿਸ ਰਾਹੀਂ ਗੁਪਤ ਥਾਵਾਂ ਤੋਂ ਦਮਦਾਰ ਬੁਲੇਟਿਨ ਪ੍ਰਸਾਰਤ ਕੀਤੇ ਜਾਂਦੇ ਸਨ ਤਾਂ ਕਿ ਜੇਲ੍ਹਾਂ ਤੋਂ ਬਾਹਰ ਦੇਸ਼ਭਗਤਾਂ ਅੰਦਰ ਆਜ਼ਾਦੀ ਦੀ ਲੋਅ ਮਘਦੀ ਰੱਖੀ ਜਾ ਸਕੇ।
     ਜਦੋਂ ਊਸ਼ਾ ਮਹਿਤਾ ਨੇ ਕਾਂਗਰਸ ਰੇਡੀਓ ਸ਼ੁਰੂ ਕੀਤਾ ਤਾਂ ਉਸ ਦੀ ਉਮਰ ਵੀਹਵਿਆਂ ਵਿਚ ਸੀ ਤੇ ਬੰਬਈ ਦੇ ਇਕ ਕਾਲਜ ਵਿਚ ਪੜ੍ਹਦੀ ਸੀ। ਆਖ਼ਰਕਾਰ ਅੰਗਰੇਜ਼ ਸਰਕਾਰ ਨੇ ਰੇਡੀਓ ਵਾਲੀ ਗੁਪਤ ਥਾਂ ਦਾ ਪਤਾ ਲਗਾ ਲਿਆ ਅਤੇ ਇਸ ਦੇ ਮੋਹਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਊਸ਼ਾ ਮਹਿਤਾ ਨੇ ਕਈ ਸਾਲ ਜੇਲ੍ਹ ਕੱਟੀ ਸੀ। ਰਿਹਾਈ ਤੋਂ ਬਾਅਦ ਉਨ੍ਹਾਂ ਆਪਣੀ ਪੜ੍ਹਾਈ ਮੁੜ ਸ਼ੁਰੂ ਕਰ ਦਿੱਤੀ ਅਤੇ ਬੰਬਈ ਯੂਨੀਵਰਸਿਟੀ ਵਿਚ ਰਾਜਨੀਤੀ ਦੀ ਮਾਣਮੱਤੀ ਪ੍ਰੋਫੈਸਰ ਬਣ ਗਈ। ਉਨ੍ਹਾਂ ਮਣੀ ਭਵਨ ਦੇ ਪ੍ਰਬੰਧ, ਇਸ ਦੀ ਦੇਖ ਰੇਖ ਅਤੇ ਤਸਵੀਰਾਂ ਸਜਾਉਣ, ਗਾਂਧੀ ਅਤੇ ਆਜ਼ਾਦੀ ਦੀ ਲਹਿਰ ਦੀ ਵਿਰਾਸਤ ਬਾਰੇ ਗੋਸ਼ਠੀਆਂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਅੰਡਰਗਰਾਊਂਡ ਰੇਡੀਓ ਸਥਾਪਤ ਕਰਨ ਵਾਲੀ ਤੇਜ਼ ਤਰਾਰ ਲੜਕੀ ਆਪਣੀ ਅੱਧਖੜ ਉਮਰ ਵਿਚ ਬਹੁਤ ਸੁਘੜ ਔਰਤ ਬਣ ਗਈ ਜਿਸ ਨੇ ਆਪਣੇ ਸ਼ਹਿਰ ਵਿਚ ਗਾਂਧੀ ਨਾਲ ਜੁੜੀ ਇਸ ਬਹੁਤ ਹੀ ਅਹਿਮ ਯਾਦਗਾਰ ਨੂੰ ਸੰਭਾਲ ਕੇ ਰੱਖਿਆ। ਆਪਣੇ ਵਿਦਿਆਰਥੀਆਂ, ਆਪਣੀ ਵਿਦਵਤਾ ਅਤੇ ਮਣੀ ਭਵਨ ਦੀ ਤਨਦੇਹੀ ਨਾਲ ਦੇਖ ਰੇਖ ਕਰਦੇ ਹੋਏ ਊਸ਼ਾ ਮਹਿਤਾ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ।
     ਊਸ਼ਾ ਮਹਿਤਾ ਦੇ ਯਤਨਾਂ ਨਾਲ ਬਣੇ ਇਸ ਕਾਂਗਰਸ ਰੇਡੀਓ ਦੀ ਗਾਥਾ ‘ਅੰਗਰੇਜ਼ੋ ਭਾਰਤ ਛੱਡੋ’ ਲਹਿਰ ਨਾਲ ਜੁੜੀ ਰਹੀ ਹੈ। ਹੁਣ ਇਹ ਗੱਲ ਊਸ਼ਾ ਠੱਕਰ ਦੀ ਹਾਲੀਆ ਕਿਤਾਬ ਕਾਂਗਰਸ ਰੇਡੀਓ : ਊਸ਼ਾ ਮਹਿਤਾ ਅਤੇ ਅੰਡਰਗਰਾਊਂਡ ਰੇਡੀਓ ਆਫ 1942’ ਜ਼ਰੀਏ ਲੋਕਗਾਥਾ ਤੋਂ ਇਤਿਹਾਸ ਦਾ ਹਿੱਸਾ ਬਣ ਗਈ ਹੈ। ਊਸ਼ਾ ਠੱਕਰ ਊਸ਼ਾ ਮਹਿਤਾ ਦੀ ਵਿਦਿਆਰਥਣ ਰਹੀ ਸੀ ਅਤੇ ਆਪਣੀ ਜ਼ਿੰਦਗੀ ਦੇ ਮਗਰਲੇ ਸਾਲਾਂ ਵਿਚ ਉਹ ਮਣੀ ਭਵਨ ਦੇ ਪ੍ਰਬੰਧ ਨਾਲ ਜੁੜੀ ਰਹੀ। ਡਾ. ਠੱਕਰ ਨੇ ਵਿਦਵਾਨਾਂ ਤੇ ਆਮ ਪਾਠਕਾਂ ਦੀ ਦਿਲਚਸਪੀ ਦਾ ਸਬੱਬ ਬਣੀ ਇਹ ਕਿਤਾਬ ਲਿਖਣ ਲਈ ਬਹੁਤ ਹੀ ਸਾਵਧਾਨੀ ਨਾਲ ਪੁਰਾਣੇ ਰਿਕਾਰਡ ਲੱਭ ਲੱਭ ਕੇ ਖੋਜ ਕੀਤੀ ਹੈ। ਗੌਰਤਲਬ ਪੱਖ ਇਹ ਹੈ ਕਿ ਇਤਿਹਾਸ ਦਾ ਇਹ ਕਾਰਜ ਸਿੱਧੇ ਤੌਰ ’ਤੇ ਵਰਤਮਾਨ ਨਾਲ ਸੰਵਾਦ ਰਚਾਉਂਦਾ ਹੈ। ਕਾਂਗਰਸ ਰੇਡੀਓ ਤੋਂ 20 ਅਕਤੂਬਰ 1942 ਨੂੰ ਪ੍ਰਸਾਰਤ ਹੋਏ ਇਕ ਬੁਲੇਟਿਨ ਦੇ ਅੰਸ਼ ਇਸ ਤਰ੍ਹਾਂ ਹਨ : ‘ਕੁੱਲ ਦੁਨੀਆ ਦੀ ਮਾਨਵਜਾਤੀ ਨੂੰ ਭਾਰਤੀ ਲੋਕ ਉਮੀਦ, ਅਮਨ ਅਤੇ ਸ਼ੁਭ ਸੰਦੇਸ਼ ਭੇਜਦੇ ਹਨ। ਆਓ ਅੱਜ ਇਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਉਪਰ ਢਾਹੀ ਜਾਂਦੀ ਹਿੰਸਾ ਨੂੰ ਭੁੱਲ ਜਾਈਏ। ਆਓ ਸਿਰਫ਼ ਇੰਨਾ ਯਾਦ ਰੱਖੀਏ ਕਿ ਹਕੀਕੀ ਰੂਪ ਵਿਚ ਸ਼ਾਂਤੀਪੂਰਨ ਅਤੇ ਬਿਹਤਰ ਦੁਨੀਆ ਸਥਾਪਤ ਕਰਨ ਲਈ ਸਾਨੂੰ ਹਰੇਕ ਦੇਸ਼ ਦੀ ਕਰੁਣਾ, ਹਰੇਕ ਇਨਸਾਨ ਦੇ ਵਿਅਕਤੀਗਤ ਕਰਮਾਂ ਦੀ ਲੋੜ ਹੈ। ਸਾਨੂੰ ਜਰਮਨੀ ਦੇ ਤਕਨੀਕੀ ਹੁਨਰ, ਉਸ ਦੇ ਵਿਗਿਆਨਕ ਗਿਆਨ, ਉਸ ਦੇ ਸੰਗੀਤ ਦੀ ਲੋੜ ਹੈ। ਸਾਨੂੰ ਇੰਗਲੈਂਡ ਦੇ ਉਦਾਰਵਾਦ, ਉਸ ਦੇ ਹੌਸਲੇ ਅਤੇ ਸਾਹਿਤ ਦੀ ਲੋੜ ਹੈ। ਸਾਨੂੰ ਇਟਲੀ ਦੀ ਨਫ਼ਾਸਤ ਦੀ ਲੋੜ ਹੈ। ਸਾਨੂੰ ਰੂਸ ਦੀਆਂ ਪੁਰਾਣੀਆਂ ਪ੍ਰਾਪਤੀਆਂ ਅਤੇ ਨਵੀਆਂ ਜਿੱਤਾਂ ਦੀ ਲੋੜ ਹੈ। ਸਾਨੂੰ ਹਾਸਿਆਂ ਦੇ ਤੋਹਫ਼ੇ -ਖ਼ੁਸ਼ਨੁਮਾ ਆਸਟਰੀਆ ਦੀ ਲੋੜ ਹੈ, ਉਸ ਦੇ ਸਭਿਆਚਾਰ, ਉਸ ਦੀ ਮਾਣਮੱਤੀ ਜੀਵਨ ਜਾਚ ਦੀ ਲੋੜ ਹੈ ਅਤੇ ਚੀਨ ਦੀ ਕੀ ਗੱਲ ਕਰੀਏ? ਉਸ ਦੀ ਸੂਝ ਬੂਝ, ਉਸ ਦੀ ਦਲੇਰੀ ਅਤੇ ਨਵੀਂ ਉਮੀਦ ਦੀ ਲੋੜ ਹੈ। ਸਾਨੂੰ ਯੁਵਾ ਅਮਰੀਕਾ ਦੀ ਚਮਕ ਅਤੇ ਸਾਹਸੀ ਜਜ਼ਬੇ ਦੀ ਲੋੜ ਹੈ। ਸਾਨੂੰ ਆਦਿਵਾਸੀ ਲੋਕਾਂ ਦੇ ਗਿਆਨ, ਨਿਰਛਲ ਸਾਦਗੀ ਦੀ ਲੋੜ ਹੈ। ਸਾਨੂੰ ਸ਼ਾਂਤੀ ਦੀ ਮੁੜ ਸਥਾਪਤੀ ਅਤੇ ਮਾਨਵਜਾਤੀ ਦੇ ਆਪਣੇ ਵੱਕਾਰ ਦੀ ਮੁੜ ਸਥਾਪਤੀ ਲਈ ਪੂਰੀ ਮਾਨਵਤਾ ਦੀ ਲੋੜ ਹੈ।’
    ਜਦੋਂ ਦੇਸ਼ਾਂ ਦਰਮਿਆਨ ਸਭ ਤੋਂ ਵੱਧ ਘਾਤਕ ਟਕਰਾਅ ਛਿੜਿਆ ਹੋਇਆ ਸੀ ਤਾਂ ਉਸ ਵੇਲੇ ਇਹ ਸੰਦੇਸ਼ ਲਿਖਿਆ ਤੇ ਪ੍ਰਸਾਰਤ ਕੀਤਾ ਗਿਆ ਸੀ ਜੋ ਕਿਸੇ ਸਮੇਂ ਭਾਰਤੀ ਰਾਸ਼ਟਰਵਾਦ ਦੀ ਰੂਹ ਸੀ। ਹਾਲਾਂਕਿ ਇਹ ਵਿਦੇਸ਼ੀ ਸ਼ਾਸਨ ਤੋਂ ਆਜ਼ਾਦੀ ਲਈ, ਸਿਆਸੀ ਆਜ਼ਾਦੀ ਲੈਣ ਲਈ ਹਰ ਕਿਸਮ ਦੀ ਕੁਰਬਾਨੀ ਦੀ ਪ੍ਰਤੀਬੱਧਤਾ ਸੀ ਅਤੇ ਉਪ ਮਹਾਂਦੀਪ ਦੇ ਵੱਖ ਵੱਖ ਖੇਤਰਾਂ ਦੀਆਂ ਭਾਸ਼ਾਈ ਅਤੇ ਸਭਿਆਚਾਰਕ ਰਵਾਇਤਾਂ ਨਾਲ ਘੁਲਿਆ ਮਿਲਿਆ ਸੀ ਪਰ ਤਾਂ ਵੀ ਇਹ ਪ੍ਰਵਾਨ ਕਰਦਾ ਸੀ ਕਿ ਸਾਡੇ ਦੇਸ਼ ਨੂੰ ਹੋਰਨਾਂ ਦੇਸ਼ਾਂ ਨਾਲ ਖੁੱਲ੍ਹਾ ਸੰਵਾਦ ਰਚਾਉਣ ਅਤੇ ਉਨ੍ਹਾਂ ਦੇ ਬਿਹਤਰੀਨ, ਸਿਆਸੀ ਅਤੇ ਬੌਧਿਕ ਸਰੋਤਾਂ ਦੀ ਸਿਹਤਮੰਦ ਪ੍ਰਸੰਸਾ ਕਰਨ ਨਾਲ ਫ਼ਾਇਦਾ ਹੋਵੇਗਾ।
      ਅੱਜ ਅਸੀਂ ਜਿਸ ਭਾਰਤ ਵਿਚ ਰਹਿੰਦੇ ਹਾਂ ਉਸ ਦੀ ਪਛਾਣ ਇਕ ਵੱਖਰੇ ਕਿਸਮ ਦੇ ਰਾਸ਼ਟਰਵਾਦ ਤੋਂ ਹੁੰਦੀ ਹੈ ਜਿਸ ਨੂੰ ਸਹੀ ਰੂਪ ਵਿਚ ਜੰਗਬਾਜ਼ ਕਿਹਾ ਜਾ ਸਕਦਾ ਹੈ। ਇਹ ਰਾਸ਼ਟਰੀ ਅਤੇ ਧਾਰਮਿਕ ਸ਼੍ਰੇਸਠਤਾ ਦੇ ਦਾਅਵਿਆਂ ’ਤੇ ਟਿਕਿਆ ਹੋਇਆ ਹੈ। ਇਹ ਅੰਤਰਮੁਖੀ ਮੋੜਾ ਸਾਡੀਆਂ ਆਰਥਿਕ ਨੀਤੀਆਂ ਤੋਂ ਦਿਖਾਈ ਦਿੰਦਾ ਹੈ ਜੋ ਭਾਰਤੀ ਉਦਮਸ਼ੀਲਤਾ ਨੂੰ ਹੱਲਾਸ਼ੇਰੀ ਦੇਣ ਦੇ ਨਾਂ ’ਤੇ ਨਾਅਹਿਲੀਅਤ ਅਤੇ ਪੱਖਪਾਤ ਨੂੰ ਹੱਲਾਸ਼ੇਰੀ ਦਿੰਦੀਆਂ ਹਨ ਅਤੇ ਸਾਡੀਆਂ ਸਿੱਖਿਆ ਨੀਤੀਆਂ ਤੋਂ ਵੀ ਝਲਕਦਾ ਹੈ ਜਿੱਥੇ ਆਧੁਨਿਕ ਵਿਗਿਆਨਕ ਗਿਆਨ ’ਤੇ ਜ਼ੋਰ ਦੇਣ ਦੀ ਬਜਾਏ ਮਿਥਿਹਾਸਕ ਸ਼੍ਰੇਸ਼ਠਤਾ ਦੇ ਸਿਧਾਂਤਾਂ ਨੂੰ ਅਗਾਂਹ ਵਧਾਇਆ ਜਾ ਰਿਹਾ ਹੈ। ਇਕ ਪਾਸੇ ਅਸੀਂ ਦੁਨੀਆ ਵੱਲ ਖੁੱਲ੍ਹਦੀਆਂ ਸਾਡੀਆਂ ਖਿੜਕੀਆਂ ਬੰਦ ਕਰਦੇ ਜਾ ਰਹੇ ਹਾਂ ਜਦੋਂਕਿ ਇਸ ਦੇ ਨਾਲ ਹੀ ਭਾਰਤ ਦੇ ਅੰਦਰ ਸਭਿਆਚਾਰਕ ਰਵਾਇਤਾਂ ’ਤੇ ਵਹਿਸ਼ੀ ਹਮਲੇ ਕੀਤੇ ਜਾ ਰਹੇ ਹਨ। ਇਹ ਭਾਰਤੀਆਂ ਉਪਰ ਇਕ ਸਮਾਨ ਜ਼ਾਬਤੇ ਲਾਗੂ ਕਰਨ ਦੀਆਂ ਇਨ੍ਹਾਂ ਖ਼ੁਆਹਿਸ਼ਾਂ ਤੋਂ ਦੇਖੇ ਜਾ ਸਕਦੇ ਹਨ ਕਿ ਉਹ ਕੀ ਪਹਿਨ ਸਕਦੇ ਹਨ ਕੀ ਨਹੀਂ, ਕੀ ਖਾ ਸਕਦੇ ਹਨ ਕੀ ਨਹੀਂ ਅਤੇ ਕਿਸ ਨਾਲ ਵਿਆਹ ਕਰ ਸਕਦੇ ਹਨ ਜਾਂ ਕਿਸ ਨਾਲ ਨਹੀਂ।
      ਆਧੁਨਿਕ ਭਾਰਤ ਦਾ ਨਿਰਮਾਣ ਕਰਨ ਵਾਲੇ ਲੋਕ ਦੁਨੀਆ ਭਰ ਵਿਚ ਘੁੰਮੇ ਫਿਰੇ ਸਨ ਤੇ ਜਿੱਥੇ ਵੀ ਉਹ ਗਏ, ਉੱਥੋਂ ਦੇ ਵਿਚਾਰਾਂ ਤੋਂ ਸੇਧ ਲੈਂਦੇ ਸਨ। ਸ਼ਾਇਦ ਪਹਿਲਾ ਮਹਾਨ ਸੁਲ੍ਹਾਕੁਲ (cosmopolitan) ਹਿੰਦੋਸਤਾਨੀ ਰਾਮਮੋਹਨ ਰਾਏ ਸੀ ਜਿਸ ਬਾਰੇ ਇਕ ਬੰਗਾਲੀ ਚਿੰਤਕ ਨੇ ਲਿਖਿਆ ਸੀ ਕਿ ‘ਉਹ ਯੂਰੋਪ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਆਤਮਸਾਤ ਕਰਨ ਦੇ ਸਮੱਰਥ ਸੀ ਕਿਉਂਕਿ ਉਹ ਉਨ੍ਹਾਂ ਅੱਗੇ ਨਤਮਸਤਕ ਨਹੀਂ ਹੁੰਦੇ ਸੀ, ਇਸ ਸੰਬੰਧ ਵਿਚ ਉਹ ਨਾ ਕੋਈ ਕਮਤਰੀ ਤੇ ਨਾ ਹੀ ਕੋਈ ਕਮਜ਼ੋਰੀ ਦਰਸਾਉਂਦੇ ਸੀ। ਉਨ੍ਹਾਂ ਦੀ ਆਪਣੀ ਜ਼ਮੀਨ ਸੀ ਜਿੱਥੇ ਉਹ ਆਪਣੇ ਪੈਰਾਂ ’ਤੇ ਖੜੋ ਸਕਦਾ ਸੀ ਅਤੇ ਆਪਣੀਆਂ ਪੁਜ਼ੀਸ਼ਨਾਂ ਦੀ ਰਾਖੀ ਕਰ ਸਕਦਾ ਸੀ। ਭਾਰਤ ਦੀ ਅਸਲ ਸੰਪਦਾ ਉਸ ਤੋਂ ਓਝਲ ਨਹੀਂ ਸੀ ਜਿਸ ਦਾ ਖ਼ੁਦ ਉਸ ਨੇ ਵੀ ਨਿਰਮਾਣ ਕੀਤਾ ਸੀ। ਸਿੱਟੇ ਵਜੋਂ ਉਹ ਹਮੇਸ਼ਾ ਆਪਣੀ ਕਸੌਟੀ ਨਾਲ ਲੈ ਕੇ ਚਲਦਾ ਸੀ ਜਿਸ ’ਤੇ ਹੋਰਨਾਂ ਦੀ ਦੌਲਤ ਦੀ ਪਰਖ ਕਰ ਸਕਦਾ ਸੀ।’
      ਗਾਂਧੀ, ਨਹਿਰੂ, ਅੰਬੇਡਕਰ ਅਤੇ ਕਮਲਾਦੇਵੀ ਚਟੋਪਾਧਿਆਏ ਜਿਹੇ ਹੋਰ ਮਹਾਨ ਦੇਸ਼ਭਗਤਾਂ ਦੀ ਸੋਚ ਵੀ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ਕਰ ਕੇ ਹੋਈ ਸੀ। ਹਿੰਦੋਸਤਾਨ ਨੂੰ ਦੁਨੀਆ ਦੇ ਦਰਪਣ ਨਾਲ ਦੇਖਦਿਆਂ ਉਹ ਇਸ ਦੀਆਂ ਨਾਕਾਮੀਆਂ, ਅੰਤਰੀਵ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਇਨ੍ਹਾਂ ਨੂੰ ਮੁਖ਼ਾਤਬ ਹੋਣ ਦੇ ਯੋਗ ਬਣ ਸਕੇ ਸਨ। ਇਸ ਦੀ ਇਕ ਰਚਨਾਤਮਿਕ ਮਿਸਾਲ ਭਾਰਤ ਦਾ ਸੰਵਿਧਾਨ ਸੀ ਜਿਸ ਉਪਰ ਅੰਬੇਡਕਰ ਵੱਲੋਂ ਵਿਦੇਸ਼ ਵਿਚ ਰਹਿ ਕੇ ਹਾਸਲ ਕੀਤੀ ਕਾਨੂੰਨ ਅਤੇ ਸਮਾਜ ਸ਼ਾਸਤਰ ਦੀ ਸਿੱਖਿਆ ਤੇ ਇਸ ਤੋਂ ਇਲਾਵਾ ਵਿਦੇਸ਼ੀ ਮਾਹਿਰਾਂ ਤੇ ਉਨ੍ਹਾਂ ਦੇ ਸਲਾਹਕਾਰ ਤੇ ਸਹਿਕਰਮੀ ਬੀ.ਐਨ. ਰਾਓ ਨਾਲ ਕੀਤੇ ਸਲਾਹ ਮਸ਼ਵਰੇ ਦੀ ਛਾਪ ਸੀ। ਉਨ੍ਹਾਂ ਸਮਿਆਂ ਵਿਚ ਜਿਨ੍ਹਾਂ ਹਿੰਦੋਸਤਾਨੀਆਂ ਨੂੰ ਹੋਰਨਾਂ ਮੁਲਕਾਂ ਵਿਚ ਜਾ ਕੇ ਪੜ੍ਹਨ ਤੇ ਰਹਿਣ ਦੀ ਖੁਸ਼ਨਸੀਬੀ ਨਹੀਂ ਮਿਲ ਸਕੀ ਸੀ, ਉਹ ਵੀ ਕਿਸੇ ਦੇ ਰਾਸ਼ਟਰੀ ਅਤੇ ਸਭਿਆਚਾਰਕ ਪਿਛੋਕੜ ਦੀ ਪਰਵਾਹ ਕੀਤੇ ਬਗ਼ੈਰ ਅਗਾਂਹਵਧੂ ਵਿਚਾਰਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਸਨ। ਇਸ ਤਰ੍ਹਾਂ 19ਵੀਂ ਸਦੀ ਦੇ ਅਖੀਰ ਵਿਚ ਜੋਤੀਬਾ ਫੂਲੇ ਨੇ ਜਾਤ ਪ੍ਰਥਾ ਖਿਲਾਫ਼ ਆਪਣੀ ਜੱਦੋਜਹਿਦ ਵਿਚ ਰੰਗਭੇਦ ਖਿਲਾਫ਼ ਮੁਹਿੰਮ ਚਲਾਉਣ ਵਾਲੇ ਅਮਰੀਕੀਆਂ ਤੋਂ ਹੌਸਲਾ ਲਿਆ ਸੀ ਜਦੋਂਕਿ ਆਪਣੀ ਚੜ੍ਹਦੀ ਉਮਰੇ ਦੇਸ਼ਭਗਤ ਊਸ਼ਾ ਮਹਿਤਾ 1942 ਦੇ ਕਾਂਗਰਸ ਰੇਡੀਓ ਬੁਲੇਟਿਨਾਂ ਵਿਚ ਇਸ ਕਦਰ ਲਿਖਦੀ ਸੀ ਕਿ ਉਸ ਦਾ ਪਿਆਰਾ ਵਤਨ ਭਾਰਤ ਯੂਰੋਪ, ਰੂਸ, ਇਟਲੀ, ਚੀਨ ਤੇ ਅਮਰੀਕਾ ਤੋਂ ਬਹੁਤ ਕੁਝ ਸਿੱਖ ਸਕਦਾ ਸੀ।
     ਪਹਿਲੀ ਪੀੜ੍ਹੀ ਦੇ ਹਿੰਦੋਸਤਾਨੀ ਦੇਸ਼ਭਗਤਾਂ ਨੇ ਹੋਰਨਾਂ ਸਭਿਆਚਾਰਾਂ ਤੋਂ ਬਹੁਤ ਕੁਝ ਪ੍ਰਾਪਤ ਕੀਤਾ ਅਤੇ ਮੋੜਵੇਂ ਰੂਪ ਵਿਚ ਉਨ੍ਹਾਂ ਨੂੰ ਦਿੱਤਾ ਵੀ ਸੀ। 19ਵੀਂ ਸਦੀ ਦੇ ਸ਼ੁਰੂ ਵਿਚ ਰਾਮਮੋਹਨ ਰਾਏ ਨੇ ਇੰਗਲੈਂਡ ਵਿਚ ਮੱਤਦਾਨ ਦੇ ਅਧਿਕਾਰ ਨੂੰ ਵਸੀਹ ਬਣਾਉਣ ਦੀ ਫਬਵੀਂ ਦਲੀਲ ਦਿੱਤੀ ਸੀ। ਇਕ ਸਦੀ ਬਾਅਦ ਟੈਗੋਰ ਨੇ ਚੀਨ, ਯੂਰੋਪ ਅਤੇ ਲਾਤੀਨੀ ਅਮਰੀਕਾ ਤੱਕ ਦੇ ਲੇਖਕਾਂ ਤੇ ਚਿੰਤਕਾਂ ਨੂੰ ਪ੍ਰੇਰਿਤ ਕੀਤਾ। ਅਮਰੀਕੀ ਨਾਗਰਿਕ ਹੱਕਾਂ ਦੀ ਲਹਿਰ ਉਪਰ ਗਾਂਧੀ ਦੇ ਪ੍ਰਭਾਵ ਤੋਂ ਹਰ ਕੋਈ ਵਾਕਿਫ਼ ਹੈ। ਬਸਤੀਵਾਦ ਖਿਲਾਫ਼ ਨਹਿਰੂ ਦੀਆਂ ਮੁਹਿੰਮਾਂ ਤੋਂ ਅਫ਼ਰੀਕਾ ਦੇ ਨੌਜਵਾਨ ਸੁਤੰਤਰਤਾ ਸੰਗਰਾਮੀਆਂ (ਨੈਲਸਨ ਮੰਡੇਲਾ ਸਹਿਤ) ਨੇ ਕਾਫ਼ੀ ਕੁਝ ਲਿਆ ਸੀ। ਲੋਕਤੰਤਰ ਅਤੇ ਭਾਈਚਾਰੇ ਬਾਬਤ ਅੰਬੇਡਕਰ ਦੇ ਕੰਮ ਨੂੰ ਉਨ੍ਹਾਂ ਦੇ ਆਪਣੇ ਦੇਸ਼ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿਚ ਵੀ ਸਲਾਹਿਆ ਜਾਂਦਾ ਹੈ।
     ਹਿੰਦੋਸਤਾਨੀ ਦੇਸ਼ਭਗਤਾਂ ਵੱਲੋਂ ਹੋਰਨਾਂ ਸਭਿਆਚਾਰਾਂ ਪ੍ਰਤੀ ਅਪਣਾਇਆ ਜਾਂਦਾ ਇਹ ਖੁੱਲ੍ਹਦਿਲੀ ਭਰਿਆ ਵਤੀਰਾ ਉਸ ਸਿਖਲਾਈ (ਪੱਟੀ) ਤੋਂ ਬਿਲਕੁਲ ਜੁਦਾ ਹੈ ਜੋ ਅਜੋਕੇ ਭਾਰਤੀ ਆਗੂਆਂ ਨੇ ਪੜ੍ਹੀ ਹੈ। ਨੌਜਵਾਨ ਪੀੜ੍ਹੀ ਨੂੰ ਆਪਣੇ ਪੂਰਵਜਾਂ ਦੇ ਪੰਥ ਵਿਚ ਦੜੇ ਰਹਿਣ, ਦੁਸ਼ਮਣਾਂ (ਆਮ ਤੌਰ ’ਤੇ ਖਿਆਲੀ) ਤੋਂ ਬਦਲਾ ਲੈਣ ਅਤੇ ਖ਼ਾਮ-ਖ਼ਿਆਲੀ ਦੀ ਪੱਟੀ ਪੜ੍ਹਾਈ ਜਾਂਦੀ ਹੈ ਕਿ ਅਸੀਂ ਪੂਰੀ ਮਾਨਵਜਾਤੀ ਦੇ ‘ਵਿਸ਼ਵ ਗੁਰੂ’ ਬਣਾਂਗੇ। ਦੁਨੀਆ ਕੋਲ ਇਨ੍ਹਾਂ ਤੋਂ ਸਿੱਖਣ ਲਈ ਕੁਝ ਨਹੀਂ ਹੈ ਅਤੇ ਇਸ ਤੋਂ ਵੀ ਵੱਡੀ ਬਦਨਸੀਬੀ ਦੀ ਗੱਲ ਇਹ ਹੈ ਕਿ ਇਨ੍ਹਾਂ ਨੇ ਦੁਨੀਆ ਤੋਂ ਕੁਝ