ਦਰਬਾਰੀ ਲੇਖਕ .! -  ਬੁੱਧ  ਸਿੰਘ ਨੀਲੋਂ


ਇਹ ਸੱਚ ਹੈ ਕਿ ਇਤਿਹਾਸ  ਰਾਜਿਆਂ ਤੇ ਰਾਣੀਆਂ ਦਾ ਲਿਖਿਆ ਜਾਂਦਾ ਰਿਹਾ ਹੈ। ਇਹ ਇਤਿਹਾਸ  ਲਿਖਣ  ਵਾਲੇ ਦਰਬਾਰੀ ਇਤਿਹਾਸਕਾਰ  ਹੁੰਦੇ ਸਨ । ਇਸੇ ਤਰ੍ਹਾਂ ਰਾਜੇ ਦੇ ਕੁੱਲੇ ਤੇ ਜੁੱਲੇ ਦੀਆਂ ਸਿਫਤਾਂ ਕਰਨ ਵਾਲੇ ਕੌਲੀ ਚੱਟ,  ਝੋਲੀ ਚੱਕ ਤੇ ਲਗੜ ਦੱਲੇ ਕਵੀ ਵੀ ਹੁੰਦੇ ਸਨ । ਹੁਣ ਵੀ ਹਨ ਜਿਹੜੇ ਲੋਕ ਪੱਖੀ ਤੇ ਲੋਕ ਮਸਲਿਆਂ  ਨੂੰ  ਲਿਖਣ ਦੀ ਵਜਾਏ ਊਟ ਪਟਾਂਗ ਲਿਖਦੇ ਹਨ । ਕਦੇ ਸੱਤਾ ਦੇ ਦਰਬਾਰ  ਵਿੱਚ  ਜਾਂ  ਰੋਮਾਂਟਿਕ  ਤੇ ਦੇਹਵਾਦੀ ਕਵਿਤਾਵਾਂ  ਸੁਣਾਉਦੇ ਹਨ । ਇਹੋ ਜਿਹੇ ਦਰਬਾਰ ਪਿੰਡਾਂ ਵਿੱਚ ਨਹੀਂ ਲੱਗਦੇ ਕਿਉਂਕਿ ਇਹਨਾਂ ਦਰਬਾਰੀ ਕਵੀਆਂ ਨੂੰ ਪਤਾ ਹੈ ਕਿ ਪਿੰਡਾਂ ਵਾਲੇ ਉਨ੍ਹਾਂ ਦੀਆਂ ਬੇਥਈਆਂ ਨਹੀਂ ਸੁਣ ਸਕਦੇ । ਉਹ ਡਾਂਗ ਸੋਟੇ ਲੈ ਕੇ ਮੌਰ ਵੀ ਭੰਨ ਸਕਦੇ ਹਨ । ਪਰ ਅਜੇ ਤੱਕ ਇਹ ਨੌਬਤ ਨਹੀਂ ਆਈ ਕਿ ਲੋਕ ਇਹਨਾਂ  ਲੇਖਕਾਂ ਨੂੰ ਪੁੱਛਣ  ਕਿ ਤੁਸੀਂ ਕੀ ਤੇ ਕਿਸ ਵਾਸਤੇ ਲਿਖਦੇ ਹੋ ।  ਟਕੇ ਟਕੇ ਉਤੇ ਕਿਉਂ  ਵਿਕਦੇ ਹੋ ?
      ਕੁੱਝ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੁੱਝ "ਵਿਦਵਾਨਾਂ,  ਲੇਖਕਾਂ,  ਪ੍ਰਕਾਸ਼ਕਾਂ,  ਛਾਪਕਾਂ, ਸੰਪਾਦਕਾਂ ਤੇ ਕਾਲਮ ਨਵੀਸਾਂ" ਦੀਆਂ ਸੋਸ਼ਲ ਮੀਡੀਆ ਉਤੇ ਦੇਖੀਆਂ । ਇਹਨਾਂ  ਦੇ ਵਿੱਚੋਂ  ਮੈਨੂੰ  ਕਿਸੇ ਦੀ ਵੀ ਪਹਿਚਾਣ ਨਹੀਂ ਆਈ । ਇਹ ਸਭ ਲੇਖਕਾਂ  ਤੇ ਕਵੀਆਂ  ਦੇ ਮਖੌਟਿਆਂ ਹੇਠਾਂ  ਕੌਣ ਹਨ ? ਇਕ ਬੀਬੀ ਤੇ ਇੱਕ ਬੀਬੇ ਦੇ ਨਾਮ ਲੋਕਾਂ ਨਸ਼ਰ ਵੀ ਕੀਤੇ ਹਨ ਪਰ ਬਾਕੀ ਏਡੀ ਗਰਮੀ ਵਿੱਚ ਕੋਟ ਪਾਈ ਦਾਹੜੀ ਬੰਨ੍ਹੀ "ਭਗਤ ਕੌਣ  ਹਨ "। ਚਲੋ, ਆਪਾਂ  ਕੀ ਲੈਣਾ ਹੈ । ਭਾਜਪਾ ਹਰ ਵਾਰ ਜਦੋਂ  ਕੋਈ  ਨਵੀਂ  ਖੇਡ ਖੇਡਦੀ ਹੈ ਤਾਂ ਨਕਲੀ ਸਾਧ,  ਮਲੰਗ ਜਿਹੜੇ ਪੀਦੇ ਨੇ ਭੰਗ, ਨਕਲੀ  ਕਿਸਾਨ ਮਜ਼ਦੂਰ,  ਨਕਲੀ ਪੱਤਰਕਾਰ  ਤੇ ਨਕਲੀ  ਵਿਗਿਆਨੀ, ਗਿਆਨੀ ਤੇ ਧਿਆਨੀ  ਆਪਣੇ  ਦਰਬਾਰ  ਵਿੱਚ  ਬੁਲਾਉਂਦੇ ਹਨ। ਸੱਤਾ ਵਿਰੋਧੀ  ਲਿਖਣ ਵਾਲਿਆਂ ਨੂੰ  ਤਾਂ ਬਿਨਾਂ  ਕੇਸ ਸਰਕਾਰ  ਜੇਲ੍ਹਾਂ ਵਿੱਚ  ਬੰਦ ਕਰ ਰਹੀ ਹੈ।  
     ਖੱਸੀ ਕੀਤੇ ਵੈਹੜਕੇ ਪਿੰਡਾਂ ਅੰਦਰ ਖੇਤਾਂ ਵਿੱਚ ਕਿਸਾਨ ਜੋਤਿਆ ਕਰਦੇ ਸੀ । ਉਨ੍ਹਾਂ ਦਾ ਕੋਈ ਕਿਸੇ ਹੋਰ ਪਸ਼ੂ ਲਈ ਕੋਈ ਡਰ ਭੈਅ ਨਹੀਂ ਸੀ ਹੁੰਦਾ । ਇਹਨਾਂ  ਦਾ ਵੀ ਸਰਕਾਰ  ਤੇ ਲੋਕਾਂ  ਨੂੰ  ਕੋਈ  ਨੁਕਸਾਨ  ਨਹੀਂ ।
        ਹੁਣ ਪਿੰਡਾਂ ਵਿੱਚ ਬਹੁਗਿਣਤੀ ਕਿਸਾਨਾਂ ਨੇ ਬਲਦ ਰੱਖਣੇ ਘੱਟ  ਕਰ ਦਿੱਤੇ । ਹੁਣ ਤਾਂ  ਲੋਕ ਦੁੱਧ  ਤੇ ਸਬਜ਼ੀਆਂ ਮੁੱਲ ਖਰੀਦਣ  ਲੱਗ ਪਏ ਹਨ।  ਇਸੇ ਕਰਕੇ ਨਕਲੀ  ਦੁੱਧ  ਤੇ ਬੁੱਧ  ਵਿਕਣ ਲੱਗੀ ਹੈ । ਹੋਰ ਕੀ ਕੀ ਨਕਲੀ ਵਿਕਦਾ ਹੈ ਕਦੇ ਫੇਰ ਸਹੀ !
       ਹੁਣ ਤੇ ਨਾ ਬਲਦ ਰਹੇ ਹਨ ਨਾ ਹੀ ਗੱਡੀਆਂ ਤੇ ਗੱਡੇ। ਹੁਣ ਤੇ ਮੋਟਰ ਕਾਰਾਂ ਨੇ, ਵਿੱਚ  ਘੁੰਮਦੀਆਂ ਮੁਟਿਆਰਾਂ ਨੇ। ਹੁਣ ਤੇ ਬਜ਼ਾਰ ਦੇ ਵਿੱਚ ਜਾਂਦਿਆਂ ਪਤਾ ਹੀ ਲੱਗਦਾ ਕਿ ਅੱਗੇ ਤੁਰਿਆ ਜਾਂਦਾ ਕੌਣ ਹੈ ?
       ਮੁੰਡਿਆਂ ਨੇ ਵਾਲ ਪਿਛਲੇ ਪਾਸੇ ਕੀਤੇ ਨੇ ਕੁੜੀਆਂ ਨੇ ਚੁੰਨੀਆਂ ਲਾਹੀਆਂ ਹੁੰਦੀਆਂ ਨੇ ਪਤਾ ਹੀ ਲੱਗਦਾ ਅਸਲੀ  ਕੀ ਹੈ ?
ਜਦੋਂ  ਬਾਪੂ ਹੋਰੀ ਖੇਤੀ ਕਰਦੇ ਸੀ ਤਾਂ ਪਸ਼ੂ ਡੰਗਰ ਬਹੁਤ ਰੱਖਦੇ ਸੀ … ਮੱਝਾਂ ਤੇ ਗਾਵਾਂ ਹੁੰਦੀਆਂ ਸੀ. ਕੱਟੇ-ਵੱਛੇ ,  ਮੱਝਾਂ-ਗਾਵਾਂ,  ਵਹਿੜੇ- ਬਲਦ ਹੁੰਦੇ ਸਨ ।
   ਸਾਡੇ  ਪਿੰਡ ਲਾਗੇ ਕੁੱਬਿਆਂ ਵਾਲਾ ਕਾਲੂ ਸਲੋਤਰੀ ਹੁੰਦਾ ਸੀ … ਜਿਹੜਾ ਵੱਛੇ ਖੱਸੀ ਕਰਨ ਆਉਦਾ ਸੀ .. ਦਸ ਰੁਪਏ ਲੈਦਾ ਸੀ .... ਕੰਮ ਕਰਕੇ  ਤੁਰ ਜਾਂਦਾ  ਸੀ … ਕਾਲੂ ਦਾ ਰੰਗ ਦਾ ਕਾਲਾ ਸੀ ਪਰ ਬਹੁਤ ਨਰਮ ਦਿਲ ਵਾਲਾ ਸੀ...!  ਕੰਮ ਵਹਿੜੇ ਖੱਸੀ ਕਰਨਾ ਸੀ । ਪਸ਼ੂਆਂ ਦਾ ਇਲਾਜ ਵੀ ਕਰਦਾ ਸੀ ।
      ਫੇਰ ਜਦੋਂ ਖੇਤੀ ਦਾ ਕੰਮ ਘਟਿਆ, ਕਾਲੂ ਵੀ ਬੁੱਢਾ ਹੋ ਗਿਆ.. ਤੇ ਉਹ ਕੰਮ ਤੋਂ  ਵਿਹਲਾ ਹੋ ਗਿਆ  ਸੀ।
      ਹੁਣ ਗਲੀਆਂ ਵਿੱਚ ਟਰੈਕਟਰ ਭੱਜੇ ਫਿਰਦੇ ਹਨ .. ਲੋਕ ਤਰੱਕੀ ਕਰਗੇ … ਕਈ ਅੰਦਰੋਂ ਅੰਦਰੀ ਗਹਿਣੇ ਸੀ ਕਈ ਬੈਅ ਵੀ ਕਰਗੇ, ਟੱਬਰ ਸਣੇ ਜਹਾਜ਼ ਚੜ੍ਹ ਗਏ ਹਨ । ਕਈ ਤਾਂ ਵਿਹਲੇ ਹੋ ਕੇ ਬੇਜ਼ਮੀਨਿਆਂ ਵਰਗੇ ਹੋ 'ਗੇ ।
ਫੇਰ ਨਵੀਂ  ਬੀਮਾਰੀ ਆਈ ਸੀ ਜਿਨ੍ਹਾਂ ਨੇ ਘਰ ਰੌਣਕ ਵਾਲੀ ਸੀ।
ਮੁਹੰਮਦ ਸਦੀਕ ਤੇ ਰਣਜੀਤ  ਕੌਰ  ਦਾ ਗੀਤ ਆਇਆ !
ਮੈਨੂੰ  ਟੈਲੀਵਿਜ਼ਨ  ਲੈਦੇ ਵੇ ਤਸਵੀਰਾਂ  ਬੋਲਦੀਆਂ ।
ਅਮਲੀ ਦੀ ਡੱਬੀ ਵਿੱਚੋ  ਫੀਮ ਮੁਕ ਗਈ ਸੀ ..
ਕਈਆਂ ਨੇ  ਡੋਡਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਸੀ ...
ਬੋਰੀਆਂ ਭਰ ਭਰ ਆਉਦੀਆਂ ਸੀ … ਤੇ ਲੈਣ ਵਾਲੇ ਅਮਲੀਆਂ ਦੀਆਂ ਡਾਰਾਂ  ਆਉਦੀਆਂ ਸੀ !
ਹੰਸ  ਰਾਜ ਹੰਸ ਦਾ ਗੀਤ ਆਇਆ  !
 ਅਸੀਂ  ਚਿੱਠੀਆਂ ਪਾਉਣੀਆਂ ਭੁੱਲ ਗੇ
 ਜਦੋਂ   ਟੈਲੀਫੋਨ   ਲੱਗਿਆ !
-----
ਜੱਟ  ਤੇ ਸੀਰੀ ਦਾ ਨਾਤਾ ਮੁੱਕਿਆ ਸੀ
ਰਾਮੂ ਨੇ ਖੁਰਪਾ ਚੁੱਕਿਆ ਸੀ ...
ਫੇਰ ਘਰ ਤੇ ਖੇਤ ਵਿੱਚ  ਰਾਮੂ ਸੀ!
ਕੀ ..........!
ਰਾਮੂ ਮਨ ਆਈ ਕਰੇ .. ਨਾ ਹੁਣ ਉਹ ਸਰਦਾਰ ਤੋਂ ਡਰੇ ... ਕਿਉ ...?
ਬਾਕੀ ਸਭ ਗੋਲ ਮਾਲ ਹੈ …...
ਫੇਰ ਮੋਬਾਇਲ ਆਇਆ … ਚਿੱਟਾ ਆਇਆ .. ਚਿੱਟੀ ਤੇ ਗੁਲਾਬੀ ਮੱਖੀ ਆਈ  ਤੇ ਚਿੱਟੇ  ਨੇ ਸਭ ਕਰ ਦਿੱਤੇ  ਬੇਸੁੱਧ ਤੇ ਬੇਸ਼ੁੱਧ ।
ਲੋਕਾਂ ਦੀ ਮਾਰੀ ਗਈ ਬੁੱਧ !
     ਬੇਸੁਰੇ ਗਾਇਕ ਤੇ ਗੀਤਕਾਰ ਜੁੰਡਲੀ ਨੇ … ਭੁੱਖ  ਨਾਲ ਜੂਝਦੇ ਹੱਥ ਬੰਦੂਕਾਂ ਫੜਾ ਦਿੱਤੀਆਂ! ਟੈਲੀਵਿਜ਼ਨ  ਉਤੇ ਕੀ ਚਾਰੇ ਪਾਸੇ ਜੱਟ ਹੀ ਜੱਟ ਹੋਣ ਲੱਗੀ । ਗੱਡੀਆਂ ਤੇ ਘਰਾਂ ਗੀਤ ਗੂੰਜਣ ਲੱਗੇ ।
ਸ਼ਹਿਰ ਦੇ ਵਿੱਚ ਹਸਪਤਾਲ ਤੇ ਪਿੰਡਾਂ ਦੇ ਡੇਰੇ ਬਣੇ … ਸਾਧਾਂ ਦੇ ਵੱਗ ਤੁਰੇ
ਕਦੇ ਚਿੱਟੀ  ਤੇ ਕਦੇ ਨੀਲੀ ਕਦੇ ਪੀਲੀ ਮਾਤਾ ਦੇ ਚਾਲੇ ਚੱਲੇ .. ਕਦੇ ਸਰਸੇ, ਕਦੇ ਬਿਆਸ … ਨਹੀਂ  ਕਿਧਰੇ ਨੇੜੇ  ਪਾਸ ..  ਸੁਰਗ ਦੀਆਂ ਟਿਕਟਾਂ ਦੇਣ ਵਾਲੇ ਬਾਬਿਆਂ ਦੇ ਲੋਕੀ ਕਰਨ ਲੱਗੇ ਚਾਲੇ ।
ਵਿੱਚ ਵਿਦੇਸ਼ ਤੋਰਨ ਬਾਬੇ, ਘਰਦੇ ਕਲੇਸ਼ ਦੂਰ ਕਰਨ ਵਾਲੇ .. ਮੁੰਡੇ  ਦੇਣ ਵਾਲੇ ਬਾਬਿਆਂ ਦੇ ਡੇਰੇ ਵੱਡੇ ਹੋਣ ਲੱਗੇ ।  ਪੰਜਾਬ ਦੇ ਬਾਬੇ ਹੀ ਬਾਬੇ … ਬਾਬੇ … ਫੇਰਨ ਲੱਗੇ ਝਾਫੇ … ਬਾਬੇ …....
ਲੋਕਾਂ  ਦੀ ਜੀਭ ਟੁੱਕੀ ਗਈ ....
ਖਲਕਤ  ਸੁੱਤੀ  ਰਹੀ
ਦੁੱਧ  ਤੇ ਪੁੱਤ ਦੋਵੇਂ  ਗਏ
ਬੇਬੇ, ਬਾਬਾ ਬੈਠਾ ਹਾਉਕੇ ਲਵੇ ....
ਕੰਧ ਬਾਹਰ ਨੂੰ ਡਿੱਗਦੀ ਜਾਵੇ
ਕਾਕੇ ਨਿੱਤ ਸ਼ੌਕੀਨੀ ਲਾਵੇ ...
ਚਿੱਟੇ ਚਿੱਟੇ ਬਸਤਰ ਪਾਵੇ
ਵਿੱਚ  ਚਿੱਟੇ  ਦੇ ਲਿਪਟ ਕੇ ਆਵੇ ਤੇ ਮੜ੍ਹੀਆਂ ਵੱਲ ਨੂੰ ਜਾਵੇ ।
ਮਾਂ ਭੈਣ ਪਤਨੀ ਕੀਰਨੇ ਪਾਏ। ਮਾਝੇ ਦਾ ਜਰਨੈਲ ਮੁੱਛਾਂ ਨੂੰ ਤਾਅ ਦੇਈ ਜਾਵੇ। ਚੁੱਲਿਆਂ ਦੇ ਵਿੱਚ ਘਾਹ ਉਗੀ ਜਾਵੇ .. ਬਾਬਾ ਹੁਣ ਖੇਤੀ ਕਰਨ ਤੁਰਿਆ ਜਾਵੇ,  ਕੋਈ  ਬਜ਼ਾਰੀ ਰੇੜੀ ਲਾਵੇ ।
ਕੁੱਝ ਕਬੂਤਰ ਉਡ ਗਏ ਸੀ, ਕੁੱਝ ਗੋਲੇ ਬਣਗੇ ਚਿੱਟੇ ਦੇ ਨਾਲ।
ਮੈਨੂੰ  ਸਮਝ ਨਾ ਆਵੇ ਪੰਜਾਬ  ਕਿਧਰ ਤੁਰਿਆ ਜਾਵੇ ?
ਬਾਬਾ ਗਿਆਨ ਸਿੰਘ ਮੈਨੂੰ ਨਿੱਤ ਪੁੱਛਦਾ  
ਭਲਾ ਆ ਕੁੱਬਿਆਂ ਵਾਲਾ ਕਾਲੂ ਕਦ ਕਰ ਗਿਆ ਵੱਛੇ ਖੱਸੀ...???
ਬਾਬਾ ਹੁਣ ਕੀ ਕਰੇ ?
ਭਲਾਂ, ਬਾਬਾ ਹੁਣ ਕੀ ਕਰੇ  ?
ਕਦੇ ਮੋਢਿਆਂ  ਉਤੇ ਪਰਨਾ
ਕਦੇ ਕਿਤੇ ਧਰਨਾ ...
ਬਾਬਾ ਪੁੱਛਦਾ,  ਮੈਂ  ਕਦ ਮਰਨਾ ?
ਕੀ ਬਾਬਾ ਮਰ ਰਿਹਾ ਜਾਂ ਮਾਰ ਦਿੱਤਾ  ਹੈ ?
ਬੁੱਧ  ਸਿੰਘ ਨੀਲੋਂ