ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

03 April 2022

ਭਾਰਤ ਨੂੰ ਕਿਸੇ ਵੀ ਸਾਮਾਨ ਦੀ ਸਪਲਾਈ ਲਈ ਰੂਸ ਹਰ ਵਕਤ ਤਿਆਰ- ਰੂਸੀ ਵਿਦੇਸ਼ ਮੰਤਰੀ

ਜੱਟ ਖੜ੍ਹ ਜੂ ਬੰਨੇ ‘ਤੇ ਆ ਕੇ, ਇਕ ‘ਵਾਜ ਮਾਰੀਂ ਸੋਹਣੀਏਂ।

ਮੇਰੀ ਸਰਕਾਰ ਪੰਜਾਬ ਦੇ ਹੱਕਾਂ ਤੋਂ ਕਦੇ ਵੀ ਪਿੱਛੇ ਨਹੀਂ ਹਟੇਗੀ- ਭਗਵੰਤ ਸਿੰਘ ਮਾਨ

ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ , ਭਾਵੇ ਬਾਪ ਦੇ ਬਾਪ ਦਾ ਬਾਪ ਆਵੇ।

ਅਕਾਲੀ ਦਲ ਦੀ ਇਕਲੌਤੀ ਕੌਂਸਲਰ ‘ਆਪ’ ਪਾਰਟੀ ‘ਚ ਸ਼ਾਮਲ- ਇਕ ਖ਼ਬਰ

ਨਾ ਲਗਦਾ ਕੱਲੀ ਦਾ ਜੀਅ ਵੇ, ਮੈਂ ਆ ਗਈ ਮਿੱਤਰਾ।

ਪੰਜਾਬ ਦੇ ਹਿੱਸੇ ਦੀ ਬਿਜਲੀ ਕੀਤੀ ਹਰਿਆਣੇ ਨੂੰ ਅਲਾਟ- ਇਕ ਖ਼ਬਰ

ਅਸਾਂ ਜੇਠ ਨੂੰ ਲੱਸੀ ਨਹੀਉਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਚੰਡੀਗੜ੍ਹ ਦੇ ਮਸਲੇ ‘ਤੇ ਕੇਂਦਰ ਸਰਕਾਰ ਵਿਰੁੱਧ ਸੰਜੇ ਸਿੰਘ ਗਰਜਿਆ ਰਾਜ ਸਭਾ ਵਿਚ- ਇਕ ਖ਼ਬਰ

ਤੇ ਪੰਜਾਬ ਦੇ ਪੰਜ ‘ਸ਼ੇਰ’ ਹੱਡ ਚਰੂੰਡਦੇ ਰਹੇ।

ਪੱਛਮੀ ਬੰਗਾਲ ‘ਚ ਘਸੁੰਨ ਮੁੱਕੀ ਹੋਏ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਧਾਇਕ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫਸ ਗਏ, ਕੋਈ ਨਿਕਲੂ ਵੜੇਵੇਂ ਖਾਣੀ।

ਕਿਸਾਨਾਂ ਨੂੰ ਵੱਡਾ ਝਟਕਾ, ਖਾਦ ਦੀਆਂ ਕੀਮਤਾਂ ‘ਚ ਭਾਰੀ ਵਾਧਾ- ਇਕ ਖ਼ਬਰ

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਲ ਇਕ ਹੋਰ ਕਦਮ।

‘ਆਪ’ ਦੇ ਰਾਜ ਸਭਾ ਮੈਂਬਰ ਕੇਜਰੀਵਾਲ ਦੇ ਲਿਫ਼ਾਫ਼ੇ ‘ਚੋਂ ਨਿਕਲੇ- ਰਣੀਕੇ

ਰਣੀਕੇ ਸਾਹਿਬ ਸੁਣਿਐ ਕਿ ਕੇਜਰੀਵਾਲ ਨੇ ਤਾਂ ਲਿਫ਼ਾਫ਼ਾ ਅਗਾਂਹ ਹੀ ਤੋਰਿਐ।

ਕੇਂਦਰ ਚੰਡੀਗੜ੍ਹ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ- ਪ੍ਰਕਾਸ਼ ਸਿੰਘ ਬਾਦਲ

ਕਬਜ਼ਾ ਕਰਵਾਉਣ ਲਈ ਰਾਹ ਕੀਹਨੇ ਖੋਲ੍ਹਿਆ? ਬਾਦਲ ਜੀ ਆਪਣੇ ਅੰਦਰ ਝਾਤੀ ਮਾਰੋ ਜ਼ਰਾ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੋਡੇ ‘ਤੇ ਸੱਟ ਲੱਗੀ-ਇਕ ਖ਼ਬਰ

ਕਰਮਾਂ ਨੇ ਮੇਰੀ ਖੋਹ ਲਈ ਕੁਰਸੀ, ਹੁਣ ਲੱਗ ਪਏ ਭੰਨਣ ਗੋਡੇ।

ਮੋਦੀ ਨੂੰ ਮਜ਼ਦੂਰ, ਬੇਰੋਜ਼ਗਾਰ ਤੇ ਦੇਸ਼ ਦੀ ਗ਼ਰੀਬ ਜਨਤਾ ਦਾ ਦਰਦ ਦਿਖਾਈ ਨਹੀਂ ਦਿੰਦਾ- ਇੰਟਕ

ਜਿਸ ਕੇ ਪਾਉਂ ਨਾ ਫਟੀ ਬਿਆਈ, ਵੋਹ ਕਿਆ ਜਾਨੇ ਪੀਰ ਪਰਾਈ।

ਮਹਿੰਗੇ ਪੈਟਰੋਲ-ਡੀਜ਼ਲ ਬਾਰੇ ਵਿਧਾਨ ਸਭਾ ‘ਚ ਕਿਸੇ ਨੇ ਨਹੀਂ ਉਠਾਈ ਆਵਾਜ਼- ਇਕ ਖ਼ਬਰ

ਜਿਹਨਾਂ ਨੂੰ ਮੁਫ਼ਤ ਦਾ ਮਿਲਣੈ, ਉਹ ਕਿਉਂ ਬੋਲਣਗੇ ਬਈ?

ਜਥੇਦਾਰ ਟੌਹੜਾ ਨੇ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਸਿਧਾਂਤਾਂ ‘ਤੇ ਪਹਿਰਾ ਦਿਤਾ-ਸ਼ੇਖਾਵਤ

ਮੰਨ ਗਏ ਬਈ ਭਾਜਪਾ ਦੀ ਸਿਆਸਤ ਨੂੰ, ਬੜੀ ਦੂਰ ਦੀ ਕੌਡੀ ਨੂੰ ਹੱਥ ਪਾਇਆ।

ਰੂਸ ਨਾਲ ਸਬੰਧ ਰੱਖਣ ਵਾਲੇ ਮੁਲਕਾਂ ਨੂੰ ਅਮਰੀਕਾ ਵਲੋਂ ਚਿਤਾਵਨੀ- ਇਕ ਖ਼ਬਰ

ਗ਼ੈਰਾਂ ਨਾਲ ਜੇ ਤੂੰ ਬੋਲੀ ਹੱਸ ਕੇ, ਮੈਂ ਗਿਣ ਗਿਣ ਲਊਂ ਬਦਲੇ।

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਜੋੜ-ਤੋੜ ਸ਼ੁਰੂ- ਇਕ ਖ਼ਬਰ

ਮੋਤੀ ਖਿਲਰ ਗਏ, ਚੁਗ ਲਉ ਕਬੂਤਰ ਬਣ ਕੇ।

ਪ੍ਰਧਾਨ ਤੇ ਮੁੱਖ ਮੰਤਰੀ ਦੀ ਕੁਰਸੀ ਲਈ ਕਾਂਗਰਸ ਦੀ ਬੇੜੀ ਡੋਬੀ ਗਈ-ਪ੍ਰਸ਼ੋਤਮ ਲਾਲ ਖ਼ਲੀਫ਼ਾ

ਪੀਲਾ ਰੰਗ ਕਿਉਂ ਪੈ ਗਿਆ ਤੇਰਾ, ਭਾਬੋ ਮੈਨੂੰ ਰੋਜ਼ ਪੁੱਛਦੀ।

ਬਾਦਲ ਵਿਰੋਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ‘ਜਥੇਦਾਰ’ ਨੂੰ ਖਰੀਆਂ-ਖਰੀਆਂ ਸੁਣਾਈਆਂ- ਇਕ ਖ਼ਬਰ

ਜਿਹੜਾ ਮੇਰੇ ਪੱਲੇ ਪੈ ਗਿਆ, ਉਹਨੂੰ ਪੱਗ ਬੰਨ੍ਹਣੀਂ ਨਾ ਆਵੇ।