ਇਸਲਾਮ ਵਿਚ ਰੋਜ਼ੇ ਦਾ ਮਹੱਤਵ - ਡਾ. ਮੁਹੰਮਦ ਇਰਫ਼ਾਨ ਮਲਿਕ

‘ਇਸਲਾਮ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਸ਼ਾਬਦਿਕ ਅਰਥ ਆਗਿਆਕਾਰੀ ਤੇ ਰੱਬ ਦੀ ਰਜ਼ਾ ਵਿਚ ਖ਼ੁਸ਼ ਰਹਿਣ ਦੇ ਹਨ। ਇਸਲਾਮ ਧਰਮ ਦੀ ਬੁਨਿਆਦ ਪੰਜ ਥੰਮ੍ਹਾਂ (ਸਿਧਾਤਾਂ) ’ਤੇ ਕਾਇਮ ਹੈ। ਤੌਹੀਦ, ਨਮਾਜ਼, ਰੋਜ਼ਾ, ਜ਼ਕਾਤ ਅਤੇ ਹੱਜ। ਹਰ ਥੰਮ੍ਹ ਦਾ ਆਪਣਾ ਸਥਾਨ ਹੈ।
       ‘ਤੌਹੀਦ’ (ਕਲਮਾ) ਇਸਲਾਮ ਦੀ ਬੁਨਿਆਦ ਅਤੇ ਦਰਵਾਜ਼ਾ ਹੈ। ਤੌਹੀਦ ਭਾਵ ਕਿ ਅੱਲਾਹ ਨੂੰ ਇੱਕ ਮੰਨਣਾ ਅਤੇ ਕਲਮਾ ਪੜ੍ਹ ਕੇ ਰੱਬ ਨਾਲ ਇਕਰਾਰ ਕਰਨਾ ਕਿ ਮੈਂ ਤੇਰਾ ਬੰਦਾ ਤੇ ਗ਼ੁਲਾਮ ਹਾਂ, ਤੇਰੇ ਹੁਕਮਾਂ ’ਤੇ ਚੱਲਾਂਗਾ।
      ‘ਨਮਾਜ਼’ ਨੂੰ ਅਰਬੀ ਭਾਸ਼ਾ ਵਿਚ ਸਲਾਤ ਕਿਹਾ ਜਾਂਦਾ ਹੈ। ਰੱਬ ’ਤੇ ਸੱਚੇ ਦਿਲੋਂ ਈਮਾਨ ਲੈ ਆਉਣ ਅਤੇ ਮੁਹੰਮਦ (ਸ.) ਦੇ ਨਬੀ ਹੋਣ ਦਾ ਇਕਰਾਰ ਕਰ ਲੈਣ ਤੋਂ ਬਾਅਦ ਸਭ ਤੋਂ ਵੱਡਾ ਫ਼ਰਜ਼ ਨਮਾਜ਼ ਹੈ। ਨਮਾਜ਼ ਹਰ ਬਾਲਗ਼, ਸਮਝ ਰੱਖਣ ਵਾਲੇ ਮੁਸਲਮਾਨ ਮਰਦ-ਔਰਤ ਲਈ ਇੱਕ ਦਿਨ ਵਿੱਚ ਪੰਜ ਵੇਲੇ ਨਿਸ਼ਚਿਤ ਸਮਿਆਂ ਦੌਰਾਨ ਪੜ੍ਹਨੀ ਜ਼ਰੂਰੀ ਹੈ। ਨਮਾਜ਼ ਇਕ ਖ਼ਾਸ ਬੰਦਗੀ ਹੈ।
       ‘ਜ਼ਕਾਤ’ ਇਸਲਾਮ ਦਾ ਉਹ ਵਿਸ਼ੇਸ਼ ਥੰਮ ਹੈ, ਜਿਸ ਨਾਲ ਮਾਇਆ ਨਾਲੋਂ ਮੋਹ ਘਟਦਾ ਅਤੇ ਦੂਜਿਆਂ ਨਾਲ ਪਿਆਰ, ਹਮਦਰਦੀ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਤਹਿਤ ਸਾਲ ਗੁਜ਼ਰਨ ਮਗਰੋਂ ਆਪਣੀ ਦੌਲਤ ਦਾ ਢਾਈ ਫੀਸਦੀ ਹਿੱਸਾ ਗ਼ਰੀਬਾਂ, ਮਸਕੀਨਾਂ ਅਤੇ ਅਨਾਥਾਂ ਨੂੰ ਵੰਡਿਆ ਜਾਂਦਾ ਹੈ। ਜਿਸ ਤਰ੍ਹਾਂ ਜ਼ਕਾਤ ਦੇਣਾ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹੈ ਉਸੇ ਤਰ੍ਹਾਂ ਜ਼ਕਾਤ ਨਾ ਦੇਣਾ ਉਨ੍ਹਾਂ ਦਾ ਹੱਕ ਮਾਰਨਾ ਹੈ।
         ਇਸਲਾਮ ਦਾ ਪੰਜਵਾਂ ਥੰਮ੍ਹ ‘ਹੱਜ’ ਹੈ। ਹੱਜ ਦਾ ਅਰਥ ਹੈ ਮੱਕੇ ਦੀ ਯਾਤਰਾ ਜਾਂ ਇਬਾਦਤ ਦੀ ਨੀਯਤ ਨਾਲ ਕਾਅਬੇ ਦਾ ਤਵਾਫ਼ (ਪਰਿਕਰਮਾ) ਕਰਨਾ। ਸਾਧਾਰਨ ਸ਼ਬਦਾਂ ਵਿਚ ਹੱਜ ਨੂੰ ਮੱਕੇ ਦਾ ਪਾਕ ਸਫ਼ਰ ਵੀ ਆਖਿਆ ਜਾਂਦਾ ਹੈ।
       ਇਨ੍ਹਾਂ ਪੰਜ ਥੰਮ੍ਹਾਂ ਵਿਚ ‘ਰੋਜ਼ੇ’ ਦੀ ਖ਼ਾਸ ਮਹੱਤਤਾ ਹੈ। ਇਸਲਾਮ ਦੀਆਂ ਬੁਨਿਆਦੀ ਸਿੱਖਿਆਵਾਂ ਜਿਵੇਂ ਤੌਹੀਦ ਅਤੇ ਨਮਾਜ਼ ਤੋਂ ਬਾਅਦ ਰੋਜ਼ੇ ਦਾ ਹੀ ਦਰਜਾ ਹੈ। ਰੋਜ਼ਾ ਪਹੁ ਫੁਟਾਲੇ ਤੋਂ ਲੈ ਕੇ ਸੂਰਜ ਛਿਪਣ ਤੱਕ ਆਪਣੇ-ਆਪ ਨੂੰ ਸੱਚੇ ਰੱਬ ਲਈ ਹਰ ਚੀਜ਼ ਤੋਂ ਅਲੱਗ ਕਰ ਲੈਣ ਅਤੇ ਕੁਝ ਵੀ ਨਾ ਖਾਣ-ਪੀਣ ਦਾ ਨਾਂ ਹੈ। ਸਰਘੀ ਵੇਲੇ ਦੇ ਇਸ ਖਾਣੇ ਨੂੰ ਸਿਹਰੀ ਆਖਦੇ ਹਨ, ਸਿਹਰੀ ਕਰਨਾ ਸੁੱਨਤ ਹੈ। ਸ਼ਾਮ ਨੂੰ ਸੂਰਜ ਦੇ ਛਿਪਣ ਨਾਲ ਰੋਜ਼ਾ ਅਫ਼ਤਾਰ ਕੀਤਾ ਜਾਂਦਾ ਹੈ, ਭਾਵ ਰੋਜ਼ਾ ਖੋਲ੍ਹਿਆ ਜਾਂਦਾ ਹੈ।
      ਨਮਾਜ਼ ਦੀ ਤਰ੍ਹਾਂ ਰੋਜ਼ੇ ਵੀ ਅੱਲਾਹ ਨੇ ਹਰ ਬਾਲਗ਼ ਮੁਸਲਮਾਨ ਮਰਦ-ਔਰਤ ’ਤੇ ਲਾਜ਼ਮੀ (ਫ਼ਰਜ਼) ਕੀਤੇ ਹਨ। ਇਸਲਾਮ ਅਨੁਸਾਰ ਇਕ ਮਹੀਨੇ ਦੇ ਰੋਜ਼ੇ ਫ਼ਰਜ਼ ਕੀਤੇ ਗਏ ਹਨ। ਜੇ ਕੋਈ ਵਿਅਕਤੀ ਬਿਮਾਰ ਜਾਂ ਸਫ਼ਰ ਦੀ ਹਾਲਤ ਵਿਚ ਹੋਵੇ ਤਾਂ ਉਹ ਵਿਅਕਤੀ ਰੋਜ਼ੇ ਬਾਅਦ ਵਿਚ ਰੱਖ ਸਕਦਾ ਹੈ। ਰੋਜ਼ੇ ਦੌਰਾਨ ਇਨਸਾਨ ਨੂੰ ਖਾਣ-ਪੀਣ ਅਤੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਰੋਕਿਆ ਗਿਆ ਹੈ। ਰੋਜ਼ੇ ਦੀ ਹਾਲਤ ਵਿੱਚ ਰੱਬ ਲਈ ਆਪਣੀਆਂ ਖ਼ਾਹਿਸ਼ਾਂ ਅਤੇ ਲੱਜ਼ਤਾਂ ਨੂੰ ਕੁਰਬਾਨ ਕੀਤਾ ਜਾਂਦਾ ਹੈ। ਰੋਜ਼ੇ ਦਾ ਇਕ ਵਿਸ਼ੇਸ਼ ਫ਼ਾਇਦਾ ਇਹ ਵੀ ਹੈ ਕਿ ਇਨਸਾਨ ਅੰਦਰ ਰੱਬ ਦੀ ਵਢਿਆਈ ਪੈਦਾ ਹੁੰਦੀ ਹੈ। ਮਨ ਦੀਆਂ ਇੱਛਾਵਾਂ ’ਤੇ ਕੰਟਰੋਲ ਕਰਨ ਦੀ ਤਾਕਤ ਆਉਂਦੀ ਹੈ। ਰੂਹ ਮਜ਼ਬੂਤ ਬਣਦੀ ਹੈ ਕਿਉਂਕਿ ਮਜ਼ਬੂਤ ਰੂਹ ਹੀ ਇਨਸਾਨ ਨੂੰ ਬੁਰੀਆਂ ਹਰਕਤਾਂ, ਝੂਠ ਬੋਲਣ, ਘੱਟ ਤੋਲਣ ਅਤੇ ਦੂਜਿਆਂ ਨੂੰ ਧੋਖਾ ਦੇਣ ਤੋਂ ਰੋਕਦੀ ਹੈ।
       ਇਥੇ ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਰੋਜ਼ਾ ਸਿਰਫ਼ ਪੂਰੇ ਦਿਨ ਭੁੱਖੇ-ਪਿਆਸੇ ਰਹਿਣ ਦਾ ਨਾਮ ਨਹੀਂ, ਸਗੋਂ ਰੋਜ਼ੇ ਦੌਰਾਨ ਤੁਹਾਡੇ ਇਖ਼ਲਾਕ ’ਚੋਂ ਰੋਜ਼ੇ ਦੀ ਝਲਕ ਸਪੱਸ਼ਟ ਵਿਖਾਈ ਦੇਣੀ ਚਾਹੀਦੀ ਹੈ। ਅੱਖਾਂ ਦਾ ਵੀ ਰੋਜ਼ਾ ਹੁੰਦਾ ਕਿ ਕਿਸੇ ਨੂੰ ਗ਼ਲਤ ਨਿਗਾਹ ਨਾਲ ਨਹੀਂ ਵੇਖਣਾ। ਕੰਨਾਂ ਨਾਲ ਕਿਸੇ ਦੀ ਚੁਗ਼ਲੀ-ਨਿੰਦਿਆ ਨਹੀਂ ਸੁਣਨੀ। ਜ਼ੁਬਾਨ ਨਾਲ ਕਿਸੇ ਨੂੰ ਮੰਦਾ ਨਹੀਂ ਬੋਲਣਾ। ਇਸੇ ਤਰ੍ਹਾਂ ਹੱਥਾਂ ਅਤੇ ਪੈਰਾਂ ਦਾ ਵੀ ਰੋਜ਼ਾ ਹੁੰਦਾ ਹੈ। ਹੱਥਾਂ ਨਾਲ ਅਸੀਂ ਕੋਈ ਵੀ ਮਾੜਾ ਕਾਰਜ ਨਹੀਂ ਕਰਨਾ ਤੇ ਪੈਰਾਂ ਨਾਲ ਕਿਸੇ ਮਾੜੀ ਥਾਂ ਨਹੀਂ ਜਾਣਾ।
        ਮੰਨਿਆ ਜਾਂਦਾ ਹੈ ਕਿ ਜੰਨਤ ਦੇ ਅੱਠ ਦਰਵਾਜ਼ਿਆਂ ’ਚੋਂ ਇੱਕ ਦਰਵਾਜ਼ਾ ਸਿਰਫ਼ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇਕ ਵਾਰ ਇਸ ਦਰਵਾਜ਼ੇ ’ਚੋਂ ਲੰਘ ਗਿਆ ਤਾਂ ਉਸ ਨੂੰ ਕਦੇ ਵੀ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ। ਅੱਲਾਹ ਨੂੰ ਰਮਜ਼ਾਨ ਦਾ ਮਹੀਨਾ ਸਾਰੇ ਮਹੀਨਿਆਂ ਤੋਂ ਜ਼ਿਆਦਾ ਮਹਿਬੂਬ ਹੈ। ਰਮਜ਼ਾਨ ਦੀ ਬਦੌਲਤ ਹੀ ਰੱਬ ਬਾਕੀ 11 ਮਹੀਨਿਆਂ ਦੇ ਗੁਨਾਹ ਬਖ਼ਸ਼ ਦਿੰਦਾ ਹੈ। ਰਮਜ਼ਾਨ ਦੇ ਮਹੀਨਾ ਦਾ ਦਰਜਾ ਬਾਕੀ ਮਹੀਨਿਆਂ ਤੋਂ ਉੱਪਰ ਹੈ।
        ਸਿਹਤ ਪੱਖੋਂ ਵੀ ਰੋਜ਼ੇ ਦੀ ਖ਼ਾਸ ਮਹੱਤਤਾ ਹੈ। ਇਹ ਇਨਸਾਨ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਸਾਡਾ ਸਰੀਰ ਇੱਕ ਮਸ਼ੀਨ ਦੀ ਤਰ੍ਹਾਂ ਹੈ। ਮਸ਼ੀਨ ਲਗਾਤਾਰ ਕੰਮ ਕਰਦਿਆਂ ਥੱਕ ਜਾਂਦੀ ਹੈ। ਇਸ ਲਈ ਫ਼ਾਕੇ ਰਹਿਣਾ ਚੰਗੀ ਗੱਲ ਹੈ ਕਿਉਂਕਿ ਸਰੀਰਕ ਮਸ਼ੀਨਰੀ ਨੂੰ ਇਕ ਮਹੀਨਾ ਆਰਾਮ ਮਿਲਦਾ ਹੈ। ਤਿੰਨ-ਚਾਰ ਦਿਨਾਂ ਬਾਅਦ ਇੱਕ ਵਕਤ ਭੁੱਖੇ ਰਹਿਣਾ ਮਿਹਦੇ ਨੂੰ ਠੀਕ ਰੱਖਦਾ ਹੈ, ਜਿਸ ਦੇ ਫਲਸਰੂਪ ਸਾਡਾ ਸ਼ਰੀਰ ਤਰੋ-ਤਾਜ਼ਗੀ ਮਹਿਸੂਸ ਕਰਦਾ ਹੈ। ਰੋਜ਼ਾ ਨਾ ਸਿਰਫ਼ ਵੱਧਦੇ ਵਜ਼ਨ ਲਈ ਲਾਭਦਾਇਕ ਹੈ ਬਲਕਿ ਇਸ ਨਾਲ ਬਲੱਡ ਸ਼ੂਗਰ ਘੱਟ ਹੁੰਦੀ ਹੈ ਯਾਨੀ ਖੂਨ ਤੋਂ ਚੀਨੀ ਦੇ ਅਸਰ ਦਾ ਦਰਜਾ ਘੱਟ ਹੋ ਜਾਂਦਾ ਹੈ। ਹਾਈ ਬਲੱਡ ਪ੍ਰੇਸ਼ਰ ਦੇ ਮਰੀਜ਼ਾਂ ਨੂੰ ਬਹੁਤ ਰਾਹਤ ਮਹਿਸੂਸ ਹੁੰਦੀ ਹੈ ਕਿਉਂਕਿ ਰੋਜ਼ੇ ਦੌਰਾਨ ਖੂਨ ਦੇ ਵਹਾਅ ਦੀ ਰਫ਼ਤਾਰ ਮੁਨਾਸਿਬ ਹੋ ਜਾਂਦੀ ਹੈ। ਸਰੀਰ ਪੂਰੀ ਤਰ੍ਹਾਂ ਭੁੱਖ ਅਤੇ ਪਿਆਸ ਬਰਦਾਸ਼ਤ ਕਰਨ ਦਾ ਆਦੀ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਸਾਲ ਭਰ ਮਸ਼ਰੂਫ਼ ਰਹਿਣ ਵਾਲਾ ਨਿਜ਼ਾਮ-ਏ-ਹਾਜ਼ਮਾ ਛੁੱਟੀ ਮਨਾਉਂਦਾ ਹੈ। ਜਿਸਮ ਦੇ ਸਾਰੇ ਜ਼ਹਿਰੀਲੇ ਮਾਦਿਆਂ ਦਾ ਖ਼ਾਤਮਾ ਸ਼ੁਰੂ ਹੋ ਜਾਂਦਾ ਹੈ। ਸਰੀਰ ਆਪਣੇ ਮੁਰਦਾ ਜਾਂ ਕੈਂਸਰ ਸ਼ੁਦਾ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਆਮ ਹਾਲਾਤ ਵਿਚ ਕਿਮੋਥਰੈਪੀ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
       ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਰੋਜ਼ਾ ਇੱਕ ਅਜਿਹਾ ਅਭਿਆਸ ਹੈ, ਇਬਾਦਤ ਹੈ ਜੋ ਮਨੁੱਖ ਨੂੰ ਅਸਲੀ ਅਰਥਾਂ ਵਿੱਚ ਮਨੁੱਖ ਬਣਾਉਂਦੀ ਹੈ।
ਸੰਪਰਕ : 77078-23259