ਏਜਾਜ਼ ਅਹਿਮਦ ਅਤੇ ਸਾਡੇ ਸੋਚਣ ਦਾ ਤਰੀਕਾ - ਸਵਰਾਜਬੀਰ

ਜ਼ੁਲਮਤ-ਕਦੇ ਮੇਂ ਮੇਰੇ, ਸ਼ਬ-ਏ-ਗ਼ਮ ਕਾ ਜੋਸ਼ ਹੈ।
ਇਕ ਸ਼ਮ੍ਹਾ ਹੈ ਦਲੀਲ-ਏ-ਸਹਰ, ਸੋ ਖ਼ਾਮੋਸ਼ ਹੈ।।
- ਮਿਰਜ਼ਾ ਗ਼ਾਲਿਬ
(ਮੇਰੇ ਹਨੇਰੇ ਘਰ (ਜ਼ੁਲਮਤ-ਕਦੇ) ਵਿਚ ਗ਼ਮ ਦੀ ਰਾਤ ਦਾ ਤੂਫ਼ਾਨ (ਭਾਵ ਹਨੇਰਾ ਹੀ ਹਨੇਰਾ) ਆਇਆ ਹੋਇਆ ਹੈ। ਸਿਰਫ਼ ਦੀਪਕ ਜੋ ਸਵੇਰ ਹੋਣ ਦੀ ਦਲੀਲ (ਜਾਂ ਸਬੂਤ) ਹੈ, ਉਹ ਵੀ ਬੁਝਿਆ ਹੋਇਆ ਹੈ। ਅਲੀ ਸਰਦਾਰ ਜਾਫ਼ਰੀ ਅਨੁਸਾਰ ਗ਼ਾਲਿਬ ਨੇ ਖ਼ੁਦ ਇਕ ਚਿੱਠੀ ਵਿਚ ਇਸ ਸ਼ਿਅਰ ਦੇ ਅਰਥ ਕਰਦਿਆਂ ਕਿਹਾ ਕਿ ਜਿਸ ਘਰ ਵਿਚ ਬੁਝਿਆ ਹੋਇਆ ਦੀਪਕ ਸਰਘੀ ਦਾ ਪ੍ਰਤੀਕ ਹੋਵੇ, ਉੱਥੇ ਹਨੇਰਾ ਕਿੰਨਾ ਗੂੜ੍ਹਾ ਹੋਵੇਗਾ।)
          ਪਿਛਲੀ ਸਦੀ ਦੇ ਆਖ਼ਰੀ ਸਾਲਾਂ ਵਿਚ ਜਦ ਮੈਂ ਏਜਾਜ਼ ਅਹਿਮਦ ਦੀ ਕਿਤਾਬ ‘ਸਿਧਾਂਤ ਅਨੁਸਾਰ : ਜਮਾਤਾਂ, ਦੇਸ਼ ਤੇ ਸਾਹਿਤ (In Theory : Classes, Nations, Literatures)’ ਪੜ੍ਹੀ ਤਾਂ ਮੈਨੂੰ ਅਜੀਬ ਤਰ੍ਹਾਂ ਦਾ ਅਨੁਭਵ ਹੋਇਆ ਸੀ। ਮੇਰੇ ਮਨ ਵਿਚ ਇਕ ਨਾਟਕੀ ਬਿੰਬ ਉੱਸਰਿਆ ਕਿ ਵਿਚਾਰਾਂ ਦੇ ਅਖਾੜੇ ਵਿਚ ਹੋ ਰਹੇ ਘੋਲ ਵਿਚ ਏਜਾਜ਼ ਮਾਰਕਸਵਾਦੀ ਭਲਵਾਨ ਹੈ ਜਿਹੜਾ ਕਦੇ ਕਿਸੇ ਉੱਤਰ-ਆਧੁਨਿਕ ਚਿੰਤਕ ਦੀ ਧੌਣ ’ਤੇ ਗੋਡਾ ਰੱਖ ਕੇ ਉਸ ਨੂੰ ਚਿੱਤ ਕਰਦਾ ਹੈ ਅਤੇ ਕਦੇ ਆਪਣੇ ਆਪ ਨੂੰ ਮਾਰਕਸਵਾਦੀ ਦੱਸਣ ਵਾਲੇ ਪੱਛਮੀ ਚਿੰਤਕ ਨਾਲ ਲੋਹਾ ਲੈਂਦਿਆਂ ਉਹਨੂੰ ਅਹਿਸਾਸ ਕਰਵਾਉਂਦਾ ਹੈ ਕਿ ਉਹ ਕਿੱਥੇ ਗ਼ਲਤ ਹੈ, ਪਰ ਉਸ (ਏਜਾਜ਼) ਦਾ ਮਨ ਪਿਆਰ ਨਾਲ ਭਰਿਆ ਹੋਇਆ ਵੀ ਹੈ ਅਤੇ ਉਹ ਉਨ੍ਹਾਂ ਚਿੰਤਕਾਂ ਨੂੰ ਢਾਹੁਣ ਤੋਂ ਬਾਅਦ ਉਨ੍ਹਾਂ ਨੂੰ ਪਲੋਸਦਾ ਵੀ ਹੈ।
       ਇਸ ਕਿਤਾਬ ਵਿਚ ਏਜਾਜ਼ ਅਹਿਮਦ ਅਮਰੀਕੀ ਚਿੰਤਕ ਫਰੈਡਰਿਕ ਜੈਮਸਨ ਦੁਆਰਾ ਦੇਸ਼ਾਂ ਅਤੇ ਸਾਹਿਤ ਨੂੰ ਪਹਿਲੀ ਦੁਨੀਆ (ਅਮਰੀਕਾ, ਯੂਰੋਪ ਆਦਿ), ਦੂਸਰੀ ਦੁਨੀਆ (ਸੋਵੀਅਤ ਯੂਨੀਅਨ, ਚੀਨ, ਸਮਾਜਵਾਦੀ ਦੇਸ਼) ਅਤੇ ਤੀਸਰੀ ਦੁਨੀਆ (ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼) ਦੀਆਂ ਸ਼੍ਰੇਣੀਆਂ ਵਿਚ ਵੰਡਣ ’ਤੇ ਇਤਰਾਜ਼ ਕਰਦਾ ਹੈ। ਏਜਾਜ਼ ਅਨੁਸਾਰ ਕਿਸੇ ਲਿਹਾਜ਼ ਨਾਲ ਪਹਿਲੀ ਦੁਨੀਆ ਤੇ ਦੂਸਰੀ ਦੁਨੀਆ ਦੀਆਂ ਸ਼੍ਰੇਣੀਆਂ ਨੂੰ ਤਾਂ ਸਹੀ ਕਿਹਾ ਜਾ ਸਕਦਾ ਹੈ ਕਿਉਂਕਿ ਪਹਿਲੀ ਦੁਨੀਆ ਵਿਚ ਉਤਪਾਦਨ ਤੇ ਪੈਦਾਵਾਰ ਦਾ ਤੌਰ-ਤਰੀਕਾ ਸਰਮਾਏਦਾਰੀ ਵਾਲਾ ਹੈ ਅਤੇ ਦੂਸਰੀ ਦੁਨੀਆ ਦਾ ਸਮਾਜਵਾਦੀ ਤਰੀਕੇ ਵਾਲਾ ਪਰ ਏਸ਼ੀਆ ਅਤੇ ਅਫ਼ਰੀਕਾ ਦੇ ਦੇਸ਼ਾਂ ਨੂੰ ਤੀਸਰੀ ਦੁਨੀਆ ਦੇ ਦੇਸ਼ ਕਹਿ ਕੇ ਇਕੋ ਰੱਸੇ ਵਿਚ ਨੂੜਨਾ ਗ਼ਲਤ ਹੈ, ਇਸ ਤਰ੍ਹਾਂ ਕਰਕੇ ਫਰੈਡਰਿਕ ਜੈਮਸਨ ਇਕ ਸਿਧਾਂਤਕ ਜਾਲ ਵਿਚ ਫਸ ਰਿਹਾ ਹੈ ਜਿਸ ਅਨੁਸਾਰ ਇਹ ਤੈਅ ਹੁੰਦਾ ਹੈ ਕਿ ਪਹਿਲੀ ਦੁਨੀਆ ਦੇ ਦੇਸ਼ ਬੁਨਿਆਦੀ ਰੂਪ ਵਿਚ ਵਧੀਆ ਅਤੇ ਤੀਸਰੀ ਦੁਨੀਆ ਦੇ ਲੋਕਾਂ ਦੇ ਇਤਿਹਾਸ ਦੇ ਸਿਰਜਣਹਾਰੇ ਹਨ, ਏਸ਼ੀਆ ਤੇ ਅਫ਼ਰੀਕੀ ਦੇਸ਼ਾਂ ਅਤੇ ਉਨ੍ਹਾਂ ਦੇ ਸਾਹਿਤ ਨੂੰ ਬਸਤੀਵਾਦ ਦੇ ਗ਼ੁਲਾਮ ਰਹੇ ਹੋਣ ਦੀ ਪੱਕੀ ਜਿਲਦ ਵਿਚ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਸੰਘਰਸ਼, ਸੱਭਿਆਚਾਰ, ਪਰੰਪਰਾਵਾਂ, ਸਾਹਿਤ ਅਤੇ ਗਿਆਨ ਖੇਤਰ ਵਿਚ ਪ੍ਰਾਪਤੀਆਂ ਗੌਣ ਤੇ ਊਣੀਆਂ ਪ੍ਰਤੀਤ ਹੁੰਦੀਆਂ ਹਨ। ਇਸ ਬਹਿਸ ਦੌਰਾਨ ਏਜਾਜ਼ ਸਾਨੂੰ ਵੀ ਚੇਤੰਨ ਕਰਵਾਉਂਦਾ ਹੈ ਕਿ ਅਸੀਂ ਦੇਸ਼ਾਂ, ਸਾਹਿਤਾਂ, ਸੱਭਿਆਚਾਰਾਂ ਆਦਿ ਨੂੰ ਸ਼੍ਰੇਣੀਬੱਧ ਕਰਨ ਵਿਚ ਕਾਹਲੀ ਨਾ ਕਰੀਏ ਕਿਉਂਕਿ ਇਸ ਨਾਲ ਅਸੀਂ ਉਨ੍ਹਾਂ ਦੀਆਂ ਜਟਿਲ ਬਣਤਰਾਂ ਅਤੇ ਉਨ੍ਹਾਂ ’ਚੋਂ ਉੱਭਰਦੇ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰ ਰਹੇ ਹੁੰਦੇ ਸਨ। ਏਜਾਜ਼ ਅਨੁਸਾਰ ਇਸ ਕਾਹਲ ਕਾਰਨ ਜੈਮਸਨ ਏਸ਼ੀਆ ਅਤੇ ਅਫ਼ਰੀਕਾ ਵਿਚ ਉੱਭਰਦੇ ਸਾਹਿਤ ਨੂੰ ਪ੍ਰਤੀਕਮਈ ਕੌਮੀ ਕਹਾਣੀਆਂ (allegory) ਦੇ ਰੂਪ ਵਿਚ ਦੇਖਦਾ ਹੈ, ਉੱਥੋਂ ਦੇ ਲੋਕਾਂ ਦੀ ਵਿਆਪਕ ਮਨੁੱਖਤਾ ਦੇ ਸੰਦਰਭ ਵਿਚ ਨਹੀਂ। ਏਜਾਜ਼ ਪਹਿਲੀ ਦੁਨੀਆ (ਅਮਰੀਕਾ, ਯੂਰੋਪ) ਦਾ ਸ਼੍ਰੇਣੀ ਵਿਸ਼ਲੇਸ਼ਣ ਕਰਦਿਆਂ ਉੱਥੇ ਸਿਆਹਫ਼ਾਮ ਲੋਕਾਂ ਤੇ ਔਰਤਾਂ ਦੇ ਹਾਲਾਤ ਦੇ ਹਵਾਲੇ ਨਾਲ ਇਹ ਦੱਸਦਾ ਹੈ ਕਿ ਇਕ ‘ਤੀਸਰੀ ਦੁਨੀਆ’ ‘ਪਹਿਲੀ ਦੁਨੀਆ’ ਦੇ ਢਿੱਡ ਵਿਚ ਵੱਸਦੀ ਹੈ। ਏਜਾਜ਼ ਜੈਮਸਨ ਦੇ ਵਿਸ਼ਲੇਸ਼ਣ ਦੀ ਕਦਰ ਕਰਦਾ ਅਤੇ ਉਸ ਨੂੰ ਮਾਰਕਸਵਾਦੀ ਚਿੰਤਕ ਮੰਨਦਾ ਹੈ।
       ਏਜਾਜ਼ ਫ਼ਲਸਤੀਨੀ-ਅਮਰੀਕੀ ਚਿੰਤਕ ਐਡਵਰਡ ਸਈਅਦ ਦੀ ਕਿਤਾਬ ‘ਪੂਰਬਵਾਦ (Orientalism)’ ਵਿਚ ਦਿੱਤੀਆਂ ਗਈਆਂ ਧਾਰਨਾਵਾਂ ਨਾਲ ਅਸਹਿਮਤੀ ਜ਼ਾਹਿਰ ਕਰਦਾ ਹੈ। ਪੂਰਬਵਾਦ ਦੇ ਸਿਧਾਂਤ ਰਾਹੀਂ ਐਡਵਰਡ ਸਈਅਦ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲਗਭਗ ਢਾਈ ਹਜ਼ਾਰ ਸਾਲ ਤੋਂ ਪੱਛਮੀ ਸੱਭਿਅਤਾ ਪੂਰਬੀ ਸੱਭਿਅਤਾ ਨੂੰ ਆਪਣੇ ਨੁਕਤਾ-ਨਿਗਾਹ ਤੋਂ ਪਰਿਭਾਸ਼ਿਤ ਕਰਨ ਵਿਚ ਰੁੱਝੀ ਹੋਈ ਹੈ ਜਿਸ ਵਿਚ ਪੂਰਬ ਦੇ ਦੇਸ਼ਾਂ ਦੇ ਲੋਕਾਂ ਨੂੰ ਅਸੱਭਿਅਕ, ਬੌਧਿਕ ਪੱਖ ਤੋਂ ਊਣੇ, ਵਹਿਸ਼ੀ, ਜਜ਼ਬਾਤੀ ਆਦਿ ਦਿਖਾਇਆ ਗਿਆ ਹੈ; ਇਹ ਸਿੱਧ ਕਰਨ ਲਈ ਐਡਵਰਡ ਸਈਅਦ ਪੁਰਾਤਨ ਯੂਨਾਨੀ ਨਾਟਕਕਾਰਾਂ ਤੋਂ ਲੈ ਕੇ ਮੱਧਕਾਲੀਨ ਯੂਰੋਪੀਅਨ ਯਾਤਰੀਆਂ ਤੇ ਆਧੁਨਿਕ ਸਾਹਿਤਕਾਰਾਂ ਦੀਆਂ ਲਿਖਤਾਂ ਦੀਆਂ ਉਦਾਹਰਨਾਂ ਦਿੰਦਾ ਹੈ, ਸਈਅਦ ਅਨੁਸਾਰ ਬਸਤੀਵਾਦ ਦਾ ਵਰਤਾਰਾ ਉਸ ਇਕਪਾਸੜ ਗਿਆਨ ਦੇ ਪ੍ਰਵਚਨ ’ਚੋਂ ਜਨਮਦਾ ਹੈ। ਏਜਾਜ਼ ਅਨੁਸਾਰ ਇਹ ਨਿਰਣਾ ਗ਼ਲਤ ਹੈ। ਆਧੁਨਿਕ ਪੱਛਮੀ ਲੇਖਕਾਂ ਦੇ ਸਾਮਰਾਜਵਾਦ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਤੇ ਉਸ ਨੂੰ ਜਾਇਜ਼ ਠਹਿਰਾਉਣ ਨੂੰ ਤਾਂ ਇਕ ਸਿਆਸੀ ਪ੍ਰਵਚਨ ਮੰਨਿਆ ਜਾ ਸਕਦਾ ਹੈ ਪਰ ਇਹ ਨਿਰਣਾ ਪੁਰਾਤਨ ਅਤੇ ਮੱਧਕਾਲੀਨ ਪੱਛਮੀ ਲੇਖਕਾਂ ਬਾਰੇ ਸਹੀ ਨਹੀਂ ਹੈ। ਪੁਰਾਤਨ ਯੂਨਾਨੀ ਸਾਹਿਤਕਾਰਾਂ ਦੀਆਂ ਲਿਖਤਾਂ ਬਿਲਕੁਲ ਪੂਰਬੀ ਸਾਹਿਤਕਾਰਾਂ ਦੀਆਂ ਲਿਖਤਾਂ ਵਰਗੀਆਂ ਹਨ ਜਿਨ੍ਹਾਂ ਵਿਚੋਂ ਇਕ-ਦੂਸਰੇ ਬਾਰੇ ਅਗਿਆਨਤਾ ਝਲਕਦੀ ਹੈ, ਵਿਦੇਸ਼ੀ ਬੇਗ਼ਾਨੇ, ਪਰਾਏ ਤੇ ਮਾੜੇ ਲੱਗਦੇ ਹਨ। ਏਜਾਜ਼ ਅਨੁਸਾਰ ਇਹ ਪੱਛਮ ਵਿਚ ਪੈਦਾ ਹੋਈ ਸਰਮਾਏਦਾਰੀ ਜਮਾਤ ਦੀ ਚੜ੍ਹਤ ਅਤੇ ਉਸ ਕਾਰਨ ਸਾਮਰਾਜੀ ਦੇਸ਼ਾਂ ਦੁਆਰਾ ਏਸ਼ੀਆ ਤੇ ਅਫ਼ਰੀਕੀ ਦੇਸ਼ਾਂ ਨੂੰ ਗ਼ੁਲਾਮ ਬਣਾਉਣ ਦਾ ਵਰਤਾਰਾ ਸੀ ਜਿਸ ਕਰਕੇ ਪੱਛਮੀ ਵਿਦਵਾਨਾਂ ਦੀਆਂ ਧਾਰਨਾਵਾਂ ਅਤੇ ਲਿਖਤਾਂ ਨੂੰ ਵਧੀਆ ਤੇ ਸਹੀ ਮੰਨਿਆ ਗਿਆ।
       ਇਸ ਸਾਰੀ ਬਹਿਸ ਨੂੰ ਛੱਡ ਕੇ ਮੈਂ 2019 ਵਿਚ ਵਾਪਸ ਆਉਣਾ ਚਾਹੁੰਦਾ ਹਾਂ ਜਦ ਏਜਾਜ਼ ਅਹਿਮਦ ਦੀ ਇਕ ਲੰਮੀ ਮੁਲਾਕਾਤ (Interview) ਦਸੰਬਰ 2019 ਦੇ ਫਰੰਟਲਾਈਨ ਵਿਚ ਛਪੀ ਸੀ। ਇਸ ਵਿਚ ਪ੍ਰਗਟਾਏ ਵਿਚਾਰਾਂ ਨੇ ਮੈਨੂੰ ਬੁਰੀ ਤਰ੍ਹਾਂ ਝੰਜੋੜਿਆ। ਮੁਲਾਕਾਤ ਵਿਚ ਏਜਾਜ਼ ਨੇ ਦੱਸਿਆ ਕਿ ਅਸੀਂ ਕੀ ਕਰ ਰਹੇ ਸਾਂ। ਅਸੀਂ ਰਾਸ਼ਟਰੀ ਸਵੈਮਸੇਵਕ ਸੰਘ, ਪੁਰਾਣੀ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਣਾਏ ਗਏ ਸਿਆਸੀ ਬਿਰਤਾਂਤ ਨੂੰ ਚੁਣੌਤੀ ਦਿੰਦੇ ਸਮੇਂ ਇਸ ਬਿਰਤਾਂਤ ਨੂੰ ਫਾਸ਼ੀਵਾਦੀ ਕਹਿ ਕੇ ਇਹ ਸਮਝਦੇ ਸਾਂ ਕਿ ਅਸੀਂ ਆਪਣਾ ਫ਼ਰਜ਼ ਨਿਭਾ ਦਿੱਤਾ ਹੈ, ਉਹ ਪ੍ਰਵਚਨ ਲਗਭਗ 100 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ, ਉਸ ਨੂੰ ਹਰ ਦਿਨ ਹੁੰਦੇ ਚਿੰਤਨ, ਪਰੇਡਾਂ, ਸਭਾਵਾਂ ਆਦਿ ਵਿਚ ਪ੍ਰਚਾਰਿਆ ਜਾਂਦਾ ਹੈ, ਪ੍ਰਚਾਰ ਲਈ ਸਕੂਲ, ਕਾਲਜ ਤੇ ਵਿੱਦਿਅਕ ਅਦਾਰੇ ਖੋਲ੍ਹੇ ਗਏ ਅਤੇ ਸਾਹਿਤ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪ੍ਰਚਾਰ ਦੇ ਧੁਰ ਅੰਦਰ ਮੁਸਲਮਾਨਾਂ ਅਤੇ ਅੰਗਰੇਜ਼ਾਂ ਤੋਂ ਪੀੜਤ ਹੋਣ ਦਾ ਦੁੱਖ ਅਤੇ ਨਫ਼ਰਤ ਪਈ ਹੈ। ਅਸੀਂ ਉਸ ਸਾਰੇ ਵਰਤਾਰੇ ਨੂੰ ਪੱਛਮ ਤੋਂ ਮੰਗੇ ਸ਼ਬਦ ਫਾਸ਼ੀਵਾਦ ਨਾਲ ਪਰਿਭਾਸ਼ਿਤ ਕਰ ਕੇ ਮਾਨਸਿਕ ਸੁੱਖ ਪ੍ਰਾਪਤ ਕਰ ਲੈਂਦੇ ਹਾਂ। ਏਜਾਜ਼ ਨੇ ਵੰਗਾਰਿਆ ਕਿ ਅਸੀਂ ਉਸ ਵਰਤਾਰੇ ਦੇ ਜਨਮ, ਵਿਕਾਸ ਤੇ ਗ਼ਲਬੇ ਦੀਆਂ ਜਟਿਲਤਾਵਾਂ, ਸਥਿਰਤਾ, ਮਜ਼ਬੂਤੀ, ਆਪਾ-ਵਿਰੋਧਾਂ ਤੇ ਸਮੱਸਿਆਵਾਂ ਨੂੰ ਸਮਝੀਏ।
      ਪਹਿਲਾਂ ਏਜਾਜ਼ ਅਹਿਮਦ ਨੇ ਇਕ ਲੇਖ ‘ਫਾਸ਼ੀਵਾਦ ਅਤੇ ਕੌਮੀ ਸੱਭਿਆਚਾਰ : ਹਿੰਦੂਤਵ ਦੇ ਦਿਨਾਂ ਵਿਚ ਗ੍ਰਾਮਸ਼ੀ ਨੂੰ ਪੜ੍ਹਦਿਆਂ’ ਵਿਚ ਕਿਹਾ ਸੀ ਕਿ ‘‘ਹਰ ਦੇਸ਼ ਵਿਚ ਉਹੋ ਜਿਹਾ ਫਾਸ਼ੀਵਾਦ, ਜੋ ਉਸ ਦੇਸ਼ ਦੇ ਅਨੁਸਾਰ ਹੁੰਦਾ ਹੈ, ਆਉਂਦਾ ਹੈ (Every country gets the fascism it deserves)।’’ 2019 ਦੀ ਮੁਲਾਕਾਤ ਵਿਚ ਏਜਾਜ਼ ਨੇ ਕਿਹਾ, ‘‘ਹਾਂ, ਇਹ ਮੇਰੀ ਪਹਿਲੀ ਪ੍ਰਤੀਕਿਰਿਆ ਸੀ ਅਤੇ ਉਨ੍ਹਾਂ ਦਿਨਾਂ ਵਿਚ ਮੈਂ ਸ਼ਬਦ ‘ਫਾਸ਼ੀਵਾਦ’ ਆਮ ਵਰਤਦਾ ਸਾਂ।’’ ਉਹ ਕਹਿੰਦਾ ਹੈ, ‘‘ਮੈਂ ਬਾਅਦ ਵਿਚ ਮਹਿਸੂਸ ਕੀਤਾ ਕਿ ਸਾਨੂੰ ਇਸ ਪਾਰਟੀ (ਭਾਜਪਾ) ਦੀ ਬਣਤਰ ਅਤੇ ਨਵੇਂਪਣ ਨੂੰ ਸਮਝਣ ਲਈ ਇਕ ਫ਼ਤਵਾ ਦੇਣ ਦੇ ਸੁਖੈਲੇ ਕਾਰਜ ਦੀ ਬਜਾਏ ਬਹੁਤ ਵਿਸ਼ੇਸ਼ ਦਵੰਦਾਤਮਿਕ ਵਿਸ਼ਲੇਸ਼ਣ ਕਰਨਾ ਪਵੇਗਾ... ਇਸੇ ਤਰ੍ਹਾਂ ਦੀਆਂ ਸਥਿਤੀਆਂ ਵਿਚ ਗ੍ਰਾਮਸ਼ੀ ਨੇ (ਇਟਲੀ ਦੇ ਸੰਦਰਭ ਵਿਚ) ਆਪਣੇ ਆਪ ਨੂੰ ਪੁੱਛਿਆ ਸੀ ਕਿ ਸਾਡੇ (ਇਟਲੀ ਦੇ) ਇਤਿਹਾਸ, ਸਮਾਜ ਅਤੇ ਬੁਰਜੂਆ ਕੌਮਪ੍ਰਸਤੀ (ਰਾਸ਼ਟਰਵਾਦ) ਵਿਚ ਅਜਿਹਾ ਕੀ ਸੀ ਜਿਸ ਨੇ (ਇਟਲੀ ਵਿਚ) ਫਾਸ਼ੀਵਾਦ ਦੀ ਜਿੱਤ ਅਤੇ ਖੱਬੇ-ਪੱਖੀਆਂ ਦੀ ਹਾਰ ਨੂੰ ਏਨਾ ਆਸਾਨ ਬਣਾ ਦਿੱਤਾ। ... ਜਦ ਭਾਰਤ ਵਿਚ ਫਾਸ਼ੀਵਾਦ ਆਏਗਾ ਤਾਂ ਉਹ ਸਾਡੇ ਇਤਿਹਾਸ ਅਤੇ ਸਮਾਜ ਦੀ ਪੈਦਾਵਾਰ ਹੋਵੇਗਾ, ਦੂਸਰੇ ਦੇਸ਼ਾਂ ਵਿਚ ਆਏ ਫਾਸ਼ੀਵਾਦਾਂ ਤੋਂ ਵੱਖਰਾ। ਜੇ ਤੁਸੀਂ ਮੈਨੂੰ ਹੁਣ ਪੁੱਛੋ ਕਿ ਕੀ ਭਾਰਤ ਵਿਚ ਹੁਣ ਫਾਸ਼ੀਵਾਦ ਆ ਰਿਹਾ ਹੈ ਤਾਂ ਮੇਰਾ ਜਵਾਬ ਹੈ ‘ਨਹੀਂ’। ਨਾ ਤਾਂ ਭਾਰਤ ਦੀ ਸਰਮਾਏਦਾਰ ਜਮਾਤ ਅਤੇ ਨਾ ਹੀ ਆਰਐੱਸਐੱਸ ਨੂੰ ਫਾਸ਼ੀਵਾਦ ਦੀ ਜ਼ਰੂਰਤ ਹੈ। ਦੋਹਾਂ ਆਲਮੀ ਜੰਗਾਂ ਦੇ ਵਿਚਕਾਰਲੇ ਸਮੇਂ ਵਿਚ ਯੂਰੋਪ ਵਿਚ ਫਾਸ਼ੀਵਾਦ ਆਇਆ ਕਿਉਂਕਿ ਉਸ ਸਮੇਂ ਉੱਥੇ ਮਜ਼ਦੂਰ ਜਮਾਤ ਦੀਆਂ ਜਥੇਬੰਦੀਆਂ ਬਹੁਤ ਸ਼ਕਤੀਸ਼ਾਲੀ ਸਨ ਅਤੇ ਕਮਿਊਨਿਸਟ ਇਨਕਲਾਬ ਹੋ ਸਕਦੇ ਸਨ। ਹਿੰਦੋਸਤਾਨ ਵਿਚ ਸਥਿਤੀ ਬਿਲਕੁਲ ਅਜਿਹੀ ਨਹੀਂ ਹੈ। ਫ਼ਿਰਕੂ ਹਿੰਸਾ, ਉਹ ਕਿੰਨੀ ਵੀ ਭਿਅੰਕਰ ਜਾਂ ਲਗਾਤਾਰ ਹੋਣ ਵਾਲੀ ਕਿਉਂ ਨਾ ਹੋਵੇ, ਫਾਸ਼ੀਵਾਦ ਨਹੀਂ ਹੁੰਦੀ। ਕੀ ਆਰਐੱਸਐੱਸ ਅਤੇ ਇਸ ਦੀਆਂ ਕੱਟੜਪੰਥੀ ਜਥੇਬੰਦੀਆਂ ਵਿਚ ਫਾਸ਼ੀਵਾਦੀ ਰੁਝਾਨ ਨਹੀਂ ਹਨ? ਹਾਂ, ਜ਼ਰੂਰ ਹਨ ਪਰ ਅਜਿਹੇ ਰੁਝਾਨ ਦੁਨੀਆ ਦੀਆਂ ਬਹੁਤ ਸਾਰੀਆਂ ਸੱਜੇ-ਪੱਖੀ ਕੱਟੜਪੰਥੀ ਜਥੇਬੰਦੀਆਂ ਵਿਚ ਵੀ ਹਨ। ਸਰਮਾਏਦਾਰੀ ਸਿਆਸਤ ਵਿਚ 1880ਵਿਆਂ ਤੋਂ ਫਾਸ਼ੀਵਾਦੀ ਰੁਚੀਆਂ/ਰੁਝਾਨ ਰਹੇ ਹਨ ਪਰ ਇਨ੍ਹਾਂ ਪਾਰਟੀਆਂ ਵਿਚੋਂ ਕੁਝ ਨੂੰ ਹੀ ਫਾਸ਼ੀ ਕਿਹਾ ਜਾ ਸਕਦਾ ਹੈ...।’’
        ਇਸ ਤਰ੍ਹਾਂ ਏਜਾਜ਼ ਅਹਿਮਦ ਨੇ ਸਾਨੂੰ ਬੌਧਿਕ ਆਲਸ ਤਿਆਗਣ ਅਤੇ ਬਣੀਆਂ-ਬਣਾਈਆਂ ਧਾਰਨਾਵਾਂ ਤੋਂ ਕੰਮ ਲੈਣ ਤੋਂ ਪਹਿਲਾਂ ਮੌਲਿਕ ਤੌਰ ’ਤੇ ਸੋਚਣ ਲਈ ਵੰਗਾਰਿਆ। ਇਸ ਮੁਲਾਕਾਤ ਦੇ ਪ੍ਰਭਾਵ ਹੇਠਾਂ ਮੈਂ ਆਰਐੱਸਐੱਸ ਦੇ ਸਾਡੇ ਦੇਸ਼ ਬਾਰੇ ਪ੍ਰਾਜੈਕਟ ਦਾ ਅਧਿਐਨ ਕਰਦਿਆਂ ਵੇਖਿਆ ਕਿ ਉਨ੍ਹਾਂ ਨੇ ਕਿੰਨੀ ਮਿਹਨਤ ਤੇ ਸਿਰੜ ਨਾਲ ਆਪਣਾ ਬਿਰਤਾਂਤ ਉਸਾਰਿਆ ਹੈ, ਉਹ ਰੋਜ਼ ਸਵੇਰੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਆਪਣੀ ਵਿਚਾਰਧਾਰਾ ਦਾ ਪਾਠ ਪੜ੍ਹਾਉਂਦੇ ਹਨ, ਉਨ੍ਹਾਂ ਨੇ ਆਪਣਾ ਧਿਆਨ ਇਸ ਗੱਲ ’ਤੇ ਕੇਂਦਰਿਤ ਕੀਤਾ ਹੋਇਆ ਹੈ ਕਿ ਉਨ੍ਹਾਂ ਦੀ ਸਿਆਸਤ ਦਾ ਕੇਂਦਰ ਕਿਹੜੇ ਲੋਕ ਹੋਣਗੇ, ਉਨ੍ਹਾਂ ਦੇ ਮਾਨਸਿਕ ਸੰਸਾਰ ਨੂੰ ਕਿਵੇਂ ਸਮਝਿਆ ਅਤੇ ਉਤੇਜਿਤ ਕੀਤਾ ਜਾਵੇ, ਮਨਾਂ ਵਿਚ ਨਫ਼ਰਤ ਕਿਵੇਂ ਘੋਲੀ ਜਾਵੇ, ਪੁਰਾਤਨ ਭਾਰਤੀ ਸੱਭਿਅਤਾ ਦੇ ਮੂਲ ਰੂਪ ਵਿਚ ਹਿੰਦੂ ਅਤੇ ਸਰਬਸ੍ਰੇਸ਼ਠ ਹੋਣ ਦੀ ਧਾਰਨਾ ਨੂੰ ਕਿਵੇਂ ਸਥਾਪਿਤ ਕੀਤਾ ਜਾਵੇ, ਕਿਵੇਂ ਹਿੰਦੂ ਧਰਮ ਦੀ ਸਰਬਸ੍ਰੇਸ਼ਠਤਾ ਦੇ ਸਿਧਾਂਤ ਨੂੰ ਭਾਰਤ ਦੇ ਸਮਾਜਾਂ ਦਾ ਕੇਂਦਰੀ ਸਿਧਾਂਤ ਬਣਾਇਆ ਜਾਵੇ, ਕਿਵੇਂ ਭਾਜਪਾ ਨੇ ਭਾਰਤ ਦੀਆਂ ਜਮਹੂਰੀ ਸੰਸਥਾਵਾਂ ਨੂੰ ਵਰਤਿਆ ਅਤੇ ਉਨ੍ਹਾਂ ਵਿਚ ਆਪਣਾ ਪ੍ਰਭੂਤਵ ਸਥਾਪਿਤ ਕੀਤਾ ਹੈ, ਉਨ੍ਹਾਂ ਸੰਸਥਾਵਾਂ ਵਿਚ ਵਿੱਦਿਅਕ ਅਦਾਰੇ, ਅਦਾਲਤਾਂ, ਧਾਰਮਿਕ ਅਸਥਾਨ, ਸਭ ਸ਼ਾਮਲ ਹਨ, ਕਿਵੇਂ ਉਨ੍ਹਾਂ ਨੇ ਸਕੂਲ ਬਣਾਏ ਅਤੇ ਆਦਿਵਾਸੀਆਂ ਵਿਚ ਕੰਮ ਕੀਤਾ ਹੈ, ਸਾਲ-ਦਰ-ਸਾਲ, ਹਰ ਦਿਨ।
      ਅਸੀਂ ਅਜਿਹੀਆਂ ਜਥੇਬੰਦੀਆਂ ਨੂੰ ਸਿਰਫ਼ ਫਾਸ਼ੀਵਾਦੀ ਕਹਿ ਕੇ ਮੁਕਤ ਨਹੀਂ ਹੋ ਸਕਦੇ। ਇਨ੍ਹਾਂ ਵਰਤਾਰਿਆਂ ਨੂੰ ਸਮਝਣ ਲਈ ਸਾਨੂੰ ਵੱਡਾ ਬੌਧਿਕ ਉਪਰਾਲਾ ਕਰਨਾ ਪੈਣਾ ਹੈ। ਉਹ ਲੋਕ, ਜਿਨ੍ਹਾਂ ਦੇ ਮਨ ਆਰਐੱਸਐੱਸ ਅਤੇ ਭਾਜਪਾ ਨੇ ਜਿੱਤ ਲਏ ਹਨ, ਨੂੰ ਸਾਂਝੀਵਾਲਤਾ ਤੇ ਸਮਾਜਿਕ ਬਰਾਬਰੀ ਦੀ ਸੋਚ ਵੱਲ ਵਾਪਸ ਖਿੱਚਣਾ ਬਹੁਤ ਵੱਡਾ ਇਤਿਹਾਸਕ-ਸਿਆਸੀ ਕਾਰਜ ਹੈ। ਏਜਾਜ਼ ਦੀ ਵੰਗਾਰ ਹੈ ਕਿ ਅਸੀਂ ਉਹ ਇਤਿਹਾਸਕ-ਸਿਆਸੀ ਕਾਰਜ ਕਰੀਏ, ਫ਼ਤਵੇਬਾਜ਼ੀ ਕਰ ਕੇ ਆਲਸੀ ਨਾ ਬਣ ਜਾਈਏ, ਜੇ ਅਸੀਂ ਏਦਾਂ ਕੀਤਾ ਤਾਂ ਅਸੀਂ ਉਹ ਬੌਧਿਕ ਅੱਯਾਸ਼ੀ ਹੰਢਾ ਰਹੇ ਹੋਵਾਂਗੇ ਜਿਸ ਦੇ ਅਸੀਂ ਆਦੀ ਹੋ ਚੁੱਕੇ ਹਾਂ। ਨਾਅਰਾਮਈ ਭਾਸ਼ਾ ਵਿਚ ਲੇਖ ਲਿਖਣੇ ਤੇ ਭਾਸ਼ਣ ਦੇਣੇ, ਵਿਰੋਧੀਆਂ ਦੇ ਬੌਧਿਕ ਪ੍ਰਾਜੈਕਟ ਨੂੰ ਗਾਲ੍ਹਾਂ ਕੱਢਣ, ਭੰਡਣ ਅਤੇ ਫ਼ਤਵੇ ਦੇਣ ਤਕ ਸੀਮਤ ਰਹਿਣਾ, ਉਸ ਦਾ ਵਿਸ਼ਲੇਸ਼ਣ ਨਾ ਕਰਨਾ, ਉਸ ਦਾ ਸਾਹਮਣਾ ਕਰਨ ਲਈ ਆਪਣੇ ਸੱਭਿਆਚਾਰ, ਧਰਮ, ਇਤਿਹਾਸ ਅਤੇ ਲੋਕ-ਸਮਝ ਵਿਚਲੀਆਂ ਰਮਜ਼ਾਂ ਨੂੰ ਨਾ ਤਲਾਸ਼ਣਾ, ਸਾਡੇ ਬੌਧਿਕ ਆਲਸ ਦੀਆਂ ਨਿਸ਼ਾਨੀਆਂ ਹਨ। ਏਜਾਜ਼ ਅਹਿਮਦ ਦੇ ਦੇਹਾਂਤ ਸਮੇਂ ਸਾਨੂੰ ਇਹ ਯਾਦ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਕਾਰਜ, ਜਿਹੜਾ ਏਜਾਜ਼ ਅਹਿਮਦ ਨੇ ਕਰਨ ਨੂੰ ਕਿਹਾ ਸੀ ‘ਹੋਰ ਜ਼ਿਆਦਾ ਜਟਿਲ ਵਿਸ਼ਲੇਸ਼ਣ’, ਨੂੰ ਗੰਭੀਰਤਾ ਨਾਲ ਕਰੀਏ, ਅਸੀਂ ਬਣੀਆਂ-ਬਣਾਈਆਂ ਘਾੜਤਾਂ ’ਤੇ ਪ੍ਰਵਚਨ ਉਸਾਰਨ ਦੀ ਆਦਤ ਨੂੰ ਤਿਆਗੀਏ। ਏਜਾਜ਼ ਨੇ ਤਿੰਨ ਸਾਲ ਪਹਿਲਾਂ ਕਿਹਾ ਸੀ, ‘‘ਉਦਾਰਵਾਦੀ ਸਿਆਸਤ ਦੇ ਖੰਡਰਾਂ ਵਿਚ ਖੱਬੇ-ਪੱਖੀ ਏਨੀ ਬੁਰੀ ਤਰ੍ਹਾਂ ਇਕੱਲੇ, ਅਲਹਿਦਾ ਤੇ ਖਿੰਡਰੇ ਹੋਏ ਹਨ ਕਿ ਉਨ੍ਹਾਂ ਨੂੰ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜਨੀ ਪੈਣੀ ਹੈ।’’ ਸਾਨੂੰ ਏਜਾਜ਼ ਦੀ ਸੋਚ ਤੋ ਸੇਧ ਲੈਣ ਦੀ ਜ਼ਰੂਰਤ ਹੈ।