ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

12.04.2020

ਡੇਰਾ ਸਰਸਾ ਮੁਖੀ ‘ਖ਼ਤਰਨਾਕ ਕੈਦੀਆਂ’ ਦੀ ਸ਼੍ਰੇਣੀ ‘ਚ ਨਹੀਂ ਆਉਂਦਾ- ਹਾਈ ਕੋਰਟ

ਛੱਡ ਦਿਉ ਫੇਰ, ਗੁਫ਼ਾ ਉਡੀਕਦੀ ਪਈ ਹੈ ਬੇਸਬਰੀ ਨਾਲ਼ ਉਸ ਨੂੰ।

ਰਾਜਾ ਵੜਿੰਗ ਬਣਿਆ ਪੰਜਾਬ ਕਾਂਗਰਸ ਦਾ ਪ੍ਰਧਾਨ- ਇਕ ਖ਼ਬਰ

ਬਾਜ਼ੀ ਮਾਰ ਗਿਆ ਵੜਿੰਗ ਵਾਲਾ ਗੱਭਰੂ, ਬਾਕੀ ਰਹਿ ਗਏ ਪਰ ਤੋਲਦੇ।

ਪੜਤਾਲ ਕਮੇਟੀ ਵਲੋਂ ਅਕਾਲੀ ਦਲ ਦੀ ਹਾਰ ਦੇ ਕਾਰਨ ਲੱਭਣ ਲਈ ਮੀਟਿੰਗ- ਇਕ ਖ਼ਬਰ

ਕੁੱਛੜ ਕੁੜੀ, ਸ਼ਹਿਰ ਢੰਡੋਰਾ।

ਹੱਕਾਂ ਦੀ ਰਖਵਾਲੀ ਲਈ ਹਰੇਕ ਵਰਗ ਨੂੰ ਲਾਮਬੰਦ ਹੋਣ ਦਾ ਸੱਦਾ- ਕ੍ਰਾਂਤੀਕਾਰੀ ਕਿਸਾਨ ਯੂਨੀਅਨ

ਹੱਥਾਂ ਬਾਝ ਕਰਾਰਿਆਂ, ਵੈਰੀ ਮਿੱਤ ਨਾ ਹੋਇ।

ਗੁਰੂ-ਘਰਾਂ ਦੇ ਪ੍ਰਬੰਧਾਂ ‘ਚ ਦਖ਼ਲਅੰਦਾਜ਼ੀ ਤੋਂ ਗੁਰੇਜ਼ ਕਰਨ ਮੁੱਖ ਮੰਤਰੀ- ਧਾਮੀ

ਸਹੀ ਸਾਹਿਬ, ਇਸ ਕੰਮ ਲਈ ਜਦੋਂ ਪਹਿਲਾਂ ਹੀ ਸਾਡੇ ਪਾਸ ਬੰਦੇ ਹੈਨ ਤਾਂ ਹੋਰਾਂ ਦੀ ਕੀ ਲੌੜ ਹੈ

ਲੋਕ ਪੁਲਿਸ ਨੂੰ ਆਪਣਾ ਮਿੱਤਰ ਸਮਝਣ- ਐਸ.ਐਸ.ਪੀ. ਗਰੇਵਾਲ

ਪੁਲਿਸ ਵਾਲੋਂ ਸੇ ਸਾਹਿਬ ਸਲਾਮਤ ਦੂਰ ਕੀ ਅੱਛੀ,

ਨਾ ਇਨ ਕੀ ਦੋਸਤੀ ਅੱਛੀ ਨਾ ਇਨ ਕੀ ਦੁਸ਼ਮਨੀ ਅੱਛੀ।

ਪੰਜਾਬ ਦੇ ਖੇਡ ਵਿਭਾਗ ਨੇ ਪੰਜਾਬੀਆਂ ਨੂੰ ਛੱਡ ਕੇ ਹਿਮਾਚਲੀਆਂ ਨੂੰ ਦਿਤੀਆਂ ਨੌਕਰੀਆਂ- ਇਕ ਖ਼ਬਰ

ਲੁਕ ਲੁਕ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਗਾਰੇ।

ਲਹਿੰਦੇ ਪੰਜਾਬ ਦੀ ਵਿਧਾਨ ਸਭਾ ਅੰਦਰ ਮਹਿਲਾ ਵਿਧਾਇਕਾਂ ਨੇ ਇਕ ਦੂਜੀ ਦੇ ਵਾਲ਼ ਪੁੱਟੇ- ਇਕ

ਖ਼ਬਰ

ਕੁੰਢੀਆਂ ਦੇ ਸਿੰਙ ਫਸ ਗਏ, ਕੋਈ ਨਿਤਰੂ ਵੜੇਵੇਂ ਖਾਣੀ।

ਸਿੱਖ ਕੈਦੀ ਤੁਰੰਤ ਰਿਹਾ ਕੀਤੇ ਜਾਣ-ਹਰਸਿਮਰਤ ਬਾਦਲ

ਹੋ ਗਏ ਜਦ ਭਾਂਡੇ ਮੂਧੇ, ਆਈ ਯਾਦ ਕੈਦੀਆਂ ਦੀ।

ਪੰਜਾਬ ਦੇ ਰਾਹ ‘ਚ ਰੋੜੇ ਨਾ ਅਟਕਾਵੇ ਹਰਿਆਣਾ- ਦਲਜੀਤ ਸਿੰਘ ਚੀਮਾ

ਅਕਾਲੀਉ! ਤੁਸੀਂ ਕਿਹੜਾ ਫੁੱਲ ਵਿਛਾਏ ਪੰਜਾਬ ਦੇ ਰਾਹ ‘ਚ।

‘ਆਪ” ਸਰਕਾਰ ਵਲੋਂ ਦਿਤੀਆਂ ਗਾਰੰਟੀਆਂ ਤੇ ਵਿਖਾਏ ਸੁਪਨੇ ਕੀ ਪੂਰੇ ਹੋਣਗੇ?- ਇਕ ਪੱਤਰਕਾਰ

ਗਾਰੰਟੀਆਂ ਸ਼ਰੰਟੀਆਂ ਦੇਖੀ ਜਾਣਗੀਆਂ ਬਾਅਦ ‘ਚ, ਅਗਲੇ 92 ਸੀਟਾਂ ਜਿੱਤ ਕੇ ਸਰਕਾਰ ਬਣਾ ਗਏ।

ਅਮਰੀਕਾ ਵਲੋਂ ਭਾਰਤ ਨੂੰ ਰੂਸ ਤੋਂ ਦੂਰ ਰਹਿਣ ਦੀ ਚਿਤਾਵਨੀ- ਇਕ ਖ਼ਬਰ

ਪਰੇ ਹਟ ਜਾ ਬਲਦ ਸਿੰਙ ਮਾਰੂ, ਨੀਂ ਸੋਨੇ ਦੇ ਤਵੀਤ ਵਾਲ਼ੀਏ।

ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ –ਚੰਨੀ

ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

ਚੰਡੀਗੜ੍ਹ ਤਾਂ ਇਕ ਬਹਾਨਾ ਹੈ, ਕੇਂਦਰ ਦੀ ਅੱਖ ਪੰਜਾਬ ਦੇ ਪਾਣੀਆਂ ‘ਤੇ- ਜਾਖੜ

ਰੋਂਦੀ ਯਾਰਾਂ ਨੂੰ. ਨਾਂ ਲੈ ਲੈ ਕੇ ਭਰਾਵਾਂ ਦਾ।

ਵਿਦੇਸ਼ੀ ਤਾਕਤਾਂ ਵਲੋਂ ਥੋਪੀ ਹੋਈ ਸਰਕਾਰ ਪ੍ਰਵਾਨ ਨਹੀਂ- ਇਮਰਾਨ ਖ਼ਾਨ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਕਨੌੜ ਝੱਲਣੀ।

ਭਾਜਪਾ ਆਗੂ ਡਾ. ਰਾਜੂ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਨਾਲ ਬੰਦ ਕਮਰਾ ਮੀਟਿੰਗ- ਇਕ ਖ਼ਬਰ

ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।