ਬੁਲਡੋਜ਼ਰਾਂ ਵਿਰੁੱਧ ਪ੍ਰੇਮ-ਪ੍ਰਾਜੈਕਟ - ਸਵਰਾਜਬੀਰ

ਹਰ ਭੂਗੋਲਿਕ ਖ਼ਿੱਤੇ ਵਿਚ ਸੱਤਾਸ਼ੀਲ ਸ਼ਕਤੀ, ਉਸ ਦੀਆਂ ਵਿਰੋਧੀ ਧਿਰਾਂ ਅਤੇ ਲੋਕ-ਸਮੂਹਾਂ ਦੀ ਆਪੋ-ਆਪਣੀ ਰਣਨੀਤੀ ਅਤੇ ਸੋਚ-ਸਮਝ ਹੁੰਦੀ ਹੈ ਕਿ ਉਹ ਸਮਾਜ ਵਿਚ ਤਾਕਤ ਦੇ ਸਮਤੋਲ ਨੂੰ ਕਿਵੇਂ ਕਾਇਮ ਰੱਖਣਗੇ। ਸੱਤਾਸ਼ੀਲ ਧਿਰ ਸੱਤਾ ਵਿਚ ਬਣੇ ਰਹਿਣਾ ਚਾਹੁੰਦੀ ਹੈ, ਵਿਰੋਧੀ ਧਿਰਾਂ ਖ਼ੁਦ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ ਅਤੇ ਲੋਕ-ਸਮੂਹ ਸੱਤਾ ਵਿਚ ਹਿੱਸੇਦਾਰੀ ਪ੍ਰਾਪਤ ਕਰਨ ਦੇ ਨਾਲ ਨਾਲ ਆਪਣੀ ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਤਾਕਤ ਅਤੇ ਪਛਾਣ ਨੂੰ ਵਧਾਉਣਾ ਚਾਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਹਰ ਧਿਰ ਦਾ ਆਪਣਾ ਇਕ ਪ੍ਰਾਜੈਕਟ ਹੁੰਦਾ ਹੈ ਜਿਸ ਅਨੁਸਾਰ ਉਹ ਰਣਨੀਤੀ ਘੜਦੀ ਤੇ ਲਾਗੂ ਕਰਦੀ ਹੈ। ਇਸੇ ਤਰ੍ਹਾਂ ਹਰ ਚਿੰਤਕ, ਧਾਰਮਿਕ ਰਹਿਬਰ, ਲੇਖਕ ਤੇ ਸਮਾਜ ਸੁਧਾਰਕ ਦੀ ਵੀ ਆਪਣੇ ਸਮੇਂ ਦੀਆਂ ਸੱਤਾਸ਼ੀਲ ਤਾਕਤਾਂ ਬਾਰੇ ਇਕ ਸੋਚ-ਸਮਝ ਤੇ ਸਮਾਜ ਵਿਚ ਤਬਦੀਲੀ ਲਿਆਉਣ ਬਾਰੇ ਇਕ ਪ੍ਰਾਜੈਕਟ ਹੁੰਦਾ ਹੈ।
       ਜੇ 17ਵੀਂ ਸਦੀ ਦੇ ਅੰਤ ਅਤੇ 18ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ’ਤੇ ਨਜ਼ਰ ਮਾਰੀਏ ਤਾਂ ਅਸੀਂ ਪੰਜਾਬ ਵਿਚ ਵੀ ਉਪਰੋਕਤ ਵਰਤਾਰਾ ਦੇਖਦੇ ਹਾਂ। ਉਸ ਸਮੇਂ ਪੰਜਾਬ ਵਿਚ ਮੁਗ਼ਲਾਂ ਦਾ ਰਾਜ ਹੈ। ਸਿੱਖ ਸ਼ਕਤੀ ਸੰਗਠਿਤ ਹੋ ਰਹੀ ਹੈ। 1699 ਵਿਚ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਦੀ ਸਥਾਪਨਾ ਕਰਦੇ ਅਤੇ ਪੰਜਾਬ ਦੇ ਇਤਿਹਾਸ ਨੂੰ ਫ਼ੈਸਲਾਕੁਨ ਮੋੜ ਦਿੰਦੇ ਹਨ। ਉੱਭਰ ਰਿਹਾ ਸਿੱਖ ਸਮਾਜ ਜਿੱਥੇ ਸਮਾਜਿਕ ਪੱਧਰ ’ਤੇ ਸਾਂਝੀਵਾਲਤਾ, ਸਮਾਜਿਕ ਬਰਾਬਰੀ, ਵਹਿਮਾਂ-ਭਰਮਾਂ ਤੇ ਕਰਮਕਾਂਡੀ ਰੀਤੀ-ਰਿਵਾਜਾਂ ਦੇ ਖ਼ਾਤਮੇ ਲਈ ਪ੍ਰਤੀਬੱਧ ਹੈ, ਉੱਥੇ ਉਹ ਹਾਕਮਾਂ ਦੇ ਜਬਰ-ਜ਼ੁਲਮ ਅਤੇ ਧਾਰਮਿਕ ਕੱਟੜਤਾ ਨਾਲ ਟੱਕਰ ਵੀ ਲੈਂਦਾ ਹੈ; ਸਿੱਖ ਲੋਕ-ਸਮੂਹ ਦਾ ਇਹ ਪ੍ਰਾਜੈਕਟ ਇਤਿਹਾਸਮੁਖੀ ਵੀ ਹੈ ਤੇ ਸਮਾਜਮੁਖੀ ਵੀ।
       ਉਨ੍ਹਾਂ ਸਮਿਆਂ ਵਿਚ ਮੁਗ਼ਲ ਹਾਕਮ ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੇ ਵੇਲਿਆਂ ਦੇ ਸੁਲ੍ਹਾਕੁਲ ਭਾਵ ਸਮਾਜ ਦੀਆਂ ਵੱਖ ਵੱਖ ਧਿਰਾਂ ਵਿਚ ਸੁਲ੍ਹਾ-ਸਫ਼ਾਈ ਅਤੇ ਆਪਸੀ ਤਾਲਮੇਲ ਦੇ ਆਧਾਰ ’ਤੇ ਸੱਤਾ ਕਾਇਮ ਰੱਖਣ ਦੇ ਅਸੂਲਾਂ ਤੋਂ ਦੂਰ ਆ ਚੁੱਕੇ ਹਨ, ਉਹ ਧਾਰਮਿਕ ਕੱਟੜਤਾ ਨੂੰ ਆਪਣੀ ਸੱਤਾ ਕਾਇਮ ਰੱਖਣ ਦਾ ਵਸੀਲਾ ਬਣਾਉਂਦੇ ਹਨ। ਔਰੰਗਜ਼ੇਬ ਅਤੇ ਉਸ ਤੋਂ ਬਾਅਦ ਪੰਜਾਬ ਵਿਚ ਜ਼ਕਰੀਆ ਖ਼ਾਨ ਅਤੇ ਮੀਰ ਮਨੂੰ ਧਾਰਮਿਕ ਕੱਟੜਤਾ ਨੂੰ ਅਪਣਾਉਂਦੇ, ਖ਼ਲਕਤ ’ਤੇ ਜ਼ੁਲਮ ਕਰਦੇ ਤੇ ਆਪਣੀ ਸੱਤਾ ਨੂੰ ਬਣਾਈ ਰੱਖਦੇ ਹਨ। ਇਸ ਕਾਰਨ ਧਾਰਮਿਕ ਕੱਟੜਤਾ ਹੋਰ ਵਧਦੀ ਹੈ ਅਤੇ ਕਾਜ਼ੀ ਤੇ ਮੌਲਾਣੇ ਸਮਾਜ ਤੇ ਸੱਤਾ ਦੇ ਗਲਿਆਰਿਆਂ ਵਿਚ ਹਾਵੀ ਹੁੰਦੇ ਹਨ। ਜਬਰ, ਜ਼ੁਲਮ, ਸਮਾਜਿਕ ਦਾਬੇ ਅਤੇ ਧਾਰਮਿਕ ਕੱਟੜਤਾ ਦੇ ਆਧਾਰ ’ਤੇ ਸੱਤਾ ਬਣਾਈ ਰੱਖਣਾ ਇਸ ਧਿਰ ਦਾ ਪ੍ਰਾਜੈਕਟ ਹੈ।
       ਹੁਣ ਦੇ ਸਮਿਆਂ ਵਿਚ ਮੁਸਲਮਾਨ ਭਾਈਚਾਰਾ ਨਿਸ਼ਾਨੇ ’ਤੇ ਹੈ, ਇਸ ਲਈ 17ਵੀਂ ਸਦੀ ਦੇ ਅੰਤ ਵਿਚ ਪੈਦਾ ਹੋਏ ਪੰਜਾਬ ਦੇ ਮੁਸਲਮਾਨ ਚਿੰਤਕ ਬੁੱਲ੍ਹੇ ਸ਼ਾਹ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਹ ਆਪਣੇ ਸਮਿਆਂ ਦਾ ਉੱਘਾ ਚਿੰਤਕ, ਵਿਦਵਾਨ, ਕਵੀ, ਭਾਸ਼ਾਕਾਰ ਤੇ ਸਮਾਜ ਸੁਧਾਰਕ ਹੈ। ਉਸ ਦਾ ਪ੍ਰਾਜੈਕਟ ਕੀ ਹੈ? ਕਈ ਵਾਰ ਅਸੀਂ ਉਸ ਨੂੰ ਸੂਫ਼ੀਵਾਦ ਤੇ ਰਹੱਸਵਾਦ ਦੀਆਂ ਬਰੈਕਟਾਂ ਵਿਚ ਬੰਦ ਕਰ ਦਿੰਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਉਨ੍ਹਾਂ ਸਮਿਆਂ ਵਿਚ ਸੂਫ਼ੀ ਅਤੇ ਰਹੱਸਵਾਦੀ ਤਾਂ ਬਹੁਤ ਸਾਰੇ ਹੋਏ ਪਰ ਬੁੱਲ੍ਹੇ ਸ਼ਾਹ ਕਿਉਂ ਅਜੇ ਤਕ ਪੰਜਾਬੀਆਂ ਦੇ ਮਨਾਂ ਵਿਚ ਵੱਖੋ-ਵੱਖਰੀ ਤਰ੍ਹਾਂ ਦੀਆਂ ਤਰਬਾਂ ਪੈਦਾ ਕਰ ਰਿਹਾ ਹੈ। ਉਸ ਦੇ ਸੂਫ਼ੀ ਪਿਛੋਕੜ ਤੇ ਰਹੱਸਵਾਦ ਦਾ ਆਪਣਾ ਮਹੱਤਵ ਹੈ ਪਰ ਉਸ ਦੀ ਸ਼ਾਇਰੀ ਵਿਚੋਂ ਜੋ ਮੁੱਖ ਪ੍ਰਾਜੈਕਟ ਉੱਭਰਦਾ ਹੈ, ਉਹ ਹੈ ਮੁਸਲਮਾਨ ਭਾਈਚਾਰੇ ਵਿਚਲੀ ਧਾਰਮਿਕ ਕੱਟੜਤਾ ਤੇ ਕਰਮਕਾਂਡ ਦਾ ਵਿਰੋਧ ਅਤੇ ਪੰਜਾਬ ਦੇ ਸਮਾਜ ਵਿਚ ਸਮਤਾ ਤੇ ਏਕਤਾ ਪੈਦਾ ਕਰਨਾ। ਆਪਣੇ ਧਾਰਮਿਕ ਫ਼ਿਰਕੇ ਦੇ ਕੱਟੜਪੁਣੇ ਦਾ ਵਿਰੋਧ ਕਰਨਾ ਆਸਾਨ ਨਹੀਂ ਹੁੰਦਾ, ਜਿਵੇਂ ਅੱਜ ਦੇ ਹਿੰਦੂ ਚਿੰਤਕਾਂ ਲਈ ਹਿੰਦੂ ਕੱਟੜਪੰਥੀ ਤੱਤਾਂ, ਮੁਸਲਮਾਨ ਚਿੰਤਕਾਂ ਲਈ ਮੁਸਲਮਾਨ ਮੂਲਵਾਦੀ ਤੱਤਾਂ ਅਤੇ ਸਿੱਖ ਚਿੰਤਕਾਂ ਲਈ ਆਪਣੇ ਅੰਦਰਲੇ ਕੱਟੜ ਰੁਝਾਨਾਂ ਦਾ ਸਾਹਮਣਾ ਕਰਨਾ ਮੁਸ਼ਕਲ ਕਾਰਜ ਹੈ। ਬੁੱਲ੍ਹੇ ਸ਼ਾਹ ਇਸ ਕਾਰਜ ਨੂੰ ਨਿਭਾਉਂਦਾ ਅਤੇ ਪੰਜਾਬੀ ਮਨ ਵਿਚ ਧਾਰਮਿਕ ਕੱਟੜਤਾ ਵਿਰੁੱਧ ਤਰਬਾਂ ਪੈਦਾ ਕਰਦਾ ਹੈ। ਉਸ ਦਾ ਕਾਰਜ ਸਮਾਜ ਨਾਲ ਸਬੰਧਿਤ ਹੋਣ ਕਾਰਨ ਮੁੱਖ ਤੌਰ ’ਤੇ ਸਮਾਜਮੁਖੀ ਤੇ ਸੱਭਿਆਚਾਰਮੁਖੀ ਹੈ। ਉਹ ਸੂਫ਼ੀ ਸ਼ਬਦਾਵਲੀ ਅਤੇ ਰਹੱਸਵਾਦ ਦੇ ਸੰਦਾਂ ਨਾਲ ਧਾਰਮਿਕ ਕੱਟੜਤਾ ਵਿਰੁੱਧ ਲੜਦਾ ਹੈ।
        ਜਿੱਥੇ ਬੁੱਲ੍ਹੇ ਸ਼ਾਹ ‘ਭੱਠ ਨਮਾਜ਼ਾਂ ਚਿੱਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ’, ‘ਨਾ ਰੱਬ ਤੀਰਥ ਨਾ ਰੱਬ ਮੱਕੇ’, ‘ਬੁੱਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ, ਮੁਲ੍ਹਾਂ ਰਾਜ਼ੀ ਮੌਤ’, ‘ਨਾ ਖੁਦਾ ਮਸੀਤੇ ਲੱਭਦਾ, ਨਾ ਖੁਦਾ ਵਿਚ ਕਾਅਬੇ’ ਜਿਹੇ ਅਨੇਕ ਬੋਲ ਬੋਲ ਕੇ ਧਾਰਮਿਕ ਕੱਟੜਤਾ ਦਾ ਵਿਰੋਧ ਕਰਦਾ ਹੈ, ਉੱਥੇ ਉਹ ਇਹ ਵੀ ਕਹਿੰਦਾ ਹੈ, ‘‘ਹੋਰੀ (ਹੋਲੀ) ਖੇਲੂੰਗੀ ਕਹਿ ਬਿਸਮਿੱਲ੍ਹਾ’, ‘ਪਤੀਆਂ ਲਿਖੂੰਗੀ ਮੈਂ ਸ਼ਾਮ (ਭਾਵ ਭਗਵਾਨ ਕ੍ਰਿਸ਼ਨ) ਕੋ’, ‘ਮੈਨੂੰ ਤੱਤੜੀ ਕੋ ਸ਼ਾਮ ਵਿਸਾਰਿਆ’, ‘ਬੰਸੀ ਕਾਹਨ (ਭਗਵਾਨ ਕ੍ਰਿਸ਼ਨ) ਅਚਰਜ ਬਜਾਈ/... ਬੰਸੀ ਵਾਲਿਆ ਕਾਹਨ ਕਹਾਵੇਂ, ਸ਼ਬਦ ਅਨੇਕ ਅਨੂਪ ਸੁਣਾਵੇ।’ ‘ਮਨ ਅਟਕਿਓ ਸ਼ਾਮ ਸੁੰਦਰ ਸੂੰ।’ ਆਦਿ ਆਦਿ।
        ਪ੍ਰਮੁੱਖ ਸਵਾਲ ਹੈ ਕਿ ਬੁੱਲ੍ਹੇ ਸ਼ਾਹ ਹੋਲੀ ਕਿਉਂ ਖੇਡਣਾ ਚਾਹੁੰਦਾ ਹੈ, ਉਹ ਭਗਵਾਨ ਕ੍ਰਿਸ਼ਨ ਨਾਲ ਸਾਂਝ ਕਿਉਂ ਪਾਉਣੀ ਚਾਹੁੰਦਾ ਹੈ? ਸਪੱਸ਼ਟ ਹੈ ਕਿ ਉਹ ਸਮਾਜ ਵਿਚ ਪਈਆਂ ਦਰਾੜਾਂ ਦੇਖ ਰਿਹਾ ਹੈ, ਉਹ ਚਾਹੁੰਦਾ ਹੈ ਕਿ ਭਾਈਚਾਰਿਆਂ ਵਿਚ ਸਮਤਾ ਅਤੇ ਆਪਸੀ ਪ੍ਰੇਮ ਪਣਪੇ, ਉਸ ਦਾ ਪ੍ਰਾਜੈਕਟ ਸਮਾਜਿਕ ਸਦਭਾਵਨਾ ਕਾਇਮ ਕਰਨ ਅਤੇ ਧਾਰਮਿਕ ਕੱਟੜਤਾ ਵਿਰੁੱਧ ਲੜਨ ਦਾ ਹੈ, ਪ੍ਰੇਮ ਨਗਰ (‘ਉਲਟੀ ਪ੍ਰੇਮ ਨਗਰ ਦੀ ਚਾਲੀ, ਭੜਕਣ ਇਸ਼ਕ ਦੀਆਂ ਲਾਟਾਂ ਨੀ।’) ਸਥਾਪਿਤ ਕਰਨ ਦਾ ਹੈ। ਇਹ ਪ੍ਰਾਜੈਕਟ ਸ਼ਾਹ ਹੁਸੈਨ ਤੋਂ ਲੈ ਕੇ ਸ਼ਾਹ ਮੁਹੰਮਦ, ਮੁਹੰਮਦ ਬੂਟੇ ਤੇ ਹੋਰ ਸ਼ਾਇਰਾਂ-ਚਿੰਤਕਾਂ ਦੇ ਚਿੰਤਨ/ਸ਼ਾਇਰੀ ਵਿਚ ਕਾਇਮ ਰਹਿੰਦਾ ਹੈ।
        18ਵੀਂ ਸਦੀ ਦੇ ਪੰਜਾਬ ਨੂੰ ਛੱਡ ਕੇ ਜੇ ਅੱਜ ਦੇ ਭਾਰਤ ਵਿਚ ਆਈਏ ਤਾਂ ਅਸੀਂ ਕੀ ਵੇਖਦੇ ਹਾਂ? ਹੁਣੇ ਹੁਣੇ ਲੋਕਾਂ ਨੇ ਰਾਮਨੌਮੀ ਮਨਾਈ ਹੈ। ਇਸ ਮੌਕੇ ਕੱਢੇ ਗਏ ਜਲੂਸਾਂ ਦੌਰਾਨ ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ ਤੇ ਦਿੱਲੀ ਵਿਚ ਹਿੰਸਾ ਹੋਈ। ਸਭ ਤੋਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਮੱਧ ਪ੍ਰਦੇਸ਼ ਦੇ ਸ਼ਹਿਰ ਖਰਗੋਨ ਵਿਚ ਵਾਪਰੀਆਂ। ਹਿੰਸਾ ਤੋਂ ਬਾਅਦ 45 ਤੋਂ ਜ਼ਿਆਦਾ ਘਰਾਂ ਤੇ ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ, ‘‘ਜਿਸ ਘਰ ਸੇ ਪੱਥਰ ਆਏ ਹੈਂ, ਉਸ ਘਰ ਕੋ ਪੱਥਰੋਂ ਕਾ ਹੀ ਢੇਰ ਬਣਾਏਗੇਂ।’’ ਜੇ ਕਿਸੇ ਨੇ ਧਾਰਮਿਕ ਜਲੂਸ ਜਾਂ ਸਮਾਗਮ ’ਤੇ ਪੱਥਰਬਾਜ਼ੀ ਜਾਂ ਕੋਈ ਹਿੰਸਾ ਕੀਤੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਕ ਸੂਬੇ ਦੇ ਗ੍ਰਹਿ ਮੰਤਰੀ ਦੁਆਰਾ ਅਜਿਹੇ ਸ਼ਬਦ ਬੋਲਣਾ ਗ਼ੈਰ-ਕਾਨੂੰਨੀ ਹੈ। ਇਹ ਸ਼ਬਦ ਸੰਵਿਧਾਨ ਦਾ ਅਪਮਾਨ ਹਨ, ਸਮਾਜ ਵਿਚ ਸਹਿਮ ਅਤੇ ਦਹਿਸ਼ਤ ਪੈਦਾ ਕਰਨ ਵਾਲੇ ਹਨ। ਇਹ ਸ਼ਬਦ ਅਜਿਹਾ ਵਿਅਕਤੀ ਬੋਲ ਰਿਹਾ ਹੈ ਜਿਸ ਨੂੰ ਸੰਵਿਧਾਨ ਤਹਿਤ ਸੂਬੇ ਵਿਚ ਅਮਨ-ਕਾਨੂੰਨ ਕਾਇਮ ਰੱਖਣ, ਰਾਜ-ਪ੍ਰਬੰਧ ਨੂੰ ਕਾਨੂੰਨ ਅਨੁਸਾਰ ਚਲਾਉਣ ਅਤੇ ਲੋਕਾਂ ਦੀ ਜ਼ਿੰਦਗੀ ਤੇ ਜਾਇਦਾਦ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਘਰਾਂ ਤੇ ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਢਾਹੁਣਾ ਇਹ ਦੱਸਦਾ ਹੈ ਕਿ ਫ਼ਿਰਕੂ ਹਿੰਸਾ ਕਰਵਾਉਣਾ, ਉਸ ਨੂੰ ਸਹੀ ਦੱਸਣਾ ਅਤੇ ਘੱਟਗਿਣਤੀ ਫ਼ਿਰਕੇ ਨੂੰ ਨਿਸ਼ਾਨਾ ਬਣਾਉਣਾ ਰਿਆਸਤ/ਸਟੇਟ ਦਾ ਇਕ ਖ਼ਾਸ ਪ੍ਰਾਜੈਕਟ ਬਣ ਚੁੱਕਾ ਹੈ। ਇਹ ਸੰਵਿਧਾਨ ਦੁਆਰਾ ਨਿਰਧਾਰਿਤ ਕੀਤੀ ਗਈ ਅਦਾਲਤੀ ਪ੍ਰਕਿਰਿਆ ਦਾ ਨਿਸ਼ੇਧ ਹੈ। ਇਹ ਮੱਧਕਾਲੀਨ ਸਮਿਆਂ ਦੇ ਪ੍ਰਾਜੈਕਟ, ਜਿਸ ਤਹਿਤ ਸੱਤਾ ਧਰਮ ਤੇ ਧਾਰਮਿਕ ਕੱਟੜਤਾ ਦੇ ਆਧਾਰ ’ਤੇ ਕਾਇਮ ਰੱਖੀ ਜਾਂਦੀ ਸੀ, ਦੀ ਯਾਦ ਦਿਵਾਉਂਦਾ ਹੈ ਭਾਵੇਂ ਕਿ ਇਹ ਉਸ ਤੋਂ ਕਈ ਤਰ੍ਹਾਂ ਨਾਲ ਵੱਖਰਾ ਹੈ। ਇਹ ਬੁਲਡੋਜ਼ਰ ਐਮਰਜੈਂਸੀ ਸਮੇਂ ਸੰਜੇ ਗਾਂਧੀ ਦੁਆਰਾ ਚਲਾਏ ਗਏ ਬੁਲਡੋਜ਼ਰਾਂ ਦੀ ਯਾਦ ਵੀ ਦਿਵਾਉਂਦੇ ਹਨ।
        ਭਾਰਤ ਵਿਚ ਮੱਧਕਾਲੀਨ ਸਮਿਆਂ ਵਿਚ ਪੈਦਾ ਹੋਏ ਸਮਾਜਿਕ ਵਿਦਰੋਹ ਨੂੰ ਬਹੁਤ ਵਾਰ ਭਗਤੀ ਲਹਿਰ ਦਾ ਨਾਂ ਦੇ ਕੇ ਭਗਤੀ ਤਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਧੁਨਿਕ ਭਾਰਤ ਦੇ ਬਹੁਤੇ ਚਿੰਤਕਾਂ ਨੇ ਮੱਧਕਾਲੀਨ ਸਮਿਆਂ ਦੀ ਉਸ ਕ੍ਰਾਂਤੀਕਾਰੀ ਸੋਚ ਨੂੰ ਲਾਂਭੇ ਕਰ ਕੇ ਵੈਦਿਕ ਤੇ ਉਪਨਿਸ਼ਦਕ ਕਾਲ ਦੀ ਸੋਚ ਨੂੰ ਉਭਾਰਿਆ। ਮੱਧਕਾਲੀਨ ਸਮਿਆਂ ਵਿਚ ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ ਦੇਵ ਜੀ, ਭਗਤ ਨਾਮਦੇਵ ਅਤੇ ਹੋਰ ਧਾਰਮਿਕ ਰਹਿਬਰਾਂ, ਸਮਾਜ ਸੁਧਾਰਕਾਂ, ਸੂਫ਼ੀਆਂ, ਚਿੰਤਕਾਂ, ਸੰਤਾਂ ਅਤੇ ਭਗਤਾਂ ਨੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ।
        ਹੁਣ ਦੇ ਸਮੇਂ ਇਕ ਪਾਸੇ ਸੱਤਾਧਾਰੀਆਂ ਦੀ ਕੱਟੜਪੰਥੀ ਸੋਚ, ਸੱਤਾ ਅਤੇ ਤਾਕਤ ਦੇ ਬੁਲਡੋਜ਼ਰ ਹਨ ਅਤੇ ਦੂਸਰੇ ਪਾਸੇ ਸਾਡੇ ਕੋਲ ਹੈ ਕਬੀਰ-ਨਾਨਕ-ਰਵਿਦਾਸ-ਬੁੱਲ੍ਹੇ ਸ਼ਾਹ ਦੀ ਪਰੰਪਰਾ, ਧਾਰਮਿਕ ਕੱਟੜਤਾ ਦਾ ਵਿਰੋਧ ਅਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨ ਦੀ ਪਰੰਪਰਾ। ਗੱਲ ਸਿਰਫ਼ ਪੰਜਾਬ ਦੀ ਨਹੀਂ, ਇਸ ਦੀਆਂ ਉਦਾਹਰਨਾਂ ਸਮੁੱਚੇ ਦੇਸ਼ ਦੇ ਵਿਰਸੇ ਤੇ ਵਰਤਮਾਨ ਵਿਚੋਂ ਮਿਲਦੀਆਂ ਹਨ। 9 ਅਪਰੈਲ ਨੂੰ ਗੁਜਰਾਤ ਦੇ ਬੰਸਕਾਂਠਾ ਜ਼ਿਲ੍ਹੇ ਦੇ ਪਿੰਡ ਦਲਵਾਨਾ ਦੇ ਵ੍ਰਿੰਦਾਵੀਰ ਮਹਾਰਾਜ ਮੰਦਰ ਦੇ ਪੁਜਾਰੀ ਅਤੇ ਪਿੰਡ ਵਾਸੀਆਂ ਨੇ ਆਪਣੇ ਮੁਸਲਮਾਨ ਹਮਸਾਇਆਂ ਨੂੰ ਮੰਦਰ ਵਿਚ ਰੋਜ਼ਾ ਖੋਲ੍ਹਣ ਦਾ ਸੱਦਾ ਦਿੱਤਾ। 14 ਅਪਰੈਲ ਨੂੰ ਬੰਗਲੁਰੂ ਦੇ ਚੰਨਾਕੇਸ਼ਵਾ ਮੰਦਰ ਵਿਚ ਲਗਭਗ 900 ਸਾਲ ਤੋਂ ਚਲਦਾ ਆ ਰਿਹਾ ਰੱਥ-ਉਤਸਵ ਕੁਰਾਨ ਦੀਆਂ ਆਇਤਾਂ ਦੇ ਉਚਾਰਨ ਨਾਲ ਆਰੰਭ ਹੋਇਆ। ਇਸ ਤਰ੍ਹਾਂ ਸਮਾਜ ਵਿਚ ਆਪਸੀ ਪ੍ਰੇਮ ਦਾ ਪ੍ਰਾਜੈਕਟ ਵੀ ਮੌਜੂਦ ਹੈ, ਉਸ ਦੀਆਂ ਧੁਨੀਆਂ ਵੀ ਦੂਰ ਦੂਰ ਤਕ ਸੁਣਾਈ ਦਿੰਦੀਆਂ ਹਨ।
       ਸੱਤਾਧਾਰੀਆਂ ਕੋਲ ਬੁਲਡੋਜ਼ਰ ਹਨ, ਸਾਡੇ ਕੋਲ ਹੱਕ-ਸੱਚ ਦੇ ਬੋਲ ਹਨ। ਬੁੱਲ੍ਹੇ ਸ਼ਾਹ ਦਾ ਕਥਨ ਹੈ, ‘‘ਕੋਈ ਕਰੇ ਸਾਡੇ ਨਾਲ ਬਾਤਾਂ ਨੀ।’’ ਸਾਡੇ ਵਡੇਰਿਆਂ ਦੇ ਸਮਾਜਿਕ ਬਰਾਬਰੀ ਅਤੇ ਹਰ ਤਰ੍ਹਾਂ ਦੀ ਕੱਟੜਤਾ ਵਿਰੁੱਧ ਉਚਾਰੇ ਹੋਏ ਬੋਲ/ਸੁਖ਼ਨ ਸਾਡੇ ਨਾਲ ਬਾਤਾਂ ਕਰਦੇ ਹਨ, ਸਾਨੂੰ ਹਲੂਣਦੇ ਹਨ ਕਿ ਅਸੀਂ ਇਸ ਸਮੇਂ ਫੈਲੀ ਹੋਈ ਕੱਟੜਤਾ ਵਿਰੁੱਧ ਲੜੀਏ। ਇਹ ਸਾਡੇ ਸਾਰਿਆਂ ਦੇ ਇਕੱਠੇ ਹੋ ਕੇ ਸਮਾਜਿਕ ਏਕਤਾ ਤੇ ਸਮਤਾ ਦੇ ਸੁਖ਼ਨਾਂ ਦੇ ਵਾਰਸ ਬਣਨ ਦਾ ਵੇਲਾ ਹੈ, ਇਹ ਸਮਾਂ ਹੈ ਇਕੱਠੇ ਹੋ ਕੇ ਧਾਰਮਿਕ ਕੱਟੜਤਾ ਵਿਰੁੱਧ ਲੜਨ ਦਾ, ਨਫ਼ਰਤ ਦੇ ਬੁਲਡੋਜ਼ਰਾਂ ਅਤੇ ਪ੍ਰਾਜੈਕਟ ਦੇ ਵਿਰੁੱਧ ਬੇਗਮਪੁਰੇ ਦੇ ਸੁਪਨੇ ਵਿਚਲੀਆਂ ਮੋਹ-ਤੰਦਾਂ ਦਾ ਪ੍ਰੇਮ-ਪ੍ਰਾਜੈਕਟ ਬਣਾਉਣ ਅਤੇ ਉਸ ਲਈ ਸੰਘਰਸ਼ ਕਰਨ ਦਾ।