ਬੌਧਿਕ  ਮਾਫੀਏ ਦੀ  ਕੰਗਾਲੀ ! - ਬੁੱਧ ਸਿੰਘ ਨੀਲੋਂ

ਮਾਲਵਿੰਦਰ ਮਾਲੀ ਦੀ ਪੋਸਟ ਪੜ੍ਹ ਕੇ ਕੁੱਝ ਗੱਲਾਂ ਚੇਤੇ ਆ ਗਈਆਂ ਤੁਹਾਡੇ  ਨਾਲ ਸਾਂਝੀਆਂ ਕਰਦਾ ਹਾਂ  ।
 ਨਿੱਕੀ  ਕਵਿਤਾ
ਬੌਧਿਕਤਾ ਗਈ ਕੰਗਾਲੀ
ਬੁੱਧੀਜੀਵੀ  ਬਣੇ ਜੰਗਾਲੀ
ਸਭ ਦੇ ਮੂੰਹ  ਤੇ ਹੈ ਲਾਲੀ
ਲੋਕਾਂ  ਦਾ ਰੱਬ  ਹੈ ਬਾਲੀ
ਲੇਖਕ  ਤਾਂ  ਹੋ 'ਗੇ ਖਾਲੀ
ਕੀ ਬਣੇਗਾ ਦੱਸੂਗਾ ਮਾਲੀ ?
ਇਲਤੀ ਬਾਬਾ
----------
      ਭਾਰਤੀ ਮਨੁੱਖ  ਨੂੰ ਮਾਨਸਿਕ  ਤੌਰ 'ਕਾਬੂ ਕਰਨ ਦੇ ਲਈ ਹਰ ਸਮੇਂ  ਕੋਈ ਨਾ ਕੋਈ ਵਿਚਾਰਧਾਰਾ  ਪਣਪਦੀ ਰਹੀ ਹੈ। ਜਿਸ ਵਿਚਾਰਧਾਰਾ ਨੇ ਆਮ ਮਨੁੱਖ ਦੇ ਵਿਕਾਸ ਦੇ ਲਈ ਹੰਭਲਾ ਮਾਰਿਆ, ਉਹ ਹੀ ਜਿਉਂਦੀ ਰਹੀ ਹੈ।  ਨਹੀਂ ਸਮੇਂ ਦੇ ਨਾਲ ਨਾਲ ਸਮਾਜ ਦੀ ਵਿਚਾਰਧਾਰਾ ਵੀ ਬਦਲਦੀ ਰਹੀ।  ਹਰ ਵਿਚਾਰਧਾਰਾ ਆਮ ਮਨੁੱਖ ਦੀ ਹੋਣੀ ਬਦਲਣ ਦਾ ਉਦੇਸ਼  ਲੈ ਕੇ ਆਉਂਦੀ ਰਹੀ ਪਰ ਜਿਉਂ  ਹੀ ਉਹ ਵਿਕਾਸ ਕਰਦੀ ਗਈ ਤਾਂ ਉਸਦੇ ਵਰਕਰਾਂ  ਨੂੰ ਅੱਗੇ ਲਾ ਕੇ ਆਗੂਆਂ ਨੇ ਉਸਨੂੰ ਵਪਾਰ ਬਣਾ ਲਿਆ ।  ਹੁਣ ਤੁਸੀਂ  ਆਪਣੇ  ਅੱਖੀਂ  ਵੇਖਦੇ ਹੋ ਕਿ ਸਮਾਜ ਦੇ ਹਰ ਖੇਤਰ  ਦੇ ਵਿੱਚ  ਸਮਾਜ ਨੂੰ  ਬਦਲਣ ਦੇ ਨਾਮ ਹੇਠ  ਵਪਾਰ ਹੀ ਤਾਂ ਹੋ ਰਿਹਾ ਹੈ। ਧਰਮ ਦੇ ਨਾਮ ਉਤਰ ਧਾਰਮਿਕ ਅਸਥਾਨ  ਵਪਾਰ ਦੇ ਅੱਡੇ ਬਣਕੇ ਰਹਿ ਗਏ ਹਨ, ਜਿਥੇ ਅਰਬਾਂ  ਤੇ ਖਰਬਾਂ ਦਾ ਕਾਰੋਬਾਰ ਹੁੰਦਾ ਹੈ। ਨਤੀਜਾ ਕੀ ਨਿਕਲਿਆ  ਹੈ ?  ਜ਼ੀਰੋ । ਮਾਨਸਿਕ  ਰੋਗੀ ਆਪਣੇ ਰੋਗ ਦੂਰ ਕਰਨ ਬਹਾਨੇ ਨਵਾਂ ਰੋਗ ਲਵਾ ਆਉਂਦੇ ਹਨ ।
     ਖੈਰ ਧਰਮ ਦੀ ਵਿਚਾਰਧਾਰਾ ਮਾੜੀ ਨਹੀਂ ਸੀ ਪਰ ਆਧੁਨਿਕ ਦੌਰ ਦੇ ਵਪਾਰੀ ਨੇ ਇਸਨੂੰ  ਧੰਦਾ ਬਣਾ ਲਿਆ।  ਜਦੋਂ ਲੋਕ ਸਾਖਰਤਾ ਤੋਂ ਕੋਰੇ ਸੀ ਉਸ ਵੇਲੇ ਲੋਕਾਂ ਦੇ ਅੰਦਰ ਧਰਮ, ਸਮਾਜ ਤਰ ਭਾਈਚਾਰੇ ਬਾਰੇ ਚੇਤਨਾ ਸੀ ਪਰ ਜਿਉਂ ਜਿਉਂ ਮਨੁੱਖ ਸਾਖਰ ਹੁੰਦਾ ਗਿਆ, ਉਹ ਚੇਤਨਾ ਤੋਂ ਵਿਰਵਾ ਹੁੰਦਾ ਗਿਆ । ਅੱਜ ਸਥਿਤੀ ਤੁਹਾਡੇ ਸਾਹਮਣੇ  ਹੈ।
    ਸਾਹਿਤ ਜੇ ਲੋਕ ਪੱਖੀ ਹੋਵੇ ਤਾਂ  ਸਮਾਜ ਨੂੰ  ਸੇਧ ਦੇਂਦਾ ਹੈ, ਨਹੀਂ  ਫੇਰ ਪ੍ਰਕਾਸ਼ਕ ਦੀ ਨਾ ਤਜੌਰੀ ਭਰਦਾ ਹੈ ਨਾ ਪਾਠਕਾਂ  ਦੇ ਦਿਮਾਗ ਨੂੰ ਲੱਗੇ ਜਾਲੇ ਉਤਾਰਦਾ ਹੈ ।
       ਡਾ.ਮਨਮੋਹਨ ਦਾ ਨਾਵਲ "ਨਿਰਵਾਣ " ਸਾਨੂੰ ਪੜ੍ਹਨ ਤੇ ਸਮਝਣ ਦੀ ਲੋੜ ਹੈ। ਨਾਵਲ ਦੇ ਵਿੱਚ  ਦੋ ਵਿਚਾਰਧਾਰਾਵਾਂ  ਹਨ।  ਇਕ ਪੁਰਾਤਨ  ਸਮਿਆਂ  ਦਾ ਬੁੱਧਇਜ਼ਮ ਤੇ  ਆਧੁਨਿਕ  ਦੌਰ ਦਾ ਮਾਓਵਾਦ ਹੈ।  ਦੋਹਾਂ  ਦੀ ਉਤਪਤੀ ਤੋਂ ਵਿਕਾਸ ਤੇ ਵਿਨਾਸ਼ ਤੱਕ ਦਾ ਉਹ ਸੱਚ ਹੈ, ਜਿਸਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਿਸੇ  ਵੀ ਵਿਚਾਰਧਾਰਾ ਦਾ ਪਤਨ ਉਸ ਵੇਲੇ ਹੁੰਦਾ ਹੈ ਜਦੋਂ  ਉਹ ਮਨੁੱਖਤਾ ਦੇ ਭਲੇ ਦੀ ਵਜਾਏ  ਉਹ ਵਪਾਰ ਦਾ ਸਾਧਨ ਬਣਦੀ ਹੈ।  ਹੁਣ ਸਭ ਕੁੱਝ  ਹੈ ਹੀ ਵਪਾਰ ਹੈ । ਵਪਾਰੀ ਬਹੁਕੌਮੀ ਕੰਪਨੀਆਂ ਦੇ ਦਲਾਲ ਹਨ । ਦਲਾਲਾਂ ਦੀ ਇਸ ਕਤਾਰ ਵਿੱਚ ਵਪਾਰੀ, ਲਿਖਾਰੀ, ਅਧਿਕਾਰੀ, ਬੁੱਧੀਜੀਵੀ ਤੇ ਸਿਆਸੀ ਆਗੂ ਹਨ । ਇਹਦੇ ਨਾਲ ਸਾਡਾ ਮੀਡੀਆ ਵੀ ਸ਼ਾਮਲ ਹੈ ।  ਸਭ ਝੂਠ ਨੂੰ ਸੱਚ ਬਣਾ ਕੇ ਵਿਕਾ ਰਹੇ ਹਨ ।
      ਬੌਧਿਕਤਾ ਦੇ ਉਪਰ ਦੇਖਿਆ ਲੱਗਦਾ ਹੈ  ਕਿ ਬਹੁਤ  ਚਿਰ ਤੋਂ ਖੱਬੂਆਂ ਦਾ ਕਬਜ਼ਾ  ਹੈ। ਪਰ ਅਸਲ ਦੇ ਵਿੱਚ  ਇਹ ਵੱਡੀਆਂ  ਸਿਆਸੀ  ਤੇ ਬਹੁ ਕੌਮੀ ਕੰਪਨੀਆਂ ਦੇ ਦਲਾਲ ਹੀ ਹਨ ।
      ਉਹ ਹਰ ਮਸਲੇ ਨੂੰ ਆਪਣੇ ਬਣਾਏ ਫਰਮਿਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਤਰੀਕੇ ਜੜ ਕੇ ਫੇਰ ਰਲ ਕੇ ਪ੍ਰਚਾਰਦੇ ਦੇ ਰਹੇ ਹਨ । ਖੱਬੂ ਜਿੰਨੇ ਬੌਧਿਕ ਪੱਖੋ ਤੇਜ ਤਰਾਰ ਹਨ ਤੇ ਓਨੇ ਹੀ ਜੁਗਾੜੀ ਵੀ ਸਿਰੇ ਦੇ ਹਨ। ਉਨ੍ਹਾਂ ਦੀ  ਨਿਗਾ ਕਿਤੇ  ਹੋਰ ਤੇ ਨਿਸ਼ਾਨਾ ਕਿਤੇ ਹੋਰ ਹੁੰਦਾ  ਹੈ। ਉਹ ਆਪਣਾ  ਉਲੂ ਸਿੱਧਾ ਰੱਖਦੇ ਹਨ ਤੇ ਬਾਕੀ ਕੇਡਰ ਪਵੇ ਅੰਨ੍ਹੇ ਖੂਹ ਦੇ ਵਿੱਚ । ਇਹ ਖੱਬਿਆਂ ਤੇ ਕਾਂਗਰਸ  ਦੀ ਹੀ ਮਿਹਰਬਾਨੀ  ਹੈ ਕਿ ਭਾਜਪਾ  ਦੇ ਹੱਥ ਦੇਸ਼ ਫੜਾ ਦਿੱਤਾ  ਹੈ ਤੇ ਹੁਣ ਚੀਕ ਰਹੇ ਹਨ ।
       ਪੰਜਾਬੀ ਦੇ ਬੌਧਿਕ ਕਵੀ, ਲੇਖਕ ਤੇ ਬੁੱਧੀਜੀਵੀ ਸਦਾ ਹੀ ਆਪਣੇ ਆਪ ਨੂੰ ਲੋਕਾਂ ਦੇ ਨਾਲ ਜੁੜੇ ਹੋਣ ਦਾ ਦੰਭ ਰਚਦੇ ਹਨ ਤੇ  ਦੂਜੇ ਪਾਸੇ  ਉਹ ਸੱਤਧਾਰੀਆਂ ਨਾਲ ਯਾਰੀ ਪਾ ਕੇ ਆਪਣਾ ਹਲਵਾ ਮੰਡਾ ਬਣਾਉਂਦੇ ਹਨ ਤੇ ਇਸ ਦਾ ਅਸਰ ਇਹ ਹੋਇਆ ਕਿ ਲੋਕ ਹੌਲੀ ਹੌਲੀ ਇਹਨਾਂ ਬੌਧਿਕਵਾਦੀਆਂ ਤੋਂ ਕਿਨਾਰਾਕਸ਼ੀ ਕਰਕੇ ਨੀਮ ਬੇਹੋਸ਼ੀ ਵਿੱਚ ਚਲੇ ਗਏ। ਜਿਸਦਾ ਲਾਭ ਸਿਆਸੀ ਪਾਰਟੀਆਂ ਨੂੰ ਹੁੰਦਾ ਰਿਹਾ ਹੈ ਤੇ ਹੋ ਰਿਹਾ ਹੈ ।
    ਬੌਧਿਕਵਾਦੀ ਵਾਤਆਨਕੂਲ ਮਹਿਲਾਂ ਤੇ ਦਫਤਰਾਂ ਵਿੱਚ ਬੈਠ ਕੇ ਸ਼ਬਦ ਜੁਗਾਲੀ ਕਰਦੇ ਰਹੇ। ਹਰਕ੍ਰਿਸ਼ਨ  ਵਰਗੇ ਸੱਤਾ ਵਿੱਚ ਵੜ ਕੇ ਸੁਰਜੀਤ ਹੋ ਗਏ ਹਨ ਤੇ ਹੋ ਰਹੇ ਹਨ । ਉਹਨਾਂ ਦੇ ਬੋਲਾਂ ਤੇ ਫੁੱਲ ਚਾੜਨ ਵਾਲੇ ਕੰਗਾਲ ਹੋ ਗਏ ਹਨ ਦੇਖੋ ਕੇਹੀ ਵਿਡੰਬਨਾ ਹੈ ? ਹੁਣ ਭੀਮ ਹੋਰੀ ਇੰਦਰ ਬਣੇ ਸ਼ਬਦਾਂ ਦੀ ਵਰਖਾ ਕਰਕੇ ਨਵੀਂ ਸਰਕਾਰ ਦੀ ਮਾਲਿਸ਼ ਕਰ ਰਹੇ ਹਨ । ਇਸੇ ਹੀ ਤਰ੍ਹਾਂ ਪਹਿਲਾਂ ਕਈ ਚੈਨ ਨਾਲ ਸੁੱਤੇ ਤੇ ਅਨੰਦ ਹੋ ਗਏ ਤੇ ਕਈ ਜਤਿੰਦਰ ਸ਼ਬਦਾਂ ਦੇ ਸਿਕੰਦਰ ਹੋ ਗਏ। ਉਹਨਾਂ ਕਦੇ ਸੱਜਿਆ ਦੇ ਨਾਲ ਕਦੇ ਏਜੰਸੀਆਂ ਦੇ ਨਾਲ ਯਾਰੀ ਤੇ ਫੁਲਕਾਰੀ ਪਾ ਕੇ ਰੱਖੀ। ਆਪਣਾ ਉਲੂ ਸਿੱਧਾ ਕੀਤਾ। ਲੋਕਾਈ ਜਾਵੇ ਕੁਰਲਾਈ ਤੇ ਇਹ ਆਪਣੇ ਚੁਲੇ ਪਕਾਉਂਦੇ ਰਹੇ ਤੇ ਕੋਠੜੀਆਂ ਵਧਾਉਦੇ ਰਹੇ ।
     ਜੋ ਵੀ ਹੋਇਆ ਤੇ ਉਹ ਤੁਹਾਡਾ ਹਸ਼ਰ ਤੁਹਾਡੇ ਸਾਹਮਣੇ ਹੈ। ਦੂਜੇ ਪਾਸੇ ਕਿਤਾਬਾਂ ਵਿਚ ਪਿਆ ਗਿਆਨ ਤੇ ਬੌਧਿਕਤਾ ਬੰਦ ਅਲਮਾਰੀਆਂ ਦੇ ਵਿੱਚ ਰਹਿ ਗਈ ਤੇ ਉਸਨੂੰ ਸਿਉਕ ਛੱਕਦੀ ਰਹੀ ਤੇ ਅਵਾਮ ਇਨਕਲਾਬ ਉਡੀਕਦਾ ਹੋਇਆ ਡੇਰਿਆਂ ਦਾ ਚੇਲਾ ਹੋ ਗਿਆ । ਲੋਕਾਂ ਦਾ ਭਰਮ ਧਰਮ ਵੱਲ ਵੱਧ ਗਿਆ ਤੇ ਡੇਰੇ ਵਾਲਿਆਂ ਦਾ ਧੰਦਾ ਚੱਲ ਪਿਆ... ਲੋਕ ਦੀਵਾਨ ਸੁਣ ਕੇ ਸਵਰਗ ਦੇ ਸੁਪਨੇ ਲੈਣ ਲੱਗੇ.. ਪਰ ਗਏ ਠੱਗੇ ..। ਕਈ ਦਹਾਕਿਆਂ ਤੋਂ ਪਹਿਲਾਂ  ਸੈਮੀਨਾਰ ਹੁੰਦੇ ਰਹੇ ਹੋ ਰਹੇ ਹਨ ਤੇ ਨਤੀਜੇ ਕੀ ਨਿਕਲੇ ਲੋਕ ਚੇਤਨ ਹੋਣ ਦੀ ਵਜਾਏ ਡਰ ਨਾਲ ਡਰਨ ਲੱਗੇ ।  ਬੀਮਾਰ ਮਾਨਸਿਕਤਾ ਨੇ ਲੋਕਾਂ ਅੰਦਰ ਮਰ ਜਾਣ ਦਾ ਡਰ ਵਧਾਇਆ ਹੈ ਤੇ ਸੱਤਾ ਨੂੰ ਇਸਦਾ ਲਾਭ ਹੈ । ਹੁਣ ਤਾਂ  ਅਗਲਿਆਂ ਨੇ ਕਾਨੂੰਨ  ਤੇ ਜੇਲ੍ਹ  ਦਾ ਪ੍ਰਬੰਧ ਕਰ ਦਿੱਤਾ ਹੈ ਤੇ ਹੁਣ ਲੋਕ ਹੋਰ ਵੀ ਡਰਦੇ ਘਰਾਂ ਵਿੱਚ  ਲੁਕ ਗਏ ।
     ਬੌਧਿਕ ਵਾਦੀ ਹੁਣ ਸੰਵਾਦ ਨਹੀਂ  ਬਹਿਸ ਕਰਦੇ ਹਨ ਤੇ ਮੱਠਾਂ ਦੇ ਮਹੰਤ ਬਣ ਕੇ ਮਰਨ ਜੰਮਣ ਉਤੇ ਖੁਸਰਿਆਂ ਤੇ ਮਿਰਾਸੀਆਂ ਨੂੰ ਵਧਾਈਆਂ ਦੇਣ ਤੇ ਅਫਸੋਸ ਕਰਨ ਜਾਂਦੇ ਹਨ।
     ਮੱਠਾਂ ਦੇ ਮਹੰਤ ਸੰਤ ਬਣ ਕੇ ਵੱਖ ਵੱਖ ਥਾਵਾਂ ਉਤੇ ਬੌਧਿਕ ਪ੍ਰਵਚਨਾਂ ਦੇ ਨਾਲ ਮਿਕਸ ਭਾਸ਼ਾ ਦਾ ਵਿਖਿਆਨ ਕਰਦੇ ਤੇ ਮਾਲ ਛੱਕਦੇ ਹਨ। ਹਰ ਡੇਰੇ ਦਾ ਮਹੰਤ ਜੋ ਦਵੰਦਵਾਦੀ ਬੌਧਿਕ ਤੇ ਵਿਚ ਵਿਚਾਲੇ ਦਾ ਬੁਲਾਰਾ ਹੁੰਦਾ ਹੈ ।  ਉਸਦਾ ਤੋਰੀ ਫੁਲਕਾ ਵਧੀਆ ਚੱਲਦਾ ਹੈ । ਉਹ ਹਰ ਥਾਂ ਬੈਰਾਗੀ ਸਾਧ ਬਣ ਕੇ ਗਜ਼ਾ ਕਰਦਾ ਹੈ.. ਤੇ ਉਸ ਦੀਆਂ  ਚੇਲੀਆਂ ਆਪਣੇ ਆਪਣੇ ਡੇਰਿਆਂ ਦੇ ਵਿੱਚ ਬੌਧਿਕਤਾ ਦੇ ਦੀਵਾਨ ਸਜਾਉਂਦੀਆਂ ਪ੍ਰਭੂ ਦੇ ਗੁਣ ਗਾਉਂਦੀਆਂ ਹਨ!  ਇਸਨੂੰ ਕਵੀ ਦਰਬਾਰ ਕਹਿੰਦੇ ਹਨ । ਕਵੀ ਤੇ ਕਵਿੱਤਰੀਆਂ ਆਪਣੇ  ਮਨ ਦੇ ਵਲਵਲੇ ਇੱਕ ਦੂਜੇ ਨੂੰ ਸੁਣਾ ਕੇ ਫੋਟੋਆਂ  ਕਰਵਾ ਕੇ ਗੂਗਲ ਬਾਬੇ ਹਵਾਲੇ ਕਰਕੇ ਘਰਾਂ ਨੂੰ ਪਰਤ ਜਾਂਦੇ  ਹਨ ।
      ਹੁਣ ਬੌਧਿਕਤਾ ਦੀ ਕੰਗਾਲੀ ਦਾ ਜਨਾਜ਼ਾ ਸਾਡੇ ਅਧਿਆਪਕ ਕੱਢ ਰਹੇ ਹਨ। ਜਦੋ ਵੀ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਖਰੀਦਣ ਦੇ ਲਈ ਗਰਾਂਟ ਦਿੱਤੀ ਜਾਂਦੀ ਹੈ। ਹਰ ਸਾਲ ਸਿੱਖਿਆ ਵਿਭਾਗ ਵੱਲੋਂ ਕਿਤਾਬਾਂ  ਖਰੀਦਣ ਦੇ ਲਈ ਸੂਚੀ ਵੀ ਜਾਰੀ ਕੀਤੀ ਜਾਂਦੀ  ਹੈ। ਇਸਦੇ ਵਿੱਚ ਹਰ ਸਾਲ ਕੀ ਘਪਲੇ ਹੁੰਦੇ ਹਨ ਇਹ  ਬੋਹੇ ਵਾਲਾ ਕ੍ਰਿਸ਼ਨ ਭਗਤ ਹੀ ਦੱਸ ਸਕਦਾ ਹੈ ਜੋ ਹੁਣ ਪੂਰਾ ਕ੍ਰਿਸ਼ਨ ਦਾ ਦਰਬਾਰ ਚਰਚਾ ਵਿੱਚ ਹੈ । ਇਸਦੀ ਚਰਚਾ ਕਿਉਂ  ਦੱਬ ਗਈ ? ਕੌਮ ਦਾ ਨਿਰਮਾਤਾ ਕੀ ਕਰਦਾ ਹੈ ? ਜੋ ਗਲਤ ਕੰਮ ਕਰਦੇ ਹਨ ਉਹ ਹੋਰਨਾਂ ਨੂੰ ਬਦਨਾਮ ਕਰਦੇ ਹਨ। ਸਿੱਖਿਆ ਨੂੰ ਵਪਾਰ ਬਣਾ ਧਰਿਆ ਹੈ ।
       ਬੌਧਿਕਤਾ ਕੰਗਾਲੀ ਨੇ ਹੁਣ ਤੱਕ ਕੀ ਕੀ ਗੁਲ ਖਿਲਾਏ ਹਨ ?  ਤੁਸੀਂ ਦੇਖ ਹੀ ਰਹੇ ਹੋ । ਹੁਣ ਇਕ ਬੋਲੀ ਇਕ ਝੰਡਾ ਤੇ ਇਕ ਰਾਸ਼ਟਰ ਵਾਲੀ ਵਿਚਾਰਧਾਰਾ  ਵਾਲੇ ਘਰ ਘਰ ਪੁਜ ਗਏ ਹਨ। ਉਹ ਕੌਣ ਨੇ ਤੇ ਕੀ ਕਰਦੇ ਹਨ ?   ਬੌਧਿਕਤਾ ਦੀ ਕੰਗਾਲੀ ਤੇ ਜੰਗਾਲੀ ਹੋਣ ਦੇ ਜੇ ਤੁਹਾਡੇ ਕੋਲ ਕਿੱਸੇ ਹਨ ਤਾਂ ਜਰੂਰ ਸਾਂਝੇ ਕਰਨਾ ਜੀ । ਬਾਕੀ ਗੁਰਬਾਣੀ  ਵਿੱਚ  ਲਿਖਿਆ  ਹੈ :
ਜੰਮਣ ਮਰਨ ਹੁਕਮ ਹੈ,
ਮਰਨਾ ਸਭ ਨੇ ਹੈ ਫੇਰ ਡਰ ਕਿਸਦਾ ਹੈ ।
ਅਸੀਂ  ਗੁਰੂ  ਵੱਲ ਪਿੱਠ ਕਰਕੇ  ਕੀ ਮੌਤ ਤੋਂ  ਬਚ ਜਾਵਾਂਗੇ ?
 ਬੌਧਿਕਤਾ ਕੰਗਾਲ ਹੋਣ ਦੇ ਸਬੂਤ ਹੁਣ ਬਹੁਤ ਹਨ ।
ਬੁੱਧ  ਸਿੰਘ  ਨੀਲੋਂ