ਗੁਰਬਖ਼ਸ਼ ਸਿੰਘ ਫ਼ਰੈਂਕ ਦੀ ਗਿਆਨ-ਸਾਧਨਾ - ਡਾ. ਮਨਜਿੰਦਰ ਸਿੰਘ

ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਦਾ ਨਾਮ ਲੈਂਦਿਆਂ ਹੀ ਪ੍ਰਬੁੱਧ ਅਤੇ ਪ੍ਰਤੀਬੱਧ ਵਿਦਵਾਨ ਦਾ ਬਿੰਬ ਮਨ-ਮਸਤਕ ਵਿਚ ਉਜਾਗਰ ਹੁੰਦਾ ਹੈ। ਪੰਜਾਬੀ ਦਾ ਕੋਈ ਅਜਿਹਾ ਅਧਿਆਪਕ ਜਾਂ ਵਿਦਿਆਰਥੀ ਨਹੀਂ ਹੋਵੇਗਾ ਜਿਸ ਨੇ ਡਾ. ਫ਼ਰੈਂਕ ਦੀ ਪੁਸਤਕ ‘ਸਭਿਆਚਾਰ ਅਤੇ ਪੰਜਾਬੀ ਸਭਿਅਚਾਰ’ ਨਾ ਪੜ੍ਹੀ ਹੋਵੇ ਅਤੇ ਪੰਜਾਬੀ ਦਾ ਕਿਹੜਾ ਸੁਹਿਰਦ ਪਾਠਕ ਹੈ ਜਿਸ ਦੀ ਚੇਤਨਾ ਨੂੰ ਉਨ੍ਹਾਂ ਵੱਲੋਂ ਰੂਸੀ ਭਾਸ਼ਾ ਤੋਂ ਪੰਜਾਬੀ ਵਿਚ ਅਨੁਵਾਦਿਤ ਲਾਮਿਸਾਲ ਪੁਸਤਕ ‘ਮੇਰਾ ਦਾਗਿਸਤਾਨ’ ਨੇ ਗਿਆਨ ਦੀ ਰੌਸ਼ਨੀ ਨਾਲ ਸਰਸ਼ਾਰ ਨਾ ਕੀਤਾ ਹੋਵੇ। ਉਹ ਗੁਰੂ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਉੱਘੇ ਸਭਿਆਚਾਰ ਵਿਗਿਆਨੀ, ਮਾਹਿਰ ਅਨੁਵਾਦਕ ਅਤੇ ਸਾਹਿਤ ਸਿਧਾਂਤ ਤੇ ਪੰਜਾਬੀ ਆਲੋਚਨਾ ਦੇ ਪ੍ਰਬੁੱਧ ਵਿਦਵਾਨ ਸਨ। ਉਹ ਪੰਜਾਬੀ ਦੇ ਉਨ੍ਹਾਂ ਮੁੱਢਲੇ ਵਿਦਵਾਨਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਪੰਜਾਬੀ ਅਧਿਐਨ ਅਤੇ ਅਧਿਆਪਨ ਨੂੰ ਵਿਗਿਆਨਕ ਲੀਹਾਂ ਉੱਤੇ ਤੋਰਿਆ।
        ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਦਾ ਜਨਮ 1 ਸਤੰਬਰ 1935 ਨੂੰ ਮਾਤਾ ਕਿਸ਼ਨ ਕੌਰ ਅਤੇ ਪਿਤਾ ਪਰਤਾਪ ਸਿੰਘ ਦੇ ਘਰ ਪਿੰਡ ਛੇਹਰਟਾ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਹੋਇਆ। ਉਨ੍ਹਾਂ ਆਪਣੀ ਉਚੇਰੀ ਸਿੱਖਿਆ ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਪੀਐੱਚ.ਡੀ. ਦੀ ਡਿਗਰੀ ਇੰਸਟੀਟਿਊਟ ਆਫ਼ ਓਰੀਐਂਟਲ ਸਟੱਡੀਜ਼, ਮਾਸਕੋ ਤੋਂ ਉੱਘੇ ਸਿੱਖਿਆ ਸ਼ਾਸਤਰੀ ਯੇ.ਪਿ. ਚੈਲੀਸ਼ੇਵ ਦੀ ਨਿਗਰਾਨੀ ਹੇਠ ਪ੍ਰਾਪਤ ਕੀਤੀ। ਉਹ ਪੰਜਾਬੀ ਅਧਿਐਨ ਅਤੇ ਅਧਿਆਪਨ ਦੇ ਖੇਤਰ ਵਿਚ ਸਭਿਆਚਾਰ ਵਿਗਿਆਨ ਦਾ ਮੁੱਢ ਬੰਨ੍ਹਣ ਵਾਲੇ ਵਿਦਵਾਨ ਸਨ। ਉਨ੍ਹਾਂ ਨੇ ਪੰਜਾਬੀ ਚਿੰਤਨ ਜਗਤ ਵਿਚ ਆਪਣੀ ਪਹਿਲੀ ਮੌਲਿਕ ਪੁਸਤਕ ‘ਸਭਿਆਚਾਰ : ਮੁੱਢਲੀ ਜਾਣ-ਪਛਾਣ’ (1984) ਨਾਲ ਪ੍ਰਵੇਸ਼ ਕੀਤਾ। ਇਸ ਉਪਰੰਤ ‘ਸਭਿਆਚਾਰ ਅਤੇ ਪੰਜਾਬੀ ਸਭਿਆਚਾਰ’ (1987) ਪੁਸਤਕ ਦੀ ਰਚਨਾ ਕਰ ਕੇ ਉਨ੍ਹਾਂ ਨੇ ਪਹਿਲੀ ਵਾਰ ਪੰਜਾਬੀ ਵਿਚ ਸਭਿਆਚਾਰ ਵਿਗਿਆਨ ਦੇ ਪ੍ਰਮਾਣਿਕ ਸਿਧਾਂਤਾਂ ਨੂੰ ਸੂਤਰਬੱਧ ਕੀਤਾ। ਸਭਿਆਚਾਰ ਦੇ ਸਿਧਾਂਤ ਅਤੇ ਪੰਜਾਬੀ ਸਭਿਆਚਾਰ ਦਾ ਅਧਿਐਨ ਕਰਦਿਆਂ ਉਨ੍ਹਾਂ ਨੇ ਸਭਿਆਚਾਰਕ ਵਰਤਾਰਿਆਂ ਦੀ ਅੰਤਰੀਵ ਜੁਗਤ ਨੂੰ ਸਮਝਣ ਉੱਤੇ ਬਲ ਦਿੱਤਾ। ਉਨ੍ਹਾਂ ਨੇ ਇਹ ਧਾਰਨਾ ਪੇਸ਼ ਕੀਤੀ ਕਿ ‘‘ਸਭਿਆਚਾਰ ਦੇ ਅਧਿਐਨ ਦਾ ਪਹਿਲਾ ਮੰਤਵ ਆਪਣੇ ਜਨ ਸਮੂਹ ਦੀ ਮਾਨਸਿਕਤਾ ਨੂੰ ਉਸ ਦੇ ਸਾਰੇ ਪ੍ਰਗਟਾਵਾਂ ਵਿਚ ਸਮਝਣਾ ਅਤੇ ਇਨ੍ਹਾਂ ਸਾਰੇ ਪ੍ਰਗਟਾਵਾਂ ਪਿੱਛੇ ਕੰਮ ਕਰਦੇ ਸਿਸਟਮ ਨੂੰ ਪਛਾਣਨਾ ਹੁੰਦਾ ਹੈ।’’ ਇਉਂ ਉਹ ਪੰਜਾਬੀ ਸਭਿਆਚਾਰ ਦੇ ਸਤਹੀ ਰੂਪਾਂ ਤੋਂ ਪਾਰ ਪੰਜਾਬੀਆਂ ਦੇ ਸਮੂਹਿਕ ਅਵਚੇਤਨ ਵਿਚ ਨਿਹਿਤ ਪੰਜਾਬੀ ਸਭਿਆਚਾਰ ਦੀ ਵਿਆਕਰਨ ਨੂੰ ਸਮਝਣ ਲਈ ਯਤਨਸ਼ੀਲ ਰਹੇ। ਮਾਰਕਸਵਾਦੀ ਦਰਸ਼ਨ ਉਨ੍ਹਾਂ ਦੀ ਸਾਹਿਤ ਅਧਿਐਨ ਦ੍ਰਿਸ਼ਟੀ ਦਾ ਆਧਾਰ ਬਣਿਆ ਪਰ ਉਨ੍ਹਾਂ ਨੂੰ ਮਾਰਕਸਵਾਦੀ ਚਿੰਤਨ, ਕਾਵਿ ਸ਼ਾਸਤਰ ਦੀ ਸਿਧਾਂਤਕ ਪਰੰਪਰਾ ਅਤੇ ਪੰਜਾਬੀ ਸਾਹਿਤ ਦੀ ਮੂਲ ਭਾਵਨਾ ਦੀ ਸੰਯੁਕਤ ਸਮਝ ਸੀ ਜਿਸ ਸਦਕਾ ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਅੰਤਰੀਵ ਪਾਸਾਰਾਂ ਨੂੰ ਵਿਸ਼ੇਸ਼ ਸਾਹਿਤ ਸ਼ਾਸਤਰੀ ਮੁਹਾਰਤ ਨਾਲ ਸਮਝਿਆ ਅਤੇ ਉਜਾਗਰ ਕੀਤਾ। ਮਨੁੱਖੀ ਕਿਰਤ ਦੀ ਕਦਰ ਉੱਤੇ ਕੇਂਦਰਿਤ ਮਾਰਕਸਵਾਦੀ ਸੁਹਜ ਸ਼ਾਸਤਰ ਨੂੰ ਦਰਸਾਉਂਦਾ ਪ੍ਰਮਾਣਿਕ ਦਸਤਾਵੇਜ਼ ਉਨ੍ਹਾਂ ਦੀ ਪੁਸਤਕ ‘ਵਿਰੋਧ ਵਿਕਾਸ ਅਤੇ ਸਾਹਿਤ’ (1985) ਦੇ ਰੂਪ ਵਿਚ ਸਾਕਾਰ ਹੋਇਆ। ਉਨ੍ਹਾਂ ਨੇ ਆਪਣੇ ਤੋਂ ਪੂਰਬਲੇ ਮਾਰਕਸਵਾਦੀ ਅਤੇ ਰੂਪਵਾਦੀ ਆਲੋਚਨਾ ਨਾਲ ਸੁਹਿਰਦ ਅਤੇ ਸਾਕਾਰਾਤਮਕ ਸੰਵਾਦ ਰਚਾਇਆ। ਉਨ੍ਹਾਂ ਨੂੰ ਰੂਪਵਾਦੀ ਆਲੋਚਨਾ ਸਾਹਿਤਕ ਪਾਠਾਂ ਦੀ ਸਮਾਜਿਕ ਸਾਰਥਕਤਾ ਤੋਂ ਵਿਹੂਣੀ ਅਤੇ ਰੂਪਗਤ ਦਾਇਰਿਆਂ ਦੀਆਂ ਸੀਮਾਵਾਂ ਵਿਚ ਵਿਚਰਦੀ ਪ੍ਰਤੀਤ ਹੋਈ ਅਤੇ ਪੰਜਾਬੀ ਦੀ ਮਾਰਕਸਵਾਦੀ ਆਲੋਚਨਾ ਵੀ ਗਿਆਨ-ਵਿਗਿਆਨ ਦੀਆਂ ਲੀਹਾਂ ਤੋਂ ਵਿਚਲਿਤ ਹੋ ਕੇ ਮਾਰਕਸਵਾਦੀ ਸਿਧਾਂਤਾਂ ਨੂੰ ਫ਼ਿਰਕੂ ਸੋਚ ਅਤੇ ਤੁਅੱਸਬ ਵਜੋਂ ਵਰਤਦੀ ਦਿਸੀ। ਡਾ. ਹਰਿਭਜਨ ਸਿੰਘ ਭਾਟੀਆ ਦੀ ਧਾਰਨਾ ਹੈ ਕਿ ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਨੇ ਵਿਸ਼ੇਸ਼ ਨਾਅਰਿਆਂ ਅਤੇ ਫਾਰਮੂਲਿਆਂ ਵਿਚ ਬੱਝੀ ਆਲੋਚਨਾ ਨੂੰ ਰੱਦ ਕਰ ਕੇ ਇਸ ਨੂੰ ਵਿਸ਼ੇਸ਼ੱਗਤਾ ਦਾ ਖੇਤਰ ਬਣਾਏ ਜਾਣ ਉੱਪਰ ਜ਼ੋਰ ਦਿੱਤਾ। ਉਨ੍ਹਾਂ ਲਈ ਗਿਆਨ ਪ੍ਰਾਪਤੀ ਦਾ ਮਾਰਗ ਹਰ ਤਰ੍ਹਾਂ ਦੇ ਤੁਅੱਸਬ ਤੋਂ ਮੁਕਤ ਸੀ। ਉਨ੍ਹਾਂ ਮੰਨਦੇ ਸਨ ਕਿ ਗਿਆਨ ਜਿੱਥੋਂ ਵੀ ਮਿਲੇ ਉਸ ਨੂੰ ਪ੍ਰਾਪਤ ਕਰ ਕੇ ਪਹਿਲਾਂ ਆਪਣੇ ਅੰਦਰ ਸਮੋਇਆ ਜਾਵੇ ਅਤੇ ਫਿਰ ਪਹਿਲ ਆਪਣੇ ਸਾਹਿਤ ਨੂੰ ਵਾਚਣ ਅਤੇ ਸਮਝਣ ਨੂੰ ਦਿੱਤੀ ਜਾਵੇ।
      ਪੰਜਾਬੀ ਅਕਾਦਮਿਕ ਜਗਤ ਵਿਚ ਡਾ. ਫ਼ਰੈਂਕ ਦੀ ਪਛਾਣ ਪ੍ਰਬੁੱਧ ਸਾਹਿਤ ਚਿੰਤਕ ਅਤੇ ਸਭਿਆਚਾਰ ਵਿਗਿਆਨੀ ਵਜੋਂ ਹੈ ਪਰ ਪੰਜਾਬੀ ਸਿਰਜਣਾਤਮਕ ਸਾਹਿਤ ਦੇ ਸੁਹਿਰਦ ਪਾਠਕਾਂ ਵਿਚ ਉਨ੍ਹਾਂ ਦੀ ਮੁੱਢਲੀ ਪਛਾਣ ਅਨੁਵਾਦ ਕਲਾ ਦੇ ਮਾਹਿਰ ਵਜੋਂ ਹੈ। ਉਹ ਮਾਸਕੋ ਵਿਚ 1969 ਤੋਂ 1976 ਤਕ ਪੰਜਾਬੀ ਵਿਭਾਗ, ਪ੍ਰਗਤੀ ਪ੍ਰਕਾਸ਼ਨ ਵਿਚ ਅਨੁਵਾਦਕ ਅਤੇ ਸੰਪਾਦਕ ਰਹੇ। ਉਨ੍ਹਾਂ ਦੇ ਕੀਤੇ ਅਨੁਵਾਦ ‘ਗੁਰੂਬਖ਼ਸ਼’, ‘ਜੀ. ਸਿੰਘ’, ‘ਗੁਰਬਖ਼ਸ਼ ਸਿੰਘ’ ਅਤੇ ‘ਗੁਰਬਖ਼ਸ਼ ਸਿੰਘ ਫ਼ਰੈਂਕ’ ਨਾਵਾਂ ਹੇਠ ਛਪਦੇ ਰਹੇ। ਉਨ੍ਹਾਂ ਨੇ ਮਨੁੱਖ ਦੇ ਸਦੀਵੀ ਅਸਤਿੱਤਵੀ ਸਰੋਕਾਰਾਂ ਨੂੰ ਦਰਸਾਉਂਦੀਆਂ ਵਿਸ਼ਵ ਕਲਾਸਕੀ ਸਾਹਿਤ ਦੀਆਂ ਮਹਾਨ ਰਚਨਾਵਾਂ ਦਾ ਪੰਜਾਬੀ ਵਿਚ ਬਾਖ਼ੂਬੀ ਅਨੁਵਾਦ ਕੀਤਾ। ਉਹ ਅਨੁਵਾਦ ਕਲਾ ਦੇ ਇੰਨੇ ਮਾਹਿਰ ਸਨ ਕਿ ਉਨ੍ਹਾਂ ਵੱਲੋਂ ਅਨੁਵਾਦਤ ਰਚਨਾਵਾਂ ਮੌਲਿਕ ਸਾਹਿਤਕ ਲਿਖਤਾਂ ਪ੍ਰਤੀਤ ਹੁੰਦੀਆਂ ਹਨ। ਰੂਸੀ ਭਾਸ਼ਾ ਦਾ ਮੌਲਿਕ ਗਿਆਨ ਹੋਣ ਕਾਰਨ ਰੂਸੀ ਦੇ ਮੂਲ ਸੋਮਿਆਂ ਤੋਂ ਪੰਜਾਬੀ ਵਿਚ ਕੀਤੇ ਗਏ ਅਨੁਵਾਦ ਉਨ੍ਹਾਂ ਦੀ ਅਨੁਵਾਦ ਕਲਾ ਦੇ ਕਮਾਲ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਰਸੂਲ ਹਮਜ਼ਾਤੋਵ ਦੀ ਮਹਾਨ ਪੁਸਤਕ ਦਾ ਪੰਜਾਬੀ ਅਨੁਵਾਦ ‘ਮੇਰਾ ਦਾਗਿਸਤਾਨ’ ਦੇ ਰੂਪ ਵਿਚ ਇੰਨੀ ਪ੍ਰਬੀਨਤਾ ਨਾਲ ਕੀਤਾ ਕਿ ਇਹ ਪੁਸਤਕ ਪੰਜਾਬੀ ਦੇ ਹਰੇਕ ਸੰਜੀਦਾ ਪਾਠਕ ਦੀ ਚੇਤਨਾ ਵਿਚ ਸਦੀਵੀ ਥਾਂ ਬਣਾ ਲੈਂਦੀ ਹੈ। ਡਾ. ਫ਼ਰੈਂਕ ਨੇ ਇਸ ਅਨੁਵਾਦ ਨਾਲ ਪੰਜਾਬੀ ਮਨਾਂ ਵਿਚ ਰਸੂਲ ਹਮਜ਼ਾਤੋਵ ਨੂੰ ਸਦਾ ਲਈ ਅਮਰ ਕਰ ਦਿੱਤਾ ਹੈ। ਉਨ੍ਹਾਂ ਨੇ ਲਿਓ ਤਾਲਸਤਾਏ, ਐਂਤੋਨ ਚੈਖ਼ਵ, ਮੈਕਸਿਮ ਗੋਰਕੀ, ਚੰਗੇਜ਼ ਆਇਤਮਾਤੋਵ, ਬੋਰਿਸ ਪੋਲੇਵੋਈ ਅਤੇ ਵ. ਬਰੋਦੋਵ ਜਿਹੇ ਰੂਸੀ ਲੇਖਕਾਂ ਅਤੇ ਮਹਾਮਤਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਆਬਿਦ ਹੁਸੈਨ ਵਰਗੇ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ। ਉਨ੍ਹਾਂ ਨੇ ਇਹ ਸਾਰੇ ਅਨੁਵਾਦ ਮੂਲ ਸੋਮਿਆਂ ਤੋਂ ਕੀਤੇ। ਉਨ੍ਹਾਂ ਨੂੰ ਨਾ ਸਿਰਫ਼ ਇਨ੍ਹਾਂ ਰਚਨਾਵਾਂ ਦੀ ਮੂਲ ਭਾਸ਼ਾ ਦਾ ਗਿਆਨ ਸੀ ਸਗੋਂ ਉਨ੍ਹਾਂ ਕੋਲ ਇਨ੍ਹਾਂ ਰਚਨਾਵਾਂ ਵਿਚ ਪ੍ਰਵਾਹਿਤ ਦਰਸ਼ਨ ਅਤੇ ਗਿਆਨ ਦ੍ਰਿਸ਼ਟੀਆਂ ਦੀ ਸੂਖ਼ਮ ਸਮਝ ਵੀ ਸੀ। ਇਸ ਲਈ ਉਨ੍ਹਾਂ ਵੱਲੋਂ ਕੀਤੇ ਅਨੁਵਾਦ ਕਿਤੇ ਵੀ ਮੂਲ ਰਚਨਾਵਾਂ ਦੇ ਭਾਸ਼ਾਈ ਸਹਿਜ ਅਤੇ ਸੁਹਜ ਨੂੰ ਭੰਗ ਨਹੀਂ ਹੋਣ ਦਿੰਦੇ। ਉਨ੍ਹਾਂ ਦੀ ਪ੍ਰਬੀਨ ਅਨੁਵਾਦ ਕਲਾ ਸਦਕਾ ਸਾਲ 2012 ਵਿਚ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ।
       ਡਾ. ਫ਼ਰੈਂਕ ਦੀ ਗਿਆਨ-ਸਾਧਨਾ ਨੇ ਪੰਜਾਬੀ ਅਕਾਦਮਿਕਤਾ ਦੇ ਬੌਧਿਕ ਨਕਸ਼ ਘੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਪੰਜਾਬੀ ਬੁੱਧੀਜੀਵੀਆਂ ਲਈ ਸੀਮਿਤ ਦਾਇਰਿਆਂ ਤੋਂ ਪਾਰ ਵਿਸ਼ਵ ਗਿਆਨ ਨੂੰ ਆਤਮਸਾਤ ਕਰਨ ਦਾ ਰਾਹ ਪ੍ਰਦਰਸ਼ਿਤ ਕੀਤਾ ਹੈ। ਉਨ੍ਹਾਂ ਨੇ ਪੰਜਾਬੀ ਪਾਠਕਾਂ ਦੀ ਸੁਹਜ-ਉਡਾਣ ਨੂੰ ਵਿਸ਼ਵ ਕਲਾਸਕੀ ਸਾਹਿਤ ਦੇ ਆਕਾਸ਼ ਤਕ ਪਹੁੰਚਾਇਆ ਹੈ। ਅੱਜ ਭਾਵੇਂ ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਆਪਣੀ ਜੀਵਨ ਯਾਤਰਾ ਸੰਪੂਰਨ ਕਰ ਕੇ ਸਰੀਰਕ ਰੂਪ ਵਿਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ ਪਰ ਉਨ੍ਹਾਂ ਦੀ ਮਹਾਨ ਗਿਆਨ-ਸਾਧਨਾ ਦਾ ਪ੍ਰਕਾਸ਼ ਸਦਾ ਸਾਡੀ ਚੇਤਨਾ ਨੂੰ ਰੌਸ਼ਨ ਕਰਦਾ ਰਹੇਗਾ।
* ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ : 94630-49230