ਧਰਤੀ ਦੀ ਵੇਦਨਾ ਸਮਝੀਏ ... - ਵਿਜੈ ਬੰਬੇਲੀ

ਧਰਤੀ ਦਾ ਜਨਮ ਚਾਰ ਅਰਬ ਸਾਲ ਪਹਿਲਾਂ ਹੋਇਆ। ਅਗਲੇ ਢਾਈ ਅਰਬ ਸਾਲ ਇਸ ਉੱਤੇ ਅਨੇਕਾਂ ਝੱਖੜ ਝੁੱਲੇ, ਭੂਚਾਲ ਆਉਂਦੇ ਰਹੇ, ਜਵਾਲਾਮੁਖੀ ਫਟਦੇ ਰਹੇ। ਕਈ ਵਾਰ ਹਜ਼ਾਰਾਂ ਸਾਲ ਲਗਾਤਾਰ ਬਾਰਸ਼ ਹੁੰਦੀ ਰਹੀ ਤੇ ਕਈ ਵਾਰ ਦਹਾਕੇ ਔੜ ਵਿਚ ਹੀ ਗੁਜ਼ਰ ਗਏ। ਧਰਤੀ ਦੇ ਗਰਭ ਵਿਚ ਉੱਠਦੇ ਤੂਫਾਨਾਂ ਅਤੇ ਉਥਲ-ਪੁਥਲ ਨੇ ਇਸ ਦੀ ਸਤਹਿ ਉੱਤੇ ਪਹਾੜਾਂ, ਘਾਟੀਆਂ, ਸਮੁੰਦਰਾਂ ਅਤੇ ਮੈਦਾਨਾਂ ਨੂੰ ਜਨਮ ਦਿੱਤਾ। ਧਰਤੀ ਦੇ ਵਾਯੂਮੰਡਲ ਵਿਚ ਪਾਣੀ ਦੇ ਵਾਸ਼ਪਾਂ ਅਤੇ ਕਈ ਕਿਸਮ ਦੀਆਂ ਗੈਸਾਂ ਦਾ ਬੋਲਬਾਲਾ ਹੋਇਆ ਪਰ ਇਹ ਆਕਸੀਜਨ ਤੋਂ ਕਾਫੀ ਸੱਖਣੀ ਸੀ। ਫਿਰ ਡੇਢ ਕੁ ਅਰਬ ਸਾਲ ਪਹਿਲਾਂ ਧਰਤੀ ਦੀ ਸਤਹਿ ਉੱਤੇ ਜ਼ਿੰਦਗੀ ਧੜਕੀ। ਪਹਿਲਾਂ-ਪਹਿਲ ਸੂਖਮ ਪੌਦੇ, ਬੈਕਟੀਰੀਆਂ ਤੇ ਪ੍ਰੋਟੋਜ਼ੋਆਂ ਆਦਿ ਮਗਰੋਂ ਲੰਮੀ ਕੁਦਰਤੀ ਕਿਰਿਆ-ਪ੍ਰਕਿਰਿਆ ਤਹਿਤ ਜੀਵ-ਜੰਤੂ, ਤੇ ਫਿਰ ਮਨੁੱਖ ਪੈਦਾ ਹੋ ਗਏ।
        ਮਨੁੱਖ ਕੁਦਰਤ ਦੇ ਵਿਕਾਸ ਦਾ ਕ੍ਰਿਸ਼ਮਾ ਹੈ। ਧਰਤੀ ਉੱਤੇ ਇਸ ਦੇ ਜਨਮ ਨੂੰ ਦਸ ਕੁ ਲੱਖ ਸਾਲ ਹੋ ਗਏ ਹਨ। ਸ਼ੁਰੂ ਸ਼ੁਰੂ ਵਿਚ ਮਨੁੱਖ ਕੁਦਰਤੀ ਪ੍ਰਣਾਲੀ ਦੀ ਸਾਧਾਰਨ ਵੰਨਗੀ ਸੀ। ਕੁਦਰਤੀ ਕਿਰਿਆਵਾਂ-ਪ੍ਰਕਿਰਿਆਵਾਂ ਉਸ ਦੇ ਵਿਹਾਰ ਅਤੇ ਜਨਸੰਖਿਆ ਉੱਤੇ ਡਾਢਾ ਕੰਟਰੋਲ ਰੱਖਦੀਆਂ ਸਨ। ਇਸੇ ਕਾਰਨ ਧਰਤੀ ਉੱਤੇ ਮਨੁੱਖੀ ਵਸੋਂ ਨੂੰ ਇੱਕ ਅਰਬ ਹੋਣ ਤੱਕ ਲਗਭਗ ਦਹਿ-ਲੱਖ ਵਰ੍ਹੇ ਲੱਗੇ। ਫਿਰ ਮਨੁੱਖ ਕੁਦਰਤ ਨੂੰ ਖੁਦ ਕੰਟਰੋਲ ਕਰਨ ਵੱਲ ਤੁਰ ਪਿਆ। ਸਿੱਟਾ, ਮਨੁੱਖ ਦੀ ਗਿਣਤੀ ਇੱਕ ਤੋਂ ਦੋ ਅਰਬ ਅਗਲੇ 100 ਸਾਲਾਂ ਅੰਦਰ ਹੀ ਹੋ ਗਈ ਅਤੇ ਭੌਤਿਕ ਤੇ ਵਿਗਿਆਨਕ ਤਰੱਕੀ ਕਾਰਨ ਚਾਰ ਅਰਬ ਹੋਣ ਵਿਚ ਅੱਧੀ ਸਦੀ ਤੋਂ ਵੀ ਘੱਟ ਸਮਾਂ ਲੱਗਾ।
       ਮਨੁੱਖੀ ਇਤਿਹਾਸ ਜੰਗਾਂ, ਜਿੱਤਾ ਅਤੇ ਵੰਸ਼ਾਂ ਦਾ ਇਤਿਹਾਸ ਹੀ ਨਹੀਂ ਬਲਕਿ ਮਨੁੱਖ ਦੀ ਕੁਦਰਤੀ ਰਹੱਸਾਂ ਨੂੰ ਸਮਝਣ ਦੀ ਪ੍ਰਚੰਡ ਤਾਂਘ ਦਾ ਇਤਿਹਾਸ ਵੀ ਹੈ। ਮਨੁੱਖ ਨੇ ਇਹ ਸਫ਼ਰ ਲੰਮੇ ਸਮੇਂ ਵਿਚ ਤੈਅ ਕੀਤਾ। ਅੱਜ ਮਨੁੱਖ ਕੁਦਰਤੀ ਸਰੋਤਾਂ ਨੂੰ ਆਪਣੀਆਂ ਪ੍ਰਾਪਤੀਆਂ ਦੇ ਮੂਲ ਵਜੋਂ ਵਰਤਣਯੋਗ ਹੋ ਚੁੱਕਾ ਹੈ। ਹੁਣ ਇਸ ਨੇ ਆਪਣੀ ਜਨਮਦਾਤੀ ਧਰਤੀ ਦੇ ਕੁਦਰਤੀ ਸਮਤੋਲ ਵਿਚ ‘ਵਿਕਾਸਮਈ’ ਲਾਲਸਾ ਕਾਰਨ ਡਾਢਾ ਅਸਾਵਾਂਪਨ ਪੈਦਾ ਕਰਕੇ ਸਮੁੱਚੇ ਜੀਵ ਸੰਸਾਰ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਸਮਾਜਿਕ ਤੇ ਆਰਥਿਕ ਖੁਸ਼ਹਾਲੀ ਲਈ ਵਿਕਾਸ ਕਾਰਜਾਂ ਦਾ ਸਥਾਨ ਅਹਿਮ ਤਾਂ ਹੈ ਪਰ ਇਨ੍ਹਾਂ ਕਾਰਜਾਂ ਕਾਰਨ ਲੰਮੇ ਅਰਸੇ ਦੇ ਭੈੜੇ ਪ੍ਰਭਾਵਾਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਸੀਮਤ ਹੋ ਰਹੇ ਵਿਕਾਸ ਕਾਰਜਾਂ ਲਈ ਅਸੀਂ ਕੁਦਰਤੀ ਸਰੋਤ ਹੂੰਝ-ਵਰਤ ਤਾਂ ਰਹੇ ਹਾਂ ਪਰ ਇਨ੍ਹਾਂ ਦੀ ਭਰਪਾਈ ਕਰਨ ਵਲ ਅਵੇਸਲੇ ਹਾਂ। ਇਸ ਨਿਘਾਰ ਵਿਚ ਆਮ ਮਨੁੱਖ ਦੀ ਬਜਾਇ ਸਿਸਟਮ ਦਾ ਦੋਸ਼ ਜ਼ਿਆਦਾ ਹੈ।
      ਇਸ ਸਮੇਂ ਕੁਦਰਤ ਦੇ ਨਿਘਾਰ ਦੀਆਂ ਸਮੱਸਿਆਵਾਂ ਮੋਟੇ ਤੌਰ ’ਤੇ ਦੋ ਤਰ੍ਹਾਂ ਦੀਆਂ ਹਨ। ਇੱਕ, ਕੁਦਰਤੀ ਸਾਧਨਾਂ ਦੇ ਆਧਾਰ ’ਤੇ ਬੁਰੀ ਤਰ੍ਹਾਂ ਖੋਰਾ ਲੱਗ ਰਿਹਾ ਹੈ। ਦੂਜੀ, ਮਾਰੂ ਰਹਿੰਦ-ਖੂੰਹਦ ਨੂੰ ਵਿਲੇ ਲਾਉਣ ਲਈ ਕਾਰਗਰ ਵਸੀਲਿਆਂ ਦੀ ਘਾਟ। ਸਮੱਸਿਆ ਦਾ ਪਹਿਲਾ ਜੁੱਟ ਪ੍ਰਿਥਵੀ ਦੇ ਜਲ, ਥਲ, ਖਾਣਾਂ ਅਤੇ ਜੰਗਲਾਂ ਦੇ ਨਿਘਾਰ ਦੀ ਕਥਾ ਬਿਆਨਦਾ ਹੈ। ਦੂਸਰਾ, ਹਰ ਸਾਲ ਪ੍ਰਿਥਵੀ ’ਤੇ 10 ਅਰਬ ਟਨ ਕੱਚੇ ਪਦਾਰਥ ਮੁੱਛ ਕੇ ਉਸ ਦਾ 97 ਫੀਸਦੀ ਹਿੱਸਾ ਮੁੜ ਗੰਦਗੀ ਦੇ ਰੂਪ ਵਿਚ ਧਰਤੀ ਨੂੰ ਮੋੜ ਦਿੱਤਾ ਜਾਂਦਾ ਹੈ ਜਿਸ ਨੇ ਭੂਗੋਲਿਕ ਮੁਹਾਂਦਰਾ ਹੀ ਨਹੀਂ ਵਿਗਾੜਿਆ ਸਗੋਂ ਮਨੁੱਖ ਇਸ ਦੇ ਮਾਰੂ ਸਿੱਟੇ ਖ਼ੁਦ ਵੀ ਭੁਗਤਣ ਲੱਗ ਪਿਆ ਹੈ ਪਰ ਧਨ ਕੁਬੇਰ ਪੱਖੀ ਸਿਆਸਤਦਾਨ ਮੀਸਣੇ ਬਣੀ ਬੈਠੇ ਹਨ।
       ਕੁਦਰਤਵਾਦੀ ਡਾ. ਸੋਕੋਲੇਪ ਨੇ ਬਹੁਤ ਪਹਿਲਾਂ ਕਿਹਾ ਸੀ, “ਲੋਕਾਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਉਹ ਕਿਹੋ ਜਿਹਾ ਪਾਣੀ ਪੀਂਦੇ ਹਨ ਅਤੇ ਕਿਹੋ ਜਿਹੀ ਹਵਾ ਵਿਚ ਸਾਹ ਲੈਂਦੇ ਹਨ। ਚੌਗਿਗਦਾ (ਇਕਾਲੌਜੀ) ਸੰਕਟਾਂ ਨੂੰ ਸਮਝੇ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ।” ਚੌਗਿਰਦਾ ਸ਼ਾਸਤਰੀ ਲਿਓਪੋਲਡ ਨੇ ਤਾਂ ਚੌਗਿਰਦੇ ਨੂੰ ਫਿਲਾਸਫੀ ਅਤੇ ਸਾਹਿਤ ਦੇ ਬਰਾਬਰ ਰੱਖਿਆ ਹੈ, “ਇਕਾਲੌਜੀ ਦੀ ਮੁੱਢਲੀ ਧਾਰਨਾ ਇਹ ਹੈ ਕਿ ਧਰਤੀ ਭਾਈਚਾਰਾ ਹੈ। ਇਸ ਨੂੰ ਪਿਆਰ ਤੇ ਸਤਿਕਾਰ ਕਰਨ ਵਾਲੀ ਗੱਲ ਹੀ ਸਦਾਚਾਰ ਹੈ।”
        ਵਿਗਿਆਨੀ ਦਹਾਕਿਆਂ ਤੋਂ ਚਿਤਾਵਨੀ ਦੇ ਰਹੇ ਹਨ- “ਦੁਨੀਆ ਦੇ ਜਲਵਾਯੂ ’ਚ ਤਬਦੀਲੀਆਂ ਸ਼ੁਰੂ ਹੋ ਚੁੱਕੀਆਂ ਹਨ, ਸਿੱਟੇ ਤਬਹਾਕੁਨ ਹੋਣਗੇ।” ਉਨ੍ਹਾਂ ਅਨੁਸਾਰ, “ਕੁਦਰਤ ਬੜੀ ਦਿਆਲੂ ਹੈ ਪਰ ਬੰਦਾ ਸ਼ੁਕਰਗੁਜ਼ਾਰ ਨਹੀਂ।” ਡਾ. ਰਸ਼ਮੀ ਮੁਤਾਬਿਕ- “ਜਿਹੜੇ ਅਜੇ ਵੀ ਇਹ ਸੋਚਦੇ ਹਨ ਹਨ ਕਿ ਓਜ਼ੋਨ ਪਰਤ ਛਿੱਜਣਾ ਮਹਿਜ਼ ਭਰਮ ਹੈ... ਜਿਹੜੇ ਇਹ ਚਿਤਵਦੇ ਹਨ ਕਿ ਸ਼ੇਰਾਂ-ਚੀਤਿਆਂ, ਡੱਡੀਆ-ਮੱਛੀਆਂ, ਚਿੜੀਆਂ-ਜਨੌਰਾਂ ਜਾਂ ਪਿੱਪਲਾਂ-ਥੋਹਰਾਂ ਨੂੰ ਹੁਣ ਲੋਪ ਹੋ ਜਾਣਾ ਚਾਹੀਦਾ ਹੈ ਕਿਉਂਕਿ ਮਨੁੱਖ ਲਈ ਅਤੇ ਉਸ ਦੀਆਂ ਸਹੂਲਤਾਂ ਲਈ ਹੋਰ ਤੇ ਹੋਰ ਧਰਤੀ ਦੀ ਲੋੜ ਹੈ, ਉਹ ਪ੍ਰਿਥਵੀ ਲਈ ਵਫਾਦਾਰ ਨਹੀਂ। ਉਨ੍ਹਾਂ ਦੀ ਬੇਵਫਾਈ ਸਾਰਿਆਂ ਨੂੰ ਲੈ ਬੈਠੇਗੀ।” ਸਮੱਸਿਆ ਇਹ ਹੈ ਕਿ ਜਿਹੜੇ ਲੋਕ ਫਿਕਰਮੰਦ ਹਨ, ਉਹ ਸੱਤਾ ਵਿਚ ਨਹੀਂ ਹਨ। ਹਾਲਾਤ ਬਦਤਰ ਹੋ ਰਹੇ ਹਨ।
       ਚਿੰਤਕ ਜੂਲੀਅਨ ਹਕਸਲੇ ਮੁਤਾਬਿਕ, “ਧਰਤੀ ਜੀਵੰਤ ਪ੍ਰਣਾਲੀ ਹੈ। ਜਲ, ਭੂਮੀ, ਪੌਣ, ਬਨਸਪਤੀ ਅਤੇ ਪ੍ਰਾਣੀ ਸਭ ਇੱਕ ਦੂਜੇ ਉੱਪਰ ਆਧਾਰਤ ਹਨ, ਇੱਕੋ ਤਾਣੇ-ਬਾਣੇ ਵਿਚ ਜੁੜੇ ਹੋਏ। ਜੇ ਇਕ ਵੀ ਹਿਲ ਗਿਆ ਤਾਂ ਸਮੁੱਚੀ ਤਾਣੀ ਉਲਝ ਜਾਵੇਗੀ। ਇਸ ਤਾਣੀ ਨੂੰ ਬੇਰੋਕ ਵਸੋਂ ਵੀ ਉਲਝਾ ਰਹੀ ਹੈ। ਜਲਵਾਯੂ ਬਦਲ ਗਿਆ ਹੈ, ਭੋਜਨ ਉਪਜਾਉਣ ਵਾਲੀ ਮਿੱਟੀ ਦੀਆਂ ਜ਼ਰਖੇਜ਼ ਪਰਤਾਂ ਰੁੜ੍ਹ ਰਹੀਆਂ ਹਨ। ਬੀਤੀ ਸਦੀ ਵਿਚ ਮਨੁੱਖ ਮੂਲ ਸਾਧਨਾਂ- ਕੋਲਾ, ਤੇਲ ਅਤੇ ਹੋਰ ਖਣਿਜਾਂ ਉੱਪਰ ਹੀ ਨਿਰਭਰ ਰਿਹਾ ਹੈ। ਇਨ੍ਹਾਂ ਵਸਤਾਂ ਦੀ ਸਿਰਜਣਾ ਵਿਚ ਕੁਦਰਤ ਨੂੰ ਕਰੋੜਾਂ ਸਾਲ ਲੱਗ ਗਏ ਸਨ ਪਰ ਮਨੁੱਖ ਉਨ੍ਹਾਂ ਨੂੰ ਕੁਝ ਕੁ ਪੀੜ੍ਹੀਆਂ ਵਿਚ ਹੀ ਮੁਕਾ ਚਲਿਆ ਹੈ।” ਧੜਵੈਲ ਮੁਲਕਾਂ ਨੇ ‘ਵਿਕਾਸ’ ਦੇ ਨਾਂ ’ਤੇ ਬੜਾ ਕੁਝ ਹੂੰਝਿਆਂ ਅਤੇ ਲੁੱਟਿਆ ਹੈ। ਇਹ ਅਖੌਤੀ ਵਿਕਾਸ ਧਨ ਕੁਬੇਰਾਂ ਲਈ ‘ਵਰਦਾਨ’ ਪਰ ਆਮ ਬੰਦੇ ਲਈ ‘ਸਰਾਪ’ ਹੈ। ਕਿਸੇ ਵੀ ਕੀਮਤ ’ਤੇ ਵਿਕਾਸ ਵਾਲੀ ਧਾਰਨਾ ਗਲਤ ਹੈ।
      ਅਸੀਂ ਆਪਣੀ ਸਾਹ ਰਗ ਨਦੀਆਂ ਤੇ ਜਲ ਕੁੰਡਾਂ ਤੋਂ ਸੀਵਰੇਜ ਅਤੇ ਡੰਪ ਦਾ ਕੰਮ ਲੈ ਰਹੇ ਹਾਂ। ਸੰਸਾਰ ਦੀ ਸਮਾਜਿਕ, ਆਰਥਿਕ ਅਤੇ ਸਿਆਸੀ ਖੇਤਰ ਦੀ ਸ਼ਕਤੀ ਪਾਣੀ ਨੂੰ, ਮਨੁੱਖ ਹੁਣ ਪਤਾਲਾਂ ਵਿਚੋਂ ਵੀ ਖਿੱਚ ਲਿਆਉਣ ਲਈ ਚਾਂਭਲਿਆ ਫਿਰਦਾ ਹੈ। ਥਾਂ ਥਾਂ ਧਰਤ ਦਾ ਸੀਨਾ ਪਾੜ ਰਹੇ ਬੰਦੇ ਨੂੰ ਸ਼ਾਇਦ ਮਾਰੂ ਸਿੱਟਿਆਂ ਦਾ ਨਹੀਂ ਪਤਾ। ਪਾਣੀ ਅਤੇ ਖਣਿਜਾਂ ਦੀ ਧਰਤੀ ਹੇਠੋਂ ਅੰਧਾਧੁੰਦ ਖਿਚਾਈ-ਪੁਟਾਈ ਨਾਲ ਨਾ ਸਿਰਫ਼ ਜਲ ਸੰਕਟ ਹੀ ਉਪਜਿਆ ਸਗੋਂ ਜੇ ਮੁੜ ਭਰਪਾਈ ਨਾ ਹੋਈ ਤਾਂ ਧਰਤੀ ਹੇਠ ਪੈਦਾ ਹੋਣ ਵਾਲੇ ਖਲਾਅ ਨਾਲ ਨੇੜ-ਭਵਿੱਖ ਵਿਚ ਧਰਤੀ ਵੀ ਗਰਕਣੀ ਸ਼ੁਰੂ ਹੋ ਸਕਦੀ ਹੈ। ਜ਼ਮੀਨੀ ਵਿਰਲਾਂ ਵਿਚਲਾ ਪਾਣੀ ਜੈਕ ਦੀ ਭੂਮਿਕਾ ਨਿਭਾਉਂਦਾ ਹੈ।
     ਮਨੁੱਖੀ ਸਭਿਅਤਾ ਦੇ ਜਿਸ ਵਰਤਮਾਨ ਪੜਾਅ ਵਿਚ ਮਨੁੱਖ ਜਾਤੀ ਲੰਘ ਰਹੀ ਹੈ, ਉਸ ਦੇ ਮੱਦੇਨਜ਼ਰ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਲੋੜ ਹੈ। ਸਾਡੀਆਂ ਸਮਾਜੀ ਤੇ ਆਰਥਿਕ ਚਿੰਤਾਵਾਂ ਵਿਚ ਜਿੰਨਾ ਵਾਧਾ ਹੋਇਆ ਹੈ ਜਾਂ ਹੋ ਰਿਹਾ ਹੈ, ਉਸ ਦਾ ਮੂਲ ਆਧਾਰ ਮਨੁੱਖੀ ਲਾਲਚ, ਮੌਜੂਦਾ ਸਿਸਟਮ ਅਤੇ ਕੁਦਰਤ ਦਾ ਉਜਾੜਾ ਹੈ, ਅਰਥਾਤ ਜੇ ਅਸੀਂ ਚਲੰਤ ਰਾਜ ਪ੍ਰਬੰਧਾਂ ਦਾ ਸੰਤਾਪ ਅਤੇ ਕੁਦਰਤ ਦੀ ਵੇਦਨਾ ਸਮਝ-ਸੁਣ ਲਈਏ ਤਾਂ ਅਸੀਂ ਭਵਿੱਖ ਦੀਆਂ ਦੁਸ਼ਵਾਰੀਆਂ ਦਾ ਹੱਲ ਕਰ ਲਵਾਂਗੇ। ਸਮੁੱਚੇ ਸੰਸਾਰ ਨੂੰ ਹੀ ਜਾਗਣ ਦੀ ਲੋੜ ਹੈ ਅਤੇ ਸਾਨੂੰ ਸਭ ਨੂੰ ਵੀ। ਭਾਰਤੀ ਦਰਸ਼ਨ ਤਾਂ ਕੁਦਰਤ ਦੀ ਰਾਖੀ ਅਤੇ ਇਸ ਦਾ ਸਤਿਕਾਰ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ। ਸਾਡੇ ਮੇਲੇ-ਮੁਸਾਹਬੇ ਜਲ ਕੁੰਡਾਂ, ਨਦੀਆਂ ਕੰਢੇ ਜੁੜਦੇ ਹਨ। ਸਾਡਾ ਸੱਭਿਆਚਾਰ ਭੌਣਾਂ-ਜਨੌਰਾਂ ਨੂੰ ਚੋਗਾ ਪਾਉਂਦਾ ਹੈ। ਰੁੱਖਾਂ ਨੂੰ ਮੌਲੀਆਂ ਬੰਨ੍ਹਦਾ ਸੀ। ਨਦੀਆਂ ਟੋਭਿਆਂ ’ਤੇ ਦੀਵੇ ਜਗਾਉਂਦਾ ਹੈ। ਸਾਡੇ ਪੁਰਖੇ ਤਾਂ ‘ਸੁੱਤੀ ਧਰਤੀ’ ਵਿਚ ਹਲ ਵੀ ਨਹੀਂ ਸੀ ਜੋਤਦੇ। ਅਸੀਂ ਹੀ ਇਨ੍ਹਾਂ ਦੇ ਅਸਲ ਭਾਵਾਂ ਨੂੰ ਭੁੱਲ ਗਏ ਹਾਂ।
       ਝੀਲਾਂ, ਦਰਿਆ, ਜੰਗਲ ਬੇਲੇ ਅਤੇ ਪਹਾੜ ਮਨੁੱਖ ਜਿੰਨੇ ਹੀ ਮਹੱਤਵਪੂਰਨ ਹਨ ਸਗੋਂ ਮਨੁੱਖੀ ਹੋਂਦ ਲਈ ਮਨੁੱਖ ਤੋਂ ਵੀ ਜ਼ਿਆਦਾ ਅਹਿਮ ਹਨ। ਹੁਣ ਮਨੁੱਖਵਾਦ ਦੇ ਸੰਕਲਪ ਨੂੰ ਜ਼ਿੰਦਗੀਵਾਦ ਦੇ ਸੰਕਲਪ ਵਿਚ ਬਦਲਣ ਦੀ ਲੋੜ ਹੈ। ਇਹ ਸੰਕਲਪ ਸਾਡੀ ਰਹਿਤਲ ਵਿਚ ਪਹਿਲਾਂ ਵੀ ਪਿਆ ਸੀ, ਅਸੀਂ ਹੀ ਇਸ ਨੂੰ ਪੜ੍ਹਨ, ਸੁਣਨ, ਬੁੱਝਣ ਅਤੇ ਅਮਲ ਕਰਨ ਤੋਂ ਇਨਕਾਰੀ ਹੋ ਗਏ ਹਾਂ। ਸਿੱਟਾ ਇਹ ਨਿੱਕਲਿਆ ਹੈ ਕਿ ਹੁਣ ਧਰਤੀ (ਕੁਦਰਤ) ਸਾਡੇ ’ਤੇ ਮੋੜਵਾਂ ਵਾਰ ਕਰਨ ਲੱਗ ਪਈ ਹੈ। ਆਓ! ਹੁਣ ਬਿਰਖਾਂ ਦੀ ਗੱਲ ਕਰੀਏ। ਪਹਾੜਾਂ ਦੀ ਕਦਰ ਕਰੀਏ। ਦਰਿਆਵਾਂ ਦੀ ਬਾਂਹ ਫੜੀਏ। ਧਰਤੀ ਦਾ ਅਦਬ ਕਰੀਏ।
ਸੰਪਰਕ : 94634-39075