ਕੀ ਭਾਰਤ ਟਿਕਾਊ ਵਿਕਾਸ 2030 ਦੇ ਏਜੰਡੇ ਵਜੋਂ ਮਿੱਥੇ 17 ਟੀਚੇ ਪ੍ਰਾਪਤ ਕਰੇਗਾ..? - ਪ੍ਰੋ. ਗੁਰਵੀਰ ਸਿੰਘ ਸਰੌਦ

ਸੰਯੁਕਤ ਰਾਸ਼ਟਰ ਦੁਆਰਾ ਟਿਕਾਊ ਵਿਕਾਸ ਏਜੰਡਾ 2030 ਦੇ ਸੰਦਰਭ ਵਿੱਚ ਭਾਰਤ ਦੀ ਸਥਿਤੀ ।
ਕੀ ਭਾਰਤ ਸੰਯੁਕਤ ਰਾਸ਼ਟਰ ਦੁਆਰਾ ਮਿੱਥੇ ਟਿਕਾਊ ਵਿਕਾਸ ਦੇ 17 ਟੀਚੇ ਪ੍ਰਾਪਤ ਕਰੇਗਾ..?

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 25 ਸਤੰਬਰ 2015  ਨੂੰ ਆਪਣੇ 70ਵੇਂ ਸੈਸ਼ਨ ਦਾ ਆਯੋਜਨ ਕੀਤਾ। ਜਿਸ ਵਿੱਚ ਦਹਾਕਿਆਂ ਦੇ ਵਿਕਾਸ ਟੀਚਿਆਂ ਦੀ ਸਫ਼ਲਤਾ ਨੂੰ ਅੱਗੇ ਵਧਾਉਣ ਦੇ ਨਾਲ ਸਾਕਾਰਤਮਿਕ ਬਦਲਾਅ  ਤਹਿਤ ਟਿਕਾਊ ਵਿਕਾਸ 2030 ਏਜੰਡਾ ਅਪਣਾਇਆ । ਜਿਸ ਵਿਚ ਗ਼ਰੀਬੀ ਨੂੰ ਖ਼ਤਮ ਕਰਨਾ, ਅਸਮਾਨਤਾਵਾਂ ਤੇ ਬੇਇਨਸਾਫ਼ੀਆਂ ਨਾਲ ਲੜਨਾ ਤੇ 2030 ਤੱਕ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ  17 ਟਿਕਾਊ ਵਿਕਾਸ ਟੀਚੇ ਤੇ 169 ਸਬੰਧਿਤ  ਟੀਚੇ ਸ਼ਾਮਿਲ ਕੀਤੇ ਗਏ। ਭਾਰਤ ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਵਿੱਚੋਂ ਇੱਕ ਹੈ। ਟਿਕਾਊ ਵਿਕਾਸ ਸਰਬਵਿਆਪਕ ਹਨ ਭਾਵ ਵਿਕਸਤ, ਵਿਕਾਸਸ਼ੀਲ, ਘੱਟ ਵਿਕਸਤ ਦੇਸ਼ਾਂ ਤੇ ਵੀ ਲਾਗੂ ਹੁੰਦੇ ਹਨ ।
       14 ਜੂਨ 2021 ਨੂੰ ਸੰਯੁਕਤ ਰਾਸ਼ਟਰ ਦੇ  ਟਿਕਾਊ ਵਿਕਾਸ ਬਾਰੇ ਕੈਂਬਰਿਜ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਭਾਰਤ ਟਿਕਾਊ ਵਿਕਾਸ ਤੇ 17 ਟੀਚੇ ਹਾਸਿਲ ਕਰਨ ਦੇ  ਮਾਮਲੇ ਵਿੱਚ165 ਦੇਸ਼ਾਂ ਵਿੱਚੋਂ 2019 (115 ਦਰਜੇ) ਨਾਲੋਂ 5 ਦਰਜੇ ਘੱਟ  ਕੇ 120 ਰੈਂਕ ਤੇ ਪਹੁੰਚ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਟਿਕਾਊ ਵਿਕਾਸ ਦੀ ਦਰਜਾਬੰਦੀ ਸ਼ੋਸ਼ਲ ਡਿਵੈਲਪਮੈਂਟ ਗੋਲਜ਼ (ਐੱਸ. ਡੀ. ਜੀ.) ਦੇ 100 ਅੰਕਾਂ ਵਿੱਚੋਂ ਕੀਤੀ ਜਾਂਦੀ ਹੈ।   ਭਾਰਤ ਨੇ 100 ਅੰਕਾਂ ਵਿਚੋਂ  60.7 ਅੰਕ ਪ੍ਰਾਪਤ ਕੀਤੇ ਹਨ ਜਦੋਂ ਕਿ ਗੁਆਂਢੀ ਮੁਲਕਾਂ ਚੀਨ  72.6, ਭੂਟਾਨ 69.98,  ਨੇਪਾਲ 66.5, ਮਿਆਂਮਾਰ 64.9, ਤੇ ਬੰਗਲਾਦੇਸ਼ 63.5 ਨੇ ਭਾਰਤ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ, ਟਿਕਾਊ ਵਿਕਾਸ ਵਿੱਚ ਸਭ ਤੋਂ ਜ਼ਿਆਦਾ 85.9 ਅੰਕ ਫਿਨਲੈਂਡ ਨੇ ਪ੍ਰਾਪਤ ਕੀਤੇ ਹਨ। ਭਾਵੇਂ ਕਿ ਨੀਤੀ ਆਯੋਗ ਟਿਕਾਊ ਵਿਕਾਸ ਟੀਚਿਆਂ ਦੇ ਰਾਸ਼ਟਰੀ ਲਾਗੂ ਕਰਨ ਦੀ ਨਿਗਰਾਨੀ ਦਾ ਇੰਚਾਰਜ ਹੈ। ਨੀਤੀ ਆਯੋਗ ਨੇ ਟੀਚਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਸਾਰੇ ਟਿਕਾਊ ਵਿਕਾਸ ਟੀਚੇ  ਕੇਂਦਰੀ ਮੰਤਰਾਲਿਆਂ ਤੇ ਕੇਂਦਰ ਦੁਆਰਾ ਸਪਾਂਸਰ ਕੀਤੀਆਂ ਗਈਆਂ ਸਕੀਮਾਂ ਦੀ ਮੈਪਿੰਗ ਨੂੰ ਪੂਰਾ ਕਰ ਲਿਆ ਹੈ। ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਰਾਸ਼ਟਰੀ ਤੇ ਖੇਤਰੀ ਪੱਧਰ ਤੇ ਹੋਰ  ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕਾਇਮ ਕਰ ਲਿਆ ਹੈ ਪਰ ਜਦੋਂ ਤੱਕ ਇਨ੍ਹਾਂ ਟਿਕਾਊ ਵਿਕਾਸ ਦੇ ਟੀਚਿਆਂ ਬਾਰੇ ਆਮ ਭਾਰਤੀ ਨਾਗਰਿਕ ਜਾਣੂ ਨਹੀਂ ਹੁੰਦਾ ਤਦ ਤਕ ਇਨ੍ਹਾਂ ਦੀ ਪ੍ਰਾਪਤੀ ਅਸੰਭਵ ਜਾਪਦੀ ਹੈ ਹਰੇਕ ਨਾਗਰਿਕ 2030 ਏਜੰਡੇ ਦੀ ਪ੍ਰਾਪਤੀ ਦਾ ਨਾਇਕ ਤਦ ਹੀ ਬਣੇਗਾ ਜਦੋਂ ਉਹ ਇਨ੍ਹਾਂ ਟੀਚਿਆਂ ਬਾਰੇ ਪੂਰੀ ਤਰ੍ਹਾਂ ਜਾਣੂ ਹੋਵੇਗਾ ।
     ਜੇਕਰ ਗੱਲ ਟਿਕਾਊ ਵਿਕਾਸ 17 ਟੀਚਿਆਂ ਦੇ ਸੰਦਰਭ ਭਾਰਤ ਦੀ ਸਥਿਤੀ ਦੀ ਕੀਤੀ ਜਾਵੇ ਤਾਂ ਪਹਿਲਾ ਟਿਕਾਊ ਵਿਕਾਸ ਦਾ ਟੀਚਾ "ਕੋਈ ਗ਼ਰੀਬੀ ਨਹੀਂ" ਹੈ । ਇਸ ਅਨੁਸਾਰ ਗ਼ਰੀਬੀ ਨੂੰ ਖ਼ਤਮ ਕਰਨਾ ਮਨੁੱਖਤਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਹੈ। ਜਦਕਿ ਅਤਿ ਗ਼ਰੀਬੀ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਅੱਧ ਤੋਂ ਵੱਧ ਘਟ ਗਈ ਹੈ। ਵਿਸ਼ਵ ਪੱਧਰ ਤੇ 800 ਮਿਲੀਅਨ ਤੋਂ ਵੱਧ ਲੋਕ  ਅਜੇ ਵੀ 1.25 ਅਮਰੀਕੀ ਡਾਲਰ ਪ੍ਰਤੀ ਦਿਨ ਰਾਤ ਤੋਂ ਘੱਟ ਤੇ ਗੁਜ਼ਾਰਾ ਕਰ ਰਹੇ ਹਨ ਕਈਆਂ ਕੋਲ ਢੁੱਕਵੇਂ ਭੋਜਨ ਪੀਣ ਵਾਲੇ ਸਾਫ ਪਾਣੀ ਤੇ ਸੈਨੀਟੇਸ਼ਨ ਤਕ ਪਹੁੰਚ ਦੀ ਘਾਟ ਹੈ।  ਭਾਰਤ ਦੇ 1% ਸਰਮਾਏਦਾਰਾਂ ਕੋਲ 70% ਆਬਾਦੀ ਅਰਥਾਤ 95.3 ਕਰੋੜ ਲੋਕਾਂ ਦੀ ਇਕੱਠੀ ਸੰਪਤੀ ਤੋਂ ਚਾਰ ਗੁਣਾ ਵੱਧ ਸੰਪਤੀ ਇਕੱਠੀ ਹੋ ਚੁੱਕੀ ਹੈ ।
   ਦੂਜਾ ਟਿਕਾਊ ਵਿਕਾਸ ਟੀਚਾ "ਜ਼ੀਰੋ ਭੁੱਖ" ਭਾਵ ਭੁੱਖ ਨੂੰ ਖਤਮ ਕਰਨਾ ਭੋਜਨ ਸੁਰੱਖਿਆ ਤੇ ਬਿਹਤਰ ਪੋਸ਼ਣ ਪ੍ਰਾਪਤ ਕਰਨਾ ਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ। ਟਿਕਾਊ ਵਿਕਾਸ ਦਾ  ਉਦੇਸ਼ 2030 ਤੱਕ ਭੁੱਖਮਰੀ ਤੇ ਕੁਪੋਸ਼ਣ ਦੇ ਸਾਰੇ ਰੂਪਾਂ ਨੂੰ ਖਤਮ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਸਾਡੇ ਸਾਰੇ ਲੋਕ ਖਾਸ ਕਰਕੇ ਬੱਚੇ ਤੇ ਵਧੇਰੇ ਕਮਜ਼ੋਰਾਂ ਨੂੰ ਸਾਰਾ ਸਾਲ ਲੋੜੀਂਦੇ ਤੇ ਪੌਸ਼ਟਿਕ ਭੋਜਨ ਮਿਲੇ।  ਇਸ ਤੋਂ ਇਲਾਵਾ ਛੋਟੇ ਪੱਧਰ ਦੇ ਕਿਸਾਨਾਂ ਦੀ ਰੋਜ਼ੀ ਰੋਟੀ ਤੇ ਸਮਰੱਥਾ ਵਿੱਚ ਸੁਧਾਰ ਕਰਨਾ, ਜ਼ਮੀਨ, ਟੈਕਨਾਲੋਜੀ ਤੇ ਬਾਜ਼ਾਰਾਂ ਤੱਕ ਬਰਾਬਰ ਪਹੁੰਚ ਦੀ ਆਗਿਆ ਦੇਣਾ ਹੈ। ਪਰ ਭਾਰਤ ਦੁਨੀਆਂ ਦੇ 24% ਕੁਪੋਸ਼ਣ ਦਾ ਘਰ ਹੈ ਸਭ ਤੋਂ ਵੱਧ ਦਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ । ਭੁੱਖਮਰੀ ਦੀ ਸਥਿਤੀ ਤਾਂ ਗਲੋਬਲ ਭੁੱਖਮਰੀ ਰਿਪੋਰਟ ਦੇ ਅੰਕੜਿਆਂ ਨੇ ਜੱਗ ਜ਼ਾਹਰ ਕਰ ਦਿੱਤੀ ਹੈ ਕਿਉਂਕਿ  ਅੰਕੜਿਆਂ ਮੁਤਾਬਿਕ ਭਾਰਤ ਇਸ ਸਮੇਂ ਦੁਨੀਆਂ ਦੇ 116 ਦੇਸ਼ਾਂ ਵਿਚੋਂ ਭੁੱਖਮਰੀ ਵਿਚ 101ਵੇਂ ਸਥਾਨ ਤੇ ਹੈ।  ਹਰੀ ਕ੍ਰਾਂਤੀ ਕਾਰਨ ਭਾਰਤ ਅੰਨ ਸੁਰੱਖਿਆ ਪੱਖ ਤੋਂ ਤਾਂ ਵਿਕਸਤ ਹੋ ਗਿਆ ਪ੍ਰੰਤੂ ਉਤਪਾਦਨਾਂ ਵਿਚ ਗੁਣਵੱਤਾ ਦੀ ਕਮੀ ਕਾਰਨ ਅੰਤਰਰਾਸ਼ਟਰੀ ਮੰਡੀ ਵਿਚ ਮੁਕਾਬਲਾ ਪਿੱਛੇ ਰਹਿ ਜਾਂਦਾ ਹੈ ਅਤੇ  ਖੇਤੀ ਖੇਤਰ ਵਿੱਚ ਨਵੀਆਂ ਤਕਨੀਕਾਂ ਦੇ ਉਦਯੋਗੀਕਰਨ ਨੂੰ ਘੱਟ ਅਪਣਾਇਆ ਜਾ ਸਕਣ  ਦਾ ਕਾਰਨ ਜ਼ਮੀਨ ਦੀ ਮਾਲਕੀ ਦਾ ਛੋਟੀਆਂ ਜੋਤਾਂ ਵਿੱਚ ਵੰਡਿਆ ਜਾਣਾ ਤੇ ਮੱਧ ਵਰਗੀ ਕਿਸਾਨੀ ਦਾ ਮਹਿੰਗੀ ਮਸ਼ੀਨਰੀ ਨਾ ਖਰੀਦ ਸਕਣਾ ਹੈ ।
   ਤੀਜਾ ਟਿਕਾਊ ਵਿਕਾਸ ਟੀਚਾ ਚੰਗੀ ਸਿਹਤ ਤੇ ਤੰਦਰੁਸਤੀ ਨੂੰ ਯਕੀਨੀ ਬਣਾਉਣਾ । ਮਾਵਾਂ, ਨਵਜੰਮੇ ਤੇ 5 ਸਾਲ ਤੋਂ ਘੱਟ ਮੌਤ ਦਰਾਂ ਨੂੰ ਘਟਾਉਣ ਨਾਲ ਸ਼ੁਰੂ ਹੁੰਦਾ ਹੈ। ਗੈਰ ਸੰਚਾਰੀ ਬੀਮਾਰੀਆਂ (ਐਨ.ਸੀ.ਡੀ.ਐੱਸ) ਵਿਸ਼ਵ ਭਰ ਵਿੱਚ ਮਨੁੱਖੀ ਸਿਹਤ ਤੇ ਵੱਡਾ ਬੋਝ ਪਾਉਂਦੀਆਂ ਹਨ। ਦੁਨੀਆਂ ਵਿੱਚ ਹੋਣ ਵਾਲੀਆਂ ਮੌਤਾਂ ਵਿਚ 63% ਐੱਨ.ਸੀ.ਡੀ.ਐਸ ਤੋਂ ਹੁੰਦੀਆਂ ਹਨ ਮੁੱਖ ਤੌਰ ਤੇ  ਕੈਂਸਰ, ਸ਼ੂਗਰ ਤੇ ਸਾਹ ਦੀ ਪੁਰਾਣੀ ਬਿਮਾਰੀਆਂ ਸ਼ਾਮਿਲ ਹਨ। ਭਾਰਤ ਵਿੱਚ ਮਨੁੱਖ ਦੀ 68.8 ਸਾਲ ਦੀ ਉਮਰ ਸੰਭਾਵਨਾ ਹੈ ਹਰ ਸਾਲ ਲਗਪਗ 5.8 ਮਿਲੀਅਨ  ਲੋਕ ਗੈਰ ਸੰਚਾਰੀ ਬੀਮਾਰੀਆਂ ਨਾਲ ਮਰਦੇ ਹਨ।
   ਚੌਥਾ ਟਿਕਾਊ ਵਿਕਾਸ ਟੀਚਾ ਮਿਆਰੀ ਸਿੱਖਿਆ ਤੇ ਬਰਾਬਰ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਣਾ ਤੇ ਸਾਰਿਆਂ ਲਈ ਜੀਵਨ ਭਰ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਬੇਸ਼ੱਕ ਭਾਰਤ ਨੇ 96.85%  ਸ਼ੁੱਧ ਪ੍ਰਾਇਮਰੀ ਦਾਖਲਾ ਦਰ ਤੇ 83.22 % ਸੈਕੰਡਰੀ ਸੰਪੂਰਨਤਾ ਦਰ ਨਾਲ ਸਿੱਖਿਆ ਨੂੰ ਬੁੱਢਿਆਂ ਤੱਕ ਪਹੁੰਚਾਉਣ ਯੋਗ ਬਣਾਉਣ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।  ਪਰ ਸਕੂਲੀ ਸਿੱਖਿਆ ਗੁਣਵੱਤਾ ਦੇ ਮਾਮਲੇ ਵਿੱਚ ਲਗਾਤਾਰ ਘਟ ਰਹੀ ਹੈ, ਸਰਕਾਰੀ ਸਕੂਲਾਂ ਵਿੱਚ ਸਿੱਖਿਆ ਅਨੁਕੂਲ ਵਾਤਾਵਰਨ, ਅਧਿਆਪਕਾਂ ਨੂੰ ਲੋੜੀਂਦੀ ਸਿਖਲਾਈ ਨਾ ਹੋਣਾ, ਕਲਾਸਰੂਮਾਂ ਵਿੱਚ ਵਿਦਿਆਰਥੀ ਅਧਿਆਪਕ ਅਨੁਪਾਤ ਦਾ ਘੱਟ ਹੋਣਾ ਦਰਪੇਸ਼ ਚੁਣੌਤੀਆਂ ਹਨ ।
  ਪੰਜਵਾਂ ਟਿਕਾਊ ਵਿਕਾਸ ਟੀਚਾ ਲਿੰਗ ਸਮਾਨਤਾ ਪ੍ਰਦਾਨ ਕਰਨਾ ਤੇ ਔਰਤਾਂ ਤੇ ਲੜਕੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਤੋਂ ਹੈ। ਔਰਤਾਂ ਤੇ ਲੜਕੀਆਂ ਵਿਰੁੱਧ ਹਰ ਤਰ੍ਹਾਂ ਦੇ ਵਿਤਕਰੇ ਨੂੰ ਖ਼ਤਮ ਕਰਨਾ ਭਾਵ ਜਨਮ  ਲਿੰਗ ਅਨੁਪਾਤ  ਦਾ ਅੰਤਰ ਘਰੇਲੂ ਹਿੰਸਾ, ਲੀਡਰਸ਼ਿਪ ਵਿੱਚ ਅੌਰਤਾਂ ਮਹਿਲਾ ਕਿਰਤ ਸ਼ਕਤੀ ਭਾਗੀਦਾਰੀ ਦਾ ਅਨੁਪਾਤ ਤੇ ਪਰਿਵਾਰ ਨਿਯੋਜਨ ਟੀਚੇ ਸ਼ਾਮਲ ਹਨ । ਪਰ ਭਾਰਤ ਵਿੱਚ ਲਿੰਗਿਕ ਵਿਤਕਰਾ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਬੇਸ਼ੱਕ ਸਮਾਂ ਬਦਲ ਰਿਹਾ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਭਾਰਤ ਅਸਫਲ ਰਿਹਾ ਹੈ।
   ਛੇਵਾਂ ਟਿਕਾਊ ਵਿਕਾਸ ਟੀਚਾ ਸਾਰਿਆਂ ਲਈ ਪਾਣੀ ਤੇ ਸੈਨੀਟੇਸ਼ਨ ਤਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ। 2030 ਏਜੰਡਾ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਤਾਜ਼ੇ ਪਾਣੀ ਦੇ ਸਰੋਤਾਂ ਤੇ ਵਾਤਾਵਰਨ ਪ੍ਰਣਾਲੀਆਂ  ਦਾ ਟਿਕਾਊ ਪ੍ਰਬੰਧਨ ਸਮਾਜਿਕ ਵਿਕਾਸ ਤੇ ਆਰਥਿਕ ਵਿਕਾਸ ਲਈ ਵੀ ਮਹੱਤਵਪੂਰਨ ਹੈ।
  ਸੱਤਵਾਂ ਟਿਕਾਊ ਵਿਕਾਸ ਟੀਚਾ ਸਾਰਿਆਂ ਲਈ ਕਿਫਾਇਤੀ ਭਰੋਸੇਮੰਦ ਟਿਕਾਊ ਤੇ ਆਧੁਨਿਕ ਊਰਜਾ ਤੱਕ ਯਕੀਨੀ ਬਣਾਉਣਾ ਹੈ ਭਾਰਤ ਨੇ ਪੂਰੇ ਦੇਸ਼ ਵਿਚ ਬਿਜਲੀ ਪ੍ਰਣਾਲੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗ  ਯਤਨ ਕੀਤੇ ਹਨ ਜਿਸ ਵਿੱਚ 96.7% ਆਬਾਦੀ ਹੁਣ ਬਿਜਲੀ ਤੱਕ ਪਹੁੰਚ ਕਰ ਰਹੀ ਹੈ।
  ਅੱਠਵਾਂ ਟਿਕਾਊ ਵਿਕਾਸ ਟੀਚਾ ਸਾਰਿਆਂ ਲਈ ਸਮਾਵੇਸ਼ੀ ਤੇ ਟਿਕਾਊ ਆਰਥਿਕ ਵਿਕਾਸ ਰੁਜ਼ਗਾਰ ਤੇ ਵਧੀਆ ਕੰਮ ਉਤਸ਼ਾਹਿਤ   ਕਰਨਾ ਹੈ । ਸਾਲ 2030 ਤੱਕ  ਭਾਰਤ ਨੂੰ ਉਮੀਦ ਹੈ ਕਿ ਹਰੇਕ ਨਾਗਰਿਕ ਨੂੰ  ਨੌਕਰੀ ਮਿਲੇ ਜੋ ਦੇਸ਼ ਦੀ ਉੱਨਤੀ ਵਿੱਚ ਯੋਗਦਾਨ ਪਾ ਸਕੇ।
  ਨੌਵਾਂ ਟਿਕਾਊ ਵਿਕਾਸ ਟੀਚਾ ਲਚਕੀਲੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਟਿਕਾਊ ਉਦਯੋਗੀਕਰਨ ਤੇ ਨਵੀਨਤਾ ਨੂੰ ਉਤਸ਼ਾਹਿਤ   ਕਰਨਾ ਹੈ। ਭਾਰਤ ਸਰਕਾਰ ਨੇ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਵਿੱਚ ਡਿਜੀਟਲ  ਬੁਨਿਆਦੀ ਢਾਂਚਾ ਬਣਾਉਣ ਲਈ ਕਾਫੀ ਯਤਨ ਕੀਤੇ ਹਨ। ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਰਾਹੀਂ ਪੇਂਡੂ ਇਲਾਕਿਆਂ ਨੂੰ ਆਪਸ ਵਿਚ ਜੋੜਨ ਦੇ ਨਾਲ ਨਾਲ ਖੇਤੀਬਾੜੀ, ਬਾਜ਼ਾਰਾਂ, ਉੱਚ ਸੈਕੰਡਰੀ ਸਕੂਲਾਂ, ਹਸਪਤਾਲਾਂ ਤੇ ਹੋਰ ਸੰਸਥਾਵਾਂ ਨਾਲ ਵੀ ਨਵੀਨਤਾਕਾਰੀ ਤੇ ਸੰਮਿਲਤ ਵਿਕਾਸ ਨੂੰ ਉਤਸ਼ਾਹਿਤ ਕੀਤਾ ਹੈ ।
   ਦਸਵਾਂ ਟਿਕਾਊ ਵਿਕਾਸ ਟੀਚਾ ਅਸਮਾਨਤਾਵਾਂ ਨੂੰ ਘਟਾਉਣਾ ਹੈ। ਗਲੋਬਲ ਤੌਰ ਤੇ ਆਮਦਨੀ ਅਸਮਾਨਤਾ ਵੱਧ ਰਹੀ ਹੈ। ਸਭ ਤੋਂ ਅਮੀਰ 10% ਵਿਸ਼ਵ ਆਮਦਨ ਆਮਦਨ ਦਾ 40% ਤੱਕ  ਕਮਾ ਰਹੇ ਹਨ। ਸਭ ਤੋਂ ਗ਼ਰੀਬ 10% ਕੁੱਲ ਆਮਦਨ ਦਾ ਸਿਰਫ਼ 2 ਤੋਂ 7 ਪ੍ਰਤੀਸ਼ਤ ਦੇ ਵਿਚਕਾਰ ਕਮਾਉਂਦੇ ਹਨ, ਵਿਕਾਸਸ਼ੀਲ ਦੇਸ਼ਾਂ ਵਿੱਚ ਅਸਮਾਨਤਾ 11 ਫ਼ੀਸਦੀ ਵਧੀ ਹੈ ।
  ਗਿਆਰਵਾਂ ਟਿਕਾਊ ਵਿਕਾਸ ਟੀਚਾ ਟਿਕਾਊ ਸ਼ਹਿਰ ਤੇ  ਭਾਈਚਾਰੇ ਨੂੰ ਬਰਕਰਾਰ ਰੱਖਣਾ ਹੈ। ਕਿਉਂਕਿ ਦੁਨੀਆਂ ਦੀ ਅੱਧ ਤੋਂ ਵੱਧ ਆਬਾਦੀ ਹੁਣ ਸ਼ਹਿਰੀ ਖੇਤਰ ਵਿੱਚ ਰਹਿੰਦੀ ਹੈ 2050 ਤੱਕ ਇਹ ਅੰਕੜਾ ਵਧ ਕੇ 6.5 ਬਿਲੀਅਨ ਲੋਕਾਂ ਤੱਕ ਪਹੁੰਚ ਜਾਵੇਗਾ । ਭਾਰਤ ਦੇ ਸ਼ਹਿਰਾਂ ਦੀ ਸਿਹਤ ਤੰਦਰੁਸਤੀ ਤੇ ਸਥਿਰਤਾ ਨੂੰ ਅਜੇ ਵੀ ਸ਼ਹਿਰ ਦੀ ਸਥਿਤੀ ਨੂੰ ਵਿਕਸਤ ਕਰਨ ਲਈ ਸ਼ਹਿਰੀ ਨਿਗਮਾਂ ਤੇ ਰਾਜ ਸਰਕਾਰਾਂ ਵਿੱਚ ਸਹਿਯੋਗ ਦੀ ਘਾਟ ਕਾਰਨ ਖ਼ਤਰਾ ਬਰਕਰਾਰ ਹੈ ।
    ਬਾਰ੍ਹਵਾਂ  ਟਿਕਾਊ ਵਿਕਾਸ ਟੀਚਾ ਜ਼ਿੰਮੇਵਾਰ ਖਪਤ ਤੇ ਉਤਪਾਦਨ ਪ੍ਰਤੀ ਜ਼ਿੰਮੇਵਾਰ ਹੋਣਾ ਹੈ। ਕਿਉਂਕਿ ਆਰਥਿਕ ਵਿਕਾਸ ਤੇ ਟਿਕਾਊ ਵਿਕਾਸ ਨੂੰ ਪ੍ਰਾਪਤ  ਕਰਨਾ ਜ਼ਰੂਰੀ ਹੈ  ਤਾਂ ਜੋ ਵਸਤੂਆਂ ਦੇ ਸਰੋਤਾਂ ਤੇ ਉਤਪਾਦਨਾਂ ਤੇ ਖਪਤ ਦੇ ਤਰੀਕੇ ਨੂੰ ਬਦਲ ਕੇ ਆਪਣੀਆਂ ਵਾਤਾਵਰਣਿਕ ਲੋੜਾਂ ਨੂੰ ਸੀਮਤ ਕੀਤਾ ਜਾ ਸਕੇ ਤੇ ਸਾਂਝੇ ਕੁਦਰਤੀ ਸਰੋਤਾਂ ਦਾ ਕੁਸ਼ਲ ਪ੍ਰਬੰਧਨ, ਜ਼ਹਿਰੀਲੇ ਰਹਿੰਦ ਖੂੰਹਦ ਪ੍ਰਦੂਸ਼ਕਾਂ ਦਾ ਨਿਪਟਾਰੇ ਦਾ ਤਰੀਕਾ ਹੀ ਇਸ ਟਿਕਾਊ ਵਿਕਾਸ ਦਾ ਟੀਚਾ ਹੈ।
  ਤੇਰਵਾਂ ਟਿਕਾਊ ਵਿਕਾਸ ਟੀਚਾ ਜਲਵਾਯੂ ਤਬਦੀਲੀ ਤੇ ਇਸ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਤੁਰੰਤ ਕਾਰਵਾਈ ਕਰਨਾ ਹੈ। ਦੁਨੀਆਂ ਦਾ ਕੋਈ ਵੀ ਦੇਸ਼ ਅਜਿਹਾ ਨਹੀਂ ਜੋ ਜਲਵਾਯੂ ਪਰਿਵਰਤਨ ਦੇ ਗੰਭੀਰ ਪ੍ਰਭਾਵਾਂ ਤੋਂ ਜਾਣੂ ਨਾ ਹੋਵੇ। ਗਲੋਬਲ ਵਾਰਮਿੰਗ ਜਲਵਾਯੂ ਪ੍ਰਣਾਲੀ ਵਿਚ ਲੰਮੇ ਸਮੇਂ ਲਈ ਤਬਦੀਲੀਆਂ ਦਾ ਆਉਣਾ  ਵੀ ਖ਼ਤਰਨਾਕ ਹੈ । ਸਿਰਫ਼ ਭੂਚਾਲਾਂ, ਸੁਨਾਮੀ, ਖੰਡੀ ਚੱਕਰਵਾਤਾਂ ਤੇ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਦੀ ਗਿਣਤੀ ਸੈਂਕੜੇ ਬਿਲੀਅਨ ਡਾਲਰਾਂ ਵਿੱਚ ਹੁੰਦੀ ਹੈ ਤਾਂ ਜਲਵਾਯੂ ਤਬਦੀਲੀ ਪ੍ਰਤੀ ਹਰੇਕ ਦੇਸ਼ ਨੂੰ ਜਾਗਰੂਕ  ਹੋਣ ਦੀ ਲੋੜ ਹੈ।
  ਚੌਦਵਾਂ ਟਿਕਾਊ ਵਿਕਾਸ ਟੀਚਾ ਪਾਣੀ ਦੇ ਹੇਠਾਂ ਜੀਵਨ ਨਾਲ ਸਬੰਧਤ ਹੈ। ਸਮੁੰਦਰ ਤੇ ਸਮੁੰਦਰੀ ਸਰੋਤਾਂ ਦੀ ਸੰਭਾਲ ਤੇ ਨਿਰੰਤਰ ਵਰਤੋਂ ਨੂੰ ਪ੍ਰੋਸਾਹਿਤ ਕਰਨਾ ਹੈ ਕਿਉਂਕਿ  ਵਿਸ਼ਵ ਵਿੱਚ 3 ਅਰਬ ਤੋਂ ਵੱਧ ਲੋਕ ਆਪਣੀ ਰੋਜ਼ੀ ਰੋਟੀ ਲਈ ਸਮੁੰਦਰੀ ਤੇ ਤੱਟਵਰਤੀ ਜੀਵ ਵਿਭਿੰਨਤਾ ਤੇ ਨਿਰਭਰ ਹਨ। ਮਨੁੱਖ ਦੁਆਰਾ ਪੈਦਾ ਕੀਤੀ ਕਾਰਬਨ ਡਾਇਆਕਸਾਈਡ ਦਾ ਲਗਪਗ 30% ਹਿੱਸਾ ਸਮੁੰਦਰ ਹੀ ਜਜ਼ਬ ਕਰ ਲੈਂਦੇ ਹਨ।  ਪਰ ਭਾਰਤ ਦੇ ਵਿਕਾਸ ਦਾ ਦੇਸ਼ ਦੇ ਸਮੁੰਦਰਾਂ ਤੇ ਜਲ ਮਾਰਗਾਂ ਦੀ ਸਿਹਤ ਤੇ ਕਾਫ਼ੀ ਮਾੜਾ ਪ੍ਰਭਾਵ ਪਿਆ ਕਿਉਂਕਿ ਉਦਯੋਗਿਕ ਖੇਤਰ ਵਿੱਚ  ਵਿਚਲਾ ਦੂਸ਼ਿਤ ਪਾਣੀ ਨੂੰ ਸਮੁੰਦਰਾਂ ਨਦੀਆਂ ਵਿੱਚ ਸੁੱਟਣਾ ਵਾਤਾਵਰਣਿਕ ਤੌਰ ਤੇ ਹਾਨੀਕਾਰਕ ਸਾਬਤ ਹੋਇਆ ਹੈ।
   ਪੰਦਰਵਾਂ ਟਿਕਾਊ ਵਿਕਾਸ ਟੀਚਾ ਸਥਾਈ ਤੌਰ ਤੇ ਜੰਗਲਾਂ ਦਾ ਪ੍ਰਬੰਧਨ, ਮਾਰੂਥਲੀ ਦਾ ਮੁਕਾਬਲਾ, ਜ਼ਮੀਨ ਦੇ ਨਿਘਾਰ  ਤੇ ਜੈਵ ਵਿਭਿੰਨਤਾ ਦੇ ਨੁਕਸਾਨ ਨੂੰ ਰੋਕਣਾ ਹੈ। ਮਨੁੱਖੀ ਜੀਵਨ ਲਈ ਜੰਗਲ 80%ਬਨਸਪਤੀ ਪ੍ਰਦਾਨ ਕਰਦੇ ਹਨ, ਕੁਦਰਤੀ ਸੋਮਿਆਂ ਦੀ ਬੇਲੋੜੀ ਵਰਤੋਂ ਨੇ ਮਾਰੂਥਲੀ, ਸੋਕੇ ਨੂੰ ਜਨਮ ਦਿੱਤਾ ਹੈ। ਭਾਰਤ ਦੇ ਵਿਕਾਸ  ਚਾਲ ਨੇ ਤੇਜ਼ੀ ਨਾਲ ਆਬਾਦੀ ਦੇ ਵਾਧੇ ਤੇ ਅਮਲੀ ਤੌਰ ਤੇ ਪੂਰੇ ਉਪ ਮਹਾਂਦੀਪ ਵਿੱਚ ਖੇਤੀਬਾੜੀ ਦੇ ਫੈਲਣ ਦੇ ਨਤੀਜੇ ਵਜੋਂ ਜੰਗਲਾਂ ਅਤੇ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਨੂੰ ਨੁਕਸਾਨ ਵਿੱਚ ਬਦਲ ਦਿੱਤਾ ਹੈ ।
  ਸੋਲ੍ਹਵਾਂ ਟਿਕਾਊ ਵਿਕਾਸ ਟੀਚਾ ਸ਼ਾਂਤੀ, ਨਿਆਂ ਤੇ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੈ । ਟਿਕਾਊ ਵਿਕਾਸ ਟੀਚਿਆਂ ਦਾ ਉਦੇਸ਼ ਹਿੰਸਾ ਦੇ ਰੂਪਾਂ ਨੂੰ ਮਹੱਤਵਪੂਰਨ ਤੌਰ ਤੇ ਘਟਾਉਣਾ ਹੈ। ਸੰਘਰਸ਼ ਤੇ ਸੁਰੱਖਿਆ ਦੇ ਸਥਾਈ ਹੱਲ ਲੱਭਣ ਲਈ ਦੇਸ਼ ਭਾਈਚਾਰਕ ਸਾਂਝ ਨਾਲ ਕੰਮ ਕਰਨ, ਜਿਸ ਨਾਲ ਵਿਸ਼ਵ ਸ਼ਾਂਤੀ ਦੀ ਸ਼ੁਰੂਆਤ ਹੋ ਸਕੇ ।
  ਸਤਾਰ੍ਹਵਾਂ ਟਿਕਾਊ ਵਿਕਾਸ ਟੀਚਾ ਗਲੋਬਲ ਭਾਈਵਾਲੀ ਨੂੰ ਮੁੜ ਸੁਰਜੀਤ ਕਰਨਾ ਹੈ।  ਸਰਕਾਰਾਂ, ਵਪਾਰਕ ਸੰਸਥਾਵਾਂ, ਗੈਰ ਲਾਭਕਾਰੀ ਸੰਸਥਾਵਾਂ ਤੇ ਸਿਵਲ ਸੁਸਾਇਟੀ ਵਿਚਕਾਰ  ਟਿਕਾਊ ਵਿਕਾਸ ਟੀਚਿਆਂ ਲਈ ਆਪਣੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਭਾਈਚਾਰਕ ਸਾਂਝ ਪੈਦਾ ਕਰਨਾ ਹੈ ਜਿਸ ਨਾਲ ਇਕ ਦੇਸ਼ ਹੀ ਨਹੀਂ ਬਲਕਿ ਵਿਸ਼ਵ ਪੱਧਰ ਤੇ ਆਪਸੀ ਭਾਈਚਾਰਕ  ਪੈਦਾ ਹੋਵੇਗੀ ਜਿਸ ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਸਹਾਰਾ ਮਿਲੇਗਾ ।
     ਉਪਰੋਤਕ ਸੰਯੁਕਤ ਰਾਸ਼ਟਰ ਦੁਆਰਾ ਏਜੰਡਾ 2030 ਦੇ ਮਿੱਥੇ 17 ਟੀਚੇ ਪੂਰੇ ਵਿਸ਼ਵ ਲਈ ਇਕ ਸਾਕਾਰਾਤਮਿਕ ਦਿਸ਼ਾ ਨਿਰਦੇਸ਼ਕ ਹਨ। ਜਿਸ ਸਦਕਾ ਸਾਰੇ ਮੁਲਕ ਆਪਸ ਵਿੱਚ ਵਾਤਾਵਰਣਿਕ, ਸਮਾਜਿਕ, ਆਰਥਿਕ ਪੱਖਾਂ ਤੋਂ ਆਪਸੀ ਸੁਧਾਰ ਲਈ ਯਤਨਸ਼ੀਲ ਹਨ।  ਭਾਰਤ ਇਕ ਤੇਜ਼ੀ ਨਾਲ ਉੱਭਰਦਾ ਹੋਇਆ ਵਿਕਾਸਸ਼ੀਲ ਦੇਸ਼ ਹੈ, ਜੋ ਸੰਯੁਕਤ ਰਾਸ਼ਟਰ ਦੁਆਰਾ ਮਿੱਥੇ ਟੀਚਿਆਂ  ਦੀ ਪ੍ਰਾਪਤੀ ਲਈ ਸਰਗਰਮ ਹੈ । ਵਰਤਮਾਨ ਸਮੇਂ ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮੇ ਆਸਾਨੀ ਨਾਲ ਪੂਰੇ ਹੋ ਸਕਦੇ ਹਨ । ਸਰਕਾਰ  ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਸੰਗਠਿਤ ਯੋਜਨਾਬੰਦੀ ਤਹਿਤ ਹਰ ਇੱਕ ਨਾਗਰਿਕ ਤੱਕ ਜਾਗਰੂਕਤਾ ਕਾਇਮ ਕਰੇ। ਜਿਸ ਨਾਲ ਲੋਕਾਂ ਲਈ  ਸਿਹਤ, ਸਮਾਨ ਅਧਿਕਾਰ ਤੇ ਭਵਿੱਖਤ ਵਾਤਾਵਰਨ ਸੁਰੱਖਿਅਤ ਕੀਤਾ ਜਾ ਸਕੇ ।

        ਲੇਖਕ : ਪ੍ਰੋ. ਗੁਰਵੀਰ ਸਿੰਘ ਸਰੌਦ
                      ਮਾਲੇਰਕੋਟਲਾ
    ਸੰਪਰਕ : 9417971451