ਮੇਲਾ - ਹਰਦੇਵ ਇੰਸਾਂ

ਚੇਤ ਲੰਘ ਵਿਸਾਖੀ ਦਾ ਮੇਲਾ ਆ ਗਿਆ।
ਮਾਰਦਾ ਹੈ ਕੱਛਾਂ ਜੱਟ ਮੇਲੇ ਆ ਗਿਆ॥

ਨਵਾਬ ਸ਼ਾਹਾਂ ਵਾਲੀ ਤਿਆਰੀ ਕਰਕੇ,
ਸੰਮਾਂ ਵਾਲੀ ਡਾਂਗ ਮੋਢੇ ਉੱਤੇ ਧਰ ਕੇ।
ਚਾੜ ਮੁੱਛਾਂ ਪੱਗ ਤੁਰਲੇਦਾਰ ਬੰਨ੍ਹ ਕੇ,
ਤਿੱਲੇਦਾਰ ਜੁੱਤੀ ਪੈਰੀਂ ਚਾੜ ਕੇ॥
ਟੌਹਰ ਕੱਢ ਜੱਟ ਮੇਲੇ ਆ ਗਿਆ,
ਚੇਤ ਲੰਘ ਵਿਸਾਖੀ...

ਮੇਲੇ ਵਿੱਚ ਰੌਣਕਾਂ ਖੂਬ ਲੱਗੀਆਂ,
ਚੋਬਰਾਂ ਨੂੰ ਦੇਖ ਸ਼ਰਮਾਉਣ ਨੱਢੀਆਂ।
ਚਾਰੇ ਪਾਸੇ ਮੇਲੇ 'ਚ ਬਹਾਰਾਂ ਛਾਈਆਂ,
ਬੰਨ੍ਹ ਬੰਨ੍ਹ ਟੋਲੀਆਂ ਯਾਰਾਂ ਦੀਆਂ ਆਈਆਂ॥
ਕੋਈ ਫਿਰੇ ਝਾਂਜਰਾਂ 'ਚੋਂ ਸੁਰ ਲੱਭਦਾ,
ਆ ਗਿਆ ਨਜਾਰਾ ਅਨੰਦ ਛਾ ਗਿਆ।
ਚੇਤ ਲੰਘ ਵਿਸਾਖੀ...

ਮੇਲੇ ਵਿੱਚ ਹੋਣ ਘੋਲ ਤੇ ਕਬੱਡੀਆਂ,
ਕਿਧਰੇ ਗਏ ਰਾਗ ਸਾਰੰਗੀ ਢਾਡੀਆਂ।
ਮੇਲੇ ਵਿੱਚ ਫਿਰੇ ਕੋਈ ਹੀਰ ਲੱਭਦਾ,
ਹੁਸਨਾਂ ਦੇ ਨਾਲ ਜਾਵੇ ਮੇਲੇ ਮਘਦਾ॥
ਮੇਲੇ 'ਚ ਜਲੇਬੀਆਂ ਲਾਈਆਂ ਤੇਲੀਆਂ,
ਇਕੱਠੇ ਹੋ ਕੇ ਖਾਧੀਆਂ ਯਾਰਾਂ ਬੇਲੀਆਂ।
ਕੋਈ ਜਲੇਬੀ ਨਾਲ ਪਕੌੜਾ ਖਾ ਗਿਆ,
ਚੇਤ ਲੰਘ ਵਿਸਾਖੀ...

ਭੰਗੜੇ ਨੇ ਪੈਂਦੇ ਬੰਨ੍ਹ ਬੰਨ੍ਹ ਟੋਲੀਆਂ,
ਹਿੱਕ ਤਾਣ ਮੁਟਿਆਰਾਂ ਪਾਉਣ ਬੋਲੀਆਂ।
ਹੁਸਨਾਂ ਦਾ ਮੇਲੇ 'ਚ ਗੁਲਾਲ ਵਰ੍ਹਦਾ,
ਹੁਸਨ ਸ਼ਬਾਬ ਚੜ੍ਹਦੇ ਤੋਂ ਚੜ੍ਹਦਾ॥
ਗੱਭਰੂਆਂ ਪੱਗਾਂ ਤੁਰਲੇਦਾਰ ਬੰਨੀਆਂ,
ਸਿਰ ਉੱਤੇ ਮੁਟਿਆਰਾਂ ਲਈਆਂ ਚੁੰਨੀਆਂ।
ਢੋਲ ਵਾਲਾ ਡੱਗੇ ਉੱਤੇ ਡੱਗਾ ਲਾ ਗਿਆ,
ਚੇਤ ਲੰਘ ਵਿਸਾਖੀ...

ਭੋਲੂ ਨੇ ਬਾਬੇ ਦੀ ਉਂਗਲ ਫੜੀ ਹੋਈ ਹੈ,
ਦੂਜੇ ਹੱਥ ਖੇਡ ਤੇ ਖਿਡੌਣਾ ਕੋਈ ਹੈ।
ਭੋਲੂ ਕਰੇ ਜ਼ਿਦ ਕਹਿੰਦਾ ਪਕੌੜੇ ਖਾਣੇ ਆ,
ਸਿਆਣਿਆਂ ਨਾਲ ਟਾਂਵੇ ਟਾਂਵੇ ਨਿਆਣੇ ਆ॥
ਚੰਡੋਲ ਵਾਲਾ ਭਾਈ ਪਿਆ ਵਾਜਾ ਮਾਰਦਾ,
ਲੈ ਲਓ ਨਜਾਰਾ ਕੁਤਬ ਮੀਨਾਰ ਦਾ।
ਵਣਜਾਰੇ ਕੋਲ ਕਈ ਮੁਟਿਆਰਾਂ ਖੜ੍ਹੀਆਂ,
ਖਰੀਦਣ ਉਹ ਵੰਗਾਂ ਲਾਲ ਹਰੀਆਂ॥
ਕਿਸੇ ਨੂੰ ਪਸੰਦ ਨੀਲਾ ਹਰਾ ਆ ਗਿਆ,
ਚੇਤ ਲੰਘ ਵਿਸਾਖੀ...

ਕਿਧਰੇ ਨੇ ਵਿਕਦੇ ਛਿੱਕੂ ਮਧਾਣੀਆਂ,
ਚਾਈਂ ਚਾਈਂ ਖਰੀਦਣ ਸੁਆਣੀਆਂ।
ਕਿਧਰੇ ਵਿਕਦੇ ਮੁਹਾਰ ਟੱਲੀਆਂ,
ਛੇਕੜੇ ਨੂੰ ਕੂੰਜਾਂ ਘਰ ਮੁੜ ਚੱਲੀਆਂ॥
ਜੱਟ ਵੀ ਖ਼ਰੀਦ ਕੇ ਮੁਹਾਰ ਆ ਗਿਆ,
ਚੇਤ ਲੰਘ ਵਿਸਾਖੀ ਦਾ ਮੇਲਾ ਆ ਗਿਆ।
ਮਾਰਦਾ ਹੈ ਕੱਛਾਂ ਜੱਟ ਮੇਲੇ ਆ ਗਿਆ॥


ਹਰਦੇਵ ਇੰਸਾਂ
ਪਿੰਡ ਰਾਮਗੜ੍ਹ ਚੂੰਘਾਂ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94659-55973

9 April 2018