ਡਰ, ਐ ਦੇਸ਼ ਮੇਰੇ, ਤੂੰ ਡਰ... - ਸਵਰਾਜਬੀਰ

ਡਰ, ਡਰ ਮੇਰੇ ਦਿਲ, ਡਰ
ਡਰ, ਏਨਾ ਡਰ, ਕਿ ਡਰ
ਹੀ ਬਣ ਜਾਏ ਤੇਰਾ ਘਰ
ਡਰ ਵਿਚ ਹੀ ਤੇਰਾ ਬਚਾਅ
ਲੁਕਾਅ, ਆਪਣੇ ਆਪ ਨੂੰ ਲੁਕਾਅ
ਲੁਕਾਅ ਆਪਣੇ ਆਪ ਨੂੰ
ਜਿਸਮ ਵਿਚ, ਮਕਾਨ ਵਿਚ
ਕਾਰਪੋਰੇਟੀ ਦੁਕਾਨ ਵਿਚ
ਆਪਣੇ ਆਪ ਨੂੰ ਲੁਕਾਅ
ਚੁੱਪ ਦੇ ਤੂਫ਼ਾਨ ਵਿਚ
ਡਰ ਤੋਂ ਵੀ ਡਰ
ਜੀਉਂਦਿਆਂ ਹੀ ਮਰ
ਡਰ, ਐ ਦਿਲ ਮੇਰੇ, ਡਰ
ਕਿ ਡਰ ’ਚੋਂ ਹੀ
ਉਗਮਦਾ ਹੈ, ਸਰ1
ਡਰ, ਐ ਦਿਲ ਮੇਰੇ, ਡਰ
ਡਰ, ਐ ਦੇਸ਼ ਮੇਰੇ, ਡਰ
(1ਸਿਰ)
       ਡਰ ਤੇ ਹੌਸਲੇ/ਹਿੰਮਤ ਨੂੰ ਕਈ ਵਾਰ ਵਿਰੋਧੀ ਭਾਵਨਾਵਾਂ ਮੰਨਿਆ ਜਾਂਦਾ ਹੈ; ਡਰ ਨੂੰ ਮਨੁੱਖ ਦੀ ਨਕਾਰਾਤਮਕ ਮਾਨਸਿਕ ਸਥਿਤੀ ਨਾਲ ਜੋੜਿਆ ਜਾਂਦਾ ਹੈ ਅਤੇ ਹੌਸਲੇ ਨੂੰ ਸਕਾਰਾਤਮਕ ਸਥਿਤੀ ਨਾਲ ਪਰ ਮਨੁੱਖ ਦੀ ਮਾਨਸਿਕ ਸਥਿਤੀ ਏਨੀ ਸਿੱਧੀ ਤੇ ਸਪਾਟ ਨਹੀਂ ਹੁੰਦੀ। ਉਹ ਡਰਦਾ ਹੈ ਸਥਿਤੀਆਂ ਤੋਂ, ਵਰਤਾਰਿਆਂ ਤੋਂ, ਘਟਨਾਵਾਂ ਤੋਂ, ਹਾਲਾਤ ਤੋਂ, ਡਰਾਉਣ ਵਾਲੇ ਬੰਦਿਆਂ ਤੋਂ, ਭੀੜਾਂ ਤੋਂ, ਫ਼ੌਜਾਂ ਤੋਂ, ਪੁਲੀਸ ਤੇ ਕਾਨੂੰਨ ਤੋਂ, ਜੰਗਾਂ ਤੇ ਲੜਾਈਆਂ ਤੋਂ, ਆਪਣਿਆਂ ਤੇ ਪਰਾਇਆਂ ਦੇ ਲਾਲਚ ਤੋਂ, ਭਵਿੱਖ ਦੀ ਅਨਿਸ਼ਚਿਤਤਾ ਤੋਂ, ਆਪਣੇ ਸਮਿਆਂ ਦੇ ਮਾਹੌਲ ਤੋਂ, ਅਤੀਤ ’ਚ ਪਏ ਤਜਰਬਿਆਂ ਤੇ ਯਾਦਾਂ ਕਾਰਨ, ਬੀਤੇ ’ਚ ਖਾਧੇ ਜ਼ਖ਼ਮਾਂ ਕਾਰਨ। ਡਰ ਮਨੁੱਖ ਦੇ ਮਾਨਸਿਕ ਸੰਸਾਰ ਦਾ ਹਿੱਸਾ ਹੈ। ਡਰਨ ਤੋਂ ਬਾਅਦ ਹੀ ਮਨੁੱਖ ਸੋਚਦਾ ਹੈ ਕਿ ਉਸ ਨੇ ਡਰ ’ਤੇ ਕਾਬੂ ਕਿਵੇਂ ਪਾਉਣਾ ਹੈ, ਕਿਵੇਂ ਹਿੰਮਤ ਕਰਨੀ ਤੇ ਹੌਸਲੇ ਦਾ ਲੜ ਫੜਨਾ ਹੈ। ਉਸ ਨੂੰ ਆਪਣੇ ਡਰਨ ’ਤੇ ਸ਼ਰਮ ਆਉਂਦੀ ਹੈ। ਉਹ ਇਹ ਫ਼ੈਸਲਾ ਵੀ ਕਰ ਸਕਦਾ ਹੈ ਕਿ ਉਹ ਡਰਿਆ ਰਹੇ। ਯਾਂ ਪਾਲ ਸਾਰਤਰ ਤੋਂ ਸ਼ਬਦ ਉਧਾਰੇ ਮੰਗ ਕੇ ਕਿਹਾ ਜਾ ਸਕਦਾ ਹੈ ਕਿ ‘‘ਉਹ ਕੰਧ ਵਿਚ ਮੋਰੀ ਕਰ ਕੇ ਉਸ ਵਿਚ ਛੁਪ ਜਾਵੇਗਾ।’’ ਜਾਂ ਉਹਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਲੁਕ-ਛਿਪ ਕੇ ਨਹੀਂ ਜੀ ਸਕਦਾ, ਉਸ ਨੂੰ ਹਾਲਾਤ ਦਾ ਸਾਹਮਣਾ ਕਰਨਾ ਪੈਣਾ ਹੈ।
        ਉੱਪਰਲੀ ਕਵਿਤਾ ਉਦੋਂ ਲਿਖੀ ਜਾ ਰਹੀ ਹੈ ਜਿਸ ਸਮੇਂ ਦੇਸ਼ ਵਿਚ ਡਰ, ਭੈਅ ਤੇ ਖ਼ੌਫ਼ ਦੀ ਸਲਤਨਤ ਉਸਾਰੀ ਜਾ ਰਹੀ ਹੈ, ਜਦ ਧਾਰਮਿਕ ਕੱਟੜਤਾ ਵਿਚ ਗ੍ਰਸੀਆਂ ਭੀੜਾਂ ਇਕ-ਦੂਸਰੇ ’ਤੇ ਹਮਲਾ ਕਰ ਰਹੀਆਂ ਹਨ, ਪੱਥਰਬਾਜ਼ੀ ਕਰਦੀਆਂ ਤੇ ਦੁਕਾਨਾਂ-ਮਕਾਨਾਂ ਨੂੰ ਅੱਗ ਲਗਾਉਂਦੀਆਂ ਹਨ, ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਉਂਦੀਆਂ ਹਨ, ਧਾਰਮਿਕ ਸਥਾਨਾਂ ’ਤੇ ਹਮਲੇ ਕੀਤੇ ਜਾਂਦੇ ਹਨ, ਘਰਾਂ-ਦੁਕਾਨਾਂ ’ਤੇ ਅਦਾਲਤੀ ਕਾਰਵਾਈ ਤੋਂ ਬਿਨਾਂ ਬੁਲਡੋਜ਼ਰ ਫੇਰੇ ਜਾਂਦੇ ਹਨ, ਸੱਤਾਧਾਰੀ ਹਜੂਮੀ ਹਿੰਸਾ ਕਰਨ ਵਾਲਿਆਂ ਦਾ ਜਨਤਕ ਤੌਰ ’ਤੇ ਮਾਣ-ਸਨਮਾਨ ਕਰਦੇ ਹਨ, ਘਿਰਣਾ ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦਿੱਤੇ ਜਾਂਦੇ ਹਨ, ਅਜਿਹੇ ਭਾਸ਼ਣ ਦੇਣ ਵਾਲਿਆਂ ਦੀ ਜੈ-ਜੈਕਾਰ ਹੁੰਦੀ ਹੈ, ਉਨ੍ਹਾਂ ਨੂੰ ਨਾਇਕ ਮੰਨਿਆ ਜਾਂਦਾ ਹੈ।
       ਬੁਲਡੋਜ਼ਰ ਲੋਕਾਂ ਨੂੰ ਡਰਾਉਣ ਦੇ ਪ੍ਰਤੀਕ ਬਣ ਗਏ ਹਨ, ਹੁਣੇ ਹੁਣੇ ਹੋਈਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਯੋਗੀ ਆਦਿੱਤਿਆਨਾਥ ਦੀਆਂ ਚੋਣ ਰੈਲੀਆਂ ਵਿਚ ਬੁਲਡੋਜ਼ਰ ਲਿਆ ਕੇ ਖਲ੍ਹਾਰੇ ਗਏ। ਕੀ ਦੱਸਣ ਲਈ ? ਕਿ ਯੋਗੀ ਇਨ੍ਹਾਂ ਨੂੰ ਇਸਤੇਮਾਲ ਕਰਨ ਵਾਲਾ ਤਾਕਤਵਰ ਸਿਆਸਤਦਾਨ ਹੈ। ਇਸ ਤਰ੍ਹਾਂ ਬੁਲਡੋਜ਼ਰ ਕਾਨੂੰਨ ਅਨੁਸਾਰ ਕੰਮ ਕਰਨ ਵਾਲੇ ਯੰਤਰ ਨਹੀਂ, ਤਾਕਤ ਤੇ ਸੱਤਾ ਦੇ ਪ੍ਰਤੀਕ ਹਨ, ਲੋਕਾਂ ਵਿਚ ਸਹਿਮ ਅਤੇ ਦਹਿਸ਼ਤ ਫੈਲਾਉਣ ਦੇ ਸੰਦ ਹਨ, ਦੁਕਾਨਾਂ ਤੇ ਮਕਾਨਾਂ ’ਤੇ ਚਲਾਏ ਜਾ ਰਹੇ ਇਨ੍ਹਾਂ ਬੁਲਡੋਜ਼ਰਾਂ ਨੇ ਕਾਨੂੰਨ ਅਤੇ ਸੰਵਿਧਾਨ ਰਾਹੀਂ ਨਿਰਧਾਰਿਤ ਪ੍ਰਕਿਰਿਆ ਲਿਤਾੜੀ ਤੇ ਕੁਚਲੀ ਹੈ, ਇਨ੍ਹਾਂ ਨੂੰ ਦੇਸ਼ ਨੂੰ ਸਮੂਹਿਕ ਮਾਨਸਿਕ ਦੁਫੇੜ ਵੱਲ ਧੱਕਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸਤੇਮਾਲ ਕਰਨ ਵਾਲੇ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿਚ ਆਪਣੇ ਆਪ ਨੂੰ ਸਹੀ ਠਹਿਰਾ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਮੰਨਿਆ ਜਾ ਰਿਹਾ ਹੈ, ਇਸੇ ਲਈ ਇਸ ਸਮੇਂ ਇਹ ਕਹਿਣਾ ਪੈ ਰਿਹਾ ਹੈ, ‘‘ਡਰ! ਐ ਦੇਸ਼ ਮੇਰੇ, ਡਰ!’’
         ਦੇਸ਼ ਨੂੰ ਡਰਨਾ ਪੈਣਾ ਹੈ ਕਿਉਂਕਿ ਹਵਾ ਵਿਚ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਦੇ ਬੋਲ ਗੂੰਜ ਰਹੇ ਹਨ, ‘‘ਜਿਸ ਘਰ ਸੇ ਪੱਥਰ ਆਏ ਹੈਂ, ਉਸ ਘਰ ਕੋ ਹੀ ਪੱਥਰੋਂ ਕਾ ਢੇਰ ਬਨਾਏਂਗੇ।’’ ਇਕ ਕੇਂਦਰੀ ਮੰਤਰੀ ਦੇ ਬੋਲ ਗੂੰਜ ਰਹੇ ਹਨ, ‘‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ... ਕੋ।’’ ਸਾਰੇ ਜਾਣਦੇ ਹਨ ਕਿ ਉਹ ਲੋਕ ਕੌਣ ਹਨ ਜਿਨ੍ਹਾਂ ਨੂੰ ‘ਗੱਦਾਰ’ ਕਿਹਾ ਜਾ ਰਿਹਾ, ਜਿਨ੍ਹਾਂ ਦੇ ਘਰਾਂ ਨੂੰ ਪੱਥਰਾਂ ਦੇ ਢੇਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੇਸ਼ ਨੂੰ ਇਸ ਮਾਨਸਿਕਤਾ ਤੋਂ ਡਰਨਾ ਪੈਣਾ ਹੈ, ਆਪਣੇ ਆਪ ਨੂੰ ਇਸ ਮਾਨਸਿਕਤਾ ਤੋਂ ਲੁਕਾਉਣਾ ਤੇ ਬਚਾਉਣਾ ਪੈਣਾ ਹੈ।
        ਭੈਅ ਦੀ ਇਸ ਸਲਤਨਤ ਨੂੰ ਉਸਾਰਨ ਦੇ ਦੌਰ ਵਿਚ ਹੀ ਮਾਨਵਤਾ ਦੇ ਇਕ ਅਜਿਹੇ ਰਹਿਬਰ ਦਾ ਜਨਮ ਦਿਨ ਮਨਾਇਆ ਗਿਆ ਜਿਸ ਨੇ ਮਨੁੱਖਤਾ ਨੂੰ ਭੈਅ-ਮੁਕਤ ਹੋਣ ਦਾ ਸੰਦੇਸ਼ ਦਿੱਤਾ ਸੀ, ਉਸ ਨੇ ਮਨੁੱਖ ਹੋਣ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ, ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।’’ ਇਹ ਪੰਜਾਬ ਦੀ ਧਰਤੀ ’ਤੇ ਜਨਮੇ ਗੁਰੂ ਤੇਗ ਬਹਾਦਰ ਜੀ ਸਨ ਜਿਨ੍ਹਾਂ ਨੇ ਔਖੇ ਵੇਲਿਆਂ ਵਿਚ ਇਹ ਸੰਕਲਪ ਪੇਸ਼ ਕੀਤਾ ਕਿ ਮਨੁੱਖ ਕਿਹੋ ਜਿਹਾ ਹੋਵੇ, ਉਨ੍ਹਾਂ ਦੱਸਿਆ ਕਿ ਮਨੁੱਖ ਨੂੰ ਨਾ ਤਾਂ ਕਿਸੇ ਨੂੰ ਡਰਾਉਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ ਚਾਹੀਦਾ ਹੈ। ਇਸ ਸਤਰ ਵਿਚ ਸਪੱਸ਼ਟ ਹੈ ਕਿ ਗੁਰੂ ਜੀ ਇਸ ਸੰਕਲਪ ਵਿਚ ਮਨੁੱਖ ਹੋਣ ਦੀ ਪਹਿਲੀ ਸ਼ਰਤ ਇਹ ਰੱਖਦੇ ਹਨ ਕਿ ਕਿਸੇ ਨੂੰ ਭੈਅ ਦੇਣਾ ਜਾਂ ਡਰਾਉਣਾ ਨਹੀਂ ਤੇ ਫਿਰ ਸੰਦੇਸ਼ ਦਿੰਦੇ ਹਨ ਕਿ ਕਿਸੇ ਦਾ ਭੈਅ ਨਹੀਂ ਮੰਨਣਾ।
        ਗੁਰੂ ਸਾਹਿਬ ਦੇ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਰਾਮਨੌਮੀ ਅਤੇ ਹਨੂੰਮਾਨ ਜੈਯੰਤੀ ਦੇ ਤਿਉਹਾਰ ਸਨ। ਇਨ੍ਹਾਂ ਤਿਉਹਾਰਾਂ ਮੌਕੇ ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਤੇ ਦਿੱਲੀ ਵਿਚ ਕੱਢੇ ਗਏ ਜਲੂਸਾਂ ਸਮੇਂ ਹਿੰਸਾ ਹੋਈ ਅਤੇ ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਭਾਈਚਾਰੇ ਦੇ ਲੋਕਾਂ, ਜਾਇਦਾਦਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮੱਧ ਪ੍ਰਦੇਸ਼ ਦੇ ਖਰਗੋਨ ਕਸਬੇ ਵਿਚ ਘਰਾਂ ਤੇ ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਢਾਹਿਆ ਗਿਆ। 16-17 ਅਪਰੈਲ ਦੀ ਰਾਤ ਨੂੰ ਉੱਤਰ ਪ੍ਰਦੇਸ਼ ਵਿਚ ਅਲੀਗੜ੍ਹ ਵਿਚ ਵੀ ਇਕ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਣਾਉ ਵਧਿਆ। ਗੁਜਰਾਤ ਦੇ ਕਸਬੇ ਖੰਭਾਤ (ਜ਼ਿਲ੍ਹਾ ਆਨੰਦ) ਵਿਚ ਰਾਮਨੌਮੀ ਦੇ ਜਲੂਸ ਵਿਚ ਹੋਈ ਹਿੰਸਾ ਤੋਂ ਬਾਅਦ ਬੁਲਡੋਜ਼ਰ ਚਲਾਏ ਗਏ ਹਨ। ਦਿੱਲੀ ਵਿਚ ਹਨੂੰਮਾਨ ਜੈਯੰਤੀ ਮੌਕੇ 16-17 ਅਪਰੈਲ ਦੀ ਰਾਤ ਨੂੰ ਜਹਾਂਗੀਰਪੁਰੀ ਇਲਾਕੇ ਵਿਚ ਹਿੰਸਾ ਹੋਈ। 20 ਅਪਰੈਲ ਨੂੰ ਬੁਲਡੋਜ਼ਰ ਇਸ ਇਲਾਕੇ ਵਿਚ ਵੀ ਪਹੁੰਚੇ ਅਤੇ ਸੁਪਰੀਮ ਕੋਰਟ ਦੁਆਰਾ ਰੋਕਣ ਦੇ ਆਦੇਸ਼ ਦੇਣ ਤੋਂ ਬਾਅਦ ਵੀ ਬੁਲਡੋਜ਼ਰ ਚੱਲਦੇ ਰਹੇ। ਸੀਪੀਐੱਮ ਦੀ ਆਗੂ ਬ੍ਰਿੰਦਾ ਕਰਾਤ ਸੁਪਰੀਮ ਕੋਰਟ ਦੇ ਕਾਰਵਾਈ ਰੋਕਣ ਦੇ ਨਿਰਦੇਸ਼ ਲੈ ਕੇ ਜਹਾਂਗੀਰਪੁਰੀ ਪਹੁੰਚੀ ਅਤੇ ਬੁਲਡੋਜ਼ਰਾਂ ਨੂੰ ਰੁਕਵਾਇਆ। ਇਸ ਤੋਂ ਪਹਿਲਾਂ ਵੀ ਲੋਕਾਂ ਅਤੇ ਅਧਿਕਾਰੀਆਂ ਨੂੰ ਪੌਣੇ ਗਿਆਰਾਂ ਵਜੇ ਸੁਣਾਏ ਗਏ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਬਾਰੇ ਪਤਾ ਸੀ ਪਰ ਜਾਣ-ਬੁੱਝ ਕੇ ਸਰਬਉੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ। ਇਹ ਸਰਬਉੱਚ ਅਦਾਲਤ ਦੀ ਮਾਣ-ਹਾਨੀ ਹੈ, ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਦਾ ਅਪਮਾਨ ਹੈ।
         ਬੁਲਡੋਜ਼ਰਾਂ ਨੂੰ ਚਲਾਉਣ ਦਾ ਹੁਕਮ ਦੇਣ ਵਾਲੇ ਵਿਅਕਤੀ ਜਾਣਦੇ ਹਨ ਕਿ ਉਨ੍ਹਾਂ ਦਾ ਮਕਸਦ ਕੀ ਹੈ, ਉਨ੍ਹਾਂ ਦਾ ਮਕਸਦ ਹੈ ਲੋਕਾਂ ਨੂੰ ਡਰਾਉਣਾ। ਡਰਾਉਣਾ ਇਕ ਕਲਾ ਹੈ। ਸੱਤਾਧਾਰੀਆਂ ਕੋਲ ਲੋਕਾਂ ਨੂੰ ਡਰਾਉਣ ਦੇ ਕਈ ਢੰਗ-ਤਰੀਕੇ ਹੁੰਦੇ ਹਨ। ਨਾਜ਼ੀ ਜਰਮਨੀ ਵਿਚ ਸਰਕਾਰੀ ਧਾੜਾਂ ਦੇ ਮਨਾਂ ਵਿਚ ਨਸਲੀ ਜ਼ਹਿਰ ਭਰ ਕੇ ਉਨ੍ਹਾਂ ਨੂੰ ਯਹੂਦੀਆਂ, ਜਿਪਸੀਆਂ (ਰੋਮਾ ਲੋਕਾਂ) ਤੇ ਕਮਿਊਨਿਸਟਾਂ ’ਤੇ ਕਹਿਰ ਢਾਹੁਣ ਦੇ ਹੁਕਮ ਦਿੱਤੇ ਗਏ ਸਨ। ਸੋਵੀਅਤ ਯੂਨੀਅਨ ਵਿਚ ਸਟਾਲਿਨ ਦੇ ਰਾਜ ਵਿਚ ਪੁਲੀਸ ਜਾਂ ਖ਼ੁਫ਼ੀਆ ਮਹਿਕਮੇ ਦੇ ਬੰਦੇ ਨਾਗਰਿਕਾਂ, ਜਿਨ੍ਹਾਂ ਵਿਚ ਕਹਿੰਦੇ-ਕਹਾਉਂਦੇ ਕਮਿਊਨਿਸਟ ਆਗੂ ਵੀ ਸ਼ਾਮਲ ਸਨ, ਦੇ ਘਰਾਂ ਦੇ ਬੂਹਿਆਂ ’ਤੇ ਅੱਧੀ ਰਾਤ ਦਸਤਕ ਦਿੰਦੇ ਅਤੇ ਉਹ ਲੋਕ ਸਾਇਬੇਰੀਆ, ਬੰਦੀਖ਼ਾਨਿਆਂ ਤੇ ਮੌਤ-ਘਰਾਂ ਵਿਚ ਪਹੁੰਚਾ ਦਿੱਤੇ ਜਾਂਦੇ। ਭਾਰਤ ਵਿਚ ਬਸਤੀਵਾਦੀ ਸਰਕਾਰ ਨੇ ਲੋਕਾਂ ਦੀ ਅਪੀਲ ਜਾਂ ਦਲੀਲ ਨੂੰ ਸੁਣਨ ਦੀ ਬਜਾਏ ਰੌਲਟ ਐਕਟ ਵਰਗੇ ਕਾਨੂੰਨ ਬਣਾਏ। ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ। 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 2019 ਵਿਚ ਜੰਮੂ-ਕਸ਼ਮੀਰ ਦੀ ਸੂਬੇ ਵਜੋਂ ਹੋਂਦ ਖ਼ਤਮ ਕਰ ਦਿੱਤੀ ਗਈ। ਅਨੇਕਾਂ ਉਦਾਹਰਨਾਂ ਹਨ। ਸਭ ਦਾ ਮਕਸਦ ਸੀ ਲੋਕਾਂ ਨੂੰ ਡਰਾਉਣਾ ਅਤੇ ਖ਼ੌਫ਼ ਦੀ ਸਲਤਨਤ ਕਾਇਮ ਕਰਨਾ। ਜਹਾਂਗੀਰਪੁਰੀ ਵਿਚ ਬੁਲਡੋਜ਼ਰ-ਕਾਰਵਾਈ ਤੋਂ ਬਾਅਦ ਨਾ ਸਿਰਫ਼ ਭਾਜਪਾ ਆਗੂਆਂ ਨੇ ਇਸ ਕਾਰਵਾਈ ਨੂੰ ਸਹੀ ਠਹਿਰਾਇਆ ਹੈ ਸਗੋਂ ਦਿੱਲੀ ਦੇ ਭਾਜਪਾ ਮੁਖੀ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਉਸ ਨੇ ਮਿਉਂਸਿਪਲ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨੂੰ ਚਿੱਠੀ ਲਿਖ ਕੇ ਦੰਗਾ ਕਰਨ ਵਾਲਿਆਂ ਦੀਆਂ ਦੁਕਾਨਾਂ ਤੇ ਮਕਾਨਾਂ ਨੂੰ ਤੋੜਨ ਲਈ ਕਿਹਾ ਸੀ।
       ਹੁਣ ਦੀ ਸਰਕਾਰ ਹਜੂਮੀ ਹਿੰਸਾ ਤੋਂ ਲੈ ਕੇ ਯੂਏਪੀਏ ਦੀ ਗ਼ੈਰ-ਕਾਨੂੰਨੀ ਵਰਤੋਂ ਕਰਨ, ਪੈਗਾਸਸ ਜਿਹੇ ਸਾਫ਼ਟਵੇਅਰ ਰਾਹੀਂ ਚਿੰਤਕਾਂ, ਸਮਾਜਿਕ ਕਾਰਕੁਨਾਂ ਤੇ ਸਿਆਸਤਦਾਨਾਂ ਦੇ ਫੋਨਾਂ ’ਤੇ ਨਿਗਾਹਬਾਨੀ ਕਰਨ ਅਤੇ ਲੋਕਾਂ ਦੇ ਘਰਾਂ-ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਢਾਹੁਣ ਜਿਹੇ ਢੰਗ-ਤਰੀਕੇ ਵਰਤ ਰਹੀ ਹੈ। ਜ਼ਾਕਿਰ ਹੁਸੈਨ ਕਾਲਜ ਦਿੱਲੀ, ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨਾਲ ਮਾਰ-ਕੁੱਟ ਕਰ ਕੇ ਉਨ੍ਹਾਂ ਨੂੰ ‘ਸਬਕ’ ਸਿਖਾਏ ਗਏ ਹਨ। ਟੀਚਾ ਉਹੀ ਹੈ : ਤੁਸੀਂ ਡਰੋ, ਸਾਡੇ (ਭਾਵ ਸੱਤਾਧਾਰੀਆਂ) ਤੋਂ ਡਰੋ। ਡਰਾਉਣ ਦੇ ਨਾਲ ਨਾਲ ਲੋਕਾਂ ਦੇ ਮਨਾਂ ਵਿਚ ਧਰਮ ਦੇ ਆਧਾਰ ’ਤੇ ਨਫ਼ਰਤ ਭਰੀ ਜਾ ਰਹੀ ਹੈ। ਕੀ ਬਹੁਗਿਣਤੀ ਭਾਈਚਾਰੇ ਨੂੰ ਇਸ ਵਰਤਾਰੇ ਤੋਂ ਫ਼ਾਇਦਾ ਹੋ ਰਿਹਾ ਹੈ? ਇਸ ਸਵਾਲ ਦਾ ਜਵਾਬ ਹੈ ‘ਨਹੀਂ’, ਉਨ੍ਹਾਂ ਦੇ ਪੁੱਤਰਾਂ ਦੇ ਮਨਾਂ ਵਿਚ ਨਫ਼ਰਤ ਦਾ ਜ਼ਹਿਰ ਭਰ ਕੇ ਉਨ੍ਹਾਂ ਨੂੰ ਅਮਨੁੱਖਤਾ ਵੱਲ ਧੱਕਿਆ ਜਾ ਰਿਹਾ ਹੈ; ਬਹੁਗਿਣਤੀ ਭਾਈਚਾਰੇ ਨੂੰ ਵੀ ਇਸ ਵਰਤਾਰੇ ਤੋਂ ਡਰਨ ਦੀ ਜ਼ਰੂਰਤ ਹੈ।
       ਸ਼ੁੱਕਰਵਾਰ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸਿੱਖ ਗੁਰੂ ਇਕ ਪਾਸੇ ਬ੍ਰਾਹਮਣੀ ਕਰਮ-ਕਾਂਡ, ਵਹਿਮਾਂ-ਭਰਮਾਂ, ਮੂਰਤੀ ਪੂਜਾ, ਜਾਤ-ਪਾਤ ਅਤੇ ਵਰਣ-ਆਸ਼ਰਮ ਵਿਰੁੱਧ ਲੜੇ, ਦੂਸਰੇ ਪਾਸੇ ਧਾਰਮਿਕ ਕੱਟੜਤਾ ਅਤੇ ਜਬਰ-ਜ਼ੁਲਮ ਦੇ ਵਿਰੁੱਧ। ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਸਮਾਜਿਕ-ਸਿਆਸੀ ਕ੍ਰਾਂਤੀ ਨੂੰ ਇਸ ਵਿਆਪਕ ਸਮਾਜਿਕ-ਸਿਆਸੀ-ਇਤਿਹਾਸਕ ਸੰਦਰਭ ਵਿਚ ਹੀ ਦੇਖਿਆ ਜਾ ਸਕਦਾ ਹੈ, ਉਹ ਕਿਸੇ ਧਰਮ ਦੇ ਵਿਰੁੱਧ ਨਹੀਂ ਸਨ, ਉਨ੍ਹਾਂ ਦਾ ਸੰਦੇਸ਼ ਸਾਂਝੀਵਾਲਤਾ ਦਾ ਸੰਦੇਸ਼ ਸੀ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਬੇਚੈਨੀ, ਵੇਦਨਾ ਅਤੇ ਵੈਰਾਗ਼ ਦੇ ਵਿਸ਼ੇ ਥਾਂ ਥਾਂ ’ਤੇ ਉੱਭਰੇ ਹਨ। ਉਨ੍ਹਾਂ ਨੇ ਆਪਣੀ ਬਾਣੀ ਵਿਚ ਮਨੁੱਖੀ ਹੋਣੀ ਸਬੰਧੀ ਮਹੱਤਵਪੂਰਨ ਪ੍ਰਸ਼ਨ ਉਠਾਏ ਹਨ ਅਤੇ ਫਿਰ ਆਪ ਹੀ ਉੱਤਰ ਦਿੱਤੇ ਹਨ। ਉਨ੍ਹਾਂ ਦੀ ਬਾਣੀ ਆਤਮ-ਸੰਵਾਦ ਦੀ ਬਾਣੀ ਹੈ। ਉਹ ਪ੍ਰਸ਼ਨ ਕਰਦੇ ਹਨ ‘‘ਬਲੁ ਛੁਟਕਿਓ ਬੰਧਨ ਪਰੇ ਕਛੁ ਨ ਹੋਤ ਉਪਾਇ।।’’ ਅਤੇ ਫਿਰ ਉੱਤਰ ਦਿੰਦੇ ਹਨ ‘‘ਬਲੁ ਹੋਆ ਬੰਧਨ ਛੁਟੇ ਸਭ ਕਿਛੁ ਹੋਤੁ ਉਪਾਇ।।’’ ਇਨ੍ਹਾਂ ਬੋਲਾਂ ਨੇ ਪੰਜਾਬ ਦੇ ਲੋਕਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਜ਼ੋਰ ਜਬਰ ਵਿਰੁੱਧ ਲੜਨ ਦੀ ਹਿੰਮਤ ਦਿੱਤੀ ਹੈ, ਇਹ ਬੋਲ ਪੰਜਾਬ ਦੀ ਲੋਕ-ਆਤਮਾ ਦੀ ਆਵਾਜ਼ ਬਣ ਗਏ ਹਨ। ਗੁਰੂ ਸਾਹਿਬ ਸਿਰਫ਼ ਨਿੱਜੀ ਤੌਰ ’ਤੇ ਬਲਸ਼ੀਲ ਹੋਣ ’ਤੇ ਜ਼ੋਰ ਨਹੀਂ ਸਨ ਦੇ ਰਹੇ, ਉਨ੍ਹਾਂ ਸਾਹਮਣੇ ਪੰਜਾਬ ਤੇ ਸਮੂਹ ਲੋਕਾਈ ਸੀ, ਉਹ ਆਉਣ ਵਾਲੇ ਸੰਘਰਸ਼ ਨੂੰ ਦੇਖਦੇ ਹੋਏ ਜ਼ੋਰ ਜਬਰ ਵਿਰੁੱਧ ਲੜਨ ਲਈ ਸਮਾਜਿਕ ਬਲ ਪੈਦਾ ਕਰਨ ’ਤੇ ਜ਼ੋਰ ਦੇ ਰਹੇ ਸਨ। ਸਮੂਹਿਕ ਸਮਾਜਿਕ ਬਲ ਹੀ ਹਾਕਮ ਜਮਾਤ ਨੂੰ ਵੰਗਾਰ ਸਕਦਾ ਹੈ। ਇਹੀ ਸਮੂਹਿਕ ਸਮਾਜਿਕ ਬਲ ਖ਼ਾਲਸੇ ਦੀ ਸਿਰਜਣਾ ਦਾ ਆਧਾਰ ਬਣਿਆ।
         ਭੈਅ ਦੀ ਸਲਤਨਤ ਦਾ ਸਾਹਮਣਾ ਕਰਨ ਲਈ ਸਮਾਜ ਦੇ ਸਾਰੇ ਹਿੱਸਿਆਂ ਤੇ ਵਰਗਾਂ ਨੂੰ ਬਲਸ਼ੀਲ ਹੋਣਾ ਪੈਣਾ ਹੈ। ਬਲਸ਼ੀਲ ਹੋਣ ਲਈ ਸੰਗਠਿਤ ਹੋਣਾ ਅਤੇ ਵਿਆਪਕ ਏਕਤਾ ਕਾਇਮ ਕਰਨੀ ਜ਼ਰੂਰੀ ਹੈ। 2020-21 ਦੇ ਕਿਸਾਨ ਅੰਦੋਲਨ ਨੇ ਸਾਨੂੰ ਇਹੀ ਸਿਖਾਇਆ ਸੀ, ਸਾਰੇ ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਲੋਕ ਇਕੱਠੇ ਹੋ ਕੇ ਬਲਸ਼ੀਲ ਹੋਏ, ਉਨ੍ਹਾਂ ਨੇ ਭੈਅ ਨੂੰ ਉਜਾਗਰ ਕਰਦੀਆਂ ਸੜਕਾਂ ’ਤੇ ਗੱਡੀਆਂ ਕਿੱਲਾਂ, ਜਲ-ਤੋਪਾਂ, ਪੁਲੀਸ ਤੇ ਸੁਰੱਖਿਆ ਬਲਾਂ ਦੇ ਦਸਤਿਆਂ ਅਤੇ ਹੋਰ ਸੱਤਾਮਈ ਪ੍ਰਤੀਕਾਂ ਨੂੰ ਅਰਥਹੀਣ ਕਰ ਦਿੱਤਾ ਸੀ। ਉਸ ਅੰਦੋਲਨ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲੇ ਸ਼ਾਹੀਨ ਬਾਗ਼ ਦੇ ਅੰਦੋਲਨ ਵਿਚ ਔਰਤਾਂ ਨੇ ਬਲਸ਼ੀਲ ਹੋਣ ਦਾ ਮੁਜ਼ਾਹਰਾ ਕੀਤਾ ਸੀ। ਜ਼ਰੂਰਤ ਹੈ ਸਮਾਜ ਦੇ ਹਰ ਵਰਗ ਅਤੇ ਫ਼ਿਰਕੇ ਵਿਚ ਜਮਹੂਰੀ ਅਗਵਾਈ ਕਰਨ ਵਾਲੇ ਆਗੂ ਸਾਹਮਣੇ ਆਉਣ ਅਤੇ ਸੰਕੀਰਨਤਾ ਨੂੰ ਛੰਡ ਕੇ ਵਿਆਪਕ ਲੋਕ-ਏਕਤਾ ਕਾਇਮ ਕੀਤੀ ਜਾਵੇ। ਆਪਣੇ ਸਮਾਜਾਂ, ਫ਼ਿਰਕਿਆਂ ਤੇ ਵਰਗਾਂ ਵਿਚ ਫੈਲੀ ਹੋਈ ਸੰਕੀਰਨਤਾ, ਫ਼ਿਰਕਾਪ੍ਰਸਤੀ ਅਤੇ ਔਰਤ-ਵਿਰੋਧੀ ਭਾਵਨਾਵਾਂ ਨਾਲ ਲੜਨ ਦੀ ਵੀ ਜ਼ਰੂਰਤ ਹੈ।
        ਹਾਕਮ ਲੋਕਾਂ ਨੂੰ ਡਰਾਉਂਦੇ ਆਏ ਹਨ, ਇਸ ਸਮੇਂ ਡਰਾਉਣ ਦਾ ਮਕਸਦ ਡਰ ਪੈਦਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਫ਼ਿਰਕੂ ਆਧਾਰ ’ਤੇ ਵੰਡਣਾ ਹੈ, ਸਾਨੂੰ ਇਸ ਮਨਸੂਬੇ ਤੋਂ ਡਰਨਾ ਅਤੇ ਇਸ ਪ੍ਰਕਿਰਿਆ ਦੇ ਜਟਿਲ ਅਰਥਾਂ ਨੂੰ ਸਮਝਣਾ ਚਾਹੀਦਾ ਹੈ। ਡਰ ਸਹਿਮ ਤੇ ਦਹਿਸ਼ਤ ਪੈਦਾ ਕਰਨ ਦੇ ਨਾਲ ਨਾਲ ਫ਼ਿਰਕਾਪ੍ਰਸਤੀ ਦੇ ਰੰਗਾਂ ਨੂੰ ਲੋਕਾਂ ਦੇ ਮਨਾਂ ਵਿਚ ਹੋਰ ਗੂੜ੍ਹਿਆਂ ਕਰ ਰਿਹਾ ਹੈ।
       ਡਰ ਇਕੱਲਤਾ ਵਿਚ ਪਲਦਾ ਤੇ ਪਣਪਦਾ ਹੈ। ਇਕੱਲਾ ਬੰਦਾ ਹੋਰ ਡਰਦਾ ਤੇ ਆਪਣੇ ਆਪ ਵਿਚ ਸੁੰਗੜਦਾ ਹੈ। ਸਾਨੂੰ ਡਰ ਤੇ ਭੈਅ ਦੇ ਇਸ ਮਹਾ-ਕੱਪਰ (ਤੂਫ਼ਾਨ) ਦਾ ਸਾਹਮਣਾ ਕਰਨ ਲਈ, ਇਕ-ਦੂਜੇ ਦਾ ਹੱਥ ਫੜਨਾ ਪੈਣਾ ਹੈ। ਡਰ ’ਤੇ ਕਾਬੂ ਪਾਉਣਾ ਤੇ ਸੰਗਠਿਤ ਹੋਣਾ ਪੈਣਾ ਹੈ।
(ਸ਼ੁਰੂਆਤੀ ਕਵਿਤਾ ਦੀ ਪਹਿਲੀ ਸਤਰ ਐਲਨ ਪੈਟਨ ਦੇ ਨਾਵਲ ‘ਰੋ, ਮੇਰੇ ਪਿਆਰੇ ਦੇਸ਼ (Cry, the Beloved Country)’ ਤੋਂ ਲਈ ਗਈ ਹੈ।)