ਚੋਰਾਂ ਨੂੰ ਮੋਰ - ਨਿਰਮਲ ਸਿੰਘ ਕੰਧਾਲਵੀ

ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ‘ਚ ਅਚਾਨਕ ਵਾਧਾ ਹੋ ਗਿਆ ਸੀ। ਇਹ ਧਾੜਵੀ ਲੁੱਟਦੇ ਵੀ ਸਨ ਅਤੇ ਨਲਕਿਆਂ ਦੇ ਹੈਂਡਲਾਂ ਤੇ ਲੋਹੇ ਦੀਆਂ ਰਾਡਾਂ ਆਦਿ ਨਾਲ਼ ਪਰਵਾਰ ਦੇ ਜੀਆਂ ਨੂੰ ਬੁਰੀ ਤਰ੍ਹਾਂ ਮਾਰ ਕੁੱਟ ਕੇ ਗੰਭੀਰ ਜ਼ਖ਼ਮੀ ਵੀ ਕਰਦੇ ਸਨ ਤੇ ਕਈ ਵਾਰੀ ਮੌਤਾਂ ਵੀ ਹੋ ਜਾਂਦੀਆਂ ਸਨ। ਭਾਵੇਂ ਕਿ ਪੁਲਸ ਦੀ ਗਸ਼ਤ ਤੇਜ਼ ਕਰ ਦਿਤੀ ਗਈ ਸੀ ਪਰ ਇਹ ਵਾਰਦਾਤਾਂ ਅਜੇ ਵੀ ਲਗਾਤਾਰ ਵਾਪਰ ਰਹੀਆਂ ਸਨ।
ਇਕ ਕਾਲ਼ੀ ਬੋਲੀ ਅੱਧੀ ਰਾਤ ਨੂੰ ਧਾੜਵੀਆਂ ਦਾ ਇਕ ਟੋਲਾ ਪਿੰਡ ਦੀ ਫਿਰਨੀ ਦੇ ਕੋਣੇ ‘ਤੇ ਸ਼ਿਵ ਦਿਆਲ ਸੁਨਿਆਰੇ ਦੇ ਘਰ ਨੂੰ ਲੁੱਟਣ ਲਈ ਆ ਪਹੁੰਚਾ। ਲੁਟੇਰਿਆਂ ਨੇ ਪਹਿਲਾਂ ਦਿਨ ਛਿਪਦੇ ਕਰਦੇ ਨਾਲ਼ ਇਕ ਨਵੀਂ ਨਕੋਰ ਜਿਪਸੀ ਕਿਸੇ ਡਰਾਈਵਰ ਪਾਸੋਂ ਖੋਹੀ। ਨੰਬਰ ਪਲੇਟ ਅਤੇ ਥੋੜ੍ਹਾ ਬਹੁਤ ਹੁਲੀਆ ਬਦਲ ਕੇ ਰਾਤ ਨੂੰ ਕਰਨ ਵਾਲ਼ੀ ਵਾਰਦਾਤ ਲਈ ਉਹਨਾਂ ਨੇ ਤਿਆਰ ਕਰ ਲਈ। ਲੁਟੇਰਿਆਂ ਨੂੰ ਵੀ ਪਤਾ ਸੀ ਕਿ ਪੁਲਿਸ ਨੇ ਗਸ਼ਤ ਤੇਜ਼ ਕੀਤੀ ਹੋਈ ਸੀ ਸੋ ਉਹ ਵੀ ਬੜੇ ਚੌਕਸ ਸਨ। ਇਹਨਾਂ ਵਾਰਦਾਤਾਂ ਲਈ ਮੋਬਾਈਲ ਫੋਨ ਉਹਨਾਂ ਨੂੰ ਬਹੁਤ ਕੰਮ ਦਿੰਦੇ ਸਨ।
ਲੁਟੇਰੇ ਅਜੇ ਸ਼ਿਵ ਦਿਆਲ ਦੇ ਘਰ ਦੀ ਬਾਹਰਲੀ ਕੰਧ ਟੱਪਣ ਲੱਗੇ ਹੀ ਸਨ ਕਿ ਫਿਰਨੀ ਤੋਂ ਮੁੜੀ ਪੁਲਿਸ ਦੀ ਜੀਪ ਦੀਆਂ ਹੈੱਡਲਾਈਟਾਂ ਨੇ ਲੁਟੇਰਿਆਂ ਦੀਆਂ ਪੁਦੀੜਾਂ ਪੁਆ ਦਿਤੀਆਂ। ਇਹ ਸਾਰਾ ਕੁਝ ਏਨੀ ਛੇਤੀ ਵਾਪਰ ਗਿਆ ਕਿ ਲੁਟੇਰਿਆਂ ਨੂੰ ਆਪਣੀ ਜਿਪਸੀ ਤੱਕ ਵੀ ਪਹੁੰਚਣ ਦਾ ਸਮਾਂ ਨਾ ਮਿਲਿਆ ਤੇ ਜਿਧਰ ਨੂੰ ਵੀ ਰਾਹ ਦਿਸਿਆ ਉਧਰ ਨੂੰ ਭੱਜ ਉੱਠੇ ਤੇ ਜਿਹੜੇ ਸਾਥੀ ਨੂੰ ਉਹ ਜਿਪਸੀ ‘ਚ ਛੱਡ ਕੇ ਗਏ ਸਨ ਉਹ ਜਿਪਸੀ ‘ਚੋਂ ਬਾਹਰ ਨਿਕਲ ਕੇ ਆਲ਼ੇ-ਦੁਆਲੇ ਦੀ ਨਿਗਾਹ ਰੱਖ ਰਿਹਾ ਸੀ। ਅਚਾਨਕ ਆਈ ਪੁਲਿਸ ਦੇਖ ਕੇ ਉਹ ਵੀ ਏਨਾ ਘਬਰਾ ਗਿਆ ਕਿ ਚਾਬੀਆਂ ਗੱਡੀ ਵਿਚੇ  ਹੀ ਛੱਡ ਕੇ ਉਹ ਵੀ ਭੱਜ ਉੱਠਿਆ। ਥਾਣੇਦਾਰ ਗੱਬਰ ਸਿੰਘ ਦੇ ਨਾਲ ਦੇ ਦੋਵੇਂ ਸਿਪਾਹੀ ਜਦੋਂ ਲੁਟੇਰਿਆਂ ਮਗਰ ਭੱਜਣ ਲੱਗੇ ਤਾਂ ਉਹ ਗਰਜਿਆ, “ ਉਏ ਨਲੈਕੋ, ਇਹਨਾਂ ਮਗਰ ਭੱਜ ਕੇ ਛਿੱਕੂ ਮਿਲਣੈ ਤੁਹਾਨੂੰ, ਕਚਹਿਰੀਆਂ ਦੇ ਚੱਕਰ ਮਾਰਦੇ ਰਹੋਂਗੇ ਗਵਾਹੀਆਂ ਦੇਣ ਲਈ। ਇਹਨਾਂ ਸਾਲ਼ਿਆਂ ਨੂੰ ਵੱਧ ਤੋਂ ਵੱਧ ਸਾਲ ਛੇ ਮਹੀਨੇ ਦੀ ਸਜ਼ਾ ਹੋ ਜਾਊ, ਜੱਜ ਨੇ ਹੋਰ ਇਹਨਾਂ ਦੀਆਂ ਕੀ ਲੂਲ੍ਹਾਂ ਲਾਹ ਲੈਣੀਆਂ?”
ਸਿਪਾਹੀਆਂ ਦੇ ਪੈਰ ਉੱਥੇ ਹੀ ਰੁਕ ਗਏ।
ਸਿਪਾਹੀ ਕਾਲ਼ਾ ਸਿੰਘ ਬੋਲਿਆ, “ ਕੀ ਹੁਕਮ ਐ ਸਾਬ੍ਹ ਜੀ ਫੇਰ?”
“ ਤੂੰ ਜੀਪ ਲੈ ਕੇ ਵਗ ਜਾਹ ਫੌਜੀ ਮਕੈਨਿਕ ਕੋਲ ਤੇ ਉਹਦੇ ਕੋਲੋਂ ਕੋਈ ਕਬਾੜਾ ਹੋਈ ਜਿਪਸੀ ਜੀਪ ਦੇ ਮਗਰ ਬੰਨ੍ਹ ਕੇ ਲੈ ਆ, ਉਹਨੂੰ ਕਹੀਂ ਸਾਬ੍ਹ ਦਾ ਹੁਕਮ ਐ- ਫੁਰਤੀਆਂ ਕਰ ਹੁਣ। ਉਹਨੂੰ ਵੀ ਨਾਲ ਹੀ ਲੈਂਦਾ ਆਵੀਂ। ਮੈਂ ਵੀ ਕਰਦਾਂ ਉਹਨੂੰ ਫੂਨ, ਤੂੰ ਵਗ ਜਾਹ ਹਵਾ ਹੋ ਜਾਹ ਬਸ, “ ਗੱਬਰ ਸਿੰਘ ਨੇ ਮੁੱਛ ਮਰੋੜ ਕੇ ਕਾਲ਼ਾ ਸਿੰਘ ਨੂੰ ਹੁਕਮ ਚਾੜ੍ਹਿਆ।
“ ਸਾਬ੍ਹ ਜੀ ਕਬਾੜਾ ਹੋਈ ਜਿਪਸੀ ਕੀ ਕਰਨੀ ਐ?” ਸਿਪਾਹੀ ਗਿੰਦਰ ਸਿੰਘ ਥਾਣੇਦਾਰ ਨੂੰ ਪੁੱਛ ਬੈਠਾ।
“ ਉਏ ਸਹੁਰੀ ਦਿਆ, ਤਾਂ ਹੀ ਸਿਪਾਹੀ ਦਾ ਸਿਪਾਹੀ ਐਂ, ਤੇਰੇ ਨਾਲ ਦੇ ਭਰਤੀ ਹੋਏ ਹੁਣ ਤਾਈਂ ਹੌਲਦਾਰ ਤੇ ਛੋਟੇ ਠਾਣੇਦਾਰ ਬਣੇ ਬੈਠੇ ਆ? ਤੂੰ ਲੋਲ੍ਹੇ ਦਾ ਲੋਲ੍ਹਾ ਹੀ ਰਹਿਣੈ, ਪਤਾ ਨ੍ਹੀਂ ਕਿਹੜੇ ਕੰਜਰ ਨੇ ਭਰਤੀ ਕੀਤਾ ਸੀ ਤੈਨੂੰ?”
ਥਾਣੇਦਾਰ ਨੇ ਗਿੰਦਰ ਸਿਉਂ ਦੀ ਛੋਈ ਲਾਹ ਸੁੱਟੀ ਤੇ ਉਹ ਗ਼ਰੀਬ ਹੁਣ ਸਵਾਲ ਕਰ ਕੇ ਪਛਤਾ ਰਿਹਾ ਸੀ।
ਕਾਲ਼ਾ ਸਿੰਘ ਕਦੋਂ ਦਾ ਜੀਪ ਲੈ ਕੇ ਜਾ ਚੁੱਕਾ ਸੀ।
ਰੌਲਾ-ਰੱਪਾ ਸੁਣ ਕੇ ਹੁਣ ਤਾਈਂ ਕਾਫੀ ਲੋਕ ਇਕੱਠੇ ਹੋ ਚੁੱਕੇ ਸਨ। ਗੱਬਰ ਸਿੰਘ ਚਟਖ਼ਾਰੇ ਲੈ ਲੈ ਕੇ ਵਾਰ ਵਾਰ ਮੁੱਛਾਂ ਨੂੰ ਤਾਅ ਦੇ ਕੇ ਸ਼ਿਵ ਦਿਆਲ ਦਾ ਘਰ ਲੁੱਟ ਹੋਣ ਤੋਂ ਬਚਾਅ ਲੈਣ ਦੀ ਕਹਾਣੀ ਸਭ ਨੂੰ ਇਉਂ ਦੱਸ ਰਿਹਾ ਸੀ ਜਿਵੇਂ ਆਪਣੇ ਮੋਢਿਆਂ ‘ਤੇ ਆਪ ਹੀ ਇਕ ਹੋਰ ਸਟਾਰ ਲਗਾ ਰਿਹਾ ਹੋਵੇ। ਪਿੰਡ ਵਾਲੇ ਝੁਕ ਝੁਕ ਕੇ ਗੱਬਰ ਸਿੰਘ ਦਾ ਧੰਨਵਾਦ ਕਰ ਰਹੇ ਸਨ। ਸ਼ਿਵ ਦਿਆਲ ਤਾਂ ਵਾਰ ਵਾਰ ਗੱਬਰ ਸਿੰਘ ਦੇ ਪੈਰ ਫੜ ਰਿਹਾ ਸੀ ਤੇ ਅੰਦਰ ਆ ਕੇ ਚਾਹ-ਪਾਣੀ ਪੀਣ ਲਈ ਬੇਨਤੀਆਂ ਕਰ ਰਿਹਾ ਸੀ, ਪਰ ਗੱਬਰ ਸਿੰਘ ਨੇ ਚੋਰਾਂ ਨੂੰ ਲੱਭਣ ਦੇ ਬਹਾਨੇ ਉੱਥੋਂ ਛੇਤੀ ਨਿਕਲਣਾ ਹੀ ਬਿਹਤਰ ਸਮਝਿਆ ਤਾਂ ਕਿ ਉਹ ਆਪਣੀ ਸਕੀਮ ਨੂੰ ਜਲਦੀ ਅਮਲੀ ਜਾਮਾ ਪਹਿਨਾ ਸਕੇ। ਉਹਨੇ ਗੜ੍ਹਕਵੀਂ ਆਵਾਜ਼ ਵਿਚ ਪਿੰਡ ਵਾਲਿਆਂ ਨੂੰ ਘਰੋ ਘਰੀ ਜਾਣ ਦਾ ਹੁਕਮ ਦਿਤਾ ਤੇ ਚੁਕੰਨੇ ਰਹਿਣ ਦੀਆਂ ਹਦਾਇਤਾਂ ਦਿਤੀਆਂ ਤੇ ਗਿੰਦਰ ਸਿੰਘ ਸਿਪਾਹੀ ਨੂੰ ਹੁਕਮ ਚਾੜ੍ਹਿਆ ਕਿ ਉਹ ਚੋਰਾਂ ਵਾਲੀ ਜਿਪਸੀ ਉਹਦੀ ਜੀਪ ਮਗਰ ਲਾ ਕੇ ਤੁਰਿਆ ਆਵੇ।
ਪਿੰਡੋਂ ਥੋੜ੍ਹੀ ਦੂਰ ਬਾਹਰ ਨਿੱਕਲ ਕੇ ਸੁੰਨ-ਸਾਨ ਜਿਹੀ ਜਗ੍ਹਾ ‘ਤੇ ਥਾਣੇਦਾਰ ਨੇ ਜਿਪਸੀ ਰੁਕਵਾਈ ਤੇ ਫੌਜੀ ਮਕੈਨਕ ਨੂੰ ਫੂਨ ਲਗਾਇਆ। ਫੌਜੀ ਨੇ ਰਾਤ ਦੇ ਦੋ ਵਜੇ ਘਬਰਾਏ ਹੋਏ ਨੇ ਥਾਣੇਦਾਰ ਨੂੰ ਪੁੱਛਿਆ, “ ਜਨਾਬ ਐਸ ਵੇਲੇ ਕੀ ਲੋੜ ਪੈ ਗਈ?”
“ ਫੌਜੀਆ, ਗੱਲਾਂ ਦਾ ਟੈਮ ਨਹੀਂ ਏਸ ਵੇਲੇ, ਬਸ ਕਾਲਾ ਸਿਉਂ ਪਹੁੰਚਣ ਵਾਲਾ ਈ ਐ ਤੇਰੇ ਕੋਲ। ਕੋਈ ਟੁੱਟੀ ਭੱਜੀ ਜਿਪਸੀ ਜੀਪ ਮਗਰ ਬੰਨ੍ਹ ਕੇ ਤੁਸੀਂ ਦੋਨੋਂ ਛੇਤੀ ਤੋਂ ਛੇਤੀ ਇੱਥੇ ਕਿੱਕਰਾਂ ਵਾਲ਼ੇ ਮੋੜ ‘ਤੇ ਪਹੁੰਚੋ, ਬਸ ਫੁਰਤੀਆਂ ਦਿਖਾਈਂ, ਹਾਂ ਸੱਚ, ਇਕ ਗੈਲਨ ਪੈਟਰੋਲ ਵੀ ਲੈਂਦੇ ਆਇਉ,” ਠਾਣੇਦਾਰ ਨੇ ਹੁਕਮ ਚਾੜ੍ਹਿਆ।
ਫੌਜੀ ਕਾਹਲ਼ੀ ਕਾਹਲ਼ੀ ਕੱਪੜੇ ਪਾ ਕੇ ਅਜੇ ਬਾਹਰ ਨਿੱਕਲਿਆ ਹੀ ਸੀ ਕਿ ਸਰਕਾਰੀ ਜੀਪ ਦੀਆਂ ਹੈੱਡਲਾਈਟਾਂ ਨੇ ਉਸ ਦੀਆਂ ਅੱਖਾਂ ਚੁੰਧਿਆ ਦਿਤੀਆਂ।
ਫੌਜੀ ਦੇ ਕਬਾੜਖ਼ਾਨੇ ‘ਚ ਕਬਾੜ ਹੋਈਆਂ ਗੱਡੀਆਂ ਦਾ ਘਾਟਾ ਨਹੀਂ ਸੀ। ਉਹਨੇ ਜਲਦੀ ਹੀ ਇਕ ਜਿਪਸੀ ਲੱਭ ਲਈ ਜਿਸ ਦੇ ਇੰਜਣ ਨੂੰ ਅੱਗ ਲੱਗ ਗਈ ਸੀ ਪਰ ਬਾਡੀ ਪੱਖੋਂ ਠੀਕ-ਠਾਕ ਹੀ ਸੀ। ਫੌਜੀ ਤੇ ਗਿੰਦਰ ਸਿੰਘ ਸਿਪਾਹੀ ਨੇ ਜਿਪਸੀ ਜੀਪ ਮਗਰ ਬੰਨ੍ਹੀ ਅਤੇ ਗੱਬਰ ਸਿੰਘ ਵਲੋਂ ਦੱਸੇ ਹੋਏ ਟਿਕਾਣੇ ਵਲ ਤੁਰ ਪਏ ਤੇ ਜਲਦੀ ਹੀ ਉੱਥੇ ਪਹੁੰਚ ਗਏ।
ਸਮਾਂ ਨਾ ਗੁਆਂਉਂਦਿਆਂ ਥਾਣੇਦਾਰ ਨੇ ਫੌਜੀ ਨੂੰ ਕਿਹਾ ਕਿ ਉਹ ਕਬਾੜਾ ਹੋਈ ਜਿਪਸੀ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦੇਵੇ।
ਅੱਗ ਲਗਦਿਆਂ ਸਾਰ ਹੀ ਉਹ ਸਾਰੇ ਉੱਥੋਂ ਖਿਸਕ ਗਏ ਤੇ ਪੈਟਰੋਲ ਦੀ ਅੱਗ ਨੇ ਜਿਪਸੀ ਦਾ ਹੁਲੀਆ ਮਿੰਟਾਂ ਸਕਿੰਟਾਂ ਵਿਚ ਹੀ ਵਿਗਾੜ ਦਿਤਾ।
ਦੂਜੇ ਦਿਨ ਸਵੇਰੇ ਫੌਜੀ ਦੀ ਗੈਰੇਜ ਵਿਚ ਚੋਰਾਂ ਤੋਂ ਖੋਹੀ ਹੋਈ ਜਿਪਸੀ ਦਾ ਰੰਗ ਰੂਪ ਬਦਲਿਆ ਜਾ ਰਿਹਾ ਸੀ ਤੇ ਉਧਰ ਸ਼ਾਮ ਦੀ ਅਖ਼ਬਾਰ ਦੇ ਮੁੱਖ ਪੰਨੇ ‘ਤੇ ਸੁਰਖੀ ਛਪੀ ਹੋਈ ਸੀ।
“ ਥਾਣੇਦਾਰ ਗੱਬਰ ਸਿੰਘ ਦੀ ਚੌਕਸੀ ਨੇ ਇਕ ਹੋਰ ਟੱਬਰ ਲੁੱਟ ਹੋਣੋਂ ਬਚਾ ਲਿਆ। ਲੁਟੇਰੇ ਭੱਜਣ ਲੱਗੇ ਆਪਣੀ ਜਿਪਸੀ ਨੂੰ ਅੱਗ ਲਗਾ ਗਏ ਤਾਂ ਕਿ ਕੋਈ ਸਬੂਤ ਬਾਕੀ ਨਾ ਬਚੇ। ਪੁਲਿਸ ਨੂੰ ਪੱਕਾ ਯਕੀਨ ਹੈ ਕਿ ਇਹ ਉਹੋ ਹੀ ਜਿਪਸੀ ਸੀ ਜਿਹੜੀ ਲੁਟੇਰਿਆਂ ਨੇ ਉਸੇ ਸ਼ਾਮ ਹੀ ਕਿਸੇ ਡਰਾਈਵਰ ਤੋਂ ਪਿਸਤੌਲ ਦੀ ਨੋਕ ‘ਤੇ ਖੋਹੀ ਸੀ।“  
ਪੱਤਰਕਾਰ ਥਾਣੇ ਵਲ ਵਹੀਰਾਂ ਘੱਤ ਰਹੇ ਸਨ ਤਾਂ ਕਿ ਉਹ ਗੱਬਰ ਸਿੰਘ ਤੋਂ ਪੂਰੀ ਘਟਨਾ ਦੀ ਜਾਣਕਾਰੀ ਲੈ ਸਕਣ।
ਇਲਾਕੇ ਦੇ ਇਕ ਸਿਆਸੀ ਨੇਤਾ ਨੇ ਪੁਲਿਸ ਨੂੰ ਵਿਸ਼ੇਸ਼ ਇਨਾਮ ਦੇਣ ਦੀ ਸਿਫ਼ਾਰਸ਼ ਕੀਤੀ ਹੋਈ ਸੀ।   
                                ===================