ਸ਼ਬਦ ਖ਼ਤਰਨਾਕ ਨੇ, ਚੁੱਪ ਖ਼ਤਰਨਾਕ ਹੈ ... - ਸਵਰਾਜਬੀਰ

ਉਹ 1945 ਦੇ ਦਿਨ ਸਨ। ਯੂਰੋਪ ਦੂਸਰੀ ਆਲਮੀ ਜੰਗ ’ਚੋਂ ਬਾਹਰ ਆ ਰਿਹਾ ਸੀ, ਉਹ ਯਹੂਦੀਆਂ ਦੀ ਨਸਲਕੁਸ਼ੀ ਅਤੇ ਪਹਿਲੀ ਤੇ ਦੂਸਰੀ ਆਲਮੀ ਜੰਗ ਦੌਰਾਨ ਆਪਣੇ ਕੀਤੇ ਜੁਰਮਾਂ ਅਤੇ ਬਸਤੀਵਾਦ ਦੇ ਜ਼ੁਲਮ ਦਾ ਹਿਸਾਬ-ਕਿਤਾਬ ਕਰ ਰਿਹਾ ਸੀ, ਵੀਹਵੀਂ ਸਦੀ ਹੀ ਨਹੀਂ, ਯੂਰੋਪ ਇਸ ਤੋਂ ਪਹਿਲਾਂ ਕੀਤੇ ਗੁਨਾਹਾਂ ਦਾ ਲੇਖਾ-ਜੋਖਾ ਵੀ ਕਰ ਰਿਹਾ ਸੀ : ਕਿਹੜੇ ਲੋਕਾਂ ਤੇ ਜਮਾਤਾਂ ਨੇ ਜ਼ੁਲਮ ਕੀਤੇ ਸਨ, ਕਿਨ੍ਹਾਂ ਨੇ ਜ਼ੁਲਮ ਸਹੇ ਸਨ, ਕਿਨ੍ਹਾਂ ਨੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ, ਕੌਣ ਚੁੱਪ ਰਹੇ ਸਨ, ਕਿਨ੍ਹਾਂ ਨੇ ਸਮਝੌਤੇ ਕੀਤੇ ਸਨ ਤੇ ਕਿਨ੍ਹਾਂ ਨੇ ਸਮਝੌਤੇ ਨਾ ਕਰਨਾ ਚੁਣ ਕੇ ਜ਼ਾਲਮਾਂ ਨਾਲ ਮੱਥਾ ਲਾਉਣ ਦਾ ਫ਼ੈਸਲਾ ਕੀਤਾ ਸੀ। ਹਰ ਕੋਈ ਅਜਿਹਾ ਲੇਖਾ-ਜੋਖਾ ਕਰ ਰਿਹਾ ਸੀ, ਸਮਾਜ, ਸਰਕਾਰਾਂ, ਚਿੰਤਕ, ਵਿਦਵਾਨ, ਇਤਿਹਾਸਕਾਰ, ਸਮਾਜ-ਸ਼ਾਸਤਰੀ, ਹਰ ਕੋਈ। ਉਨ੍ਹਾਂ ਵਿਚ ਫਰਾਂਸੀਸੀ ਚਿੰਤਕ ਤੇ ਸਾਹਿਤਕਾਰ ਯਾਂ ਪਾਲ ਸਾਰਤਰ ਵੀ ਸ਼ਾਮਲ ਸੀ, ਆਪਣੇ ਸ਼ੱਕ-ਸ਼ੁਬਹਿਆਂ, ਡਰਾਂ ਤੇ ਯਾਦਾਂ ਦੇ ਨਾਲ, ਉਹ ਡੇਢ ਦਹਾਕੇ ਤੋਂ ਲਗਾਤਾਰ ਲਿਖ ਰਿਹਾ ਸੀ, ਨਿੱਜੀ ਸੰਸਾਰ ਤੇ ਸਮਾਜ ਵਿਚ ਆਏ ਜਮੂਦ ਦੇ ਵਿਰੁੱਧ, ਨਾਜ਼ੀਵਾਦ ਤੇ ਫਾਸ਼ੀਵਾਦ ਦੇ ਵਿਰੁੱਧ, ਉਹ ਨਾਜ਼ੀਆਂ ਵਿਰੁੱਧ ਲੜਿਆ ਸੀ। ਫਰਾਂਸੀਸੀ ਸਾਹਿਤ ਤੇ ਚਿੰਤਨ ਪਰੰਪਰਾ ਦਾ ਲੇਖਾ-ਜੋਖਾ ਕਰਦਿਆਂ ਉਸ ਨੇ ਲਿਖਿਆ, ‘‘ਹਰ ਲੇਖਕ ਆਪਣੇ ਸਮੇਂ ਦਾ ਲੇਖਕ ਹੁੰਦਾ ਹੈ। ਹਰ ਸ਼ਬਦ ਦੇ ਕੁਝ ਨਤੀਜੇ ਨਿਕਲਦੇ ਹਨ, ਹਰ ਚੁੱਪ ਦੇ ਵੀ (Every writer is situated in his time. Every word has consequences. Every silence too.)।’’ ਇਹ ਸ਼ਬਦ ਲੇਖਕਾਂ ਤੇ ਚਿੰਤਕਾਂ ਦੇ ਨਾਲ ਨਾਲ ਹਰ ਸਿਆਸਤਦਾਨ, ਪੱਤਰਕਾਰ, ਸਮਾਜਿਕ ਕਾਰਕੁਨ ਤੇ ਚੇਤਨ ਨਾਗਰਿਕ ’ਤੇ ਵੀ ਲਾਗੂ ਹੁੰਦੇ ਹਨ। ਲੇਖਕਾਂ ਤੇ ਚਿੰਤਕਾਂ ਵਾਂਗ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕੀ ਬੋਲਦੇ ਹਨ, ਕਿਹੜੇ ਸ਼ਬਦ ਤੇ ਕਿਹੜੀ ਭਾਸ਼ਾ ਵਰਤਦੇ ਹਨ ਤੇ ਕਦ ਚੁੱਪ ਰਹਿੰਦੇ ਹਨ।
       ਅਪਰੈਲ ਵਿਚ ਰਾਮਨੌਮੀ ਅਤੇ ਹਨੂੰਮਾਨ ਜੈਅੰਤੀ ਮੌਕੇ ਦੇਸ਼ ਦੇ ਕਈ ਸੂਬਿਆਂ ਵਿਚ ਫ਼ਿਰਕੂ ਹਿੰਸਾ ਹੋਈ। ਹਿੰਸਾ ਤੋਂ ਬਾਅਦ ਕਈ ਥਾਵਾਂ ’ਤੇ ਬੁਲਡੋਜ਼ਰ ਭੇਜੇ ਗਏ, ਘਰ ਤੇ ਦੁਕਾਨਾਂ ਤੋੜੀਆਂ ਗਈਆਂ, ਸਿਆਸੀ ਤਾਕਤਾਂ ਨਫ਼ਰਤ ਦੇ ਸਥਾਨਕ ਤੂਫ਼ਾਨ ਪੈਦਾ ਕਰਨ ਵਿਚ ਸਫ਼ਲ ਹੋਈਆਂ। ਸਿਆਸੀ ਆਗੂਆਂ ਦੇ ਸ਼ਬਦ ਹਵਾ ਵਿਚ ਗੂੰਜੇ, ‘‘ਜਿਸ ਘਰ ਸੇ ਪੱਥਰ ਆਏ ਹੈਂ, ਉਸ ਘਰ ਕੋ ਹੀ ਪੱਥਰੋਂ ਕਾ ਢੇਰ ਬਨਾਏਂਗੇ।’’ ਸਾਰੇ ਜਾਣਦੇ ਹਨ ਉਹ ਕਿਹੜਾ ਭਾਈਚਾਰਾ ਹੈ ਜਿਸ ਦੇ ਲੋਕਾਂ ਦੇ ਘਰਾਂ ਨੂੰ ਪੱਥਰਾਂ ਦਾ ਢੇਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸ਼ਬਦ ਹਵਾ ਵਿਚ ਗੂੰਜੇ ਅਤੇ ਮੱਧ ਪ੍ਰਦੇਸ਼, ਗੁਜਰਾਤ ਤੇ ਦਿੱਲੀ ਵਿਚ ਘਰਾਂ-ਦੁਕਾਨਾਂ ਨੂੰ ਪੱਥਰਾਂ ਦੇ ਢੇਰ ਬਣਾਉਣ ਦੀ ਕਾਰਵਾਈ ਹੋਈ ਹੈ। ਹਰ ਸ਼ਬਦ ਦਾ ਆਪਣਾ ਮਹੱਤਵ ਹੁੰਦਾ ਹੈ, ਆਪਣੇ ਅਰਥ ਤੇ ਉਸ ਨੂੰ ਬੋਲਣ ਕਾਰਨ ਸਮਾਜ, ਪਰਿਵਾਰ, ਜਾਂ ਮਨੁੱਖ ਨੂੰ ਨਿੱਜੀ ਤੌਰ ’ਤੇ ਚੰਗੇ-ਮਾੜੇ ਨਤੀਜੇ ਭੁਗਤਣੇ ਪੈਂਦੇ ਹਨ।
       ਦਿੱਲੀ ਵਿਚ ਸੀਪੀਐੱਮ ਆਗੂ ਬ੍ਰਿੰਦਾ ਕਰਾਤ ਸੁਪਰੀਮ ਕੋਰਟ ਦੇ ਘਰਾਂ-ਦੁਕਾਨਾਂ ’ਤੇ ਬੁਲਡੋਜ਼ਰਾਂ ਦੀ ਕਾਰਵਾਈ ਰੋਕਣ ਦੇ ਆਦੇਸ਼ ਲੈ ਕੇ ਜਹਾਂਗੀਰਪੁਰੀ ਪਹੁੰਚੀ, ਉਹ ਬੁਲਡੋਜ਼ਰਾਂ ਸਾਹਮਣੇ ਖਲੋਤੀ ਤੇ ਬੋਲੀ, ਸੁਪਰੀਮ ਕੋਰਟ ਦੇ ਸ਼ਬਦਾਂ ਤੇ ਉਸ ਦੇ ਬੋਲਣ ਦੇ ਨਤੀਜੇ ਵਜੋਂ ਬੁਲਡੋਜ਼ਰ ਰੁਕ ਗਏ, ਸੁਪਰੀਮ ਕੋਰਟ ਵਿਚ ਵਕੀਲ ਕਪਿਲ ਸਿੱਬਲ ਤੇ ਦੁਸ਼ਯੰਤ ਦਵੇ ਬੋਲੇ, ਹੋਰ ਕਈ ਸਿਆਸਤਦਾਨ, ਚਿੰਤਕ, ਵਿਦਵਾਨ ਤੇ ਸਮਾਜਿਕ ਕਾਰਕੁਨ ਵੀ ਬੁਲਡੋਜ਼ਰ-ਸਿਆਸਤ ਵਿਰੁੱਧ ਬੋਲੇ ਪਰ ਕੁਝ ਚੁੱਪ ਰਹੇ।
      ਦੇਸ਼ ਦੇ ਵੱਡੇ ਅਹੁਦਿਆਂ ’ਤੇ ਰਹੇ 108 ਸਾਬਕਾ ਅਧਿਕਾਰੀਆਂ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ਿਰਕੂ ਹਿੰਸਾ ’ਤੇ ਆਪਣੀ ਖ਼ਾਮੋਸ਼ੀ ਤੋੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ‘‘ਪ੍ਰਧਾਨ ਮੰਤਰੀ ਜੀ, ਅਸੀਂ ਸੰਵਿਧਾਨਕ ਆਚਰਨ ਗਰੁੱਪ (Constitution Conduct Group) ਦੇ ਮੈਂਬਰ, ਉਹ ਸਾਬਕਾ ਅਧਿਕਾਰੀ ਜਿਨ੍ਹਾਂ ਨੇ ਕਈ ਦਹਾਕੇ ਸੰਵਿਧਾਨ ਅਨੁਸਾਰ ਕੰਮ ਕੀਤਾ ਹੈ, ਇਹ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਅਜਿਹੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ ਜਿਸ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਅਤੇ ਸਿਰਫ਼ ਸੰਵਿਧਾਨਕ ਨੈਤਿਕਤਾ ਅਤੇ ਵਿਹਾਰ ਹੀ ਖ਼ਤਰੇ ਵਿਚ ਨਹੀਂ, ਸਾਡਾ ਵਿਲੱਖਣ ਸਾਂਝੀਵਾਲਤਾ ਵਾਲਾ ਸਮਾਜਿਕ ਤਾਣਾ-ਬਾਣਾ, ਜਿਹੜਾ ਸਾਡੀ ਸਭ ਤੋਂ ਮਹਾਨ ਸੱਭਿਆਚਾਰਕ ਵਿਰਾਸਤ ਹੈ ਅਤੇ ਜਿਸ ਨੂੰ ਕਾਇਮ ਰੱਖਣ ਲਈ ਸਾਡੇ ਸੰਵਿਧਾਨ ਦੀ ਏਨੀ ਬਾਰੀਕਬੀਨੀ ਨਾਲ ਰਚਨਾ ਕੀਤੀ ਗਈ ਹੈ, ਲੀਰੋ-ਲੀਰ ਹੋ ਜਾਣ ਵਾਲਾ ਹੈ। ਇਸ ਵਿਰਾਟ ਸਮਾਜਿਕ ਖ਼ਤਰੇ ਦਾ ਸਾਹਮਣਾ ਕਰਨ ਦੇ ਸਮਿਆਂ ਵਿਚ ਤੁਹਾਡੀ ਖ਼ਾਮੋਸ਼ੀ ਬਹੁਤ ਖ਼ਤਰਨਾਕ ਹੈ।’’
        ਦੇਸ਼ ਦਾ ਮੁਖੀ ਦੇਸ਼ ਦੇ ਸਮੁੱਚੇ ਭਾਈਚਾਰਿਆਂ ਦੇ ਲੋਕਾਂ ਦਾ ਮੁਖੀ ਹੁੰਦਾ ਹੈ। ਮਹਾਰਾਜਾ ਵਿਕਰਮਾਦਿੱਤਿਆ, ਜਿਸ ਦੇ ਨਾਂ ਤੋਂ ਵਿਕਰਮੀ/ਬਿਕਰਮੀ ਸੰਮਤ ਦਾ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ, ਨੂੰ ਨਿਆਂ ਕਰਨ ਲਈ ਜਾਣਿਆ ਜਾਂਦਾ ਹੈ। ਉਸ ਦੀ ਇਤਿਹਾਸਕਤਾ ਬਾਰੇ ਸਵਾਲ ਉਠਾਏ ਜਾਂਦੇ ਹਨ ਪਰ ਲੋਕ-ਸਿਮਰਤੀ ਵਿਚ ਉਸ ਦਾ ਅਕਸ ਇਕ ਨਿਰਪੱਖ ਤੇ ਨਿਆਂ ਕਰਨ ਵਾਲੇ ਰਾਜੇ ਦਾ ਹੈ। ਨਿਆਂ ਸਿਰਫ਼ ਅਦਾਲਤਾਂ ਵਿਚ ਨਹੀਂ ਹੁੰਦਾ ਹੈ, ਨਿਆਂ ਦੇ ਬੁਨਿਆਦੀ ਸਮਾਜਿਕ ਤੇ ਸਿਆਸੀ ਪ੍ਰਬੰਧ ਘਰ, ਪਰਿਵਾਰ, ਸਮਾਜ, ਧਾਰਮਿਕ ਅਦਾਰੇ, ਰਾਜ-ਪ੍ਰਬੰਧ ਤੇ ਹਕੂਮਤਾਂ ਹਨ। ਹਾਕਮਾਂ ਦੀਆਂ ਕਾਰਵਾਈਆਂ ਇਹ ਨਿਸ਼ਚਿਤ ਕਰਦੀਆਂ ਹਨ ਕਿ ਲੋਕਾਂ ਨੂੰ ਨਿਆਂ ਮਿਲ ਰਿਹਾ ਹੈ ਜਾਂ ਨਹੀਂ, ਸਮਾਜਿਕ ਤੇ ਆਰਥਿਕ ਨਿਆਂ ਹੋ ਰਿਹਾ ਹੈ ਜਾਂ ਨਹੀਂ। ਨਿਆਂ ਕਰਨ ਲਈ ਬੋਲਣਾ ਪੈਂਦਾ ਹੈ। ਖ਼ਾਮੋਸ਼ੀ ਨਿਆਂ ਨਹੀਂ ਬਣ ਸਕਦੀ। ਅਨਿਆਂ ਹੁੰਦਿਆਂ ਖ਼ਾਮੋਸ਼ ਰਹਿਣਾ ਅਨਿਆਂ ਦਾ ਪੱਖ ਪੂਰਨਾ ਹੈ। ਇਹੀ ਯਾਂ ਪਾਲ ਸਾਰਤਰ ਨੇ ਕਿਹਾ ਸੀ, ਇਹੀ ਸੰਵਿਧਾਨ ਆਚਰਨ ਗਰੁੱਪ ਦੇ ਮੈਂਬਰ ਕਹਿ ਰਹੇ ਹਨ, ਉਹ ਪ੍ਰਧਾਨ ਮੰਤਰੀ ਤੋਂ ਪੁੱਛ ਰਹੇ ਹਨ ਕਿ ਉਹ ਖ਼ਾਮੋਸ਼ ਕਿਉਂ ਹਨ, ਇਹ ਪ੍ਰਸ਼ਨ ਚੁੱਪ ਰਹਿਣ ਵਾਲੇ ਹੋਰ ਸਿਆਸਤਦਾਨਾਂ, ਚਿੰਤਕਾਂ, ਵਿਦਵਾਨਾਂ, ਸਾਹਿਤਕਾਰਾਂ ਅਤੇ ਸਮਾਜਿਕ ਕਾਰਕੁਨਾਂ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ।
       ਹਰ ਹਕੂਮਤ ਆਪਣਾ ‘ਸੱਚ’ ਬਣਾਉਂਦੀ ਅਤੇ ਉਸ ਦੇ ਸਿਰ ’ਤੇ ਰਾਜ ਕਰਦੀ ਹੈ। ਹਕੂਮਤ ਦਾ ‘ਸੱਚ’ ਬਹੁਤ ਜਟਿਲ ਅਤੇ ਬਹੁਪਰਤੀ ਹੁੰਦਾ ਹੈ। ਉਹ ਆਪਣੇ ‘ਸੱਚ’ ਦਾ ਢੰਡੋਰਾ ਪਿੱਟਦੀ ਅਤੇ ਉਸ ਨੂੰ ਲੋਕਾਂ ਦਾ ‘ਸੱਚ’ ਬਣਾ ਦੇਣਾ ਚਾਹੁੰਦੀ ਹੈ। ਕੇਂਦਰ ਵਿਚ ਸੱਤਾਧਾਰੀ ਪਾਰਟੀ ਨੇ ਵੀ ਕਈ ਦਹਾਕਿਆਂ ਦੀ ਮੁਸ਼ੱਕਤ ਨਾਲ ਆਪਣਾ ‘ਸੱਚ’ ਬਣਾਇਆ ਹੈ, ਉਸ ‘ਸੱਚ’ ਦੀ ਇਕ ਪਰਤ ਹੁਣੇ ਹੁਣੇ ਹੋਈ ਫ਼ਿਰਕੂ ਹਿੰਸਾ ਵਿਚ ਦਿਖਾਈ ਦਿੱਤੀ। ਜਹਾਂਗੀਰਪੁਰੀ ਵਿਚ ਹਨੂੰਮਾਨ ਜੈਅੰਤੀ ਮੌਕੇ ਹੋਈ ਫ਼ਿਰਕੂ ਹਿੰਸਾ ਤੋਂ ਬਾਅਦ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਉੱਤਰ ਦਿੱਲੀ ਦੀ ਮਿਉਂਸਿਪਲ ਕਮਿਸ਼ਨਰ ਦੇ ਮੁਖੀ ਰਾਜਾ ਇਕਬਾਲ ਸਿੰਘ ਨੂੰ ਲਿਖੀ ਚਿੱਠੀ ਵਿਚ ਦੰਗਾ ਕਰਨ ਵਾਲਿਆਂ ਦੀਆਂ ਗ਼ੈਰ-ਕਾਨੂੰਨੀ ਉਸਾਰੀਆਂ ਢਾਹੁਣ ਲਈ ਕਿਹਾ ਸੀ। ਉਸ ਨੇ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਇਸ ਕੰਮ ਲਈ 700 ਪੁਲੀਸ ਕਰਮਚਾਰੀ ਤਾਇਨਾਤ ਕਰਨ ਲਈ ਵੀ ਕਿਹਾ ਸੀ। ਜਿਸ ਦਿਨ ਦਿੱਲੀ ਵਿਚ ਬੁਲਡੋਜ਼ਰ ਚੱਲੇ, ਉਸ ਦਿਨ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਆਗੂਆਂ ਦੀ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਆਦੇਸ਼ ਗੁਪਤਾ ਨੇ ਦੱਸਿਆ ਕਿ ਉਸ ਨੇ ਪੂਰਬੀ ਤੇ ਦੱਖਣੀ ਦਿੱਲੀ ਦੀਆਂ ਮਿਉਂਸਿਪਲ ਕਮੇਟੀਆਂ ਦੇ ਮੁਖੀਆਂ ਨੂੰ ਇਹ ਲਿਖਿਆ ਹੈ ਕਿ ਉਹ ‘ਰੋਹਿੰਗੀਆ, ਬੰਗਲਾਦੇਸ਼ੀਆਂ ਅਤੇ ਅਸਮਾਜਿਕ ਤੱਤਾਂ ਦੁਆਰਾ ਸਰਕਾਰੀ ਜ਼ਮੀਨ ’ਤੇ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਕਰਨ।’ ਸਪੱਸ਼ਟ ਹੈ ਕਿ ਭਾਜਪਾ ਅਜਿਹਾ ‘ਸੱਚ’ ਬਣਾਉਣ ਵਿਚ ਸਫ਼ਲ ਹੋ ਰਹੀ ਹੈ ਜਿਸ ਅਨੁਸਾਰ ਦੇਸ਼ ਵਿਚ ਸਭ ਮੁਸ਼ਕਲਾਂ ਤੇ ਖੁਆਰੀਆਂ ਦਾ ਕਾਰਨ ‘ਰੋਹਿੰਗੀਆ, ਬੰਗਲਾਦੇਸ਼ੀ ਅਤੇ ਅਜਿਹੇ ਹੋਰ ਅਸਮਾਜਿਕ ਤੱਤ’ ਹਨ। ਇਹ ਵੀ ਸਪੱਸ਼ਟ ਹੈ ਕਿ ਕਿਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
      ਰਾਮਨੌਮੀ ਅਤੇ ਹਨੂੰਮਾਨ ਜੈਅੰਤੀ ਮੌਕੇ ਹੋਈਆਂ ਘਟਨਾਵਾਂ ਕੋਈ ਵਿਕੋਲਿਤਰੀਆਂ ਘਟਨਾਵਾਂ ਨਹੀਂ ਹਨ, ਕਈ ਵਰ੍ਹਿਆਂ ਤੋਂ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਭੋਜਨ ਜਾਂ ਲਿਬਾਸ ਦੇ ਆਧਾਰ ’ਤੇ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਸਮੇਂ ਸਮੇਂ ‘ਲਵ ਜੱਹਾਦ’ ਤੇ ਧਰਮ-ਤਬਦੀਲੀ ਦੇ ਮੁੱਦਿਆਂ ’ਤੇ ਉਤੇਜਨਾ ਪੈਦਾ ਕਰ ਕੇ ਨਫ਼ਰਤ ਫੈਲਾਈ ਜਾਂਦੀ ਹੈ। ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਵਾਰ ਵਾਰ ਦੱਸਿਆ ਜਾਂਦਾ ਹੈ ਕਿ ਸਦੀਆਂ ਪਹਿਲਾਂ ਹੋਏ ਅੱਤਿਆਚਾਰਾਂ ਲਈ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੇ ਵਡੇਰੇ ਜ਼ਿੰਮੇਵਾਰ ਸਨ, ਇਸ ਲਈ ਇਨ੍ਹਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਬਹੁਗਿਣਤੀ ਫ਼ਿਰਕੇ ਦੇ ਬਹੁਤ ਸਾਰੇ ਲੋਕਾਂ ਨੂੰ ਇਕ ਅਜਿਹੇ ਭਾਵਨਾਤਮਕ ਸਮਾਜ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਹੜਾ ਘੱਟਗਿਣਤੀ ਫ਼ਿਰਕੇ ਨੂੰ ਨਫ਼ਰਤ ਕਰਨਾ ਆਪਣਾ ਕੌਮੀ ਤੇ ਧਾਰਮਿਕ ਫ਼ਰਜ਼ ਅਤੇ ਦੇਸ਼ ਭਗਤੀ ਸਮਝਦਾ ਹੈ। ਇਹ ਬਿਰਤਾਂਤ ਭਾਵਨਾਤਮਕ ਬਣਾਏ ਗਏ ਬਹੁਗਿਣਤੀ ਫ਼ਿਰਕੇ ਦਾ ‘ਸੱਚ’ ਬਣ ਗਿਆ ਹੈ ਅਤੇ ਨਫ਼ਰਤ ਕਰਨੀ ਉਸ ਦੀ ਜੀਵਨ-ਜਾਚ ਦਾ ਹਿੱਸਾ।
       ਉਪਰੋਕਤ ਹਕੂਮਤੀ ‘ਸੱਚ’ ਵਿਰੁੱਧ ਲੋਕਾਂ ਦੀ ਸਾਂਝੀਵਾਲਤਾ, ਏਕਤਾ ਅਤੇ ਸਮਤਾ ਦਾ ਸੱਚ ਸਿਰਜਣਾ ਇਕ ਕਠਿਨ ਕਾਰਜ ਹੈ। ਉਸ ਲਈ ਸਮਾਜਿਕ ਕਾਰਕੁਨਾਂ, ਚਿੰਤਕਾਂ, ਵਿਦਵਾਨਾਂ, ਸਿਆਸਤਦਾਨਾਂ ਅਤੇ ਨਾਗਰਿਕਾਂ ਨੂੰ ਬੁਲੰਦ ਆਵਾਜ਼ ਵਿਚ ਬੋਲਣ ਦੀ ਜ਼ਰੂਰਤ ਹੈ। ਬੁੱਲ੍ਹੇ ਸ਼ਾਹ ਨੇ ਸਾਨੂੰ ਸੱਚ ਬੋਲਣ ਲਈ ਕਿਹਾ ਸੀ, ‘‘ਸੱਚ ਆਖ ਮਨਾ ਕਿਉਂ ਡਰਨਾ ਏਂ, ਇਹ ਸੱਚ ਪਿਛੇ ਤੂੰ ਤਰਨਾ ਏਂ/ ਸੱਚ ਸਦਾ ਆਬਾਦੀ ਕਰਨਾ ਏਂ, ਸੱਚ ਵਸਤ ਅਚੰਭਾ ਆਈ ਏਂ।’’ ਸੱਚ ਅਚੰਭਾ ਵਸਤ ਹੈ ; ਇਸ ਨੂੰ ਬੋਲਣ ਲਈ ਹਿੰਮਤ ਦੀ ਜ਼ਰੂਰਤ ਹੁੰਦੀ ਹੈ, ਪਰ ਇਸ ਦਾ ਸਾਹਮਣਾ ਕਰਨ ਤੋਂ ਡਰ ਵੀ ਲੱਗਦਾ ਹੈ।
      ਲੋਕਾਂ ਦੇ ਸੱਚ ਨੂੰ ਜ਼ਬਾਨ ਦਿੰਦਿਆਂ ਸੰਵਿਧਾਨਕ ਆਚਰਨ ਗਰੁੱਪ ਦੇ ਮੈਂਬਰਾਂ ਨੇ ਕਿਹਾ ਹੈ, ‘‘ਅਸੀਂ ਦੇਸ਼ ਵਿਚ ਨਫ਼ਰਤ ਨਾਲ ਭਰੀ ਤਬਾਹੀ ਦਾ ਜਨੂੰਨ ਦੇਖ ਰਹੇ ਹਾਂ ਜਿਸ ਵਿਚ ਨਾ ਸਿਰਫ਼ ਮੁਸਲਮਾਨਾਂ ਅਤੇ ਹੋਰ ਘੱਟਗਿਣਤੀ ਫ਼ਿਰਕਿਆਂ ਦੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਗੋਂ ਸੰਵਿਧਾਨ ਦੇ ਨਾਲ ਵੀ ਖਿਲਵਾੜ ਹੋ ਰਿਹਾ ਹੈ। ... ਪਿਛਲੇ ਕੁਝ ਸਾਲਾਂ ਤੇ ਮਹੀਨਿਆਂ ਤੋਂ ਕਈ ਰਾਜਾਂ, ਅਸਾਮ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿਚ ਘੱਟਗਿਣਤੀ ਫ਼ਿਰਕਿਆਂ ਖ਼ਾਸਕਰ ਮੁਸਲਮਾਨਾਂ ਵਿਰੁੱਧ ਨਫ਼ਰਤ ਤੇ ਹਿੰਸਾ ਵਿਚ ਡਰਾਉਣ ਵਾਲੇ ਪਾਸਾਰਾਂ ਵਾਲਾ ਵਾਧਾ ਹੋਇਆ ਹੈ, ਸਿਵਾਏ ਦਿੱਲੀ ਦੇ (ਜਿੱਥੇ ਪੁਲੀਸ ਕੇਂਦਰ ਸਰਕਾਰ ਅਧੀਨ ਹੈ), ਇਨ੍ਹਾਂ ਸਭ ਸੂਬਿਆਂ ਵਿਚ ਭਾਜਪਾ ਦਾ ਸ਼ਾਸਨ ਹੈ।’’
        ਸਥਿਤੀ ਦਾ ਵਿਰੋਧਾਭਾਸ ਇਹ ਹੈ ਕਿ ਜਦ ਅਸੀਂ ਨਫ਼ਰਤ, ਹਿੰਸਾ ਅਤੇ ‘ਬੁਲਡੋਜ਼ਰਾਂ ਨਾਲ ਕੀਤੇ ਜਾ ਰਹੇ ਨਿਆਂ’ ਜੋ ਵੱਡਾ ਸਮਾਜਿਕ ਅਨਿਆਂ ਹੈ, ਦਾ ਵਿਰੋਧ ਕਰਦੇ ਹਾਂ ਤਾਂ ਇਹ ਵਿਰੋਧ ਵੀ ਕੱਟੜਪੰਥੀ ਤਾਕਤਾਂ ਦੇ ਹੱਕ ਵਿਚ ਜਾਂਦਾ ਹੈ ਕਿਉਂਕਿ ਇਹ ਉਸੇ ਬਿਰਤਾਂਤ ਦਾ ਹਿੱਸਾ ਬਣਦਾ ਹੈ ਜਿਸ ਨੂੰ ਕੱਟੜਪੰਥੀ ਤਾਕਤਾਂ ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਰੱਖਣਾ ਚਾਹੁੰਦੀਆਂ ਹਨ। ਕੱਟੜਪੰਥੀ ਸਾਡੇ ਵਿਰੋਧ ਬਾਰੇ ਆਪਣੇ ਪੈਰੋਕਾਰਾਂ ਨੂੰ ਦੱਸਦੇ ਹਨ ਕਿ ਦੇਖੋ ਇਹ ਵਿਅਕਤੀ ਕਿਹੋ ਜਿਹੇ ਲੋਕਾਂ ਦਾ ਸਾਥ ਦਿੰਦੇ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਸਾਡੇ ਕੋਲ ਬੋਲਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਬਚਦਾ।
         ਸ਼ਾਇਦ ਮਿਰਜ਼ਾ ਗ਼ਾਲਿਬ ਦਾ ਇਹ ਸ਼ਿਅਰ ਸਾਡੇ ਹਾਲਾਤ ਦੀ ਕੁਝ ਹੱਦ ਤਕ ਤਰਜਮਾਨੀ ਕਰ ਸਕਦਾ ਹੈ, ‘‘ਜਖ਼ਮੀ ਹੂਆ ਹੈ ਪਾਸ਼ਨਾ, ਪਾ-ਏ-ਸਬਾਤ ਕਾ/ ਨ ਭਾਗਨੇ ਕੀ ਗੌਂ, ਨ ਇਕਾਮਤ ਕੀ ਤਾਬ ਹੈ।’’ ਭਾਵ ਅੱਡੀ (ਪਾਸ਼ਨਾ) ਪੈਰਾਂ ਦੇ ਰੁਕਣ (ਪਾ-ਏ-ਸਬਾਤ) ਕਾਰਨ ਜ਼ਖ਼ਮੀ ਹੋਈ ਹੈ, ਹੁਣ ਨਾ ਤਾਂ ਦੌੜਨ ਦੀ ਤਾਂਘ (ਗੌਂ) ਹੈ ਨਾ ਹੀ ਖੜ੍ਹੇ/ ਸਥਿਰ (ਇਕਾਮਤ) ਰਹਿਣ ਦੀ ਤਾਬ (ਸਥਿਤੀ/ਸਹਿਣਸ਼ਕਤੀ/ਮਨ)। ਅਸੀਂ ਨਹੀਂ ਜਾਣਦੇ ਕਿ ਅਸੀਂ ਕੀ ਕਰੀਏ। ਪ੍ਰਧਾਨ ਮੰਤਰੀ ਸਾਹਮਣੇ ਗੁਹਾਰ ਲਗਾਈਏ ਜਾਂ ਆਪਣੀ ਪੱਥਰ ਹੁੰਦੀ ਜਾਂਦੀ ਜ਼ਮੀਰ ਦੇ ਸਾਹਮਣੇ ਸਿਰ ਪਟਕੀਏ। ਜਦ ਸ਼ਬਦ ਤੇ ਖ਼ਾਮੋਸ਼ੀ ਦੋਵੇਂ ਖ਼ਤਰਨਾਕ ਹੋ ਜਾਣ ਤਾਂ ਤੜਪ ਤੇ ਚੀਖ ਹੀ ਮਨੁੱਖ ਦੀ ਆਵਾਜ਼ ਬਣ ਸਕਦੇ ਹਨ। ਸੋਵੀਅਤ ਯੂਨੀਅਨ ਵਿਚ ਸਟਾਲਿਨ ਦੇ ਜ਼ੁਲਮ ਸਹਿਣ ਵਾਲੇ ਸ਼ਾਇਰ ਓਸਿਪ ਮੈਂਡਲਸਟਾਮ ਦੀ ਘਰ ਵਾਲੀ ਤੇ ਲੇਖਿਕਾ ਨਾਦੇਜ਼ਦਾ ਮੈਂਡਲਸਟਾਮ ਨੇ ਬਹੁਤ ਔਖੇ ਦਿਨਾਂ ਵਿਚ ਲਿਖਿਆ ਸੀ, ‘‘ਮੈਂ ਫ਼ੈਸਲਾ ਕੀਤਾ ਕਿ ਚੀਖਣਾ ਬਿਹਤਰ ਹੈ। ਚੁੱਪ ਮਨੁੱਖਤਾ ਦੇ ਵਿਰੁੱਧ ਅਸਲੀ ਅਪਰਾਧ ਹੈ।’’ ਸ਼ਾਦ ਅਜ਼ੀਮਾਬਾਦੀ ਨੇ ਲਿਖਿਆ ਹੈ, ‘‘ਖ਼ਾਮੋਸ਼ੀ ਸੇ ਮੁਸੀਬਤ ਔਰ ਭੀ ਸੰਗੀਨ ਹੋਤੀ ਹੈ/ ਤੜਪ ਐ ਦਿਲ, ਤੜਪਨੇ ਸੇ ਜ਼ਰਾ ਤਸਕੀਨ ਹੋਤੀ ਹੈ।’’ ਇਨ੍ਹਾਂ ਸਮਿਆਂ ਵਿਚ ਤੜਪਦਾ ਹੋਇਆ ਦਿਲ ਕੁਝ ਅਜਿਹੀ ਬੁੜਬੁੜ ਹੀ ਲਿਖ ਸਕਦਾ ਹੈ :
ਸ਼ਬਦ ਖ਼ਤਰਨਾਕ ਨੇ
ਚੁੱਪ  ਖ਼ਤਰਨਾਕ  ਹੈ
ਇਹ ਅਜਬ ਦਿਨ ਨੇ
ਇਹ ਅਜਬ ਰਾਤ ਹੈ
ਆਪਣੇ ਹੀ ਜਾਲ ਵਿਚ
ਫਸਿਆ ਹੈ ਮਨ ਸਾਡਾ
ਦਿਸਦੀ ਨ ਮੰਜ਼ਿਲ ਕੋਈ
ਐਸਾ ਹੈ  ਸਫ਼ਰ  ਡਾਢਾ
ਨਾ ਗਲ ’ਤੇ ਅੰਗੂਠਾ ਏ
ਨਾ ਚੀਖਣ ਦੀ ਔਕਾਤ ਹੈ
ਸ਼ਬਦ  ਖ਼ਤਰਨਾਕ  ਨੇ
ਚੁੱਪ  ਖ਼ਤਰਨਾਕ  ਹੈ!