ਇਮਤਿਹਾਨਾਂ ਦੀ ਵਬਾਅ ਤੋਂ ਸਿੱਖਿਆ ਦਾ ਬਚਾਅ ਜ਼ਰੂਰੀ - ਅਵਿਜੀਤ ਪਾਠਕ

ਕੀ ਸਾਨੂੰ ਆਪਣੇ ਬੱਚਿਆਂ ਦੇ ਵੱਡੇ ਹੋਣ ਦੇ ਅਮਲ ਦੌਰਾਨ ਇਮਤਿਹਾਨਾਂ ਦੇ ਤਸ਼ੱਦਦ, ਕਦੇ ਵੀ ਨਾ ਮੁੱਕਣ ਵਾਲੀ ਮਿਆਰੀਕ੍ਰਿਤ ਟੈਸਟਾਂ ਦੀ ਲੜੀ, ਕੋਚਿੰਗ ਸੈਂਟਰਾਂ ਦੇ ਜਾਲ ਅਤੇ ਇਸ ਦੇ ਸਿੱਟੇ ਵਜੋਂ ਸਾਨੂੰ ਮਿਲਣ ਵਾਲੇ ਲੰਬੇ ਸਮੇਂ ਦੇ ਤਣਾਅ ਤੇ ਫ਼ਿਕਰਾਂ ਦੀ ਖ਼ਾਸੀਅਤ ਵਾਲੇ ਰਹਿਣ-ਸਹਿਣ ਨਾਲ ਆਪਣੇ ਆਪ ਨੂੰ ਪ੍ਰੇਸ਼ਾਨ ਹੁੰਦੇ ਰਹਿਣ ਦੇਣਾ ਚਾਹੀਦਾ ਹੈ ? ਜਾਂ ਫਿਰ ਸਾਨੂੰ ਇਸ ਨੂੰ ਆਮ ਵਰਤਾਰਾ ਮੰਨ ਲੈਣਾ ਚਾਹੀਦਾ ਹੈ ਜਾਂ ਇਥੋਂ ਤੱਕ ਕਿ ਕਿਸੇ ਤਕਨੀਕੀ ਦਲੀਲ ਦੇ ਆਧਾਰ ਉਤੇ ਇਸ ਦੇ ਜਸ਼ਨ ਮਨਾਉਣੇ ਚਾਹੀਦੇ ਹਨ ਕਿ ਇਸ ਭਾਰੀ ਦਬਾਅ ਸਦਕਾ ਸਾਡੇ ਬੱਚੇ ਸਖ਼ਤ ਮਿਹਨਤ ਦੀ ਭਾਵਨਾ ਸਿੱਖ ਰਹੇ ਹਨ ਅਤੇ ਨਾਲ ਹੀ ਆਪਣੇ ਆਪ ਨੂੰ ਇਸ ਮੁਕਾਬਲੇਬਾਜ਼ੀ ਨਾਲ ਭਰੇ ਸੰਸਾਰ ਮੁਤਾਬਕ ਢਾਲ ਰਹੇ ਹਨ ?
       ਮੈਂ ਇਸ ਵੇਲੇ ਇਹ ਸਵਾਲ ਇਸ ਕਾਰਨ ਉਠਾ ਰਿਹਾ ਹਾਂ ਕਿਉਂਕਿ ਇਹ ਉਹ ਵਕਤ ਹੈ ਜਦੋਂ ਇਮਤਿਹਾਨਾਂ ਅਤੇ ਦਾਖ਼ਲਾ ਟੈਸਟਾਂ ਦੀ ਇਕ ਪੂਰੀ ਲੜੀ, ਬੋਰਡ ਇਮਤਿਹਾਨ, ਜੇਈਈ, ਨੀਟ ਅਤੇ ਹਾਲ ਹੀ ਵਿਚ ਲਿਆਂਦੇ ਗਏ ਸੀਯੂਈਟੀ ਨਾਲ ਸਾਡੇ ਬੱਚਿਆਂ ਦਾ ਟਾਕਰਾ ਹੋਣਾ ਹੈ। ਫਿਰ ਸਾਡਾ ਬਹੁਤ ਹੀ ਫ਼ਤਵੇਬਾਜ਼ ਸਮਾਜ ਉਨ੍ਹਾਂ ਦੇ ਮੁੱਲ ਨੂੰ ਤੋਲੇਗਾ, ਇਮਤਿਹਾਨਾਂ ਵਿਚ ਮੋਹਰੀ ਰਹਿਣ ਵਾਲੇ ਟੌਪਰਾਂ ਦੀਆਂ ਕਹਾਣੀਆਂ ਦੇ ਕਸੀਦੇ ਪੜ੍ਹੇਗਾ ਅਤੇ ਨਾਲ ਹੀ ਉਹ ਵਿਦਿਆਰਥੀ ਜਿਹੜੇ ਇਸ ਭੇਡ-ਚਾਲ ਦੇ ਦਬਾਅ ਦੀ ਤਾਬ ਨਾ ਝੱਲਦਿਆਂ ਪਿਛਾਂਹ ਰਹਿ ਜਾਣਗੇ, ਉਨ੍ਹਾਂ ਨੂੰ ਨਿੰਦਿਆਂ ਤੇ ਭੰਡਿਆ ਜਾਵੇਗਾ। ਇਹ ਅਜਿਹਾ ਵੇਲਾ ਵੀ ਹੈ ਜਦੋਂ ਫ਼ਿਕਰਾਂ-ਮਾਰੇ ਮਾਪਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋਵੇਗੀ ਅਤੇ ਕੋਚਿੰਗ ਕੇਂਦਰ ਤੇ ਐਡ-ਟੈਕ ਕੰਪਨੀਆਂ (ਹਾਰਡਵੇਅਰ ਜਾਂ ਸਾਫਟਵੇਅਰ ਤੇ ਇੰਟਰਨੈੱਟ ਜਾਂ ਮੋਬਾਈਲ ਐਪਸ ਆਦਿ ਰਾਹੀਂ ਆਨਲਾਈਨ ਸਿੱਖਿਆ ਦੇਣ ਵਾਲੀਆਂ ਸਿੱਖਿਆ-ਤਕਨੀਕੀ ਕੰਪਨੀਆਂ) ਵੱਲੋਂ ਉਨ੍ਹਾਂ ਦੇ ਇਸ ਡਰ ਦਾ ਦੋਹੀਂ ਹੱਥੀਂ ਲਾਹਾ ਲਿਆ ਜਾਵੇਗਾ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਫਿਜ਼ਿਕਸ, ਗਣਿਤ, ਕੈਮਿਸਟਰੀ ਅਤੇ ਬਾਇਓਲੋਜੀ ਆਦਿ ਵਿਚ ਸਫਲਤਾ ਦੇ ਪੈਕੇਜ ਵੇਚ ਕੇ ਭਾਰੀ ਮੁਨਾਫ਼ੇ ਕਮਾਏ ਜਾਣਗੇ।
       ਕੀ ਸਿੱਖਿਆ ਬੱਸ ਇਹੋ ਕੁਝ ਹੈ? ਕੀ ਸਾਡੇ ਨੌਜਵਾਨਾਂ ਦੀ ਅੰਤਿਮ ਹੋਣੀ ਇਹੋ ਹੈ? ਅਕਸਰ ਹੀ ‘ਸਿਸਟਮ’ ਸਾਨੂੰ ਨਕਾਰਾ ਬਣਾ ਦਿੰਦਾ ਹੈ ਅਤੇ ਅਸੀਂ ਇਹ ਮੰਨਣ ਲੱਗਦੇ ਹਾਂ ਕਿ ਹੁਣ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਬੱਚੇ ਸਿਧਾਂਤਕ ਭੌਤਿਕ ਵਿਗਿਆਨ ਵਿਚ ਦਿਲਚਸਪੀ ਰੱਖਦੇ ਹਨ ਜਾਂ ਸਿਰਜਣਾਤਮਕ ਕਲਾਵਾਂ ਵੱਲ, ਉਨ੍ਹਾਂ ਨੂੰ ਮਹਿਜ਼ ਇਕ ਤਰ੍ਹਾਂ ਦਾ ਨਿਵੇਸ਼ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ‘ਚੰਗੇ’ ਮਾਪੇ ਉਹੋ ਹੁੰਦੇ ਹਨ, ਜਿਹੜੇ ਆਪਣੇ ਬੱਚਿਆਂ ਨੂੰ ਬਰਾਂਡਿਡ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਵਿਚ ਭੇਜਣ ਲਈ ਪੈਸਾ ਪਾਣੀ ਵਾਂਗ ਵਹਾਉਣ, ਨਾਲ ਹੀ ਲਗਾਤਾਰ ਚੇਤੇ ਕਰਾਇਆ ਜਾਂਦਾ ਹੈ ਕਿ ਇਸ ਨਾਲ ਇਹ ਬੱਚੇ ਇਸ ਨਿਵੇਸ਼ ਦਾ ਵਾਜਬ ਮੁੱਲ ਵੀ ਮੋੜਨਗੇ ਜਿਵੇਂ ਜੇਈਈ ਜਾਂ ਨੀਟ ਵਿਚ ਵਧੀਆ ਰੈਂਕ ਹਾਸਲ ਕਰਨਾ ਅਤੇ ਆਖ਼ਰ ਟੈਕਨੋ-ਕਾਰਪੋਰੇਟ ਸੰਸਾਰ ਵਿਚ ਵਧੀਆ ਕਮਾਊ ਨੌਕਰੀਆਂ ਵੀ ਹਾਸਲ ਕਰ ਲੈਣਾ। ਕੀ ਇਸੇ ਦਾ ਅਰਥ ਵਧੀਆ ਪੜ੍ਹਿਆ-ਲਿਖਿਆ ਹੋਣਾ ਹੈ ਕਿ ਸਭ ਕਾਸੇ ਨੂੰ ਸਮੇਤ ਇਨਸਾਨੀ ਰਿਸ਼ਤਿਆਂ ਨੂੰ ਵੀ ਨਫ਼ੇ ਤੇ ਨੁਕਸਾਨ ਦੀਆਂ ਗਿਣਤੀਆਂ-ਮਿਣਤੀਆਂ ਦੇ ਤਰਕ ਵਿਚੋਂ ਦੇਖਣਾ ਅਤੇ ਨਾਲ ਹੀ ਕਾਰਗੁਜ਼ਾਰੀ ਦਿਖਾਉਣ ਦੀ ਭਾਰੀ ਚਿੰਤਾ ਵਿਚ ਜ਼ਿੰਦਗੀ ਜਿਉਣਾ ?
      ਇਸ ਸੂਰਤ ਵਿਚ ਸਿੱਖਿਆ ਉਤੇ ਇਸ ਜਥੇਬੰਦ ਅਤੇ ਗਿਣੇ-ਮਿਥੇ ਹਮਲੇ ਦੇ ਬਾਵਜੂਦ, ਸਾਡੇ ਵਿਚੋਂ ਕੁਝ ਨੂੰ ਲਾਜ਼ਮੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ, ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਹ ਕਹਿਣ ਦੀ ਹਿੰਮਤ ਕਰਨੀ ਚਾਹੀਦੀ ਹੈ ਕਿ ਅਰਥਪੂਰਨ ਤੇ ਵਧੀਆ ਸਿੱਖਿਆ ਦਾ ਮਤਲਬ ਮਹਿਜ਼ ਇਮਤਿਹਾਨ ਜਾਂ ਮਿਆਰੀਕ੍ਰਿਤ ਟੈਸਟ ਹੀ ਨਹੀਂ ਹਨ ਨਾ ਹੀ ਇਹ ਕਿਸੇ ਦੌੜ ਜਾਂ ਮੁਕਾਬਲੇ ਨੂੰ ਜਿੱਤ ਲੈਣ ਦੀ ਰਣਨੀਤੀ ਹੀ ਹੈ। ਸਗੋਂ ਇਹ ਹੈਰਤ ਅਤੇ ਰਚਨਾਤਮਕਤਾ ਨਾਲ ਸਬੰਧਤ ਹੈ। ਇਹ ਦੁਨੀਆਂ ਨੂੰ ਸਮਝਣ ਦੀ ਇਕ ਅੰਤਹੀਣ ਕੋਸ਼ਿਸ਼ ਹੈ। ਭੌਤਿਕ, ਜੈਵਿਕ, ਸੱਭਿਆਚਾਰਕ ਅਤੇ ਮਾਨਸਿਕ/ਆਤਮਕ ਪੱਖ ਤੋਂ ਅਤੇ ਇਹ ਮਨੁੱਖੀ ਤੇ ਆਲੋਚਨਾਤਮਕ ਚੇਤਨਾ ਨੂੰ ਉਭਾਰਨ ਬਾਰੇ ਹੈ, ਜਿਸ ਨਾਲ ਸਿਖਿਆਰਥੀ ਆਪਣੀ ਮੁਹਾਰਤ ਵਾਲੇ ਹੁਨਰਾਂ ਦਾ ਇਸਤੇਮਾਲ ਕਰਨ ਦੇ ਯੋਗ ਹੋ ਸਕਣ, ਜਿਸ ਰਾਹੀਂ ਇਕ ਸਮਤਾਵਾਦੀ ਅਤੇ ਹਮਦਰਦੀ ਵਾਲੇ ਸਮਾਜ ਦੀਆਂ ਨੀਹਾਂ ਮਜ਼ਬੂਤ ਹੋ ਸਕਣ। ਸਿੱਖਿਅਤ ਹੋਣ ਦਾ ਟੀਚਾ ਸਿਰਫ਼ ਖ਼ੁਦ-ਪਸੰਦ ਜੰਗਜੂ ਬਣਨਾ ਹੀ ਨਹੀਂ ਹੈ, ਸਗੋਂ ਸਿੱਖਿਆ ਨੂੰ ਸਾਨੂੰ ਸੰਵੇਦਨਸ਼ੀਲ ਬਣਾਉਣਾ ਚਾਹੀਦਾ ਹੈ, ਸਾਡੇ ਵਿਚ ਕਿਸੇ ਦਾ ਖ਼ਿਆਲ ਰੱਖਣ ਤੇ ਪਿਆਰ ਕਰਨ ਦੀ ਨੈਤਿਕਤਾ ਭਰਨੀ ਚਾਹੀਦੀ ਹੈ, ਸਾਨੂੰ ਜੰਗ, ਫ਼ੌਜਪ੍ਰਸਤੀ, ਤਕਨਾਲੋਜੀਕਲ ਹਿੰਸਾ, ਵਾਤਾਵਰਨ ਦੀ ਤਬਾਹੀ ਅਤੇ ਇਕ ਨਿਗਰਾਨੀ ਰੱਖਣ ਵਾਲੇ ਸਮਾਜ ਦੇ ਖ਼ੌਫ਼ ਦਾ ਵਿਰੋਧ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
       ਰਵਿੰਦਰ ਨਾਥ ਟੈਗੋਰ, ਜਿੱਦੂ ਕ੍ਰਿਸ਼ਨਾਮੂਰਤੀ ਅਤੇ ਪਾਉਲੋ ਫਰੇਰੇ ਵਰਗੇ ਸਿੱਖਿਆਦਾਨੀਆਂ ਨੇ ਕਦੇ ਸਿੱਖਿਆ ਦੀ ਹੋ ਰਹੀ ਅਜਿਹੀ ਅਧੋਗਤੀ ਬਾਰੇ ਸੋਚਿਆ ਵੀ ਨਹੀਂ ਹੋਵੇਗਾ, ਜਿਸ ਦਾ ਸਾਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ ਹੈ। ਪਾਬਲੋ ਨੇਰੂਦਾ ਜਾਂ ਅੰਮ੍ਰਿਤਾ ਪ੍ਰੀਤਮ ਵਰਗੇ ਸ਼ਾਇਰ, ਆਇਜ਼ਕ ਨਿਊਟਨ ਜਾਂ ਅਲਬਰਟ ਆਇਨਸਟਾਈਨ ਵਰਗੇ ਸਾਇੰਸਦਾਨ ਅਤੇ ਵਿਪਨ ਚੰਦਰ ਜਾਂ ਇਰਫ਼ਾਨ ਹਬੀਬ ਵਰਗੇ ਇਤਿਹਾਸਕਾਰ ਕਦੇ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੀਆਂ ਮਹਾਨ ਤੇ ਉਤਸ਼ਾਹੀ ਕ੍ਰਿਤਾਂ ਤੇ ਕਾਰਜਾਂ ਨੂੰ ਮਹਿਜ਼ ਇਕ ਤਰ੍ਹਾਂ ਇਮਤਿਹਾਨੀ ਬੁਝਾਰਤਾਂ ਦੇ ਬਹੁ-ਵਿਕਲਪੀ ਸਵਾਲਾਂ (MCQ) ਦੇ ਤਰੀਕੇ ਤੱਕ ਸੀਮਤ ਕਰ ਦਿੱਤਾ ਜਾਵੇ। ਸਾਡੇ ਬੱਚੇ ਮਹਿਜ਼ ਟੈਸਟਾਂ ਦੀ ਕਿਸੇ ਲੜੀ ਨੂੰ ਪਾਸ ਕਰਨ ਲਈ ਹੀ ਪੈਦਾ ਨਹੀਂ ਹੋਏ, ਅਜਿਹੇ ਟੈਸਟ ਜਿਹੜੇ ਉਨ੍ਹਾਂ ਨੂੰ ਬੌਧਿਕ, ਨੈਤਿਕ ਅਤੇ ਸਿਆਸੀ ਤੌਰ ’ਤੇ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਤੋਂ ਦੂਰ ਹਨ ਅਤੇ ਜਿਹੜੇ ਮਹਿਜ਼ ਬੇਤੁਕੇ ਪੈਮਾਨਿਆਂ ਰਾਹੀਂ ਲੋਕਾਂ ਦੀ ਛਾਂਟੀ ਕਰਨ ਜਾਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਹੀ ਮੌਜੂਦ ਹਨ। ਹਰੇਕ ਬੱਚੇ ਵਿਚ ਆਪੋ-ਆਪਣੀ ਸਮਰੱਥਾ ਹੁੰਦੀ ਹੈ ਅਤੇ ਉਸ ਦੀ ਵਿਲੱਖਣਤਾ ਨੂੰ ਜੇਈਈ ਜਾਂ ਨੀਟ ਰੈਂਕਿੰਗ ਨਾਲ ਹੀ ਨਹੀਂ ਮਾਪਿਆ ਜਾ ਸਕਦਾ। ਜਿਹੜਾ ਸਮਾਜ ਖ਼ਾਹਿਸ਼ਾਂ ਅਤੇ ਯੋਗਤਾਵਾਂ ਦਾ ਮਿਆਰੀਕਰਨ ਕਰਨਾ ਚਾਹੁੰਦਾ ਹੈ, ਉਹ ਇਸ ਦੀ ਸਮਰੱਥਾ ਦਾ ਲਾਹਾ ਲੈਣ ਵਿਚ ਨਾਕਾਮ ਰਹਿੰਦਾ ਹੈ। ਦਰਅਸਲ, ਮਿਆਰੀਕ੍ਰਿਤ ਟੈਸਟਾਂ ਅਤੇ ਪ੍ਰੀਖਿਆਵਾਂ ਦਾ ਤਸ਼ੱਦਦ ਇਨਸਾਨੀ ਸੰਭਾਵਨਾਵਾਂ ਦਾ ਗਲਾ ਘੁੱਟ ਦਿੰਦਾ ਹੈ। ਭਾਵੇਂ ਅਜਿਹੇ ਹਰੇਕ ਇਮਤਿਹਾਨ ਜਾਂ ਟੈਸਟ ਤੋਂ ਬਾਅਦ ਟੌਪਰਾਂ ਦੀ ਕਾਮਯਾਬੀ ਦੇ ਸੋਹਲੇ ਗਾਏ ਜਾਂਦੇ ਹਨ, ਉਨ੍ਹਾਂ ਨੂੰ ਵੇਚਿਆ ਜਾਂਦਾ ਹੈ, ਉਨ੍ਹਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਪਰ ਸਾਡੇ ਬਹੁਤ ਸਾਰੇ ਨੌਜਵਾਨ ਅਣਜਾਣ ਤੇ ਜ਼ਖ਼ਮੀ, ਨਾਕਾਮਯਾਬੀ ਦੇ ਦਾਗ਼ ਅਤੇ ਅਰਥਹੀਣਤਾ ਦੀ ਭਾਵਨਾ ਨਾਲ ਜਿਊਣ ਲਈ ਮਜਬੂਰ ਹੋਣਗੇ।
ਅਸਲ ਮੁੱਦੇ ਦਾ ਹੱਲ ਇੰਨਾ ਆਸਾਨ ਨਹੀਂ ਹੈ। ਇਸ ਦੀ ਥਾਂ ਪ੍ਰੇਰਕ ਬੁਲਾਰਿਆਂ (motivational speakers) ਸੱਦਣਾ ਅਤੇ ਮੈਦਾਨ-ਏ-ਜੰਗ ਵਿਚ ‘ਇਮਤਿਹਾਨੀ ਯੋਧਿਆਂ’ ਵਜੋਂ ਦਾਖ਼ਲ ਹੋਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਆਸਾਨ ਹੈ ਜਾਂ ਫਿਰ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਸਲਾਹਕਾਰ ਕੌਂਸਲਰ ਵਜੋਂ ਵਿਹਾਰ ਕਰਨਾ ਅਤੇ ਫ਼ਿਕਰਾਂ ਦੇ ਮਾਰੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਨੂੰ ‘ਤਿਉਹਾਰਾਂ’ ਦੇ ਮੌਸਮ ਵਾਂਗ ਦੇਖਣ ਦੀ ਸਲਾਹ ਦੇਣਾ ਵੀ ਸੌਖਾ ਹੈ। ਇਹ ਮੰਨਣਾ ਬਹੁਤ ਹੀ ਔਖਾ ਹੋਵੇਗਾ ਕਿ ਸਾਡੇ ਸਿੱਖਿਆ ਦੇ ਮੌਜੂਦਾ ਤੌਰ-ਤਰੀਕੇ ਇਕ ਤਰ੍ਹਾਂ ਦੀ ਹਿੰਸਾ ਤੋਂ ਵੱਧ ਹੋਰ ਕੁਝ ਨਹੀਂ। ਇਸ ਰਾਹੀਂ ਉਤਪਾਦ ਬਣਾਏ ਜਾਂਦੇ ਹਨ, ਨਾ ਕਿ ਤਰਸ ਭਰੇ ਇਨਸਾਨ। ਇਹ ਖ਼ੁਦਗਰਜ਼ੀ ਅਤੇ ਮੁਕਾਬਲੇਬਾਜ਼ੀ ਨੂੰ ਹੱਲਾਸ਼ੇਰੀ ਦਿੰਦੀ ਹੈ, ਨਾ ਕਿ ਰਲਮਿਲ ਕੇ ਰਹਿਣ ਤੇ ਸਾਂਝਾ ਕਰਨ ਦੇ ਖ਼ੁਮਾਰ ਅਤੇ ਇਕਮੁਠਤਾ ਨੂੰ, ਇਹ ਬੇਜਾਨ ਤੇ ਬੇਰਹਿਮ ਮਾਹਿਰ ਤਾਂ ਪੈਦਾ ਕਰ ਸਕਦੀ ਹੈ, ਜ਼ਰੂਰੀ ਨਹੀਂ ਕਿ ਇਹ ਕਵੀ, ਧਰਮਾਤਮਾ, ਗੂੜ੍ਹ-ਗਿਆਨੀ ਅਤੇ ਇਨਕਲਾਬੀ ਵੀ ਪੈਦਾ ਕਰ ਸਕੇ। ਇਹ ਅਨੁਰੂਪਤਾਵਾਦੀ ਪੈਦਾ ਕਰਦੀ ਹੈ (It produces conformists.)
       ਇਸ ਲਈ, ਪ੍ਰੀਖਿਆਵਾਂ ਦੇ ਇਸ ਦੌਰ ਦੌਰਾਨ, ਸਾਡੇ ਵਿਚੋਂ ਜੋ ਲੋਕ ਵੀ ਵੱਖਰੀ ਤਰ੍ਹਾਂ ਸੋਚਦੇ ਹਨ, ਨੂੰ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ ਤਾਂ ਕਿ ਸਿੱਖਿਆ ਨੂੰ ਬਚਾਇਆ ਜਾ ਸਕੇ ਅਤੇ ਨਾਲ ਹੀ ਸਾਡੇ ਬੱਚਿਆਂ ਨੂੰ ਇਕ ਅਜਿਹੀ ਸੋਚ ਦਿੱਤੀ ਜਾ ਸਕੇ, ਜਿਹੜੀ ਟੈਕਨੋ-ਫ਼ਾਸ਼ੀਵਾਦ, ਫ਼ੌਜਪ੍ਰਸਤ ਰਾਸ਼ਟਰਵਾਦ ਅਤੇ ਨਵ-ਉਦਾਰਵਾਦੀ/ਬਾਜ਼ਾਰਮੁਖੀ ਖ਼ਪਤਕਾਰਵਾਦ ਤੋਂ ਆਜ਼ਾਦ ਹੋਵੇ। ਸਾਨੂੰ ਅਜਿਹੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਹਾਲੇ ਤੱਕ ਆਪਣੀ ਰਚਨਾਤਮਕਤਾ ਨਹੀਂ ਗਵਾਈ ਅਤੇ ਨਾਲ ਹੀ ਸਾਨੂੰ ਕੋਚਿੰਗ ਸੈਂਟਰਾਂ ਦੇ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸਾਨੂੰ ਅਜਿਹੇ ਮਾਪਿਆਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ, ਜਿਹੜੇ ਇਸ ਹਾਲਾਤ ਵਿਚ ਖ਼ੁਦ ਨੂੰ ਹਾਸ਼ੀਏ ਉਤੇ ਧੱਕ ਦਿੱਤੇ ਗਏ ਸਮਝਦੇ ਹਨ, ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਬੱਚੇ ਮਹਿਜ਼ ਇਨ੍ਹਾਂ ਟੈਸਟਾਂ ਨੂੰ ਪਾਸ ਕਰਨ ਲਈ ਪੈਦਾ ਨਹੀਂ ਹੋਏ, ਸਗੋਂ ਉਹ ਆਪਣੇ ਰਉਂ ਤੇ ਲੈਅ ਵਿਚ ਜਿਊਣ ਅਤੇ ਬੌਧਿਕ ਜਗਿਆਸਾ ਅਤੇ ਰਚਨਾਤਮਕ ਤਜਰਬਿਆਂ ਵਾਲੇ ਸਿੱਖਣ ਦੇ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਪੈਦਾ ਹੋਏ ਹਨ। ਇਸ ਸਬੰਧ ਵਿਚ ਸਾਨੂੰ ਆਪਣੀ ਆਵਾਜ਼ ਹੋਰ ਬੁਲੰਦੀ ਨਾਲ ਉਠਾਉਣੀ ਚਾਹੀਦੀ ਹੈ। ਆਖ਼ਰ, ਸਿੱਖਿਆ ਨੂੰ ਇਸ ਢਾਂਚੇ ਤੋਂ ਆਜ਼ਾਦੀ ਦਿਵਾਏ ਬਿਨਾਂ ਇਨਸਾਨੀਅਤ ਲਈ ਕੋਈ ਉਮੀਦ ਨਹੀਂ ਬਚਦੀ। ਬਿਨਾਂ ਸ਼ੱਕ, ਸਿਸਟਮ ਤਾਂ ਹਮੇਸ਼ਾ ਹੀ ਮੁਨਾਫ਼ੇ, ਉਤਪਾਦਕਤਾ, ਕੁਸ਼ਲਤਾ ਅਤੇ ਤਕਨੀਕੀ-ਪ੍ਰਬੰਧਕੀ ਯੋਗਤਾਵਾਂ ਦੀ ਹੀ ਭਾਸ਼ਾ ਬੋਲੇਗਾ ਪਰ ਸਾਨੂੰ ਇਨ੍ਹਾਂ ਸਰਕਾਰੀ ਬਿਰਤਾਂਤਾਂ ਦੇ ਖੋਖਲੇਪਣ ਦਾ ਭਾਂਡਾ ਭੰਨਣ ਦੀ ਹਿੰਮਤ ਜੁਟਾਉਣੀ ਹੀ ਪਵੇਗੀ।
*  ਲੇਖਕ ਸਮਾਜਸ਼ਾਸਤਰੀ ਹੈ।