ਪੂਤਿਨਸ਼ਾਹੀ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ - ਸੁਕੀਰਤ

2024 ਵਿਚ ਖੇਤਰਫਲ ਪੱਖੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ ਰੂਸ ਦੇ ਅਜੋਕੇ ਮੁਖੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਓਥੇ ਲਗਾਤਾਰ ਰਾਜ ਕਰਦਿਆਂ 25 ਵਰ੍ਹੇ ਹੋ ਜਾਣਗੇ। 1917 ਵਿਚ ਰੂਸ ਵਿਚ ਜ਼ਾਰਸ਼ਾਹੀ ਦਾ ਤਖਤਾ ਪਲਟਣ ਤੋਂ ਬਾਅਦ ਜੋਜ਼ਫ਼ ਸਟਾਲਿਨ ਤੋਂ ਇਲਾਵਾ ਕੋਈ ਵੀ ਹੋਰ ਨੇਤਾ ਏਨਾ ਲੰਮਾ ਸਮਾਂ ਓਥੇ ਸਿਰਮੌਰ ਆਗੂ ਨਹੀਂ ਰਿਹਾ, ਨਾ ਸੋਵੀਅਤ ਸਮਿਆਂ ਵਿਚ, ਨਾ ਉਸ ਦੌਰ ਤੋਂ ਮਗਰੋਂ। ਛੋਟੇ ਮੋਟੇ ਦੇਸਾਂ ਵਿਚ ਏਨੇ ਲੰਮੇ ਸਮੇਂ ਤੋਂ ਰਾਜ-ਪ੍ਰਬੰਧ ਨੂੰ ਜੱਫ਼ਾ ਮਾਰੀ ਬੈਠੇ ਆਗੂਆਂ/ਤਾਨਾਸ਼ਾਹਾਂ ਦੀਆਂ ਉਦਾਹਰਣਾਂ ਭਾਵੇਂ ਹੋਰ ਵੀ ਲੱਭ ਜਾਂਦੀਆਂ ਹਨ, ਪਰ 21ਵੀਂ ਸਦੀ ਵਿਚ ਦੁਨੀਆ ਦੇ ਕਿਸੇ ਵੀ ਅਹਿਮ ਦੇਸ ਵਿਚ ਏਨੇ ਸਾਲਾਂ ਤੋਂ ਲਗਾਤਾਰ ਸੱਤਾ ਉੱਤੇ ਕਾਬਜ਼ ਕਿਸੇ ਹੋਰ ਆਗੂ ਦੀ ਮਿਸਾਲ ਨਹੀਂ ਮਿਲਦੀ। ਪੂਤਿਨ ਅਜੋਕੇ ਦੌਰ ਦਾ ਇਕੋ ਇਕ ਆਗੂ ਹੈ ਜਿਸ ਨੇ ਪੱਛਮ ਦੇ ਰਾਜਨੀਤੀ ਸ਼ਾਸਤਰੀਆਂ ਨੂੰ ‘ਪੂਤਿਨਵਾਦ’ ਨਾਂਅ ਦੀ ਨਵੀਂ ਕੈਟਾਗਰੀ ਘੜਨ ਵੱਲ ਧੱਕਿਆ ਹੈ। ‘ਪੂਤਿਨਵਾਦ’ ਯਾਨੀ ਰੂਸ ਵਿਚ ਪੂਤਿਨ ਦੀ ਅਗਵਾਈ ਹੇਠ ਸਥਾਪਤ ਹੋਇਆ ਨਵਾਂ ਸਿਆਸੀ ਤੰਤਰ, ਜਿਹੜਾ ਪ੍ਰਚੱਲਤ ਸਿਆਸੀ ਪ੍ਰਣਾਲੀਆਂ ਦੀ ਦਰਜਾਬੰਦੀ ਤੋਂ ਹੀ ਬਾਹਰਾ ਹੈ।
       ਇਕ ਪਾਸੇ ਇਸ ਮਹੱਤਵਪੂਰਨ ਦੇਸ ਦੇ ਸਭ ਤੋਂ ਅਹਿਮ ਆਗੂ ਨੂੰ ਤਾਨਾਸ਼ਾਹ ਤੋਂ ਲੈ ਕੇ ਡਕੈਤ ਤਕ ਗਰਦਾਨਣ ਵਾਲੇ ਸਿਆਸੀ ਸਮੀਖਿਆਕਾਰਾਂ ਦੀ ਵੀ ਘਾਟ ਨਹੀਂ, ਪਰ ਦੂਜੇ ਪਾਸੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਰਥਿਕ ਅਤੇ ਵਿਦਿਅਕ ਪੱਧਰ ਤੋਂ ਚੋਖੇ ਵਿਕਸਿਤ ਮੁਲਕ ਰੂਸ ਦੀ ਜਨਤਾ ਨੇ ਵਾਰ ਵਾਰ ਇਸੇ ਆਗੂ ਨੂੰ ਚੁਣਿਆ ਹੈ ਅਤੇ ਇਸ ਵੇਲੇ ਉਸਦਾ ਕੋਈ ਹੋਰ ਬਦਲ ਵੀ ਨਜ਼ਰ ਨਹੀਂ ਆਉਂਦਾ। ਕਿਹੜੇ ਕਾਰਨ ਪੂਤਿਨ ਨੂੰ ਏਨੇ ਵਰ੍ਹਿਆਂ ਤੋਂ ਇਸ ਹੱਦ ਤਕ ਮਕਬੂਲ ਬਣਾਈ ਰੱਖਣ ਵਿਚ ਸਹਾਈ ਹੋਏ ਹਨ?
       ਪੂਤਿਨ ਨਾਂਅ ਦੇ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਸਦੇ ਜੀਵਨ-ਬਿਓਰੇ ਉੱਤੇ ਇਕ ਉਡਦੀ ਝਾਤ ਮਾਰਨੀ ਜ਼ਰੂਰੀ ਹੋ ਜਾਂਦੀ ਹੈ। ਉਸਦਾ ਜਨਮ 1952 ਵਿਚ ਲੈਨਿਨਗ੍ਰਾਦ (ਜਿਸਨੂੰ ਹੁਣ ਸੇਂਟ ਪੀਟਰਜ਼ਬਰਗ ਕਿਹਾ ਜਾਂਦਾ ਹੈ) ਵਿਚ ਆਮ ਮੱਧ-ਵਰਗੀ ਸੋਵੀਅਤ ਸ਼ਹਿਰੀਆਂ ਦੇ ਘਰ ਹੋਇਆ। 1975 ਵਿਚ ਉਸਨੇ ਲੈਨਿਨਗ੍ਰਾਦ ਵਿਸ਼ਵਵਿਦਿਆਲੇ ਤੋਂ ਕਾਨੂੰਨ ਵਿਚ ਡਿਗਰੀ ਹਾਸਲ ਕੀਤੀ ਅਤੇ ਸੋਵੀਅਤ ਸਮਿਆਂ ਦੀ ਰਾਜ ਸੁਰੱਖਿਆ ਕਮੇਟੀ ਕੇ.ਜੀ.ਬੀ. ਵਿਚ ਭਰਤੀ ਹੋ ਗਿਆ। ਅਗਲੇ 16 ਸਾਲ ਤਕ ਉਹ ਏਸੇ ਸੰਸਥਾ ਵਿਚ ਰਿਹਾ ਅਤੇ ਇਸ ਦੌਰਾਨ 1985 ਤੋਂ 1990 ਤਕ ਉਸਨੇ ਬਤੌਰ ਵਿਦੇਸ਼ੀ ਖ਼ੁਫ਼ੀਆ ਅਧਿਕਾਰੀ ਪੂਰਬੀ ਜਰਮਨੀ ਵਿਚ ਵੀ ਲੰਮਾ ਸਮਾਂ ਕੰਮ ਕੀਤਾ। 1991 ਵਿਚ, ਜਦੋਂ ਗਰਬਾਚੋਵ ਦੀ ਅਗਵਾਈ ਹੇਠਲਾ ਸੋਵੀਅਤ ਸੰਘ ਆਪਣੀ ਹੋਂਦ ਦੇ ਆਖ਼ਰੀ ਸਾਲ ਵਿਚ ਸੀ, ਉਸਨੇ ਕੇ.ਜੀ.ਬੀ. ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਲੈਨਿਨਗ੍ਰਾਦ ਵਿਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਉਹ ਉਥੋਂ ਦੇ ਵੇਲੇ ਦੇ ਮੇਅਰ ਅਨਾਤੋਲੀ ਸਬਚਾਕ ਦਾ ਪਹਿਲੋਂ ਸਹਾਇਕ ਅਤੇ ਪਿੱਛੋਂ, 1994 ਤੋਂ ਮਗਰੋਂ, ਉਸਦਾ ਡਿਪਟੀ ਵੀ ਰਿਹਾ। 1996 ਵਿਚ ਸਬਚਾਕ ਦੇ ਚੋਣ ਹਾਰ ਜਾਣ ਮਗਰੋਂ ਉਹ ਲੈਨਿਨਗ੍ਰਾਦ ਛੱਡ ਕੇ ਦੇਸ ਦੀ ਰਾਜਧਾਨੀ ਮਾਸਕੋ ਆ ਗਿਆ, ਜਿੱਥੇ 1998 ਵਿਚ ਉਸਨੂੰ ਸੋਵੀਅਤ ਵੇਲਿਆਂ ਵਾਲੀ ਸੰਸਥਾ ਕੇ.ਜੀ.ਬੀ. ਦੀ ਥਾਂ ਬਣਾਈ ਗਈ ਐਫ਼.ਐਸ.ਬੀ. (ਫੈਡਰਲ ਸੁਰੱਖਿਆ ਸੇਵਾ) ਦਾ ਡਾਇਰੈਕਟਰ ਥਾਪਿਆ ਗਿਆ। ਅਗਸਤ 1999 ਵਿਚ ਰੂਸ ਦੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਨੇ ਆਪਣੇ ਅਧੀਨ ਕੰਮ ਕਰ ਰਹੇ ਪੂਤਿਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇ ਦਿੱਤਾ। ਇਸ ਤੋਂ ਕੁਝ ਹੀ ਮਹੀਨੇ ਬਾਅਦ, 1999 ਦੇ ਅੰਤਲੇ ਦਿਨਾਂ ਵਿਚ ਬੋਰਿਸ ਯੇਲਤਸਿਨ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ ਤੇ ਨਾਲ ਹੀ ਪੂਤਿਨ ਨੂੰ ਕਾਰਜਕਾਰੀ ਰਾਸ਼ਟਰਪਤੀ ਥਾਪ ਦਿੱਤਾ। ਕਿਹਾ ਜਾ ਸਕਦਾ ਹੈ ਕਿ ਪੂਤਿਨ ਛੜੱਪੇ ਮਾਰ ਮਾਰ ਕੇ ਸਿਆਸੀ ਅਹੁਦਿਆਂ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਉਸ ਵੇਲੇ ਤਕ, ਪੂਤਿਨ ਦੇ ਖ਼ੁਫ਼ੀਆ ਏਜੰਸੀਆਂ ਨਾਲ ਜੁੜੇ ਪਿਛੋਕੜ ਕਾਰਨ, ਉਸ ਦੇ ਪਿਛਲੇ ਜੀਵਨ ਬਾਰੇ ਕੋਈ ਖ਼ਾਸ ਜਾਣਕਾਰੀ ਵੀ ਨਹੀਂ ਸੀ ਲੱਭਦੀ ਅਤੇ ਨਾ ਹੀ ਬਾਹਰਲੀ ਦੁਨੀਆ ਵਿਚ ਬਹੁਤੇ ਲੋਕ ਉਸਨੂੰ ਜਾਣਦੇ ਸਨ। ਮਾਰਚ 2000 ਵਿਚ ਰਾਸ਼ਟਰਪਤੀ ਦੀ ਚੋਣ ਵਿਚ 11 ਉਮੀਦਵਾਰ ਖੜੋਤੇ, ਪਰ 53 ਫ਼ੀਸਦੀ ਵੋਟਾਂ ਲੈ ਕੇ ਪੂਤਿਨ ਜੇਤੂ ਰਿਹਾ। ਯੇਲਤਸਿਨ ਦੇ ਰਾਜ-ਕਾਲ ਦੇ ਦੌਰ ਵਿਚ ਸੋਵੀਅਤ ਸੰਘ ਦੇ ਟੁੱਟਣ ਤੋਂ ਮਗਰੋਂ ਤੇਜ਼ੀ ਨਾਲ ਉਭਰੀ ਧਨਾਢ-ਜੁੰਡਲੀ (ਔਲੀਗਾਰਕੀ) ਹੀ ਅਸਲੀ ਸੱਤਾਧਾਰੀ ਬਣੀ ਰਹੀ ਅਤੇ ਪੂਤਿਨ ਨੂੰ ਉਦੋਂ ਚੋਣਾਂ ਜਿਤਾਉਣ ਵਿਚ ਵੀ ਇਨ੍ਹਾਂ ਲੋਕਾਂ ਦਾ ਹੀ ਵੱਡਾ ਹੱਥ ਰਿਹਾ।
       7 ਮਈ 2000 ਨੂੰ ਪੂਤਿਨ ਨੇ ਪਹਿਲੀ ਵਾਰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਇਨ੍ਹਾਂ ਪਹਿਲੇ ਸਾਲਾਂ ਵਿਚ ਰੂਸ ਦੀ ਸਭ ਤੋਂ ਵੱਡੀ ਨਿੱਜੀ ਤੇਲ ਕੰਪਨੀ ਯੂਕੋਸ ਦੀ ਪਿਛਲੀ ਕਾਰਗੁਜ਼ਾਰੀ ਦੀ ਪੜਤਾਲ ਸ਼ੁਰੂ ਕਰਾ ਕੇ ਧਨਾਢ-ਜੁੰਡਲੀ ਦੇ ਬਾਕੀ ਸਰਗਣਿਆਂ ਨੂੰ ਚੇਤਾਵਨੀ ਦੇ ਦਿੱਤੀ ਗਈ ਕਿ ਉਹ ਚੌਕੰਨੇ ਹੋ ਜਾਣ, ਕੱਲ੍ਹ ਨੂੰ ਸਰਕਾਰੀ ਦਖ਼ਲ-ਅੰਦਾਜ਼ੀ ਦੀ ਬਿਜਲੀ ਕਿਸੇ ’ਤੇ ਵੀ ਡਿੱਗ ਸਕਦੀ ਹੈ। 2003 ਵਿਚ ਯੂਕੋਸ ਦੇ ਮਾਲਕ ਮਿਖਾਈਲ ਖਦਰਕੋਵਸਕੀ ਨੂੰ ਧੋਖਾਧੜੀ ਅਤੇ ਕਰ ਚੋਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਖਦਰਕੋਵਸਕੀ ਉਸ ਵੇਲੇ ਰੂਸ ਦਾ ਸਭ ਤੋਂ ਅਮੀਰ ਆਦਮੀ ਹੀ ਨਹੀਂ ਸੀ, ਯੇਲਤਸਿਨ ਦੌਰ ਵਿਚ ਰਾਸ਼ਟਰਪਤੀ ਦਾ ਆਰਥਿਕ ਸਲਾਹਕਾਰ ਵੀ ਰਹਿ ਚੁੱਕਾ ਸੀ। ਚਾਰ ਸਾਲਾਂ ਦੇ ਇਸ ਪਹਿਲੇ ਦੌਰ ਵਿਚ ਪੂਤਿਨ ਨੇ ਇਸ ਜੁੰਡਲੀ ਦੇ ਕੁਝ ਲੋਕਾਂ ਨੂੰ ਗੁੱਠੇ ਲਾ ਦਿੱਤਾ ਅਤੇ ਕੁਝ ਹੋਰਨਾਂ ਨੂੰ ਪੱਕੀ ਤਰ੍ਹਾਂ ਆਪਣੇ ਨਾਲ ਜੋੜ ਲਿਆ। ਦੂਜੇ ਪਾਸੇ, ਏਸੇ ਦੌਰ ਵਿਚ ਪੂਤਿਨ ਦੇ ਕੁਝ ਨੇੜਲੇ ਲੋਕ ਵੀ ਇਸ ਧਨਾਢ-ਜੁੰਡਲੀ ਵਿਚ ਆਣ ਜੁੜੇ। ਯੇਲਤਸਿਨ ਦੇ ਰਾਜ ਦੌਰਾਨ ਮੁਲਕ ਵਿਚ ਪਲਰਦੀ ਰਹੀ ਅਰਾਜਕਤਾ ਨੂੰ ਮੁਕਾਉਣ ਦੀਆਂ ਕੋਸ਼ਿਸ਼ਾਂ ਹਿਤ ਜ਼ਮੀਨ ਦੀ ਮਾਲਕੀ ਅਤੇ ਕਰ ਸਬੰਧਤ ਮਾਮਲਿਆਂ ਲਈ ਨਵੇਂ ਕਾਨੂੰਨ ਵੀ ਘੜੇ ਅਤੇ ਲਾਗੂ ਕੀਤੇ ਗਏ। ਨਾਲ ਦੀ ਨਾਲ ਪੂਤਿਨ ਨੇ ਰੂਸ ਦੀ ਕੇਂਦਰੀ ਸੱਤਾ ਨੂੰ ਪੱਕਿਆਂ ਕਰਨ ਅਤੇ ਫੈਡਰਲ ਢਾਂਚੇ ਨੂੰ ਲਾਗੂ ਕਰਨ ਲਈ ਇਕ ਡਿਕਰੀ ਰਾਹੀਂ ਸਾਰੇ ਦੇਸ ਨੂੰ ਸੱਤ ਫੈਡਰਲ ਹਿੱਸਿਆਂ ਵਿਚ ਵੰਡ ਦਿੱਤਾ ਜਿਨ੍ਹਾਂ ਦੇ ਨਿਗਰਾਨ ਰਾਸ਼ਟਰਪਤੀ ਦੇ ਥਾਪੇ ਨੁਮਾਇੰਦੇ ਹੋਣਗੇ। ਰੂਸ ਵਿਚ ਇਕ ਦ੍ਰਿੜ ਕੇਂਦਰੀ ਸਰਕਾਰ ਦੀ ਹੋਂਦ ਦਾ ਵਾਤਾਵਰਨ ਪੈਦਾ ਕੀਤਾ ਜਾ ਚੁੱਕਾ ਸੀ।
     ਮਾਰਚ 2004 ਦੀਆਂ ਅਗਲੀਆਂ ਚੋਣਾਂ ਵਿਚ ਪੂਤਿਨ 71 ਫ਼ੀਸਦੀ ਵੋਟਾਂ ਲੈ ਕੇ ਦੂਜੀ ਵਾਰ ਰਾਸ਼ਟਰਪਤੀ ਚੁਣਿਆ ਗਿਆ।
     ਇਸ ਕਾਰਜਕਾਲ ਵਿਚ ਹੋਈਆਂ ਕੁਝ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ। ਕਈ ਪੜਤਾਲਾਂ ਰਾਹੀਂ ਯੂਕੋਸ ਕੰਪਨੀ ਵੱਲੋਂ ਕੀਤੀਆਂ ਗਈਆਂ ਧਾਂਦਲੀਆਂ ਦਾ ਪਰਦਾਫ਼ਾਸ਼ ਕਰਕੇ ਇਸ ਕੰਪਨੀ ਨੂੰ ਨਿਲਾਮ ਕਰ ਦਿੱਤਾ ਗਿਆ। ਨਿਲਾਮੀ ਪਿੱਛੋਂ ਇਸਦੇ ਵੱਡੇ ਹਿੱਸੇ ਦੀ ਮਾਲਕੀ ਰੂਸ ਦੀ ਕੌਮੀ ਤੇਲ ਕੰਪਨੀ ਰੋਸਨੇਫਤ ਹੇਠ ਆ ਗਈ। ਇਸ ਨਾਲ ਸਰਕਾਰੀ ਆਮਦਨ ਦੇ ਵਸੀਲਿਆਂ ਵਿਚ ਚੋਖਾ ਵਾਧਾ ਹੋਇਆ। ਰੂਸ ਵਿਚ ਖੁੰਬਾਂ ਵਾਂਗ ਉਗ ਆਏ ਹੋਰ ਕਾਰਪੋਰੇਟਾਂ ਉੱਤੇ ਵੀ ਸ਼ਿਕੰਜਾ ਕੱਸਿਆ ਗਿਆ ਅਤੇ ਉਨ੍ਹਾਂ ਹੇਠਲੀਆਂ ਕੰਪਨੀਆਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਵਧਾ ਦਿੱਤੀ ਗਈ।
        2005 ਤੋਂ ਰੂਸ ਵਿਚ ਸਿਹਤ ਸੇਵਾਵਾਂ, ਵਿਦਿਆ ਪ੍ਰਬੰਧ, ਲੋਕ-ਵਸੇਬੇ ਅਤੇ ਜ਼ਰਾਇਤੀ ਮਸਲਿਆਂ ਨੂੰ ਸੁਧਾਰਨ ਲਈ ਕੌਮੀ ਤਰਜੀਹ ਪ੍ਰਾਜੈਕਟ ਸ਼ੁਰੂ ਕੀਤੇ ਗਏ। 90ਵਿਆਂ ਦੇ ਯੇਲਤਸਿਨ ਦੌਰ ਵਿਚ ਇਨ੍ਹਾਂ ਸਾਰੇ ਖੇਤਰਾਂ ਵਿਚ ਚੋਖਾ ਨਿਘਾਰ ਆਇਆ ਸੀ ਅਤੇ ਸੋਵੀਅਤ ਸਮਿਆਂ ਦਾ ਪ੍ਰਬੰਧਕੀ ਢਾਂਚਾ ਉਦੋਂ ਤੀਕ ਤਹਿਸ ਨਹਿਸ ਹੋ ਚੁੱਕਾ ਸੀ। 2006 ਵਿਚ ਸਿਹਤ ਅਤੇ ਵਿਦਿਆ ਖੇਤਰਾਂ ਨਾਲ ਜੁੜੇ ਕਾਮਿਆਂ ਦੀਆਂ ਤਨਖ਼ਾਹਾਂ ਵਿਚ ਵੀ ਚੋਖਾ ਵਾਧਾ ਕੀਤਾ ਗਿਆ।
        ਪਰ ਇਨ੍ਹਾਂ ਹੀ ਸਾਲਾਂ ਵਿਚ ਮੀਡੀਏ ਉੱਤੇ ਕਸਦੇ ਜਾ ਰਹੇ ਸ਼ਿਕੰਜੇ ਦੇ ਪਰਛਾਵੇਂ ਵੀ ਸੰਘਣੇ ਹੋਣ ਲੱਗੇ। ਮੀਡੀਏ ਨਾਲ ਜੁੜੀ ਉਸ ਦੌਰ ਦੀ ਸਭ ਤੋਂ ਚਰਚਿਤ ਘਟਨਾ ਅਕਤੂਬਰ 2006 ਵਿਚ ਆਨਾ ਪਲਿਤਕੋਵਸਕਾਇਆ ਦਾ ਕਤਲ ਸੀ, ਜੋ ਨਾ ਸਿਰਫ਼ ਪੂਤਿਨ ਦੀ ਕਾਰਜ-ਸ਼ੈਲੀ ਦੀ ਤਿੱਖੀ ਆਲੋਚਕ ਸੀ ਸਗੋਂ ਪੂਤਿਨ ਦੀ ਅਗਵਾਈ ਹੇਠ ਲੜੀ ਗਈ ਦੂਜੀ ਚੇਚਨੀਆ ਲੜਾਈ ਸਮੇਂ ਰੂਸੀ ਫ਼ੌਜ ਵਿਚਲੇ ਭ੍ਰਿਸ਼ਟਾਚਾਰ ਅਤੇ ਚੇਚਨੀਆ ਵਿਚ ਵਰਤੇ ਗਏ ਹਥਕੰਡਿਆਂ ਨੂੰ ਬੇਨਕਾਬ ਕਰਨ ਵਿਚ ਵੀ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ। ਪੂਤਿਨ ਦੀ ‘ਤਾਨਾਸ਼ਾਹੀ’ ਰਾਜ-ਸ਼ੈਲੀ ਕਾਰਨ ਰੂਸ ਵਿਚ ਕੁਝ ਹੋਰ ਵਿਰੋਧੀ ਸੁਰ ਵੀ ਉਭਰਨ ਲੱਗੇ ਜਿਨ੍ਹਾਂ ਦਾ ਪ੍ਰਗਟਾਵਾ 2007 ਵਿਚ ਰੂਸ ਦੇ ਕਈ ਸ਼ਹਿਰਾਂ ਵਿਚ ‘ਅਸਹਿਮਤੀ ਮਾਰਚਾਂ’ ਰਾਹੀਂ ਹੋਇਆ।
       ਸਤੰਬਰ 2007 ਵਿਚ ਪੂਤਿਨ ਨੇ ਸਰਕਾਰ ਭੰਗ ਕਰ ਦਿੱਤੀ। 2007 ਵਿਚ ਹੋਈਆਂ ਪਾਰਲੀਮਾਨੀ ਚੋਣਾਂ ਵਿਚ ਪੂਤਿਨ ਦੀ ਸਮਰਥਕ ‘ਸੰਯੁਕਤ ਰੂਸ’ ਪਾਰਟੀ 64 ਫ਼ੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੀ। ਪੂਤਿਨ ਦੇ ਆਪਹੁਦਰੇਪਣ ਕਾਰਨ ਉਸਦੇ ਆਲੋਚਕਾਂ ਦੀ ਤਾਦਾਦ ਵਧ ਰਹੀ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਰੂਸੀ ਅਰਥਚਾਰੇ ਦਾ ਮੁੜ ਹੋਇਆ ਵਿਕਾਸ ਪੂਤਿਨ ਦੀ ਲੋਕਪ੍ਰਿਅਤਾ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੋਇਆ। ਰੂਸੀ ਸੰਵਿਧਾਨ ਮੁਤਾਬਿਕ ਪੂਤਿਨ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਨਹੀਂ ਸੀ ਚੁਣਿਆ ਜਾ ਸਕਦਾ। ਮਈ 2008 ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਵਿਚ ਪੂਤਿਨ ਨੇ ਮੈਦਵੇਦੇਵ ਨਾਂਅ ਦੇ ਆਪਣੇ ਸਮਰਥਕ ਨੂੰ ਰਾਸ਼ਟਰਪਤੀ ਚੁਣਵਾ ਲਿਆ ਅਤੇ ਅਗਲੇ ਹੀ ਦਿਨ ਆਪ ਪ੍ਰਧਾਨ ਮੰਤਰੀ ਚੁਣਿਆ ਗਿਆ। ਰੂਸੀ ਸੰਵਿਧਾਨ ਮੁਤਾਬਿਕ ਉਚਤਮ ਅਤੇ ਅਸਲੀ ਤਾਕਤ ਵਾਲਾ ਅਹੁਦਾ ਭਾਵੇਂ ਰਾਸ਼ਟਰਪਤੀ ਦਾ ਹੈ, ਪਰ ਇਸ ਪੈਂਤੜੇ ਰਾਹੀਂ ਪੂਤਿਨ ਸੱਤਾ ’ਤੇ ਫੇਰ ਵੀ ਕਾਬਜ਼ ਰਿਹਾ।
       ਅਗਲਾ ਵਰ੍ਹਾ ਭਾਵ 2008 ਸੰਸਾਰ ਪੱਧਰ ’ਤੇ ਆਰਥਿਕ ਮੰਦੀ ਸ਼ੁਰੂ ਹੋਣ ਦਾ ਸਾਲ ਸੀ। ਪਰ ਪਿਛਲੇ ਕੁਝ ਵਰ੍ਹਿਆਂ ਵਿਚ ਤੇਲ ਕੀਮਤਾਂ ਵਿਚ ਵਾਧੇ ਦੌਰਾਨ ਤੇਲ ਦੇ ਵੱਡੇ ਉਤਪਾਦਕ ਦੇਸ ਰੂਸ ਕੋਲ ਚੋਖੀ ਆਰਥਿਕ ਪੂੰਜੀ ਜਮ੍ਹਾਂ ਹੋ ਚੁੱਕੀ ਸੀ। ਇਸ ਧਨ ਰਾਸ਼ੀ ਅਤੇ ਦ੍ਰਿੜ੍ਹ ਪ੍ਰਬੰਧਕੀ ਕੰਟਰੋਲ ਦੀ ਬਦੌਲਤ ਰੂਸ ਦੀ ਆਰਥਿਕਤਾ ਅਤੇ ਰੂਸੀ ਜਨਤਾ ਨੂੰ ਬਹੁਤੀ ਮਾਰ ਨਾ ਸਹਿਣੀ ਪਈ ਅਤੇ 2009 ਦੇ ਮੱਧ ਤੋਂ ਆਰਥਿਕ ਵਿਕਾਸ ਨੇ ਮੁੜ ਰਫ਼ਤਾਰ ਫੜ ਲਈ। ਏਸੇ ਦੌਰ ਵਿਚ ਸੋਵੀਅਤ ਸਮਿਆਂ ਤੋਂ ਮਗਰੋਂ ਰੂਸ ਦੀ ਘਟਦੀ ਜਾਂਦੀ ਆਬਾਦੀ ਵਿਚ ਵੀ ਸਥਿਰਤਾ ਆਉਣ ਲੱਗੀ। 2011 ਵਿਚ ‘ਸੰਯੁਕਤ ਰੂਸ’ ਪਾਰਟੀ ਦੇ ਸਮਾਗਮ ਦੌਰਾਨ, ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਮੈਦਵੇਦੇਵ ਨੇ ਆਪ ਹੀ ਤਜਵੀਜ਼ ਰੱਖੀ ਕਿ 2012 ਵਿਚ ਪੂਤਿਨ ਹੀ ਫਿਰ ਰਾਸ਼ਟਰਪਤੀ ਪਦ ਦਾ ਉਮੀਦਵਾਰ ਹੋਵੇ।
       ਇਸ ਤਜਵੀਜ਼ ਨੂੰ ਪੂਤਿਨ ਨੇ ਤਾਂ ਸਵੀਕਾਰ ਕਰ ਲਿਆ, ਪਰ ਉਸ ਵਿਰੋਧੀ ਮੁਜ਼ਾਹਰੇ ਚੋਣ ਪ੍ਰਚਾਰ ਦੌਰਾਨ ਜਾਰੀ ਰਹੇ ਜਿਨ੍ਹਾਂ ਵਿਚੋਂ ਸਭ ਤੋਂ ਅਹਿਮ 21 ਫਰਵਰੀ ਨੂੰ ਹੋਇਆ। ਰੂਸ ਵਿਚ ਚੋਣ ਘਪਲਿਆਂ ਕਾਰਨ ਵਧਦੀ ਜਾ ਰਹੀ ਲੋਕ ਬੇਵਿਸਾਹੀ ਅਤੇ ਥਾਂ ਪੁਰ ਥਾਂ ਰੋਸ ਮੁਜ਼ਾਹਰਿਆਂ ਦੇ ਬਾਵਜੂਦ 63 ਫ਼ੀਸਦੀ ਵੋਟਾਂ ਲੈ ਕੇ ਮਾਰਚ 2012 ਵਿਚ ਉਹ ਮੁੜ ਰਾਸ਼ਟਰਪਤੀ ਚੁਣਿਆ ਗਿਆ। 7 ਮਈ ਨੂੰ ਉਸਦੇ ਅਹੁਦਾ ਸੰਭਾਲਣ ਤੋਂ ਇਕ ਦਿਨ ਪਹਿਲਾਂ ਵੀ ਮਾਸਕੋ ਵਿਖੇ 12000 ਤੋਂ 15000 ਲੋਕਾਂ ਨੇ ਮੁਜ਼ਾਹਰਾ ਕੀਤਾ ਜਿਸ ਵਿਚ 80 ਲੋਕ ਫੱਟੜ ਹੋਏ ਅਤੇ 600 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
        ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਪੂਤਿਨ ਨੇ ਬਤੌਰ ਰਾਸ਼ਟਰਪਤੀ 14 ਨਿਰਦੇਸ਼ ਜਾਰੀ ਕੀਤੇ ਜਿਨ੍ਹਾਂ ਵਿਚ ਰੂਸ ਦੇ ਅਰਥਚਾਰੇ, ਵਿਦਿਅਕ ਪਸਾਰ, ਵਸੇਬੇ, ਮੁਹਾਰਤੀ ਕਾਮਿਆਂ ਦੀ ਸਿਖਲਾਈ ਅਤੇ ਯੂਰਪੀ ਯੂਨੀਅਨ ਨਾਲ ਸਬੰਧਾਂ ਦੀ ਸੇਧ ਉਲੀਕੀ ਗਈ। ਇਸੇ ਕਾਰਜ ਕਾਲ ਦੌਰਾਨ ਯੂਕਰੇਨ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਸਮੇਂ ਫਰਵਰੀ-ਮਾਰਚ 2014 ਵਿਚ ਰੂਸੀ ਫ਼ੌਜੀ ਕਾਰਵਾਈ ਰਾਹੀਂ ਕ੍ਰੀਮੀਆ ਦਾ ਇਲਾਕਾ ਯੂਕਰੇਨ ਕੋਲੋਂ ਹਥਿਆ ਲਿਆ। ਕੌਮਾਂਤਰੀ ਪਿੜ ਵਿਚ ਇਸ ਕਾਰਵਾਈ ਦੀ ਚੋਖੀ ਅਤੇ ਲਗਾਤਾਰ ਆਲੋਚਨਾ ਦੇ ਬਾਵਜੂਦ ਰੂਸ ਦੀ ਬਹੁਤੀ ਜਨਤਾ ਨੇ ਇਸਦਾ ਸਮਰਥਨ ਕੀਤਾ। ਇਨ੍ਹਾਂ ਵਰ੍ਹਿਆਂ ਵਿਚ ਪੂਤਿਨ (ਅਤੇ ਰੂਸ) ਕੌਮਾਂਤਰੀ ਪਿੜ ਵਿਚ ਤਾਕਤਵਰ ਅਤੇ ਗੌਲਣਯੋਗ ਧਿਰ ਵਜੋਂ ਉਭਰੇ। ਸੀਰੀਆ ਵਿਚ ਜਾਰੀ ਘਰੇਲੂ ਜੰਗ ਦੇ ਮਾਮਲੇ ਵਿਚ ਵੀ ਰੂਸ ਉਨ੍ਹਾਂ ਵਰ੍ਹਿਆਂ ਤੋਂ ਹੀ ਅਮਰੀਕਾ ਦੇ ਮੁਕਾਬਲੇ ਵਾਲੀ ਧਿਰ ਵਿਚ ਖੜੋਤਾ ਤੁਰਿਆ ਆ ਰਿਹਾ ਹੈ ਅਤੇ ਬਸ਼ਰ-ਅਲ-ਅਸਦ ਦੀ ਹਕੂਮਤ ਦੇ ਨਾਲ ਹੈ।
       ਮਾਰਚ 2018 ਦੀ ਚੋਣ ਪੂਤਿਨ ਨੇ ਆਜ਼ਾਦ ਉਮੀਦਵਾਰ ਵਜੋਂ ਲੜੀ ਪਰ ਉਸ ਨੂੰ 14 ਦਲਾਂ ਦੀ ਹਮਾਇਤ ਪ੍ਰਾਪਤ ਸੀ। ਉਹ 76 ਫ਼ੀਸਦੀ ਵੋਟਾਂ ਲੈ ਕੇ ਚੌਥੀ ਵਾਰ ਰਾਸ਼ਟਰਪਤੀ ਚੁਣਿਆ ਗਿਆ। ਉਸ ਦਾ ਇਹ ਕਾਰਜਕਾਲ 2024 ਤਕ ਚਲਣਾ ਹੈ। ਦੇਖਿਆ ਜਾਵੇ ਤਾਂ ਹਰ ਨਵੀਂ ਚੋਣ ਨਾਲ ਪੂਤਿਨ ਦਾ ਸੱਤਾ ਉੱਤੇ ਗਲਬਾ ਪਕੇਰਾ ਹੁੰਦਾ ਗਿਆ ਹੈ ਅਤੇ ਪੱਛਮੀ ਸਿਆਸੀ ਸ਼ਬਦਾਵਲੀ ਵਿਚ ‘ਪੂਤਿਨਵਾਦ’ ਦਾ ਨਵਾਂ ਸ਼ਬਦ ਆਣ ਰਲਿਆ ਹੈ। ਪੂਤਿਨਵਾਦ ਨਾਂਅ ਰੂਸ ਵਿਚ ਸਥਾਪਤ ਹੋਏ ਉਸ ਸਿਆਸੀ ਪ੍ਰਬੰਧ ਨੂੰ ਦਿੱਤਾ ਗਿਆ ਹੈ ਜਿਸ ਵਿਚ ਸਾਰੀ ਸਿਆਸੀ ਅਤੇ ਆਰਥਿਕ ਤਾਕਤ ਹੁਣ ਦੀਆਂ ਅਤੇ ਸਾਬਕਾ ਸੁਰੱਖਿਆ ਏਜੰਸੀਆਂ ਨਾਲ ਜੁੜੇ ਲੋਕਾਂ ਜਾਂ ‘ਸੀਲਾਵਿਕੀ’ ਦੇ ਹੱਥਾਂ ਵਿਚ ਕੇਂਦਰਤ ਹੈ। ਰੂਸੀ ਸ਼ਬਦ ‘ਸੀਲਾਵਿਕੀ’ ਦਾ ਸ਼ਾਬਦਕ ਅਰਥ ਤਾਕਤਵਰ ਲੋਕ ਹੈ, ਪਰ ਰੂਸੀ ਸਿਆਸੀ ਸ਼ਬਦਾਵਲੀ ਵਿਚ ਇਹ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ ਸਿਆਸਤ ਵਿਚ ਆਉਣ ਤੋਂ ਪਹਿਲਾਂ ਸੁਰੱਖਿਆ, ਫ਼ੌਜੀ ਜਾਂ ਖ਼ੁਫ਼ੀਆ ਏਜੰਸੀਆਂ ਵਿਚ ਕੰਮ ਕਰਦੇ ਰਹੇ (ਪੂਤਿਨ ਆਪ ਇਸਦੀ ਮਿਸਾਲ ਹੈ)। ਇਹ ਸਾਰੇ ਪਹਿਲਾਂ ਤੋਂ ਹੀ ਪੂਤਿਨ ਨਾਲ ਨੇੜਿਓਂ ਜੁੜੇ ਹੋਏ ਸਨ ਜਾਂ ਹੌਲੀ ਹੌਲੀ ਜੁੜ ਚੁੱਕੇ ਹਨ। ਇਹ ਲੋਕ ਰੂਸ ਦੀ ਅਜਿਹੀ ਮੁੱਖ ਧਨਾਢ-ਜੁੰਡਲੀ (ਔਲੀਗਾਰਕੀ) ਹਨ ਜਿਸ ਦੇ ਹੱਥਾਂ ਵਿਚ ਰੂਸੀ ਰਾਜ ਦੇ ਵਿੱਤੀ, ਪ੍ਰਬੰਧਕੀ ਅਤੇ ਮੀਡੀਆ ਸਰੋਤਾਂ ਦੀ ਕਮਾਨ ਹੈ। ਮੰਨਿਆ ਜਾਂਦਾ ਹੈ ਕਿ ਰੂਸ ਦੀ ਅਜੋਕੀ ਪ੍ਰਣਾਲੀ ਵਿਚ ਜਮਹੂਰੀ ਅਤੇ ਮਨੁੱਖੀ ਅਧਿਕਾਰ ਸੀਮਤ ਹੋ ਚੁੱਕੇ ਹਨ ਅਤੇ ਹੁਣ ਪੂਤਿਨ ਇਸ ਧਨਾਢ-ਜੁੰਡਲੀ ਦੀ ਮਦਦ ਰਾਹੀਂ ਮੁਲਕ ਉੱਤੇ ਪੂਰੀ ਤਰ੍ਹਾਂ ਕਾਬਜ਼ ਹੈ। ਬਹੁਤਾ ਕਰ ਕੇ ਇਹ ਲੋਕ ਚੰਗੀ ਵਿਦਿਆ ਪ੍ਰਾਪਤ, ਅਤੇ ਵਣਜ ਮਾਮਲਿਆਂ ਵਿਚ ਤਜਰਬੇਕਾਰ ਹਨ ਜੋ ਆਪਣੇ ਆਪ ਨੂੰ ਵਿਚਾਰਧਾਰਾ-ਮੁਕਤ ਦਰਸਾਉਂਦੇ ਹਨ, ਪਰ ਅਜਿਹੇ ਸ਼ਕਤੀਸ਼ਾਲੀ ਰੂਸੀ ਰਾਜ ਦੇ ਸਮਰਥਕ ਹਨ ਜਿਸ ਵਿਚ ਅਰਾਜਕਤਾ ਦੀ ਕੋਈ ਗੁੰਜਾਇਸ਼ ਨਾ ਹੋਵੇ। ਇਨ੍ਹਾਂ ਗੱਲਾਂ ਦੇ ਆਧਾਰ ਉੱਤੇ ਕੁਝ ਟਿੱਪਣੀਕਾਰ ਕਹਿਣ ਲੱਗ ਪਏ ਹਨ ਕਿ ਰੂਸ ਹੁਣ ‘ਫੈਡਰਲ ਸੁਰੱਖਿਆ ਏਜੰਸੀ’ ਦੇ ਰਾਜ ਵਿਚ ਤਬਦੀਲ ਹੋ ਚੁੱਕਾ ਹੈ।
       ਇਨ੍ਹਾਂ ਗੱਲਾਂ ਨੂੰ ਇਕ ਵੱਢੋਂ ਨਕਾਰਿਆ ਵੀ ਨਹੀਂ ਜਾ ਸਕਦਾ, ਪਰ ਪੂਤਿਨ ਦੇ ਵਰਤਾਰੇ ਜਾਂ ਲੰਮੇ ਸਮੇਂ ਤੋਂ ਰੂਸ ਵਰਗੇ ਵਿਸ਼ਾਲ ਦੇਸ ਉੱਤੇ ਉਸਦੇ ਗਲਬੇ ਨੂੰ ਨਿਰੋਲ ਇਨ੍ਹਾਂ ਤੱਥਾਂ ਦੇ ਆਧਾਰ ਉੱਤੇ ਸਮਝਿਆ ਵੀ ਨਹੀਂ ਜਾ ਸਕਦਾ। ਸੰਭਵ ਹੈ ਕਿ ਰੂਸ ਵਿਚ ਚੋਣਾਂ ਸਮੇਂ ਥੋੜ੍ਹੀ-ਬਹੁਤ ਧਾਂਦਲੀ ਹੁੰਦੀ ਹੋਵੇ, ਪਰ ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਰੂਸੀ ਲੋਕਾਂ ਦੀ ਇਕ ਵੱਡੀ ਗਿਣਤੀ ਅਜੇ ਵੀ ਉਸਦੇ ਨਾਲ ਹੈ।
       ਤਕਰੀਬਨ 100 ਫ਼ੀਸਦੀ ਸਾਖਰਤਾ ਹੀ ਨਹੀਂ, ਉਚੇਰੀ ਵਿਦਿਆ ਪ੍ਰਾਪਤ ਸ਼ਹਿਰੀਆਂ ਦੀ ਭਾਰੀ ਗਿਣਤੀ ਵਾਲੇ ਇਸ ਵਿਕਸਤ ਅਤੇ ਬਹੁ-ਕੌਮੀ ਦੇਸ ਵਿਚ ਪੂਤਿਨ ਵਰਗੇ ਆਗੂ ਦੀ ਲੰਮੇ ਸਮੇਂ ਤੋਂ ਤੁਰੀ ਚੋਖੀ ਸਾਖ ਦਾ ਕੀ ਰਾਜ਼ ਹੈ? ਕਹਿੰਦੇ ਹਨ ਕਿਸੇ ਵੀ ਦੇਸ ਦੀ ਸਿਆਸਤ ਨੂੰ ਸਮਝਣ ਲਈ ਉਸਦੇ ਇਤਿਹਾਸ ’ਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ, ਅਤੇ ਰੂਸ ਵੀ ਇਸ ਗੱਲ ਦਾ ਅਪਵਾਦ ਨਹੀਂ।
       ਵੀਹਵੀਂ ਸਦੀ ਵਿਚ ਰੂਸ ਵਰਗੇ ਵਿਸ਼ਾਲ ਦੇਸ ਨੂੰ ਦੋ ਵਾਰ ਢਹਿ ਢੇਰੀ ਹੋ ਜਾਣ ਅਤੇ ਪ੍ਰਬੰਧ ਤੰਤਰ ਦੀ ਸੰਪੂਰਨ ਟੁੱਟ-ਭੱਜ ਵਿਚੋਂ ਲੰਘਣਾ ਪਿਆ। ਪਹਿਲੀ ਵਾਰ 1917 ਵਿਚ ਅਕਤੂਬਰ ਇਨਕਲਾਬ ਸਮੇਂ ਜ਼ਾਰਸ਼ਾਹੀ ਦਾ ਤਖਤਾ ਪਲਟਣ ਸਮੇਂ, ਅਤੇ ਦੂਜੀ ਵਾਰ 1991 ਵਿਚ ਸੋਵੀਅਤ ਸੰਘ ਦੇ ਖੇਰੂੰ-ਖੇਰੂੰ ਹੋ ਜਾਣ ਸਮੇਂ। ਸਾਡੀਆਂ ਵਿਚਾਰਧਾਰਕ ਐਨਕਾਂ ਜਿਹੜੇ ਮਰਜ਼ੀ ਰੰਗ ਦੀਆਂ ਹੋਣ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵੇਂ ਵਾਰ ਇਸ ਮੁਲਕ ਨੇ ਆਪਣੀ ਪਿਛਲੀ ‘ਪ੍ਰਭੂਸੱਤਾ’ ਗਵਾਈ ਅਤੇ ਵਿਸ਼ਵ ਪੱਧਰ ਉੱਤੇ ਉਸ ਦੀ ਵੇਲੇ ਦੀ ਬਣੀ ਹੋਈ ਸਾਖ ਵੀ ਲੱਖੋਂ ਕੱਖ ਹੋਈ ਜਿਸਨੂੰ ਮੁੜ ਬਹਾਲ ਕਰਨ ਵਿਚ, ਦੋਵੇਂ ਵਾਰੀ ਹੀ, ਕਈ ਵਰ੍ਹੇ ਲੰਘੇ। ਦੋਵੇਂ ਵਾਰ ਹੀ, ਦੇਸ ਦੀ ਜਨਤਾ ਨੂੰ ਡਾਢੀਆਂ ਦੁਸ਼ਵਾਰੀਆਂ ਵਿਚੋਂ ਲੰਘਣਾ ਪਿਆ, ਉਸਦੇ ਪਿਛਲੇ ਜੀਵਨ ਵਿਚ ਵੱਡੇ ਪੱਧਰ ’ਤੇ ਉਥਲ-ਪੁਥਲ ਹੋਈ ਅਤੇ ਉਸ ਨੂੰ ਆਪਣਾ ਜੀਵਨ ਅਸਲੋਂ ਨਵੇਂ ਹਾਲਾਤ ਮੁਤਾਬਿਕ ਢਾਲਣਾ ਪਿਆ।
       ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੇ ਸ਼ੁਰੂ ਯਾਨੀ 1991 ਵਿਚ, ਗਰਬਾਚੋਵ ਦੌਰ ਦੇ ਭੁਆਂਟਣੀਆਂ ਦੇਂਦੇ ਤਜਰਬਿਆਂ ਦੇ ਦੌਰ ਤੋਂ ਬਾਅਦ, ਜਦੋਂ ਸੋਵੀਅਤ ਸੰਘ ਟੋਟੇ ਟੋਟੇ ਹੋ ਕੇ ਮੁਕਿਆ ਤਾਂ ਉਸ ਵੇਲੇ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ ਸੀ। ਇਸ ਕੋਲ ਵਿਸ਼ਾਲ ਕੁਦਰਤੀ ਭੰਡਾਰਾਂ ਤੋਂ ਇਲਾਵਾ ਸਨਅਤੀ ਅਤੇ ਸਮਾਜਿਕ ਅਦਾਰਿਆਂ ਦਾ ਤੰਤਰ ਜਾਲ ਸੀ, ਬਹੁਤ ਵੱਡੀ ਫ਼ੌਜ ਸੀ, ਉੱਚ ਵਿਦਿਆ ਪ੍ਰਾਪਤ ਮਾਹਰ ਲੋਕਾਂ ਦੀ ਵੱਡੀ ਗਿਣਤੀ ਸੀ ਅਤੇ ਦੋ-ਧੁਰੀ ਦੁਨੀਆ ਵਿਚ ਇਹ ਤਾਕਤ ਦੇ ਸੰਤੁਲਨ ਦਾ ਇਕ ਸਿਰਾ ਸੀ। ਆਪਣੇ ਆਖ਼ਰੀ ਦਿਨਾਂ ਤਕ ਇਹ ਮਹਾਸ਼ਕਤੀ ਵਜੋਂ ਜਾਣਿਆ ਜਾਂਦਾ ਸੀ।
      ਪਰ ਜਦੋਂ ਤਕ ਇਹ ਦਹਾਕਾ ਮੁੱਕਿਆ ਅਤੇ ਦੁਨੀਆ ਇੱਕੀਵੀਂ ਸਦੀ ਵਿਚ ਪੈਰ ਧਰ ਰਹੀ ਸੀ, ਉਤਰ-ਸੋਵੀਅਤ ਸਮਿਆਂ ਵਿਚ ਰੂਸ ਦੇ ਪਹਿਲੇ ਰਾਸ਼ਟਰਪਤੀ ਯੇਲਤਸਿਨ ਦੀ ਅਗਵਾਈ ਹੇਠ, ਅਰਾਜਕਤਾ ਏਥੇ ਪੂਰੀ ਤਰ੍ਹਾਂ ਘਰ ਕਰ ਚੁੱਕੀ ਸੀ। ਯੇਲਤਸਿਨ ਨੇ ਆਪਣੇ ਕਾਰਜ ਕਾਲ ਵਿਚ ਰੂਸ ਦੇ ਪਿਛਲੇ ਇਤਿਹਾਸਕ ਨਿਜ਼ਾਮ (ਸੋਵੀਅਤ ਸੰਘ) ਉੱਤੇ ਵਾਰ-ਵਾਰ ਇਹੋ ਜਿਹੇ ਵਾਰ ਕੀਤੇ ਕਿ ਦਹਾਕਿਆਂ ਤੋਂ ਉਸਾਰੀ ਗਈ ਸੋਵੀਅਤ ਅਰਥ-ਵਿਵਸਥਾ ਦੇ ਪਰਖਚੇ ਉਡ ਗਏ। ਕ੍ਰੈਮਲਿਨ, ਯਾਨੀ ਰੂਸੀ ਰਾਜ-ਸੱਤਾ ਦੀ ਗੱਦੀ ਨਾਲ ਨੇੜਿਓਂ ਜੁੜੇ ਗਿਣਤੀ ਦੇ ਧਨਾਢਾਂ ਨੇ ਉਨ੍ਹਾਂ ਸਾਲਾਂ ਵਿਚ ਅੰਨ੍ਹੀ ਲੁੱਟ ਮਚਾਈ। ਸਾਰੇ ਵੱਡੇ ਸਰਕਾਰੀ ਅਦਾਰੇ ਅਤੇ ਸਨਅਤਾਂ ਇਨ੍ਹਾਂ ਲੋਕਾਂ ਨੇ ਕੁਝ ਤਾਂ ਭੰਗ ਦੇ ਭਾੜੇ ਖਰੀਦ ਕੇ, ਤੇ ਕੁਝ ਨਿਰੋਲ ਧੋਖਾਧੜੀ ਰਾਹੀਂ ਆਪਣੇ ਕਬਜ਼ੇ ਹੇਠ ਕਰ ਲਈਆਂ। ਰੂਸ ਦੀ ਦੋ-ਤਿਹਾਈ ਜਨਤਾ ਗ਼ਰੀਬੀ ਅਤੇ ਦੁਰਦਸ਼ਾ ਵੱਲ ਧੱਕੀ ਗਈ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਉਹ ਲੋਕ ਵੀ ਸ਼ਾਮਲ ਸਨ ਜੋ ਸੋਵੀਅਤ ਸਮਿਆਂ ਦਾ ਮੁਹਾਰਤ-ਸ਼ੁਦਾ, ਉੱਚ ਵਿਦਿਆ ਪ੍ਰਾਪਤ ਮੱਧ-ਵਰਗ ਸੀ। ਮੁਲਕ ਵਿਚ ਥਾਂ ਪੁਰ ਥਾਂ ਮਾਫ਼ੀਏ ਪੈਦਾ ਹੋ ਗਏ, ਫ਼ਿਰੌਤੀਆਂ ਅਤੇ ਦਿਨ ਦਿਹਾੜੇ ਕਤਲ ਹੋਣੇ ਆਮ ਵਰਤਾਰਾ ਹੋ ਗਿਆ। 1996 ਵਿਚ ਚੋਣਾਂ ਜਿੱਤਣ ਖ਼ਾਤਰ ਯੇਲਤਸਿਨ ਨੇ ਇਨ੍ਹਾਂ ਮਾਫ਼ੀਆ-ਨੁਮਾ ਧਨਾਢਾਂ ਦਾ ਹੀ ਸਹਾਰਾ ਲਿਆ। ਰੂਸ ਵਿਚ ਜਨਮ ਦਰ ਤੇਜ਼ੀ ਨਾਲ ਘਟਣੀ ਸ਼ੁਰੂ ਹੋਈ, ਨਿਰਾਸਤਾ ਦੇ ਮਾਰੇ ਹੁਨਰੀ ਨੌਜਵਾਨਾਂ -ਡਾਕਟਰਾਂ ਤੇ ਵਿਗਿਆਨੀਆਂ- ਦੀ ਹੇੜਾਂ ਨੇ ਪੱਛਮੀ ਦੇਸਾਂ ਵੱਲ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ।
           ਇਹੋ ਜਿਹੇ ਦੌਰ ਵਿਚ ਪੂਤਿਨ ਰੂਸ ਦੀ ਸਿਆਸੀ ਸਟੇਜ ’ਤੇ ਦਾਖ਼ਲ ਹੋਇਆ। ਪਿੱਛਲਝਾਤ ਮਾਰਿਆਂ ਇਹ ਗੱਲ ਸਹਿਜੇ ਹੀ ਕਹੀ ਜਾ ਸਕਦੀ ਹੈ ਕਿ ਸੋਵੀਅਤ ਸਮਿਆਂ ਵਿਚ ਪ੍ਰਵਾਨ ਚੜ੍ਹੇ ਇਸ ਸਾਬਕਾ ਕੇ.ਜੀ.ਬੀ. ਅਫ਼ਸਰ ਦਾ ਤਜਰਬਾ ਅਤੇ ਸਿਖਲਾਈ ਵੀ ਉਸਦੇ ਕੰਮ ਆਏ। ਇਕ ਪਾਸੇ ਪੂਰਬੀ ਜਰਮਨੀ ਵਿਚ ਬਤੌਰ ਖ਼ੁਫ਼ੀਆ ਏਜੰਸੀ ਅਧਿਕਾਰੀ ਕੰਮ ਕਰਨ ਦੇ ਸਮੇਂ ਨੇ ਉਸ ਨੂੰ ਜਰਮਨ ਜ਼ਬਾਨ ਦੀ ਮੁਹਾਰਤ ਵੀ ਦਿੱਤੀ ਅਤੇ ਲੋੜੀਂਦਾ ਅੰਤਰ-ਰਾਸ਼ਟਰੀ ਨਜ਼ਰੀਆ ਵੀ। ਦੂਜੇ ਪਾਸੇ ਮੱਧ-ਵਰਗੀ ਸੋਵੀਅਤ ਪਰਿਵਾਰ ਵਿਚ ਪੈਦਾ ਹੋਏ ਪੂਤਿਨ ਕੋਲ ਸੋਵੀਅਤ ਜੀਵਨ ਦਾ ਜ਼ਾਤੀ ਤਜਰਬਾ ਵੀ ਸੀ ਅਤੇ ਆਪਣੇ ਮੁਲਕ ਦੇ ਇਤਿਹਾਸ ਬਾਰੇ ਤਿੱਖੀ ਸੂਝ ਵੀ।
         ਮਿਸਾਲ ਵਜੋਂ ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਰੂਸ ਦੇ ਲੱਖਾਂ ਲੋਕ ਅਜੇ ਵੀ ਸੋਵੀਅਤ ਸਮਿਆਂ ਨੂੰ ਨਿੱਘ ਨਾਲ ਚੇਤੇ ਕਰਦੇ ਹਨ। ਉਸ ਨੇ ਕਈ ਵਾਰ ਸੋਵੀਅਤ ਸਮਿਆਂ ਦੀਆਂ ਵਧੀਕੀਆਂ ਅਤੇ ਉਸ ਦੇ ਪ੍ਰਬੰਧ ਵਿਚਲੇ ਵਿਕਾਰਾਂ ਦੀ ਆਲੋਚਨਾ ਕੀਤੀ ਹੈ, ਲੈਨਿਨ ਅਤੇ ਸਟਾਲਿਨ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ। ਪਰ ਸੋਵੀਅਤ ਸਮਿਆਂ ਵਿਚ ਵਿਗਸੀ ਆਪਣੀ ਪੀੜ੍ਹੀ ਦੇ ਬਹੁਤੇ ਲੋਕਾਂ ਵਾਂਗ ਪੂਤਿਨ ਦੀ ਸ਼ਖ਼ਸੀਅਤ ਦਾ ਇਕ ਹਿੱਸਾ ਅਜੇ ਵੀ ਸੋਵੀਅਤ ਖਾਸੇ ਵਾਲਾ ਹੈ। 2010 ਵਿਚ ਉਸ ਦੀ ਕਹੀ ਇਕ ਗੱਲ ਸਿਰਫ਼ ਉਸ ਦੀ ਹੀ ਨਹੀਂ, ਅਜੋਕੇ ਰੂਸ ਦੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਉਸ ਨੇ ਕਿਹਾ ਸੀ, ‘‘ਜਿਸ ਕਿਸੇ ਨੂੰ ਸੋਵੀਅਤ ਸੰਘ ਦੇ ਟੁੱਟ ਜਾਣ ਦਾ ਦੁਖ ਨਹੀਂ, ਉਸ ਦੇ ਅੰਦਰ ਦਿਲ ਨਹੀਂ ਹੈ। ਤੇ ਜਿਹੜਾ ਵੀ ਇਸ ਦੇ ਪਹਿਲਾਂ ਵਾਲੇ ਹੀ ਰੂਪ ਵਿਚ ਇਸਦਾ ਪੁਨਰ ਜਨਮ ਲੋਚਦਾ ਹੈ, ਉਸਦੇ ਕੋਲ ਦਿਮਾਗ਼ ਨਹੀਂ ਹੈ।’’ ਅਜਿਹੀ ਗੱਲ ਕਹਿਣ ਲਈ ਤੁਹਾਨੂੰ ਕਮਿਊਨਿਸਟ ਵਿਚਾਰਧਾਰਾ ਨੂੰ ਪਰਣਾਏ ਹੋਣ ਦੀ ਲੋੜ ਨਹੀਂ, ਸੋਵੀਅਤ ਸੰਘ ਪ੍ਰਤੀ ਸੰਵੇਦਨਸ਼ੀਲਤਾ ਹੀ ਕਾਫ਼ੀ ਹੈ।
        ਬਤੌਰ ਰਾਸ਼ਟਰਪਤੀ ਪੂਤਿਨ ਦੇ ਪਹਿਲੇ ਕਾਰਜ ਕਾਲ ਵਿਚ ਰੂਸੀ ਅਰਥਚਾਰਾ ਪਹਿਲੇ 8 ਸਾਲ ਲਗਾਤਾਰ ਵਿਕਾਸ ਕਰਦਾ ਰਿਹਾ। ਲੋਕਾਂ ਦੀ ਖਰੀਦ-ਸ਼ਕਤੀ ਵਿਚ 72 ਫ਼ੀਸਦੀ ਵਾਧਾ ਹੋਇਆ। ਨਾਗਰਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ 2000 ਵਿਚ ਜਦੋਂ ਉਸ ਨੇ ਕਮਾਨ ਸੰਭਾਲੀ ਤਾਂ 75 ਫ਼ੀਸਦੀ ਰੂਸੀ ਗ਼ਰੀਬੀ ਦਾ ਜੀਵਨ ਜਿਊਂ ਰਹੇ ਸਨ। ਸੋਵੀਅਤ ਸਮਿਆਂ ਵਿਚ ਮਿਲਦੀਆਂ ਸਹੂਲਤਾਂ- ਮੁਫ਼ਤ ਸਿਹਤ ਅਤੇ ਵਿਦਿਆ ਪ੍ਰਬੰਧ, ਪੈਨਸ਼ਨਾਂ, ਉਨ੍ਹਾਂ ਵੇਲਿਆਂ ਦੀ ਜੁੜੀ ਹੋਈ ਨਿਗੂਣੀ ਪੂੰਜੀ, ਨੌਕਰੀਆਂ ਸਭ ਕੁਝ ਹਵਾ ਹੋ ਚੁੱਕਾ ਸੀ। ਮਰਦਾਂ ਦੀ ਔਸਤ ਜੀਵਨ ਅਵਧੀ 60 ਸਾਲ ਤੋਂ ਵੀ ਹੇਠਾਂ ਪਹੁੰਚ ਚੁੱਕੀ ਸੀ। ਰੂਬਲ ਦੀ ਕੀਮਤ ਰੋਜ਼ਾਨਾ ਡਿੱਗ ਰਹੀ ਸੀ ਅਤੇ ਲੋਕਾਂ ਦਾ ਦੇਸ ਦੀ ਕਰੰਸੀ ਵਿਚ ਯਕੀਨ ਬਿਲਕੁਲ ਮੁੱਕ ਚੁੱਕਾ ਸੀ। ਦੁਕਾਨਾਂ ਵਿਚ ਕੀਮਤਾਂ ਤਕ ਡਾਲਰਾਂ ਵਿਚ ਲਿਖੀਆਂ ਜਾਂਦੀਆਂ ਸਨ। ਪੂਤਿਨ ਤੇ ਉਸ ਦੀ ਟੀਮ ਆਪਣੀਆਂ ਸੁਘੜ ਆਰਥਿਕ ਅਤੇ ਵਿੱਤੀ ਨੀਤੀਆਂ ਸਦਕਾ ਇਸ ਹਾਲਤ ਨੂੰ ਮੋੜਾ ਦੇਣ ਵਿਚ ਸਫ਼ਲ ਹੋਏ। ਦੇਸ ਯੇਲਤਸਿਨ ਦੌਰ ਦੀ ਮੰਦੀ ਤੋਂ ਉਭਰਿਆ ਤੇ ਲੋਕਾਂ ਦੇ ਜੀਵਨ ਪੱਧਰ ਵਿਚ ਤਬਦੀਲੀ ਆਈ। ਰੂਸ ਵਿਚ ਆਰਥਿਕ ਨਿਵੇਸ਼ ਸ਼ੁਰੂ ਹੋਇਆ ਅਤੇ ਜਿਵੇਂ ਪਹਿਲੋਂ ਦੱਸਿਆ ਗਿਆ ਹੈ, ਉਨ੍ਹਾਂ ਸਾਲਾਂ ਵਿਚ ਤੇਲ ਦੀਆਂ ਵਧੀਆਂ ਕੀਮਤਾਂ ਨਾਲ ਰੂਸ ਕੋਲ ਇਹੋ ਜਿਹਾ ਵਿੱਤੀ ਜ਼ਖੀਰਾ ਵੀ ਕਾਇਮ ਹੋ ਗਿਆ ਕਿ 2008 ਦੀ ਵਿਸ਼ਵ ਆਰਥਿਕ ਮੰਦੀ ਤੋਂ ਉਠਣ ਲਈ ਉਸਨੂੰ ਬਹੁਤਾ ਸਮਾਂ ਨਾ ਲੱਗਾ।
        ਦੂਜੇ ਪਾਸੇ, 1990ਵਿਆਂ ਵਿਚ ਯੇਲਤਸਿਨ ਦੇ ਚੇਚਨੀਆ ਨਾਲ ਜੰਗ ਵਿਚ ਕਈ ਸਾਲ ਖਰਾਬ ਕਰ ਲੈਣ ਤੋਂ ਬਾਅਦ ਪੂਤਿਨ ਦੇ ਕਾਰਜਕਾਲ ਦੇ ਪਹਿਲੇ ਦੌਰ ਵਿਚ ਚੇਚਨੀਆ ਨਾਲ ਦੂਜੀ ਜੰਗ ਜਿੱਤ ਲਏ ਜਾਣਾ, ਰੂਸੀ ਜਨਤਾ ਦੇ ਮਾਨਸਿਕ ਰੌਂ ਨੂੰ ਤਕੜਿਆਂ ਕਰਨ ਤੇ ਪੂਤਿਨ ਨੂੰ ਵੱਡਾ ਅਤੇ ਨਿਰਣਈ ਆਗੂ ਸਥਾਪਤ ਕਰਨ ਵਿਚ ਸਹਾਈ ਹੋਇਆ। ਰੂਸ ਵਿਚ ਤਾਕਤ ਹਮੇਸ਼ਾ ਤਕੜੀਆਂ ਸ਼ਖ਼ਸੀਅਤਾਂ ਦੇ ਹੱਥ ਦੇਖੀ ਅਤੇ ਸਮਝੀ ਜਾਂਦੀ ਰਹੀ ਹੈ, ਸੰਸਥਾਵਾਂ ਕਦੇ ਵੀ ਤਾਕਤ ਦਾ ਧੁਰਾ ਨਹੀਂ ਬਣੀਆਂ। ਪੂਤਿਨ ਦਾ ਆਪਣੇ ਦੇਸ ਅਤੇ ਇਸਦੀ ਇਤਿਹਾਸਕ ਭੂਮਿਕਾ ਬਾਰੇ ਨਜ਼ਰੀਆ, ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕਰਨ ਲੱਗੇ ਨਾਗਰਿਕਾਂ ਦਾ ਮਨੋਬਲ ਵਧਾਉਣ ਵਿਚ ਸਹਾਈ ਹੋਇਆ। ਪੂਤਿਨ ਦੇ ਰਾਸ਼ਟਰਪਤੀ ਵਜੋਂ ਹੁਣ ਦੇ ਦੂਜੇ ਦੌਰ ਵਿਚ ਫ਼ੌਜੀ ਕਾਰਵਾਈ ਰਾਹੀਂ ਯੂਕਰੇਨ ਦੇ ਅਧਿਕਾਰ ਹੇਠਲੇ ਕ੍ਰੀਮੀਆ ਇਲਾਕੇ ਨੂੰ ਮੁੜ ਰੂਸ ਨਾਲ ਜੋੜ ਲੈਣ ਅਤੇ ਸੀਰੀਆ ਦੇ ਗ੍ਰਹਿ ਯੁੱਧ ਵਿਚ ਅਮਰੀਕਾ ਦੇ ਟਾਕਰੇ ਦੀ ਧਿਰ ਬਣ ਕੇ ਹਿੱਸਾ ਲੈਣ ਦੇ ਅਹਿਮ ਪਰ ਜੋਖ਼ਮ ਭਰਪੂਰ ਫ਼ੈਸਲਿਆਂ ਨੇ ਵੀ ਰੂਸੀ ਜਨਤਾ ਵਿਚ ਉਸਦੀ ਲੋਕਪ੍ਰਿਅਤਾ ਨੂੰ ਵਧਾਇਆ ਹੀ, ਬਾਕੀ ਦੁਨੀਆ ਵਿਚ ਇਨ੍ਹਾਂ ਕਾਰਵਾਈਆਂ ਕਾਰਨ ਹੋਈ ਤਿੱਖੀ ਆਲੋਚਨਾ ਦੇ ਬਾਵਜੂਦ ਘਟਾਇਆ ਨਾ।
       ਬਹੁਤੇ ਰੂਸੀ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਪੂਤਿਨ ਦਬਦਬੇ ਵਾਲਾ ਆਗੂ ਹੈ ਜੋ ਕਿਸੇ ਕਿਸਮ ਦੀ ਵਿਰੋਧੀ ਧਿਰ ਨੂੰ ਸਿਰ ਨਹੀਂ ਚੁੱਕਣ ਦੇਂਦਾ ਅਤੇ ਅਜੋਕੇ ਰੂਸ ਵਿਚ ਉਸਦੇ ਨੇੜਲਿਆਂ ਦੀ ਧਨਾਢ-ਜੁੰਡਲੀ ਹੀ ਸਾਰੇ ਅਰਥਚਾਰੇ ਉੱਤੇ ਕਾਬਜ਼ ਹੈ। ਨਾਲ ਹੀ ਉਹ ਇਹ ਵੀ ਆਖਦੇ ਹਨ ਕਿ ਇਹ ਜੁੰਡਲੀ ‘ਭ੍ਰਿਸ਼ਟਾਚਾਰੀ’ ਤਾਂ ਹੋ ਸਕਦੀ ਹੈ, ਪਰ ਪੂਤਿਨ ਅਤੇ ਉਸਦੀ ਟੀਮ ਰੂਸ ਦੇ ਅਰਥਚਾਰੇ ਨੂੰ ਪੱਕੇ ਪੈਰੀਂ ਕਰਨ ਅਤੇ ਕਾਇਮ ਰੱਖਣ ਵਿਚ ਕਾਮਯਾਬ ਜ਼ਰੂਰ ਰਹੀ ਹੈ। ਇਹੋ ਜਿਹਾ ਪ੍ਰਬੰਧ ਤੰਤਰ ਪੂਤਿਨ ਨੇ ਨਹੀਂ ਯੇਲਤਸਿਨ ਨੇ ਸ਼ੁਰੂ ਕੀਤਾ ਸੀ। ਪਰ ਯੇਲਤਸਿਨ ਦੇ ਸਮਿਆਂ ਵਿਚ ਜੁੰਡਲੀ ਰਾਸ਼ਟਰਪਤੀ ਉੱਤੇ ਗਾਲਬ ਸੀ ਜਦੋਂਕਿ ਹੁਣ ਨਿਰਣਈ ਰਾਸ਼ਟਰਪਤੀ ਇਸ ਜੁੰਡਲੀ ਉੱਤੇ ਗਾਲਬ ਹੈ ਅਤੇ ਉਨ੍ਹਾਂ ਨੂੰ ਮਨਮਾਨੀਆਂ ਨਹੀਂ ਕਰਨ ਦੇਂਦਾ ਸਗੋਂ ਦੇਸ ਦੇ ਹਿਤ ਵਿਚ ਵਰਤਦਾ ਹੈ।
         ਪੂਤਿਨ ਦੀ ਅਗਵਾਈ ਹੇਠਲੇ ਅਜੋਕੇ ਰੂਸ ਦੇ ਕੁਝ ਖ਼ਾਸ ਲੱਛਣ ਇਹ ਕਹੇ ਜਾ ਸਕਦੇ ਹਨ : ਦੇਸ ਦੇ ਵੱਕਾਰ ਜਾਂ ਪੁਰਾਣੀ ਪ੍ਰਭੂਸੱਤਾ ਦੀ ਬਹਾਲੀ ਉੱਤੇ ਜ਼ੋਰ, ਇਸ ਆਧਾਰ ਉੱਤੇ ਨਿਰਣਈ ਅਤੇ ਦੋ-ਟੁਕ ਗੱਲ ਕਰਨ ਵਾਲੇ ਆਗੂ ਦੀ ਲੋੜ ਉੱਤੇ ਜ਼ੋਰ, ਗਿਣਤੀ ਦੇ ਕਾਰਪੋਰੇਟਾਂ ਦਾ ਅਰਥਚਾਰੇ ਅਤੇ ਮੀਡੀਆ ਉੱਤੇ ਕਬਜ਼ਾ, ਦੇਸ ਦੀਆਂ ਰਵਾਇਤੀ ਸਮਾਜਿਕ ਕਦਰਾਂ ਕੀਮਤਾਂ ਅਤੇ ਦੇਸ਼-ਭਗਤੀ ਆਧਾਰਿਤ ਲੱਫ਼ਾਜ਼ੀ ਉੱਤੇ ਜ਼ੋਰ ਅਤੇ ਆਗੂ ਦੇ ਵਿਰੋਧ ਨੂੰ ਦੇਸ-ਵਿਰੋਧੀ ਵਿਚਾਰਧਾਰਾ ਕਰਾਰ ਦੇਣ ਦੇ ਹਥਕੰਡੇ।  
      ਇਸ ਪੱਖੋਂ ਦੇਖਿਆ ਜਾਵੇ ਤਾਂ ਪੂਤਿਨ ਜਾਂ ਪੂਤਿਨਵਾਦ ਸਿਰਫ਼ ਰੂਸ ਦੀਆਂ ਇਤਿਹਾਸਕ ਪਰਿਸਥਿਤੀਆਂ ਦੀ ਪੈਦਾਵਾਰ ਨਹੀਂ। ਸੰਸਾਰ ਪੱਧਰ ’ਤੇ ਵੀ ਅਸੀਂ ਅਜਿਹੇ ਦੌਰ ਵਿਚੋਂ ਲੰਘ ਰਹੇ ਹਾਂ ਜਦੋਂ ਪੂੰਜੀਵਾਦ ਅਜਿਹੇ ਪੜਾਅ ਉੱਤੇ ਆਣ ਖੜੋਤਾ ਹੈ ਕਿ ਪਿਛਲੇ ਨਿਜ਼ਾਮਾਂ ਦੀਆਂ ਵਧੀਕੀਆਂ ਜਾਂ ਕਮਜ਼ੋਰੀਆਂ ਨੇ ਆਮ ਜਨਤਾ ਨੂੰ ਇਹੋ ਜਿਹੇ ‘ਨਿਰਣਈ’ ਆਗੂਆਂ ਵੱਲ ਧੱਕਿਆ ਹੈ। ਅਮਰੀਕਾ ਵਿਚ ਟਰੰਪ ਹੋਵੇ ਜਾਂ ਬਰਤਾਨੀਆ ਵਿਚ ਬੋਰਿਸ ਜੌਨਸਨ, ਟਰਕੀ ਵਿਚ ਐਰਦੋਜਨ ਹੋਵੇ ਜਾਂ ਹੰਗਰੀ ਵਿਚ ਓਰਬਾਨ, ਤੇ ਜਾਂ ਫੇਰ ਸਾਡੇ ਆਪਣੇ ਦੇਸ ਵਿਚ ਨਰਿੰਦਰ ਮੋਦੀ : ਸੰਸਾਰ ਦਾ ਸਿਆਸੀ ਪਿੜ ਇਹੋ ਜਿਹੇ ਘੱਟ ਜਾਂ ਵੱਧ ‘ਨਿਰਣਈ ਅਤੇ ਦੋ-ਟੁਕ ਗੱਲ ਕਰਨ ਵਾਲੇ’ ਅਤੇ ਆਪਣੇ ਦੇਸ ਦੀ ਜਨਤਾ ਅੰਦਰਲੇ ਰੋਹ ਨੂੰ ਆਪਣੀ ਸੱਤਾ-ਕਾਇਮੀ ਲਈ ਮੋੜਾ ਦੇ ਸਕਣ ਵਾਲੇ ਆਗੂਆਂ ਨਾਲ ਇਸ ਵੇਲੇ ਅੱਟਿਆ ਪਿਆ ਹੈ। ਬੇਸ਼ਕ, ਹਰ ਦੇਸ ਦੀਆਂ ਸਮੱਸਿਆਵਾਂ ਵੀ ਆਪੋ ਆਪਣੀ ਕਿਸਮ ਦੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਆਗੂਆਂ ਦੀ ਸਮਰੱਥਾ ਵੀ। ਫਿਰ ਵੀ ਪੂਤਿਨ ਇਨ੍ਹਾਂ ਸਾਰਿਆਂ ਵਿਚੋਂ ਸਿਰਕੱਢ ਹੈ, ਆਪਣੇ ਸਭ ਤੋਂ ਲੰਮੇ ਰਾਜ ਕਾਲ ਅਤੇ ਸਭ ਤੋਂ ਵੱਧ ਸਮੱਸਿਆਵਾਂ ਨਾਲ ਸਫ਼ਲ ਰਹਿ ਕੇ ਸਿੱਝਣ ਦੇ ਹਾਲੇ ਤਕ ਦੇ ਇਤਿਹਾਸ ਕਾਰਨ।
       ਉਸ ਦੇ ਮੌਜੂਦਾ ਕਾਰਜ ਕਾਲ ਦੇ ਚਾਰ ਸਾਲ ਅਜੇ ਵੀ ਬਾਕੀ ਹਨ। ਪਿਛਲੇ ਤਜਰਬੇ ਦੇ ਆਧਾਰ ਉੱਤੇ ਬਹੁਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਅਜੋਕੇ ਰੂਸੀ ਸੰਵਿਧਾਨ ਮੁਤਾਬਿਕ ਉਹ 2024 ਵਿਚ ਮੁੜ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਹੀਂ ਹੋ ਸਕਦਾ, ਉਹ ਇਸ ਦਾ ਵੀ ਕੋਈ ਨਾ ਕੋਈ ਹੱਲ ਲੱਭ ਹੀ ਲਵੇਗਾ। ਇਸ ਲਈ ਅਜੋਕੇ ਪੜਾਅ ਉੱਤੇ ਪੂਤਿਨ ਦੀ ਦੇਣ ਜਾਂ ਉਸ ਦੇ ਕਾਰਜਕਾਲ ਦੀ ਬਹੁ-ਪੱਖੀ ਅਤੇ ਨਿਗਰ ਪੜਚੋਲ ਕਰਨ ਦਾ ਸਮਾਂ ਅਜੇ ਭਵਿਖ ਦੀ ਕੁੱਖ ਵਿਚ ਹੈ। ਰੂਸੀ ਲੋਕਾਂ ਵਿਚ ਇਕ ਮੁਹਾਵਰਾ ਪ੍ਰਚੱਲਿਤ ਹੈ: ਇਤਿਹਾਸ ਨੂੰ ਹੀ ਫ਼ੈਸਲਾ ਕਰਨ ਦਿਓ। ਸਿਰਫ਼ ਰੂਸ ਹੀ ਨਹੀਂ, ਸੰਸਾਰ ਦੀ ਸਿਆਸੀ ਸਟੇਜ ਉੱਤੇ ਇਸ ਵੇਲੇ ਛਾਏ ਹੋਏ ਪੂਤਿਨ ਨਾਂਅ ਦੇ ਇਸ ਵਰਤਾਰੇ ਅਤੇ ਉਸਦੀ ਭੂਮਿਕਾ ਬਾਰੇ ਅੰਤਿਮ ਫ਼ੈਸਲਾ ਵੀ ਇਤਿਹਾਸ ਹੀ ਕਰੇਗਾ, ਇਸ ਵੇਲੇ ਤਾਂ ਉਸਦੇ ਲੰਮੇ ਸਮੇਂ ਤੋਂ ਤੁਰੇ ਆਉਂਦੇ ਜਬ੍ਹੇ ਦੇ ਆਧਾਰ ਨੂੰ ਸਮਝਣ ਦੀ ਕੋਸ਼ਿਸ਼ ਹੀ ਕੀਤੀ ਜਾ ਸਕਦੀ ਹੈ।
(ਨੋਟ ☬: "ਮੀਡੀਆ ਪੰਜਾਬ" ਨੇ ਇਹ ਲੇਖ ਦੋ ਸਾਲ ਪਹਿਲਾਂ ਵੀ ਛਾਪਿਆ ਸੀ। ਹੁਣ ਯੂਕਰੇਨ ਅਤੇ ਰੂਸ ਵਿਚਾਲੇ ਪੈਦਾ ਹੋਏ ਜੰਗੀ ਤਣਾਅ ਨੂੰ ਸਮਝਣ ਵਾਸਤੇ ਇਹ ਲੇਖ ਸਹਾਈ ਹੋ ਸਕਦਾ ਹੈ, ਇਸ ਆਸ਼ੇ ਨਾਲ ਇਹ ਲੇਖ ਫੇਰ ਛਾਪ ਰਹੇ ਹਾਂ। ਉਮੀਦ ਹੈ "ਮੀਡੀਆ ਪੰਜਾਬ" ਦੇ ਪਾਠਕਾਂ ਨੂੰ ਸਾਡਾ ਇਹ ਜਤਨ ਪਸੰਦ ਆਵੇਗਾ।)