ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

09.05.2022

ਈਦ ਪ੍ਰੋਗਰਾਮ ਤੋਂ ਵਾਪਸ ਆਉਂਦਿਆਂ ਮੁੱਖ ਮੰਤਰੀ ਮਾਨ ਨੇ ਅਚਾਨਕ ਗੱਡੀ ਰੁਕਵਾਈ- ਇਕ ਖ਼ਬਰ

ਐਵੇਂ ਭੁਲੇਖਾ ਲੱਗਿਆ ਮੁੱਖ ਮੰਤਰੀ ਨੂੰ ਕਿ ਸ਼ਾਇਦ ਪਾਲਾ ਖ਼ਾਨ ਬੱਕਰੀ ਲਈ ਖੜ੍ਹਾ ਹੈ।

ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਚੋਣਾਂ ਹਾਰਨ ਦੇ ਕਾਰਨਾਂ ਦੀ ਰਿਪੋਰਟ ‘ਤੇ ਵਿਚਾਰ ਨਾ ਕਰ ਸਕੀ- ਇਕ ਰਿਪੋਰਟ

ਝੱਗਾ ਚੁੱਕੀਏ ਜੇ ਆਪਣੇ ਢਿੱਡ ਉੱਤੋਂ, ਨੰਗ ਆਪਣਾ ਹੀ ਨਜ਼ਰ ਆਵਣਾ ਜੀ।

ਮੋਦੀ ਦੇ ਸ਼ਾਸਨ ‘ਚ ਬਿਜਲੀ, ਨੌਕਰੀ ਅਤੇ ਮਹਿੰਗਾਈ ਦਾ ਸੰਕਟ- ਰਾਹੁਲ ਗਾਂਧੀ

ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ, ਵੇ ਛੜਿਆ ਦੋਜ਼ਖੀਆ।

ਇਮਰਾਨ ਖ਼ਾਨ 15 ਕਰੋੜ ਦੀ ਸਰਕਾਰੀ ਕਾਰ ਵੀ ਨਾਲ਼ ਹੀ ਲੈ ਗਿਆ- ਮਰੀਅਮ

ਬੀਬੀ ਤੂੰ 15 ਕਰੋੜੀ ਕਾਰ ਨੂੰ ਰੋਨੀ ਏਂ ਸਾਡੇ ਵਾਲ਼ਿਆਂ ਨੇ ਤਾਂ ਮੇਜ ਕੁਰਸੀਆਂ ਵੀ ਨਹੀਂ ਛੱਡੀਆਂ।

ਬੰਦੀ ਸਿੰਘਾਂ ਦੀ ਸ਼ਹੀਦੀ ਬਾਰੇ ਸ਼੍ਰੋਮਣੀ ਕਮੇਟੀ ਨੇ 11 ਮਈ ਨੂੰ ਇਕੱਤਰਤਾ ਸੱਦੀ- ਇਕ ਖ਼ਬਰ

ਰੋਂਦੀ ਯਾਰਾਂ ਨੂੰ, ਨਾਂ ਲੈ ਲੈ ਕੇ ਭਰਾਵਾਂ ਦਾ।

ਹਰੀਸ਼ ਚੌਧਰੀ ਨੇ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਹਾਈ ਕਮਾਨ ਨੂੰ ਕੀਤੀ ਸਿਫ਼ਾਰਸ਼-ਇਕ ਖ਼ਬਰ

ਲੂਣਾ ਸਲਵਾਨ ਨੂੰ ਆਖਦੀ, ਛੇਤੀ ਪੂਰਨ ਕਰੋ ਹਲਾਲ।

ਦਿੱਲੀ ਪੁਲਸ ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਨੂੰ ਸੁਰੱਖਿਆ ਮੁਹਈਆ ਕਰਵਾਏਗੀ –ਇਕ ਖ਼ਬਰ

ਸਕਿਉਰਟੀ ਲੈਣ ਦਾ ਤਾਂ ਚੱਕਰ ਸੀ ਸਾਰਾ। ਹੁਣ ਦੇਖਿਉ ਟੌਹਰ ਮੁੰਡੇ ਦੀ।

ਕਾਂਗਰਸ ਦੀ ਹਾਰ ਲਈ  ਆਗੂਆਂ ਦੀ ਪਾਟੋਧਾੜ ਜ਼ਿੰਮੇਵਾਰ- ਰਾਜਾ ਵੜਿੰਗ

ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ।

ਸੁਖਬੀਰ ਬਾਦਲ ਭਾਜਪਾ ਆਗੂ ਦੇ ਸਮਾਗਮ ਵਿਚ ਦਿੱਲੀ ਪਹੁੰਚੇ- ਇਕ ਖ਼ਬਰ

ਤੇਰੀ ਮੇਰੀ ਫੇਰ ਲੱਗ ਜੇ, ਜਿਵੇਂ ਗੁੱਤ ਦੀ ਪਰਾਂਦੇ ਨਾਲ਼ ਯਾਰੀ।

‘ਆਪ’ ਦਾ ਸਰਕਾਰ ਚਲਾਉਣ ਦਾ ਤਰੀਕਾ ਅਤੇ ਮਾਡਲ ਅਜੇ ਵੀ ਬੁਝਾਰਤ- ਇਕ ਖ਼ਬਰ

 ਉੱਡਦੀ ਧੂੜ ਦਿਸੇ, ਬੋਤਾ ਯਾਰ ਦਾ ਨਜ਼ਰ ਨਾ ਆਵੇ।

ਭਾਜਪਾ ਨੂੰ ਰਾਜਸਥਾਨ ਵਿਚ ਸ਼ਾਂਤੀ ਹਜ਼ਮ ਨਹੀਂ ਹੋ ਰਹੀ- ਗਹਿਲੋਤ

ਔਖੇ ਚਲਦੇ ਘਰਾਂ ਦੇ ਢਾਂਚੇ, ਛੱਡ ਦੇ ਤੂੰ ਵੈਲਦਾਰੀਆਂ।

ਪ੍ਰਨੀਤ ਕੌਰ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ- ਰਾਜਾ ਵੜਿੰਗ

ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾਂ।

ਕੈਪਟਨ ਵਲੋਂ ਭਾਜਪਾ ਨਾਲ਼ ਰਲ ਕੇ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ- ਇਕ ਖ਼ਬਰ

ਉੱਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।

ਵੜਿੰਗ ਵਲੋਂ ਪਾਰਟੀ ‘ਚ ਅਨੁਸ਼ਾਸਨ ਲਾਗੂ ਕਰਨ ‘ਤੇ ਜ਼ੋਰ- ਇਕ ਖ਼ਬਰ

ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੋਚ ਕੇ ਕਦਮ ਟਿਕਾਈਂ ਬੱਚਾ।

ਕੈਪਟਨ ਦੀ ਗ਼ਰੀਬਾਂ ਨੂੰ ਪੰਜ ਮਰਲੇ ਵਾਲੀ ਸਕੀਮ ਦੇ 1663 ਬਿਨੈਕਾਰਾਂ ‘ਚੋਂ 1637 ਕੇਸ ਫਰਜ਼ੀ- ਇਕ ਖ਼ਬਰ

ਮੇਰਾ ਭਾਰਤ ਮਹਾਨ, 1663 ਚੋਂ 1637 ਬੇਈਮਾਨ।

ਤੇਰਾਂ ਸਾਲਾ ਗੈਂਗ ਰੇਪ ਦੀ ਸ਼ਿਕਾਰ ਕੁੜੀ ਨਾਲ ਥਾਣੇਦਾਰ ਵਲੋਂ ਥਾਣੇ ਵਿਚ ਹੀ ਬਲਾਤਕਾਰ- ਇਕ

 ਖ਼ਬਰ

ਕੀ ਬਣੂੰਗਾ ਇਸ ਦੇਸ਼ ਦਾ ਫਕਰਦੀਨਾ, ਜਿੱਥੇ ਵਾੜ ਹੀ ਖੇਤ ਨੂੰ ਖਾਂਵਦੀ ਏ।