ਝੋਨੇ ਦੀ ਸਿੱਧੀ ਬਿਜਾਈ ਲਈ ਚੌਕਸੀ ਜ਼ਰੂਰੀ - ਸੁਰਿੰਦਰ ਐੱਸ ਕੁੱਕਲ
ਝੋਨੇ ਨੂੰ ਪਾਣੀ ਦੀ ਭਾਰੀ ਖ਼ਪਤ ਕਰਨ ਵਾਲੀ ਵਾਲੀ ਫ਼ਸਲ ਮੰਨਿਆ ਜਾਂਦਾ ਹੈ। ਇਕ ਏਕੜ ਝੋਨੇ ਵਾਸਤੇ ਅੰਦਾਜ਼ਨ ਚਾਰ ਤੋਂ ਪੰਜ ਹਜ਼ਾਰ ਘਣ ਮੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਹ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਕਿ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਮਿਕਦਾਰ ਤੇ ਮਿਆਰ, ਦੋਵਾਂ ਪੱਖਾਂ ਤੋਂ ਬੜੀ ਤੇਜ਼ੀ ਨਾਲ ਡਿੱਗ ਰਿਹਾ ਹੈ। ਸਾਇੰਸਦਾਨ ਲਗਾਤਾਰ ਅਜਿਹੀਆਂ ਤਕਨੀਕਾਂ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਝੋਨੇ ਲਈ ਪਾਣੀ ਦੀ ਘੱਟ ਖ਼ਪਤ ਹੋਵੇ। ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਬਚਾਉਣ ਵਾਲੀ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਵਿਕਸਿਤ ਕੀਤੀ ਹੈ, ਇਸ ਲਈ ਕਿਰਤ ਸ਼ਕਤੀ ਵੀ ਘੱਟ ਲੋੜੀਂਦੀ ਹੈ।
ਸ਼ੁਰੂ ਵਿਚ ਸਿੱਧੀ ਬਿਜਾਈ ਦਾ ਟੀਚਾ ਕੱਦੂ ਕੀਤੇ ਖੇਤ ਵਿਚ ਝੋਨੇ ਦੀ ਪੌਦ ਦੀ ਲੁਆਈ ਲਈ ਪੇਸ਼ ਆਉਣ ਵਾਲੀ ਮਜ਼ਦੂਰਾਂ ਦੀ ਕਮੀ ਦੀ ਸਮੱਸਿਆ ਦਾ ਟਾਕਰਾ ਕਰਨਾ ਸੀ ਪਰ ਬਾਅਦ ਵਿਚ ਇਸ ਨੂੰ ਪਾਣੀ-ਬਚਾਊ ਤਰੀਕੇ ਵਜੋਂ ਵੀ ਹੁਲਾਰਾ ਦਿੱਤਾ ਜਾਣ ਲੱਗਾ। ਸੂਬੇ ਦੇ ਖੇਤੀਬਾੜੀ ਵਿਭਾਗ ਅਤੇ ਪੀਏਯੂ ਦੇ ਪਸਾਰ ਅਫ਼ਸਰ ਕਈ ਸਾਲਾਂ ਤੋਂ ਕਿਸਾਨਾਂ ਦਰਮਿਆਨ ਇਸ ਤਕਨੀਕ ਨੂੰ ਹੁਲਾਰਾ ਦੇਣ ਦੀ ਕੋਸਿ਼ਸ਼ ਵਿਚ ਹਨ ਪਰ ਇਸ ਦਿਸ਼ਾ ਵਿਚ ਖ਼ਾਸ ਕਾਮਯਾਬੀ ਨਹੀਂ ਮਿਲੀ। ਰਾਜ ਸਰਕਾਰ ਵੱਲੋਂ 2020 ਅਤੇ 2021 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਹੇਠ ਪੰਜ ਲੱਖ ਹੈਕਟੇਅਰ ਤੋਂ ਵੱਧ ਰਕਬਾ ਆ ਜਾਣ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਸੂਬੇ ਵਿਚ ਇਨ੍ਹਾਂ ਸਾਲਾਂ ਦੌਰਾਨ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਖ਼ਪਤ ਵਿਚ ਕੋਈ ਕਮੀ ਦੇਖਣ ਵਿਚ ਨਹੀਂ ਆਈ। ਇਸ ਦੇ ਬਾਵਜੂਦ ਰਾਜ ਸਰਕਾਰ ਨੇ ਇਸ ਤਕਨੀਕ ਨੂੰ ਹੁਲਾਰਾ ਦੇਣ ਲਈ ਹਾਲ ਹੀ ਵਿਚ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਬਸਿਡੀ/ਬੋਨਸ ਦੇਣ ਦਾ ਐਲਾਨ ਕੀਤਾ ਹੈ।
ਝੋਨੇ ਵਿਚ ਪੌਦ ਦੀ ਲੁਆਈ ਦੇ ਰਵਾਇਤੀ ਤਰੀਕੇ ਵਿਚ ਪਹਿਲਾਂ ਖੇਤ ਨੂੰ ਕੱਦੂ ਕੀਤਾ ਜਾਂਦਾ ਹੈ। ਕੱਦੂ ਕਰਨਾ ਖੇਤਾਂ ਵਿਚ ਖੜ੍ਹੇ ਪਾਣੀ ਵਿਚ ਵਾਹੀ ਕਰਨ ਜਾਂ ਟਰੈਕਟਰ ਆਦਿ ਚਲਾਉਣ ਦੀ ਪ੍ਰਥਾ ਹੈ ਤਾਂ ਕਿ ਮਿੱਟੀ ਦੇ ਡਲਿਆਂ ਨੂੰ ਤੋੜ ਕੇ ਇਸ ਨੂੰ ਨਰਮ ਗਾਰੇਦਾਰ/ਚਿੱਕੜ ਰੂਪੀ ਬਣਾਇਆ ਜਾ ਸਕੇ। ਕੱਦੂ ਤੋਂ ਬਾਅਦ ਮਿੱਟੀ ਦੇ ਕਣ ਵੱਖੋ-ਵੱਖਰੀ ਰਫ਼ਤਾਰ ਨਾਲ ਬੈਠ ਜਾਂਦੇ ਹਨ। ਰੇਤਲੇ ਕਣ ਪਹਿਲਾਂ ਬੈਠਦੇ ਹਨ ਤੇ ਚੀਕਨੀ ਮਿੱਟੀ ਦੇ ਕਣ ਬਾਅਦ ਵਿਚ ਬੈਠਦੇ ਹਨ ਜਿਸ ਨਾਲ ਗਾਰੇ ਦੀ ਪਰਤ ਬਣ ਜਾਂਦੀ ਹੈ। ਗਾਰੇ ਦੀ ਇਸ ਪਰਤ ਨਾਲ ਪਾਣੀ ਦੇ ਧਰਤੀ ਵਿਚ ਰਿਸਾਅ ਦੀ ਰਫ਼ਤਾਰ ਘਟ ਜਾਂਦੀ ਹੈ ਅਤੇ ਇੰਝ ਖੇਤ ਵਿਚ ਸਿੰਜਾਈ ਵਾਲਾ ਪਾਣੀ ਲੰਮਾ ਸਮਾਂ ਖੇਤ ਦੀ ਸਤ੍ਵਾ ਉਤੇ ਖੜ੍ਹਾ ਰਹਿੰਦਾ ਹੈ। ਸੰਭਵ ਤੌਰ ’ਤੇ ਇਹ ਤਰੀਕਾ ਝੋਨੇ ਦੇ ਬੂਟਿਆਂ ਦੇ ਵਿਹਾਰ ਕਾਰਨ ਪ੍ਰਚਲਿਤ ਹੋਇਆ ਕਿਉਂਕਿ ਇਹ ਬੂਟੇ ਗਿੱਲੀ ਧਰਤੀ ਵਾਲੇ ਹਾਲਾਤ ਵਿਚ ਵਧਦੇ-ਫੁੱਲਦੇ ਹਨ। ਝੋਨਾ ਹੀ ਅਜਿਹੀ ਫ਼ਸਲ ਹੈ ਜਿਸ ਦੀਆਂ ਜੜ੍ਹਾਂ ਇਸ ਦੇ ਉਪਰਲੇ, ਭਾਵ ਹਵਾ ਵਿਚਲੇ ਹਿੱਸੇ ਰਾਹੀਂ ਸਾਹ ਲੈਂਦੀਆਂ ਹਨ, ਕਿਉਂਕਿ ਝੋਨੇ ਦੇ ਬੂਟੇ ਦਾ ਤਣਾ ਅੰਦਰੋਂ ਖੋਖਲਾ ਹੁੰਦਾ ਹੈ। ਗਿੱਲੇ ਹਾਲਾਤ ਵਿਚ ਮਿੱਟੀ ਵਿਚ ਅਮੋਨੀਆ ਯੁਕਤ ਨਾਈਟ੍ਰੋਜਨ ਦੀ ਬਹੁਤਾਤ ਹੋ ਜਾਂਦੀ ਹੈ ਜਿਸ ਨੂੰ ਝੋਨੇ ਦੇ ਬੂਟੇ ਆਸਾਨੀ ਨਾਲ ਗ੍ਰਹਿਣ ਕਰ ਲੈਂਦੇ ਹਨ ਜਦੋਂਕਿ ਦੂਜੇ ਬੂਟੇ ਨਾਈਟ੍ਰੋਜਨ ਦੇ ਇਸ ਰੂਪ ਨੂੰ ਗ੍ਰਹਿਣ ਨਹੀਂ ਕਰਦੇ। ਇਸ ਦੇ ਨਾਲ ਹੀ ਕੱਦੂ ਕੀਤੇ ਖੇਤ ਵਿਚ ਕਿਸਾਨਾਂ ਲਈ ਝੋਨੇ ਦੀ ਲੁਆਈ ਕਰਨੀ ਵੀ ਸੌਖੀ ਹੋ ਜਾਂਦੀ ਹੈ।
ਪੀਏਯੂ ਦੀਆਂ ਸਿਫਾਰਿਸ਼ਾਂ (ਪੈਕੇਜ ਆਫ ਪ੍ਰੈਕਟਿਸਿਜ਼) ਮੁਤਾਬਕ ਸਿੱਧੀ ਬਿਜਾਈ ਦੀ ਸਿਫ਼ਾਰਸ਼ ਸਿਰਫ਼ ਦਰਮਿਆਨੀ ਤੋਂ ਬਰੀਕ ਮਿੱਟੀ ਵਿਚ ਕੀਤੀ ਜਾਂਦੀ ਹੈ ਜਿਥੇ ਲੇਜ਼ਰ ਰਾਹੀਂ ਪੱਧਰ ਕੀਤੇ ਖੇਤ ਨੂੰ ਵਹਾਈ ਤੋਂ ਪਹਿਲਾਂ ਸਿੰਜਿਆ ਜਾਂਦਾ ਹੈ। ਕੰਮ ਕਰਨਯੋਗ ਨਮੀ ਦੀਆਂ ਹਾਲਤਾਂ ਵਿਚ ਇਨ੍ਹਾਂ ਖੇਤਾਂ ਵਿਚ ਉਥਲੀ ਖੇਤੀ, ਭਾਵ ਵਾਹੀ ਤੋਂ ਬਿਨਾਂ ਖੇਤੀ (shallow cultivation) ਕੀਤੀ ਜਾਣੀ ਚਾਹੀਦੀ ਹੈ ਅਤੇ ਫਿਰ ਦੋ ਵਾਰ ਸੁਹਾਗਾ ਫੇਰਨ ਪਿੱਛੋਂ ਫੌਰੀ ਤੌਰ ਤੇ ਬਿਜਾਈ ਕਰ ਦੇਣੀ ਚਾਹੀਦੀ ਹੈ। ਬਿਜਾਈ ਦੇ ਫ਼ੌਰੀ ਬਾਅਦ ਨਦੀਨਮਾਰ ਦੀ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ। ਬਿਜਾਈ ਪਿੱਛੋਂ ਕੀਤੀ ਜਾਣ ਵਾਲੀ ਪਹਿਲੀ ਸਿੰਜਾਈ ਦੀ ਸਿਫ਼ਾਰਸ਼ ਬਿਜਾਈ ਤੋਂ 21 ਦਿਨ ਬਾਅਦ ਕੀਤੀ ਜਾਂਦੀ ਹੈ ਅਤੇ ਉਸ ਪਿੱਛੋਂ 5 ਤੋਂ 7 ਦਿਨਾਂ ਦੇ ਵਕਫ਼ੇ ਨਾਲ ਸਿੰਜਾਈ ਕਰਨੀ ਚਾਹੀਦੀ ਹੈ। ਇਸ ਦੇ ਉਲਟ ਝੋਨੇ ਦੀ ਕਾਸ਼ਤ ਦੇ ਰਵਾਇਤੀ ਤਰੀਕੇ ਵਿਚ ਕੱਦੂ ਕੀਤੇ ਖੇਤ ਉਤੇ ਪੌਦ ਦੀ ਲੁਆਈ ਤੋਂ ਬਾਅਦ ਦੋ ਹਫ਼ਤੇ ਤੱਕ ਪਾਣੀ ਖੜ੍ਹਾ ਰੱਖਣ ਦੀ ਲੋੜ ਹੁੰਦੀ ਹੈ। ਉਸ ਮਗਰੋਂ ਖੇਤ ਵਿਚੋਂ ਪਾਣੀ ਪੂਰੀ ਤਰ੍ਹਾਂ ਗ਼ਾਇਬ ਹੋ ਜਾਣ ਪਿੱਛੋਂ ਹਰ ਦੋ ਤੋਂ ਤਿੰਨ ਦਿਨਾਂ ਦੇ ਵਕਫ਼ੇ ਨਾਲ ਸਿੰਜਾਈ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਿਸ ਦਾ ਭਾਵ ਬਣਦਾ ਹੈ ਕਿ ਅਸਲ ਵਿਚ ਚਾਰ ਤੋਂ ਪੰਜ ਦਿਨਾਂ ਦੇ ਵਕਫ਼ੇ ਨਾਲ ਸਿੰਜਾਈ ਪਰ ਸੂਬਾ ਸਰਕਾਰ ਅਤੇ ਪੀਏਯੂ ਵੱਲੋਂ ਇਸ ਸਬੰਧੀ ਵੱਖ ਵੱਖ ਕੋਸ਼ਿਸ਼ਾਂ ਕੀਤੇ ਜਾਣ ਅਤੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਇਸ ਦਾ ਪ੍ਰਦਰਸ਼ਨ ਦਿਖਾਏ ਜਾਣ ਦੇ ਬਾਵਜੂਦ ਕਿਸਾਨ ਕੱਦੂ ਕੀਤੇ ਖੇਤ ਵਿਚ ਝੋਨੇ ਦੀ ਲੁਆਈ ਵਾਸਤੇ ਇਨ੍ਹਾਂ ਸਿਫ਼ਾਰਸ਼ਾਂ ਦਾ ਪਾਲਣ ਨਹੀਂ ਕਰ ਰਹੇ।
ਕਾਰਨ ਇਹ ਕਿ ਕਿਸਾਨਾਂ ਦਾ ਖਿ਼ਆਲ ਹੈ, ਖੇਤ ਨੂੰ ਕੱਦੂ ਕਰਨ ਤੋਂ ਪਹਿਲਾਂ ਕਥਿਤ ਤੌਰ ਤੇ ਜ਼ਮੀਨ ਨੂੰ ਠੰਢੀ ਕਰਨ ਵਾਸਤੇ 3-4 ਦਿਨ ਅਗਾਊਂ ਤੌਰ ਤੇ ਪਾਣੀ ਖੜ੍ਹਾ ਕੀਤਾ ਜਾਣਾ ਜ਼ਰੂਰੀ ਹੈ, ਭਾਵੇਂ ਇਹ ਉਨ੍ਹਾਂ ਦਾ ਵਹਿਮ ਹੀ ਹੈ। ਦਰਅਸਲ ਖੇਤ ਨੂੰ ਕੱਦੂ ਕਰਨ ਤੋਂ ਪਹਿਲਾਂ ਇਕ ਹੀ (ਪਰ ਯਕੀਨਨ ਤੌਰ ਤੇ ਭਾਰੀ, 8 ਤੋਂ 10 ਸੈਂਟੀਮੀਟਰ ਦੀ) ਸਿੰਜਾਈ ਦੀ ਲੋੜ ਹੁੰਦੀ ਹੈ, ਬਸ਼ਰਤੇ ਪੌਦ ਦੀ ਲੁਆਈ ਵੇਲੇ ਸਿਰ ਕਰ ਦਿੱਤੀ ਜਾਵੇ।
ਕਿਸਾਨ ਖੇਤ ਵਿਚ ਪਾਣੀ 60-70 ਦਿਨ ਖੜ੍ਹਾ ਰੱਖਦੇ ਹਨ, ਜਦੋਂਕਿ ਪੀਏਯੂ ਦੀ ਸਿਫ਼ਾਰਸ਼ ਝੋਨੇ ਦੀ ਲੁਆਈ ਤੋਂ ਬਾਅਦ ਸਿਰਫ਼ 15 ਦਿਨ ਪਾਣੀ ਖੜ੍ਹਾ ਰੱਖਣ ਦੀ ਹੈ। ਇਸ ਦਾ ਸਿੱਟਾ ਪਾਣੀ ਦੀ ਭਾਰੀ ਖ਼ਪਤ ਅਤੇ ਇਸ ਲਈ ਜ਼ਮੀਨਦੋਜ਼ ਪਾਣੀ ਦੀ ਭਾਰੀ ਬਰਬਾਦੀ ਵਜੋਂ ਨਿਕਲਦਾ ਹੈ ਪਰ ਜੇ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਵੀ ਇਹੋ ਤਰੀਕਾ ਅਪਣਾਇਆ ਜਾਂਦਾ ਹੈ ਤਾਂ ਇਹ ਵੀ ਫ਼ਾਇਦੇ ਦੀ ਥਾਂ ਨੁਕਸਾਨਦੇਹ ਸਾਬਤ ਹੋਵੇਗਾ ਅਤੇ ਇਸ ਤਕਨੀਕ ਰਾਹੀਂ ਪਾਣੀ ਦੀ ਬੱਚਤ ਦਾ ਮਕਸਦ ਨਾਕਾਮ ਹੋ ਜਾਵੇਗਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਝੋਨੇ ਦੀ ਫ਼ਸਲ ਲਈ ਪੀਏਯੂ ਵੱਲੋਂ ਸਿਫ਼ਾਰਸ਼ਸ਼ੁਦਾ ਤਰੀਕੇ ਨਾਲ ਹੀ ਸਿੰਜਾਈ ਕੀਤੀ ਜਾਵੇ, ਨਹੀਂ ਤਾਂ ਸਿੱਧੀ ਬਿਜਾਈ ਨਾਲ ਉਲਟਾ ਪੌਦ ਦੀ ਲੁਆਈ ਦੇ ਮੁਕਾਬਲੇ ਪਾਣੀ ਦੀ ਕਿਤੇ ਜ਼ਿਆਦਾ ਖ਼ਪਤ ਹੋਵੇਗੀ।
ਕੱਦੂ ਕੀਤੇ ਖੇਤਾਂ ਵਿਚ ਸਤ੍ਵਾ ਉਤੇ ਪਾਣੀ ਦੇ ਰਹਿਣ ਦਾ ਸਮਾਂ ਮਿੱਟੀ ਦੇ ਜਿ਼ਆਦਾ ਗਿੱਲੀ ਹੋਣ ਕਾਰਨ ਸਿੱਧੀ ਬਿਜਾਈ ਵਾਲੇ ਖੇਤਾਂ ਦੇ ਮੁਕਾਬਲੇ ਘੱਟ ਹੁੰਦਾ ਹੈ, ਕਿਉਂਕਿ ਸਿੱਧੀ ਬਿਜਾਈ ਵਾਲੇ ਖੇਤ ਦੀ ਸਤ੍ਵਾ ਖੁਰਦਰੀ ਹੁੰਦੀ ਹੈ। ਦੂਜੇ ਪਾਸੇ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਜ਼ਮੀਨ ਵਿਚ ਪਾਣੀ ਦਾ ਰਿਸਾਅ ਕੱਦੂ ਕੀਤੇ ਖੇਤ ਦੇ ਮੁਕਾਬਲੇ ਜਆਦਾ ਹੋਣ ਕਾਰਨ ਸਿੱਧੀ ਬਿਜਾਈ ਵਾਲੇ ਖੇਤ ਵਿਚ ਕੱਦੂ ਕੀਤੇ ਖੇਤ (3-4 ਸੈਂਟੀਮੀਟਰ) ਨਾਲੋਂ ਪ੍ਰਤੀ ਸਿੰਜਾਈ ਪਾਣੀ ਦੀ ਜ਼ਿਆਦਾ ਜ਼ਰੂਰਤ (7.5-8 ਸੈਂਟੀਮੀਟਰ) ਹੁੰਦੀ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਸਿੰਜਾਈ ਦੇ ਪਾਣੀ ਦੀ ਖ਼ਪਤ ਦਾ ਅੰਦਾਜ਼ਾ ਲਾਉਂਦੇ ਸਮੇਂ ਮਹਿਜ਼ ਸਿੰਜਾਈਆਂ ਦੀ ਗਿਣਤੀ ਦੇ ਮੁਕਾਬਲੇ ਪ੍ਰਤੀ ਸਿੰਜਾਈ ਖ਼ਪਤ ਹੋਣ ਵਾਲੇ ਪਾਣੀ ਦੀ ਮਿਕਦਾਰ ਤੋਂ ਹੀ ਅਸਲ ਤਸਵੀਰ ਸਾਹਮਣੇ ਆਉਂਦੀ ਹੈ। ਦੂਜੇ ਪਾਸੇ ਪੀਏਯੂ ਦੇ ਅਧਿਐਨਾਂ ਵਿਚ ਇਨ੍ਹਾਂ ਦੋਵਾਂ ਹੀ ਤਰੀਕਿਆਂ ਵਿਚ ਪਾਣੀ ਦੇ ਵਾਸ਼ਪੀਕਰਨ ਰਾਹੀਂ ਉਡਣ ਨਾਲ ਹੋਣ ਵਾਲੇ ਨੁਕਸਾਨ ਦੀ ਦਰ ਇਕੋ ਜਿਹੀ ਜਾਂ ਸਿੱਧੀ ਬਿਜਾਈ ਵਿਚ ਲੁਆਈ ਵਾਲੇ ਤਰੀਕੇ ਨਾਲੋਂ ਵੱਧ ਪਾਈ ਗਈ ਹੈ। ਵਾਸ਼ਪੀਕਰਨ ਵਿਚ ਹੋਣ ਵਾਲੀ ਕਮੀ ਨਾਲ ਹੀ ਅਸਲ ਵਿਚ ਪਾਣੀ ਦੀ ਬੱਚਤ ਹੋ ਸਕਦੀ ਹੈ।
ਪੀਏਯੂ ਅਤੇ ਬੋਰਲੌਗ ਇੰਸਟੀਚਿਊਟ ਆਫ ਸਾਊਥ ਏਸ਼ੀਆ ਵਿਚ ਕੀਤੇ ਤਜਰਬਿਆਂ ਵਿਚ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਘੱਟ ਨਿਕਲਿਆ ਹੈ। ਅਜਿਹਾ ਮਿੱਟੀ ਦੀ ਕਿਸਮ, ਨਦੀਨਾਂ ਦੀ ਬਹੁਤਾਤ ਅਤੇ ਵੰਨ-ਸਵੰਨਤਾ ਕਾਰਨ ਹੋ ਸਕਦਾ ਹੈ। ਪੀਏਯੂ ਵਿਚ ਕੀਤੇ ਅਧਿਐਨਾਂ ਵਿਚ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਸਾਲ ਦਰ ਸਾਲ ਝਾੜ ਵਿਚ ਗਿਰਾਵਟ ਵੀ ਦੇਖੀ ਗਈ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਿੱਧੀ ਬਿਜਾਈ ਅਤੇ ਕੱਦੂ ਕੀਤੇ ਖੇਤ ਵਿਚ ਲੁਆਈ ਦੇ ਤਰੀਕੇ ਬਦਲ ਬਦਲ ਕੇ ਅਪਣਾਉਣ ਤਾਂ ਕਿ ਖੇਤ ਵਿਚ ਨਦੀਨਾਂ ਦੇ ਬੀਜ ਇਕੱਠੇ ਹੋਣ ਦੀ ਸੰਭਾਵਨਾ ਰੋਕੀ ਜਾ ਸਕੇ ਕਿਉਂਕਿ ਨਦੀਨ ਖੇਤ ਵਿਚ ਮੁੱਖ ਫ਼ਸਲ ਦੇ ਹਿੱਸੇ ਦਾ ਪਾਣੀ ਤੇ ਪੋਸ਼ਕ ਤੱਤ ਖਾ ਜਾਂਦੇ ਹਨ।
ਸੂਬਾ ਸਰਕਾਰ ਵੱਲੋਂ ਝੋਨੇ ਦੀ ਕਾਸ਼ਤ ਵਿਚ ਪਾਣੀ-ਬਚਾਊ ਤਕਨੀਕਾਂ ਮਕਬੂਲ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਕਦਮ ਹੈ ਪਰ ਸੂਬਾਈ ਏਜੰਸੀਆਂ ਲਈ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਸਿੰਜਾਈ ਸਬੰਧੀ ਪੀਏਯੂ ਦੀਆਂ ਸਿਫ਼ਾਰਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਨਹੀਂ ਤਾਂ ਅਖ਼ੀਰ ਸਿੱਟਾ ਸਿੱਧੀ ਬਿਜਾਈ ਵਿਚ ਕੱਦੂ ਕੀਤੇ ਖੇਤ ਵਿਚ ਲੁਆਈ ਦੇ ਮੁਕਾਬਲੇ ਪਾਣੀ ਦੀ ਕਿਤੇ ਜਿ਼ਆਦਾ ਖ਼ਪਤ ਦੇ ਰੂਪ ਵਿਚ ਨਿਕਲੇਗਾ।
* ਲੇਖਕ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਦਾ ਮੈਂਬਰ ਹੈ।
ਸੰਪਰਕ : 98727-77626