ਬਿਨਾਂ ਯੱਕਿਆਂ ਦੇ ਬਾਜ਼ੀ ਜਿੱਤਣ ਵਾਲਾ : ਸਾਗਰ ਸਰਹੱਦੀ - ਅਜੈ ਤਨਵੀਰ

ਕੁਝ ਲੋਕ ਆਪਣੇ ਪੈਰਾਂ 'ਤੇ ਤੁਰਦੇ ਹਨ। ਪਰ ਕੁਝ ਲੋਕ ਆਪਣੇ ਸਿਰ 'ਤੇ ਤੁਰਦੇ ਹਨ। ਆਪਣੇ ਸਿਰ 'ਤੇ ਤੁਰਨ ਵਾਲੇ ਮੰਜ਼ਿਲ ਵੱਲ ਨਹੀਂ ਵੇਖਦੇ ਸਗੋਂ ਮੰਜ਼ਿਲ ਉਨ੍ਹਾਂ ਵੱਲ ਵੇਖਦੀ ਹੈ। ਜਿਨ੍ਹਾਂ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ ਉਨ੍ਹਾਂ ਦੇ ਠੋਸ ਇਰਾਦੇ ਕਦੇ ਵੀ ਪਾਰੇ ਵਾਂਗ ਨਹੀਂ ਡੋਲਦੇ। ਹੁਨਰਮੰਦ ਲੋਕਾਂ ਦੀ ਅੱਖ ਨੂੰ ਤਾਂ ਸੁੱਤੀ ਹੋਈ ਝੀਲ ਵਿੱਚ ਵੀ ਦੋ ਚੰਦ ਦਿਸਦੇ ਹਨ। ਇਹ ਹੁਨਰ ਹਰ ਕਿਸੇ ਦੇ ਹਿੱਸੇ ਵਿੱਚ ਨਹੀਂ ਆਉਂਦਾ। ਪਰ ਇਹ ਹੁਨਰ ਸਰਹੱਦੀ ਸਾਹਿਬ ਦੇ ਹਿੱਸੇ ਜ਼ਰੂਰ ਆਇਆ ਸੀ।
        ਸਰਦੂਲ ਸਿਕੰਦਰ ਦਾ ਗੀਤ ‘ਸੁਰਮਾ’ ਜਦ ਵੀ ਸੁਣਨਾ ਤਾਂ ਇਕ ਲਾਈਨ ਗੀਤ ਵਿੱਚ ਆਉਣੀ, ‘ਸਰਹੱਦੀ ਨੇ ਫ਼ਿਲਮ ਬਣਾਈ ਨਾਂ ਹੈ ਵਗਦੇ ਪਾਣੀ।’
       ਮਨ ਹੀ ਮਨ ਵਿੱਚ ਸੋਚਣਾ ਕਿ ਇਹ ਗੀਤ ਤਾਂ ਫ਼ਕੀਰ ਮੌਲੀਵਾਲੇ ਦਾ ਲਿਖਿਆ ਹੋਇਆ ਹੈ, ਫਿਰ ਇਸ ਵਿਚ ਸਰਹੱਦੀ ਦਾ ਨਾਂ ਕਿਉਂ ਆਉਂਦਾ ਹੈ। ਖ਼ੁਦ ਨੂੰ ਸਵਾਲ ਕਰਕੇ ਖ਼ੁਦ ਹੀ ਜਵਾਬ ਦੇਣਾ ਕਿ ਸ਼ਾਇਦ ਅੱਧਾ ਗੀਤ ਸਰਹੱਦੀ ਨੇ ਲਿਖਿਆ ਹੋਵੇ। ਪਰ ਚੈਨ ਕਿੱਥੇ ਆਉਂਦੀ ਘੋਖੀ ਨਜ਼ਰ ਨੂੰ? ਹੌਲੀ ਹੌਲੀ ਉਲਝੀ ਹੋਈ ਤਾਣੀ ਦਾ ਸਿਰਾ ਲੱਭਣ ਲੱਗਾ। ਪਤਾ ਲੱਗਾ ਇਹ ‘ਸਾਗਰ ਸਰਹੱਦੀ’ ਹੈ। ਫ਼ਿਲਮ ਇੰਡਸਟਰੀ ਵਿੱਚ ਇਸ ਦਾ ਬਹੁਤ ਵੱਡਾ ਨਾਂ ਹੈ। ਇਹ ਹਿੰਦੀ ਫ਼ਿਲਮਾਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਤੇ ਵੀ ਕੰਮ ਕਰ ਰਿਹਾ ਹੈ। ਆਪਣੀ ਪੰਜਾਬੀ ਮਾਂ ਬੋਲੀ ਨਾਲ ਇਸ ਦਾ ਗੂੜ੍ਹਾ ਰਿਸ਼ਤਾ ਹੀ ਨਹੀਂ ਅੰਤਾਂ ਦਾ ਮੋਹ ਵੀ ਹੈ। ਪਰ ਜਦੋਂ ਮੁਕੱਦਰਾਂ ਨੂੰ ਗ੍ਰਹਿਣ ਲੱਗ ਜਾਵੇ ਫਿਰ ਸ਼ਕੰਜਵੀ ਵੀ ਜ਼ਹਿਰ ਬਣ ਜਾਂਦੀ ਹੈ। ਪੰਜਾਬੀ ਸਿਨੇਮੇ ਦੀ ਇਹ ਬਦਕਿਸਮਤੀ ਰਹੀ ਹੈ ਕਿ ਜਦੋਂ ਵੀ ਪਤੰਗ ਸਿਖਰ ਤੇ ਗਈ ਤਾਂ ਡੋਰ ਟੁੱਟ ਗਈ। ਇਸ ਤਰ੍ਹਾਂ ‘ਵਗਦੇ ਪਾਣੀ’ ਫ਼ਿਲਮ ਪਰਦੇ ਦਾ ਸ਼ਿੰਗਾਰ ਨਾ ਬਣ ਸਕੀ, ਸਿਰਫ਼ ਬੁੱਲ੍ਹਾਂ ਤੇ ਚਰਚਾ ਦਾ ਵਿਸ਼ਾ ਹੀ ਬਣੀ ਰਹੀ। ਕਈ ਵਾਰੀ ਸਫ਼ਲਤਾ ਤੁਹਾਡੇ ਕੋਲ ਦੀ ਗੁਜ਼ਰ ਜਾਂਦੀ ਹੈ। ਅਸੀਂ ਧਿਆਨ ਵਿੱਚ ਹੁੰਦੇ ਹੋਏ ਵੀ ਬੇਧਿਆਨੇ ਹੁੰਦੇ ਹਾਂ ।
      ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸਰਹੱਦੀ ਸਾਹਿਬ ਨੇ ਨਾਟਕਕਾਰ ਗੁਰਸ਼ਰਨ ਸਿੰਘ ਹੁਰਾਂ ਨਾਲ ਮਿਲ ਕੇ ਪੰਜਾਬੀ ਫ਼ਿਲਮ ਬਣਾਉਣ ਦਾ ਖ਼ਾਬ ਲਿਆ ਸੀ ਪਰ ਉਸ ਖ਼ਾਬ ਨੂੰ ਬੂਰ ਨਾ ਪਿਆ । ਇਸ ਫ਼ਿਲਮ ਦਾ ਹੀਰੋ ਉਹ ਰੰਗ-ਮੰਚ ਦੇ ਅਦਾਕਾਰ ਸੁਖਦੇਵ ਪ੍ਰੀਤ ਨੂੰ ਲੈਣਾ ਚਾਹੁੰਦੇ ਸਨ ਪਰ ਸੁਖਦੇਵ ਪ੍ਰੀਤ ਦਾ ਇਨਸਾਨੀਅਤ ਦੇ ਦੁਸ਼ਮਣਾਂ ਨੇ ਕਤਲ ਕਰ ਦਿੱਤਾ ਸੀ। ਸਰਹੱਦੀ ਸਾਹਿਬ ਕਹਿੰਦੇ ਸਨ ਕਿ ਅਜੇ ਤਾਂ ਸੰਤਾਲੀ ਦੀ ਵੰਡ ਦੇ ਜ਼ਖ਼ਮ ਨਾਸੂਰ ਬਣ ਕੇ ਰਿਸ ਰਹੇ ਸਨ ਅਤੇ ਉੱਤੋਂ ਚੁਰਾਸੀ ਦੇ ਜ਼ਖ਼ਮਾਂ ਨੇ ਸਾਰਾ ਸਰੀਰ ਹੀ ਨਾਸੂਰ ਬਣਾ ਦਿੱਤਾ। ਸੰਤਾਲੀ ਦੀ ਵੰਡ ਅਤੇ ਚੁਰਾਸੀ ਦੇ ਦੁਖਾਂਤ ਨੇ ਸਰਹੱਦੀ ਸਾਹਿਬ ਨੂੰ ਅੰਦਰੋਂ ਪੂਰੀ ਤਰਾਂ ਛਲਨੀ ਕਰ ਦਿੱਤਾ ਸੀ। ਉਹ ਆਪਣੇ ਅੰਦਰ ਦੇ ਦਰਦ ਨੂੰ ਬਾਹਰ ਕੱਢਣਾ ਚਾਹੁੰਦੇ ਸਨ। ਉਹ ਚੁਰਾਸੀ ਦੇ ਦੁਖਾਂਤ ਤੇ ਵੀ ਫ਼ਿਲਮ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਪਰ ਕੋਈ ਵੀ ਪੈਸਾ ਲਾਉਣ ਨੂੰ ਤਿਆਰ ਨਹੀਂ ਸੀ ਜਦ ਕਿ ਅਮੀਰ ਤੋਂ ਅਮੀਰ ਵਿਅਕਤੀ ਵੀ ਇਸ ਦਰਦ ਨੂੰ ਆਪਣਾ ਦਰਦ ਸਮਝਦੇ ਸਨ ਪਰ ਸਿਰਫ਼ ਤੇ ਸਿਰਫ਼ ਉਤਲੇ ਮਨੋਂ ਹੀ। ਬਾਕੀ ਸਰਹੱਦੀ ਸਾਹਿਬ ਨੂੰ ਇਹ ਵੀ ਪਤਾ ਸੀ ਕਿ ਇਹ ਜੋ ਸਾਡੀ ਸੈਂਸਰ ਬੋਰਡ ਹੈ ਇਹ ਕਿੰਨੀ ਕੁ ਇਮਾਨਦਾਰੀ ਨਾਲ ਕੰਮ ਕਰਦੀ ਹੈ। ਇਸ ਕੁਲਹਿਣੇ ਵਕਤ ਨੇ ਇਕ ਵਾਰ ਫਿਰ ਪੰਜਾਬੀ ਸਿਨੇਮੇ ਨੂੰ ਬਦਕਿਸਮਤੀ ਦੇ ਹਨੇਰੇ ਵੱਲ ਧੱਕ ਦਿੱਤਾ ਜਿੱਥੋਂ ਸਰਘੀ ਵੇਲਾ ਦਿਸਣ ਦੀ ਕੋਈ ਆਸ ਨਹੀਂ ਸੀ।
       ਸਾਗਰ ਸਰਹੱਦੀ ਹੁਰਾਂ ਦਾ ਅਸਲ ਨਾਂ ਗੰਗਾ ਸਾਗਰ ਤਲਵਾਰ ਸੀ। ਉਨ੍ਹਾਂ ਦਾ ਜਨਮ 11 ਮਈ, 1933 ਨੂੰ ਜ਼ਿਲ੍ਹਾ ਪਿਸ਼ਾਵਰ ਦੇ ਪਿੰਡ ਬਾਫਾ ਵਿੱਚ (ਹੁਣ ਪਾਕਿਸਤਾਨ ਵਿੱਚ) ਪਿਤਾ ਥਾਨ ਸਿੰਘ ਤਲਵਾਰ ਤੇ ਮਾਤਾ ਪ੍ਰੇਮ ਦੇਵੀ ਦੇ ਘਰ ਹੋਇਆ। ਸਾਰਾ ਪਿੰਡ ਆਪਸੀ ਮੋਹ ਪਿਆਰ ਵਿੱਚ ਘੁੱਗ ਵਸਦਾ ਸੀ। ਇਸ ਇਲਾਕੇ ਦੀ ਇਹ ਵੀ ਖ਼ਾਸੀਅਤ ਸੀ ਕਿ ਇਹ ਪਿੰਡ ਹਰੀਆਂ ਭਰੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਸੀ। ਸਰਹੱਦੀ ਸਾਹਿਬ ਦਰਿਆ ਦੇ ਕੰਢੇ ਮਿੱਤਰਾਂ ਨਾਲ ਖ਼ੂਬ ਮਸਤੀ ਕਰਦੇ। ਸ਼ੁਰੂ ਦੀ ਪੜ੍ਹਾਈ ਪਿੰਡ ਹੀ ਕੀਤੀ। ਪਿੰਡ ਵਿੱਚ ਇਨ੍ਹਾਂ ਦਾ ਚੰਗਾ ਕਾਰੋਬਾਰ ਸੀ। ਭਾਰਤ ਦੀ ਅਜ਼ਾਦੀ ਦੇ ਖ਼ਾਬ ਵੇਖਣ ਵਾਲ਼ਿਆਂ ਦੇ ਚਿੱਤ ਚੇਤੇ ਵੀ  ਨਹੀਂ ਸੀ ਕਿ ਦੇਸ਼ ਦੋ ਟੁਕੜਿਆਂ ਵਿੱਚ ਵੰਡਿਆ ਜਾਵੇਗਾ। ਪਰ ਸਮੇਂ ਦੀ ਮਾਰ ਜਦੋਂ ਪੈਂਦੀ ਹੈ ਤਾਂ ਵੱਡੇ ਵੱਡੇ ਤਖ਼ਤਾਂ ਨੂੰ ਹਿਲਾ ਕੇ ਰੱਖ ਦਿੰਦੀ ਹੈ। ਦੇਸ਼ ਦੀ ਅਜ਼ਾਦੀ ਦਾ ਦੇਸ਼ ਵਾਸੀਆਂ ਅੰਦਰ ਬੜਾ ਜੋਸ਼ ਸੀ। ਉਤਸ਼ਾਹ ਉਮੰਗ ਨਾਲ ਹਰ ਕਿਸੇ ਦੀ ਰੀਝ ਅੰਗੜਾਈ ਲੈ ਰਹੀ ਸੀ। ਪਰ ਦੁਸ਼ਮਣਾਂ ਨੇ ਭਾਰਤ ਦੀ ਹਿੱਕ ਉੱਪਰ ਐਸੀ ਲੀਕ ਵਾਹ ਦਿੱਤੀ ਸੀ ਕਿ ਧਰਤੀ ਇਨਸਾਨੀ ਲਹੂ ਨਾਲ ਲੱਥ-ਪੱਥ ਕਰ ਦਿੱਤੀ। ਭਰਾ ਭੈਣ ਦਾ ਦੁਸ਼ਮਣ, ਪੁੱਤ ਮਾਂ ਦਾ ਦੁਸ਼ਮਣ, ਪਿਉ ਧੀ ਦਾ ਦੁਸ਼ਮਣ। ਇਸ ਅਣਮਨੁੱਖੀ ਵਰਤਾਰੇ ਨੇ ਸਰਹੱਦੀ ਸਾਹਿਬ ਦੀ ਰੂਹ ਵਲੂੰਧਰ ਕੇ ਰੱਖ ਦਿੱਤੀ। ਉਨ੍ਹਾਂ ਦੀ ਆਤਮਾ ਕੁਰਲਾ ਉੱਠੀ। ਸਾਗਰ ਸਰਹੱਦੀ ਹੁਰਾਂ ਦਾ ਸਾਰਾ ਪਰਿਵਾਰ ਰਫ਼ਿਊਜੀ ਕੈਂਪਾਂ ਵਿੱਚ ਥਾਂ ਥਾਂ ਧੱਕੇ ਖਾਂਦਾ ਰਿਹਾ। ਕਦੇ ਕਿਤੇ, ਕਦੇ ਕਿਤੇ। ਮੰਜ਼ਲ ਦੀ ਗੱਲ ਤਾਂ ਦੂਰ, ਸਿਰ ਢਕਣ ਦਾ ਵੀ ਕੋਈ ਹੀਲਾ ਵਸੀਲਾ ਨਹੀਂ ਸੀ। ਉਹ ਆਖਦੇ ਹਨ ਕਿ ਆਖ਼ਰ ਵਿੱਚ ਉਨ੍ਹਾਂ ਦਾ ਸਾਰਾ ਪਰਿਵਾਰ ਦਿੱਲੀ ਪਹੁੰਚ ਗਿਆ। ਉਹ ਦਿੱਲੀ ਦੇ ਕਿੰਗਸਵੇ ਇਲਾਕੇ ਵਿੱਚ ਆ ਕੇ ਵੱਸ ਗਏ। ਸਮੇਂ ਦੀ ਡੋਰ ਕਦੇ ਵੀ ਕਿਸੇ ਦੇ ਹੱਥ ਨਹੀਂ ਆਉਂਦੀ। ਹੱਥ ‘ਚੋਂ ਖਿਸਕਦੀ ਖਿਸਕਦੀ ਖਿਸਕ ਹੀ ਜਾਂਦੀ ਹੈ। ਉਨ੍ਹਾਂ ਦੇ ਮਨ ਵਿੱਚ ਇਕ ਗੱਲ ਵਾਰ ਵਾਰ ਖੌਰੂ ਪਾਉਂਦੀ ਕਿ ਇਹ ਲੋਕ ਕੌਣ ਹਨ ਜਿਨ੍ਹਾਂ ਨੂੰ ਸਾਡੇ ਹੱਸਦੇ ਵਸਦੇ ਘਰ ਉਜਾੜਨ ਦਾ ਅਧਿਕਾਰ ਹੈ? ਆਦਮੀ ਹੀ ਆਦਮੀ ਨੂੰ ਰਫ਼ਿਊਜੀ ਕਿਉਂ ਬਣਾ ਰਿਹਾ ਹੈ? ਇਸ ਦੁਖਾਂਤ ਨੇ ਉਨ੍ਹਾਂ ਦਾ ਸੁਭਾਅ ਬਹੁਤ ਚਿੜਚਿੜਾ ਬਣਾ ਦਿੱਤਾ ਸੀ।
       ਜਦੋਂ ਉਹ ਦਿੱਲੀ ਰਹਿੰਦੇ ਸਨ, ਦੀਵਾਲੀ ਦਾ ਤਿਉਹਾਰ ਆਇਆ। ਇਸ ਤਿਉਹਾਰ ਨੂੰ ਹਰ ਧਰਮ ਦੇ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਉਸ ਦਿਨ ਸਭ ਲੋਕ ਆਪਣੇ ਘਰਾਂ ਚ ਦੀਪ ਮਾਲਾ ਕਰ ਰਹੇ ਸਨ। ਪਰ ਸਰਹੱਦੀ ਸਾਹਿਬ ਆਪਣੇ ਘਰ ਦੀ ਕੰਧ ਉੱਤੇ ਇਹ ਸ਼ੇਅਰ ਲਿਖ ਰਹੇ ਸਨ  :
ਕੈਦੇ-ਹਯਾਤੋ-ਬੰਦੇ-ਗ਼ਮ ਅਸਲ ਮੇਂ ਦੋਨੋਂ ਏਕ ਹੈਂ
ਇਹ ਲਾਈਨ ਗ਼ਲਿਬ ਦੇ ਇਕ ਸ਼ੇਅਰ ਦੀ ਪਹਿਲੀ ਲਾਈਨ ਹੈ ਅਤੇ ਇਸ ਸ਼ੇਅਰ ਦੀ ਦੂਜੀ ਲਾਈਨ ਹੈ :
ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਿਜਾਤ ਪਾਯੇ ਕਯੋਂ?
      ਸਰਹੱਦੀ ਸਾਹਿਬ ਨੂੰ ਇਹ ਸ਼ੇਅਰ ਲਿਖਦੇ ਸਮੇਂ ਉਨ੍ਹਾਂ ਦੇ ਭਰਾ ਨੇ ਵੇਖ ਲਿਆ। ਇਨ੍ਹਾਂ ਦਾ ਭਰਾ ਇਨ੍ਹਾਂ ਤੋਂ ਤਕਰੀਬਨ ਪੰਦਰਾਂ ਸਾਲ ਵੱਡਾ ਸੀ। ਉਸ ਨੇ ਕਿਹਾ, “ਅੱਜ ਖੁਸ਼ੀ ਕਾ ਦਿਨ ਹੈ। ਆਪ ਕਿਆ ਲਿਖ ਰਹੇ ਹੋ? ਆਪ ਕਾ ਦਿਮਾਗ਼ ਠੀਕ ਹੈ ਜਾਂ ਫਿਰ …?” ਸਰਹੱਦੀ ਸਾਹਿਬ ਕਹਿਣ ਲੱਗੇ, “ਪਤਾ ਨਈਂ ਯੇਹ ਮੈਂ ਕਿਉਂ ਲਿਖ ਰਹਾ ਹੂੰ।”
ਸਰਹੱਦੀ ਸਾਹਿਬ ਨੇ ਕਈ ਫ਼ਿਲਮਾਂ ਦੀਆਂ  ਕਹਾਣੀਆਂ ਲਿਖੀਆਂ। ਉਨ੍ਹਾਂ ਫ਼ਿਲਮਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਰੱਜ ਕੇ ਰਾਜ ਕੀਤਾ। ਉਨ੍ਹਾਂ ਦੀ ਕਲਮ ਪੱਥਰ ਤੇ ਫੁੱਲ ਲਿਖ ਦੇਵੇ ਤਾਂ ਪੱਥਰ ਵੀ ਮਹਿਕਣ ਲੱਗ ਪੈਂਦਾ ਸੀ। ਉਨ੍ਹਾਂ ਦੀਆਂ ਗੱਲਾਂ ਵਿੱਚ ਬਾਤਾਂ ਅਤੇ ਬਾਤਾਂ ਵਿੱਚ ਕਹਾਣੀਆਂ ਸਨ।  ਇਨ੍ਹਾਂ  ਕਹਾਣੀਆਂ ਵਿੱਚ ਲੁਕਿਆ ਅਵਾਮ ਦਾ ਦਰਦ ਅਤੇ ਹਰ ਔਰਤ ਦੀ ਪੀੜ ਸੀ ਜਿਸ ਦਾ ਜ਼ਿਕਰ ਹਰ ਫ਼ਿਲਮ ਵਿੱਚ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦਾ ਸੀ।
      ਇਹ ਠੀਕ ਹੈ ਕਿ ਉਨ੍ਹਾਂ ਨੇ ਆਪਣੇ ਨਾਂ ਨਾਲ ਸਰਹੱਦੀ ਤਖ਼ੱਲਸ ਸਰਹੱਦ ਨਾਲ ਲੱਗਦੇ ਪਿੰਡ ਕਰਕੇ ਜਾਂ ਇਲਾਕੇ ਕਰਕੇ ਲਾਇਆ ਪਰ ਜਦੋਂ ਉਹ ਦਸਵੀਂ ਕਲਾਸ ਵਿੱਚ ਪੜ੍ਹਦੇ ਸਨ ਉਸ ਵਕਤ ਤੋਂ ਹੀ ਉਨ੍ਹਾਂ ਤੇ ਫ਼ਿਲਮਕਾਰ ਜੀਆ ਸਰਹੱਦੀ ਦਾ ਬਹੁਤ ਹੀ ਪ੍ਰਭਾਵ ਸੀ। ਜੀਆ ਸਰਹੱਦੀ  ਹੁਰਾਂ ਦੀ ਹਰ ਫ਼ਿਲਮ ਦਾ ਕਰੈਕਟਰ ਉਨ੍ਹਾਂ ਦੇ ਅੰਦਰ ਘਰ ਕਰ ਜਾਂਦਾ ਸੀ। ਸਰਹੱਦੀ ਤਖ਼ੱਲਸ ਦਾ ਉਨ੍ਹਾਂ ਨਾਲ ਜੁੜਨਾ ਸਭ ਤੋਂ ਵੱਡਾ ਕਾਰਨ ਇਹ ਵੀ ਸੀ। ਜੀਆ ਸਰਹੱਦੀ ਹੁਰਾਂ ਦੀ ਉਹ ਹਰ ਫ਼ਿਲਮ ਵੇਖਦੇ ਸਨ।
        ਉਹ ਆਖਦੇ, “ਮੈਂ ਸ਼ਰਾਬ ਬਹੁਤ ਪੀਂਦਾ ਸੀ। ਕਈ ਵਾਰ ਐਨੀ ਪੀ ਲੈਂਦਾ ਸੀ ਕਿ ਕਦੇ ਰਸਤੇ ‘ਚ ਡਿਗ ਪੈਣਾ, ਕਦੇ ਨਾਲ਼ੇ ‘ਚ ਡਿਗ ਪੈਣਾ। ਇਕ ਦਿਨ ਸ਼ਰਾਬ ਪੀਂਦੇ ਸਮੇਂ ਮੈਨੂੰ ਕੁਝ ਲਾਈਨਾਂ ਯਾਦ ਆਈਆਂ।  ਜਦੋਂ ਮੈਂ  ਲਿਖਣ ਲੱਗਾ ਉਹ ਸਭ ਕੁਝ ਭੁੱਲ ਗਿਆ। ਫਿਰ ਮਹਿਸੂਸ ਕੀਤਾ ਕਿ ਇਸ ਤਰਾਂ ਗੱਡੀ ਨਹੀਂ ਚੱਲਣੀ। ਅਗਰ ਗੱਡੀ ਚੱਲ ਵੀ  ਪਈ ਤਾਂ ਮੰਜ਼ਿਲ ਤੇ ਨਹੀਂ ਜਾਵੇਗੀ। ਮੇਰੇ ਵਾਂਗ ਰਸਤੇ ‘ਚ ਹੀ ਮੀਲ ਪੱਥਰ ਵਾਂਗ ਖੜੀ ਰਹੇਗੀ। ਉਸ ਦਿਨ ਤੋਂ ਬਾਅਦ ਮੈਂ ਨਾ ਸ਼ਰਾਬ ਪੀਤੀ, ਨਾ ਮੀਟ ਖਾਧਾ। ਹੁਣ ਤਾਂ ਮੈਂ ਕੱਟੇ ਹੋਏ ਬੱਕਰੇ ਨੂੰ ਵੇਖ ਕੇ ਰੋ ਪੈਂਦਾ ਹਾਂ। ਇਕ ਬਹੁਤ ਹੀ ਵੱਡੇ ਥਿੰਕਰ ਨੇ ਕਿਹਾ ਹੈ ਕਿ ਗ਼ਮ ਨੂੰ ਦੂਰ ਕਰਨ ਲਈ ਸ਼ਰਾਬ ਨਹੀਂ ਚੰਗੇ ਕੰਮ ਕਰੋ। ਇਕ ਹੋਰ ਸਾਈਕੌਲੋਜਿਸਟ ਯੁੰਗ ਨੇ ਆਖਿਆ ਹੈ ਕਿ ਹਰ ਆਦਮੀ ਦੇ ਅੰਦਰ ਤਿੰਨ ਹਜ਼ਾਰ ਸਭਿਅਤਾਵਾਂ ਹੁੰਦੀਆਂ ਹਨ। ਇਹ ਤੁਸੀਂ ਚੁਣਨਾ ਹੁੰਦਾ ਹੈ ਕਿ ਤੁਸੀਂ ਕੀ ਕਰਨਾ ਹੈ। ਤੁਸੀਂ  ਕਿਸੇ ਵੀ ਕੰਮ ਨੂੰ ਸ਼ਿੱਦਤ ਨਾਲ ਕਰੋ, ਮਿਹਨਤ ਅਤੇ ਲਗਨ ਨਾਲ ਕਰੋ। ਇਕ ਦਿਨ ਜ਼ਰੂਰ ਕਾਮਯਾਬ ਹੋਵੋਗੇ।”
        1976 ਵਿੱਚ ਸਰਹੱਦੀ ਨੂੰ ਯਸ਼ ਚੋਪੜਾ ਦੀ ਸੁਪਰਹਿੱਟ ਫ਼ਿਲਮ ‘ਕਭੀ ਕਭੀ’ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ਅਸਲ ਵਿੱਚ ਇਸ ਫ਼ਿਲਮ ਦੀ ਕਹਾਣੀ ਲਿਖਣ ਦਾ ਮੁੱਢ ਉਨ੍ਹਾਂ ਦੇ ਨਾਟਕ ‘ਮਿਰਜ਼ਾ ਸਾਹਿਬਾਂ’ ਅਤੇ ‘ਮਸੀਹਾ’ ਨੇ ਬੰਨ੍ਹਿਆ ਸੀ। ਇਸ ਫ਼ਿਲਮ ਵਿੱਚ ਅਹਿਮ ਰੋਲ ਸਰਹੱਦੀ ਸਾਹਿਬ ਦੇ ਭਤੀਜੇ ਰਮੇਸ਼ ਤਲਵਾਰ ਦਾ ਸੀ। ਉਹ ਯਸ਼ ਚੋਪੜਾ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਿਹਾ ਸੀ। ਇਹ ਨਾਟਕ ਬੰਬਈ ਵਿੱਚ ਜਦੋਂ ਯਸ਼ ਚੋਪੜਾ ਹੁਰਾਂ ਦੇਖਿਆ ਬੱਸ ਦੇਖਦੇ ਹੀ ਰਹਿ ਗਏ। ਉਨ੍ਹਾਂ ਨੇ ਰਮੇਸ਼ ਤਲਵਾਰ ਨੂੰ ਕਿਹਾ, “ਤੁਸੀਂ ਆਪਣੇ ਚਾਚਾ ਜੀ ਨਾਲ ਮੇਰੀ ਮੁਲਾਕਾਤ ਕਰਾਓ।” ਫਿਰ ਚੱਲ ਸੋ ਚੱਲ। ਯਸ਼ ਜੀ ਨੇ ਸਰਹੱਦੀ ਸਾਹਿਬ ਨੂੰ ‘ਕਭੀ ਕਭੀ’ ਫ਼ਿਲਮ ਲਿਖਣ ਦਾ ਸੱਦਾ ਦਿੱਤਾ। ਤਦੇ ਤਾਂ ਕਿਹਾ ਜਾਂਦਾ ਹੈ ਕਿ ਸੋਨੇ ਦੀ ਪਰਖ ਕਰਨ ਲਈ ਜੌਹਰੀ ਦੀ ਨਹੀਂ ਸਗੋਂ ਸਮਝ ਦੀ ਲੋੜ ਹੁੰਦੀ ਹੈ।
ਸਰਹੱਦੀ ਸਾਹਿਬ ਨੂੰ ਜੰਮੂ ਦੇ ਜ਼ਿਆਦਾ ਲੋਕ ਉਨ੍ਹਾਂ ਦੇ ਨਾਟਕ ‘ਭੂਖੇ ਭਜਨ ਨਾ ਹੋਏ ਗੁਪਾਲਾ’ ਕਰਕੇ ਵੀ ਜਾਣਦੇ ਸਨ। ਇਹ ਨਾਟਕ ਕਲਾ ਭਵਨ ਵਿੱਚ ਖੇਡਿਆ ਗਿਆ ਸੀ। ਇਸ ਨਾਟਕ ਨੂੰ ਬਹੁਤ ਹੀ ਸੀਨੀਅਰ ਨਿਰਦੇਸ਼ਕ
ਕਵੀ ਰਤਨ ਨੇ ਡਾਇਰੈਕਟ ਕੀਤਾ ਸੀ। ਅੱਜ ਵੀ ਲੋਕ ਇਸ ਨਾਟਕ ਦੇ ਦੀਵਾਨੇ ਹਨ।
      ਸਰਹੱਦੀ ਸਾਹਿਬ ਨੇ ਬਹੁਤ ਨਾਟਕ ਪਲੇਅ ਕੀਤੇ। ਉਹ ਹਮੇਸ਼ਾ ਹੀ ਹਰ ਨਾਟਕ ਵਿੱਚ ਕਿਸੇ ਨਾ ਕਿਸੇ ਨਵੇਂ ਮੁੰਡੇ ਨੂੰ ਕੰਮ ਕਰਨ ਦਾ ਮੌਕਾ ਦਿੰਦੇ। ਉਨ੍ਹਾਂ ਨੇ ਆਪਣੇ ਨਾਟਕ ‘ਮੇਰੇ ਦੇਸ਼ ਕਾ ਗਾਓਂ’ ਵਿੱਚ ਰਾਜੇਸ਼ ਖੰਨਾ ਨੂੰ ਕੰਮ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਦਾ ਇਹ ਨਾਟਕ ਬਹੁਤ ਸਫਲ ਹੋਇਆ। ਇਸ ਨਾਟਕ ਨੇ ਸੱਤ ਐਵਾਰਡ ਜਿੱਤੇ। ਰਾਜੇਸ਼ ਖੰਨੇ ਦੇ ਘਰ ਅੱਗੇ ਡਾਇਰੈਕਟਰਾਂ ਦੀ ਲਾਈਨ ਲੱਗ ਗਈ ਸੀ।
       ਸਰਹੱਦੀ ਸਾਹਿਬ ਹਰ ਕੰਮ ਇਮਾਨਦਾਰੀ ਨਾਲ ਕਰਦੇ ਸਨ। ਉਨ੍ਹਾਂ ਨੇ ਨਾਟਕ ਲਿਖੇ ਵੀ ਅਤੇ ਨਿਰਦੇਸ਼ਤ ਵੀ ਕੀਤੇ। ਉਨ੍ਹਾਂ ਦੇ ਪ੍ਰਸਿੱਧ ਨਾਟਕ ਮੇਰੇ ਦੇਸ਼ ਕੇ ਗਾਓਂ, ਖ਼ਿਆਲ ਕੀ ਦਸਤਕ, ਮਸੀਹਾ, ਮੈਂ ਆਸ਼ਾ ਹੋਤਾ ਹੂੰ, ਮਿਰਜ਼ਾ ਸਾਹਿਬਾਂ, ਭਗਤ ਸਿੰਘ ਕੀ ਵਾਪਸੀ, ਭੂਖੇ ਭਜਨ ਨਾ ਹੋਏ ਗੋਪਾਲਾ, ਅਸ਼ਫਾਕ ਉੱਲਾ, ਅਤੇ ਰਾਜ ਦਰਬਾਰ ਦੇਸ਼ ਭਰ ਵਿੱਚ ਖੇਡੇ ਗਏ।
       ਜਦੋਂ ‘ਕਭੀ ਕਭੀ’ ਫ਼ਿਲਮ ਹਿੱਟ ਹੋਈ ਤਾਂ ਹਰ ਪਾਸੇ ਸਰਹੱਦੀ ਸਰਹੱਦੀ ਹੋਣ ਲੱਗੀ। ਹਰ ਵੱਡੇ ਹੀਰੋ ਅਤੇ ਵੱਡੇ ਨਿਰਦੇਸ਼ਕ ਦੀ ਮੰਗ ਸਰਹੱਦੀ ਸਾਹਿਬ ਹੀ ਸਨ। ਇਕ ਦਿਨ ਦਲੀਪ ਕੁਮਾਰ ਹੁਰਾਂ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੇ ਕਿਹਾ, “ਸਰਹੱਦੀ ਸਾਹਿਬ ਆਪ ਹਮਾਰੇ ਸਾਥ ਕਾਮ ਕਰੋਗੇ? ਆਪ ਹਮਾਰੇ ਲੀਏ ਕੋਈ ਅੱਛੀ ਰੁਮਾਂਟਿਕ ਫ਼ਿਲਮ ਲਿਖੋ।” ਸਰਹੱਦੀ ਸਾਹਿਬ ਚੁੱਪ-ਚਾਪ ਸਭ ਕੁਝ ਸੁਣ ਰਹੇ ਸਨ। ਦਲੀਪ ਕੁਮਾਰ ਹੁਰਾਂ ਕਿਹਾ, “ਆਪ ਬੋਲਤੇ ਕਿਉਂ ਨਹੀਂ?” ਸਰਹੱਦੀ ਸਾਹਿਬ ਨੇ ਕਿਹਾ, “ਹਮ ਬੋਲੇ ਤੋ ਤੁਮ ਨੇ ਕਹਿਨਾ ਹਮ ਜ਼ਿਆਦਾ ਬੋਲਤੇ ਹੈਂ। ਦਲੀਪ ਕੁਮਾਰ ਸਾਹਿਬ ਹਮ ਰਫ਼ਿਊਜੀ ਲੋਕ ਹੈਂ। ਹਰ ਵਾਰ ਰੁਮਾਂਟਿਕ ਫ਼ਿਲਮ ਨਹੀਂ ਲਿਖ ਸਕਤੇ। ਹਮਾਰੇ ਅੰਦਰ ਉਨ ਲੋਗੋਂ ਕਾ ਦਰਦ ਹੈ ਜੋ ਅਬ ਵੀ ਦਰ ਦਰ ਭਟਕਤੇ ਫਿਰ ਰਹੇ ਹੈਂ। ਆਪ ਲੋਗ ਉਨ ਲੋਗੋਂ ਕਾ ਦਰਦ ਨਹੀਂ ਸਮਝ ਸਕਤੇ। ਇਸ ਲੀਏ ਮੈਂ ਆਪ ਕੇ ਸਾਥ ਕਾਮ ਨਹੀਂ ਕਰ ਸਕਤਾ।”
       ‘ਕਭੀ ਕਭੀ’ ਫ਼ਿਲਮ ਦੇ ਡਾਇਲਾਗ ਸਭ ਦੀ ਜ਼ੁਬਾਨ ਤੇ ਅੱਜ ਮੁਹਾਰਨੀ ਬਣੇ ਹੋਏ ਹਨ। ਅਮਿਤਾਭ ਬਚਨ ਰਾਖੀ ਨੂੰ ਕਹਿੰਦਾ ਹੈ, “ਆਪ ਨੇ ਆਪਨੀ ਆਖੇਂ ਦੇਖੀ ਹੈਂ?” ਤੋ ਵੋਹ ਬੋਲੀ, “ਹਮਾਰੀ ਆਖੋਂ ਮੇਂ ਐਸੀ ਕਿਆ ਖ਼ਾਸ ਬਾਤ ਹੈ?” ਅਮਿਤਾਭ ਕਹਿਨੇ ਲਗੇ, “ਆਪ ਜਿਸ ਕੋ ਵੀ ਦੇਖ ਲੇਤੀ ਹੋ ਰਿਸ਼ਤਾ ਕਾਇਮ ਹੋ ਜਾਤਾ ਹੈ।”
        ਇਕ ਥਾਂ ਸਰਹੱਦੀ ਸਾਹਿਬ ਜ਼ਿਕਰ ਕਰਦੇ ਹਨ ਕਿ ‘ਕਭੀ ਕਭੀ’ ਫ਼ਿਲਮ ਤੋਂ ਬਾਅਦ ਯਸ਼ ਜੀ ਸਲਮਾਂ ਆਗਾ ਨੂੰ ਲੈ ਕੇ ਇਕ ਫ਼ਿਲਮ ਬਣਾ ਰਹੇ ਸਨ। ਉਨ੍ਹਾਂ ਨੇ ਕਿਹਾ, “ਸਰਹੱਦੀ ਸਾਹਿਬ, ਆਪ ਅਬ ਇਸ ਕੀ ਆਖੋਂ ਪਰ ਕੁਝ ਲਿਖੋ।”
       ਸਰਹੱਦੀ ਸਾਹਿਬ ਨੇ ਲਿਖਾ ‘ਇਸ ਕੀ ਆਖੋਂ ਮੇਂ ਹਮੇਂ ਆਸਮਾਨ ਨਜ਼ਰ ਆਤਾ ਹੈ।’ ਸਲਮਾਂ ਆਗਾ ਦੀਆਂ ਅੱਖਾਂ ਨੀਲੀਆਂ ਸਨ। ਇਸ ਵਾਕਿਆ ਤੋਂ ਬਾਅਦ ਸਰਹੱਦੀ ਸਾਹਿਬ ਸੋਚਣ ਲੱਗੇ, “ਅਗਰ ਹੁਣ ਯਸ਼ ਜੀ ਨੇ ਕਿਸੇ ਤੀਜੀ ਲੜਕੀ ਦੀਆਂ ਅੱਖਾਂ ਵਾਰੇ ਲਿਖਣ ਨੂੰ ਕਿਹਾ ਤਾਂ ਮੈਂ ਕਿਆ ਲਿਖੂੰਗਾ? ਮੈਂ ਇਕ ਰਫ਼ਿਊਜੀ ਆਦਮੀ ਹਾਂ। ਮੇਰੇ ਅੰਦਰ ਅਵਾਮ ਦਾ ਦਰਦ ਹੈ। ਇਸ ਲਈ ਮੈਂ ਹਰ ਵਾਰ ਔਰਤ ਦੇ ਹੁਸਨ ਅਤੇ ਅੱਖਾਂ ਦੀਆਂ ਬਾਤਾਂ ਨਹੀਂ ਪਾ ਸਕਦਾ।”
       ਮੈਂ ਸਰਹੱਦੀ ਸਾਹਿਬ ਨੂੰ ਮਿਲਿਆ ਨਹੀਂ ਪਰ ਲਗਦਾ ਹੈ ਕਿ ਸਰਹੱਦੀ ਸਾਹਿਬ ਦੀਆਂ ਅੱਖਾਂ ਵੀ ਨੀਲੀਆਂ ਹੀ ਸਨ। ਉਹ ਜਦੋਂ ਵੀ ਕਿਤੇ ਆਪਣੀ ਮੁਹੱਬਤ ਦਾ ਜ਼ਿਕਰ ਕਰਦੇ ਤਾਂ ਆਖਦੇ, “ਮੇਰੀ ਜ਼ਿੰਦਗੀ ਵਿੱਚ ਘੱਟੋ ਘੱਟ ਵੀਹ ਕੁੜੀਆਂ ਆਈਆਂ। ਮੈਂ ਇਨ੍ਹਾਂ ਵੀਹ ਕੁੜੀਆਂ ਵਿੱਚੋਂ ਮੁਹੱਬਤ ਕਿਸੇ ਨੂੰ ਵੀ ਨਹੀਂ ਕਰ ਸਕਿਆ। ਉਹ ਮੇਰੇ ਵੱਡੇ ਨਾਂ ਅਤੇ ਤਨ ਤੱਕ ਹੀ ਸੀਮਤ ਰਹੀਆਂ। ਮੈਂ ਵੀ ਉਨ੍ਹਾਂ ਦੇ ਤਨ ਤੋਂ ਅੱਗੇ ਮਨ ਤੱਕ ਨਹੀਂ ਜਾ ਸਕਿਆ, ਪਤਾ ਨਹੀਂ ਕਿਉਂ। ਮੇਰੇ ਅਤੇ ਮੁਹੱਬਤ ਵਿੱਚ ਹਮੇਸ਼ਾ ਫ਼ਾਸਲਾ ਹੀ ਬਣਿਆ ਰਿਹਾ।”
     ਆਖ਼ਰ ਵਿੱਚ ਇਕ ਹੋਰ ਕੁੜੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਈ। ਸਰਹੱਦੀ ਸਾਹਿਬ ਸੋਚਣ ਲੱਗੇ, “ਲਗਦਾ ਮੁਹੱਬਤ ਨੇ ਦਿਲ ਦੇ ਦਰ ਤੇ ਦਸਤਕ ਦਿੱਤੀ ਹੈ।” ਪਰ ਧੁੰਦ ਦੇ ਬੱਦਲ ਕਦੇ ਵੀ ਵਰ੍ਹਦੇ ਨਹੀਂ। ਲੰਮੇ ਸਫ਼ਰ ਤੋਂ ਬਾਅਦ ਇਕ ਦਿਨ ਉਹ ਕੁੜੀ ਕਹਿਣ ਲੱਗੀ, “ਮੈਂ ਹੁਣ ਜ਼ਿੰਦਗੀ ਵਿੱਚ ਸੈੱਟ ਹੋਣਾ ਚਾਹੁੰਦੀ ਹਾਂ।”
    ਸਰਹੱਦੀ ਸਾਹਿਬ ਨੇ ਕਿਹਾ, “ਆਪ ਕੋ ਜ਼ਰੂਰ ਸੈੱਟ ਹੋਨਾ ਚਹੀਏ ਹਮ ਆਪ ਕੀ ਕਿਆ ਮਦਦ ਕਰ ਸਕਤੇ ਹੈਂ?”
        ਉਹ ਕੁੜੀ ਬੋਲੀ, “ਆਪ ਹਮਾਰੀ ਸ਼ਾਦੀ ਮੇਂ ਜ਼ਰੂਰ ਆਨਾ।”
        ਇਹ ਸੁਣ ਕੇ ਸਰਹੱਦੀ ਸਾਹਿਬ ਹੱਸ ਪਏ ਅਤੇ ਆਖਣ ਲੱਗੇ, “ਜ਼ਰੂਰ ਆਵਾਂਗਾ।”
        ਉਸ ਰਾਤ ਤੋਂ ਬਾਅਦ ਜਾਣ ਸਮੇਂ ਉਹ ਕੁੜੀ ਆਖਣ ਲੱਗੀ, “ਆਪ ਮੇਰੇ ਬਿਨਾਂ ਕਿਆ ਕਰੋਗੇ?”
       ਸਰਹੱਦੀ ਸਾਹਿਬ ਕਹਿਣ ਲੱਗੇ, “ਮੈਂ ਆਪ ਕੀ ਯਾਦ ਮੇਂ ਰੋਇਆ ਕਰਾਂਗਾ।”
      ਬੱਸ ਉਹ ਹੀ ਹੋਇਆ ਜੋ ਪਹਿਲਾਂ ਹੋਇਆ ਸੀ। ਪੱਕੀ ਹੋਈ ਫ਼ਸਲ ਨੂੰ ਫਿਰ ਗੜਿਆਂ ਦੀ ਬਾਰਸ਼ ਨੇ ਤਬਾਹ ਕਰ ਦਿੱਤਾ ਸੀ। ਅੱਠ ਦਸ ਸਾਲ ਦੇ ਸਫ਼ਰ ਤੋਂ ਬਾਅਦ ਉਹ ਕੁੜੀ ਵੀ ਅਲਵਿਦਾ ਆਖ ਗਈ ਸੀ।
       ਸਰਹੱਦੀ ਸਾਹਿਬ ਨੇ ਵਿਆਹ ਨਹੀਂ ਸੀ ਕਰਾਇਆ। ਸਾਰੀ ਜ਼ਿੰਦਗੀ ਇਕੱਲਿਆਂ ਹੀ ਬਿਤਾਈ ਸੀ। ਉਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਸੀ। ਉਹ ਤਕਰੀਬਨ ਸਾਰੀ ਉਮਰ ਆਪਣੇ ਭਤੀਜੇ ਰਮੇਸ਼ ਤਲਵਾਰ ਦੇ ਨਾਲ ਹੀ ਰਹੇ। ਰਮੇਸ਼ ਤਲਵਾਰ ਭਾਵੇਂ ਯਸ਼ ਚੋਪੜਾ ਜੀ ਦੇ ਸਹਾਇਕ ਡਾਇਰੈਕਟਰ ਸਨ ਪਰ ਉਨ੍ਹਾਂ ਨੇ ਡਾਇਰੈਕਸ਼ਨ ਦੇ ਸਾਰੇ ਗੁਣ ਆਪਣੇ ਚਾਚੇ ਸਰਹੱਦੀ ਸਾਹਿਬ ਕੋਲੋਂ ਹੀ ਸਿੱਖੇ ਸਨ। ਰਮੇਸ਼ ਤਲਵਾਰ ਦੇ ਛੋਟੇ ਭਰਾ ਵਿਜੇ ਤਲਵਾਰ ਨੇ ਵੀ ਡਇਰੈਕਸ਼ਨ ਵਿੱਚ ਵਧੀਆ ਨਾਮ ਕਮਾਇਆ ਹੈ।
       ਸਾਗਰ ਸਰਹੱਦੀ ਸਾਹਿਬ ਦੀਆਂ ਕਈ ਆਮ ਗੱਲਾਂ ਯਾਦਾਂ ਬਣ ਕੇ ਰਹਿ ਗਈਆਂ ਹਨ। ਇਕ ਵਾਰੀ ਮੀਨਾ ਕੁਮਾਰੀ ਨੇ ਉਨ੍ਹਾਂ ਦੀ ਕਿਸੇ ਲਿਖਤ ਉੱਤੇ ਟਿੱਪਣੀ ਕਰ ਦਿੱਤੀ। ਸਰਹੱਦੀ ਸਾਹਿਬ ਨੇ ਮੀਨਾ ਕੁਮਾਰੀ ਨੂੰ ਕਿਹਾ, “ਜਦ ਮੈਂ ਤੁਹਾਡੀ ਐਕਟਿੰਗ ਵਿੱਚ ਦਖ਼ਲ ਨਹੀਂ ਦਿੰਦਾ, ਤੁਸੀਂ ਮੇਰੀ ਲਿਖਤ ਵਿੱਚ ਲੱਤ ਕਿਉਂ ਅੜਾਉਂਦੇ ਹੋ। ਤੁਹਾਨੂੰ ਤਾਂ ਅਜੇ ਅਲਫ਼-ਬੇ ਦਾ ਵੀ ਨਹੀਂ ਪਤਾ।”
      ਜਦੋਂ ਉਹ ‘ਸਿਲਸਿਲਾ’ ਫ਼ਿਲਮ ਦੇ ਸੈੱਟ ਤੇ ਕੁਝ ਵੀ ਪੜ੍ਹਦੇ ਲਿਖਦੇ ਸਨ ਤਾਂ ਅਮਿਤਾਭ ਬਚਨ ਉਨ੍ਹਾਂ ਦੇ ਕੋਲ ਹੀ ਬੈਠਾ ਰਹਿੰਦਾ ਸੀ। ਉਨ੍ਹਾਂ ਨੇ ਅਮਿਤਾਭ ਬਚਨ ਨੂੰ ਕਹਿਣਾ, “ਕਿਉਂ ਮੇਰੇ ਸਿਰਹਾਣੇ ਬੈਠੇ ਹੋ? ਅਪਣੇ ਸ਼ਾਟ ਕੀ ਤਿਆਰੀ ਕਰੋ।” ਅਮਿਤਾਭ ਬਚਨ ਨੇ ਕਹਿਣਾ, “ਜੇ ਸਿਰਹਾਣੇ ਨਹੀਂ, ਆਪ ਦੇ ਪੈਰਾਂ ਵੱਲ ਬੈਠ ਜਾਂਦਾ ਹਾਂ।” ਉਹ ਹਮੇਸ਼ਾ ਉਨ੍ਹਾਂ ਦੇ ਪੈਰਾਂ ਵਿੱਚ ਬੈਠਾ ਸਰਹੱਦੀ ਸਾਹਿਬ ਦੀਆਂ ਲੱਤਾਂ ਘੁੱਟਣ ਲੱਗ ਜਾਂਦਾ। ਇਕ ਵਾਰ ਸਰਹੱਦੀ ਸਾਹਿਬ ਨੇ ਹੱਸਦੇ ਹੋਏ ਅਮਿਤਾਭ ਬਚਨ ਨੂੰ ਕਿਹਾ, “ਰੇਖਾ ਆਪ ਕੀ ਤਰਫ਼ ਨਜ਼ਰੇਂ ਟਿਕਾ ਕਰ ਦੇਖ ਰਹੀ ਹੈ। ਜਾਓ ਉਸ ਸੇ ਬਾਤ ਕਰੋ ਔਰ ਪੂਛੋ ਕਿਆ ਚਾਹਤੀ ਹੈ।”
        ਅਮਿਤਾਭ ਜੀ ਮੁਸਕਰਾਏ ਔਰ ਕਹਿਨੇ ਲੱਗੇ, “ਦੂਸਰੀ ਤਰਫ਼ ਜੈਅ ਭਾਦੁਰੀ ਵੀ ਵੇਖ ਰਹੀ ਹੈ।” ਸਰਹੱਦੀ ਸਾਹਿਬ ਹੱਸਣ ਲੱਗ ਪਏ। ਵੱਡੇ ਵੱਡੇ ਹੀਰੋ ਉਨ੍ਹਾਂ ਦਾ ਐਨਾ ਸਤਿਕਾਰ ਕਰਦੇ ਸਨ। ‘ਸਿਲਸਿਲਾ’ ਫ਼ਿਲਮ ਦੀ ਸ਼ੂਟਿੰਗ ਸਮੇਂ ਇਕ ਸੀਨ ਯਸ਼ ਜੀ ਵਾਰ ਵਾਰ ਕਰ ਰਹੇ ਸਨ ਪਰ ਫਿਰ ਵੀ ਓ ਕੇ ਨਹੀਂ ਹੋ ਰਿਹਾ ਸੀ। ਸਰਹੱਦੀ ਸਾਹਿਬ ਯਸ਼ ਜੀ ਨੂੰ ਕਹਿਣ ਲਗੇ, “ਅਗਰ ਆਪ ਠੀਕ ਨਹੀਂ ਕਰ ਸਕਤੇ ਤੋ ਘਰ ਬੈਠ ਜਾਓ। ਕੋਈ ਔਰ ਧੰਦਾ ਕਰੋ। ਕਿਉਂ ਸਮਾਂ ਬਰਬਾਦ ਕਰਤੇ ਹੋ।” ਕਿਸੇ ਵੀ ਵੱਡੇ ਨਿਰਮਾਤਾ ਜਾਂ ਨਿਰਦੇਸ਼ਕ ਦਾ ਹੌਸਲਾ ਨਾ ਪੈਂਦਾ ਉਨ੍ਹਾਂ ਦੀ ਕਹੀ ਗੱਲ ਨੂੰ ਟਾਲ ਦੇਣ ਦਾ।
      ‘ਸਿਲਸਿਲਾ’ ਫ਼ਿਲਮ ਦੀ ਇਕ ਹੋਰ ਦਿਲਚਸਪ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਇਸ ਫ਼ਿਲਮ ਵਿੱਚ ਸਭ ਤੋਂ ਪਹਿਲਾਂ ਪ੍ਰਵੀਨ ਬਾਬੀ ਅਤੇ ਸਮਤਾ ਪਾਟਿਲ ਨੂੰ ਲਿਆ ਗਿਆ ਸੀ। ਯਸ਼ ਚੋਪੜਾ ਜੀ ਦੋ ਤਿੰਨ ਮਹੀਨੇ ਦੀ ਸ਼ੂਟਿੰਗ ਸ੍ਰੀ ਨਗਰ ਵਿੱਚ ਕਰ ਚੁੱਕੇ ਸਨ ਪਰ ਪਤਾ ਨਹੀਂ ਕਿਉਂ ਯਸ਼ ਜੀ ਦਾ ਸ਼ੂਟਿੰਗ ਤੇ ਕੰਮ ਕਰਦੇ ਸਮੇਂ ਮਨ ਨਹੀਂ ਜੰਮਦਾ ਸੀ। ਕੁਝ ਭਰਿਆ ਹੋਇਆ ਵੀ ਖਾਲੀ ਖਾਲੀ ਲੱਗ ਰਿਹਾ ਸੀ। ਉਨ੍ਹਾਂ ਨੇ ਇਹ ਗੱਲ ਸਰਹੱਦੀ ਹੁਰਾਂ ਤੇ ਅਮਿਤਾਭ ਹੁਰਾਂ ਨਾਲ ਸਾਂਝੀ ਕੀਤੀ। ਕੁਝ ਦਿਨ ਸੋਚ ਵਿਚਾਰ ਕਰਨ ਮਗਰੋਂ ਸਰਹੱਦੀ ਸਾਹਿਬ ਕਹਿਣ ਲੱਗੇ ਕਿ ਫ਼ਿਲਮ ਦੀਆਂ ਦੋਵੇਂ ਐਕਟਰੈੱਸ ਬਦਲ ਦਿਓ। ਸਭ ਹੈਰਾਨ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ।
ਯਸ਼ ਜੀ ਬੋਲੇ, “ਯੇਹ ਕਿਆ ਕਹਿ ਰਹੇ ਹੋ ?”
ਸਰਹੱਦੀ ਸਾਹਿਬ ਬੋਲੇ, “ਮੈਂ ਠੀਕ ਕਹਿ ਰਹਾਂ ਹੂੰ।”
“ਫਿਰ ਫ਼ਿਲਮ ਮੇਂ ਕਿਸ ਕੋ ਲੇਨਾ ਹੈ?”
ਸਰਹੱਦੀ ਸਾਹਿਬ ਨੇ ਕਿਹਾ, “ਰੇਖਾ ਔਰ ਜੈਅ ਭਾਦੁਰੀ ਕੋ।”
ਅਮਿਤਾਭ ਬੋਲੋ, “ਯੇਹ ਕਭੀ ਨਹੀਂ ਹੋ ਸਕਤਾ।”
ਸਰਹੱਦੀ ਸਾਹਿਬ ਬੋਲੇ, “ਯੇਹ ਹੋਗਾ ਔਰ ਹੋ ਕਰ ਹੀ ਰਹੇਗਾ।”
      ਆਖ਼ਰ ਓਹੀ ਹੋਇਆ ਜੋ ਸਰਹੱਦੀ ਸਾਹਿਬ ਨੇ ਕਿਹਾ ਸੀ। ਚਿੜੀ ਦੀ ਅੱਖ ਅਰਜਨ ਨੂੰ ਹੀ ਨਹੀਂ ਦਿਸਦੀ ਸੀ, ਸਰਹੱਦੀ ਹੁਰਾਂ ਨੂੰ ਵੀ ਦਿਸਦੀ ਸੀ। ‘ਸਿਲਸਿਲਾ’ ਫ਼ਿਲਮ ਨੇ ਐਸੀ ਧੂਮ ਮਚਾਈ ਕਿ ਸਭ ਕੁਝ ਦਰਸ਼ਕ ਜਾਣਦੇ ਹਨ।
        ਜਦੋਂ ਉਨ੍ਹਾਂ ਦੀ ਫ਼ਿਲਮ ਇੰਡਸਟਰੀ ਵਿਚ ਪੂਰੀ ਧੁੰਮ ਪੈ ਚੁੱਕੀ ਸੀ ਤਾਂ ਵੀ ਸਰਹੱਦੀ ਸਾਹਿਬ ਨੇ ਸਾਦਾ ਜ਼ਿੰਦਗੀ ਨੂੰ ਹੀ ਪਹਿਲ ਦਿੱਤੀ ਸੀ। ਉਹ ਜਦੋਂ ਵੀ ਸਫ਼ਰ ਕਰਦੇ ਤਾਂ ਟਰੇਨ ਵਿੱਚ ਹੀ ਕਰਦੇ ਸੀ। ਕਈ ਵਾਰ ਉਨ੍ਹਾਂ ਦੇ ਮਿੱਤਰਾਂ ਦੋਸਤਾਂ ਨੇ ਕਹਿਣਾ, “ਐਨੀ ਸ਼ੁਹਰਤ ਮਿਲਣ ਤੇ ਵੀ ਸਰਹੱਦੀ ਸਾਹਿਬ ਤੁਸੀਂ ਟਰੇਨ ਵਿੱਚ ਹੀ ਸਫ਼ਰ ਕਿਉਂ ਕਰਦੇ ਹੋ?” ਤਾਂ ਉਨ੍ਹਾਂ ਕਹਿਣਾ, “ਜਿਨ੍ਹਾਂ ਲੋਕਾਂ ਤੇ ਲਿਖ ਲਿਖ ਕੇ ਐਨਾ ਰੁਪਇਆ ਕਮਾਉਂਦੇ ਹੋ ਫਿਰ ਉਨ੍ਹਾਂ ਵਿੱਚ ਵਿਚਰਨ ਤੋਂ ਕਿਉਂ ਡਰਦੇ ਹੋ। ਇਹ ਲੋਕ ਤੁਹਾਡੀ ਸਫਲਤਾ ਦਾ ਜ਼ਰੀਆ ਹੈ। ਅਗਰ ਅਵਾਮ ਤੁਹਾਡੇ ਨਾਲ ਹੈ, ਤੁਹਾਡੀ ਪਛਾਣ ਹੈ। ਬੇ-ਪਛਾਣ ਲੋਕਾਂ ਦੀ ਭੀੜ ਤਾਂ ਬਥੇਰੀ ਤੁਰੀ ਫਿਰਦੀ ਹੈ। ਮੈਂ ਭੀੜ ਦਾ ਹਿੱਸਾ ਨਹੀਂ ਇਨ੍ਹਾਂ ਲੋਕਾਂ ਦਾ ਹਿੱਸਾ ਹਾਂ।”
         ‘ਨੂਰੀ’ ਫ਼ਿਲਮ ਦੀ ਕਹਾਣੀ ਉਨ੍ਹਾਂ ਦੇ ਪਿੰਡ ਦੀ ਅਸਲੀ ਕਹਾਣੀ ਸੀ। ਬਚਪਨ ਤੋਂ ਹੀ ਇਹ ਕਹਾਣੀ ਉਨ੍ਹਾਂ ਦੇ ਨਾਲ ਟਰੈਵਲ ਕਰ ਰਹੀ ਸੀ। ਜਦੋਂ ਉਨ੍ਹਾਂ ਇਸ ਪਿੰਡ ਦੀ ਕਹਾਣੀ ਨੂੰ ਅਸਲੀ ਕਹਾਣੀ ਦਾ ਰੂਪ ਦਿੱਤਾ ਤਾਂ ਇਸ ਦਾ ਨਾਮ ‘ਰਾਕਾ’ ਰੱਖਿਆ ਸੀ। ਉਨ੍ਹਾਂ ਦੀ ਇਹ ਕਹਾਣੀ ਉਰਦੂ ਦੇ ਕਈ ਮਸ਼ਹੂਰ ਪੇਪਰਾਂ ਵਿੱਚ ਛਪੀ ਸੀ। ਅਖੀਰ ਇਹ ‘ਰਾਕਾ’ ਹੀ ਫਿਰ ‘ਨੂਰੀ’ ਵਿੱਚ ਤਬਦੀਲ ਹੋਈ। ਫਿਰ ਇਸ ਅਸਲੀ ਕਹਾਣੀ ਤੇ ਅਧਾਰਿਤ ਹੀ ‘ਨੂਰੀ’ ਫ਼ਿਲਮ ਦਾ ਨਿਰਮਾਣ ਹੋਇਆ ਸੀ। ਸਰਹੱਦੀ ਸਾਹਿਬ ਨੇ ਆਪਣੇ ਪਿੰਡ ਵਰਗੀ ਲੋਕੇਸ਼ਨ ਲੱਭ ਕੇ ਉਸ ਨੂੰ ਆਪਣੇ ਪਿੰਡ ਬਾਫਾ ਦਾ ਰੂਪ ਦਿੱਤਾ। ‘ਨੂਰੀ’ ਦਾ ਸੰਗੀਤ ਖ਼ਿਯਾਮ ਹੁਰਾਂ ਤਿਆਰ ਕੀਤਾ ਸੀ। ਅੱਜ ਵੀ ਹਰ ਦਰਸ਼ਕ ਗਾਉਂਦਾ ਹੈ ਨੂਰੀ, ਨੂਰੀ, ਨੂਰੀ। ਜਦ ‘ਨੂਰੀ’ ਫ਼ਿਲਮ ਬਣ ਰਹੀ ਸੀ ਤਾਂ ਸਰਹੱਦੀ ਸਾਹਿਬ ਇਕ ਹੋਰ ਵਾਕਿਆ ਦਾ ਵੀ ਜ਼ਿਕਰ ਕਰਦੇ ਹਨ। ਉਹ ਕਹਿੰਦੇ ਹਨ, “ਜੰਮੂ ਕਸ਼ਮੀਰ ਦੇ ਜਿਸ ਪਿੰਡ ਵਿੱਚ ਸ਼ੂਟਿੰਗ ਚੱਲ ਰਹੀ ਸੀ ਉਸ ਤੋਂ ਥੋੜ੍ਹੀ ਦੂਰ ਇਕ ਸਰਦਾਰ ਜੀ ਦਾ ਢਾਬਾ ਸੀ। ਮੈਂ ਰੋਜ਼ਾਨਾ ਇਸ ਢਾਬੇ ਤੇ ਖਾਣਾ ਖਾਣ ਜਾਣਾ। ਉਸ ਨੇ ਰੋਜ਼ ਹੀ ਮਸਰ-ਮੂੰਗੀ ਦੀ ਦਾਲ ਅਤੇ ਦੋ ਫੁਲਕੇ ਮੇਰੇ ਅੱਗੇ ਰੱਖ ਦੇਣੇ। ਮੈਂ ਕੁਝ ਨਾ ਕਹਿਣਾ। ਖਾਣਾ ਖਾ ਕੇ ਆਪਣੇ ਸੈੱਟ ਤੇ ਆ ਜਾਣਾ। ਇਕ ਦਿਨ ਮੈਂ ਕਿਹਾ, ਸਰਦਾਰ ਸਾਹਿਬ, ਕੱਲ੍ਹ ਨੂੰ ਮੇਰੇ ਸਾਥ ਬਹੁਤ ਵੱਡਾ ਆਦਮੀ ਆ ਰਿਹਾ ਹੈ। ਖਾਣਾ ਕੁਝ ਸਪੈਸ਼ਲ ਬਣਾ ਲੈਣਾ।” ਸਰਦਾਰ ਸਾਹਿਬ ਅੰਦਰ ਉਤਸੁਕਤਾ ਪੈਦਾ ਹੋਈ। ਉਹ ਸਰਹੱਦੀ ਸਾਹਿਬ ਨੂੰ ਪੁੱਛਣ ਲੱਗਾ, “ਐਸਾ ਕੌਣ ਸਾਬ ਆ ਰਿਹਾ ਹੈ?”
ਸਰਹੱਦੀ ਸਾਹਿਬ ਨੇ ਕਿਹਾ, “ਯਸ਼ ਚੋਪੜਾ ਜੀ ਆ ਰਹੇ ਹਨ।”  ਸਰਦਾਰ ਜੀ ਝੱਟ ਬੋਲੇ, “ਕਭੀ ਕਭੀ ਫ਼ਿਲਮ ਵਾਲੇ?” “ਹਾਂ, ਕਭੀ ਕਭੀ ਫ਼ਿਲਮ ਵਾਲੇ।” ਪਰ ਸਰਹੱਦੀ ਸਾਹਿਬ ਨੇ ਆਪਣੇ ਬਾਰੇ ਕੁਝ ਵੀ ਨਾ ਦੱਸਿਆ। ਸਰਦਾਰ ਜੀ ਅੰਦਰੋ ਅੰਦਰ ਖੁਸ਼ੀ ਮਹਿਸੂਸ ਕਰ ਰਹੇ ਸਨ। ਯਸ਼ ਜੀ ਮੇਰੇ ਛੋਟੇ ਜਿਹੇ ਢਾਬੇ ਤੇ ਆ ਰਹੇ ਹਨ।
       ਦੂਸਰੇ ਦਿਨ ਸਰਹੱਦੀ ਸਾਹਿਬ ਯਸ਼ ਜੀ ਨੂੰ ਨਾਲ ਲੈ ਕੇ ਉਸ ਢਾਬੇ ਤੇ ਖਾਣਾ ਖਾਣ ਗਏ। ਜਦ ਸਰਦਾਰ ਜੀ ਨੇ ਖਾਣਾ ਤਿਆਰ ਕਰਕੇ ਟੇਬਲ ਤੇ ਰੱਖਿਆ ਤਾਂ ਦਾਲ ਫਿਰ ਮਸਰ-ਮੂੰਗੀ ਦੀ। ਸਰਹੱਦੀ ਜੀ ਸਰਦਾਰ ਜੀ ਨੂੰ ਕਹਿਣ ਲੱਗੇ, “ਮੈਂ ਤੁਹਾਨੂੰ ਕੁਝ ਸਪੈਸ਼ਲ ਬਣਾਉਣ ਨੂੰ ਕਿਹਾ ਸੀ।” ਸਰਦਾਰ ਜੀ ਬੋਲੇ, “ਸਪੈਸ਼ਲ ਹੀ ਹੈ। ਅੱਜ ਮੈਂ ਦਾਲ ਨੂੰ ਤੜਕਾ ਲਗਾ ਦਿੱਤਾ ਹੈ।” ਸਰਹੱਦੀ ਸਾਹਿਬ ਅਤੇ ਯਸ਼ ਜੀ ਖਿੜਖਿੜਾ ਕੇ ਹੱਸ ਪਏ। ਸਰਹੱਦੀ ਜੀ ਨੇ ਕਿਹਾ, “ਸਰਦਾਰ ਜੀ ਤੁਸੀਂ ਯਸ਼ ਜੀ ਨੂੰ ਮਿਲ ਸਕਦੇ ਹੋ। ਕੋਈ ਗੱਲ ਵੀ ਕਰ ਸਕਦੇ ਹੋ।” ਸਰਦਾਰ ਜੀ ਨੇ ਕਿਹਾ, “ਤੁਹਾਡੀ ਫ਼ਿਲਮ ‘ਕਭੀ ਕਭੀ’ ਮੈਂ ਕਈ ਵਾਰ ਵੇਖੀ। ਮੈਂ ਆਪਣੀ ਪਤਨੀ ਨੂੰ ਵੀ ਵਿਖਾਈ ਹੈ।” ਯਸ਼ ਜੀ ਨੇ ਕਿਹਾ, “ਵੋਹ ਫ਼ਿਲਮ ਮੇਰੀ ਨਹੀਂ ਇਸ ਆਦਮੀ ਕੀ ਹੈ।” ਸਰਦਾਰ ਜੀ ਵੇਖਦੇ ਹੀ ਰਹਿ ਗਏ। ਫਿਰ ਯਸ਼ ਜੀ ਨੇ ਕਿਹਾ, “ਇਹ ਸਾਗਰ ਸਰਹੱਦੀ ਹੈ। ਇਸ ਨੇ ‘ਕਭੀ ਕਭੀ’ ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਲਿਖੇ ਹਨ। ਤਕਰੀਬਨ ਸਾਰਾ ਕੰਮ ਇਸ ਨੇ ਹੀ ਕੀਤਾ ਹੈ।” ਸਰਦਾਰ ਜੀ ਹੈਰਾਨ ਹੋ ਗਏ। ਐਨੇ ਦਿਨ ਤੋਂ ਇਹ ਆਦਮੀ ਉਸ ਦੇ ਢਾਬੇ ਤੇ ਆ ਰਿਹਾ ਸੀ ਪਰ ਦੱਸਿਆ ਕੁਝ ਨਹੀਂ ਸੀ। ਬੱਸ ਫਿਰ ਕੀ, ਸਰਦਾਰ ਜੀ ਅੰਦਰ ਪੰਜਾਬੀ ਜਾਗ ਪਿਆ। ਉਸ ਨੇ ਸਰਹੱਦੀ ਸਾਹਿਬ ਨੂੰ ਘੁੱਟ ਕੇ ਜੱਫੀ ਪਾ ਲਈ। ਖੁਸ਼ੀ ਵਿੱਚ ਖੀਵਾ ਹੋਇਆ ਕਹਿਣ ਲੱਗਾ, “ਸਾਬ ਬਹਾਦਰ, ਅੱਜ ਮੈਂ ਤੁਹਾਨੂੰ ਸਪੈਸ਼ਲ ਚਾਹ ਬਣਾ ਕੇ ਪਿਆਵਾਂਗਾ। ਦੁੱਧ ਰੋਕ ਕੇ ਅਤੇ ਪੱਤੀ ਜਰਾ ਠੋਕ ਕੇ ਪਾਵਾਂਗਾ। ਮੇਰੀ ਬਣੀ ਚਾਹ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ।” ਸਰਹੱਦੀ ਜੀ ਹਮੇਸ਼ਾ ਇਸ ਪਿਆਰੀ ਘਟਨਾ ਦਾ ਆਪਣੇ ਮਿੱਤਰਾਂ ਕੋਲ ਜ਼ਿਕਰ ਕਰਦੇ ਸੀ।
      ਕਲਾ ਨੂੰ ਮਨੋਰੰਜਨ ਨਹੀਂ ਕਿਹਾ ਜਾ ਸਕਦਾ। ਕਲਾ ਤਾਂ ਅਨੰਦ ਹੈ। ਅਨੰਦ ਹੀ ਸਾਨੂੰ ਵਿਸਮਾਦ ਵਿੱਚ ਲੈ ਕੇ ਜਾਂਦਾ ਹੈ। ਕਲਾ ਸਾਨੂੰ ਸਿਖਰਲੇ ਚਸ਼ਮਿਆਂ ਦੇ ਡੂੰਘੇ ਪਾਣੀਆਂ ਵਿੱਚ ਉੱਤਰਨ ਦਾ ਸੁਨੇਹਾ ਦੇ ਕੇ ਅਨੰਦ ਦੀ ਪੱਧਰ ਨੂੰ ਉੱਚਾ ਚੁੱਕ ਦਿੰਦੀ ਹੈ। ਅਸੀਂ ਕਈ ਵਾਰ ਕੁਝ ਕੰਮ ਮਨੋਰੰਜਨ ਲਈ ਨਹੀਂ, ਅਨੰਦ ਲਈ ਕਰਦੇ ਹਾਂ, ਸਕੂਨ ਲਈ ਕਰਦੇ ਹਾਂ, ਜਿਸ ਵਿੱਚੋਂ ਮੁਨਾਫ਼ਾ ਨਹੀਂ ਅਨੰਦ ਭਾਲਦੇ ਹਾਂ।
        1982 ਵਿੱਚ ਬਣੀ ਆਰਟ ਫ਼ਿਲਮ ‘ਬਾਜ਼ਾਰ’ ਦਾ ਬਾਲੀਵੁੱਡ ਵਿੱਚ ਆਪਣਾ ਮੁਕਾਮ ਹੈ। ਸਰਹੱਦੀ ਸਾਹਿਬ ‘ਬਾਜ਼ਾਰ’ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ, ਅਤੇ ਰਾਈਟਰ ਖ਼ੁਦ ਹੀ ਸਨ। ਇਸ ਫ਼ਿਲਮ ਵਿੱਚ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਫ਼ਾਰੂਕ ਸ਼ੇਖ਼, ਤੇ ਸੁਪ੍ਰਿਆ ਪਾਠਕ ਨੇ ਕੰਮ ਕੀਤਾ ਸੀ। ਇਸ ਫ਼ਿਲਮ ਦਾ ਸੰਗੀਤ ਖ਼ਿਯਾਮ ਨੇ ਤਿਆਰ ਕੀਤਾ ਸੀ। ‘ਬਾਜ਼ਾਰ’ ਫ਼ਿਲਮ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਹਨ ਜਿਵੇਂ ਦਿਖਾਈ ਦੀਏ ਯੂੰ, ਫਿਰ ਛਿੜੀ ਰਾਤ, ਦੇਖ ਲੋ ਆਜ ਹਮ ਕੋ ਜੀ ਭਰ ਕੇ, ਆਦਿ। ਇਸ ਫ਼ਿਲਮ ਨੇ ਨਵੇਂ ਦਿਸਹੱਦਿਆਂ ਨੂੰ ਸਿਰਜਿਆ। ਸਰਹੱਦੀ ਸਾਹਿਬ ਜ਼ਿਕਰ ਕਰਦੇ ਹਨ, “ਇਹ ਫ਼ਿਲਮ ਤਿੰਨ ਵਾਰੀ ਦੂਰਦਰਸ਼ਨ ਤੇ ਦਿਖਾਈ ਗਈ। ਹਰ ਵਾਰੀ ਹੀ ਮੈਨੂੰ ਢਾਈ ਢਾਈ ਲੱਖ ਰੁਪਇਆ ਮਿਲਿਆ ਜਿਸ ਵਿਚੋਂ ਜਦੋਂ ਮੈਂ 11 ਹਜ਼ਾਰ ਸੁਪ੍ਰਿਆ ਨੂੰ ਦਿੱਤੇ, ਉਹ ਲਵੇ ਨਾ। ਉਸ ਨੇ ਕਿਹਾ, ‘ਤੁਸੀਂ ਮੈਨੂੰ ਬਰੇਕ ਦਿੱਤੀ। ਮੈਂ ਰੁਪਏ ਨਹੀਂ ਲੈਣੇ।’ ਪਰ ਮੈ ਫਿਰ ਵੀ ਦਿੱਤੇ। ਚਾਲੀ ਹਜ਼ਾਰ ਰੁਪਏ ਸਮਤਾ ਪਾਟਿਲ ਨੂੰ ਦਿੱਤੇ। ਉਸ ਨੇ ਕਿਹਾ, ‘ਮੈਂ ਕੰਮ ਪੈਸੇ ਲਈ ਨਹੀਂ ਸਰਹੱਦੀ ਸਾਹਿਬ ਜੀ ਤੁਹਾਡੇ ਲਈ ਕੀਤਾ ਹੈ।’ ਬਾਕੀ ਸਾਰੀ ਟੀਮ ਨੂੰ ਮੈਂ ਜੋ ਦਿੱਤਾ, ਉਨ੍ਹਾਂ ਨੇ ਹੱਸ ਕੇ ਕਬੂਲ ਕਰ ਲਿਆ।”
      ਅੱਜ ਵੀ ਜਦੋਂ ਆਰਟ ਫ਼ਿਲਮਾਂ ਦੀ ਗੱਲ ਹੁੰਦੀ ਹੈ ਤਾਂ ਇਸ ਫ਼ਿਲਮ ਦਾ ਜ਼ਿਕਰ ਹੁੰਦਾ ਹੈ। ਜਦੋਂ ‘ਬਾਜ਼ਾਰ’ ਫ਼ਿਲਮ ਬਣ ਰਹੀ ਸੀ ਤਾਂ ਯਸ਼ ਚੋਪੜਾ ਨੇ ਸਰਹੱਦੀ ਸਾਹਿਬ ਨੂੰ ਫ਼ੋਨ ਕੀਤਾ, “ਸਰਹੱਦੀ ਸਾਹਿਬ ਆਪ ਇਸ ਫ਼ਿਲਮ ਕੋ ਹਮਾਰੇ ਬੈਨਰ ਕੇ ਨੀਚੇ ਬਨਾ ਲੇਤੇ ਤੋ ਅੱਛਾ ਲਗਤਾ।”
       ਸਰਹੱਦੀ ਸਾਹਿਬ ਬੋਲੇ, “ਯਸ਼ ਸਾਹਿਬ ਮੈਂ ਇਸ ਫ਼ਿਲਮ ਕੋ ਰੁਮਾਂਸ ਸੇ ਦੂਰ ਰਖਨਾ ਚਾਹਤਾ ਹੂੰ।” ਯਸ਼ ਚੋਪੜਾ ਜੀ ਹੱਸ ਪਏ। ਪਰ ਯਸ਼ ਜੀ ਦੀ ਦਰਿਆ ਦਿਲੀ ਵੇਖੋ। ਉਨ੍ਹਾਂ ਨੇ ਸਰਹੱਦੀ ਸਾਹਿਬ ਦੀ ਇਸ ਫ਼ਿਲਮ ਲਈ ਹਰ ਤਰਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ। ਅੱਜ ਵੀ ਇਸ ਫ਼ਿਲਮ ਦਾ ਹਰ ਥਾਂ ਹਵਾਲਾ ਦਿੱਤਾ ਜਾਂਦਾ ਹੈ। ਸਰਹੱਦੀ ਸਾਹਿਬ ਦਾ ਨਾਂ ਵੀ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਔਰਤ ਦਾ ਦਰਦ ਇਸ ਫ਼ਿਲਮ ਦੇ ਹਰ ਸੀਨ ਵਿੱਚੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ। ਇਹ ਫ਼ਿਲਮ ਸਰਹੱਦੀ ਸਾਹਿਬ ਦੀ ਆਪਣੀ ਪ੍ਰੋਡਕਸ਼ਨ ਸੀ।
     ਸਰਹੱਦੀ ਸਾਹਿਬ ਨੇ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ, ਅਤੇ ਮਾਰਕ ਜ਼ੁਬਰ ਦੀ ਭੂਮਿਕਾ ਵਾਲੀ ‘ਤੇਰੇ ਸ਼ਹਿਰ ਮੇਂ’ ਨਾਂ ਦੀ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਸੀ ਪਰ ਫ਼ਿਲਮ ਬਣ ਨਹੀਂ ਸੀ ਸਕੀ।
       ਉਨ੍ਹਾਂ ‘ਬਾਜ਼ਾਰ’ ਦਾ ਦੂਜਾ ਭਾਗ ਬਣਾਉਣ ਬਾਰੇ ਵੀ ਸੋਚਿਆ ਸੀ ਪਰ ਉਨ੍ਹਾਂ ਦਾ ਸੁਪਨਾ ਸਾਕਾਰ ਨਹੀਂ ਸੀ ਹੋਇਆ। ਅਰਮਾਨਾਂ ਦੇ ਬੰਬਲ਼ ਵੱਟਣੇ ਚਾਹੇ ਪਰ ਵੱਟ ਨਾ ਹੋਏ।
      ਸਰਹੱਦੀ ਸਾਹਿਬ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਆਪਣੀ ਇੰਟਰਵਿਊ ਵਿੱਚ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਨੇ ਮੁੰਬਈ ਦੇ ਖ਼ਾਲਸਾ ਕਾਲਜ ਵਿੱਚ ਪੜ੍ਹਾਈ ਕੀਤੀ। ਜਦੋਂ ਉਹ ਫ਼ਸਟ ਯੀਅਰ ਵਿੱਚ ਪੜ੍ਹਦੇ ਸਨ ਤਾਂ ਗੁਲਜ਼ਾਰ ਸਾਹਿਬ ਸੈਕੰਡ ਯੀਅਰ ਵਿੱਚ ਪੜ੍ਹਦੇ ਸੀ। ਜਦੋਂ ਵੀ ਗੁਲਜ਼ਾਰ ਸਾਹਿਬ ਨਾਲ ਤੇ ਬਾਕੀ ਮਿੱਤਰਾਂ ਨਾਲ ਮਿਲਣਾ ਤਾਂ ਗੁਲਜ਼ਾਰ ਸਾਹਿਬ ਨੇ ਹਮੇਸ਼ਾਂ ਵੱਡੇ ਲੇਖਕਾਂ ਦਾ ਜ਼ਿਕਰ ਕਰਕੇ ਗੱਲ ਕਰਨੀ। ਕਦੇ ਗ਼ਾਲਿਬ ਅਤੇ ਕਦੇ ਮੀਰ। ਹੋਰ ਵੀ ਬਹੁਤ। ਸਰਹੱਦੀ ਸਾਹਿਬ ਕਹਿੰਦੇ ਸਨ, “ਇਹਨਾਂ ਗੱਲਾਂ ਦਾ ਮੇਰੇ ਤੇ ਬਹੁਤ ਅਸਰ ਹੋਇਆ। ਫਿਰ ਮੈਂ ਵੀ ਆਪਣੇ ਅੰਦਰ ਸੁੱਤੇ ਠੋਸ ਇਰਾਦੇ ਨੂੰ ਜਗਾਇਆ। ਮੈਂ ਰੋਜ਼ਾਨਾ ਅੱਠ-ਦੱਸ ਘੰਟੇ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਸ ਵੀ ਵੱਡੇ ਲੇਖਕ ਦੀ ਕਿਤਾਬ ਮਿਲਦੀ ਮੈਂ ਪੜ੍ਹ ਕੇ ਹੀ ਸਾਹ ਲੈਂਦਾ। ਯਾਂ ਪਾਲ ਸਾਰਤਰ ਅਤੇ ਉਨ੍ਹਾਂ ਦੀ (ਦੋਸਤ ਵਜੋਂ ਵਿਚਰੀ ਜੀਵਨ ਸਾਥਣ/ਪਤਨੀ ਨਹੀਂ)  ਸਿਮੋਨ ਦਾ ਬੋਵੁਅਰ ਨੂੰ ਰੱਜ ਕੇ ਪੜ੍ਹਿਆ।”
    ਕਾਲਜ ਦੇ ਦਿਨਾਂ ਨੂੰ ਯਾਦ ਕਰਕੇ ਉਹ ਹਮੇਸ਼ਾ ਆਖਦੇ ਸਨ। “ਮੈਨੂੰ ਹਮੇਸ਼ਾ ਹੀ ਸੱਯਾਦ ਜ਼ਾਹੀਰ ਹੁਰਾਂ ਨੇ ਬਹੁਤ ਸਪੋਰਟ ਕੀਤਾ। ਉਸ ਇਨਸਾਨ ਨੇ ਮੇਰੇ ਅੰਦਰ ਦੇ ਸਾਗਰ ਨੂੰ ਵੇਖ ਲਿਆ ਸੀ।