ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

23 MAY 2022

ਸਾਡੀ ਲੜਾਈ ਸ਼ੋਸ਼ਣ ਕਰਨ ਵਾਲੇ ਪੂੰਜੀਪਤੀ ਵਰਗ ਨਾਲ਼ ਹੈ- ਉਗਰਾਹਾਂ

ਮਿੱਠੀਆਂ ਪਕਾਵਾਂ ਰੋਟੀਆਂ, ਮੇਰੇ ਵੀਰ ਨੇ ਲਾਮ ਨੂੰ ਜਾਣਾ।

ਨਵਜੋਤ ਸਿੱਧੂ ਦੇ ਅੱਗੇ ਪਿੱਛੇ ਫਿਰਨ ਵਾਲ਼ੇ ਉਸ ਦੇ ਜੇਲ੍ਹ ਜਾਣ ਵੇਲੇ ਕਿਤੇ ਰੜਕੇ ਨਹੀਂ- ਇਕ ਖ਼ਬਰ

ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ।

50 ਸਾਲ ਕਾਂਗਰਸ ‘ਚ ਰਹੇ ਸੁਨੀਲ ਜਾਖੜ ਭਾਜਪਾ ‘ਚ ਹੋਏ ਸ਼ਾਮਲ- ਇਕ ਖ਼ਬਰ

ਆਵੇਂ ਕਿਸੇ ਹੋਰ ਨਾਲ ਜਾਵੇਂ ਕਿਸੇ ਹੋਰ ਨਾਲ, ਬੱਲੇ ਓਏ ਚਾਲਾਕ ਸੱਜਣਾ।

ਸਿੱਖ ਕੌਮ ਬਾਦਲਾਂ ਨੂੰ ਮਾਫ਼ ਨਹੀਂ ਕਰੇਗੀ, ਇਹਨਾਂ ਦੇ ਪਾਪਾਂ ਦੀ ਲਿਸਟ ਲੰਮੀ ਹੈ- ਖਾਲੜਾ ਮਿਸ਼ਨ

ਜੱਗ ਭਾਵੇਂ ਕੁਝ ਵੀ ਕਹੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।

ਕੁੰਵਰ ਵਿਜੈ ਪ੍ਰਤਾਪ ਨੇ ਅਪਣੀ ਹੀ ਸਰਕਾਰ ਵਲੋਂ ਕੀਤੀ ਜਾ ਰਹੀ ਜਾਂਚ ‘ਤੇ ਚੁੱਕੇ ਸਵਾਲ- ਇਕ ਖ਼ਬਰ

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।

ਕਾਂਗਰਸ ਨਾ ਰਾਸ਼ਟਰੀ ਪਾਰਟੀ, ਨਾ ਭਾਰਤੀ ਤੇ ਨਾ ਹੀ ਲੋਕਤੰਤਰੀ- ਨੱਢਾ

ਉਹੋ ਤੇਰੀ ਤੁਣਤੁਣੀ, ਉਹੀਓ ਤੇਰਾ ਰਾਗ।

ਦਾਦੂਵਾਲ ਤੋਂ ਬਾਅਦ ਬਹਿਬਲ ਮੋਰਚੇ ਵਲੋਂ ਵੀ ਬਾਦਲਾਂ ਦੀ ਸ਼ਮੂਲੀਅਤ ਦਾ ਵਿਰੋਧ- ਇਕ ਖ਼ਬਰ

ਪੁੰਨ ਪਾਪ ਤੇਰੇ ਬੰਦਿਆ, ਤੱਕੜੀ  ‘ਤੇ ਤੁਲ ਜਾਣਗੇ।

ਕਾਂਗਰਸ ਵਲੋਂ ‘ ਭਾਰਤ ਜੋੜੋ ਯਾਤਰਾ’ ਦਾ ਐਲਾਨ- ਇਕ ਖ਼ਬਰ

ਪਹਿਲਾਂ ਆਪ ਤਾਂ ਜੁੜ ਜਾਉ, ਆਪ ਤਾਂ ਖੱਖੜੀਆਂ ਕਰੇਲੇ ਹੋਏ ਫਿਰਦੇ ਹੋ!

ਪੁਲਿਸ ਨੂੰ ਵੇਖ ਕੇ ਡੇਢ ਕਿੱਲੋ ਅਫੀਮ ਸੁੱਟ ਕੇ ਵਿਅਕਤੀ ਫ਼ਰਾਰ- ਇਕ ਖ਼ਬਰ

ਰੱਬ ਨੇ ਦਿਤੀਆਂ ਗਾਜਰਾਂ, ਵਿਚੇ ਰੰਬਾ ਰੱਖ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਲਗਾਇਆ ਜਾਵੇ- ਨਵਜੋਤ ਕੌਰ ਸਿੱਧੂ

ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹ ਮੇਰਾ ਵੀਰ ਕੁੜੀਓ।

ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲ਼ੇ ਅਫ਼ਸਰਾਂ ਤੇ ਸਿੱਖਾਂ ਲਈ ਦੋਹਰੇ ਮਾਪਦੰਡ ਕਿਉਂ?- ਮਾਝੀ

ਮਿੱਤਰਾਂ ਦੇ ਫੁਲਕੇ ਨੂੰ, ਨੀ ਮੈਂ ਖੰਡ ਦਾ ਪਲੇਥਣ ਲਾਵਾਂ।

11 ਮੈਂਬਰੀ ਕਮੇਟੀ ‘ਚ ਹੋਣ ਲੱਗੀਆਂ ਇਕ ਦੂਜੇ ਪ੍ਰਤੀ ਦੂਸ਼ਣਬਾਜ਼ੀਆਂ- ਇਕ ਖ਼ਬਰ

ਮੋਤੀ ਖਿੱਲਰ ਗਏ, ਚੁਗ ਲੈ ਕਬੂਤਰ ਬਣ ਕੇ।

ਪ੍ਰਿਯੰਕਾ ਗਾਂਧੀ ਨੇ ਫ਼ੋਨ ਕਰ ਕੇ ਨਵਜੋਤ ਸਿੱਧੂ ਨੂੰ ਦਿਤਾ ਹੌਸਲਾ- ਇਕ ਖ਼ਬਰ

ਸਰਵਣ ਵੀਰ ਦੇ ਬਿਨਾਂ, ਮੇਰੀ ਰੁਲ਼ਦੀ ਵਣਾਂ ਵਿਚ ਗੱਠੜੀ।

‘ਜਥੇਦਾਰ’ ਜਾਂ ਪ੍ਰਧਾਨ ਨੇ ਗਿਆਨੀ ਜਗਤਾਰ ਸਿੰਘ ਵਿਰੁੱਧ ਕਿਉਂ ਨਹੀਂ ਕੀਤੀ ਕੋਈ ਕਾਰਵਾਈ- ਮਾਝੀ

ਕੀ ਲਗਦੇ ਸੰਤੀਏ ਤੇਰੇ, ਜਿਹਨਾਂ ਨੂੰ ਰਾਤੀਂ ਖੰਡ ਪਾਈ ਸੀ।

ਬੰਦੀ ਸਿੱਖਾਂ ਬਾਰੇ ਬਣੀ ਕਮੇਟੀ ਤੋਂ ਪੰਥ ਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ- ਗੁਰਦੀਪ ਸਿੰਘ ਬਠਿੰਡਾ

ਦੁੱਧ ਪੀਣੇ ਮਜਨੂੰਆਂ ‘ਚੋਂ, ਕੋਈ ਵਿਰਲਾ ਹੀ ਜਾਮ ਸ਼ਹਾਦਤ ਪੀਵੇ।

ਕਾਂਗਰਸ ਤੇ ‘ਆਪ’ ਨਸ਼ੇ ਖ਼ਤਮ ਕਰਨ ‘ਚ ਅਸਫ਼ਲ- ਹਰਸਿਮਰਤ

ਬੀਬੀ ਜੀ! ਤੁਹਾਡੇ ਕਿਸੇ ਨੇ ਹੱਥ ਫੜੇ ਹੋਏ ਨਸ਼ੇ ਖ਼ਤਮ ਕਰਨ ਤੋਂ?