ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30 MAY 2022

‘ਜ਼ਫ਼ਰਨਾਮਾ’ ਮੂੰਹ ਜ਼ੁਬਾਨੀ ਯਾਦ ਕਰਨ ਵਾਲੇ ਬੱਚੇ ਨੂੰ ਸ਼੍ਰੋਮਣੀ ਕਮੇਟੀ ਨੇ ਵਿਸਾਰਿਆ- ਇਕ ਖ਼ਬਰ

ਬੱਚੇ ਨੂੰ ਕਹੋ ਉਹ ‘ਬਾਦਲਨਾਮਾ’ ਮੂੰਹ ਜ਼ੁਬਾਨੀ ਯਾਦ ਕਰੇ। ਫਿਰ ਦੇਖਿਉ ਫ਼ਖ਼ਰੇ-ਕੌਮ ਮਿਲਦਾ।

ਰਿਸ਼ਵਤ ਵਿਰੁੱਧ ਮੰਤਰੀ ਨੂੰ ਬਰਖ਼ਾਸਤ ਕਰਨ ‘ਤੇ ਭਗਵੰਤ ਮਾਨ ਦਾ ਸਿਆਸੀ ਕੱਦ ਹੋਇਆ ਉੱਚਾ-ਇਕ ਖ਼ਬਰ

ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

 ਮਾਯੂਸੀ ਦੇ ਸ਼ਿਕਾਰ ਕਾਂਗਰਸੀ ਆਗੂ ਭਾਜਪਾ ਵਲ ਵੇਖਣ ਲੱਗੇ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਸੰਗਰੂਰ ਲੋਕ ਸਭਾ ਜਿਮਨੀ ਚੋਣ ਜ਼ਰੂਰ ਲੜਾਂਗਾ- ਸਿਮਰਨਜੀਤ ਸਿੰਘ ਮਾਨ

ਬੰਤੋ ਨਾਰ ਬਦਲੇ, ਜੱਗੇ ਜੱਟ ਦੀ ਗੰਡਾਸੀ ਖੜਕੇ।

ਰਾਜਸਥਾਨ ਨਹਿਰ ਦਾ 62 ਸਾਲ ਪੁਰਾਣਾ ਪੁਲ ਡਿਗਿਆ- ਇਕ ਖ਼ਬਰ

ਬਿਹਾਰ ‘ਚ ਤਾਂ ਉਦਘਾਟਨ ਤੋਂ ਪਹਿਲਾਂ ਹੀ ਡਿਗ ਪੈਂਦੇ ਆ। 62 ਸਾਲ ਥੋੜ੍ਹੇ ਆ !

ਜ਼ਮੀਨੀ ਝਗੜੇ ਕਰ ਕੇ ਛੋਟੇ ਭਰਾ ‘ਤੇ ਟਰੈਕਟਰ ਚੜ੍ਹਾ ਦਿਤਾ- ਇਕ ਖ਼ਬਰ

ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ।

ਕਪਿਲ ਸਿੱਬਲ ਨੇ ਵੀ ਕਾਂਗਰਸ ਨੂੰ ਕਹੀ ਅਲਵਿਦਾ- ਇਕ ਖ਼ਬਰ

ਜੋਗੀ ਚਲਦੇ ਭਲੇ, ਨਗਰੀ ਵਸਦੀ ਭਲੀ।

ਬੋਲਣ ਦੀ ਆਜ਼ਾਦੀ ਦੇਣ ਵਾਲ਼ੇ ਅਦਾਰਿਆਂ ‘ਤੇ ਹਮਲੇ ਹੋ ਰਹੇ ਹਨ- ਰਾਹੁਲ ਗਾਂਧੀ

ਪੀੜ੍ਹੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਣਾਵਾਂ।

ਮੈਨੂੰ ਭਗਵੰਤ ਮਾਨ ‘ਤੇ ਮਾਣ ਹੈ- ਕੇਜਰੀਵਾਲ

ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।

‘ਜਥੇਦਾਰ’ ਹਰਪ੍ਰੀਤ ਸਿੰਘ ਨੇ ਬਾਕੀ ਸਰਕਾਰੀ ਸੁਰੱਖਿਆ ਕਰਮੀ ਵੀ ਮੋੜੇ- ਇਕ ਖ਼ਬਰ

ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

ਭਗਵੰਤ ਮਾਨ ‘ਤੇ ਪਰਚਾ ਦਰਜ ਹੋਵੇ- ਸੁਖਬੀਰ ਬਾਦਲ

ਬਹਿਬਲ ਕਲਾਂ ਦੇ ਕਤਲਾਂ ਦਾ ਪਹਿਲਾ ਆਪਣੇ ‘ਤੇ ਤਾਂ ਪਰਚਾ ਦਰਜ ਕਰਵਾ ਲਉ।

ਜੇ ਕਰ ਸੀ.ਐਮ.ਮਾਨ ਚਾਹੁਣ ਤਾਂ ਮੈਂ ਆਪਣੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦੇ ਨਾਮ ਦੇ ਸਕਦਾ ਹਾਂ- ਕੈਪਟਨ

ਚਾਹੁਣ ਨਾ ਚਾਹੁਣ ਦੀ ਕੀ ਗੱਲ ਹੋਈ? ਬਣੋ ‘ਦੇਸ਼ ਭਗਤ’ ਦੇਵੋ ਫ਼ਾਈਲਾਂ ਸੀ.ਐਮ. ਨੂੰ।

 ਹਿੰਮਤ ਹੈ ਤਾਂ ਮੋਹਾਲੀ ਦੇ ਆਸ ਪਾਸ ਵੱਡੇ ਮਗਰਮੱਛਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉ- ਸੁਖਪਾਲ ਖਹਿਰਾ

ਲੰਘ ਗਈ ਪੈਰ ਦੱਬ ਕੇ, ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ।      
 

ਪੰਜਾਬ ‘ਚ ਵਿਧਾਇਕਾਂ ਅਤੇ ਵਜ਼ੀਰਾਂ ਦੇ ਸਕੇ-ਸਬੰਧੀਆਂ ਦੇ ਦਿਨ ਪੁੱਗੇ- ਇਕ ਖ਼ਬਰ

ਹੁਣ ਅੱਕਾਂ ਤੋਂ ਭਾਲ਼ਦੇ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਮੋਦੀ ਸਰਕਾਰ ਨੇ 8 ਸਾਲਾਂ ‘ਚ ਹਰੇਕ ਵਰਗ ਨਾਲ ਧੋਖਾ ਕੀਤਾ- ਕਾਂਗਰਸ

ਸਾਡੇ ਨਰਮ ਕਾਲਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।