ਗੁਰੂ ਨਾਨਕ ਪਾਤਸ਼ਾਹ ਦੀ ਉਧਾਲੀ ਗਈ ‘ਸਿੱਖੀ’ ਅੰਤਲੇ ਸਾਹਾਂ ਤੇ - ਗੁਰਚਰਨ ਸਿੰਘ  ਜਿਉਣਵਾਲਾ

ਇਹ ਲੇਖ ਡਾ. ਕਰਮਿੰਦਰ ਸਿੰਘ ਜੀ ਦਾ ਹੈ ਮੈਂ ਤਾਂ ਸਿਰਫ ਪੰਜਾਬੀ ਵਿਚ ਅਨੁਵਾਦ ਹੀ ਕਰ ਰਿਹਾ ਹਾਂ।
ਬਾਬਾ! ਤੂੰ ਨੰਗੇ ਪੈਰੀਂ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤਹਿ ਕੀਤਾ,  ਮਾਰੂਥਲਾਂ ਅਤੇ ਜੰਗਲ-ਬੇਲਿਆਂ ਵਿਚੋਂ ਦੀ ਲੰਘਦਾ ਹੋਇਆ, ਸੱਪਾਂ ਅਤੇ ਠੂਹਿਆਂ ਨੂੰ ਮਿਧਦਾ ਹੋਇਆ, ਸ਼ੇਰ-ਬਘੇਰਿਆਂ ਨਾਲ ਲੜਦਾ ਹੋਇਆ, ਤੱਤੀਆਂ ਅਤੇ ਬਰਫੀਲੀਆਂ ਹਵਾਵਾਂ ਨੂੰ ਅੱਖੋਂ-ਪਰੋਖੇ ਕਰਦਾ ਹੋਇਆ, ਪਾਟੀਆਂ ਅੱਡੀਆਂ ਅਤੇ ਲੀਰੋ-ਲੀਰ ਹੋਏ ਕਪੜਿਆਂ ਨਾਲ ਦੂਰ-ਦੂਰ ਤਕ ਹੋਕਾ ਦੇ ਕੇ “ “ਉਗਵਣਹੁ ਤੇ ਆਥਵਣੋ ਨਉ ਖੰਡ ਪ੍ਰਿਥਮੀ ਸਭ ਝੁਕਾਈ॥ ਜਗਿ ਅੰਦਰਿ ਕੁਦਰਤਿ ਵਰਤਾਈ”॥ ਚੜਿਆ ਸੋਧਣਿ ਧਰਤਿ ਲੁਕਾਈ॥24॥ ਪਰ ਅੱਜ ਤੇਰੇ ਪੈਰੋਕਾਰਾਂ ਨੇ ਤੁਹਾਨੂੰ ਹੀ ਸੋਧ ਦਿੱਤਾ ਹੈ। ਕਿਵੇਂ?
ਜਿਹੜੀ ਸਿੱਖੀ ਅੱਜ ਅਸੀਂ ਜਿਉਂ ਰਹੇ ਹਾਂ, ਇਹ ਓਹ ਨਹੀਂ ਜੋ ਸਾਡੇ ਗੁਰੂ ਸਾਹਿਬਾਨ ਨੇ ‘ਧੁਰਿ ਕੀ ਬਾਣੀ’ ਵਿਚ ਅੰਕਿਤ ਕੀਤੀ ਹੈ। ਸਗੋਂ ਤੇਰਾ ‘ ਕੀਤੋਸੁ ਆਪਣਾ ਪੰਥੁ ਨਿਰਾਲਾ’ ਨੂੰ ਭ੍ਰਿਸ਼ਟ ਤੇ ਦਾਗੀ ਕਰਨ ਦੇ ਨਾਲ-ਨਾਲ ਵਿਗਾੜ ਵੀ ਦਿੱਤਾ ਹੈ। ਬਾਬਾ! ਅੱਜ ਤੁਹਾਡੀ ਬਾਣੀ ਨੂੰ ਵੇਦਾਂ, ਪੁਰਾਣਾਂ ਅਤੇ ਸਨਾਤਨ ਧਰਮ ਦੀ ਧਾਰਣਾ ਤੇ ਵਿਖਿਆਨ ਕੇ ਸਿੱਖਾਂ ਨੂੰ ਓਸੇ ਰਾਹ ਤੋਰ ਦਿੱਤਾ ਗਿਆ ਹੈ ਜਿਸ ਤੋਂ ਤੁਸੀਂ ਲੁਕਾਈ ਨੂੰ ਬਾਹਰ ਨਿਕਲਣ ਦਾ ਹੋਕਾ ਦਿੱਤਾ ਸੀ। ਸਾਡੇ ਇਤਹਾਸ ਨੂੰ ਨਾ-ਵਿਸ਼ਵਾਸ ਕਰਨ ਯੋਗ ਚਮਤਕਾਰੀ ਸਾਖੀਆਂ ਰਾਹੀਂ ਵਿਗਾੜਿਆ ਹੀ ਨਹੀਂ ਗਿਆ ਸਗੋਂ ਤੁਹਾਨੂੰ ਵੀ ਚਮਤਕਾਰੀ ਸਿੱਧ ਕਰਕੇ ਹਵਾ ਖਾਣੇ ਅਤੇ ਅੱਖਾਂ ਮੀਚ ਕੇ ਹਵਾ ਵਿਚ ਉਡਣੇ ਸਾਬਤ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਮਸੰਦਾਂ ਨੂੰ ਤੁਸੀਂ ਯੋਗ ਸਜਾਵਾਂ ਦੇ ਕੇ  ਆਪਣੇ ‘ਨਿਰਾਲੇ ਪੰਥੁ’ ਨੂੰ ਮੁਕਤ ਕਰਾਇਆ ਸੀ ਅੱਜ ਓਹੀ ਮਸੰਦ ਕਰਮ-ਕਾਂਡਾਂ ਵਾਲੀ ਸਿੱਖੀ ਦਾ ਪ੍ਰਚਾਰ ਕਰਕੇ, ਤੁਹਾਡੇ ‘ਨਿਰਮਲ ਪੰਥੁ’ ਨੂੰ ਵਿਗਾੜ ਕੇ ਲੋਕਾਈ ਨੂੰ ਪੁਠੇ ਰਸਤੇ ਪਾ ਰਹੇ ਹਨ। 1469 ਤੋਂ ਪਹਿਲਾਂ ਦੇ ਚੱਲ ਰਹੇ ਜਿਹੜੇ ਕਰਮ-ਕਾਂਡ ਨੂੰ ਤੁਸੀਂ ਨਕਾਰਿਆ ਸੀ। ਅੱਜ ਓਹੀ ਕਰਮ-ਕਾਂਡ ਤੁਹਾਡੀ ਸਿੱਖੀ ਦਾ ਮੂਲ ਸਿਧਾਂਤ ਬਣਾ ਦਿੱਤੇ ਗਏ ਹਨ। ਤੁਹਾਡਾ ‘ਨਿਰਮਲ ਪੰਥੁ’ ਕਿਉਂ, ਕਿਵੇਂ ਅਤੇ ਕਦੋਂ ਅਗਵਾ ਕੀਤਾ ਗਿਆ?
ਡਾ. ਕਰਮਿੰਦਰ ਸਿੰਘ ਜੀ ਨੇ ਉਪਰ ਲਿਖੇ ਸੁਆਲਾਂ ਦੇ ਜਵਾਬ ਦੇਣ ਲਈ ਕਈ ਵੀਡੀਓਜ਼ ਅੰਗਰੇਜ਼ੀ ਬੋਲੀ ‘ਚ ਬਣਾਈਆਂ ਹਨ ਜੋ www.sikhvicharforum.org ਤੇ ਉਪਲੱਬਧ ਹਨ ਕਿ ਕਿਵੇਂ ਬਾਬਾ ਜੀ ਦੇ ‘ਨਿਰਮਲ ਪੰਥੁ’ ਨੂੰ ਵਿਗਾੜਿਆ ਗਿਆ ਹੈ, ਸਿੱਖੀ ਦੇ ਨਾਮ ਹੇਠ ਕਿਵੇਂ ਬ੍ਰਹਮਣੀ ਮੱਤਿ ਦੀ ਪੁੱਠ ਚਾਹੜੀ ਜਾ ਰਹੀ ਹੈ। ਗੁਰੂ ਸਹਿਬਾਨ ਦੇ 239 ਸਾਲਾਂ ਦੇ ਲੰਮੇ ਸਮੇਂ ਵਿਚ ਮਿਹਨਤ ਅਤੇ ਮਸ਼ੱਕਤ ਕਰਕੇ ਚਲਾਏ ‘ਨਿਰਮਲ ਪੰਥੁ’ ਨੂੰ ਵਿਗਾੜਨ ਦੀ ਇਕ ਦਰਦਨਾਕ ਕਹਾਣੀ ਪੇਸ਼ ਕੀਤੀ ਗਈ ਹੈ।
ਭਾਈ ਗੁਰਦਾਸ ਜੀ ਵੀ ਆਪਣੇ ਲਫਜ਼ਾਂ ਵਿਚ ਗੁਰੂ ਸਹਿਬਾਨ ਦੀ ਮਿਹਨਤ-ਮਸ਼ੱਕਤ ਦੀ ਸ਼ਾਹਦੀ ਭਰਦੇ ਹੋਏ ਲਿਖਦੇ ਹਨ; ‘ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ’ ਅਤੇ  ‘ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਮਿਰਮਲ ਪੰਥੁ ਚਲਾਇਆ’। ਨਿਰਮਲ ਦਾ ਮਤਲਬ ਹੈ ਇਕ ਵੱਖਰੀ ਕਿਸਮ ਦਾ ਜਿਸ ਵਿਚ ਕੋਈ ਖੋਟ ਨਾ ਹੋਵੇ। ਸੰਸਾਰ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ-ਧਾਰਾ ਆਪਣੇ ਆਪ ਵਿਚ ਇਕ ਵੱਖਰੀ ਤੇ ਨਿਰਾਲੀ ਕਿਸਮ ਦੀ ਵਿਚਾਰ-ਧਾਰਾ ਕਰਕੇ ਜਾਣੀ ਜਾਂਦੀ ਹੈ। ਉਸ ਸਮੇਂ ਦੀਆਂ ਚੱਲ ਰਹੀਆਂ ਵਿਚਾਰ-ਧਾਰਕ ਮਨੌਤਾਂ ਨਾਲੋਂ ਬਿਲਕੁੱਲ ਵੱਖਰੀ ਅਤੇ ਅਨੋਖੀ।
ਕਿਸੇ ਦਾ ਰੱਬ ਅਸਮਾਨ ਵਿਚ ਤੇ ਕਿਸੇ ਦਾ ਪਤਾਲ ਵਿਚ, ਕਿਸੇ ਦੇ ਹਜ਼ਾਰਾਂ ਰੱਬ ਤੇ ਕਿਸੇ ਦਾ ਸੂਲੀ ਤੇ ਟੰਗਿਆ ਰੱਬ। ਇਨ੍ਹਾਂ ਸਭਨਾਂ ਨੂੰ ਨਕਾਰ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਕ ਵੱਖਰੀ ਕਿਸਮ ਦੇ ‘ਰੱਬ’ ਦਾ ਸੰਕਲਪ ਤਿਆਰ ਕੀਤਾ  ਜੋ ਸਭ ਦੇ ਅੰਦਰ ਹੈ ਤੇ ਉਸ ਵਰਗਾ ਬਣਨ ਦੀ ਪ੍ਰੇਰਨਾ ਦਿੱਤੀ। ਨਾ ਸ਼ਰੀਰ ਕਰਕੇ ਕੋਈ ‘ਰੱਬ’/ਗੁਰੂ ਤੇ ਨਾ ਸ਼ਰੀਰ ਕਰਕੇ ਕੋਈ ਚੇਲਾ। ਸਗੋਂ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਦਾ ਸਿਧਾਂਤ ਦਿੱਤਾ ਜੋ ਪ੍ਰੀਵਾਰ ਨੂੰ, ਸੰਸਾਰ ਨੂੰ ਅਤੇ ਸਰਕਾਰ ਨੂੰ ਟਿਚ ਕਰਕੇ ਜਾਣਦਾ ਹੈ। ਮਰਨ ਤੋਂ ਬਾਅਦ ‘ਮੁਕਤੀ’ ਪ੍ਰਾਪਤ ਕਰਨ ਦੇ ਸਿਧਾਂਤ ਨੂੰ ਰੱਦ ਕਰਕੇ ਜਿਉਂਦੇ ਜੀਅ ਹੁਣੇ ਅਤੇ ਇੱਥੇ ‘ਮੁਕਤੀ’ ਪ੍ਰਾਪਤ ਕਰਨ ਦਾ ਇਕ ਵੱਖਰਾ ਸਿਧਾਂਤ ਦਿੱਤਾ ਜੋ ਵਚੋਲਗੀ ਰਹਿਤ ਹੈ। ਗੁਰੂ ਸਹਿਬਾਨ ਦਾ ਸਿਧਾਂਤ ਮਨੁੱਖ ਨੂੰ ‘ਮਨੁੱਖੀ ਸੋਚ’ ਕਰਕੇ ਬਹੁਤ ਉੱਚਾ ਚੁੱਕਦਾ-ਚੁੱਕਦਾ ‘ਰੱਬ’ ਵਿਚ ਅਭੇਦ ਕਰਦਾ ਹੈ। ਜਿਵੇ; ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥
‘ਗੁਰੂ ਗ੍ਰੰਥ’ ਵਿਚ ਨਾਮ ਕਰਕੇ ਵੱਖਰੇ-ਵੱਖਰੇ ਧਰਮਾਂ, ਜਾਤਾਂ-ਪਾਤਾਂ ਦੇ ਉਨ੍ਹਾਂ ਲੋਕਾਂ ਦੀਆਂ ਲਿਖਤਾਂ ਨੂੰ ਸ਼ਾਮਲ ਕਰ ਲਿਆ ਗਿਆ ਜਿਨ੍ਹਾਂ ਦਾ ਨਿਸ਼ਾਨਾ, “ ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਹੋਈ” ਸੀ ਅਤੇ ਉਹ ਮਨੁੱਖੀ ਸਮਾਨਤਾ ਦੇ ਹਾਮੀ ਸਨ/ ਹਨ।
ਪਰ ਇਸ ਅਨੋਖੇ ‘ਪੰਥੁ’ ਨੂੰ ਖਰਾਬ ਕਰਨ ਲਈ ਸਾਡਾ ਇਤਹਾਸ ਦੱਸਦਾ ਹੈ ਕਿ 1718 ਤੋਂ 1925 ਤਕ ਦੇ 207 ਸਾਲਾ ਦੇ ਸਮੇਂ ਵਿਚ ਇਸ ‘ਨਿਰਮਲ ਪੰਥ’ ਦੇ ਦੋਖੀਆਂ ਨੇ ਇਤਹਾਸ ਬਦਲਿਆ, ਗੁਰਬਾਣੀ ਦੇ ਅਰਥ ਵੈਦਿਕ ਅਤੇ ਸਨਾਤਨੀ ਮੱਤਿ ਅਨੁਸਾਰ ਕੀਤੇ ਅਤੇ ਨਾਲ ਦੀ ਨਾਲ ਸਾਡੇ ਧਰਮ ਦੀ ਸਿਖਿਆ ਦੇਣ ਵਾਲੇ ਗੁਰਦੁਆਰਿਆਂ ਤੇ ਵੀ ਕਬਜਾ ਕੀਤਾ। ਇਸੇ ਮੰਦਭਾਗੀ ਘਟਨਾ ਨੂੰ ਹੀ ਮੈਂ ‘ਸਿੱਖੀ ਨੂੰ ਉਧਾਲਣਾ ਜਾਂ ਅਗਵਾ ਕਰਨਾ ਕਹਿੰਦਾ ਹਾਂ। ਸਿੱਖੀ ਦੇ ਦੁਸ਼ਮਨਾਂ ਦੀ ਇਹ ਇਕ ਸੋਚੀ ਸਮਝੀ ਚਾਲ ਸੀ ਜਿਸ ਕਰਕੇ ਉਹ ਸਿੱਖੀ ਨੂੰ ਉਧਾਲਣ ਵਿਚ ਕਾਮਯਾਬ ਹੋਏ ਅਤੇ ਬਾਬੇ ਨਾਨਕ ਦੇ ਸਿੱਖਾਂ ਨੂੰ ਮੁੜ 1469 ਤੋਂ ਪਹਿਲਾਂ ਵਾਲੇ ਮੋੜ ਤੇ ਲਿਆ ਖੜਾ ਕਰਨ ਵਿਚ ਵੀ ਕਾਮਯਾਬ ਹੋਏ ਜਿਸ ਤੋਂ ਬਾਬਾ ਜੀ ਸਾਨੂੰ ਵਰਜਦੇ ਹਨ।
207 ਸਾਲਾਂ ਦੇ ਲੰਮੇ ਸਮੇਂ ਦੀ ਉਧਾਲੀ ਹੋਈ ਸਿੱਖੀ ਹੀ ਅੱਜ ਸਾਨੂੰ ‘ਅਸਲੀ ਸਿੱਖੀ’ ਲੱਗਣ ਲੱਗ ਪਈ ਹੈ। ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ ਉਹ ਅਸੀਂ ਸਮਝੇ ਹੀ ਨਹੀਂ ਜਿਵੇਂ; ਜਾਤ-ਪਾਤ ਦਾ ਖੰਡਨ, ਲਿੰਗ ਦੇ ਭੇਦ ਭਾਵ ਦਾ ਖੰਡਨ, ਜਨੇਊ ਦਾ ਖੰਡਨ, ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥ ਪੰਨਾ 1343॥। ਜਦੋਂ ਅਸੀਂ ਆਪ ਪੜ੍ਹਨਾ ਹੀ ਨਹੀਂ ਫਿਰ ਸਮਝਣਾ ਤਾਂ ਦੂਰ ਦੀ ਗੱਲ। ਜੋ-ਜੋ ਕਰਮ-ਕਾਂਡ ਸਾਡੇ ਗੁਰੂ ਸਹਿਬਾਨ, ਭਗਤ ਸਾਹਿਬਾਨ, ਭੱਟਾਂ ਅਤੇ ਗੁਰ ਸਿੱਖਾਂ ਨੇ ਆਪਣੀ ਬਾਣੀ ਵਿਚ ਸਾਨੂੰ ਕੂੜੇਦਾਨ ਵਿਚ ਸੁੱਟਣ ਲਈ ਉਪਦੇਸ਼ ਦਿੱਤਾ,‘ਸਿੱਖੀ’ ਦੇ ਦੁਸਮਣਾਂ ਦੀ ਬਦੌਲਤ, ਅੱਜ ਅਸੀਂ ਫਿਰ ਤੋਂ ਉਸ ਨੂੰ ਆਪਣੀ ਸੋਚ ਦਾ ਹਿਸਾ ਬਣਾ ਲਿਆ ਹੈ।
207 ਸਾਲਾਂ ਦੇ ਲੰਮੇਂ ਅਰਸੇ ਵਿਚ ਉਧਾਲੀ ਹੋਈ ਸਿੱਖੀ ਪੂਰਨ ਤੌਰ ਤੇ ਅੱਜ ਰਸਮੀ ਸਿੱਖੀ ਬਣ ਚੁੱਕੀ ਹੈ। ਬ੍ਰਾਹਮਣਾਂ ਦੇ ਪ੍ਰਚਾਰੇ ਝੂਠ ਅਨੁਸਾਰ, ਅੱਜ ਦੇ ‘ਸਿੱਖ ਪ੍ਰਚਾਰਕ’ ਗੁਰੂ ਨਾਨਕ ਪਿਤਾ ਦੇ ਹੁਕਮ  ਮੁਤਾਬਕ ਭਾਈ ਮਰਦਾਨੇ ਤੋਂ ਕਿਕਰਾਂ ਨੂੰ ਲੱਗੀਆਂ ਮਠਿਆਈਆਂ ਝੜਵਾਈ ਜਾ ਰਹੇ ਹਨ, ਕਿਧਰੇ ਬਾਬਾ ਜੀ ਨੂੰ ਸੱਪ ਤੋਂ ਛਾਂ ਕਰਵਾਈ ਜਾ ਰਹੇ ਹਨ ਤੇ ਮਾਲਵੇ ਦੇ ਖੇਤਰ ਵਿਚ ਗੁਰੂ ਗੋਬਿੰਦ ਸਿੰਘ ਤੋਂ ਧਰਤੀ ਵਿਚ ਪੈਰ ਮਰਵਾ ਕੇ  ਮੋਹਰਾਂ ਦੇ ਖਜ਼ਾਨੇ ਲੱਭਵਾਈ ਜਾ ਰਹੇ ਹਨ, ਜਦੋਂ ਕਿ ਉਸ  ਗੁਰੂ ਜੀ ਦੇ ਸਿੱਖ ਅਤੇ ਘੋੜੇ ਖੁਰਾਕ ਖੁਣੋਂ ਸਦਾ ਦੀ ਨੀਂਦਰੇ ਸਉਂ ਗਏ। ਪ੍ਰਸਾਦੀ ਹਾਥੀ ਘਾਹ ਖੁਣੋ ਮਰ ਗਿਆ। ਅਸੀਂ ਗਿਆਨ ਧਾਰਕ ਬਣਨਾ ਸੀ ਪਰ ਸਾਨੂੰ ਗਿਆਨ ਪੂਜਕ ਬਣਾ ਦਿੱਤਾ ਗਿਆ ਹੈ। ਸਾਧ ਲਾਣਾ ਅੱਜ ਲੋਕਾਈ ਨੂੰ ‘ਸਿੱਖੀ’ ਨਾਲੋਂ ਤੋੜਨ ਲਈ ਆਪਣੀਆਂ ਮਨ ਭਾਉਂਦੀਆਂ ਧਾਰਣਾਂ ਗਾ ਰਿਹਾ ਹੈ। ਸ਼ਬਦ ਗੁਰੂ ਦੇ ਸਿਧਾਂਤ ਨੂੰ ਅਲੋਪ ਕਰ ਦਿੱਤਾ ਗਿਆ ਹੈ। ਜਿਸ ਗਿਆਨ ਨੂੰ ਪ੍ਰਾਪਤ ਕਰਕੇ ਅਸੀਂ ਰਕਮਾਂ-ਕਾਂਡਾਂ ਵਿਚੋਂ ਨਿਕਲਣਾ ਸੀ ਉਸ ਨੂੰ ਰੁਮਾਲਿਆਂ ਵਿਚ ਲਵੇਟ ਕੇ ਸਾਨੂੰ ਉਸ ਦੀ ਪੂਜਾ ਕਰਨ ਲਾ ਦਿੱਤਾ ਗਿਆ ਹੈ ਅਤੇ ਅਸੀਂ ਮੁੜ ਤੋਂ ਉਨ੍ਹਾਂ ਸਾਰੀਆਂ ਰੀਤਾਂ-ਰਿਵਾਜਾਂ ਦੇ ਸ਼ਿਕਾਰ ਹੋ ਗਏ ਹਾਂ ਜਿਸ ਤੋਂ ਸਾਨੁੰ ਗੁਰੂ ਸਹਹਿਬਾਨ ਆਪਣੀ ਬਾਣੀ ਵਿਚ ਵਰਜਤ ਕਰਦੇ ਹਨ। “ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤਿ ਦੁਆਰੈ ਧੋਇ ਹਛਾ ਹੋਇਸੀ”॥  ਛੱਡ ਕੇ ਅੱਜ ਅਸੀਂ ਤੋਤਾ ਰਟਨੀ ਦਾ ਸ਼ਿਕਾਰ ਹੋ ਗਏ ਹਾਂ। ਪੈਸੇ ਦੇ ਕੇ ਕੀਰਤਨ ਕਰਵਾ ਰਹੇ ਹਾਂ, ਪਾਠ ਕਰਵਾ ਰਹੇ ਹਾਂ, ਸੰਪਟ ਪਾਠ, ਮੋਨ ਪਾਠ, ਗੁਪਤ ਪਾਠ ਅਤੇ ਹੋਰ ਪਤਾ ਨਹੀਂ ਕਿਤਨੇ ਕਿਸਮਾਂ ਦੇ ਪਾਠਾਂ ਵਿਚ ਉਲਝਾ ਕੇ ਸਾਨੁੰ ਮੂਰਖ ਬਣਾ ਦਿੱਤਾ ਗਿਆ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਅਸੀਂ ਗਲਤ ਹਾਂ।
ਗੁਰਦਵਾਰੇ ਅੱਜ ਪ੍ਰਬੰਧਕਾਂ ਲਈ ਵਪਾਰ ਦਾ ਕੇਂਦਰ ਬਣ ਚੁੱਕੇ ਹਨ। ਪ੍ਰਧਾਨਾਂ ਅਤੇ ਸਕੱਤਰਾਂ ਦਾ ਕੰਮ ਸਿਰਫ ਗੋਲਕ ਭਰਨਾ ਅਤੇ ਲੁੱਟਣਾ ਹੀ ਬਣ ਗਿਆ ਹੈ।‘ਸਿੱਖੀ’ ਆਪਣੇ ਅਸਲੀ ਤੱਤਾਂ ਤੋਂ ਸੱਖਣੀ ਹੋ ਚੁੱਕੀ ਹੈ। ਲੋਕ ਪੈਸੇ ਦੇ ਕੇ ਧਰਮ ਖਰੀਦ ਰਹੇ ਹਨ ਜਦੋਂ ਕਿ ਗੁਰਬਾਣੀ ਦਾ ਫੁਰਮਾਣ ਹੈ; “ ਕੰਚਨ ਸਿਉ ਪਾਈਅ ਨਹੀ ਤੋਲਿ॥ ਮਨੁ ਦੇ ਰਾਮ ਲੀਆ ਹੈ ਮੋਲਿ’॥ 1429 ਪੰਨਿਆਂ ਵਿਚ ਅੰਕਿਤ ਗੁਰਬਾਣੀ ਜੋ ਕੁੱਝ ਵੀ ਸਾਨੂੰ ਕਰਨ ਦਾ ਜਾਂ ਨਾ ਕਰਨ ਦਾ ਉਪਦੇਸ਼ ਦਿੰਦੀ ਹੈ ਅੱਜ ਅਸੀਂ ਬਿਲਕੁੱਲ ਉਸ ਦੇ ਉਲਟ ਕਰ ਰਹੇ ਹਾਂ। ਇਹ ਹੈ ਉਧਾਲੀ ਹੋਈ ‘ਸਿੱਖੀ’ ਜੋ ਇਸ ਦੇ ਦੁਸ਼ਮਣਾਂ ਦੇ ਸੂਤਰ ਵਿਚ ਬੱਝੀ ਹੋਈ ਹੈ।
ਉਧਾਲੀ ਹੋਈ ‘ਸਿੱਖੀ’ ਵਿਚ ਬੱਝਿਆ ਹੋਇਆ ‘ਸਿੱਖ’ ਅੱਜ ਉਪਰ ਵੱਲ ਮੂੰਹ ਚੁੱਕ ਕੇ ਸਵਰਗ ਵੱਲ ਤੱਕਦਾ ਹੈ। ਬ੍ਰਹਮਣੀ ਮੱਤਿ ਅਨੁਸਾਰ ਪੈਦਾ ਕੀਤੇ ਦੇਵੀ ਦੇਤਿਆਂ ਤੋਂ ਆਪਣੀਆਂ ਮਨੋ-ਕਾਮਨਾਵਾਂ ਪੂਰੀਆਂ ਕਰਾਉਣ ਲਈ ਪੈਸੇ ਦੇ ਕੇ ਅਰਦਾਸਾਂ ਕਰਵਾਉਂਦਾ ਹੈ। ਗੁਰਬਾਣੀ ਦਾ ਮੰਤਰ ਪਾਠ ਕਰਵਾ ਕੇ ਮਾਇਆ ਦੇ ਗੱਫੇ ਮਿਲਣ ਦੀਆਂ ਅਰਦਾਸਾਂ ਕਰਵਾਉਂਦਾ ਹੈ। ਪੁਜਾਰੀ ਉਸ ਦੀ ਜੇਬ ਖਾਲੀ ਕਰਕੇ ਆਪਣੇ ਖਜ਼ਾਨੇ ਭਰ ਰਹੇ ਹਨ ਜੋ ਉਸ ਨੂੰ ਨਜ਼ਰ ਨਹੀਂ ਆਉਂਦੇ। ਉਧਾਲੀ ਹੋਈ ਸਿੱਖੀ ਦੇ ਪੈਮਾਨੇ ਦੇ ਅੰਦਰ ਅੱਜ ਦਾ ਸਿੱਖ ਆਪਣੇ ਕੀਤੇ ਹੋਏ ਮਾੜੇ ਕੰਮਾਂ, ਅਪਰਾਧਾਂ, ਜੁਲਮਾਂ ਅਤੇ ਠੱਗੀ ਧੋਖਿਆਂ ਨੂੰ ਕੀਤੇ ਅਖੌਤੀ ਧਾਰਮਕ ਕਰਮਾਂ-ਕਾਂਡਾਂ ਨੂੰ ਕਰਕੇ ਮੁਕਤ ਹੋਣਾ ਸਮਝਦਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਫੁਰਮਾਣਾਂ ਦੇ ਬਿਲਕੁੱਲ ਵਿਪਰੀਤ ਹੈ।
ਉਧਾਲੀ ਹੋਈ ‘ਸਿੱਖੀ’ ਸਾਨੂੰ ਗਿਆਨ ਪ੍ਰਾਪਤ ਕਰਨ ਦੀ ਬਜਾਏ ਅੰਨ੍ਹੀ ਸ਼ਰਧਾ ਵੱਲ ਧਕੇਲ ਰਹੀ ਹੈ। ਸਿੱਖ ਧਰਮ ਦੇ ਗੁਰਦਵਾਰੇ ਸਿੱਖਿਆ ਕੇਂਦਰ ਨਾ ਹੋ ਕੇ ਪੁਜਾਰੀਆਂ ਦੇ ਫੁਰਮਾਣ ਕੇਂਦਰ ਬਣ ਚੁੱਕੇ ਹਨ। ਸਾਡੇ ਪੰਜਾਂ ਤਖਤਾਂ ਦੇ ਪ੍ਰਭਾਵਸ਼ਾਲੀ ਪੁਜਾਰੀ ਹਰ ਵਕਤ ਉਸ ਹਰ ਵਿਆਕਤੀ ਨੂੰ ਸਿੱਖ ਧਰਮ ਤੋਂ ਬਾਹਰ ਕੱਢਣ ਦਾ ਫੁਰਮਾਣ ਕਰਨ ਲਈ ਤੱਤਪਰ ਰਹਿੰਦੇ ਹਨ ਜੋ ਉਧਾਲੀ ਹੋਈ ਸਿੱਖੀ ਤੇ ਗੁਰਬਾਣੀ ਮੁਤਾਬਕ ਕਿਸੇ ਕਿਸਮ ਦਾ ਸਵਾਲ ਖੜਾ ਕਰਦਾ ਹੈ।ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਪ੍ਰਮਾਤਮਾ ਹਰ ਜੀਵ-ਜੰਤੂੰ ਦੇ ਅੰਦਰ ਹੈ, ਹਰ ਕਿਸਮ ਦੀ ਬਨਾਸਪਤੀ ਦੇ ਅੰਦਰ ਹੈ। ਜਿਵੇਂ; ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ਇਸ ਕਰਕੇ ਜੋ ਕੁੱਝ ਵੀ ਸਾਨੁੰ ਜਨਮ ਸਮੇਂ ਤੋਂ ਪ੍ਰਾਪਤ ਹੋਇਆ ਹੈ ਉਸ ਤੋਂ ਵੀ ਕਿਤੇ ਵੱਧ ਇਸ ਸੰਸਾਰ ਨੂੰ ਹੋਰ ਸੋਹਣਾ ਬਣਾ ਕੇ ਛੱਡ ਜਾਈਏ ਤਾਂ ਕਿ  ਆਉਣ ਵਾਲੀਆਂ ਨਸਲਾਂ ਹੋਰ ਵੱਧੀਆ ਜੀਵਨ ਜਿਓ ਸਕਣ।  
ਬਾਬਾ ਜੀ ਦਾ ਆਪਣਾ ਜੀਵਨ ਇਕ ਅਰਦਸ਼ ਜੀਵਨ ਹੈ ਜੋ ਲੋਕਾਂ ਲਈ ਅਦਭੁੱਤ ਮਿਸਾਲ ਹੈ। ਗੁ.ਗ੍ਰੰ. ਪੰਨਾ 474 ਤੇ ਰਾਗ ਆਸਾ ਵਿਚ ਦਰਜ਼ ਆਪਣੀ ਵਾਰ ਵਿਚ ਫੁਰਮਾਉਂਦੇ ਹਨ; ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ॥੨੦॥ ਬਾਬਾ ਜੀ ਨੇ ਆਪਣੇ ਹੱਥੀਂ ਕਰਤਾਰਪੁਰ ਵਿਚ ਖੇਤੀ ਕੀਤੀ। ਅਸਲ ਵਿਚ ਸਿੱਖੀ ਦੀ ‘ਰੁਹਾਨੀਆਤ’ ਹੈ ਹੀ ਓਹ ਜੋ ਬਾਬਾ ਜੀ ਨੇ ਆਪ ਘਾਲ-ਕਮਾਈ ਕਰਕੇ ਸਾਨੂੰ ਦਿਖਾਈ। ਜੇ ਅਸੀਂ ਆਪ ਘਾਲ-ਕਮਾਈ ਕਰੀਏ ਤਾਂ ਸਿੱਖੀ ਦੀ ‘ਰੁਹਾਨੀਅਤ’ ਦੇ ਹੱਕਦਾਰ ਅਖਵਾ ਸਕਦੇ ਹਾਂ। ਸਿੱਖੀ ਦਿਖਾਵੇ ਦੀ ਨਹੀਂ ਸਗੋਂ ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰਕੇ ਮਨੁੱਖਤਾ ਦੀ ਭਲਾਈ ਲਈ ਜੂਝਣਾ ਹੀ ‘ਸਿੱਖੀ’ ਹੈ।
‘ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ’॥ ਪੰਨਾ 466॥ ਸਿੱਖੀ ਬਾਹਰੀ ਨਹੀਂ ਸਗੋਂ ਅੰਦਰ ਦੇ ਅਗਿਆਨਤਾ ਦੇ ਅੰਧੇਰੇ ਨੂੰ ਖਤਮ ਕਰਨਾ ਹੀ ‘ਸਿੱਖੀ’ ਹੈ। ਗੁਰਬਾਣੀ  ਦਾ ਫੁਰਮਾਣ ਹੈ; ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ॥ ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ॥ ਪੰਨਾ 124॥ ਇਨ੍ਹਾਂ ਫੁਰਮਾਣਾਂ ਦੇ ਉਲਟ ਅੱਜ ਪੁਜਾਰੀ ਦਾ ਫੈਲਾਇਆ ਹੋਇਆ ਝੂਠ, ਕਰਮ-ਕਾਂਡ, ਪੂਜਾ ਅਤੇ ਮੰਤਰ ਪਾਠ ਦਾ ਜੋ ਜਾਲ ਵਿਛਾਇਆ ਹੈ ਉਹ ਸਾਡੇ ਗਿਆਨ ਵਿਚ ਵਾਧਾ ਨਾ ਕਰਕੇ ਸਗੋਂ ਸਾਨੂੰ ਅਗਿਆਨਤਾ ਦੇ ਹਨੇਰੇ ਵਿਚ ਧਕੇਲੀ ਜਾ ਰਿਹਾ ਹੈ। ਅਸੀਂ ਉਸ ਸੱਭ-ਕਾਸੇ ਨੂੰ ਅਪਣਾ ਲਿਆ ਹੈ ਜੋ ਦੂਸਰੇ ਧਰਮਾਂ ਵਿਚ ਹੈ ਤੇ ਅਸੀਂ ਉਸ ਨੂੰ ਸਿੱਖੀ ਸਮਝ ਰਹੇ ਹਾਂ। ਜਿਵੇ: ਹਿੰਦੂ ਕਿਸੇ ਪ੍ਰਾਣੀ ਦੇ ਮਰਨੇ ਤੇ ‘ਗਰੁੜ ਪਰਾਣ’ ਦਾ ਪਾਠ ਕਰਦੇ ਹਨ ਤੇ ਅਸੀਂ ‘ਗੁਰੂ ਗ੍ਰੰਥ ਸਾਹਿਬ’ ਜੀ ਦਾ, ਉਹ ਸੜੀਆਂ ਹੋਈਆ ਹੱਡੀਆਂ ਨੂੰ ਚੁਣ ਕੇ ਗੰਗਾ ਵਿਚ ਸੁੱਟਣ ਜਾਣ ਨੂੰ ‘ਫੁੱਲ ਪਾਉਣਾ’ ਕਹਿੰਦੇ ਹਨ ਤੇ ਅਸੀਂ ਵੀ ਕੀਰਤਪੁਰ ਜਾਂ ਹਰੀਕੇ ਪੱਤਣ ਜਾ ਕੇ ਸੜੀਆ ਹੋਈਆਂ ਹੱਡੀਆਂ ਨੂੰ ‘ਫੁੱਲ ਪਾਉਣਾ’ ਕਹਿੰਦੇ ਹਾਂ, ਉਹ ਵੀ ਤੀਰਥ ਯਾਤਰਾ ਕਰਦੇ ਹਨ ਤੇ ਅਸੀਂ ਵੀ, ਉਹ ਵੀ ਸਰੋਵਰਾਂ ਵਿਚ ਇਸ਼ਨਾਨ ਕਰਨ ਨੂੰ ‘ਰੁਹਾਨੀਅਤ’ ਸਮਝਦੇ ਹਨ ਤੇ ਅਸੀਂ ਵੀ। ਜਦੋਂ ਕੇ ਗੁਰਬਾਣੀ ਦਾ ਉਪਦੇਸ਼ ਹੈ; ਅਨਿਕ ਜਲਾ ਜੇ ਧੋਵੈ ਦੇਹੀ॥ ਮੈਲਾ ਨ ਉਤਰੈ ਸੁਧੁ ਨ ਤੇਹੀ॥2॥
ਜੋ ਸਿੱਖ ਧਰਮ ਅੱਜ ਸਾਨੂੰ ਦਿਸ ਰਿਹਾ ਹੈ ਇਹ ਲੋਟੂ ਜਮਾਤ ਦਾ ਚਲਾਇਆ ਹੋਇਆ ਹੈ ਨਾ ਕਿ ਗੁਰ ਸਹਿਬਾਨ ਦਾ। ਇਸੇ ਨੂੰ ਹੀ ਉਧਾਲੀ ਹੋਈ ਸਿੱਖੀ ਕਿਹਾ ਜਾ ਸਕਦਾ ਹੈ। ਗੁਰੂ ਸਹਿਬਾਨ ਨੇ ਸਾਨੂੰ ਕੁਦਰਤ ਨਾਲ ਭਰਪੂਰ ਜੀਵਨ ਜਿਉਣ ਦਾ ਉਪਦੇਸ਼ ਦੇ ਕੇ ਸਮਝਾਇਆ ਹੈ ਕਿ ਕੁਦਰਤ ਨੂੰ ਪਿਆਰ ਕਰਨਾ, ਕੁਦਰਤੀ ਜੀਵਾਂ ਨੂੰ ਸੰਭਾਲਣਾ ਹੀ ਪ੍ਰਮਾਤਮਾ ਨੂੰ ਪਾਉਣਾ ਹੈ ਤੇ ਪ੍ਰਮਾਤਮਾ ਤੁਹਾਡੇ ਸਭ ਦੇ ਅੰਦਰ ਹੈ। ਅਸੀਂ ਅੱਜ ਪਾਠ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਖੜ ਕੇ ਅਰਜੋਈ
ਆਂ  ਕਰਦੇ ਹਾਂ, “ ਸਾਡੇ ਖਜ਼ਾਨੇ ਭਰਪੂਰ ਕਰਨੇ, ਪੁੱਤਰ ਦੀ ਦਾਤ ਬਖਸ਼ਿਸ ਕਰਨੀ ਜਾਂ ਸੁੱਖ ਸ਼ਾਂਤੀ ਰੱਖਣੀ”। ਜਦੋਂ ਕੇ ਇਹ ਸਾਡਾ ਆਪਣਾ ਕੰਮ ਹੈ ਨਾ ਕਿ ਕਿਸੇ ‘ਰੱਬ ਜੀ’ ਦਾ। ਗੁਰੂ ਸਾਹਿਬਾਨ ਦਾ ਉਪਦੇਸ਼ ਬੰਦੇ ਦੀ ਘਾੜਤ ਘੜਨ ਲਈ ਹੈ ਜਿਸ ਨੂੰ ਅਸੀਂ ‘ਰੁਹਾਨੀਅਤ’ ਵੀ ਕਹਿ ਸਕਦੇ ਹਾਂ। ਪਰ ਇਸ ਦੇ ਉਲਟ ਪੁਜਾਰੀ ਨੇ ਇੱਟਾਂ, ਪੱਥਰ ਅਤੇ ਸੰਗਮਰਮਰ ਲਾ ਕੇ ਸਾਨੁੰ ਇਸ ਜਾਲ ਵਿਚ ਫਸਾ ਲਿਆ ਹੈ ਕਿ ਪ੍ਰਮਾਤਮਾ ਇੱਥੇ ਵੱਸਦਾ ਹੈ। ਹਰ ਗੁਰਦਵਾਰੇ ਵਿਚ, ‘ਸਚਿਖੰਡ ਵਸੈ ਨਿਰੰਕਾਰੁ’ ਇਕ ਕਮਰੇ ਦੇ ਬਾਹਰ ਲਿਖਿਆ ਮਿਲੇਗਾ।  ਇਸ ਤਰ੍ਹਾਂ ਤਾਂ ‘ਨਿਰੰਕਾਰ’ ਵੀ ਬਹੁਤੇ ਹਨ ਤੇ ‘ਸਚੁਖੰਡ’ ਵੀ । ਜੋ ਸਿੱਖ ਧਰਮ ਦੇ ਇਕ ‘ਨਿਰੰਕਾਰ’ ਅਤੇ ਅਕਾਰ ਰਹਿਤ ‘ਪ੍ਰਮਾਤਮਾ’ ਦੇ ਸਿਧਾਂਤ ਨੂੰ ਕੱਟਦਾ ਹੈ।
ਸਿੱਖ ਧਰਮ ਅੱਜ ਸਿਆਸੀ ਤਾਕਤ ਅਤੇ ਮਾਇਆ ਇਕੱਠੀ ਕਰਨ ਦਾ ਇਕ ਸਾਧਨ ਬਣ ਚੁੱਕਿਆ ਹੈ। ਇਸੇ ਕਰਕੇ ਹੀ ‘ਸਿੱਖੀ’ ਦੀ ਵਿਲੱਖਣਤਾ ਖਤਮ ਹੋ ਚੁੱਕੀ ਹੈ। ਕਿਸੇ ਵੀ ‘ਧਰਮ’ ਵਿਚ ਜੋ ਕੁੱਝ ਅੱਜ ਦੇਖਣ ਨੂੰ ਮਿਲਦਾ ਹੈ ਉਹ ਇਹ ਹੈ; ਦਾਨ-ਪੁੰਨ ਕਰੋ ਸਵਰਗ ਜਾਓ, ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਮਿਲੇਗਾ ਅਤੇ ਅਗਲੇ ਜਨਮ ਵਿਚ ਤੁਸੀਂ ਅਮੀਰ ਹੋਵੋਗੇ। ਜਦੋਂ ਕਿ ਗੁਰਬਾਣੀ ਆਪਾ ਚੀਨਣ ਨੂੰ ਕਹਿੰਦੀ ਹੈ। ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥ ਜਨੁ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ॥
ਕੁੱਝ ਸਿੱਖ ਅੱਜ ਬੜੇ ਮਾਣ ਨਾਲ ਕਹਿੰਦੇ ਸੁਣੀਂਦੇ ਹਾਂ ਕਿ ਸਿੱਖ ਧਰਮ ਹਿੰਦੂ ਧਰਮ ਅਤੇ ਇਸਲਾਮ ਵਿਚੋਂ ਚੰਗੇ ਚੰਗੇ ਸਿਧਾਂਤ ਲੈ ਕੇ ਬਣਾਇਆ ਗਿਆ ਹੈ। ਇਸੇ ਕਰਕੇ ਹੀ ਤਾਂ ਹਿੰਦੂ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ‘ਪੰਜਵਾਂ ਵੇਦ’ ਮੰਨਣ ਲਈ ਤੱਤਪਰ ਹਨ। ਜਦੋਂ ਕਿ ਗੁਰਬਾਣੀ ਕਿਸੇ ਇੱਕੜ-ਦੁੱਕੜ ਰਸਮ ਨੂੰ ਛੱਡ ਕੇ ਇਨ੍ਹਾਂ ਧਰਮਾਂ ਦੇ ਬਹੁਤੇ ਰੀਤਾਂ-ਰਿਵਾਜਾਂ ਨੂੰ ਕੱਟਦੀ ਹੈ। ਜਿਵੇ: ਜਨੇਊ ਨੂੰ, ਸੁੰਨਤ ਨੂੰ, ਵਿਆਹ ਦੇ ਤੌਰ-ਤਰੀਕਿਆਂ ਨੂੰ , ਮਰਨੇ-ਪਰਨੇ ਦੀਆਂ ਰਸਮਾਂ, ਤੀਰਥ ਯਾਤਰਾਵਾਂ ਅਤੇ ਖਾਣ-ਪੀਣ ਦੇ ਤੌਰ-ਤਰੀਕਿਆਂ ਨੂੰ ਰੱਦ ਕਰਨਾ ਆਦਿ। ਦਸਮ ਗ੍ਰੰਥ ਨੂੰ ਪੈਦਾ ਕਰਕੇ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਕੇ, ਗੁਰੂ ਨੂੰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਦਿਖਾਉਣਾ ਅਤੇ ਦਾਹੜੀ ਕੇਸਾਂ ਵਾਲੇ ਸਿੱਖਾਂ ਦਾ ਇਹ ਮੰਨ ਲੈਣਾ ਕਿ ‘ਦਸਮ ਗ੍ਰੰਥ’ ਗੁਰੂ ਦੀ ਕਿਰਤ ਹੈ, ਦੱਸਦਾ ਹੈ, ਕਿ ਸਿੱਖ ਅਗਿਆਨਤਾ ਦੇ ਅੰਧੇਰੇ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ।  
ਸਭ ਤੋਂ ਵੱਧ ਅਫਸੋਸ ਵਾਲੀ ਤਾਂ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਅਤੇ ਸਾਡੇ ਸਾਰੇ ਗੁਰਦਵਾਰਿਆਂ ਦੇ ਮੁੱਖੀ ਅਤੇ ਜੱਥੇਦਾਰ ਸਿੱਖੀ ਤੋਂ ਕੋਰੇ ਹੀ ਨਹੀਂ ਸਗੋ ਉਨ੍ਹਾਂ ਸਾਰੀਆਂ ਅਲਾਹਮਤਾਂ ਨਾਲ ਵੀ ਨਕੋ-ਨੱਕ ਭਰੇ ਪਏ ਹਨ ਜਿਹੜੀਆਂ ਤੋਂ ਬਾਬਾ ਜੀ ਦੀ ਅਸਲ ‘ਸਿੱਖੀ’ ਮਨਾਹ ਕਰਦੀ ਹੈ। ਜਦੋਂ ਵੀ ਕੋਈ ਗੁਰਬਾਣੀ ਨੂੰ ਪੜ੍ਹ-ਸਮਝ ਕੇ ਅਸਲ ਸਿੱਖੀ ਦਾ ਹੋਕਾ ਦਿੰਦਾ ਹੈ ਤਾਂ ਉਧਾਲੀ ਹੋਈ ਸਿੱਖੀ ਦੇ ਸੇਵਕ/‘ਅਖੌਤੀ ਸਿੱਖ’ ਉਸ ਦਾ ਮੂੰਹ ਬੰਦ ਕਰਨ ਤੁਰ ਪੈਂਦੇ ਹਨ। ਜੇਕਰ ਉਹ ਮੂੰਹ ਬੰਦ ਨਹੀਂ ਕਰਦਾ ਤਾਂ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਣ ਤਕ ਵੀ ਨਉਬਤ ਪਹੁੰਚ ਜਾਂਦੀ ਹੈ। ਇਸ ਦੇ ਬਾਵਜੂਦ ਵੀ ਉਧਾਲੀ ਹੋਈ ਸਿੱਖੀ ਨੂੰ ਮੁੜ ਸੁਰਜੀਤ ਕਰਨ ਦੇ ਉਪਰਾਲੇ ਸਨ 1872 ਨੂੰ ਅੰਮ੍ਰਤਸਰ ਵਿਚ ਸਿੰਘ ਸਭਾ ਸਥਾਪਤ ਕਰਕੇ ਸ਼ੁਰੂ ਕੀਤੇ ਗਏ। 1978 ਵਿਚ ਇਕ ਹੋਰ ਸਿੰਘ ਸਭਾ ਲਹੌਰ ‘ਚ ਹੋਂਦ ਵਿਚ ਆਈ ਜਿਸ ਦੇ ਕਰਤਾ-ਧਰਤਾ ਪ੍ਰੋ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਅਤੇ ਹੋਰ ਕਈ ਸਾਰੇ ਵਿਦਵਾਨ ਸਨ। ਜਿਨ੍ਹਾਂ ਦਾ ਮੁੱਖ ਮੰਤਵ ਸੀ ਸਾਰੀਆਂ ਰਹੁ-ਰੀਤਾਂ,  ਜੋ ਗੁਰਬਾਣੀ ਦੇ ਉਲਟ ਹਨ, ਦੇ ਵਿਰੁਧ ਵਿਚ ਪ੍ਰਚਾਰ ਕਰਨਾ ਅਤੇ ਉਹ ਸਾਰੇ ਗ੍ਰੰਥ, ਜੋ ਸਾਡੇ ਗੁਰੂ ਸਹਿਬਾਨ ਦੇ ਨਾਮ ਉਪਰ ਲਿਖੇ ਗਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ-ਧਾਰਾ ਨਾਲ ਮੇਲ ਨਹੀਂ ਖਾਂਦੇ, ਨੂੰ ਲੋਕਾਂ ਦੀ ਕਚਿਹਰੀ ਵਿਚ ਨੰਗਾ ਕਰਨਾ। ਇਹ ਲਹਿਰ ਅੱਜ ਫਿਰ ਤੋਂ ਕਾਫੀ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਅੱਜ ਦੇ ਮੀਡੀਆ ਯੁੱਗ ਨੇ ਇਸ ਕੰਮ ਵਿਚ ਬਹੁਤ ਸਹਾਇਤ ਕੀਤੀ ਹੈ ਜਿਸ ਕਰਕੇ ਸਿੱਖੀ ਵਿਚ ਨਿਖਾਰ ਆਉਂਦਾ ਨਜ਼ਰ ਆ ਰਿਹਾ ਹੈ। ‘ਅਖੋਤੀ ਸਿੱਖੀ’ ਦੇ  ਹਮਾਇਤੀ ਵੀ ਆਪਣਾ ਪੂਰਾ ਜੋਰ ਲਾ ਰਹੇ ਹਨ ਪਰ ਸੱਚ ਦੇ ਸਾਹਮਣੇ ਝੂਠ ਟਿਕ ਨਹੀਂ ਸਕਦਾ। ਇਸ ਕਰਕੇ ਆਖਰ ਨੂੰ ਜਿੱਤ ਸੱਚ ਦੀ ਹੋਣ ਦੀ ਸੰਭਾਵਨਾ ਦਿਸਦੀ ਹੈ।
‘ਸਿੱਖੀ’ ਨੂੰ ਅਗਵਾ ਕਰਨ ਵਾਲੇ ਲੋਕਾਂ ਦਾ ਸਮੂਹ ਗੁਰੂ ਸਾਹਿਬਾਨ ਦੀ ਵੀਚਾਰ-ਧਾਰਾ ਤੋਂ ਬਹੁਤ ਦੁਖੀ ਸੀ। ਉਨ੍ਹਾਂ ਨੇ ਮੁਗਲੀਆ ਹਕੂਮਤ ਨਾਲ ਮਿਲ ਕੇ ਸਿੱਖੀ ਦਾ ਮਲੀਆਮੇਟ ਕਰਨ ਚਾਹਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ, ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਵਿਚ ਹਾਰ ਵੀ ਪਾਏ ਗਏ, ਔਰਤਾਂ ਤੋਂ ਸਵਾ-ਸਵਾ ਮਣ ਕੱਚਾ ਪੀਹਣ ਵੀ ਪਿਸਵਾਇਆ ਗਿਆ, ਖੋਪਰੀਆਂ ਵੀ ਲਾਹੀਆਂ ਗਈਆਂ, ਆਰਿਆਂ ਨਾਲ ਚੀਰਿਆ ਵੀ ਗਿਆ, ਬੰਦ-ਬੰਦ ਵੀ ਕੱਟੇ ਗਏ ਅਤੇ ਦੇਗਿਆਂ ਵਿਚ ਵੀ ਉਬਾਲਿਆ ਗਿਆ ਪਰ ਕਿਸੇ ਨੇ ਹਕੂਮਤ ਦੇ ਜੋਰ ਅੱਗੇ ਸਿਰ ਨਹੀਂ ਨਿਵਾਇਆ। ਦੋ ਗੁਰੂ ਸਹਿਬਾਨ ਨੂੰ ਅੱਤ ਦੇ ਤਸੀਹੇ ਕੇ ਸ਼ਹੀਦ ਵੀ ਕੀਤਾ ਗਿਆ ਪਰ ਅਡੋਲ ਉਹ ਆਪਣੇ ਸਿਧਾਂਤ ਤੇ ਕਾਇਮ ਰਹੇ।
1906 ਈ: ਤੋਂ ਪਹਿਲਾਂ ਦੇ ਸਿੱਖ ਇਤਹਾਸ ਵਿਚ ਇਕ ਵੀ ਸੰਤ/ਸਾਧ ਦਾ ਵਰਨਣ ਨਹੀਂ ਆਉਂਦਾ। ਅੰਗਰੇਜ਼ਾਂ ਨੇ 1906 ਈ: ਵਿਚ ਪੰਜ ਕਿਸਮ ਦੇ ਅਤਰੇ, ਅਤਰ ਸਿੰਘ ਮਸਤੁਆਣੇ ਵਾਲਾ, ਰੇਰੂ ਸਾਹਿਬ ਵਾਲਾ, ਅਤਲੇ ਵਾਲਾ, ਘੁਣਸਾਂ ਵਾਲਾ ਅਤੇ ਜਲਾਲਾਬਾਦ ਪੱਛਮੀ ਵਾਲਾ ਪੈਦਾ ਕੀਤੇ। ਉਸ ਤੋਂ ਬਾਅਦ ਨਾਨਕ ਸਰੀਏ, ਨੂਰਮਹਿਲੀਏ, ਸਿਰਸੇ ਵਾਲੇ, ਹਰਿਆਣੇ ਵਿਚ ਦੁੱਧ ਨਾਲ ਨਹਾਉਣ ਵਾਲੇ ਰਾਮਪਾਲ ਅਤੇ ਛੋਟੇ-ਮੋਟੇ ਪਤਾ ਨਹੀਂ ਹੋਰ ਕਿਨ੍ਹੀ ਕਿਸਮ ਦੇ ਸਾਧ ਪੈਦਾ ਕਰਕੇ ਜਨਤਾ ਨੂੰ ਲੁੱਟਿਆ। ਅੱਜ ਦੇ ਹਕੂਮਤੀਆਂ ਨੇ ਗੁਰਦਵਾਰਿਆਂ ਵਿਚ ਦਾਹੜੀ-ਕੇਸਾਂ ਵਾਲੇ ‘ਸਿੱਖੀ’ ਵਿਰੋਧੀ ਲੋਕ ਵਾੜੇ ਹੋਏ ਹਨ ਜੋ ਲਗਾਤਾਰ ਆਪਣਾ ਕੰਮ ਕਰੀ ਜਾ ਰਹੇ ਹਨ। ਪੁਰਾਣੇ ਜ਼ਮਾਨੇ ਦੀ ਮੁਗਲੀਆ ਅਤੇ ਅੰਗਰੇਜ਼ ਹਕੂਮਤ ਵੀ ਸਿੱਖ ਵੀਚਾਰ-ਧਾਰਾ ਦੀ ਪੱਕੀ ਦੁਸ਼ਮਣ ਰਹੀ ਹੈ। ਉਸੇ ਹੀ ਤਰਜ਼ ਤੇ ਅੱਜ ਦੀ ਸਰਕਾਰ ਕੰਮ ਕਰ ਰਹੀ ਹੈ। ਇਸ ਨੇ ਨਿਰਮਲੇ ਸੰਤਾਂ (ਭਗਵੇਂ ਕਪੜਿਆਂ ਵਾਲੇ) ਸਾਧਾਂ (ਚਿੱਟ ਕਪੜੀਏ), ਬਾਬੇ ਅਤੇ ਡੇਰੇਦਾਰ ਪੈਦਾ ਕਰਕੇ ਸਿੱਖੀ ਨੂੰ ਖਤਮ ਕਰਨ ਦਾ ਪੂਰਾ-ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਜਿਤਨੀ ਚਿਰ ਅਸੀਂ ਸਾਰੇ ਰਲ-ਮਿਲ ਕੇ ਸਿੱਖੀ  ਨੂੰ ਇਨ੍ਹਾਂ ਕੋਲੋਂ ਅਜ਼ਾਦ ਨਹੀਂ ਕਰਵਾ ਲੈਂਦੇ ਉਤਨੀ ਦੇਰ ਤਕ ਅਸੀਂ ਆਪਣੇ ਆਪ ਨੂੰ ਬਾਬੇ ਦੇ ਪੈਰੋਕਾਰ ਕਹਾਉਣ ਦੇ ਹੱਕਦਾਰ ਨਹੀਂ। ਆਓ ਆਪਾਂ ਰਲ-ਮਿਲ ਕੇ ਹੰਭਲਾ ਮਾਰੀਏ ਅਤੇ ਬਾਬਾ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਯਤਨ ਕਰੀਏ। ਤੁਹਾਡੇ ਸਭ ਦੇ ਸਾਥ ਦੀ ਮੰਗ ਕਰਦਾ ਹੈ ਡਾ. ਕਰਮਿੰਦਰ ਸਿੰਘ ਧਾਰਮਕ ਢਿਲੋਂ, ਮਲੇਸ਼ੀਆ।