ਵਾਤਾਵਰਨ ਅਤੇ ਕਿਰਤ ਦੀ ਰਾਖੀ ਦੇ ਜੁੜਵੇਂ ਸਰੋਕਾਰ - ਪਾਵੇਲ ਕੁੱਸਾ

ਵਾਤਾਵਰਨ ਦੀ ਤਬਾਹੀ ਦਾ ਮਸਲਾ ਬੇਹੱਦ ਗੰਭੀਰ ਮਸਲਾ ਹੈ ਤੇ ਇਸ ਦੀ ਰਾਖੀ ਦੇ ਸਰੋਕਾਰਾਂ ਦੀ ਚਰਚਾ ਦੇ ਵੀ ਇਸ ਮਸਲੇ ਵਾਂਗ ਬਹੁਤ ਪਸਾਰ ਹਨ। ਹਵਾ, ਪਾਣੀ, ਮਿੱਟੀ ਦੇ ਪ੍ਰਦੂਸ਼ਣ ਤੋਂ ਲੈ ਕੇ ਜੰਗਲਾਂ ਦੀ ਤਬਾਹੀ ਨਾਲ ਜੁੜਦੇ ਮੌਸਮ ਵਿਗਾੜਾਂ ਤਕ ਦੇ ਖੇਤਰ ਇੱਕ ਦੂਜੇ ਨਾਲ ਜੁੜੇ ਹੋਏ ਹਨ ਤੇ ਇੱਕ ਦੂਜੇ ਤੋਂ ਨਿਖੇੜ ਕੇ ਨਹੀਂ ਸਗੋਂ ਮਨੁੱਖਤਾ ਵੱਲੋਂ ਸਮੁੱਚਤਾ ਵਿਚ ਹੀ ਸੰਬੋਧਨ ਹੋਣ ਦੀ ਮੰਗ ਕਰਦੇ ਹਨ।
       ਧਰਤੀ ਦੇ ਵਾਤਾਵਰਨ ਦੀ ਰਾਖੀ ਦੇ ਸਰੋਕਾਰਾਂ ਨੂੰ ਸੰਬੋਧਨ ਹੋਣ ਵੇਲੇ ਇਹ ਸਵਾਲ ਅਕਸਰ ਉੱਠਦਾ ਹੈ ਕਿ ਕੀ ਇਹ ਰਾਖੀ ਸਿਰਫ਼ ਹਕੂਮਤਾਂ ਦਾ ਹੀ ਕਾਰਜ ਖੇਤਰ ਹੈ ਜਾਂ ਆਮ ਲੋਕਾਂ ਸਿਰ ਵੀ ਕੋਈ ਜ਼ਿੰਮੇਵਾਰੀ ਹੈ। ਹੁਣ ਕਿਸਾਨਾਂ ਵੱਲੋਂ ਕਣਕ ਦਾ ਨਾੜ ਸਾੜਨ ਜਾਂ ਪੰਜਾਬ ਅੰਦਰ ਝੋਨੇ ਕਾਰਨ ਪਾਣੀ ਦੇ ਡਿੱਗਦੇ ਪੱਧਰ ਬਾਰੇ ਹੋ ਰਹੀ ਚਰਚਾ ਵਿਚ ਵੀ ਸਵਾਲ ਉੱਠਦਾ ਰਿਹਾ ਹੈ ਕਿ ਕੀ ਇਹ ਜਿ਼ੰਮੇਵਾਰੀ ਕਿਸਾਨਾਂ ’ਤੇ ਆਇਦ ਨਹੀਂ ਹੋਣੀ ਚਾਹੀਦੀ। ਇਸੇ ਸਵਾਲ ਦਾ ਇਸ ਤੋਂ ਅਗਲਾ ਪਸਾਰ ਇਹ ਬਣ ਜਾਂਦਾ ਹੈ ਕਿ ਸਮਾਜ ਅੰਦਰ ਲੋਕਾਂ ਨੂੰ ਚੇਤਨ ਹੋ ਕੇ ਵਾਤਾਵਰਨ ਦੀ ਤਬਾਹੀ ਕਰਨ ਵਾਲੇ ਤੌਰ ਤਰੀਕਿਆਂ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਵਾਤਾਵਰਨ ਬਚਾਉਣਾ ਚਾਹੀਦਾ ਹੈ। ਸਿਰਫ਼ ਸਰਕਾਰਾਂ ਨੂੰ ਦੋਸ਼ ਦੇਣ ਨਾਲ ਹੀ ਕੁਝ ਨਹੀਂ ਹੋਣਾ ਸਗੋਂ ਲੋਕਾਂ ਨੂੰ ਆਪਣੇ ਪੱਧਰ ’ਤੇ ਯਤਨ ਕਰਨੇ ਪੈਣਗੇ, ਜਾਂ ਸਮੱਸਿਆ ਦਾ ਇਸ ਤੋਂ ਵੀ ਜਿ਼ਆਦਾ ਸਾਧਾਰਨੀਕਰਨ ਕਰ ਦਿੱਤਾ ਜਾਂਦਾ ਹੈ ਕਿ ਹਕੂਮਤਾਂ ਤਾਂ ਹਨ ਹੀ ਅਜਿਹੀਆਂ, ਉਨ੍ਹਾਂ ਤਾਂ ਕੀ ਕਰਨਾ ਹੈ, ਲੋਕਾਂ ਨੂੰ ਖ਼ੁਦ ਹੀ ਕਰਨਾ ਚਾਹੀਦਾ ਹੈ।
ਅਜਿਹੀ ਪਹੁੰਚ ਧਰਤੀ ’ਤੇ ਫੈਲ ਰਹੇ ਪ੍ਰਦੂਸ਼ਣ ਦੇ ਕਾਰਨਾਂ ਅਤੇ ਇਨ੍ਹਾਂ ਕਾਰਨਾਂ ਦੀਆਂ ਮਨੁੱਖਾ ਸਮਾਜ ਦੀਆਂ ਮੌਜੂਦਾ ਆਰਥਿਕ ਸਮਾਜਿਕ ਬਣਤਰਾਂ ਨਾਲ ਜੁੜਦੀਆਂ ਤੰਦਾਂ ਬਾਰੇ ਸਹੀ ਭੇਤ ਨਾ ਹੋਣ ਵਿਚੋਂ ਨਿਕਲਦੀ ਹੈ।
        ਵਾਤਾਵਰਨ ਦੀ ਤਬਾਹੀ ਅਤੇ ਆਬੋ-ਹਵਾ ਵਿਚ ਫੈਲ ਰਿਹਾ ਪ੍ਰਦੂਸ਼ਣ ਮਨੁੱਖ ਦੀ ਪੈਦਾਵਾਰੀ ਸਰਗਰਮੀ ਅਤੇ ਉਸ ਦੇ ਅੰਗ ਵਜੋਂ ਹੀ ਰਹਿਣ ਸਹਿਣ ਦੇ ਤਰੀਕੇ ਸਲੀਕੇ ਦੀ ਦੇਣ ਹੈ। ਵਿਗਿਆਨ ਦੀ ਤਰੱਕੀ ਤੇ ਤਕਨੀਕ ਦੇ ਪਸਾਰੇ ਨੇ ਹੌਲੀ ਹੌਲੀ ਕੁਦਰਤ ਨਾਲ ਜੱਦੋਜਹਿਦ ਵਿਚ ਮਨੁੱਖ ਦਾ ਹੱਥ ਉੱਪਰ ਕਰ ਦਿੱਤਾ ਤੇ ਬਹੁਤ ਸਾਰੀਆਂ ਗੈਰ ਕੁਦਰਤੀ ਪ੍ਰਕਿਰਿਆਵਾਂ ਜ਼ੋਰ ਫੜਦੀਆਂ ਗਈਆਂ। ਮਨੁੱਖ ਦੀ ਪੈਦਾਵਾਰੀ ਸਰਗਰਮੀ ਵਿਚ ਮੁੱਖ ਤੌਰ ’ਤੇ ਖੇਤੀ ਤੇ ਸਨਅਤ ਹੈ ਜਦਕਿ ਮਨੁੱਖ ਸਮਾਜ ਦੀਆਂ ਸੇਵਾਵਾਂ ਦਾ ਖੇਤਰ ਵੀ ਹੈ ਜਿਹੜੇ ਰਲ ਕੇ ਮਨੁੱਖ ਦੀ ਵਾਤਾਵਰਨ ਨੂੰ ਤਬਾਹ ਕਰਨ ਵਾਲੀ ਸਰਗਰਮੀ ਦਾ ਆਧਾਰ ਬਣਦੇ ਹਨ। ਜੇ ਤਾਂ ਇਹ ਮਨੁੱਖਾ ਸਮਾਜ ਇਕਸਾਰ ਹੋਵੇ ਤਾਂ ਇਉਂ ਕਹਿ ਕੇ ਸਾਰਿਆ ਜਾ ਸਕਦਾ ਹੈ ਕਿ ਮਨੁੱਖ ਨੂੰ ਆਪਣਾ ਰਹਿਣ ਸਹਿਣ ਤੇ ਸਮੁੱਚੀ ਪੈਦਾਵਾਰੀ ਸਰਗਰਮੀ ਕੁਦਰਤ ਅਨੁਕੂਲ ਕਰਨੀ ਚਾਹੀਦੀ ਹੈ। ਇਸੇ ਕਰਕੇ ਵਾਤਾਵਰਨ ਸਰੋਕਾਰਾਂ ਨੂੰ ਪ੍ਰਣਾਏ ਕੁਝ ਹਿੱਸੇ ਇਸ ਨਜ਼ਰੀਏ ਤੋਂ ਵਾਤਾਵਰਨ ਤਬਾਹੀ ਲਈ ਆਮ ਲੋਕਾਂ ਨੂੰ ਜਿ਼ੰਮੇਵਾਰ ਠਹਿਰਾਉਣ ਤਕ ਚਲੇ ਜਾਂਦੇ ਹਨ ਤੇ ਇਹਦਾ ਹੱਲ ਵੀ ਜਨ-ਸਾਧਾਰਨ ਦੀਆਂ ਚੇਤਨ ਕੋਸ਼ਿਸ਼ਾਂ ਤਕ ਹੀ ਦੇਖਦੇ ਹਨ।
         ਹਕੀਕਤ ਇਹ ਨਹੀਂ। ਸੰਸਾਰ ’ਤੇ ਮਨੁੱਖ ਦੀ ਪੈਦਾਵਾਰੀ ਸਰਗਰਮੀ ਦੇ ਤੌਰ ਤਰੀਕੇ ਅਤੇ ਸਮੁੱਚੀ ਜੀਵਨ ਜਾਚ ਵੱਖ ਵੱਖ ਦੇਸ਼ਾਂ ਦੇ ਨਿਜ਼ਾਮ ਵਿਉਂਤ ਰਹੇ ਹਨ। ਇਨ੍ਹਾਂ ਨਿਜ਼ਾਮਾਂ ਦੀਆਂ ਕਿਸਮਾਂ ਵੱਖ ਵੱਖ ਹੋ ਕੇ ਵੀ ਇਨ੍ਹਾਂ ਸਭ ਦਾ ਸੁਭਾਅ ਮੂਲ ਰੂਪ ਵਿਚ ਲੁਟੇਰਾ ਹੈ। ਵੱਖ ਵੱਖ ਦੇਸ਼ਾਂ ਅੰਦਰ ਕੀਤੀ ਜਾ ਰਹੀ ਪੈਦਾਵਾਰ ਮਨੁੱਖੀ ਲੋੜਾਂ ਨੂੰ ਕੇਂਦਰ ਵਿਚ ਨਾ ਰੱਖ ਕੇ ਮੁਨਾਫ਼ਾ ਕੇਂਦਰਿਤ ਹੈ। ਇਸ ਲਈ ਪੈਦਾਵਾਰ ਸਰਗਰਮੀ ਦਾ ਪੈਮਾਨਾ, ਪੈਦਾਵਾਰ ਦੇ ਢੰਗ ਤੇ ਉਹਦਾ ਮੰਤਵ ਆਦਿ ਸਭ ਕੁਝ ਮਨੁੱਖਾ ਸਮਾਜ ’ਤੇ ਕਾਬਜ਼ ਸੰਸਾਰ ਸਰਮਾਏਦਾਰੀ ਤੈਅ ਕਰ ਰਹੀ ਹੈ। ਸੰਸਾਰ ਦੀ ਅਤਿ ਵਿਕਸਤ ਸਰਮਾਏਦਾਰ ਜਮਾਤ ਇਹ ਨਾ ਸਿਰਫ਼ ਆਪਣੇ ਮੁਲਕਾਂ ਵਿਚ ਹੀ ਤੈਅ ਕਰਦੀ ਹੈ ਸਗੋਂ ਦੁਨੀਆ ਦੇ ਕੋਨੇ ਕੋਨੇ ਵਿਚ ਵੱਸਦੇ ਗਰੀਬ ਮੁਲਕਾਂ ਤੱਕ, ਉੱਥੋਂ ਦੀ ਖੇਤੀ ਤੇ ਸਨਅਤ ਸਮੇਤ ਹਰ ਕਿਸਮ ਦੀ ਪੈਦਾਵਾਰੀ ਸਰਗਰਮੀ ਨੂੰ ਮਿੱਥਦੀ ਹੈ। ਸੰਸਾਰ ਸਰਮਾਏਦਾਰੀ ਜਿਹੜੀ ਸਾਮਰਾਜ ਵਿਚ ਵਟ ਚੁੱਕੀ ਹੈ ਤੇ ਜਿਸ ਦੀਆਂ ਲੁਟੇਰੀਆਂ ਲਾਲਸਾਵਾਂ ਦਿਨੋ-ਦਿਨ ਫੈਲਦੀਆਂ ਜਾ ਰਹੀਆਂ ਹਨ, ਇਸ ਧਰਤੀ ’ਤੇ ਵਾਪਰਨ ਵਾਲੀ ਹਰ ਤਰ੍ਹਾਂ ਦੀ ਸਰਗਰਮੀ ਨੂੰ ਆਪਣੇ ਹੱਥ ਲੈ ਰਹੀ ਹੈ। ਉਸ ਨੇ ਤਕਨੀਕ ਦਾ ਵਿਕਾਸ ਵੀ ਮੁਨਾਫ਼ੇ ਦੀਆਂ ਦਰਾਂ ਵਧਾਉਣ ਦੀਆਂ ਲੋੜਾਂ ਦੇ ਹਿਸਾਬ ਨਾਲ ਕੀਤਾ ਹੈ। ਇਸੇ ਮੁਨਾਫ਼ੇ ਦੀ ਹਵਸ ਵਿਚੋਂ ਉਸ ਨੇ ਇਸ ਧਰਤੀ ਦੇ ਕੁਦਰਤੀ ਸੋਮਿਆਂ ਤੇ ਮਨੁੱਖ ਦੀ ਕਿਰਤ ਨੂੰ ਰੱਜ ਕੇ ਲੁੱਟਿਆ ਹੈ। ਸੰਸਾਰ ਸਾਮਰਾਜ ਦੁਨੀਆ ਭਰ ਦੇ ਮੁਲਕਾਂ ’ਤੇ ਰਾਜਨੀਤਕ ਸਮਾਜਿਕ ਸੱਭਿਆਚਾਰਕ, ਭਾਵ ਹਰ ਪੱਖੋਂ ਗਲਬੇ ਵਾਲੀ ਹੈਸੀਅਤ ਵਿਚ ਹੈ। ਇਹ ਗਲਬਾ ਕਿਸੇ ਵੀ ਮੁਲਕ ਵਿਚ ਮੁਨਾਫ਼ੇ ਦੀਆਂ ਲੋੜਾਂ ਅਨੁਸਾਰ ਉਥੋਂ ਦੇ ਵਾਤਾਵਰਨ ਤੇ ਪੌਣ-ਪਾਣੀ ਤੋਂ ਉਲਟ ਗੈਰ-ਕੁਦਰਤੀ ਖੇਤੀ ਕਰਵਾ ਸਕਦਾ ਹੈ ਜਿਸ ਦੀ ਉਦਾਹਰਨ ਪੰਜਾਬ ਵਿਚ ਹਰੇ ਇਨਕਲਾਬ ਦੇ ਨਾਂ ਹੇਠ ਪੰਜਾਬ ਵਿਚ ਝੋਨੇ ਦੀ ਫ਼ਸਲ ਬੀਜਣ ਲਾਉਣਾ ਹੈ। ਅਜਿਹਾ ਕੁਝ ਹੀ ਅਫਰੀਕਾ ਦੇ ਕੁਝ ਮੁਲਕਾਂ ਵਿਚ ਸੋਇਆਬੀਨ ਦੀ ਖੇਤੀ ਕਰਵਾ ਕੇ ਕੀਤਾ ਗਿਆ ਹੈ। ਸਾਮਰਾਜ ਦੇ ਇਤਿਹਾਸ ਦੀ ਲੰਘੀ ਡੇਢ ਸਦੀ ਅਜਿਹੀਆਂ ਉਦਾਹਰਨਾਂ ਨਾਲ ਭਰੀ ਪਈ ਹੈ। ਸੰਸਾਰ ਸਰਮਾਏਦਾਰੀ ਵੱਲੋਂ ਲੁਟੇਰੇ ਹਿੱਤਾਂ ਲਈ ਦੁਨੀਆ ਭਰ ਵਿਚ ਮਚਾਈ ਵਾਤਾਵਰਨ ਤਬਾਹੀ ਦੇ ਕੁਕਰਮਾਂ ਦੀ ਸੂਚੀ ਬਹੁਤ ਲੰਮੀ ਹੈ।
        ਹੁਣ ਤਾਂ ਗੱਲਾਂ ਹੋਰ ਵੀ ਅੱਗੇ ਜਾ ਚੁੱਕੀਆਂ ਹਨ। ਸੰਸਾਰ ਦੀਆਂ ਸਾਮਰਾਜੀ ਬਹੁਕੌਮੀ ਕੰਪਨੀਆਂ ਨੇ ਅਤਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤਾਂ ਨੂੰ ਤੀਜੀ ਦੁਨੀਆ ਦੇ ਗਰੀਬ ਮੁਲਕਾਂ ਵੱਲ ਤਬਦੀਲ ਕਰ ਦਿੱਤਾ ਹੈ। ਬੰਗਲਾਦੇਸ਼ ਦੇ ਟੈਕਸਟਾਈਲ ਹੱਬ ਵਜੋਂ ਉੱਭਰਨ ਵਿਚ ਉਥੇ ਬੇਹੱਦ ਸਸਤੀ ਕਿਰਤ ਸ਼ਕਤੀ ਦਾ ਰੋਲ ਹੈ ਪਰ ਨਾਲ ਹੀ ਇਹ ਟੈਕਸਟਾਈਲ ਇੰਡਸਟਰੀ ਉੱਥੋਂ ਦੇ ਪਾਣੀ ਸੋਮਿਆਂ ਨੂੰ ਬੁਰੀ ਤਰ੍ਹਾਂ ਪਲੀਤ ਕਰ ਰਹੀ ਹੈ ਜਿਹੜਾ ਕਿਸੇ ਵਿਕਸਤ ਪੱਛਮੀ ਪੂੰਜੀਵਾਦੀ ਮੁਲਕ ਅੰਦਰ ਕਰ ਸਕਣਾ ਸੰਭਵ ਨਹੀਂ ਹੈ, ਤੇ ਅਜਿਹਾ ਕੁਝ ਹੀ ਵੇਦਾਂਤਾ ਦੇ ਕਾਪਰ ਪਲਾਂਟ ਵੱਲੋਂ ਤਾਮਿਲ ਨਾਡੂ ਵਿਚ ਕੀਤਾ ਜਾ ਰਿਹਾ ਸੀ ਤੇ ਸੰਸਾਰ ਦੀਆਂ ਸਾਮਰਾਜੀ ਬਹੁ-ਕੌਮੀ ਕੰਪਨੀਆਂ ਵੱਲੋਂ ਤੀਜੀ ਦੁਨੀਆ ਦੀ ਧਰਤੀ ਦੇ ਚੱਪੇ ਚੱਪੇ ’ਤੇ ਕੀਤਾ ਜਾ ਰਿਹਾ ਹੈ। ਸਾਮਰਾਜੀ ਰਜ਼ਾ ਅਨੁਸਾਰ ਚੱਲਣ ਵਾਲੇ ਤੀਜੀ ਦੁਨੀਆ ਦੇ ਮੁਲਕਾਂ ਦੇ ਹਾਕਮਾਂ ਵੱਲੋਂ ਆਮ ਕਰਕੇ ਹੀ ਆਪਣੇ ਮੁਲਕਾਂ ਦੇ ਵਾਤਾਵਰਨ ਕਾਨੂੰਨਾਂ ਨੂੰ ਸਾਮਰਾਜੀ ਲੁਟੇਰੇ ਕਾਰੋਬਾਰਾਂ ਦੀਆਂ ਲੋੜਾਂ ਅਨੁਸਾਰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਕਾਗਜ਼ਾਂ ਵਿਚ ਮੌਜੂਦ ਨਾਮ ਨਿਹਾਦ ਕਾਨੂੰਨਾਂ ਦੀ ਵੀ ਇਨ੍ਹਾਂ ਕੰਪਨੀਆਂ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਹੈ।
      ਹੋਰ ਅਗਾਂਹ ਗੱਲ ਕਰੀਏ ਤਾਂ ਮਨੁੱਖ ਦੇ ਰਹਿਣ ਸਹਿਣ ਤੇ ਸਮੁੱਚੀ ਜੀਵਨ ਜਾਚ ਨੂੰ ਸਾਮਰਾਜੀ ਨਿਜ਼ਾਮ ਨੇ ਪੂਰੀ ਤਰ੍ਹਾਂ ਆਪਣੀਆਂ ਕਾਰੋਬਾਰੀ ਲੋੜਾਂ ਅਨੁਸਾਰ ਢਾਲਣ ਦੀ ਕੋਸਿ਼ਸ਼ ਕੀਤੀ ਹੈ। ਖ਼ਾਸ ਤਰ੍ਹਾਂ ਦੇ ਖਪਤਕਾਰੀ ਸਭਿਆਚਾਰ ਦਾ ਪਸਾਰਾ ਕੀਤਾ ਗਿਆ ਹੈ ਜਿਹੜਾ ਵਿਅਕਤੀ ਨੂੰ ਖ਼ਪਤ ਵਾਲੀ ਮਸ਼ੀਨ ਵਿਚ ਬਦਲ ਦੇਣ ਲਈ ਯਤਨ ਕਰ ਰਿਹਾ ਹੈ। ਖ਼ਪਤ ਮਸ਼ੀਨ ਵਜੋਂ ਮਨੁੱਖੀ ਰਹਿਣ ਸਹਿਣ ਦਾ ਤਰੀਕਾ ਤੇ ਸਲੀਕਾ ਵਾਤਾਵਰਨ ਨਾਲ ਟਕਰਾਅ ਵਿਚ ਆ ਰਿਹਾ ਹੈ। ਇਹ ਮਹਿਜ਼ ਵਿਅਕਤੀਗਤ ਚੋਣ ਦਾ ਮਸਲਾ ਨਹੀਂ ਹੈ ਸਗੋਂ ਸੰਸਾਰ ਸਾਮਰਾਜ ਵੱਲੋਂ ਬਾਜ਼ਾਰ ਕੇਂਦਰਿਤ ਜੀਵਨ ਜਾਚ ਉਸਾਰਨ ਦਾ ਸਿੱਟਾ ਹੈ। ਸੰਸਾਰ ਸਾਮਰਾਜੀ ਮੰਡੀ ਜਿੱਥੋਂ ਤੱਕ ਫੈਲਦੀ ਗਈ ਹੈ, ਨਾਲ ਨਾਲ ਪ੍ਰਦੂਸ਼ਣ ਵੀ ਫੈਲਦਾ ਗਿਆ ਹੈ। ਇਸ ਜੀਵਨ ਜਾਚ ਤੋਂ ਖਹਿੜਾ ਛੁਡਾਉਣ ਦਾ ਅਰਥ ਮਨੁੱਖਾ ਜਿ਼ੰਦਗੀ ਵਿਚੋਂ ਬਾਜ਼ਾਰ ਦੀ ਭੂਮਿਕਾ ਨੂੰ ਮਨਫੀ ਕਰਨ ਤਕ ਜਾਣਾ ਹੈ।
        ਦੁਨੀਆ ਦੇ ਇਸ ਨਿਜ਼ਾਮ ਵਿਚ ਆਮ ਵਿਅਕਤੀ ਦੀ ਸਮਾਜੀ ਆਰਥਿਕ ਸਰਗਰਮੀ ਉਸ ਦੀ ਆਪਣੀ ਰਜ਼ਾ ਅਨੁਸਾਰ ਤੈਅ ਨਹੀਂ ਹੁੰਦੀ ਸਗੋਂ ਉਹ ਇਨ੍ਹਾਂ ਸਾਮਰਾਜੀ ਕੰਟਰੋਲ ਵਾਲੀਆਂ ਪੈਦਾਵਾਰੀ ਸਰਗਰਮੀਆਂ ਦਾ ਹੀ ਅੰਗ ਹੈ। ਇਸ ਲਈ ਵਾਤਾਵਰਨ ਦੀ ਤਬਾਹੀ ਰੋਕਣ ਪੱਖੋਂ ਜਿੱਥੇ ਆਮ ਮਜ਼ਦੂਰ ਤਾਂ ਲਾਚਾਰ ਹੈ ਹੀ ਕਿਉਂਕਿ ਫੈਕਟਰੀ ਦੀ ਤਕਨੀਕ ਤੈਅ ਕਰਨ ਅਤੇ ਸਮੁੱਚੀ ਫੈਕਟਰੀ ਦਾ ਪ੍ਰਬੰਧ ਤੈਅ ਕਰਨ ਵਿਚ ਉਹਦੀ ਕੋਈ ਹਿੱਸੇਦਾਰੀ ਨਹੀਂ ਹੈ ਸਗੋਂ ਕਿਸਾਨ ਦੇ ਵੀ ਆਪਣੇ ਹੱਥ ਬਹੁਤਾ ਕੁਝ ਨਹੀਂ ਹੈ। ਜੇ ਪੰਜਾਬ ਦੇ ਕਿਸਾਨਾਂ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਝੋਨੇ ਵਰਗੀ ਪਰਾਈ ਫਸਲ ’ਤੇ ਨਿਰਭਰ ਹੋ ਗਈ ਕਿਸਾਨੀ ਇਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹੋਏ ਵੀ ਨਹੀਂ ਛੁਡਾ ਸਕਦੀ ਕਿਉਂਕਿ ਆਰਥਿਕਤਾ ਬੁਨਿਆਦੀ ਪਹਿਲੂ ਹੈ ਤੇ ਇਸ ਦੀ ਵਿਉਂਤਬੰਦੀ ਹਕੂਮਤਾਂ ਦੇ ਹੱਥ ਵੱਸ ਹੈ। ਇਹ ਹਕੂਮਤਾਂ ਆਮ ਕਰਕੇ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ, ਜਗੀਰਦਾਰਾਂ ਦੇ ਮੁਨਾਫ਼ਿਆਂ ਦੇ ਚੌਖਟਿਆਂ ਵਿਚ ਰਹਿ ਕੇ ਹੀ ਸੋਚਦੀਆਂ ਹਨ। ਇਸ ਪ੍ਰਸੰਗ ਵਿਚ ਪੰਜਾਬ ਦੇ ਪਾਣੀ ਦੇ ਡਿੱਗਦੇ ਪੱਧਰ ਦੀ ਵਿਉਂਤਬੰਦੀ ਦਾ ਮਸਲਾ ਹਕੂਮਤਾਂ ਦਾ ਮਸਲਾ ਬਣਦਾ ਹੈ, ਕਰਜ਼ੇ ਵਿੰਨ੍ਹੀ ਕਿਸਾਨੀ ਖੁਦ ਅਜਿਹੀ ਪਹਿਲਕਦਮੀ ਦੀ ਹਾਲਤ ਵਿਚ ਨਹੀਂ।
       ਮਨੁੱਖੀ ਪੈਦਾਵਾਰੀ ਸਰਗਰਮੀਆਂ ਰਾਹੀਂ ਫੈਲਦਾ ਪ੍ਰਦੂਸ਼ਣ ਰੋਕਣ ਦਾ ਸਬੰਧ ਇਸ ਪੈਦਾਵਾਰ ਦੇ ਮੰਤਵ ਤੇ ਤਰੀਕਾਕਾਰ ਨੂੰ ਬਦਲਣਾ ਹੈ। ਇਸ ਨੂੰ ਬਦਲਣ ਦਾ ਅਰਥ ਦੁਨੀਆ ਦੇ ਸਰਮਾਏਦਾਰਾਂ ਦੇ ਮੁਨਾਫ਼ਾਮੁਖੀ ਹਿੱਤਾਂ ਦੀ ਪੂਰਤੀ ਦੀ ਥਾਂ ਸਮਾਜ ਦੇ ਹਿੱਤਾਂ ਦੀ ਪੂਰਤੀ ਲਈ ਜੁਟਾਉਣਾ ਹੈ। ਅਜਿਹਾ ਕਰਨਾ ਸਿਰਫ਼ ਵਾਤਾਵਰਨ ਦੀ ਰਾਖੀ ਲਈ ਹੀ ਜ਼ਰੂਰੀ ਨਹੀਂ ਹੈ ਸਗੋਂ ਸੰਸਾਰ ਭਰ ਦੇ ਕਿਰਤੀਆਂ ਦੀ ਕਿਰਤ ਦੀ ਲੁੱਟ ਦੀ ਬੰਦ ਖਲਾਸੀ ਲਈ ਵੀ ਜ਼ਰੂਰੀ ਹੈ। ਸਮਾਜਿਕ ਆਰਥਿਕ ਬਰਾਬਰੀ ਲਈ ਜ਼ਰੂਰੀ ਹੈ ਤੇ ਦੁਨੀਆ ਭਰ ਦੇ ਲੋਕਾਂ ਦੀ ਖੁਸ਼ਹਾਲੀ ਵਾਲੇ ਸਮਾਜ ਲਈ ਜ਼ਰੂਰੀ ਹੈ। ਪੈਦਾਵਾਰ ਦਾ ਅਜਿਹਾ ਮੰਤਵ ਹੀ ਉਸ ਦੀ ਤਕਨੀਕ ਨੂੰ ਤੈਅ ਕਰਦਾ ਹੈ ਤੇ ਖੇਤੀ/ਸਨਅਤਾਂ ਦੀ ਰਹਿੰਦ ਖੂੰਹਦ ਨੂੰ ਪ੍ਰਦੂਸ਼ਣ ਰਹਿਤ ਤਰੀਕਿਆਂ ਨਾਲ ਨਜਿੱਠਣ ਲਈ ਵੀ ਤਕਨੀਕ ਦਾ ਵਿਕਾਸ ਕਰਨ ਦੀ ਲੋੜ ਖੜ੍ਹੀ ਕਰਦਾ ਹੈ। ਮੌਜੂਦਾ ਲੁਟੇਰੇ ਮੰਤਵਾਂ ਲਈ ਹੋ ਰਹੀ ਪੈਦਾਵਾਰ ਅਜਿਹੀ ਤਕਨੀਕ ਖੋਜਣ ਤੇ ਵਿਕਸਤ ਕਰਨ ਵੱਲ ਰੁਚੀ ਨਹੀਂ ਰੱਖਦੀ ਕਿਉਂਕਿ ਇਹ ਮੁਨਾਫ਼ਿਆਂ ਦਾ ਜ਼ਰੀਆ ਨਹੀਂ ਬਣਦੀ।
       ਇਸ ਲਈ ਵਾਤਾਵਰਨ ਦੀ ਰਾਖੀ ਲਈ ਹੋਣ ਵਾਲਾ ਸੰਘਰਸ਼ ਇਸ ਦੁਨੀਆ ਵਿਚ ਕਿਰਤੀਆਂ ਦੀ ਕਿਰਤ ਦੀ ਰਾਖੀ ਲਈ ਹੋਣ ਵਾਲੇ ਸੰਘਰਸ਼ ਦਾ ਹੀ ਅੰਗ ਬਣਦਾ ਹੈ। ਵਾਤਾਵਰਨ ਦੀ ਤਬਾਹੀ ਕਰਨ ਲਈ ਜਿ਼ੰਮੇਵਾਰ ਉਹੀ ਸੰਸਾਰ ਸਾਮਰਾਜੀ ਕਾਰਪੋਰੇਟ ਜਗਤ ਹੈ ਜਿਹੜਾ ਦੁਨੀਆ ਭਰ ਦੇ ਕਿਰਤੀਆਂ ਦੀ ਕਿਰਤ ਨੂੰ ਲੁੱਟਣ ਲਈ ਜਿ਼ੰਮੇਵਾਰ ਹੈ। ਸੰਸਾਰ ਕਾਰਪੋਰੇਟ ਜਗਤ ਵੱਲੋਂ ਇਸ ਧਰਤੀ ਦੇ ਕੁਦਰਤੀ ਸੋਮਿਆਂ ਤੇ ਮਨੁੱਖ ਦੀ ਕਿਰਤ ਦਾ ਸ਼ੋਸ਼ਣ ਜੁੜਵਾਂ ਅਮਲ ਹੀ ਹੈ ਤੇ ਇਨ੍ਹਾਂ ਦੋਹਾਂ ਦੀ ਰਾਖੀ ਹੀ ਲੋਕਾਂ ਦੀਆਂ ਜਦੋਜਹਿਦਾਂ ਦਾ ਜੁੜਵਾਂ ਮਸਲਾ ਬਣਨਾ ਚਾਹੀਦਾ ਹੈ। ਇਸ ਲਈ ਲੋਕਾਂ ਨੂੰ ਆਪਣੀਆਂ ਹੱਕੀ ਜੱਦੋਜਹਿਦਾਂ ਵਿਚ ਵਾਤਾਵਰਨ ਦੀ ਰਾਖੀ ਨਾਲ ਸਬੰਧਿਤ ਮੁੱਦਿਆਂ ਦਾ ਸਥਾਨ ਵਧਾਉਣ ਦੀ ਜ਼ਰੂਰਤ ਦਰਪੇਸ਼ ਹੈ। ਵਾਤਾਵਰਨ ਪ੍ਰੇਮੀਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਲੋਕਾਂ ਅੰਦਰ ਵਾਤਾਵਰਨ ਦੀ ਰਾਖੀ ਦੇ ਜਾਗੇ ਹੋਏ ਸਰੋਕਾਰ ਆਖਿ਼ਰ ਨੂੰ ਹਕੂਮਤਾਂ ਮਜਬੂਰ ਕਰਨ ਵਾਲੀਆਂ ਮੰਗਾਂ ਦੇ ਸਰੋਕਾਰਾਂ ਵਿਚ ਵਟ ਕੇ ਹੀ ਸਾਰਥਕ ਹੋ ਸਕਦੇ ਹਨ। ਇਸ ਅਮਲ ਦੌਰਾਨ ਹੀ ਲੋਕ ਖ਼ੁਦ ਦੇ ਵਿਹਾਰ ਦੇ ਵਿਗਾੜਾਂ ’ਤੇ ਵੀ ਕਾਬੂ ਪਾਉਂਦੇ ਹਨ।
       ਲੋਕਾਂ ਦੀ ਆਪਣੀ ਜ਼ਿੰਦਗੀ ਦੀ ਖੁਸ਼ਹਾਲੀ ਲਈ ਹੋਣ ਵਾਲੀ ਜਮਾਤੀ ਜੱਦੋਜਹਿਦ ਨਾਲੋਂ ਨਿੱਖੜ ਜਾਣ ਵਾਲੇ ਵਾਤਾਵਰਨ ਸਰੋਕਾਰ ਚੰਗੀ ਭਾਵਨਾ ਦੇ ਹੁੰਦਿਆਂ ਵੀ ਗ਼ੈਰ-ਪ੍ਰਸੰਗਿਕ ਕੇ ਰਹਿ ਜਾਣ ਲਈ ਸਰਾਪੇ ਜਾਂਦੇ ਹਨ। ਵਾਤਾਵਰਨ ਦੀ ਰਾਖੀ ਦਾ ਮਸਲਾ ਅੰਤਮ ਤੌਰ ’ਤੇ ਇਸ ਧਰਤੀ ਤੋਂ ਸੰਸਾਰ ਸਾਮਰਾਜੀ ਪ੍ਰਬੰਧ ਦੇ ਖਾਤਮੇ ਨਾਲ ਜੁੜਿਆ ਹੋਇਆ ਹੈ। ਇਸ ਖ਼ਾਤਮੇ ਲਈ ਚੱਲਣ ਵਾਲੀ ਮਨੁੱਖਤਾ ਦੀ ਜੱਦੋਜਹਿਦ ਦਾ ਹੀ ਹਿੱਸਾ ਹੈ।
ਸੰਪਰਕ : pavelnbs11@gmail.com