“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੁਤ ।।” - ਸੁਖਪਾਲ ਸਿੰਘ ਗਿੱਲ

ਕੁਦਰਤ ਨੇ ਜੀਉਣ ਲਈ ਹੀਲੇ ਨਾਲ ਵਸੀਲੇ ਬਣਾਏ ਹਨ । ਮਨੁੱਖ ਨੇ ਇਹਨਾਂ ਵਸੀਲਿਆਂ ਨੂੰ ਖਤਮ ਕਰਨ ਲਈ ਆਤਮਘਾਤ ਪੈਦਾ ਕੀਤਾ । ਇਸੇ ਪ੍ਰਸੰਗ ਵਿੱਚ ਵਾਤਾਵਰਨ ਦਾ ਵਿਸ਼ਾ ਆਉਂਦਾ ਹੈ । ਜੀਵਾ ਅਤੇ ਬਨਸਪਤੀ ਦੇ ਮਾਹੌਲ ਨਾਲ ਆਪ ਸੀ ਸੰਬੰਧਾਂ ਦਾ ਦੂਜਾ ਨਾਮ ਹੁੰਦਾ ਹੈ ਵਾਤਾਵਰਨ । ਇਸ ਨਾਲ ਖਿਲਵਾੜ ਕਰਨਾ ਗੁਨਾਹ ਹੈ । ਕੁਦਰਤ ਦਾ ਸੰਤੁਲਨ ਬਣਾਉਣ ਲਈ ਹਰ ਕੋਈ ਰਟੀ ਜਾਂਦਾ ਹੈ ਪਰ ਅਮਲ ਕੋਈ ਨਹੀਂ ਕਰਦਾ । ਇੱਥੋਂ ਤੱਕ ਕਿ ਗੁਰੂਆਂ ਦੇ ਮਹਾਨ ਫ਼ਲਸਫੇ ਨੂੰ ਵੀ ਨਹੀਂ ਮੰਨਦੇ । ਵਾਤਾਵਰਨ ਸੰਬੰਧੀ ਦਿਨ ਦਿਹਾੜੇ ਮਨਾਂ ਕੇ ਬੁੱਤਾ ਸਾਰ ਲਿਆ ਜਾਂਦਾ ਹੈ । ਵੰਗਾਰਾਂ ਪ੍ਹਤੱਖ ਹਨ ,  ਪਰ ਫਿਰ ਵੀ ਅਸੀਂ ਨਹੀਂ  ਸਮਝਦੇ । ਵਾਤਾਵਰਨ ਤੇ ਮਨੁੱਖ ਦੇ ਅਟੁੱਟ ਰਿਸ਼ਤੇ ਹਨ । ਹਵਾ ਪਾਣੀ ਅਤੇ ਧਰਤੀ ਮਾਂ ਨੂੰ ਦੂਸ਼ਿਤ ਕਰਕੇ ਮਾਨਵਜਾਤੀ ਦੀ ਸਿਹਤ ਖੁਦ ਸਹੇੜੀਆਂ ਅਲਾਮਤਾਂ ਕਰਕੇ ਖਤਰੇ ਵਿੱਚ ਹੈ।
ਫਰਵਰੀ 2007 ਵਿੱਚ ਪੈਰਿਸ ਵਿੱਚ ਵਾਤਾਵਰਨ ਕਾਨਫਰੰਸ ਆਯੋਜਿਤ ਕੀਤੀ ਗਈ ।ਇਸ ਵਿੱਚ ਉੱਘੇ ਵਿਗਿਆਨੀਆਂ ਨੇ ਕਿਹਾ ਕਿ ਜੇ ਹੁਣ ਵੀ ਗਰੀਨ ਹਾਊਸ ਨੂੰ ਜ਼ਹਿਰੀਲੀਆਂ ਗੈਸਾਂ ਤੋਂ ਨਾ ਬਚਾ ਸਕੇ ਫਿਰ ਸਾਡੇ ਕੋਲ ਪਛਤਾਉਣ ਲਈ ਕੋਈ ਸਮਾਂ ਨਹੀਂ ਹੋਵੇਗਾ । ਵਾਤਾਵਰਨ ਨੂੰ ਹਵਾ ਪਾਣੀ ਅਤੇ ਧਰਤੀ ਮਾਤਾ ਤੋਂ ਵੱਖ ਨਹੀਂ ਕਰ ਸਕਦੇ । ਜੇ ਇਹਨਾਂ ਤਿੰਨਾਂ ਮੁੱਦਿਆਂ ਤੇ ਵਿਚਾਰ ਹੋਵੇ ਤਾਂਹੀ ਵਾਤਾਵਰਨ ਸਲਾਮਤ ਰਹੇਗਾ । ਇਹ ਤਿੰਨੇ ਤੱਥ ਇੱਕ ਦੂਜੇ ਦੇ ਸਹਾਇਕ ਵਜੋਂ ਕੰਮ ਕਰਦੇ ਹਨ ।ਪੰਜਾਬ ਵਿੱਚ 9 ਪ੍ਰਤੀਸ਼ਤ ਤੋ ਘੱਟ ਰਕਬਾ ਜੰਗਲਾਂ ਅਧੀਨ ਹੈ।ਜਦੋਂ ਕਿ ਇਹ 33 ਫੀਸਦੀ ਚਾਹੀਦਾ ਹੈ।ਰੁੱਖ ਸਾਫ ਹਵਾ ਦਿੰਦੇ ਹਨ।ਦੂਸ਼ਿਤ ਹਵਾ ਨਾਲ ਭਾਰਤ ਵਿੱਚ ਹਜ਼ਾਰਾਂ ਮੌਤਾਂ ਹੁੰਦੀਆਂ ਹਨ।ਪੰਜਾਬ ਵਿੱਚ ਲੁਧਿਆਣਾ ਜਿਲ੍ਹਾ ਸੰਬੰਧੀ 1997—98 ਵਿੱਚ ਇੱਕ ਰਿਪੋਰਟ ਆਈ ਸੀ ਜਿਸ ਮੁਤਾਬਿਕ ਇੱਥੇ ਦੋ ਸੌਂ ਪੰਜਾਹ ਕਰੋੜ ਦਾ ਮੈਡੀਕਲ ਵਪਾਰ ਹੋਇਆ।ਆਲਮੀ ਪੱਧਰ ਤੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਾਤਾਵਰਨ ਬਾਰੇ ਇੱਕ ਰਾਏ ਨਹੀਂ ਬਣ ਸਕੀ।ਇਸਨੂੰ ਬਹੁਤਾ ਪੜਚੋਲਿਆ ਪਰ ਤੋਲਿਆ ਘੱਟ ਗਿਆ।ਤਾਪਮਾਨ ਵੱਧਣ ਕਰਕੇ ਵਾਤਾਵਰਨ ਦੀ ਤਬਦੀਲੀ ਵਿੱਚ 70 ਪ੍ਰਤੀਸ਼ਤ ਯੋਗਦਾਨ ਹੈ।ਪ੍ਰਾਇਮਰੀ ਸਿੱਖਿਆ ਤੋਂ ਪੜਾਇਆ ਜਾਂਦਾ ਹੈ ਕਿ ਸਾਹ ਲੈਣ ਵਾਸਤੇ ਆਕਸੀਜਨ ਜ਼ਰੂਰੀ ਹੁੰਦੀ ਹੈ।ਜਿਸ ਦਾ ਉਤਪੰਨ ਰੁੱਖਾਂਤੋਂ ਹੁੰਦਾ ਹੈ।ਰੁੱਖ ਕਾਰਬਨਡਾਈਆਕਸਾਈਡ ਜ਼ਜਬ ਕਰਦੇ ਹਨ ਅਤੇ ਆਕਸੀਜਨ ਛੱਡ ਦੇ ਹਨ ਪਰ ਰੁੱਖਾਂ ਹੇਠੋਂ ਰਕਬਾ ਘੱਟਣ ਦਾ ਸਿਲਸਿਲਾ, ਸਿਲਸਿਲੇਵਾਰ ਜਾਰੀ ਹੈ।ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਕੋਲ ਪ੍ਰਤੀ ਵਿਅਕਤੀ 8953 , ਰੂਸ ਕੋਲ 4461, ਅਮਰੀਕਾ ਕੋਲ 716, ਚੀਨ ਕੋਲ 102, ਭਾਰਤ ਕੋਲ ਮਹਿਜ ਸਿਰਫ 28 ਰੁੱਖ ਹਨ।ਜਦੋਂ ਕਿ ਫਾਰੈਸਟ ਸਰਵੇ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 20 ਹਜ਼ਾਰ ਹੈਕਟੇਅਰ ਵਾਧੇ ਦੀ ਸ਼ਿਫਾਰਸ਼ ਹੈ।
ਸਾਹਿਤਕ ਪੱਖ ਤੋਂ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਦਿਲ ਟੁੰਬਵੀਂ ਕਵਿਤਾ ਹੈ :—
“ ਸਾਂਝੀ ਬੋਲੀ ਸਭ ਰੁੱਖਾਂ ਦੀ, ਦਿਲ ਕਰਦਾ ਲਿਖ ਜਾਵਾਂ,
ਮੇਰਾ ਵੀ ਇਹ ਦਿਲ ਕਰਦਾ ਏ, ਰੁੱਖ ਦੀ ਜ਼ੂਨੇ ਆਵਾਂ,
ਜੇ ਤੁਸੀ ਮੇਰਾ ਗੀਤ ਏ ਸੁਣਨਾ, ਮੈਂ ਰੁੱਖਾਂ ਵਿੱਚ ਗਾਵਾਂ,
ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜੀਊਣ ਰੁੱਖਾਂ ਦੀ ਛਾਵਾਂ।”
ਰੁੱਖਾਂ ਦੀ ਕਟਾਈ ਨਾਲ 66 ਹਜ਼ਾਰ ਜੀਵਾ—ਜੰਤੂਆਂ ਅਤੇ ਪੌਦਿਆਂ ਦੀਆਂ ਨਸਲਾਂ ਨੂੰ ਖਤਰਾ ਹੈ।ਗੱਲ ਸਮਝਣੀ ਪਊ ਜੇ ਰੁੱਖ ਹੈ ਤਾਂ ਮਨੁੱਖ ਹੈ।ਰੁੱਖ ਅਤੇ ਕੁੱਖ ਦਾ ਸਮਾਜਿਕ ਮੇਲ ਵੀ ਕੀਤਾ ਜਾ ਸਕਦਾ ਹੈ।ਪਹਿਲੀ ਕਿਲਕਾਰੀ ਤੋਂ ਅਰਥੀ ਤੱਕ ਰੁੱਖਾਂ ਨਾਲ ਵਾਹ—ਵਾਸਤਾ ਪੈਂਦਾ ਹੈ।
ਧਰਤੀ ਦਾ ਵੀ ਵਾਤਾਵਰਨ ਲਈ ਮਹੱਤਵ ਹੈ।ਧਰਤੀ ਮਾਤਾ ਫਸਲਾਂ ਅਤੇ ਨਸਲਾਂ ਉੱਤੇ ਦਇਆ ਭਾਵਨਾ ਰੱਖਦੀ ਹੈ।ਇਸ ਵਿੱਚ ਵੀ ਲੱਖਾਂ ਟੰਨ ਜ਼ਹਿਰਾਂ ਅਤੇ ਰਸਾਇਣ ਘੋਲ ਦਿੱਤੇ ਗਏ ਹਨ।ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਪਰ ਉਸੇ ਦੀ ਚੁੰਨੀ ਵੀ ਉਤਾਰੀ ਜਾਂਦੇ ਹਾਂ।ਸੋਨਾ ਉਪਜਦੀ ਧਰਤੀ ਹੁਣ ਮਨੁੱਖੀ ਜਾਨਾਂ ਲਈ ਮਾਰੂ ਹੋ ਰਹੀ ਹੈ।ਧਰਤੀ ਦੀ ਸਿਹਤ ਖਰਾਬ ਤਾਂ ਮਨੁੱਖਤਾ ਦੀ ਸਿਹਤ ਆਪਣੇ ਆਪ ਖਰਾਬ ਹੋ ਜਾਂਦੀ ਹੈ।ਧਰਤੀ ਮਾਤਾ ਦੀ ਪੁਕਾਰ ਇਉਂ ਸੁਣੋ:—
“ ਕਦੇ—ਕਦੇ ਦਿਲ ਹੈ ਕਰਦਾ, ਲੋਕਾਂ ਵਰਗੀ ਹੋ ਜਾਵਾਂ,
ਹਾਂ ਮਾਂ ਧਰਤੀ , ਕਿਵੇਂ ਧੀਆਂ ਪੁੱਤਰਾਂ ਉੱਤੇ ਕਹਿਰ ਕਮਾਵਾਂ।”
ਮਨੁੱਖ ਨੇ ਧਰਤੀ ਨਾਲ ਧ੍ਰੋਹ ਕਮਾਇਆ ਪਰ ਧਰਤੀ ਨੇ ਆਸਰਾ ਹੀ ਦਿੱਤਾ।ਧਰਤੀ ਅਤੇ ਮਾਂ ਦਾ ਮਨੁੱਖ ਹਮੇਸ਼ਾ ਕਰਜਈ ਰਹੇਗਾ।ਮਨੁੱਖ ਮਿੱਟੀ ਵਿੱਚੋਂ ਉਪਜ ਕੇ , ਮਿੱਟੀ ੳੱੁਤੇ ਖੇਲ ਕੁੱਦ ਕੇ ,ਮਿੱਟੀ ਵਿੱਚ ਹੀ ਸਮਾ ਜਾਂਦਾ ਹੈ।
“ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”।ਇਹ ਕੁਦਰਤ ਦੀ ਦੇਣ ਹੈ ਇਸ ਤੋਂ ਬਿਨ੍ਹਾਂ ਜੀਵਨ ਅਸੰਭਵ ਹੈ।ਪਾਣੀ ਧਰਤੀ ਅਤੇ ਰੁੱਖਾਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ।ਮਨੁੱਖੀ ਸਿਹਤ ਲਈ ਵੀ ਬੇਹੱਦ ਜ਼ਰੂਰੀ ਹੈ।ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹੁਣੇ ਹੀ ਧਰਤੀ ਹੇਠੋਂ ਪਾਣੀ ਤੇ ਪੱਧਰ ਨੂੰ ਨੀਵਾਂ ਹੋਣ ਤੋ ਰੋਕਣ ਲਈ ਧਰਤੀ ਦੇ ਪੁੱਤਰਾਂ ਲਈ ਝੋਨੇ ਦੀ ਸਿੱਧੀ ਬਿਜਾਈ ਵਾਸਤੇ 1500/— ਰੁਪਏ ਵਿੱਤੀ ਸਹਾਇਤਾ ਦੀ ਮੰਨਜ਼ੂਰੀ ਦਿੱਤੀ ਹੈ।ਇਸ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਗਾਏ ਗੀਤ ਤੇ ਪਹਿਰਾ ਦਿੱਤਾ ਹੈ :—
“ਚੱਕ ਤੇ ਟਿੱਬੇ ਲਾਤਾ ਝੋਨਾ, ਧਰਤੀ ਕਹਿੰਦੇ ਉਗਲੇ ਸੋਨਾ,
ਸਬਮਰਸੀਬਲਾਂ ਨੇ ਖਿੱਚਤਾ ਪਾਣੀ, ਫਸਲ ਬੀਜ ਲਈ ਧਰਤੀ ਖਾਣੀ,
ਰੇਹਾਂ ਪ਼ਾ ਸਪਰੇਆਂ ਕਰਕੇ, ਮੰਡੀਆਂ ‘ਚ ਲਾ ਦਿੱਤੀਆਂ ਢੇਰੀਆਂ,
ਕਿੱਕਰਾਂ, ਟਾਹਲੀਆਂ, ਬੇਰੀਆਂ ਅੱਜ—ਕੱਲ੍ਹ ਦਿਖਦੀਆਂ ਨਹੀਂ।”
ਹਰ ਸਾਲ ਧਰਤੀ ਜਲ ਅਤੇ ਰੁੱਖਾਂ ਸੰਬੰਧੀ ਦਿਵਸ ਮਨ੍ਹਾਂ ਕੇ ਸਾਰ ਲਿਆ ਜਾਂਦਾ ਹੈ ਪਰ ਇਹ ਤਿੰਨੋਂ ਚੀਜ਼ਾਂ ਮਨੁੱਖ ਦੀ ਪੁੱਟੀ ਕਬਰ ਨਾਲ ਮਨੁੱਖ ਲਈ ਹੀ ਵੰਗਾਰ ਬਣ ਚੁੱਕੀਆਂ ਹਨ।ਉੱਘੇ ਵਾਤਾਵਰਨਪ੍ਰੇਮੀ ਲੈਸਟਰ ਬਰਾਊਨ ਨੇ ਕਿਹਾ ਸੀ “ਤੇਲ ਦੀਆਂ ਵਧਦੀਆਂ ਕੀਮਤਾਂ ਤੇ ਮੁੱਕ ਰਹੇ ਭੰਡਾਰ ਤੇ ਚਿੰਤਤ ਹੋ ਰਹੇ ਹਾਂ ਪਰ ਪੰਪਾਂ ਦੀ ਬੇਲੋੜੀ ਵਰਤੋਂ ਧਰਤੀ ਹੇਠਲੇ ਪਾਣੀ ਨੂੰ ਖਤਮ ਕਰਨਾ ਕਿਤੇ ਗੰਭੀਰ ਹੈ।” ਇਸ ਤੇ ਪਹਿਰਾ ਦੇਣਾ ਚਾਹੀਦਾ ਹੈ ਇਕੱਲੇ ਪੰਜਾਬ ਵਿੱਚ 15 ਲੱਖ ਤੋਂ ਉੱਪਰ ਟਿਊਬਵੈੱਲ ਹਨ।ਪੰਜਾਬ ਦੇ 75 ਫੀਸਦੀ ਬਲਾਕਾਂ ਵਿੱਚ ਜ਼ਮੀਨ ਦਾ ਪਾਣੀ ਡਾਰਕ ਜ਼ੋਨ ਘੋਸ਼ਿਤ ਕੀਤਾ ਹੋਇਆ ਹੈ।ਸਾਲ 2025 ਤੱਕ ਸੂਬੇ ਦੇ 90 ਫੀਸਦੀ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 10 ਮੀਟਰ ਤੋਂ ਹੇਠਾਂ ਹੋ ਜਾਵੇਗਾ। ਸਾਲ 2005 ਵਿੱਚ ਹੀ 60 ਪ੍ਰਤੀਸ਼ਤ ਖੂਹ ਸੁੱਕ ਗਏ ਸਨ।ਇਸ ਲਈ ਵਾਤਾਵਰਨ ਸੰਬੰਧੀ ਵਿਸ਼ੇਸ਼ ਪਹਿਲੂਆਂ ਤੇ ਚਰਚਾ ਕਰਨ ਦੀ ਵਧੇਰੇ ਲੋੜ ਹੈ।ਸਾਡੇ ਗੁਰੂਆਂ ਨੇ ਸਂੈਕੜੇ ਸਾਲ ਇਸ ਸਿਰਲੇਖ ਅਧੀਨ ਸਭ ਕੁੱਝ ਦਰਸਾ ਦਿਤਾ ਸੀ ਕਿ :— “ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।”
ਆਓ ਓਠੋ, ਸੰਭਲੋ , ਹੰਭਲਾ ਮਾਰ ਕੇ ਵਾਤਾਵਰਨ ਨੂੰ ਬਚਾਉਣ ਲਈ ਯੋਗਦਾਨ ਪਾਈਏੇ।ਇਸ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿ ਸਕਦੀਆਂ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾਕਲਾਂ
98781—11445