ਇਹ ਆਦਿ ਅੰਤ ਕੀ ਸਾਖੀ ਹੈ। - ਸਵਰਾਜਬੀਰ

ਜੇਕਰ ਪੰਜਾਬ ਦੀ ਪਿਛਲੀ ਇਕ ਸਦੀ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਨੌਜਵਾਨਾਂ ਦੇ ਮਾਨਸਿਕ ਸੰਸਾਰ ਵਿਚ ਪੰਜ ਪ੍ਰਮੁੱਖ ਪ੍ਰਵਿਰਤੀਆਂ ਅਤੇ ਰੁਝਾਨ ਉੱਭਰਦੇ ਦਿਖਾਈ ਦਿੰਦੇ ਹਨ। ਪਹਿਲਾ ਰੁਝਾਨ 1931 ਵਿਚ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਉੱਭਰਦਾ ਹੈ, ਭਗਤ ਸਿੰਘ ਆਪਣੇ ਆਪ ਨੂੰ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ ਲਹਿਰ ਤੇ ਉਸ ਦੇ ਸ਼ਹੀਦਾਂ ਖ਼ਾਸ ਕਰਕੇ ਕਰਤਾਰ ਸਿੰਘ ਸਰਾਭਾ, ਕਾਕੋਰੀ ਕਾਂਡ ਦੇ ਸ਼ਹੀਦਾਂ ਅਸ਼ਫ਼ਾਕ ਉੱਲਾ ਖਾਂ ਅਤੇ ਰਾਮ ਪ੍ਰਸਾਦ ਬਿਸਮਿਲ ਅਤੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਵਾਰਿਸ ਮੰਨਦਾ ਹੈ। ਆਪਣੇ ਮਹਾਨ ਬਲੀਦਾਨ ਰਾਹੀਂ ਉਸ ਨੇ ਪੰਜਾਬ ਦੇ ਨੌਜਵਾਨਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡੀ। ਉਹ ਲੋਕ-ਗੀਤਾਂ ਅਤੇ ਸ਼ਾਇਰਾਂ ਦੀ ਕਵਿਤਾ ਵਿਚ ਲੋਕ-ਨਾਇਕ ਬਣ ਕੇ ਉੱਭਰਿਆ । ਮੇਲਾ ਰਾਮ ਤਾਇਰ ਜਿਹੇ ਲੋਕ-ਕਵੀਆਂ ਨੇ ਉਸ ਦੀਆਂ ਘੋੜੀਆਂ ਲਿਖੀਆਂ ਹਨ। ਪੰਜਾਬ ਦੀ ਕਮਿਊਨਿਸਟ ਲਹਿਰ, ਖੱਬੇ-ਪੱਖੀ ਚਿੰਤਕਾਂ, ਨਕਸਲੀ ਲਹਿਰ ਅਤੇ ਉਸ ਨਾਲ ਜੁੜੇ ਕਵੀਆਂ ਨੇ ਉਸ ਦੇ ਬਿੰਬ ਨੂੰ ਨੌਜਵਾਨਾਂ ਦੇ ਮਨਾਂ ਵਿਚ ਗੂੜ੍ਹਾ ਕਰਨ ਵਿਚ ਹਿੱਸਾ ਪਾਇਆ। ਉਹ ਭਾਰਤ ਦੇ ਕੋਨੇ ਕੋਨੇ ਵਿਚ ਸਮਾਜਿਕ ਅਤੇ ਆਰਥਿਕ ਗ਼ੁਲਾਮੀ ਵਿਰੁੱਧ ਲੜੀਆਂ ਜਾ ਰਹੀਆਂ ਲੜਾਈਆਂ ਵਿਚ ਵਿਦਰੋਹ ਦਾ ਪ੍ਰਤੀਕ ਬਣ ਗਿਆ, ਫ਼ਿਲਮਾਂ, ਨਾਟਕ, ਗੀਤ, ਨਾਵਲ, ਕਵਿਤਾਵਾਂ, ਲੋਕ-ਗੀਤ, ਉਸ ਦਾ ਜ਼ਿਕਰ ਹਰ ਥਾਂ ’ਤੇ ਹਾਜ਼ਰ ਹੈ, ਉਹ ਅੱਜ ਵੀ ਲੋਕ-ਲਹਿਰਾਂ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਦਾ ਮਹਿਬੂਬ ਨਾਇਕ ਹੈ।
      ਦੂਸਰਾ ਰੁਝਾਨ ਗੁਰਬਖ਼ਸ਼ ਸਿੰਘ ਦੁਆਰਾ ਚਲਾਏ ਗਏ ਮੈਗਜ਼ੀਨ ਪ੍ਰੀਤਲੜੀ ਵਿਚੋਂ ਪੈਦਾ ਹੋਈ ਪ੍ਰੀਤ-ਲਹਿਰ ਦਾ ਹੈ ਜੋ ਪੰਜਾਬ ਦੇ ਧਾਰਮਿਕ ਅਤੇ ਸੰਸਕਾਰੀ ਵਿਚਾਰ-ਜਗਤ ਤੋਂ ਬਾਹਰ ਇਕ ਨਿਵੇਕਲਾ ਸਥਾਨ ਬਣਾਉਣ ਵਿਚ ਕਾਮਯਾਬ ਹੁੰਦੀ ਹੈ। ਇਸ ਪ੍ਰੀਤ-ਸੰਸਾਰ ਦੇ ਅਸਰ ਹੇਠਾਂ ਪੰਜਾਬੀ ਨੌਜਵਾਨ ਪੁਰਾਣੇ ਸਮਾਜਿਕ ਸੰਸਕਾਰਾਂ ਤੋਂ ਬਾਹਰ ਪ੍ਰੇਮ ਅਤੇ ਨਿੱਜੀ ਸ਼ਖ਼ਸੀਅਤ ਦਾ ਸੁਹਜਮਈ ਪਸਾਰ ਕਰਨਾ ਲੋਚਦੇ ਹਨ। ਪੰਜਾਬੀ ਲੇਖਕਾਂ ਨੇ ਪੰਜਾਬੀ ਮਨ ਵਿਚ ਬਣੀ ਇਸ ਨਵੀਂ ਜ਼ਮੀਨ ’ਤੇ ਨਵੇਂ ਸਮਾਜਿਕ, ਸੱਭਿਆਚਾਰਕ ਅਤੇ ਇਨਕਲਾਬੀ ਰੰਗ ਭਰੇ ਹਨ।
       ਤੀਸਰਾ ਸੰਸਾਰ ਸ਼ਿਵ ਕੁਮਾਰ ਦਾ ਬ੍ਰਿਹਾ-ਸੰਸਾਰ ਹੈ ਜੋ ਪੰਜਾਬੀ ਨੌਜਵਾਨਾਂ ਦੇ ਮਨਾਂ ਵਿਚ ਇਕ ਸਦੀਵੀ ਘਰ ਬਣਾਈ ਬੈਠਾ ਹੈ, ਉਹ ਬ੍ਰਿਹਾ ਅਤੇ ਜੋਬਨ ਰੁੱਤੇ ਮਰਨ ਨੂੰ ਜ਼ਿੰਦਗੀ ਦੀ ਸਿਖ਼ਰ ਮੰਨਦਾ ਹੈ, ‘‘ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ।’’ ਸਾਈਮੋਨਾ (Simona) ਸਾਹਨੀ ਆਪਣੇ ਲੇਖ ‘ਭਗਤ ਸਿੰਘ : ਮੌਤ ਅਤੇ ਆਸਾਂ-ਉਮੀਦਾਂ ਦੀ ਸਿਆਸਤ (Bhagat Singh: A Politics of Death and Hope)’ ਦੀ ਸ਼ੁਰੂਆਤ ਸ਼ਿਵ ਕੁਮਾਰ ਦੀ ਸਤਰ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਨਾਲ ਕਰਦੀ ਹੈ। ਜਿੱਥੇ ਕਰਤਾਰ ਸਿੰਘ ਸਰਾਭਾ-ਭਗਤ ਸਿੰਘ ਪਰੰਪਰਾ ਵਿਚ ਜ਼ਾਲਮਾਂ ਵਿਰੁੱਧ ਲੜਦਿਆਂ ਚੜ੍ਹਦੀ ਜਵਾਨੀ ਵਿਚ ਕੁਰਬਾਨੀ ਦੇਣ ਦਾ ਬਿੰਬ/ਪ੍ਰਤੀਕ ਉੱਭਰਦਾ ਹੈ, ਉੱਥੇ ਸ਼ਿਵ ਕੁਮਾਰ ਦੀ ਕਵਿਤਾ ਵਿਚ ਪੰਜਾਬ ਦੇ ਨਿਰਾਸ਼ ਹੋਏ ਉਸ ਨੌਜਵਾਨ ਦੀ ਮਨੋਸਥਿਤੀ ਦਾ ਵਰਨਣ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਲਈ ਲੜੇ, ਉਸ ਦੇ ਦੁਸ਼ਮਣ ਕੌਣ ਹਨ, ਉਹ ਸਮਾਜਿਕ ਸਥਿਤੀਆਂ ਅਤੇ ਜ਼ੰਜੀਰਾਂ ਵਿਚ ਗ੍ਰਸਿਆ ਨੌਜਵਾਨ ਹੈ ਜਿਸ ਨੂੰ ਇਹ ਲੱਗਦਾ ਹੈ ਕਿ ਉਹ ਇਨ੍ਹਾਂ ਜ਼ੰਜੀਰਾਂ ਤੋਂ ਮੁਕਤ ਨਹੀਂ ਹੋ ਸਕਦਾ, ਉਸ ਨੂੰ ਸਮਾਜ ਉਸ ਕੰਧ ਵਾਂਗ ਦਿਖਾਈ ਦਿੰਦਾ ਹੈ ਜਿਸ ਨੂੰ ਉਹ ਤੋੜ ਨਹੀਂ ਸਕਦਾ, ਉਹ ਉਸ ਕੰਧ ਨਾਲ ਮੱਥਾ ਮਾਰਦਿਆਂ ਮਾਰਦਿਆਂ ਲਹੂ-ਲੁਹਾਣ ਹੁੰਦਾ ਅਤੇ ਮਰ ਜਾਣਾ ਲੋਚਦਾ ਹੈ। ਸ਼ਿਵ ਕੁਮਾਰ ਕੋਲ ਪੰਜਾਬੀ ਭਾਸ਼ਾ ਦਾ ਅਮੀਰ ਖ਼ਜ਼ਾਨਾ ਹੈ ਜਿਹੜਾ ਉਸ ਨੂੰ ਪੰਜਾਬੀਆਂ ਦੇ ਅਵਚੇਤਨ ਤਕ ਪਹੁੰਚਣ ਦੇ ਵਸੀਲੇ ਦਿੰਦਾ ਹੈ ਜਿਨ੍ਹਾਂ ਰਾਹੀਂ ਉਹ ਸਮਾਜਿਕ ਸਥਿਤੀਆਂ ਵਿਚ ਜਕੜੇ ਮੁੰਡੇ-ਕੁੜੀਆਂ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਦਾ ਹੈ (ਉਦਾਹਰਨ ਵਜੋਂ ਇਹ ਸਤਰ ਦੇਖੋ, ‘‘ਆਖ ਸੂ ਨੀ ਮਾਏ ਇਹਨੂੰ/ ਰੋਵੇ ਬੁੱਲ ਚਿੱਥ ਕੇ ਨੀ/ ਜੱਗ ਕਿਤੇ ਸੁਣ ਨਾ ਲਵੇ।’’ ਇਹ ਸਤਰ ਮਰਦ-ਪ੍ਰਧਾਨ ਅਤੇ ਅਰਧ-ਜਾਗੀਰੂ ਪੰਜਾਬੀ ਸਮਾਜ ਵਿਚ ਕੈਦ ਜਵਾਨ ਔਰਤ ਦੇ ਅਵਚੇਤਨ ਦੀ ਸੱਚੀ ਤਸਵੀਰ ਪੇਸ਼ ਕਰਦੀ ਹੈ, ਅਤੇ ਉਹ ਵੀ ਬਿਨਾਂ ਕਿਸੇ ਉਚੇਚ ਦੇ, ਉਸੇ ਦੀ ਭਾਸ਼ਾ ਵਿਚ)। ਉਸ ਦੀ ਸ਼ਾਇਰੀ ਵਿਚ ਪ੍ਰਛਾਵਾਂ ਸਿਖ਼ਰ ਦੁਪਹਿਰ ਵੇਲੇ ਢਲ ਜਾਂਦਾ ਹੈ ਤੇ ਮੌਤ ਜ਼ਿੰਦਗੀ ਦੀਆਂ ਬਰੂਹਾਂ ’ਤੇ ਆ ਖੜ੍ਹੀ ਹੁੰਦੀ ਹੈ, ‘‘ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।’’ ਇਹ ਇਸ ਲਈ ਹੁੰਦਾ ਹੈ ਕਿਉਂਕਿ ਸ਼ਿਵ ਕੁਮਾਰ ਅਨੁਸਾਰ, ‘‘ਜ਼ਿੰਦਗੀ ਦਾ ਥਲ ਤਪਦਾ/ ’ਕੱਲੇ ਰੁੱਖ ਦੀ ਹੋਂਦ ਵਿਚ ਮੇਰੀ/ ਦੁੱਖਾਂ ਵਾਲੀ ਗਹਿਰ ਚੜੀ।’’ ਬ੍ਰਿਹਾ ਅਤੇ ਚੜ੍ਹਦੀ ਜਵਾਨੀ ਵਿਚ ਮਰਨ ਦੇ ਗੀਤ ਗਾਉਂਦਿਆਂ ਉਹ ਪੰਜਾਬੀ-ਮਨ ਲਈ ਇਹੋ ਜਿਹਾ ਅਵਚੇਤਨੀ ਸੰਸਾਰ ਸਿਰਜਦਾ ਹੈ ਜਿਹੋ ਜਿਹਾ ਬੰਗਾਲੀ ਲੇਖਕ ਸ਼ਰਤ ਚੰਦਰ ਨੇ ‘ਦੇਵਦਾਸ’ ਵਰਗਾ ਨਾਵਲ ਲਿਖ ਕੇ ਸਿਰਜਿਆ ਸੀ।
        ਚੌਥਾ ਰੁਝਾਨ 1980ਵਿਆਂ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿਚ ਚੱਲੀ ਧਾਰਮਿਕ-ਸਿਆਸੀ ਲਹਿਰ ਵਿਚੋਂ ਪੈਦਾ ਹੁੰਦਾ ਹੈ। ਉਸ ਵਿਚ ਕੁਰਬਾਨੀ ਦਾ ਜਜ਼ਬਾ ਭਾਰੂ ਹੈ, ਸ਼ਹਾਦਤ ਜ਼ਿੰਦਗੀ ਦਾ ਟੀਚਾ ਹੈ, ਜੀਵਨ ਧਰਮ ਨੂੰ ਸਮਰਪਿਤ ਹੈ। ਇਹ ਲਹਿਰ ਨੌਜਵਾਨਾਂ ਦੇ ਮਨ ਨੂੰ ਮੋਂਹਦੀ ਅਤੇ ਸ਼ਹਾਦਤ ਦਾ ਬਿੰਬ ਪੈਦਾ ਕਰਦੀ ਹੈ ਜੋ ਵਾਰ ਵਾਰ ਉੱਭਰਦਾ ਹੈ, ਗੀਤਾਂ ਅਤੇ ਢਾਡੀਆਂ ਦੀਆਂ ਵਾਰਾਂ ਵਿਚ ਉਸ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ।
      ਪੰਜਵਾਂ ਰੁਝਾਨ 21ਵੀਂ ਸਦੀ ਵਿਚ ਸਾਹਮਣੇ ਆਏ ਪੰਜਾਬੀ ਗਾਇਕਾਂ ਦੁਆਰਾ ਪੈਦਾ ਕੀਤਾ ਹੋਇਆ ਹੈ ਜਿਸ ਵਿਚ ਲੰਮੀਆਂ ਲੰਮੀਆਂ ਕਾਰਾਂ ਵਿਚੋਂ ਉੱਤਰਦੇ ਗੱਭਰੂ, ਆਧੁਨਿਕ ਹਥਿਆਰ ਚੁੱਕਦੇ, ਆਪਣੇ ਜੱਟ, ਬਲਵਾਨ, ਨਿਡਰ, ਮਾਰ-ਖੋਰੇ ਤੇ ਵੈਰ ਰੱਖਣ ਵਾਲੇ ਹੋਣ ਨੂੰ ਆਪਣੀ ਗ਼ੈਰਤ ਦਾ ਚਿੰਨ੍ਹ ਦੱਸਦੇ ਅਤੇ ਅਜਿਹੇ ਜਜ਼ਬਿਆਂ ਤੇ ਭਾਵਨਾਵਾਂ ਨੂੰ ਦਰਸਾਉਂਦੇ ਗੀਤ ਗਾਉਂਦੇ ਹਨ। ਆਧੁਨਿਕ ਲਿਬਾਸ ਪਾਈ ਕੁੜੀਆਂ ਅਜਿਹੇ ਨੌਜਵਾਨ ਮੁੰਡਿਆਂ ’ਤੇ ‘ਮਰਦੀਆਂ’ ਹਨ। ਗਾਣਿਆਂ ਵਿਚ ਸਾਰੀਆਂ ਵਸਤਾਂ ਜਿਵੇਂ ਇਮਾਰਤਾਂ, ਕਾਰਾਂ, ਲਿਬਾਸ, ਹਥਿਆਰ, ਸਭ ਪੱਛਮ ਦੇ ਆਧੁਨਿਕ ਸੰਸਾਰ ਨਾਲ ਸਬੰਧਿਤ ਹਨ, ਜੇ ਕੁਝ ਪੰਜਾਬੀ ਹੈ ਤਾਂ ਉਹ ਹਨ ਕੁਝ ਬੋਲ ਅਤੇ ਨੌਜਵਾਨ ਖ਼ੁਦ। ਇਨ੍ਹਾਂ ਗਾਣਿਆਂ ਦੇ ਨਾਇਕ ਨਿੱਜੀ ਤੌਰ ’ਤੇ ਆਪਣੇ ਸੋਹਣੇ, ਧਨਵਾਨ ਅਤੇ ਹਥਿਆਰਾਂ ਨਾਲ ਲੈਸ ਹੋਣ ਕਰਕੇ ਆਲੇ-ਦੁਆਲੇ ’ਤੇ ਗ਼ਾਲਬ ਹੋਣਾ ਲੋਚਦੇ ਹਨ। ਗਾਣਿਆਂ ਵਿਚ ਦਿਖਾਏ ਜਾਂਦੇ ਹਥਿਆਰ, ਹਿੰਸਾ, ਚਮਕ-ਦਮਕ, ਗਲੈਮਰ, ਸਰਮਾਏਦਾਰੀ-ਜਾਗੀਰਦਾਰੀ ਤੇ ਜਾਤੀਵਾਦੀ ਜੀਵਨ-ਜਾਚ, ਵਿਰੋਧੀਆਂ ਨੂੰ ਮਾਰਨ ਦੇ ਦਾਅਵੇ ਕਈ ਵਾਰ ਸਮਾਜ ਸੁਧਾਰ ਦੇ ਦਾਅਵਿਆਂ ਨਾਲ ਵੀ ਰਲਗੱਡ ਹੁੰਦੇ ਹਨ।
      ਉੱਪਰਲੇ ਮਾਨਸਿਕ ਸੰਸਾਰ ਅੱਡੋ-ਅੱਡ ਨਹੀਂ ਹਨ, ਇਕ-ਦੂਸਰੇ ਵਿਚ ਦਖ਼ਲ ਦਿੰਦਿਆਂ ਇਹ ਜਟਿਲ, ਤਾਕਤਵਰ ਤੇ ਆਪਾ-ਵਿਰੋਧੀ ਸ਼ਕਤੀਆਂ ਦਾ ਅਜਿਹਾ ਸੰਘਣਾ ਤੇ ਬਹੁ-ਪਰਤੀ ਬਿਰਤਾਂਤ ਸਿਰਜਦੇ ਹਨ ਜਿਸ ਨੂੰ ਸਮਝਣਾ ਮੁਸ਼ਕਲ ਹੈ, ਜਿਵੇਂ ਜਵਾਨੀ ਵੇਲੇ ਮਰਨ ਦਾ ਬਿੰਬ ਗੁਰਬਖ਼ਸ਼ ਸਿੰਘ ਦੀ ਪ੍ਰੀਤ-ਲਹਿਰ ਤੋਂ ਬਿਨਾਂ ਹਰ ਥਾਂ ’ਤੇ ਹਾਜ਼ਰ ਹੈ (ਅਸੀਂ ਇਹ ਦਲੀਲ ਵੀ ਦੇ ਸਕਦੇ ਹਾਂ ਕਿ ਪ੍ਰੀਤ-ਲਹਿਰ ਨੇ ਪੰਜਾਬੀ ਮਾਨਸਿਕਤਾ ਵਿਚ ਨਵੀਂ ਜ਼ਮੀਨ ਪੈਦਾ ਕੀਤੀ ਜਿਹੜੀ ਅੱਜ ਵੀ ਪੰਜਾਬੀ ਨੌਜਵਾਨਾਂ ਦੇ ਖ਼ਿਆਲਾਂ ਦੇ ਪ੍ਰਗਟਾਵੇ ਦੀ ਬੁਨਿਆਦ ਤਾਂ ਬਣਦੀ ਹੈ ਪਰ ਇਕ ਗ਼ਾਲਬ ਵਿਚਾਰ-ਸ਼ਾਸਤਰ ਵਜੋਂ ਪ੍ਰਗਟ ਨਹੀਂ ਹੁੰਦੀ)। ਸ਼ਹਾਦਤ ਦੀ ਕਥਾ-ਕਹਾਣੀ ਵਿਚ ਭਗਤ ਸਿੰਘ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਿੰਬਾਂ ਨੂੰ ਆਪਸ ਵਿਚ ਰਲਗੱਡ ਕਰ ਲਿਆ ਜਾਂਦਾ ਹੈ। ਸਰਮਾਏਦਾਰਾਨਾ-ਜਾਗੀਰਦਾਰਾਨਾ ਤਰੀਕੇ ਨਾਲ ਸਮਾਜ ’ਤੇ ਗ਼ਾਲਬ ਹੋਣ ਅਤੇ ਕੁੜੀਆਂ ਨੂੰ ਨੀਵਾਂ ਦਿਖਾਉਣ ਦੀ ਚਾਹਤ ਰੱਖਦਾ ਆਧੁਨਿਕ ਗਾਇਕਾਂ ਦੇ ਗਾਣਿਆਂ ਵਿਚਲਾ ਗੱਭਰੂ ਕਿਤੇ ਭਗਤ ਸਿੰਘ ਅਤੇ ਕਿਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੋਹਲੇ ਗਾਉਂਦਾ ਹੈ। ਇਨ੍ਹਾਂ ਮਾਨਸਿਕ ਸੰਸਾਰਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਦੀਆਂ ਮਹਾਨ ਕੁਰਬਾਨੀਆਂ ਅਤੇ 1947 ਦੀ ਵੰਡ ਦੇ ਦੁਖਾਂਤ ਦੀਆਂ ਪਰਤਾਂ ਗ਼ੈਰਹਾਜ਼ਰ ਦਿਖਾਈ ਦਿੰਦੀਆਂ ਹਨ।
      ਇਨ੍ਹਾਂ ਮਾਨਸਿਕ ਸੰਸਾਰਾਂ ਦੀ ਪੜਚੋਲ ਕਰਦਿਆਂ ਇਹ ਫ਼ੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਪੰਜਾਬ ਦਾ ਨੌਜਵਾਨ ਚਾਹੁੰਦਾ ਕੀ ਹੈ, ਉਸ ਦੀ ਜ਼ਿੰਦਗੀ ਦੀ ਮੰਜ਼ਿਲ ਕੀ ਹੈ। ਇਨ੍ਹਾਂ ਸੰਸਾਰਾਂ ਵਿਚੋਂ ਪੈਦਾ ਹੁੰਦੇ ਵਿਚਾਰ, ਕਲਪਨਾ, ਸ਼ਬਦਾਵਲੀ ਤੇ ਸੁਪਨੇ ਨੌਜਵਾਨਾਂ ਦੀ ਜ਼ਿੰਦਗੀ ਵਿਚ ਡੂੰਘਾ ਦਖ਼ਲ ਦਿੰਦੇ ਹਨ। ਉਦਾਹਰਨ ਦੇ ਤੌਰ ’ਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਕਿਸਾਨ, ਜਿਨ੍ਹਾਂ ਨੇ 2020-21 ਦੇ ਮਹਾਨ ਕਿਸਾਨ ਅੰਦੋਲਨ ਵਿਚ ਹਿੱਸਾ ਲਿਆ ਅਤੇ ਗੁਰੂ ਨਾਨਕ ਦੇਵ ਜੀ, ਗ਼ਦਰ ਲਹਿਰ ਦੇ ਨਾਇਕਾਂ, ਭਗਤ ਸਿੰਘ ਅਤੇ ਹੋਰ ਚਿੰਤਕਾਂ ਤੇ ਸੂਰਮਿਆਂ ਦੀਆਂ ਪੈਦਾ ਕੀਤੀਆਂ ਆਦਰਸ਼ਮਈ ਪੈੜਾਂ ’ਤੇ ਤੁਰੇ, ਅੰਦਰੂਨੀ ਤੌਰ ’ਤੇ ਆਧੁਨਿਕ ਗਾਇਕਾਂ ਦੇ ਗਾਣਿਆਂ ਵਿਚਲੇ ਮਸਨੂਈ ਜੱਟਵਾਦ ਤੋਂ ਪ੍ਰਭਾਵਿਤ ਹਨ ਅਤੇ ਮਨ ਹੀ ਮਨ ਵਿਚ ਉਨ੍ਹਾਂ ਵਿਚ ਵੀ ਅਜਿਹਾ ਨਾਇਕ ਬਣਨ ਦੀ ਖ਼ਾਹਿਸ਼ ਹੈ ਜੋ ਇਨ੍ਹਾਂ ਗੀਤਾਂ ਵਿਚੋਂ ਮੂਰਤੀਮਾਨ ਹੁੰਦਾ ਹੈ, ਹਥਿਆਰਾਂ ਨਾਲ ਲੈਸ ਤੇ ਤਾਕਤਵਰ ਸ਼ਖ਼ਸੀਅਤ ਵਾਲਾ ਨਾਇਕ ਜਿਸ ਤੋਂ ਲੋਕ ਡਰਨ ਅਤੇ ਜਿਸ ’ਤੇ ਕੁੜੀਆਂ ‘ਮਰਨ’।
       ਅਜਿਹੇ ਜਟਿਲ ਮਾਨਸਿਕ ਸੰਸਾਰਾਂ ਦੀ ਬਣਤਰ ਨੂੰ ਸਮਝਣਾ ਅਤਿਅੰਤ ਕਠਿਨ ਹੈ। ਇਹ ਪੰਜਾਬ ਦੇ ਸਮਾਜ, ਸੱਭਿਆਚਾਰ, ਸਿਆਸਤ ਅਤੇ ਆਰਥਿਕਤਾ ਦੀ ਪੈਦਾਵਾਰ ਹਨ। ਇਹ (ਸੰਸਾਰ) ਨੌਜਵਾਨਾਂ ਦੇ ਮਨਾਂ ਵਿਚ ਆਪ-ਮੁਹਾਰੇ ਬਣਦੇ, ਟੁੱਟਦੇ ਤੇ ਮੁੜ ਮੁੜ ਬਣਦੇ ਹਨ। ਨੌਜਵਾਨ ਇਨ੍ਹਾਂ ਨੂੰ ਪੂਰਨ ਸੱਚ ਮੰਨਦੇ ਹੋਏ ਮਾਨਸਿਕ ਤੌਰ ’ਤੇ ਇਨ੍ਹਾਂ ਪ੍ਰਤੀ ਸਮਰਪਿਤ ਹੁੰਦੇ ਹਨ, ਹਕੀਕੀ ਸੰਸਾਰ ਵਿਚ ਉਨ੍ਹਾਂ ਨੂੰ ਆਰਥਿਕਤਾ, ਸਮਾਜਿਕਤਾ ਅਤੇ ਧਾਰਮਿਕਤਾ ਦੇ ਬੰਧਨਾਂ ਵਿਚ ਬੱਝੀਆਂ ਜ਼ਿੰਦਗੀਆਂ ਜਿਊਣੀਆਂ ਪੈਂਦੀਆਂ ਹਨ ਪਰ ਇਨ੍ਹਾਂ ਮਾਨਸਿਕ ਸੰਸਾਰਾਂ ਵਿਚ ਉਹ ਵਕਤੀ ਤੌਰ ’ਤੇ ਆਜ਼ਾਦ, ਰੂਹਾਨੀ ਤੇ ਬੰਧਨ-ਰਹਿਤ ਮਹਿਸੂਸ ਕਰਦੇ ਹਨ, ਉੱਥੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਇਹ ਪੰਜਾਬੀ ਮਨ ਦੀ ਹਨੇਰੀ ਗੁਫ਼ਾ ਹੈ। ਸਕੂਨ ਦੀ ਭਾਲ ਮਨੁੱਖ ਦੀ ਜ਼ਿੰਦਗੀ ਦਾ ਇਕ ਮੁੱਖ ਮੁੱਦਾ ਹੈ। ਆਪਣੇ ਮਸ਼ਹੂਰ ਨਾਵਲ ‘ਬੇਸੀ’ (ਰੂਸੀ ਭਾਸ਼ਾ ਦੇ ‘ਬੇਸੀ’ ਨਾਮ ਵਾਲੇ ਇਸ ਨਾਵਲ ਦਾ ਅੰਗਰੇਜ਼ੀ ਵਿਚ ਅਨੁਵਾਦ ‘The Possessed’ and ‘Demons’ ਨਾਵਾਂ ਹੇਠ ਹੋਇਆ, ਪੰਜਾਬੀ ਵਿਚ ਇਸ ਦਾ ਨਜ਼ਦੀਕੀ ਸ਼ਬਦ ‘ਪ੍ਰੇਤ’ ਹੈ ਜੋ ਮਨੁੱਖੀ ਮਨ ’ਤੇ ਕਬਜ਼ਾ ਕਰ ਲੈਂਦੇ ਹਨ) ਵਿਚ ਫਿਉਦਰ ਦਾਸਤੋਵਸਕੀ ਕਹਿੰਦਾ ਹੈ, ‘‘ਮੇਰੇ ਦੋਸਤ, ਸੱਚ ਹਮੇਸ਼ਾਂ ਨਾਮੰਨਣਯੋਗ ਹੁੰਦਾ ਏ, ਕੀ ਤੂੰ ਇਹ ਜਾਣਦਾ ਏਂ? ਸੱਚ ਨੂੰ ਮੰਨਣਯੋਗ/ਕਾਬਲੇ-ਯਕੀਨ ਬਣਾਉਣ ਲਈ ਉਸ ਵਿਚ ਝੂਠ ਮਿਲਾਉਣਾ ਬਹੁਤ ਜ਼ਰੂਰੀ ਹੁੰਦਾ ਏ। ਲੋਕ ਹਮੇਸ਼ਾਂ ਏਦਾਂ ਹੀ ਕਰਦੇ ਨੇ।’’ ਇਸ ਕੌੜੀ, ਕੁਰੱਖ਼ਤ ਅਤੇ ਮਿੱਠੀ ਜ਼ਿੰਦਗੀ ਨੂੰ ਸਮਝਣਾ ਸ਼ਾਇਦ ਕਦੀ ਵੀ ਸੰਭਵ ਨਹੀਂ ਹੋ ਸਕਦਾ। ਪੰਜਾਬੀ ਸ਼ਾਇਰ ਭਗਤ ਜਲ੍ਹਣ ਅਨੁਸਾਰ, ‘‘ਇਹ ਆਦਿ ਅੰਤ ਕੀ ਸਾਖੀ ਹੈ।’’