ਮਾਲਵੇ ਦੇ ਟਿੱਬਿਆਂ ਦੀ ਸੁੱਚੀ ਮਿੱਟੀ ਦੇ ਨਿੱਡਰ ਪੁੱਤ ਨੂੰ ਸੱਚੀ ਸਰਧਾਂਜਲੀ

ਪੰਜਾਬ ਦੇ ਹਾਲਾਤ ਦਿਨੋ ਦਿਨ ਗਲਤ ਪਾਸੇ ਵੱਲ ਮੋੜਾ ਕੱਟ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਪੰਜਾਬ ਵਿਰੋਧੀ ਤਾਕਤਾਂ ਆਪਣੀਆਂ ਸਾਜਿਸਾਂ ਵਿੱਚ ਸਫਲ ਹੋ ਰਹੀਆਂ ਹਨ।ਬੀਤੇ ਦਿਨੀ ਅਣ-ਪਸਾਤੇ ਹਮਲਾਵਰਾਂ ਵੱਲੋਂ ਪੰਜਾਬ ਦੇ ਸਭ ਤੋ ਵੱਧ ਸੁਣੇ ਜਾਣ ਵਾਲੇ ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ।ਸਿੱਧੂ ਮੂਸੇ ਵਾਲੇ ਦੇ ਕਤਲ ਨੇ ਹਰ ਦਿਲ ਨੂੰ ਬੁਰੀ ਤਰਾਂ ਝਜੋੜ ਕੇ ਰੱਖ ਦਿੱਤਾ ਹੈ।ਸਿੱਧੂ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਸਿੱਧੂ ਮੂਸੇ ਵਾਲੇ ਦੀ ਮੌਤ ਤੇ ਹਰ ਉਹ ਅੱਖ ਨਮ ਹੋਈ ਹੈ,ਜਿਸ ਦੇ ਘਰ ਵਿੱਚ ਬੱਚਿਆਂ ਦੀ ਕਿਲਕਾਰੀ ਸੁਣੀ ਜਾਂਦੀ ਹੈ।ਹਰ ਮਾਂ ਰੋਈ ਹੈ।ਹਰ ਮਾਂ ਨੇ ਇਹ ਮਹਿਸੂਸ ਕੀਤਾ,ਜਿਵੇਂ ਉਹਨਾਂ ਦਾ ਆਪਣਾ ਪੁੱਤਰ ਕਿਸੇ ਮਰਿਆ ਹੋਵੇ। ਦੀਪ ਸਿੱਧੂ ਦੀ ਮੌਤ ਤੋ ਬਾਅਦ ਸਿੱਧੂ ਮੂਸੇ ਵਾਲੇ ਦੀ ਮੌਤ ਨੇ ਵੀ ਪੰਜਾਬ ਨੂੰ ਅਥਾਹ ਦਰਦ ਦਿੱਤਾ ਹੈ,ਕਿਉਂਕਿ ਸਿੱਧੂ ਮੂਸੇ ਵਾਲੇ ਨੇ ਵੀ ਪੰਜਾਬ ਦਾ ਨਾਦੀ ਪੁੱਤ ਹੋਣ ਦਾ ਰਾਹ ਚੁਨਣ ਦਾ ਮਨ ਬਣਾ ਲਿਆ ਸੀ।ਉਹਦੀਆਂ ਮੀਡੀਆ ਕਰਮੀਆਂ ਨਾਲ ਅੰਤਲੀਆਂ ਮੁਲਾਕਾਤਾਂ ਦੇਖ ਸੁਣ ਕੇ ਸਪੱਸਟ ਹੋ ਰਿਹਾ ਸੀ ਕਿ ਉਹ ਆਪਣੇ ਹੁਨਰ ਨੂੰ ਹੁਣ ਪੰਜਾਬ ਦੇ ਹਿਤਾਂ ਲਈ ਵਰਤਣ ਦੀ ਤਿਆਰੀ ਵਿੱਚ ਹੈ।ਹੁਣ ਉਹ ਆਪਣੇ ਪੁਰਖਿਆਂ ਦੇ ਗਾਡੀ ਰਾਹ ਤੇ ਡਾਢਾ ਮਾਣ ਵੀ ਕਰਨ ਲੱਗਾ ਸੀ।ਉਹ ਖਾਲਿਸਤਾਨ ਦੀ ਗੱਲ ਵੀ ਬਾ-ਦਲੀਲ ਕਰਨ ਲੱਗ ਪਿਆ ਸੀ।ਸੰਗਰੂਰ ਦੀ ਜਿਮਨੀ ਚੋਣ ਵਿੱਚ ਅਜਾਦ ਸਿੱਖ ਰਾਜ ਦੇ ਹਾਮੀ ਅਤੇ ਖਾਲਿਸਤਾਨ ਲਹਿਰ ਦੇ ਬੁੱਢੇ ਜਰਨੈਲ ਵਜੋਂ ਜਾਂਣੇ ਜਾਂਦੇ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਚ ਡਟਣ ਦਾ ਐਲਾਨ ਉਹਨਾਂ ਦੀ ਸੋਚ ਨੂੰ ਸਪੱਸਟ ਰੂਪ ਵਿੱਚ ਪੇਸ ਕਰਦਾ ਹੈ।ਆਪਣੇ ਗੀਤਾਂ ਵਿੱਚ ਹਥਿਆਰਾਂ ਦੀ ਗੱਲ ਕਰਨ ਨੂੰ ਉਹ ਕੋਈ ਗਲਤ ਨਹੀ ਬਲਕਿ ਦਲੀਲ ਨਾਲ ਸਹੀ ਠਹਿਰਾਉਂਦਾ ਹੈ,ਸੋ ਉਹਨਾਂ ਦਾ ਆਪਣੀ ਬਦਲੀ ਸੋਚ ਨੂੰ ਆਪਣੇ ਪੁਰਖਿਆਂ ਦੀ ਸੋਚ ਤਸਲੀਮ ਕਰਕੇ ਬੇਝਿਜਕ ਪਰਗਟ ਕਰਨਾ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਦੀ ਮੌਤ ਦੇ ਕਾਰਨ ਭਾਂਵੇ ਵੱਖਰੇ ਵੱਖਰੇ ਦਿਖਾਈ ਦਿੰਦੇ ਹਨ, ਪਰ ਇਹ ਦੋਨੋ ਹੀ ਮਾਲਵੇ ਦੇ ਟਿੱਬਿਆਂ ਦੀ ਪਵਿੱਤਰ ਮਿੱਟੀ ਚੋ ਜਨਮ ਲੈ ਕੇ ਵੱਡੇ ਮੁਕਾਮ ਤੇ ਪਹੁੰਚਣ ਤੋ ਬਾਅਦ ਅਚਾਨਕ ਵਾਪਸ ਪਰਤਣ ਦਾ ਰਾਹ ਅਖਤਿਆਰ ਕਰ ਲੈਂਦੇ ਹਨ, ਜਿਹੜਾ ਉਨਾਂ ਦੀ ਮੌਤ ਦਾ ਅਸਲ ਕਾਰਨ ਬਣ ਜਾਂਦਾ ਹੈ। ਦੀਪ ਸਿੱਧੂ ਉੱਚੇ ਮੁਕਾਮ ਤੇ ਪਹੁੰਚ ਕੇ ਮਹਾਂਨਗਰੀ ਦੀ ਬੇਹੱਦ ਸੁਖਾਲੀ ਜਿੰਦਗੀ ਨੂੰ ਛੱਡ ਆਪਣੀ ਕੌਂਮ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਹੁਣ ਦਾ ਬੇਹੱਦ ਔਖਾ ਰਾਹ ਚੁਣਦਾ ਹੈ,ਜਿਸ ਦਾ ਅੰਜਾਮ ਉਹਨਾਂ ਦੀ ਅਚਾਨਕ ਸੜਕੀ ਦੁਰਘਟਨਾ ਚ ਮੌਤ ਦੇ ਰੂਪ ਚ ਸਾਹਮਣੇ ਆਉਂਦਾ ਹੈ।ਸਿੱਧੂ ਮੂਸੇ ਵਾਲਾ ਵੀ ਆਪਣੇ ਵੱਖਰੇ ਅੰਦਾਜ ਦੀ ਗਾਇਕੀ ਕਾਰਨ ਐਨੀ ਮਕਬੂਲੀਅਤ ਖੱਟ ਲੈਂਦਾ ਹੈ ਕਿ ਮਾਲਵੇ ਦੇ ਇੱਕ ਅਣਜਾਣੇ ਪਿੰਡ ਮੂਸੇ ਨੂੰ ਹੀ ਮਹਾਂਨਗਰੀ ਦੇ ਬਰਾਬਰ ਕਰਕੇ ਦੇਖਦਾ ਹੈ ਅਤੇ ਪਿੰਡ ਚ ਰਹਿੰਦਾ ਹੈ।ਉਹ ਬੇਹੱਦ ਕਮਾਈ ਕਰਕੇ ਸਾਰੀਆਂ ਸੁਖ ਸਹੂਲਤਾਂ, ਮਹਾਂਨਗਰੀ ਨੂੰ ਚੁਣੌਤੀ ਦਿੰਦੀ ਪਿੰਡ ਚ ਬਣੀ ਹਵੇਲੀ ਵਿੱਚੋਂ ਪ੍ਰਾਪਤ ਕਰਦਾ ਕਰਦਾ ਅਚਾਨਕ ਆਪਣੇ ਪੁਰਖਿਆਂ ਦੇ ਗਾਡੀ ਰਾਹ ਤੇ ਚੱਲਣ ਦਾ ਐਲਾਨ ਕਰਦਾ ਹੈ। ਭਾਂਵੇ ੳਹਦੇ ਹਰ ਗਾਣੇ ਵਿੱਚ ਹੀ ਬਾਗੀਪੁਣਾ ਡੁੱਲ ਡੁੱਲ ਪੈਂਦਾ ਹੈ,ਪਰ ‘‘ਪੰਜਾਬ’’ ਨਾਮ ਦੇ ਗਾਣੇ ਨੇ ਸਟੇਟ ਨੂੰ ਉਹਦੇ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ।ਉਹਦੇ ਆਉਣ ਵਾਲੇ ਗਾਣੇ “ਐਸ ਵਾਈ ਐਲ” ਅਤੇ ਸੋਸਲ ਮੀਡੀਏ ਤੇ ਕਿਸੇ ਨਿੱਜੀ ਵੈਬ ਚੈਨਲ ਤੇ ਗੱਲਬਾਤ ਦੌਰਾਨ ਉਹਨੇ ਜਿਸਤਰਾਂ ਖਾਲਿਸਤਾਨ ਨੂੰ ਪਰਿਭਾਸਿਤ ਕਰਨ ਦੀ ਕੋਸ਼ਿਸ ਕੀਤੀ ਹੈ, ਅਤੇ ਜਿਸ ਤਰਾਂ ਉਹਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਆਪਣੇ ਪੁਰਖੇ ਤਸਲੀਮ ਕੀਤਾ ਹੈ,ਸਾਇਦ ਇਹ ਸਾਰਾ ਵਰਤਾਰਾ ਸਟੇਟ ਦੀ ਨੀਦ ਹਰਾਮ ਕਰਨ ਵਾਲਾ ਬਣ ਗਿਆ।ਸਿੱਧੂ ਮੂਸੇਵਾਲੇ ਦਾ ਕਤਲ ਜਿਹੜੇ ਅਤਿ ਅਧੁਨਿਕ ਰਸੀਅਨ ਹਥਿਆਰਾਂ (ਏ.ਐਨ.94) ਨਾਲ ਕੀਤਾ ਗਿਆ ਹੈ,ਉਹ ਅਧੁਨਿਕ ਹਥਿਆਰ ਰੂਸ ਦੀਆਂ ਸੁਰੱਖਿਆ ਫੋਰਸਾਂ ਕੋਲ  ਹਨ, ਜਦੋਕਿ ਭਾਰਤੀ ਫੋਰਸਾਂ ਕੋਲ ਵੀ ਉਹ ਹਥਿਆਰ ਅਜੇ ਨਹੀ ਹਨ, ਫਿਰ ਕਾਤਲਾਂ ਨੂੰ ਉਹ ਖਤਰਨਾਕ ਅਤੇ ਅਤਿ ਅਧੁਨਿਕ ਹਥਿਆਰ  ਕੀਹਨੇ ਮੁਹੱਈਆ ਕਰਵਾਏ ਸਨ,  ਇਹ ਸ਼ੱਕ ਦੀ ਸੂਈ ਵੀ  ਭਾਰਤ ਦੀਆਂ ਏਜੰਸੀਆਂ ਵੱਲ ਜਾਂਦੀ ਹੈ। ਸੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਭਾਂਵੇਂ ਭਾਰਤੀ ਸਟੇਟ ਗੈਂਗਵਾਰ ਨਾਲ ਜੋੜ ਕੇ ਸਿੱਖ ਜੁਆਨੀ ਦੀ ਬਾਗੀ ਸੋਚ ਨੂੰ ਖਤਮ ਕਰਨ ਦੇ ਨਾਲ ਨਾਲ ਮਿੱਟੀ ਘੱਟੇ ਰੋਲਣ ਲਈ ਵੀ ਪੂਰੀ ਤਿਆਰੀ ਨਾਲ ਯਤਨਸੀਲ ਹੈ,ਜਿਸ ਵਿੱਚ ਉਹ ਹਰ ਵਾਰ ਕਾਮਯਾਬ ਵੀ ਹੁੰਦੀ ਆ ਰਹੀ ਹੈ,ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਜੁਆਨੀ ਦੇ ਲਾਲ ਖੂੰਨ ਨੂੰ ਪੂਰੀ ਤਰਾਂ ਬਦਰੰਗ ਕਰਨ ਤੋ ਅਸਮਰੱਥ ਹੈ।ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਭਗਵੰਤ ਮਾਨ ਖੁਦ ਸਾਫ ਸੁਥਰੇ ਅਕਸ ਦਾ ਵਿਅਕਤੀ ਹੈ,ਪਰ ਉਹਨਾਂ ਦੇ ਦਿੱਲੀ ਵਾਲੇ ਬੌਸ ਬਾਰੇ ਕਾਫੀ ਸਾਰੀਆਂ ਸੰਕਾਵਾਂ ਲੋਕ ਮਨਾਂ ਚ ਉੱਠਣੀਆਂ ਸੁਰੂ ਹੋ ਗਈਆਂ ਹਨ।ਭਗਵੰਤ ਮਾਨ ਦੀ ਕਮਜੋਰੀ ਇਹ ਹੈ ਕਿ ਉਹਨਾਂ ਨੇ ਪਾਰਟੀ ਖੜੀ ਕਰਨ ਦੇ ਬਾਵਜੂਦ ਵੀ ਦਿੱਲੀ ਵਾਲਿਆਂ ਅੱਗੇ ਬਗੈਰ ਮਤਲਬ ਤੋ ਗੋਡੇ ਟੇਕੇ ਹੋਏ ਹਨ,ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਸਰਕਾਰ ਦਾ ਹਰ ਫੈਸਲਾ ਦਿੱਲੀ ਤੋ ਹੋ ਕੇ ਆਉਂਦਾ ਹੈ,ਜਿਸ ਨੇ ਭਗਵੰਤ ਮਾਨ ਦੀ ਹਰਮਨ ਪਿਆਰਤਾ ਨੂੰ ਬਹੁਤ ਥੋੜੇ ਸਮੇ ਚ ਲੋਕ ਨਫਰਤ ਵਿੱਚ ਬਦਲ ਦਿੱਤਾ। ਪੰਜਾਬ ਦੀ ਵੀ ਆਈ ਪੀ ਸ੍ਰੇਣੀ ਦੀ ਸੁਰੱਖਿਆ ਚ ਕਟੌਤੀ ਕਰਨ ਦੇ ਨਾਮ ਹੇਠ ਆਪਣੇ ਵਿਰੋਧੀਆਂ ਨੂੰ ਨਿਸਾਨਾ ਬਨਾਉਣਾ ਅਤੇ ਫਿਰ ਉਸ ਫੈਸਲੇ ਨੂੰ ਨਸਰ ਕਰਕੇ ਲੋਕਾਂ ਦੀ ਵਾਹਵਾ ਖੱਟਣ ਦਾ ਗੁਸਤਾਖੀ ਵਾਲਾ ਫੈਸਲਾ ਹੀ ਭਗਵੰਤ ਮਾਨ ਦੀ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ। ਆਪਣੀ ਗਾਇਕੀ ਰਾਹੀ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਉੱਭਰਦੇ ਸਿਤਾਰੇ ਸਿੱਧੂ ਮੂਸੇ ਵਾਲੇ ਦਾ ਕਤਲ ਕੋਈ ਆਮ ਕਤਲ ਨਹੀ ਹੈ,ਇਸ ਕਤਲ ਨੂੰ ਮਹਿਜ ਗੈਂਗਵਾਰ ਜਾਂ ਗੈਂਗਸਟਰਾਂ ਦੀਆਂ ਫਿਰੌਤੀਆਂ ਨਾਲ ਜੋੜ ਕੇ ਦੇਖਣ ਦਾ ਸਿਰਜਿਆ ਜਾ ਰਿਹਾ ਵਿਰਤਾਂਤ ਪੰਜਾਬ ਦੀ ਜੁਆਨੀ ਦੇ ਕੌਂਮੀ ਜਜਬੇ ਨੂੰ ਗਲਤ ਪਾਸੇ ਵੱਲ ਮੋੜ ਕੇ ਦਿਸਾ ਹੀਣ ਕਰਨ ਦੀ ਗਹਿਰੀ ਸਾਜਿਸ ਹੈ,ਜਿਸ ਨੂੰ ਸਮਝਣ ਦੀ ਲੋੜ ਹੈ।ਇਹ ਵੀ ਸਮਝਣਾ ਪਵੇਗਾ ਕਿ ਇੱਕ ਵਾਰ ਫਿਰ ਗੈਂਗਵਾਰ ਦੇ ਨਾਮ ਤੇ ਪੰਜਾਬ ਦੀ ਜੁਆਨੀ ਦਾ ਸ਼ਿਕਾਰ ਖੇਡਿਆ ਜਾਣ ਵਾਲਾ ਹੈ,ਇਹ ਸ਼ਿਕਾਰ ਵੀ ਉਹਨਾਂ ਨੌਜਵਾਨਾਂ ਦਾ ਖੇਡਿਆ ਜਾਵੇਗਾ,ਜਿੰਨਾਂ ਦੇ ਅੰਦਰ ਕੌਂਮੀ ਜਜਬੇ ਦੀ ਕੋਈ ਚਿਣਗ ਬਲ਼ਦੀ ਦਿਖਾਈ ਦਿੰਦੀ ਹੈ,ਜਿੰਨਾਂ ਦੇ ਅੰਦਰ ਰੁੜ੍ਹ ਚੱਲੇ ਪੰਜਾਬ ਦੇ ਦਰਦ ਹੈ। ਨਸ਼ਿਆਂ ਦੇ ਸਮਗਲਰਾਂ,ਸੜਕੀ ਦੁਰਘਟਨਾ ਕਹਿ ਕੇ ਪੰਜਾਬ ਦੇ ਪੁੱਤਾਂ ਨੂੰ ਚੁਣ ਚੁਣ ਕੇ ਖਤਮ ਕਰਨ ਵਾਲਿਆਂ ਅਤੇ ਸਿੱਧੂ ਮੂਸੇ ਵਾਲੇ ਵਰਗੇ ਨੌਜਵਾਨਾਂ ਦੇ ਸਟੇਟ ਪੱਖੀ ਕਾਤਲਾਂ ਨੂੰ ਕੋਈ ਖਤਰਾ ਨਹੀ ਹੋਣ ਵਾਲਾ। ਸੁਭਦੀਪ ਸਿੰਘ ਸਿੱਧੂ (ਮੂਸੇ ਵਾਲਾ) ਵਰਗੇ ਬਾਗੀ ਪਰਵਿਰਤੀ ਵਾਲੇ ਅਜਾਦੀ ਪਸੰਦ ਨੌਜਵਾਨਾਂ ਦੇ ਹੋ ਰਹੇ ਕਤਲ ਬੇਹੱਦ ਚਿੰਤਾਜਨਕ ਹਨ ਅਤੇ ਇਹ ਵਰਤਾਰਾ ਸਿੱਖ ਕੌਂਮ ਲਈ ਸਵੈ ਚਿੰਤਨ ਦਾ ਗੰਭੀਰ ਵਿਸਾ ਵੀ ਹੈ। ਪੰਜਾਬ ਨੂੰ ਨਸ਼ਿਆਂ ਦੀ ਭੈੜੀ ਮਾਰ ਨਾਲ ਸਾਹ-ਸਤਹੀਣ ਕਰਨ  ਦੀਆਂ ਨਾਕਾਮ ਕੋਸ਼ਿਸਾਂ ਤੋ ਬਾਅਦ ਹੁਣ ਗੈਂਗਵਾਰ ਦੇ ਸਿਰਜੇ ਜਾ ਰਹੇ ਅਤਿ ਘਾਤਕ ਵਿਰਤਾਂਤ ਨੂੰ ਠੱਲ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ  ਅਗਵਾਈ ਹੇਠ ਕੌਂਮੀ ਲਾਮਬੰਦੀ ਦੀ ਜਰੂਰਤ ਹੈ,ਤਾਂ ਕਿ ਗਲਤ ਪਾਸੇ ਨੂੰ ਮੋੜਾ ਦੇ ਕੇ ਖਾਨਾਜੰਗੀ ਦੇ ਰਾਹ ਪਾਈ ਜਾ ਰਹੀ ਪੰਜਾਬ ਦੀ ਜੁਆਨੀ ਨੂੰ ਸਹੀ ਦਿਸਾ ਵੱਲ ਤੋਰਿਆ ਜਾ ਸਕੇ। ਸੋ ਪੰਜਾਬ ਦੀ ਅਣਖ, ਗੈਰਤ,ਹੋਂਦ ਅਤੇ ਹੱਕਾਂ,ਹਿਤਾਂ ਦੀ ਲੜਾਈ ਨੂੰ ਅੱਗੇ ਵਧਾਉਣਾ ਹੀ ਮਾਲਵੇ ਦੇ ਟਿੱਬਿਆਂ ਦੀ ਸੁੱਚੀ ਮਿੱਟੀ ਦੇ ਸਪੱਸ਼ਟ ਸੋਚ ਵਾਲੇ ਨਿੱਡਰ ਪੁੱਤਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।

 ਬਘੇਲ ਸਿੰਘ ਧਾਲੀਵਾਲ
99142-58142