ਕੈਂਸਰ ਦੇ ਮਰੀਜ਼ਾਂ ਲਈ ਦੇਸੀ ਦਵਾਈਆਂ ਕਿੰਨੀਆਂ ਅਸਰਦਾਰ? - ਡਾ. ਹਰਸ਼ਿੰਦਰ ਕੌਰ,ਐੱਮ.ਡੀ.,

    ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਨੇ ਸਰਵੇਖਣ ਕਰ ਕੇ ਦੱਸਿਆ ਹੈ ਕਿ ਲਗਭਗ 40 ਫੀਸਦੀ ਕੈਂਸਰ ਦੇ ਮਰੀਜ਼ ਪਿਛਲੇ 10 ਸਾਲਾਂ ਵਿਚ ਜੜ੍ਹੀਆਂ ਬੂਟੀਆਂ ਜਾਂ ਕੋਈ ਹੋਰ ਦੇਸੀ ਦਵਾਈਆਂ ਵੀ ਨਾਲੋ ਨਾਲ ਖਾਣ ਲੱਗ ਪਏ ਸਨ। ਇਨ੍ਹਾਂ ਵਿਚ ਵੱਧ ਪੜ੍ਹੇ ਲਿਖੇ, ਅਮੀਰ ਅਤੇ ਇੰਟਰਨੈੱਟ ਨੂੰ ਆਧਾਰ ਮੰਨਣ ਵਾਲੇ ਜ਼ਿਆਦਾ ਮਰੀਜ਼ ਸਨ। ਬਹੁਤੇ ਤਾਂ ਸਰਜਰੀ, ਕੀਮੋਥੈਰਪੀ, ਰੇਡੀਓਥੈਰਪੀ ਆਦਿ ਦੇ ਨਾਲ ਹੀ ਹੋਰ ਦੇਸੀ ਨੁਸਖ਼ੇ ਵਰਤਣ ਲੱਗ ਪਏ ਸਨ ਤੇ ਕੁੱਝ ਇਲਾਜ ਪੂਰਾ ਮੁਕਾਉਣ ਬਾਅਦ ਦੇਸੀ ਦਵਾਈਆਂ ਲੈਣ ਲੱਗ ਪਏ ਸਨ।
ਸਾਲ 2019 ਦੇ ਸਰਵੇਖਣ ਅਨੁਸਾਰ 83 ਫੀਸਦੀ ਕੈਂਸਰ ਦੇ ਮਰੀਜ਼ਾਂ ਨੇ ਅਮਰੀਕਾ ਵਿਚ ਦੇਸੀ ਜਾਂ ਕੋਈ ਹੋਰ ਜੜ੍ਹੀ ਬੂਟੀ ਐਲੋਪੈਥੀ ਇਲਾਜ ਦੇ ਨਾਲ ਹੀ ਸ਼ੁਰੂ ਕਰ ਲਈ।
ਯੇਲ ਕੈਂਸਰ ਸੈਂਟਰ ਨੇ 10 ਸਾਲਾਂ ਦੀ ਖੋਜ ਬਾਅਦ ਇਹ ਸਪਸ਼ਟ ਕੀਤਾ ਹੈ ਕਿ ਜਿਹੜੇ ਕੈਂਸਰ ਦੇ ਮਰੀਜ਼ਾਂ ਨੇ ਤੁਰੰਤ ਅਪਰੇਸ਼ਨ, ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਕਰਵਾਉਣ ਦੀ ਥਾਂ ਪਹਿਲਾਂ ਦੇਸੀ ਟੋਟਕੇ ਅਜ਼ਮਾਏ, ਉਨ੍ਹਾਂ ਵਿਚ ਮੌਤ ਦਰ ਕਾਫੀ ਵਧੀ ਹੋਈ ਲੱਭੀ ਤੇ ਉਹ ਵਕਤ ਤੋਂ ਪਹਿਲਾਂ ਹੀ ਕੂਚ ਕਰ ਗਏ।
ਜਿਨ੍ਹਾਂ ਨੇ ਕੈਂਸਰ ਦੀਆਂ ਦਵਾਈਆਂ ਖਾਣ ਦੇ ਨਾਲੋ ਨਾਲ ਦੇਸੀ ਦਵਾਈਆਂ ਵਰਤੀਆਂ, ਉਨ੍ਹਾਂ ਵਿੱਚੋਂ ਬਥੇਰਿਆਂ ਨੂੰ ਕੈਂਸਰ ਦੀਆਂ ਦਵਾਈਆਂ ਦਾ ਤਗੜਾ ਮਾੜਾ ਅਸਰ ਹੁੰਦਾ ਲੱਭਿਆ ਕਿਉਂਕਿ ਦੇਸੀ ਦਵਾਈਆਂ ਦਾ ਕੈਂਸਰ ਦੀਆਂ ਦਵਾਈਆਂ ਨਾਲ ਸਰੀਰ ਅੰਦਰ ਟਕਰਾਓ ਹੋਣ ਲੱਗ ਪਿਆ ਸੀ ਤੇ ਉਲਟ ਅਸਰ ਹੁੰਦੇ ਲੱਭੇ।
ਇਹ ਅਸਰ ਕਿਹੜੇ ਸਨ :-
1.    ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣਾ :-
ਕੈਂਸਰ ਦੀਆਂ ਦਵਾਈਆਂ ਜਜ਼ਬ ਕਰਨ ਦੀ ਤਾਕਤ ਘਟਾਉਣਾ, ਸਰੀਰ ਵੱਲੋਂ ਕੱਢੇ ਜਾ ਰਹੇ ਹਜ਼ਮ ਕਰਨ ਦੇ ਰਸਾਂ ਨਾਲ ਛੇੜਛਾੜ ਅਤੇ ਅਸਰ ਕਰਨ ਵਾਲੀ ਥਾਂ ਉੱਤੇ ਪਏ ਸੈੱਲਾਂ ਨੂੰ ਸਖ਼ਤ ਜਾਨ ਬਣਾ ਦੇਣਾ, ਆਮ ਹੀ ਦੇਸੀ ਦਵਾਈਆਂ ਨਾਲ ਵੇਖਿਆ ਗਿਆ ਹੈ। ਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਸਹੀ ਕਰਨ ਵਿਚ ਸੀ.ਵਾਈ.ਪੀ. 3ਏ. 4 ਰਸ ਦਾ ਅਹਿਮ ਰੋਲ ਹੁੰਦਾ ਹੈ ਜੋ ਕਈ ਕਿਸਮਾਂ ਦੀਆਂ ਦੇਸੀ ਦਵਾਈਆਂ ਨਸ਼ਟ ਕਰ ਦਿੰਦੀਆਂ ਹਨ।
ਬਹੁਤ ਸਾਰੀਆਂ ਕੈਂਸਰ ਦੀਆਂ ਦਵਾਈਆਂ ਜਿਵੇਂ ਸਾਈਕਲੋਫਾਸਫਾਮਾਈਡ, ਪੈਕਲੀਟੈਕਸਲ, ਵਿਨਕਰਿਸਟੀਨ, ਵਿਨਬਲਾਸਟੀਨ ਆਦਿ ਸੀ.ਵਾਈ.ਪੀ. 3ਏ. 4 ਰਸ ਰਾਹੀਂ ਹੀ ਅਸਰ ਵਿਖਾਉਂਦੀਆਂ ਹਨ। ਇੰਜ ਹੀ ਪੀੜ ਨੂੰ ਆਰਾਮ ਦੇਣ ਵਾਲੀਆਂ ਓਪਿਆਇਡ ਦਵਾਈਆਂ ਦਾ ਵੀ ਅਸਰ ਘੱਟ ਹੋ ਜਾਂਦਾ ਹੈ ਜਿਸ ਸਦਕਾ ਮਰੀਜ਼ ਲਈ ਪੀੜ ਨੂੰ ਜਰਨਾ ਔਖਾ ਹੋ ਜਾਂਦਾ ਹੈ।
ਛਾਤੀ ਦੇ ਕੈਂਸਰ ਲਈ ਵਰਤੀਆਂ ਜਾ ਰਹੀਆਂ ਕੁੱਝ ਦਵਾਈਆਂ ਦਾ ਅਸਰ ਤਾਂ ਇਨ੍ਹਾਂ ਦੇਸੀ ਦਵਾਈਆਂ ਨਾਲ ਕਾਫੀ ਘੱਟ ਹੋ ਜਾਂਦਾ ਹੈ ਕਿਉਂਕਿ ਦੇਸੀ ਦਵਾਈਆਂ ਦੀ ਸਾਰੀ ਟੁੱਟ ਫੁੱਟ ਜਿਗਰ ਰਾਹੀਂ ਹੁੰਦੀ ਹੈ। ਜਿਗਰ ਦੇ ਕੰਮ ਕਾਰ ਵਿਚ ਰੋਕਾ ਪੈਣ ਨਾਲ ਜਾਂ ਉਸ ਦੇ ਲੋੜੋਂ ਵੱਧ ਕੰਮ ਕਰਦੇ ਰਹਿਣ ਨਾਲ ਕੈਂਸਰ ਦੀਆਂ ਅਸਲ ਦਵਾਈਆਂ ਦਾ ਅਸਰ ਪੂਰਾ ਹੁੰਦਾ ਹੀ ਨਹੀਂ।
ਇਸ ਤਰ੍ਹਾਂ ਲਗਾਤਾਰ ਵਧਦੀਆਂ ਮੌਤਾਂ ਨੂੰ ਵੇਖਦਿਆਂ ਸਲੋਨ ਕੇਟਰਿੰਗ ਮੈਮੋਰੀਅਲ ਕੈਂਸਰ ਸੈਂਟਰ ਨੇ ਦੁਨੀਆ ਭਰ ਦੇ ਲੋਕਾਂ ਲਈ ਆਪਣੀ ਵੈਬਸਾਈਟ ਰਾਹੀਂ ਜਾਣਕਾਰੀ ਜਗ ਜ਼ਾਹਿਰ ਕਰ ਦਿੱਤੀ ਹੈ ਕਿ ਕਿਵੇਂ ਕੁੱਝ ਦੇਸੀ ਦਵਾਈਆਂ ਤਾਂ ਸਗੋਂ ਕੈਂਸਰ ਦੇ ਮਰੀਜ਼ ਨੂੰ ਛੇਤੀ ਮੌਤ ਦੇ ਮੂੰਹ ਵੱਲ ਲੈ ਜਾਂਦੀਆਂ ਹਨ।
ਉਸ ਵੈਬਸਾਈਟ ਰਾਹੀਂ ਕੈਂਸਰ ਦੀਆਂ ਦਵਾਈਆਂ ਦੇ ਅਸਰ ਕਰਨ ਦਾ ਢੰਗ ਅਤੇ ਕੁੱਝ ਚੁਣਿੰਦਾ ਦੇਸੀ ਦਵਾਈਆਂ ਵੱਲੋਂ ਉਸ ਅਸਰ ਵਿਚ ਛੇੜਛਾੜ ਕਰਨ ਦਾ ਸਪਸ਼ਟ ਅਸਰ ਵੀ ਸਮਝਾਇਆ ਗਿਆ ਹੈ। ਇਸੇ ਲਈ ਉਸ ਵੈਬਸਾਈਟ ਵਿਚ ਕਾਫੀ ਦੇਸੀ ਦਵਾਈਆਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਹੋਏ ਹਨ ਕਿ ਇਨ੍ਹਾਂ ਨੂੰ ਕੈਂਸਰ ਦੀਆਂ ਦਵਾਈਆਂ ਨਾਲ ਨਹੀਂ ਵਰਤਣਾ ਚਾਹੀਦਾ।
2.    ਕਿਹੜੀਆਂ ਹੋਰ ਦਵਾਈਆਂ ਨਾ ਵਰਤੀਆਂ ਜਾਣ?
ਭਾਵੇਂ ਬਹੁਤ ਘੱਟ ਕੇਸ ਹਨ ਪਰ ਅਜਿਹੇ ਕੁੱਝ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਦਾ ਦੇਸੀ ਦਵਾਈਆਂ ਸਦਕਾ ਕੈਂਸਰ ਵੀ ਫੈਲਿਆ, ਜਿਗਰ ਦਾ ਵੀ ਨੁਕਸਾਨ ਹੋਇਆ ਤੇ ਮੌਤ ਵੀ ਛੇਤੀ ਹੋ ਗਈ।
ਹੋਰ ਤਾਂ ਹੋਰ, ਕੁੱਝ ਕੈਂਸਰ ਦੇ ਮਰੀਜ਼ਾਂ ਵਿਚ ਸੇਂਟ ਜਾਨ ਵੌਰਟ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਤੇ ਜ਼ਿੰਕੋ ਬਿਲੋਬਾ ਵਰਗੀਆਂ ਦਵਾਈਆਂ ਨਾਲ ਸਪਸ਼ਟ ਰੂਪ ਵਿਚ ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣ ਵਿਚ ਰੋਲ ਵਿਖਾਇਆ ਗਿਆ ਹੈ ਜੋ 'ਹਰਬ-ਕੈਂਸਰ ਡਰੱਗ ਇੰਟਰਐਕਸ਼ਨ' ਖੋਜ ਪੱਤਰ ਵਿਚ ਛਾਪਿਆ ਗਿਆ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਇਹ ਆਮ ਜਾਪਦੀਆਂ ਦਵਾਈਆਂ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਸੇਂਟ ਜਾਨ ਵੌਰਟ ਹਰਬਲ ਮੈਡੀਸਨ ਭਾਵੇਂ ਬੂਟਿਆਂ ਤੋਂ ਬਣੀ ਦਵਾਈ ਹੈ ਜਿਵੇਂ ਜਿਨਸੈਂਗ ਜਾਂ ਜ਼ਿੰਕੋ ਬਿਲੋਬਾ ਜਾਂ ਕੈਕਟਸ ਦਾ ਫਲ, ਪਰ ਇਹ ਕੁੱਝ ਕਿਸਮਾਂ ਦੇ ਕੈਂਸਰ ਦੀਆਂ ਦਵਾਈਆਂ ਦਾ ਅਸਰ 50 ਫੀਸਦੀ ਤੱਕ ਘਟਾ ਦਿੰਦੀਆਂ ਹਨ ਕਿਉਂਕਿ ਇਹ ਕੈਂਸਰ ਦੀਆਂ ਦਵਾਈਆਂ ਨੂੰ ਛੇਤੀ ਸਰੀਰ ਵਿੱਚੋਂ ਬਾਹਰ ਕੱਢ ਦਿੰਦੀਆਂ ਹਨ।
ਖੋਜ ਵਿਚ ਇੱਕ ਕੈਂਸਰ ਦੀ ਦਵਾਈ 'ਇਮੈਟੀਨਿਬ' ਨਾਲ ਜਦੋਂ ਹਰਬਲ ਦਵਾਈ ਸੇਂਟ ਜਾਨ ਵੌਰਟ ਦਿੱਤੀ ਗਈ ਤਾਂ ਮਰੀਜ਼ਾਂ ਦੇ ਸਰੀਰ ਅੰਦਰ ਦੋ ਹਫ਼ਤਿਆਂ ਵਿਚ ਇਮੈਟੀਨਿਬ ਦਾ ਅਸਰ 42 ਫੀਸਦੀ ਤੱਕ ਘਟਿਆ ਹੋਇਆ ਲੱਭਿਆ।
ਇੰਜ ਹੀ ਚਕੋਧਰੇ ਦਾ ਰਸ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਦੇਣ ਨਾਲ ਅਨੇਕ ਕਿਸਮ ਦੀਆਂ ਕੈਂਸਰ ਦੀਆਂ ਦਵਾਈਆਂ ਦਾ ਅਸਰ 32 ਤੋਂ 42 ਫੀਸਦੀ ਘਟਿਆ ਹੋਇਆ ਲੱਭਿਆ।
ਚਕੋਧਰਾ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਹੀ ਨਹੀਂ ਹੋਣ ਦਿੰਦਾ ਤੇ ਫਟਾਫਟ ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ।
ਇਕ ਖੋਜ ਵਿਚ ਬਹੁਤ ਵਧੇ ਹੋਏ ਛਾਤੀ ਦੇ ਕੈਂਸਰ ਦੀਆਂ ਔਰਤਾਂ ਵਿਚ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਥੋਮ ਖੁਆਉਣ ਨਾਲ ਡੌਸੀਟੈਕਸਿਲ ਕੈਂਸਰ ਦੀ ਦਵਾਈ ਦੀ ਮਾਤਰਾ ਲਹੂ ਵਿਚ 35 ਫੀਸਦੀ ਘਟੀ ਹੋਈ ਲੱਭੀ। ਇੰਜ ਹੀ ਅਦਰਕ ਦੇਣ ਨਾਲ ਕੈਂਸਰ ਦੇ ਅਪਰੇਸ਼ਨ ਬਾਅਤ ਲਹੂ ਬਹੁਤੀ ਦੇਰ ਤੱਕ ਵੱਗਦਾ ਹੋਇਆ ਲੱਭਿਆ।
3.    ਕਿਹੜੇ ਮਸਾਲੇ ਜਾਂ ਬੀਜ ਵੀ ਠੀਕ ਨਹੀਂ?
ਐਲਫਾਲਫਾ, ਚੇਸਟ ਬੈਰੀ, ਲੌਂਗ, ਸੋਇਆਬੀਨ, ਫਲੈਕਸ ਬੀਜ ਆਦਿ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਿਚ ਇਲਾਜ ਦੌਰਾਨ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ।
ਸੋਇਆਬੀਨ ਵਿਚਲਾ 'ਜੈਨੀਸਟੀਨ' ਤਾਂ ਕਈ ਵਾਰ 'ਟੈਮੋਕਸੀਫੈਨ' ਕੈਂਸਰ ਦੀ ਦਵਾਈ ਦਾ ਅਸਰ ਬਹੁਤ ਘਟਾ ਕੇ ਸਗੋਂ ਛਾਤੀ ਵਿਚਲੇ ਕੈਂਸਰ ਦੇ ਸੈੱਲਾਂ ਦੇ ਵਧਣ ਵਿਚ ਤੇਜ਼ੀ ਲਿਆ ਦਿੰਦਾ ਹੈ।
ਕੁੱਝ ਹਾਰਮੋਨਾਂ ਉੱਤੇ ਪਲਦੇ ਕੈਂਸਰ ਵੀ ਦੇਸੀ ਨੁਸਖ਼ਿਆਂ ਨਾਲ ਵੱਧ ਫੈਲ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਚ ਕੁਦਰਤੀ ਹਾਰਮੋਨ ਹੁੰਦੇ ਹਨ। ਕੁੱਝ ਟੋਟਕਿਆਂ ਨਾਲ ਲਹੂ ਵਗਣ ਦਾ ਖ਼ਤਰਾ ਵੱਧ ਹੋ ਜਾਂਦਾ ਹੈ।
ਕੁੱਝ ਕਿਸਮਾਂ ਦੇ ਵਿਟਾਮਿਨ ਵੀ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਕਰਨ ਵਾਲੀ ਥਾਂ ਨੂੰ ਆਪ ਮੱਲ ਕੇ ਬਹਿ ਜਾਂਦੇ ਹਨ ਜਾਂ ਕੈਂਸਰ ਦੇ ਸੈੱਲਾਂ ਨੂੰ ਤਾਕਤ ਦੇ ਕੇ ਤਗੜੇ ਤਰੀਕੇ ਫੈਲਣ ਲਈ ਤਿਆਰ ਕਰ ਦਿੰਦੇ ਹਨ ਜਿਵੇਂ ਵਿਟਾਮਿਨ ਈ ਜਾਂ ਵਿਟਾਮਿਨ ਸੀ।
ਖੋਜ ਵਿਚ ਸਾਬਤ ਹੋ ਚੁੱਕਿਆ ਹੈ ਕਿ ਰੇਡੀਓਥੈਰਪੀ ਤੋਂ ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਇੱਕ ਇੱਕ ਖ਼ੁਰਾਕ ਵਿਟਾਮਿਨ ਈ ਅਤੇ ਸੀ ਦੀ ਦਿੱਤੀ ਗਈ, ਉਨ੍ਹਾਂ ਦੇ ਕੈਂਸਰ ਸੈੱਲਾਂ ਉੱਤੇ ਰੇਡੀਓਥੈਰਪੀ ਕਿਰਨਾਂ ਦਾ ਪੂਰਾ ਅਸਰ ਨਹੀਂ ਪਿਆ। ਇੰਜ ਹੀ ਕਈ ਮਰੀਜ਼ਾਂ ਵਿਚ ਇਲਾਜ ਦੌਰਾਨ ਐਂਟੀਆਕਸੀਡੈਂਟ ਦਵਾਈਆਂ ਦੇਣ ਨਾਲ ਸਗੋਂ ਕੈਂਸਰ ਦੇ ਸੈੱਲ ਵੱਧ ਪ੍ਰਫੁੱਲਿਤ ਹੋਏ ਲੱੱਭੇ।
4.    ਕਿਹੜੇ ਕੁਦਰਤੀ ਤੱਤ ਫ਼ਾਇਦੇਮੰਦ ਸਾਬਤ ਹੋਏ?
ਅਮਰੀਕਾ ਅਤੇ ਚੀਨ ਦੀਆਂ ਛਾਤੀ ਦੀਆਂ ਕੈਂਸਰ ਦੀਆਂ ਹਜ਼ਾਰਾਂ ਔਰਤਾਂ ਉੱਤੇ ਇੱਕ ਵੱਡੀ ਖੋਜ ਰਾਹੀਂ ਇਹ ਨੁਕਤਾ ਸਾਹਮਣੇ ਆਇਆ ਕਿ ਹਰ ਕੁਦਰਤੀ ਚੀਜ਼ ਮਾੜੀ ਨਹੀਂ ਹੁੰਦੀ।
    
ਸੋਇਆਬੀਨ ਨਾਲ ਭਾਵੇਂ ਮੌਤ ਦਰ ਨਹੀਂ ਘਟੀ ਤੇ ਦਵਾਈਆਂ ਦਾ ਅਸਰ ਵੀ ਘੱਟ ਹੋਇਆ ਪਰ ਇਸ ਦੇ ਖਾਣ ਨਾਲ ਕਾਫੀ ਜਣਿਆਂ ਵਿਚ ਛਾਤੀ ਦੇ ਕੈਂਸਰ ਦੇ ਸੈੱਲ ਦੁਬਾਰਾ ਚੁਸਤ ਹੋਏ ਨਹੀਂ ਲੱਭੇ ਤੇ ਦੂਜੀ ਵਾਰ ਕੈਂਸਰ ਹੋਣ ਦੇ ਆਸਾਰ ਬਹੁਤ ਘੱਟ ਹੋਏ।
ਐਂਥਰਾਸਾਈਕਲਿਨ ਐਂਟੀਆਕਸੀਡੈਂਟ ਵੀ ਕੁੱਝ ਕੈਂਸਰ ਦੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿਚ ਸਹਾਈ ਹੋਏ ਲੱਭੇ।
ਡਾ. ਵਾਸਰਥੀਲ ਨੇ ਆਪਣੇ ਸਾਥੀਆਂ ਨਾਲ ਕੀਤੀ ਇੱਕ ਖੋਜ ਰਾਹੀਂ ਜਦੋਂ ਕੁੱਝ ਫੈਲੇ ਹੋਏ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਮਿਨਰਲ ਤੱਤ ਤੇ ਵਿਟਾਮਿਨ ਸਹੀ ਮਿਕਦਾਰ ਵਿਚ ਖੁਆਏ ਤਾਂ ਉਨ੍ਹਾਂ ਨੂੰ ਆਪਣੇ ਮਰੀਜ਼ਾਂ ਵਿਚ ਮੌਤ ਦਰ ਘੱਟ ਹੁੰਦੀ ਦਿਸੀ।
5.    ਮੌਜੂਦਾ ਸਥਿਤੀ ਕੀ ਹੈ?
ਦਿਨੋ-ਦਿਨ ਕੈਂਸਰ ਦੇ ਮਰੀਜ਼ ਵੱਧਦੇ ਜਾ ਰਹੇ ਹਨ ਤੇ ਉਸੇ ਤਰ੍ਹਾਂ ਕੁਦਰਤੀ ਖ਼ੁਰਾਕ ਜਾਂ ਦੇਸੀ ਨੁਸਖ਼ਿਆਂ ਅਤੇ ਆਯੁਰਵੈਦਿਕ ਦਵਾਈਆਂ ਦਾ ਸੇਵਨ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ਦੀ ਨੈਸ਼ਨਲ ਯੂਨੀਵਰਸਿਟੀ ਔਫ਼ ਨੈਚੂਰਲ ਮੈਡੀਸਨ ਪਿਛਲੇ 50 ਸਾਲਾਂ ਤੋਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰ ਰਹੀ ਹੈ ਤੇ ਅਨੇਕ ਖੋਜਾਂ ਕਰ ਚੁੱਕੀ ਹੈ।
ਨੈਚੂਰੋਪੈਥੀ ਉੱਤੇ ਕੰਮ ਕਰਦੀ ਇਸ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਨਹੀਂ ਪਰ ਇਲਾਜ ਪੂਰਾ ਕਰਨ ਬਾਅਦ ਜ਼ਰੂਰ ਕੁਦਰਤੀ ਖ਼ੁਰਾਕ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ। ਉਹ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਜੇ ਪਹਿਲਾਂ ਤੋਂ ਹੀ ਸਹੀ ਸੰਤੁਲਿਤ ਖ਼ੁਰਾਕ ਖਾਂਦੇ ਰਹੋ ਅਤੇ ਰੈਗੂਲਰ ਕਸਰਤ ਕਰਦੇ ਰਹੋ ਤਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਲੱਗਦੀ ਹੀ ਨਹੀਂ।
ਅਨੇਕ ਅਜਿਹੇ ਕੁਦਰਤੀ ਖਾਣੇ ਵੀ ਹਨ ਜਿਨ੍ਹਾਂ ਨੂੰ ਕੈਂਸਰ ਦੇ ਪੂਰੇ ਇਲਾਜ ਤੋਂ ਬਾਅਦ ਖਾਂਦੇ ਰਹਿਣ ਨਾਲ ਲੰਮੀ ਸਿਹਤਮੰਦ ਜ਼ਿੰਦਗੀ ਭੋਗੀ ਜਾ ਸਕਦੀ ਹੈ। ਸਿਰਫ਼ ਗੱਲ ਇਹ ਹੈ ਕਿ ਸਿਆਣੇ ਡਾਕਟਰ ਤੋਂ ਹਰ ਮਰੀਜ਼ ਨੂੰ ਆਪਣਾ ਚੈੱਕਅਪ ਕਰਵਾਉਣ ਬਾਅਦ ਹੀ ਠੀਕ ਸਲਾਹ ਲੈ ਕੇ ਸਹੀ ਮਿਕਦਾਰ ਵਿਚ ਇਹ ਕੁਦਰਤੀ ਚੀਜ਼ਾਂ ਖਾਣ ਦੀ ਲੋੜ ਹੈ। ਮਿਸਾਲ ਵਜੋਂ ਅਦਰਕ ਵਰਗੀ ਖਾਣ ਵਾਲੀ ਚੀਜ਼ ਵੀ ਹਰ ਜਣੇ ਉੱਤੇ ਇੱਕੋ ਜਿੰਨਾ ਅਸਰ ਨਹੀਂ ਵਿਖਾਉਂਦੀ। ਵਰਤਣ ਦਾ ਢੰਗ ਅਤੇ ਮਿਕਦਾਰ ਹਰ ਮਰੀਜ਼ ਦੀ ਹਾਲਤ ਅਨੁਸਾਰ ਵੱਖ ਹੋ ਸਕਦੇ ਹਨ।
ਆਖ਼ਰੀ ਅਸਰਦਾਰ ਨੁਕਤਾ ਜੋ ਕੈਂਸਰ ਨਾਲ ਜੂਝਣ ਵਿਚ ਸਫ਼ਲ ਸਾਬਤ ਹੋ ਚੁੱਕਿਆ ਹੈ, ਉਹ ਹੈ-ਚੜ੍ਹਦੀ ਕਲਾ!
ਜੇ ਇਹ ਸੋਚ ਕੇ ਚੀਜ਼ ਖਾਧੀ ਜਾ ਰਹੀ ਹੋਵੇ ਕਿ ਮੈਂ ਇਸ ਨਾਲ ਯਕੀਨਨ ਠੀਕ ਹੋ ਜਾਵਾਂਗਾ, ਤਾਂ ਉਹ ਚੀਜ਼ ਦੁਗਣਾ ਅਸਰ ਵਿਖਾਉਂਦੀ ਹੈ, ਪਰ ਜੇ ਉਹ ਚੀਜ਼ ਖਾਣ ਲੱਗਿਆਂ ਉਮੀਦ ਨਾ ਰਹੇ ਤਾਂ ਉੱਕਾ ਹੀ ਬੇਅਸਰ ਵੀ ਸਾਬਤ ਹੋ ਜਾਂਦੀ ਹੈ।
ਇਸੇ ਲਈ ਸਾਰਥਕ ਨਜ਼ਰੀਆ ਕੈਂਸਰ ਨਾਲ ਜੂਝਣ ਵਿਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ।
ਡਾ. ਹਰਸ਼ਿੰਦਰ ਕੌਰ,ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783