ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

07.06.2022

ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਬਾਰੇ ਬਹਿਸ ਸ਼ੁਰੂ- ਇਕ ਖ਼ਬਰ

ਬੱਲੇ ਬਈ ਸਰਕਾਰਾਂ ਦੇ! ਫੁੱਟਬਾਲ ਬਣਾ ‘ਤਾ ਬਹਿਬਲ ਕਲਾਂ ਗੋਲ਼ੀ ਕਾਂਡ ਨੂੰ।

ਡਿਪਲੋਮੇ ਡਿਗਰੀਆਂ ਨੇ ਕੁਝ ਨਾ ਦਿਤਾ ਤਾਂ ਗੁਰਸਿੱਖ ਮੁੰਡੇ ਨੇ ਕੁਲਚਿਆਂ ਦ ਰੇਹੜੀ ਲਗਾ ਲਈ- ਇਕ ਖ਼ਬਰ

ਮੋਦੀ ਸਾਹਿਬ ਨੇ ਤਾਂ ਪਕੌੜਿਆਂ ਦੀ ਰੇਹੜੀ ਲਾਉਣ ਦੀ ਸਲਾਹ ਦਿਤੀ ਸੀ ਬਈ!

ਭਵਿੱਖ ਵਿਚ ਕਾਂਗਰਸ ਨਾਲ ਕੰਮ ਨਹੀਂ ਕਰਾਂਗਾ- ਪ੍ਰਸ਼ਾਂਤ ਕਿਸ਼ੋਰ

ਜਿੰਨਾ ਨਹਾਤੀ ਓਨਾ ਹੀ ਪੁੰਨ।

ਓਟਾਰੀਓ (ਕੈਨੇਡਾ) ਵਿਧਾਨ ਸਭਾ ਲਈ ਚੁਣੇ ਗਏ ਛੇ ਪੰਜਾਬੀ- ਇਕ ਖ਼ਬਰ

ਵਿਦੇਸ਼ ਵਸਦਾ ਪੰਜਾਬ ਜ਼ਿੰਦਾਬਾਦ।

ਭਾਜਪਾ ਨੇ ਕਾਂਗਰਸੀਆਂ, ਅਕਾਲੀਆਂ ਨੂੰ ਬੀ.ਜੇ.ਪੀ. ‘ਚ ਸ਼ਾਮਲ ਕਰਨ ਲਈ ਲਗਾਈ ਦੌੜ- ਇਕ ਖ਼ਬਰ

ਭਾਜਪਾਈ ਲੈ ਗਏ ਬਈ ਦੜੇ ਦਾ ਮਾਲ ਹੂੰਝ ਕੇ।

ਮੁਹਾਲੀ ਦਾ ਜੰਗਲਾਤ ਅਫ਼ਸਰ ਅਤੇ ਠੇਕੇਦਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ- ਇਕ ਖ਼ਬਰ

ਛੂਟਤੀ ਨਹੀਂ ਹੈ ਕਾਫ਼ਰ, ਮੂੰਹ ਕੋ ਲਗੀ ਹੂਈ।

ਗੁਰਦੁਆਰੇ ਵਿਚ ਬਿਜਲੀ ਚੋਰੀ ਦਾ ਮਾਮਲਾ ਭਖਿਆ- ਇਕ ਖ਼ਬਰ

ਵਾਹ ਭਾਈ ਜੀ ਵਾਹ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।

ਟਿਕੈਤ ‘ਤੇ ਹਮਲਾ ਭਾਜਪਾ ਦੀ ਸ਼ਹਿ ਨਾਲ ਹੋਇਆ-ਉਗਰਾਹਾਂ

ਚੁੱਕੀ ਹੋਈ ਪੰਚਾਂ ਦੀ, ਗਾਲ਼ ਬਿਨਾ ਨਾ ਬੋਲੇ।

ਕੈਪਟਨ ਕੋਲੋਂ ਭ੍ਰਿਸ਼ਟ ਆਗੂਆਂ ਦੀ ਸੂਚੀ ਲੈਣ ਲਈ ਇਕ ਵਕੀਲ ਵਲੋਂ ਐਸ.ਐਸ.ਪੀ.ਤੱਕ ਪਹੁੰਚ- ਇਕ ਖ਼ਬਰ

ਕੂੜ ਦੀ ਧੂੜ ਧੁਮਾ ਰਿਹੋਂ, ਨਹੀਂ ਸ਼ਰਮਦਾ ਕੀਤੀ ਕਰਤੂਤ ਤਾਈਂ।

ਖੁਸ਼ਵੰਤ ਸਿੰਘ ਨੇ ਢੱਠਾ ਹੋਇਆ ਅਕਾਲ ਤਖ਼ਤ ਇੰਜ ਹੀ ਰੱਖਣ ਦੀ ਸਲਾਹ ਦਿਤੀ ਸੀ, ਅਕਾਲੀ ਨਾ ਮੰਨੇ-ਇਕ ਖ਼ਬਰ

ਅਸੀਂ ਮਾਲਕਾਂ ਨੂੰ ਕਿਵੇਂ ਨਾਂਹ ਕਰਦੇ, ਹੀਲ ਹੁੱਜਤ ਬਿਨਾਂ ਹੁਕਮ ਮੰਨੀਏਂ ਜੀ।

ਜ਼ਿਮਨੀ ਚੋਣ: ਸਿਮਰਨਜੀਤ ਸਿੰਘ ਮਾਨ ਭਲਕੇ ਕਾਗਜ਼ ਦਾਖ਼ਲ ਕਰਵਾਉਣਗੇ-ਇਕ ਖ਼ਬਰ

ਸ਼ਾਹ ਮੁਹੰਮਦਾ ਰੱਬ ਜੇ ਮਿਹਰ ਕਰਸੀ, ਚੱਲ ਵੇਖਸਾਂ ਪੁੰਨੂੰ ਦਾ ਸ਼ਹਿਰ ਮਾਂਏਂ।

ਭਾਰਤ ਵਲੋਂ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਿਪੋਰਟ ਖ਼ਾਰਜ- ਇਕ ਖ਼ਬਰ

ਨੇਕੀ ਇਕ ਨਾ ਖੱਟੀ ਮੈਂ ਉਮਰ ਸਾਰੀ, ਅਤੇ ਬਦੀ ਦਾ ਕੁਝ ਸ਼ੁਮਾਰ ਨਾਹੀਂ।

ਸੂਬਿਆਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਿਹੈ ਕੇਂਦਰ- ਕੇ. ਚੰਦਰ ਸ਼ੇਖਰ ਰਾਓ

ਚੰਗੀ ਚੰਗੀ ਆਪ ਲੈ ਗਿਆ, ਸਾਨੂੰ ਦੇ ਗਿਆ ਕੱਲਰ ਵਾਲ਼ਾ ਖੂੰਜਾ।

ਯੂਕਰੇਨ ਨੂੰ ਪੱਛਮੀ ਮੁਲਕਾ ਤੋਂ ਹੋਰ ਹਥਿਆਰਾਂ ਦੀ ਉਡੀਕ- ਇਕ ਖ਼ਬਰ

ਸਿਟੀ ਮਾਰ ਅਰਜਣਾ ਵੇ, ਘਰ ਭੁੱਲ ਗਈ ਮੋੜ ‘ਤੇ ਆ ਕੇ।