ਗੁਰਦੁਆਰਾ ਸਿੱਖ ਸੈਂਟਰ ਪਾਰਕਲੀ - ਗਿਆਨੀ ਸੰਤੋਖ ਸਿੰਘ

ਇਹ ਲੇਖ ਗੁਰਦੁਆਰਾ ਸਾਹਿਬ ਵੱਲੋਂ ਛਪਣ ਵਾਲ਼ੇ ਪਰਚੇ ਦੇ ਬਣਾਏ ਗਏ ਸੰਪਾਦਕ ਦੇ ਕਹੇ ਤੇਂ ਮੈਂ ਲਿਖਿਆ ਸੀ, ਉਸ ਛਪਣ ਵਾਲ਼ੇ ਪਰਚੇ ਵਿਚ ਛਾਪਣ ਲਈ ਪਰ ਵਾਹਵਾ ਸਮਾ ਬੀਤ ਜਾਣ ਤੇ ਵੀ ਉਹ ਪਰਚਾ ਨਹੀਂ ਛਪ ਸਕਿਆ। ਸਰਕਾਰਾਂ ਤੇ ਕਮੇਟੀਆਂ ਦੇ ਕਾਰਜ ਕਰਨ ਦਾ ਤਰੀਕਾ ਇਵੇਂ ਹੀ ਹੁੰਦਾ ਹੈ। ਫਿਰ ਮੈਂ ਸੋਚਿਆ ਕਿ ਏਨਾ ਸਮਾ ਲਾ ਕੇ ਇਹ ਲੇਖ ਮੈਂ ਲਿਖਿਆ ਹੈ ਤੇ ਇਉਂ ਹੀ ਨਾ ਮੇਰੇ 'ਮੈਜਿਕ ਬਾੱਕਸ' ਵਿਚ ਪਿਆ ਰਹੇ। ਇਹ ਪਾਠਕਾਂ ਦੀ ਨਜ਼ਰ ਵਿਚ ਜਾਣਾ ਚਾਹੀਦਾ ਹੈ।
ਇਸ ਲਈ ਆਪ ਜੀ ਦੀ ਸੇਵਾ ਵਿਚ ਭੇਜ ਰਿਹਾ ਹਾਂ। ਤੁਸੀਂ ਇਸ ਨੂੰ ਸਮਾ ਹੋਵੇ ਤਾਂ ਪੜ੍ਹ ਵੀ ਸਕਦੇ ਹੋ ਤੇ ਚਾਹੋ ਤਾਂ ਆਪਣੇ ਪਰਚੇ ਵਿਚ ਛਾਪ ਵੀ ਸਕਦੇ ਹੋ। ਇਸ ਵਾਸਤੇ ਇਸ ਨੂੰ ਦੋਹਾਂ ਤਰੀਕਿਆਂ ਨਾਲ਼ ਭੇਜ ਰਿਹਾ ਹਾਂ; ਅਰਥਾਤ ਵਰਡ ਡਾਕੂੰਮੈਂਟ ਵੀ ਤੇ ਪਡਫ਼ ਵਿਚ ਵੀ।


ਗੁਰਦੁਆਰਾ ਸਿੱਖ ਸੈਂਟਰ ਪਾਰਕਲੀ

ਸਾਲ ੧੯੬੯ ਵਿਚ, ਸਾਰੇ ਸੰਸਾਰ ਅੰਦਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਬੜੇ ਉਤਸ਼ਾਹ ਨਾਲ਼, ਮਨਾਇਆ ਗਿਆ। ਉਸ ਸਮੇ ਸਿਡਨੀ ਵਿਚ ਬਹੁਤ ਥੋਹੜੇ ਸਿੱਖ ਰਹਿੰਦੇ ਸਨ। ਇਹਨਾਂ ਨੇ ਵੀ ਆਪਣੀ ਹੈਸੀਅਤ ਅਨੁਸਾਰ ਇਸ ਸ਼ੁਭ ਅਵਸਰ ਨੂੰ ਮਨਾਉਣ ਦਾ ਉਦਮ ਕੀਤਾ। ਇਹ ਪ੍ਰੋਗਰਾਮ ਪਿੱਟ ਸਟਰੀਟ, ਸਿਡਨੀ ਵਿਚ ਮਨਾਇਆ ਗਿਆ। ਭਾਰਤ ਸਰਕਾਰ ਦੇ ਦਫ਼ਤਰ ਕੌਂਸੂਲੇਟ ਜਨਰਲ ਅਤੇ ਏਅਰ ਇੰਡੀਆ ਦੇ ਸਟਾਫ਼ ਨੇ ਵੀ ਇਸ ਉਦਮ ਵਿਚ ਸਹਿਯੋਗ ਦਿਤਾ। ਬਾਰਾਂ ਸਿੱਖ ਪਰਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਅਧਿਆਂ ਦੀਆਂ ਪਤਨੀਆਂ ਆਸਟ੍ਰੇਲੀਅਨ ਮੇਮਾਂ ਸਨ। ਮੋਹਰੀ ਹਿੱਸਾ, ਏਥੇ ਕੋਲੰਬੋ ਪਲਾਨ ਅਧੀਨ ਪੜ੍ਹਨ ਆਏ, ਡਾ. ਗੁਰਚਰਨ ਸਿੰਘ ਸਿਧੂ ਨੇ ਪਾਇਆ, ਜੋ ਕਿ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਚਲੇ ਗਏ ਸਨ ਤੇ ਦੇਸ ਜਾ ਕੇ ਲੁਧਿਆਣਾ ਯੂਨੀਵਰਸਟੀ ਡੀਨ ਦੀ ਪਦਵੀ ਉਪਰ ਸੇਵਾ ਕਰ ਰਹੇ ਸਨ ਅਤੇ ਆਪਣੀ ਵਿਦਿਅਕ ਯੋਗਤਾ ਦਾ ਸਦਕਾ, ਏਥੇ ਦੁਬਾਰਾ ਮਾਈਗ੍ਰੈਂਟ ਹੋ ਕੇ ਆਏ ਸਨ। ਸਿੱਖ, ਹਿੰਦੂ, ਆਸਟ੍ਰੇਲੀਅਨ, ਸਾਰੇ ਮਿਲਾ ਕੇ ਇਸ ਵਿਚ ਕੁੱਲ ਸਾਢੇ ਕੁ ਤਿੰਨ ਸੌ ਵਿਆਕਤੀਆਂ ਨੇ ਸ਼ਮੂਲੀਅਤ ਕੀਤੀ।
ਇਸ ਉਤਸ਼ਾਹਤ ਪ੍ਰੋੋਗਰਾਮ ਦੀ ਸਮਾਪਤੀ ਤੇ, ਸਾਰਾ ਖ਼ਰਚ ਕਰਨ ਉਪੰਤ, ੮੬ ਡਾਲਰ ਬਚ ਗਏ। ਕਿਸੇ ਸੱਜਣ ਦੇ ਸੁਝਾ ਦੇਣ ਤੇ ਇਹ ਡਾਲਰ, 'ਸਿੱਖ ਕਲਚਰਲ ਸੋਸਾਇਟੀ' ਦੇ ਨਾਂ ਹੇਠ, ਬੈਂਕ ਵਿਚ ਅਕਾਊਂਟ ਖੋਹਲ ਕੇ ਜਮ੍ਹਾ ਕਰਵਾ ਦਿਤੇ ਗਏ। ਡਾਕਟਰ ਸਿਧੂ ਜੀ, ਇਸ ਸੋਸਾਇਟੀ ਦੇ ਮੁਢਲੇ ਪ੍ਰਧਾਨ ਚੁਣੇ ਗਏ ਅਤੇ ਸੋਸਾਇਟੀ, ਨਿਊ ਸਾਊਥ ਵੇਲਜ਼ ਸਰਕਾਰ ਨਾਲ਼, ਨਾਨ-ਪ੍ਰੋਫਿਟੇਬਲ ਚੈਰਿਟੇਬਲ ਐਸੋਸੀਏਸ਼ਨ, ੧੯੭੧-੭੨ ਦੇ ਕਾਨੂੰਨ ਅਧੀਨ, ਰਜਿਸਟਰ ਕਰਵਾ ਦਿਤੀ ਗਈ।
ਇਹ ਮੁਢਲੀ ਸੰਸਥਾ ਸੀ, ਜਿਸ ਤੋਂ ਫਿਰ ਸਿਡਨੀ ਦੇ ਬਾਕੀ ਸਾਰੇ ਗੁਰਦੁਆਰੇ ਹੋਂਦ ਵਿਚ ਆਏ। ੧੯੭੨ ਵਿਚ, ਗਫ਼ ਵਿਟਲਮ ਦੀ ਅਗਵਾਈ ਹੇਠ, ਲੇਬਰ ਸਰਕਾਰ ਨੇ 'ਵਾਈਟ ਓਨਲੀ' ਪਾਲਿਸੀ, ਕਾਨੂੰਨੀ ਤੌਰ ਤੇ ਸਮਾਪਤ ਕਰ ਦਿਤੀ ਤਾਂ ਫਿਰ ਅਫ਼੍ਰੀਕਾ ਤੇ ਇੰਗਲੈਂਡੋ ਕੁਝ ਹੋਰ ਸਿੱਖ ਪਰਵਾਰ ਆਏ। ਕਿਉਂਕਿ 'ਸਿੱਖ ਕਲਚਰਲ ਸੋਸਾਇਟੀ' ਦਾ ਅਸਲੀ ਨਿਸ਼ਾਨਾ ਕਲਚਰਲ ਸਰਗਮੀਆਂ ਨੂੰ ਚਲਾਉਣ ਦਾ ਸੀ ਤੇ ਧਾਰਮਿਕ ਸਰਗਰਮੀਆਂ ਨੂੰ ਪਹਿਲ ਨਹੀਂ ਸੀ ਦਿਤੀ ਜਾਂਦੀ, ਇਸ ਲਈ ਇਸ ਤੋਂ ਵੱਖ ਹੋ ਕੇ, ੧੯੭੮ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੀਵਜ਼ਬੀ ਸਬਅਰਬ ਅੰਦਰ, ਹੋਂਦ ਵਿਚ ਆਇਆ। ਫਿਰ ੧੯੮੦ ਦੇ ਜਨਵਰੀ ਮਹੀਨੇ ਵਿਚ ਗੁਰਦੁਆਰਾ ਤਾਰਾਮਾਰਾ ਸਬਅਰਬ ਵਿਚ ਸ਼ੁਰੂ ਹੋਇਆ। ਦੋ ਜਥੇਬੰਦੀਆਂ ਹੋਰ ਬਣਨ ਨਾਲ਼ ਸਿੱਖ ਕਲਚਰਲ ਸੋਸਾਇਟੀ ਦੀ ਮੈਂਬਰਸ਼ਿਪ ਅਤੇ ਸਰਗਮੀਆਂ ਵਿਚ ਖਾਸੀ ਕਮੀ ਆ ਗਈ। ਸੋਸਾਇਟੀ ਦੇ ਆਗੂਆਂ ਨੇ ਅਖੀਰ ਜਦੋਂ ਵੇਖਿਆ ਕਿ ਸਿੱਖਾਂ ਦਾ ਰੁਝਾਨ ਮੁਖ ਤੌਰ ਤੇ ਗੁਰਦੁਆਰਾ ਬਣਾਉਣ ਵਾਲ਼ੇ ਪਾਸੇ ਹੈ ਤਾਂ ਉਹਨਾਂ ਨੇ, ਪਾਰਕਲੀ ਸਬਅਰਬ ਵਿਚ ਦੋ ਬਲਾਕਾਂ ਦਾ ਇਕ ਪੁਰਾਣੇ ਘਰ, ਦਾ ਬਿਆਨਾ ਦੇ ਕੇ ਗੁਰਦੁਆਰਾ ਬਣਾਉਣ ਵੱਲ ਧਿਆਨ ਦਿਤਾ। ਇਸ ਥਾਂ ਦੀ ਕੀਮਤ ੬੫੦੦੦ ਡਾਲਰ ਸੀ। ਫਿਰ ਥਾਂ ਦੀ ਕੀਮਤ ਦੇਣ ਵਾਸਤੇ ਫੰਡ ਇਕੱਠੇ ਨਾ ਹੋ ਸਕੇ ਤੇ ਬਿਆਨਾ ਵੀ ਜਬਤ ਜੋ ਜਾਣ ਦੀ ਸੰਭਾਵਨਾ ਹੋ ਗਈ। ਉਸ ਸਮੇ ਵਿਚਾਰ ਕਰਨ ਉਪ੍ਰੰਤ, ਸੋਸਾਇਟੀ ਦੀ ਅਗਵਾਈ, ਡਾ. ਗੁਰਚਰਨ ਸਿੰਘ ਸਿਧੂ ਨੂੰ ਸੌਂਪੀ ਗਈ। ਡਾਕਟਰ ਸਾਹਿਬ ਨੇ ਅੱਗੇ ਲੱਗ ਕੇ ਮਾਇਆ ਦਾ ਪ੍ਰਬੰਧ ਕੀਤਾ। ਸਿਡਨੀ ਵਿਚ ਹੀ ਸਿੱਖ ਕਲੱਬ ਦੇ ਨਾਂ ਹੇਠ ਇਕ ਹੋਰ ਸੰਸਥਾ ਤਾਜੀ ਹੀ ਬਣੀ ਸੀ। ਉਹਨਾਂ ਪਾਸ ਸੱਤ ਹਜ਼ਾਰ ਡਾਲਰ ਬੈਂਕ ਵਿਚ ਜਮ੍ਹਾ ਸਨ। ਉਹਨਾਂ ਨੂੰ ਪ੍ਰੇਰ ਕੇ, ਕਲੱਬ ਨੂੰ ਸੋਸਾਇਟੀ ਦੇ ਵਿਚ ਮਰਜ ਕਰਕੇ, ਨਵੀਂ ਜਥੇਬੰਦੀ, 'ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ' ਦੇ ਨਾਂ ਹੇਠ ਰਜਿਸਟਰ ਕਰਵਾਈ ਗਈ। ੩੦੦੦੦ ਡਾਲਰ ਬੈਂਕ ਕੋਲ਼ੋਂ ਕਰਜ਼ਾ ਲਿਆ ਗਿਆ, ਜੋ ਕਿ ਤਿੰਨ ਸਾਲਾਂ ਵਿਚ ਵਾਪਸ ਕਰਨਾ ਸੀ। ਮੇਰੀ ਜਾਣਕਾਰੀ ਵਿਚ ਇਹ ਪਹਿਲੀ ਹੀ ਕਰਾਮਾਤ ਹੋਈ ਕਿ ਦੋ ਜਥੇਬੰਦੀਆਂਾ ਮਿਲ਼ ਕੇ ਇਕ ਬਣੀ; ਨਹੀਂ ਤਾਂ ਹਮੇਸਾਂ ਹੀ ਇਕ ਤੋ ਦੋ, ਦੋ ਤੋਂ ਤਿੰਨ ..... ਬਣਦੀਆਂ ਰਹੀਆਂ ਹਨ। ਇਸ ਗੱਲ ਦਾ ਜ਼ਿਕਰ ਕਰਕੇ ਵਧਾਈ, ਮੈਂ ਨਵੀਂ ਜਥੇਬੰਦੀ ਦੀ ਪਹਿਲੀ ਜਨਰਲ ਮੀਟਿੰਗ ਵਿਚ ਹੀ ਦਿਤੀ ਤੇ ਨਾਲ਼ ਹੀ ਆਸ ਪਰਗਟ ਕੀਤੀ ਕਿ ਭਵਿਖ ਵਿਚ ਇਕੋ ਕਾਰਜ ਕਰਨ ਵਾਸਤੇ, ਵਧੇਰੇ ਜਥੇਬੰਦੀਆਂ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ ਤੇ ਬਣੀਆਂ ਹੋਈਆਂ ਆਪਸ ਵਿਚ ਵਿਰੋਧ ਦੇ ਥਾਂ, ਮਿਲਵਰਤਣ ਨਾਲ਼ ਭਲਾਈ ਦੇ ਕਾਰਜ ਕਰਨ।
ਕਲੱਬ ਦੇ ਮੁਖੀਆਂ ਨੇ ਨਵੀਂ ਬਣੀ ਜਥੇਬੰਦੀ ਦੀ ਤਰੱਕੀ ਵਾਸਤੇ ਗਾੜੀ ਲੱਗ ਕੇ, ਬਹੁਤ ਉਦਮ ਕੀਤਾ। ਭਾਵੇਂ ਕਿ ਇਸ ਸਭ ਕਾਸੇ ਪਿੱਛੇ ਪ੍ਰੁੇਰਨਾ ਦੇਣ ਵਾਲ਼ੀ ਸ਼ਖ਼ਸੀਅਤ ਡਾ. ਗੁਰਚਰਨ ਸਿੰਘ ਸਿਧੂ ਹੀ ਸੀ ਪਰ ਉਦਮ ਸਾਰੀ ਸੰਗਤ ਦਾ ਅਤੇ ਬਖ਼ਸ਼ਿਸ਼ ਗੁਰੂ ਜੀ ਦੀ ਸੀ।
ਸਬੱਬ ਨਾਲ਼ ਉਹਨੀਂ ਦਿਨੀਂ, ਸ੍ਰੀ ਹਰਿਮੰਦਰ, ਅੰਮ੍ਰਿਤਸਰ ਦੇ ਹਜੂਰੀ ਰਾਗੀ, ਗਿ. ਹਰਜੀਤ ਸਿੰਘ ਜੀ ਏਥੇ ਮੇਰੇ ਕੋਲ਼ ਆਏ ਹੋਏ ਸਨ। ਡਾਕਟਰ ਜੀ ਨੇ ਮੇਰੇ ਰਾਹੀਂ ਉਹਨਾਂ ਨੂੰ ਪਰੇਰ ਕੇ, ਬਿਨਾ ਤਨਖਾਹ ਅਤੇ ਕਿਸੇ ਤਰ੍ਹਾਂ ਦੇ ਹੋਰ ਮਾਇਕ ਇਵਜ਼ਾਨੇ ਤੋਂ ਬਿਨਾ ਹੀ ਆਨਰੇਰੀ ਗ੍ਰੰਥੀ ਦੀ ਸੇਵਾ ਵਾਸਤੇ ਮਨਾ ਲਿਆ। ਆਪਣੇ ਨਿਜੀ ਖ਼ਰਚ ਵਾਸਤੇ ਗਿਆਨੀ ਜੀ ਇਕ ਫੈਕਟਰੀ ਵਿਚ ਪੰਜ ਦਿਨ ਮਜ਼ਦੂਰੀ ਕਰਨ ਵਾਸਤੇ ਜਾਇਆ ਕਰਦੇ ਸਨ। ਉਹਨਾਂ ਨੇ ਤਕਰੀਬਨ ਸਾਢੇ ਅੱਠ ਸਾਲ ਦਾ ਸਮਾ ਇਹ ਸੇਵਾ ਨਿਭਾਈ। ਇਸ ਤਰ੍ਹਾਂ ਗ੍ਰੰਥੀ ਸਿੰਘ ਦੀ ਸੇਵਾ ਪ੍ਰਾਪਤ ਹੋ ਜਾਣ ਤੇ ਫਿਰ ਇਸ ਸਥਾਨ ਉਪਰ ਮਹੀਨੇ ਵਿਚ ਦੋ ਐਤਵਾਰ ਦੀਵਾਨ ਲੱਗਣਾ ਸ਼ੁਰੂ ਹੋ ਗਿਆ।
੧੯੮੪ ਦੇ ਜੂਨ ਮਹੀਨੇ ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹਿੰਦ ਸਰਕਾਰ ਵੱਲੋਂ ਫੌਜੀ ਹਮਲਾ ਹੋਣ ਦਾ ਮਾੜਾ ਅਸਰ ਸਾਰੀ ਦੁਨੀਆਂ ਵਿਚ ਵੱਸਣ ਵਾਲ਼ੀ ਸਿੱਖ ਕੌਮ ਉਪਰ ਪਿਆ। ਆਸਟ੍ਰੇਲੀਆ ਦੀ ਸਿੱਖ ਸੰਗਤ ਵੀ ਇਸ ਤੋਂ ਬਚ ਨਾ ਸਕੀ। ਇਸ ਦੇ ਅਸਰ ਵਜੋਂ ਤਾਰਾਮਾਰਾ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਤੇ ਓਥੋਂ ਦੀ ਸੰਗਤ ਵੀ ਏਥੇ ਆਉਣੀ ਸ਼ੁਰੂ ਹੋ ਗਈ।
ਉਸ ਸਮੇ ਇਸ ਸੰਸਥਾ ਵਿਰੁਧ ਵਿਰੋਧੀਆਂ ਵੱਲੋਂ ਲਗਾਤਾਰ ਬਹੁਤ ਗ਼ਲਤ ਪ੍ਰਚਾਰ ਕੀਤਾ ਗਿਆ। ਝੂਠੀਆਂ ਅਫ਼ਵਾਹਵਾਂ ਉਡਾਈਆਂ ਗਈਆਂ, ਜਿਨ੍ਹਾਂ ਵਿਚੋਂ ਇਕ ਇਹ ਵੀ ਸੀ ਕਿ ਗੁਰਦੁਆਰੇ ਦੀ ਜ਼ਮੀਨ ਦੇ ਵਿਚਕਾਰੋਂ ਦੀ ਹਾਈਵੇ ਨਿਕਲ ਜਾਣਾ ਹੈ, ਜਿਸ ਨਾਲ਼ ਹਾਈਵੇ ਦੇ ਦੋਹੀਂ ਪਾਸੀਂ ਦੋ ਲੀਰਾਂ ਜ਼ਮੀਨ ਦੀਆਂ ਬਚਣਗੀਆਂ, ਜਿਨ੍ਹਾਂ ਦੋ ਟੋਟਿਆਂ ਵਿਚ ਕੁਝ ਨਹੀਂ ਬਣ ਸਕੇ ਗਾ। ਇਸ ਵਸਤੇ ਸੰਗਤਾਂ ਨੂੰ ਇਹ ਯਕੀਨ ਨਹੀਂ ਸੀ ਕਿ ਏਥੇ ਗੁਰਦੁਆਰਾ ਬਣਾਇਆ ਜਾਵੇਗਾ ਜਾਂ ਬਣ ਵੀ ਸਕੇ ਗਾ। ਬੈਂਕ ਦੇ ਕਰਜ਼ੇ ਦੀ ਕਿਸ਼ਤ ਦੇਣ ਵਿਚ ਵੀ ਮੁਸ਼ਕਲਾਂ ਆਈਆਂ। ਫਿਰ ਬੈਂਕ ਨਾਲ਼ ਰੀ-ਨੈਗੋਸ਼ੀਏਟ ਕਰਕੇ, ਤਿੰਨ ਸਾਲਾਂ ਦੀ ਥਾਂ ਕਰਜ਼ਾ ੧੦ ਸਾਲਾਂ ਵਿਚ ਮੋੜਨਾ ਕੀਤਾ। ਇਸ ਨਾਲ਼ ਕਿਸ਼ਤ ਦੇ ਪੈਸੇ ਘੱਟ ਮੋੜਨ ਦੀ ਸਹੂਲਤ ਮਿਲ਼ ਗਈ।
੧੯੮੫ ਵਿਚ ਐਸੋਸੀਏਸ਼ਨ ਦੇ ਅਧੀਨ ਚੈਰਿਟੇਬਲ ਕੌਂਸਲ ਵੀ ਰਜਿਸਟਰ ਕਰਵਾਈ ਗਈ ਜਿਸ ਕਰਕੇ ਭੇਟਾ ਅਤੇ ਉਗਰਾਹੀ ਦੇਣ ਵਾਲ਼ਿਆਂ ਨੂੰ ਸਰਕਾਰ ਨੇ ਇਨਕਮ ਟੈਕਸ ਦੀ ਛੋਟ ਦੇ ਦਿਤੀ।
ਇਸ ਦੇ ਨਾਲ਼ੋਂ ਹਾਈਵੇ ਤਾਂ ਲੰਘਿਆ ਪਰ ਉਸ ਨੇ ਇਕ ਪਾਸਿਉਂ ਬਹੁਤ ਹੀ ਥੋਹੜਾ ਥਾਂ ਮੱਲਿਆ ਤੇ ਉਸ ਦੇ ਚੰਗੇ ਪੈਸੇ ਵੀ ਸੰਸਥਾ ਨੂੰ ਦਿਤੇ। ਵਲੈਤੋਂ ਆਏ ਪਰਵਾਰਾਂ ਅਤੇ ਸਿੱਖ ਕਲੱਬ ਵਾਲ਼ੇ ਸੱਜਣਾਂ ਨੇ ਬੜੀ ਹਿੰਮਤ ਨਾਲ਼, ਪੁਰਾਣੇ ਮਕਾਨ ਨੂੰ ਰੈਨੋਵੇਟ ਰਾਹੀਂ, ਇਸ ਵਿਚ ਬਹੁਤ ਸਾਰਾ ਵਾਧਾ ਕਰਕੇ, ਇਸ ਨੂੰ ਦੀਵਾਨ ਲਾਉਣ ਦੇ ਯੋਗ ਬਣਾਇਆ। ਜਿਵੇਂ ਜਿਵੇਂ ਸੰਗਤ ਵਧਦੀ ਗਈ, ਇਸ ਦੀ ਇਮਾਰਤ ਵਿਚ ਓਵੇਂ ਸਮੇ ਸਮੇ ਹੋਰ ਵਾਧਾ ਕੀਤਾ ਜਾਂਦਾ ਰਿਹਾ।
ਡਾਕਟਰ ਸਿੱਧੂ ਜੀ ਅਮ੍ਰੀਕਾ, ਕੈਨੇਡਾ ਦੀ ਯਾਤਰਾ ਉਪਰ ਗਏ ਤਾਂ ਆਪਣੇ ਸ਼ਾਗਿਰਦਾਂ ਪਾਸੋਂ ੭੦੦੦੦ (ਸੱਤਰ ਹਜ਼ਾਰ ਡਾਲਰ) ਉਗਰਾਹ ਕੇ ਲੈ ਆਏ। ਡਾਕਟਰ ਸਿਧੂ, ਸ. ਅਜਾਇਬ ਸਿੰਘ ਸਿਧੂ ਤੇ ਸ. ਕ੍ਰਿਪਾਲ ਸਿੰਘ ਪੰਨੂੰ ਨੇ ਆਪਣੇ ਘਰਾਂ ਦੀ ਗਰੰਟੀ ਦੇ ਕੇ, ਬੈਂਕ ਤੋਂ ਕਰਜ਼ਾ ਲਿਆ ਤੇ ਨਾਲ਼ ਲਗਵੀਂ ਤਿੰਨ ਏਕੜ ਜ਼ਮੀਨ ਹੋਰ ਖ਼ਰੀਦ ਲਈ, ਜਿਥੇ ਹੁਣ ਗੁਰਦੁਆਰਾ ਸਾਹਿਬ ਦਾ ਵਿਸ਼ਾਲ ਹਾਲ ਉਸਾਰਿਆ ਗਿਆ। ਇਸ ਜਿਡਾ ਹਾਲ ਆਸਟ੍ਰੇਲੀਆ ਵਿਚ ਹੋਰ ਕਿਸੇ ਗੁਰਦੁਆਰਾ ਸਾਹਿਬ ਦਾ ਤਾਂ ਕੀ, ਕਿਸੇ ਹੋਰ ਚਰਚ ਦਾ ਵੀ ਏਡਾ ਵੱਡਾ ਹਾਲ ਸ਼ਾਇਦ ਨਹੀਂ ਹੈ।
ਇਸ ਵਿਸ਼ਾਲ ਬਿਲਡਿੰਗ ਦੀਆਂ ਨੀਹਾਂ ਪੁੱਟੀਆਂ ਜਾ ਰਹੀਆਂ ਸਨ ਕਿ ਇਕ ਦਿਨ ਐਤਵਾਰ ਦੇ ਦੀਵਾਨ ਸਮੇ, ਠਕਰਾਲ ਪਰਵਾਰ ਆਇਆ। ਲੈਮੋਜ਼ੀਨ ਕਾਰਾਂ, ਗੋਰੇ ਸ਼ੋਫ੍ਹਰ, ਗੋਰੇ ਹੀ ਸੈਕਿਉਰਟੀ ਗਾਰਡਾਂ ਨਾਲ਼ ਉਹ ਪੁੱਜੇ ਅਤੇ ਗੁਰੂ ਜੀ ਅੱਗੇ ਮੱਥਾ ਟੇਕ ਕੇ ਦੀਵਾਨ ਵਿਚ ਸਜ ਗਏ। ਲੰਗਰ ਛਕਣ ਸਮੇ, ਇਕ ਪਾਸੇ ਪੁੱਟੀ ਹੋਈ ਮਿੱਟੀ ਦੇ ਲੱਗੇ ਹੋਏ ਢੇਰਾਂ ਨੂੰ ਵੇਖ ਕੇ, ਉਹਨਾਂ ਦੇ ਪੁੱਛਣ ਤੇ ਜਦੋਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਜਾ ਰਹੀ ਹੈ ਤਾਂ ਉਹਨਾਂ ੫੧੦੦੦ ਡਾਲਰ ਦੇਣ ਦਾ ਇਕਰਾਰ ਕੀਤਾ। ਆਸਟ੍ਰੇਲੀਆ ਵਿਚ ਉਹਨਾਂ ਦੇ ਮੈਨੇਜਰ, ਸ. ਮਨਜੀਤ ਸਿੰਘ ਗਿੱਲ ਨੇ ਚੱਲ ਰਹੇ ਕੰਮ ਦੀਆਂ ਫ਼ੋਟੋ ਲਾਹ ਕੇ ਭੇਜੀਆਂ ਤਾਂ ਉਹਨਾਂ ਵੱਲੋਂ ੫੧੦੦੦ ਦਾ ਚੈਕ ਵੀ ਆ ਗਿਆ। ਫਿਰ ਇਕ ਦਿਨ ਸਮੇਤ ਪਰਵਾਰ ਆਏ ਤਾਂ ਅੱਗੋਂ ਕੰਧਾਂ ਉਸਰੀਆਂ ਵੇਖ ਕੇ ਉਹਨਾਂ ਨੇ ਹੈਰਾਨੀ ਭਰੀ ਖ਼ੁਸ਼ੀ ਪਰਗਟ ਕੀਤੀ ਤੇ ੩੫੦੦੦੦ ਦਾ ਚੈਕ ਹੋਰ ਭੇਟਾ ਕਰ ਗਏ। ਗੁਰਦੁਆਰਾ ਸਾਹਿਬ ਦੀ ਓਪਨਿੰਗ ਵੇਲ਼ੇ ੧੦੦੦੦੦ ਹੋਰ ਦੇ ਗਏ। ਇਸ ਤਰ੍ਹਾਂ ਇਕੋ ਪਰਵਾਰ ਵੱਲੋਂ ੫੦੧੦੦੦ (ਪੰਜ ਲੱਖ ਇਕ ਹਜ਼ਾਰ ਡਾਲਰ), ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਵਿਚ ਪਾਏ ਗਏ। ਇਸ ਗੁਰਦੁਅਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਬਾਰੇ ਸੰਗਤਾਂ ਵਿਚ ਏਨਾ ਉਤਸ਼ਾਹ ਸੀ ਕਿ ਹਰੇਕ ਸਿੱਖ ਨੇ, ਆਪਣੀ ਕਿਰਤ ਕਮਾਈ ਵਿਚੋਂ, ਹੈਸੀਅਤ ਅਨੁਸਾਰ ਹਿੱਸਾ ਪਾਇਆ। ਕੁਝ ਸੱਜਣਾਂ ਨੇ ਤਾਂ ਦਸ ਦਸ ਹਜ਼ਾਰ ਡਾਲਰ ਤੱਕ ਵੀ ਉਗਰਾਹੀ ਦਿਤੀ। ਮੈਲਬਰਨ ਤੋਂ ਉਪਲ ਪਰਵਾਰ ਨੇ ੨੫੦੦੦ ਡਾਲਰ ਭੇਟਾ ਕੀਤੇ।
ਠਕਰਾਲ ਕੰਪਨੀ ਦਾ ਹੈਡ ਕੁਆਰਟਰ ਤੇ ਭਾਵੇਂ ਸਿੰਗਾਪੁਰ ਵਿਚ ਹੈ ਪਰ ਬਹੁਤ ਸਾਰੇ ਮੁਲਕਾਂ ਵਿਚ ਇਹਨਾਂ ਦਾ ਕਾਰੋਬਾਰ ਹੈ। ਉਸ ਸਮੇ ਆਸਟ੍ਰੇਲੀਆ ਵਿਚ ਇਹਨਾਂ ਦੀਆ ਸਤਾਰਾਂ ਜਾਇਦਾਦਾਂ ਸਨ ਜਿਨ੍ਹਾਂ ਦਾ ਪ੍ਰਬੰਧ ਸ. ਮਨਜੀਤ ਸਿੰਘ ਗਿੱਲ ਕਰਦੇ ਸਨ। ਇਹਨਾਂ ਆਸਟ੍ਰੇਲੀਆ ਵਿਚਲੇ ਹੋਰ ਵੀ ਕਈ ਗੁਰਦੁਆਰਾ ਸਾਹਿਬਾਨ ਨੂੰ ਸਮੇ ਸਮੇ ਚੋਖੀ ਮਾਇਆ ਭੇਟਾ ਕੀਤੀ ਸੀ।
ਸ਼ਾਇਦ ਇਸ ਘਟਨਾ ਦਾ ਏਥੇ ਵਰਨਣ ਪਾਠਕਾਂ ਨੂੰ ਹੈਰਾਨ ਕਰੇ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਸਮੇ, ਚੈਰਿਟੇਬਲ ਕੌਂਸਲ ਦੇ ਚੇਅਰਮੈਨ, ਸ. ਮਹਿੰਦਰ ਸਿੰਘ ਮਿਨਹਾਸ ਸਨ। ਉਹਨਾਂ ਦਾ ਉਚ ਪਾਏ ਦਾ ਆਪਣਾ ਰੈਸਟੋਰੈਂਟ ਸੀ। ਸਮੇ ਸਮੇ ਉਸ ਵਿਚ ਪ੍ਰਸ਼ਾਦੇ ਛਕਣ ਹਰੇਕ ਪ੍ਰਕਾਰ ਦੇ ਗਾਹਕ ਆਇਆ ਕਰਦੇ ਸਨ। ਇਸ ਕਰਕੇ ਉਹਨਾਂ ਦੀ ਵੱਡੇ ਵੱਡੇ ਵਿਅਕਤੀਆਂ ਨਾਲ਼ ਜਾਣ ਪਛਾਣ ਅਤੇ ਮੂੰਹ ਮੁਲਾਹਜ਼ਾ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਉਹਨਾਂ ਨੇ ਇਕ ਬੈਂਕ ਮੈਨੇਜਰ ਨਾਲ਼ ਗੱਲ ਕਰਕੇ ਕਰਜ਼ਾ ਮਨਜ਼ੂਰ ਕਰਵਾ ਲਿਆ। ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਕੇ, ਇਕ ਕਿਸ਼ਤ ਦਾ ਬੈਂਕ ਨੇ ਭੁਗਤਾਨ ਵੀ ਕਰ ਦਿਤਾ। ਪਤਾ ਨਹੀਂ ਕਿਸ ਭਾਨੀਮਾਰ ਸੱਜਣ ਨੇ ਭਾਨੀ ਵਾਲ਼ਾ ਤੀਰ ਏਨਾ ਕੱਸ ਕੇ ਨਿਸ਼ਾਨੇ ਉਪਰ ਮਾਰਿਆ ਕਿ ਉਸ ਮੈਨੇਜਰ ਨੂੰ ਬੌਂਦਲਾ ਕੇ ਰੱਖ ਦਿਤਾ। ਉਸ ਨੇ ਸ. ਮਹਿੰਦਰ ਸਿੰਘ ਨੂੰ ਸੱਦ ਕੇ, ਅੱਗੋਂ ਕਰਜ਼ਾ ਜਾਰੀ ਰੱਖਣ ਤੋਂ ਦ੍ਰਿੜ੍ਹਤਾ ਨਾਲ਼ ਕੋਰੀ ਨਾਂਹ ਕਰ ਦਿਤੀ ਤੇ ਇਹ ਵੀ ਆਖਿਆ ਕਿ ਜੇਹੜੀ ਕਿਸ਼ਤ ਮੈਂ ਦਿਤੀ ਹੈ ਉਹ ਵੀ ਤੁਹਾਨੂੰ ਛੱਡੀ; ਅੱਗੇ ਤੋਂ ਤੁਸੀਂ ਮੈਨੂੰ ਮੁਆਫ਼ੀ ਦਿਓ। ਕਰਜ਼ਾ ਕਿਸੇ ਹਾਲਤ ਵਿਚ ਵੀ ਨਹੀਂ ਦਿਤਾ ਜਾ ਸਕਦਾ। ਕਰਜ਼ੇ ਤੋਂ ਨਾਂਹ ਹੋ ਜਾਣ ਤੇ ਉਸਾਰੀ ਰੁਕ ਜਾਣੀ ਸੀ।
ਸ. ਮਹਿੰਦਰ ਸਿੰਘ ਨੇ ਕਿਸੇ ਹੋਰ ਨਾਲ਼ ਇਹ ਭੇਤ ਸਾਂਝਾ ਕਰਨ ਤੋਂ ਪਹਿਲਾਂ ਮੇਰੇ ਨਾਲ਼ ਇਹ ਗੱਲ ਕਰ ਦਿਤੀ ਤੇ ਮੇਰੀ ਸਲਾਹ ਪੁੱਛੀ। ਮੈਂ ਜੋ ਉਸ ਨੂੰ ਕਿਹਾ ਉਸ ਦਾ ਸਾਰਅੰਸ਼ ਕੁਝ ਇਸ ਪ੍ਰਕਾਰ ਸੀ:
ਮੈਨੂੰ ਤਾਂ ਇਹ ਗੱਲ ਦੱਸ ਦਿਤੀ, ਹੋਰ ਕਿਸੇ ਕੋਲ਼ ਇਸ ਦੀ ਭਿਣਖ ਵੀ ਨਾ ਕਢੀਂ। ਸੰਗਤ ਵਿਚ ਹਫ਼ੜਾ ਦਫ਼ੜੀ ਮਚ ਜਾਵੇ ਗੀ। ਹੁਣ ਤੁਸੀਂ ਕਾਮਨਵੈਲਥ ਬੈਂਕ ਕੋਲ਼ ਜਾਓ। ਉਸ ਦੇ ਮੈਨੇਜਰ ਨੂੰ ਆਖੋ ਕਿ ਫਲਾਣੀ ਬੈਂਕ ਨੇ ਕਰਜ਼ਾ ਤਾਂ ਮਨਜ਼ੂਰ ਕਰ ਦਿਤਾ ਹੈ ਪਰ ਸਾਡਾ ਭਾਈਚਾਰਾ ਸਾਡੇ ਨਾਲ਼ ਨਾਰਾਜ਼ਗੀ ਪਰਗਟ ਕਰ ਰਿਹਾ ਹੈ ਕਿ ਜਦੋਂ ਏਨੇ ਸਾਲਾਂ ਤੋਂ ਸੰਸਥਾ ਦਾ ਅਕਾਊਂਟ ਕਾਮਨਵੈਲਥ ਬੈਂਕ ਨਾਲ਼ ਹੈ ਤਾਂ ਤੁਸੀਂ ਕਰਜ਼ਾ ਕਿਸੇ ਹੋਰ ਬੈਂਕ ਤੋਂ ਕਿਉਂ ਲਿਆ! ਇਸ ਲਈ ਮੈਨੂੰ ਸਾਡੀ ਕਮੇਟੀ ਨੇ ਤੁਹਾਡੇ ਕੋਲ਼ ਭੇਜਿਆ ਹੈ ਕਿ ਜੇਕਰ ਤੁਸੀਂ ਇਹ ਕਰਜ਼ਾ ਆਪਣੀ ਬੈਂਕ ਵੱਲ ਟ੍ਰਾਂਸਫ਼ਰ ਕਰ ਲਵੋ ਤਾਂ ਸਾਡੀ ਕਮਿਊਨਿਟੀ ਨੂੰ ਬੜੀ ਖ਼ੁਸ਼ ਹੋਵੇਗੀ।
ਸ. ਮਹਿੰਦਰ ਸਿੰਘ ਨੇ ਪਤਾ ਨਹੀਂ ਜਾ ਕੇ ਕੀ ਤੇ ਕਿਵੇਂ ਕਿਹਾ ਤੇ ਬੈਂਕ ਮੈਨੇਜਰ ਦੇ ਕੰਨ ਵਿਚ ਕਿਵੇਂ ਫੂਕ ਮਾਰੀ ਕਿ ਉਸ ਨੇ ਫੌਰਨ ਹੀ ਸਾਰਾ ਕਰਜ਼ਾ ਆਪਣੀ ਬੈਂਕ ਵੱਲ ਟ੍ਰਾਂਸਫਰ ਕਰ ਲਿਆ ਤੇ ਟ੍ਰਾਂਸਫਰ ਕਰਨ ਦੀ ਬਣਦੀ ਫੀਸ ਵੀ ਨਾ ਲਈ।
ਇਸ ਤਰ੍ਹਾਂ ਇਹ ਕਿਸੇ ਸੱਜਣ ਪੁਰਸ਼ ਦੀ ਕਿਰਪਾ ਨਾਲ਼ ਆਇਆ ਕਰਜ਼ੇ ਵਾਲ਼ਾ ਸੰਕਟ ਟਲ਼ ਗਿਆ।
ਆਖਰ ੩੦ ਨਵੰਬਰ, ੧੯੯੭ ਵਾਲ਼ਾ ਉਹ ਭਾਗਾਂ ਭਰਿਆ ਸਮਾ ਆਇਆ, ਜਦੋਂ ਭਾਰਤੀਆਂ ਦੇ ਵਿਸ਼ਾਲ ਜਨ ਸਮੂੰਹ ਨੇ, ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵਿਚ ਦੀਵਾਨ ਲੱਗੇ ਦੇ ਦਰਸ਼ਨ ਕੀਤੇ। ਸੰਗਤ ਵਿਚ ਬਹੁਤ ਭਾਰੀ ਉਤਸ਼ਾਹ ਵੇਖਣ ਵਿਚ ਆਇਆ। ਤਿੰਨ ਦਿਨ ਸੰਗਤਾਂ ਨੇ ਬੜੇ ਉਤਸ਼ਾਹ ਨਾਲ਼, ਹਰ ਪ੍ਰਕਾਰ ਦੀ ਸੇਵਾ ਵਿਚ ਹਿੱਸਾ ਪਾਇਆ। ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮੇ ਜਿੰਨਾ ਇਕੱਠ ਹੋਇਆ, ਓਨਾ ਅੱਜ ਤੱਕ ਵੀ ਭਾਰਤੀ ਸਮਾਜ ਦਾ ਆਸਟ੍ਰੇਲੀਆ ਵਿਚ ਨਹੀਂ ਹੋਇਆ। ਸਿੱਖਾਂ ਨਾਲ਼ੋਂ ਕਿਤੇ ਵਧੇਰੇ ਦੂਸਰੇ ਧਰਮਾਂ ਨੂੰ ਮੰਨਣ ਵਾਲ਼ੇ ਪ੍ਰੇਮੀਆਂ ਨੇ ਵੀ ਵਧ ਚੜ੍ਹ ਕੇ, ਇਸ ਯਾਦਗਾਰੀ ਮਹਾਨ ਸਮਾਗਮ ਵਿਚ ਸ਼ਾਮਲ ਹੋ ਕੇ ਤੇ ਰੌਣਕਾਂ ਵਧਾ ਕੇ, ਗੁਰੂ ਕੀਆਂ ਖ਼ੁਸ਼ੀਆ ਪ੍ਰਾਪਤ ਕੀਤੀਆਂ।
੧੯੮੨ ਦੌਰਾਨ ਮਹੀਨੇ ਵਿਚ ਦੋ ਦਿਨ ਵਾਸਤੇ ਦੀਵਾਨ ਸਜਣ ਤੋਂ ਆਰੰਭ ਹੋ ਕੇ, ਅੱਜ ਇਸ ਸਥਾਨ ਉਪਰ ਹਰ ਰੋਜ ਦੀਵਾਨ ਸਜਦਾ ਹੈ ਤੇ ਸਾਰਾ ਦਿਨ ਹੀ ਲੰਗਰ ਵਰਤਦਾ ਹੈ। ੧੯੮੨ ਵਿਚ ਇਕ ਆਨਰੇਰੀ ਗ੍ਰੰਥੀ, ਜੋ ਆਪਣੇ ਗੁਜ਼ਾਰੇ ਵਾਸਤੇ ਪੰਜ ਦਿਨ ਫੈਕਟਰੀ ਵਿਚ ਮਜ਼ਦੂਰੀ ਕਰਨ ਜਾਂਦਾ ਸੀ, ਤੋਂ ਆਰੰਭ ਹੋ ਕੇ, ਅੱਜ ਇਕ ਹੈਡ ਗ੍ਰੰਥੀ, ਇਕ ਮੈਨੇਜਰ, ਦੋ ਲਾਂਗਰੀ, ਦੋ ਲਾਇਬ੍ਰੇਰੀਅਨ, ਛੇ ਰਾਗੀ ਸਿੰਘ, ੩੦ ਤੋਂ ਉਪਰ ਪੰਜਾਬੀ ਟੀਚਰ ਤਨਖਾਹ ਤੇ ਸੇਵਾ ਕਰ ਰਹੇ ਹਨ। ਜੇਹੜੇ ਬਿਨਾ ਤਨਖਾਹੋਂ ਸੇਵਾ ਕਰਦੇ ਹਨ ਉਹਨਾਂ ਦੀ ਗਿਣਤੀ ਹੋਰ ਵੀ ਵਧੇਰੇ ਹੈ। ਇਹਨਾਂ ਤੋਂ ਇਲਾਵਾ ਸੰਸਾਰ ਭਰ ਵਿਚੋਂ ਵਿੱਦਵਾਨ, ਕਥਾਵਾਚਕ, ਪ੍ਰਚਾਰਕ, ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ, ਸੰਤ ਮਹਾਂ ਪੁਰਸ਼ ਵੀ ਆ ਕੇ, ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਦੇ ਹਨ। ਇਕ ਢੁਕਵੀਂ ਭਾਈ ਗੁਰਦਾਸ ਲਾਇਬ੍ਰੇਰੀ, ਪੰਜਾਬੀ ਸਕੂਲ ਆਦਿ ਬਹੁਤ ਸਾਰੀਆਂ ਹੋਰ ਸੇਵਾਵਾਂ ਵੀ ਚੱਲ ਰਹੀਆਂ ਹਨ। ਰਿਟਾਇਰ ਵਿਅਕਤੀਆਂ ਦੇ ਰੁਝੇਵੇਂ ਵਾਸਤੇ ਵੀ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਹਨ। ਬਾਬਾ ਬੁਢਾ ਹਾਲ ਅਤੇ ਇਸ ਦੇ ਨਾਲ਼ ਲੱਗਵੇਂ ਕਮਰਿਆਂ ਵਿਚ ਧਾਰਮਿਕ, ਸਾਹਿਤਕ, ਭਾਈਚਾਰਕ ਸਮਾਗਮਾਂ ਵਾਸਤੇ ਵੀ ਢੁਕਵਾਂ ਪ੍ਰਬੰਧ ਹੈ। ਉਸ ਸਮੇ ਗੈਰਾਜ ਵਿਚ ਆਰਜ਼ੀ ਜਿਹਾ ਲੰਗਰ ਬਣਾਉਣ ਦਾ ਪ੍ਰਬੰਧ ਹੁੰਦਾ ਸੀ। ਅੱਜ ਢੁਕਵਾਂ ਵਿਸ਼ਾਲ ਲੰਗਰ ਹੈ। ਇਸ ਵਿਚ ਆਟਾ ਗੁੰਨ੍ਹਣ ਅਤੇ ਰੋਟੀਆਂ ਪਕਾਉਣ ਵਾਲ਼ੀ ਮਸ਼ੀਨ ਸਮੇਤ ਹਰੇਕ ਲੋੜੀਂਦੀ ਵਸਤੂ ਮੌਜੂਦ ਹੈ। ਲੰਗਰ ਦੀ ਇਮਾਰਤ ਦਾ ਹੋਰ ਵਿਸਥਾਰ ਕਰਨ ਬਾਰੇ ਵੀ ਉਦਮ ਕੀਤਾ ਜਾ ਰਿਹਾ ਹੈ।
ਕੁਝ ਸਾਲਾਂ ਤੋਂ ਸਰਕਾਰ ਵੱਲੋਂ ਕਮੇਟੀ ਨੂੰ ਲਿਖਿਆ ਜਾ ਰਿਹਾ ਸੀ ਕਿ ਐਸੋਸੀਏਸ਼ਨ ਦਾ ਬਜਟ, ਆਮਦਨ, ਵਸੀਲੇ ਆਦਿ ਏਨੇ ਵਧ ਗਏ ਹਨ ਕਿ ਇਹ ਹੁਣ, ਕਾਨੂੰਨ ਅਨੁਸਾਰ, ਐਸੋਸੀਏਸ਼ਨ ਨਹੀਂ ਰਹਿ ਸਕਦੀ; ਇਸ ਨੂੰ ਕੰਪਨੀ ਵਿਚ ਤਬਦੀਲ ਕਰਨਾ ਪਵੇ ਗਾ। ਕਈ ਕਾਰਨਾਂ ਕਰਕੇ ਇਹ ਕਾਰਜ ਪਿੱਛੇ ਪੈਂਦਾ ਆ ਰਿਹਾ ਸੀ, ਜਿਨ੍ਹਾਂ ਵਿਚੋਂ ਮੈਂਬਰਾਂ ਵਿਚ ਇਕ ਕੰਪਨੀ ਦੇ ਕਾਂਸਟੀਚਿਊਸ਼ਨ ਦੀਆਂ ਕੁਝ ਮੱਦਾਂ ਬਾਰੇ ਵੀ ਮੱਤਭੇਦਾਂ ਦਾ ਹੋਣਾ ਵੀ ਸੀ। ਅੰਤ ਵਿਚ ਗੁਰਦੁਆਰਾ ਸਾਹਿਬ ਵਿਖੇ ਹੋਈ ਇਕ ਸ਼ਾਮ ਦੀ ਇਕੱਤਰਤਾ ਵਿਚ ਇਹ ਮਸਲਾ ਵੀ ਨਜਿਠਿਆ ਗਿਆ ਤੇ ਕਾਂਸਟੀਚਿਊਸ਼ਨ ਪਾਸ ਹੋ ਗਿਆ।
ਇਸ ਵੇਲ਼ੇ ਸੰਸਥਾ ਪਾਸ ਨਾਲ਼ ਲਗਵੇਂ ਤਿੰਨ ਮਕਾਨ ਵੀ ਹਨ ਜਿਥੇ ਸਟਾਫ਼ ਅਤੇ ਬਾਹਰੋਂ ਆਏ ਵਿੱਦਵਾਨਾਂ ਦੇ ਠਹਿਰਨ ਦਾ ਪ੍ਰਬੰਧ ਹੈ। ਨਾਲ਼ ਲੱਗਵਾਂ ਇਕ ਡਾਕਟਰ ਦਾ ਮਕਾਨ ਖ਼ਰੀਦ ਕੇ, ਉਸ ਨੂੰ ਢੁਕਵਾਂ ਬਣਾ ਕੇ, ਓਥੇ ਪੰਜਾਬੀ ਸਕੂਲ਼ ਲੱਗਦਾ ਹੈ। ਇਸ ਤੋਂ ਇਲਾਵਾ ਬਹੁਤ ਦੂਰ, ਵਾਹਵਾ ਸਾਲ ਹੋ ਗਏ, ਕੁਝ ਜ਼ਮੀਨ ਵੀ ਖ਼ਰੀਦੀ ਹੋਈ ਹੈ। ਵੇਖੋ, ਉਹ ਜ਼ਮੀਨ ਕਿਸ ਕਾਰਜ ਵਾਸਤੇ ਵਰਤੀ ਜਾਵੇ ਗੀ!
ਹੁਣ ਇਹ ਜਥੇਬੰਦੀ ਐਸੋਸੀਏਸ਼ਨ ਨਾ ਰਹਿ ਕੇ, ਕੰਪਨੀ ਬਣ ਗਈ ਹੈ। ਇਸ ਦਾ ਪ੍ਰਬੰਧ ਕਰਨ ਵਾਸਤੇ, ਤਿੰਨਾਂ ਕਮੇਟੀਆਂ: ਗੁਰਦੁਆਰਾ ਪ੍ਰਬੰਧਕ ਕਮੇਟੀ, ਬੋਰਡ ਆਫ਼ ਟ੍ਰੁਸਟੀਜ਼ ਅਤੇ ਚੈਰਿਟੇਬਲ ਕੌਂਸਲ ਦੇ, ੨੭ ਮੈਂਬਰਾਂ ਦੀ ਬਜਾਇ, ਹੁਣ ੧੫ ਡਾਇਰੈਕਟਰ ਚੁਣੇ ਜਾਣੇ ਸਨ। ਪਿਛਲੇ ਦਿਨੀਂ ਇਹਨਾਂ ਪੰਦਰਾਂ ਡਾਇਰੈਕਟਰਾਂ ਦੀ ਇਲੈਕਸ਼ਨ ਬੜੇ ਜੋਸ਼ੋ ਖਰੋਸ਼ ਅਤੇ ਧੂਮ ਧੜੱਕੇ ਨਾਲ਼ ਹੋ ਗਈ ਹੈ। ਇਸ ਕੰਪਨੀ ਦੇ ਪ੍ਰਬੰਧ ਉਪਰ ਕਬਜ਼ਾ ਕਰਨ ਵਾਸਤੇ, ਜਿਵੇਂ ਕਿ ਇਲੈਕਸ਼ਨ ਸਮੇ ਹੁੰਦਾ ਹੀ ਹੈ, ਕਿਸੇ ਪਾਸਿਉਂ ਵੀ ਕੋਈ ਕਸਰ ਨਹੀਂ ਛੱਡੀ ਗਈ। ''ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥'' (੪੬੯)। ਅਖੀਰ ਗੁਰੂ ਫੁਰਮਾਣ, ''ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥'' (੪੫੭) ਅਨੁਸਾਰ, ਜਿਨ੍ਹਾਂ ਸੱਜਣਾਂ ਤੇ ਬੀਬੀਆਂ ਪਾਸੋਂ ਗੁਰੂ ਜੀ ਨੇ ਸੇਵਾ ਲੈਣੀ ਸੀ, ਉਹਨਾਂ ਨੂੰ ਜਿੱਤ ਪ੍ਰਾਪਤ ਹੋ ਗਈ। ੧੫ ਡਾਇਰੈਕਟਰ ਇਲੈਕਸ਼ਨ ਜਿੱਤ ਗਏ ਤੇ ਉਹਨਾਂ ਨੇ ਕੰਪਨੀ ਦਾ ਪ੍ਰਬੰਧ ਸੰਭਾਲ਼ ਲਿਆ ਹੈ। ਗੁਰਦੁਆਰਾ ਸਾਹਿਬ ਦਾ ਕਾਰਜ ਪਹਿਲੇ ਵਾਂਙ ਹੀ ਚੱਲ ਰਿਹਾ ਹੈ; ਇਸ ਵਿਚ ਕੋਈ ਰੁਕਾਵਟ ਜਾਂ ਅਦਲਾ ਬਦਲੀ ਨਹੀਂ ਹੋਈ। ਪੰਦਰਾਂ ਡਾਇਰੈਕਟਰ ਮੁਕਾਲਬਤਨ ਨੌਜਵਾਨ ਚੁਣੇ ਗਏ ਹਨ। ਇਹਨਾਂ ਵਿਚੋਂ, ਇਕ ਸ. ਨਿਰਮਲ ਸਿੰਘ ਸੰਧਰ ਜੇਹੜਾ ਇਮਾਰਤ ਬਣਨ ਸਮੇ ਸਕੱਤਰ ਸੀ, ਤੋਂ ਇਲਾਵਾ, ਕੋਈ ਵੀ ਹੋਰ ਨਸਹੀਂ ਜਿਸ ਨੇ ਇਸ ਸੰਸਥਾ ਦੇ ਹੋਂਦ ਵਿਚ ਆਉਣ ਦੇ ਮੁਢਲੇ ਸਮੇ ਨੂੰ ਹੰਡਾਇਆ ਹੋਵੇ! ਪਰ ਤਬਦੀਲੀ ਕੁਦਰਤ ਦਾ ਕਾਨੂੰਨ ਹੈ ਅਤੇ ਹਰੇਕ ਤਬਦੀਲੀ ਤੋਂ ਚੰਗੇਰੇ ਦੀ ਆਸ ਕੀਤੀ ਜਾਂਦੀ ਹੈ। ਇਸ ਮੁਕਾਬਲਤਨ ਨਵੇਂ ਗਰੁਪ ਪਾਸੋਂ ਵੀ ਆਸ ਹੈ ਕਿ ਇਹ ਆਪਣੇ ਨਿੱਤ ਦੇ ਰੁਝੇਵਿਆਂ ਵਿਚੋਂ ਸਮਾ ਕਢ ਕੇ, ਇਸ ਸੰਸਥਾ ਨੂੰ ਹੋਰ ਵੀ ਅਗੇਰੇ ਲੈ ਕੇ ਜਾਣ ਗੇ। ਇਹਨਾਂ ਦੀ ਅਗਵਾਈ ਹੇਠ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਿੱਖੀ ਦੀ ਉਨਤੀ ਅਤੇ ਮਨੁਖਤਾ ਦੀ ਭਲਾਈ ਵਾਸਤੇ ਹੋਰ ਵੀ ਅੱਗੇ ਉਦਮ ਕਰਨ ਗੇ। ਅਜੇ ਬਹੁਤ ਸਾਰੇ ਕਾਰਜ ਹੋਰ ਵੀ ਕਰਨ ਵਾਲ਼ੇ ਪਏ ਹਨ, ਜਿਨ੍ਹਾਂ ਵਿਚੋਂ ਇਕ ਅਤੀ ਮਹੱਤਵਪੂਰਨ 'ਓਲਡ ਪੀਪਲ ਹੋਮ' ਵਾਲ਼ਾ ਵੀ ਜਰੂਰੀ ਹੈ। ਇਸ ਬਾਰੇ ਕੁਝ ਸਾਲ ਪਹਿਲਾਂ ਮੈਂ ਇਕ ਲੇਖ ਵੀ ਲਿਖਿਆ ਸੀ ਜਿਸ ਵਾਸਤੇ ਕੁਝ ਸੱਜਣਾਂ ਵੱਲੋਂ ਹਾਮੀ ਭਰੀ ਗਈ ਸੀ ਪਰ ਕਿਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਸ ਗੱਲ ਦਾ ਨੋਟਿਸ ਨਹੀਂ ਗਿਆ ਸੀ। ਇਸ ਦਾ ਸ਼ਾਇਦ ਕਾਰਨ ਉਹਨਾਂ ਦੀ ਮੁਕਾਬਲਤਨ ਜਵਾਨ ਉਮਰ ਦਾ ਹੋਣਾ ਹੋਵੇ!

24 June 2018