ਕੱਟੜਪੰਥੀ ਸਿਆਸਤ ਦੇ ਪਸਾਰ - ਰਾਮਚੰਦਰ ਗੁਹਾ

ਉੱਤਰ ਪ੍ਰਦੇਸ਼ ਦੀ ਸ਼ਾਰਦਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਇਕ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਇਹ ਪ੍ਰਸ਼ਨ ਪਾ ਦਿੱਤਾ : ‘ਕੀ ਤੁਸੀਂ ਫਾਸ਼ੀਵਾਦ, ਨਾਜ਼ੀਵਾਦ ਅਤੇ ਕੱਟੜਪੰਥੀ ਹਿੰਦੂਵਾਦ ਦਰਮਿਆਨ ਕੋਈ ਸਮਾਨਤਾਵਾਂ ਦੇਖਦੇ ਹੋ। ਇਸ ਦਾ ਤਰਕ ਸਹਿਤ ਖੁਲਾਸਾ ਕਰੋ।’ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਅਧਿਆਪਕ ਨੂੰ ਇਸ ਬਿਨਾ ‘ਤੇ ਮੁਅੱਤਲ ਕਰ ਦਿੱਤਾ ਕਿ ਇਹ ਸਵਾਲ ਪੁੱਛਣਾ ਹੀ ਮੁਲਕ ਦੀ ‘ਮਹਾਨ ਰਾਸ਼ਟਰੀ ਪਛਾਣ’ ਦੇ ਖਿਲਾਫ਼ ਹੈ, ਇਸ ਨਾਲ ‘ਸਮਾਜਿਕ ਬਦਅਮਨੀ ਫੈਲਣ ਦਾ ਡਰ ਹੈ।’
       ਇਸ ਕਾਲਮ ਵਿਚ ਉਸੇ ਸਵਾਲ ਦਾ ਜਵਾਬ ਦੇਣ ਦਾ ਯਤਨ ਹੈ ਜੋ ਸ਼ਾਰਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਰਜਿਤ ਕਰਾਰ ਦੇ ਦਿੱਤਾ ਗਿਆ। ਮੁੱਖ ਸਰੋਤ ਵਜੋਂ ਮੈਂ ਇਤਾਲਵੀ ਇਤਿਹਾਸਕਾਰ ਮਾਰਜ਼ੀਆ ਕਾਸੋਲਾਰੀ ਦੀਆਂ ਲਿਖਤਾਂ ਦਾ ਸਹਾਰਾ ਲਿਆ ਹੈ, ਖ਼ਾਸਕਰ ਉਨ੍ਹਾਂ ਦਾ ਲੇਖ ‘ਹਿੰਦੂਤਵਾ’ਜ਼ ਫਾਰੇਨ ਟਾਇ-ਅਪ ਇਨ ਦਿ 1930ਜ਼’ (1930ਵਿਆਂ ਵਿਚ ਹਿੰਦੂਤਵ ਦੇ ਵਿਦੇਸ਼ੀ ਜੋੜ) ਜੋ ਸੰਨ 2000 ਵਿਚ ‘ਇਕੋਨੌਮਿਕ ਐਂਡ ਪੁਲਿਟੀਕਲ ਵੀਕਲੀ’ ਮੈਗਜ਼ੀਨ ਵਿਚ ਛਪਿਆ ਸੀ ਅਤੇ ਵੀਹ ਸਾਲ ਬਾਅਦ ਛਪੀ ਕਿਤਾਬ ‘ਸ਼ੈਡੋ ਆਫ ਦਿ ਸਵਾਸਤਿਕ: ਦਿ ਰਿਲੇਸ਼ਨਸ਼ਿਪਜ਼ ਬਿਟਵੀਨ ਰੈਡੀਕਲ ਨੈਸ਼ਨਲਿਜ਼ਮ ਇਟੈਲੀਅਨ ਫਾਸਿਜ਼ਮ ਐਂਡ ਨਾਜ਼ੀਇਜ਼ਮ’ ਵਿਚ ਵੀ ਛਪਿਆ ਸੀ।
       ਕਾਸੋਲਾਰੀ ਦਾ ਕਾਰਜ ਇਟਲੀ, ਭਾਰਤ ਅਤੇ ਬਰਤਾਨੀਆ ਦੇ ਪੁਰਾ-ਲੇਖਾਲਿਆਂ ਵਿਚ ਨਿੱਠ ਕੇ ਕੀਤੀ ਖੋਜ ਅਤੇ ਵੱਖ ਵੱਖ ਭਾਸ਼ਾਵਾਂ ਦੀਆਂ ਮੂਲ ਲਿਖਤਾਂ ਦੀ ਸਮੱਗਰੀ ‘ਤੇ ਆਧਾਰਿਤ ਹੈ। ਉਨ੍ਹਾਂ ਦਰਸਾਇਆ ਕਿ ਕਿਵੇਂ ਮਰਾਠੀ ਪ੍ਰੈੱਸ ਨੇ 1920ਵਿਆਂ ਤੇ 1930ਵਿਆਂ ਵਿਚ ਇਸ ਧਾਰਨਾ ਨਾਲ ਇਟਲੀ ਵਿਚ ਫਾਸ਼ੀਵਾਦ ਦੇ ਉਭਾਰ ਨੂੰ ਬਹੁਤ ਦਿਲਚਸਪੀ ਨਾਲ ਕਵਰ ਕੀਤਾ ਸੀ ਕਿ ਭਾਰਤ ਵਿਚ ਵੀ ਇਹੋ ਜਿਹੀ ਵਿਚਾਰਧਾਰਾ ਰਾਹੀਂ ਪੱਛੜੇ ਹੋਏ ਖੇਤੀਬਾੜੀ ਮੁਲਕ ਨੂੰ ਵਿਕਸਤ ਸਨਅਤੀ ਸ਼ਕਤੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਸਮਾਜ ਅੰਦਰ ਵਿਵਸਥਾ ਤੇ ਇਕਸਾਰਤਾ ਕਾਇਮ ਕੀਤੀ ਜਾ ਸਕਦੀ ਹੈ। ਕਾਸੋਲਾਰੀ ਨੇ ਮੁਸੋਲਿਨੀ ਅਤੇ ਫਾਸ਼ੀਵਾਦ ਬਾਰੇ ਇਹ ਰੌਸ਼ਨੀ ਪਾਉਣ ਵਾਲੇ ਇਨ੍ਹਾਂ ਬਹੁਤ ਸਾਰੇ ਲੇਖਾਂ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਨੂੰ ਸ਼ਾਇਦ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੋਢੀ ਆਗੂਆਂ ਕੇਬੀ ਹੈਡਗੇਵਾਰ ਅਤੇ ਐੱਮਐੱਸ ਗੋਲਵਲਕਰ ਅਤੇ ਹਿੰਦੂ ਮਹਾਸਭਾ ਦੇ ਮੋਢੀ ਆਗੂਆਂ ਵੀਡੀ ਸਾਵਰਕਰ ਅਤੇ ਬੀਐੱਸ ਮੂੰਜੇ ਵਰਗਿਆਂ ਨੇ ਪੜ੍ਹਿਆ ਹੋਵੇਗਾ। ਇਨ੍ਹਾਂ ਚਾਰੇ ਆਗੂਆਂ ਦੀ ਮਾਤ ਭਾਸ਼ਾ ਮਰਾਠੀ ਸੀ। ਇਸ ਤਰ੍ਹਾਂ, ਜਿਵੇਂ ਕਾਸੋਲਾਰੀ ਨੇ ਲਿਖਿਆ ਹੈ ਕਿ ‘1920ਵਿਆਂ ਦੇ ਅਖੀਰਲੇ ਸਾਲਾਂ ਤੱਕ ਮਹਾਰਾਸ਼ਟਰ ਵਿਚ ਫਾਸ਼ੀਵਾਦੀ ਸ਼ਾਸਨ ਅਤੇ ਮੁਸੋਲਿਨੀ ਦੇ ਕਾਫ਼ੀ ਹਮਾਇਤੀ ਹੋ ਗਏ ਸਨ। ਹਿੰਦੂ ਰਾਸ਼ਟਰਵਾਦੀਆਂ ਨੂੰ ਫਾਸ਼ੀਵਾਦ ਦੇ ਪਹਿਲੂ ਭਾਉਂਦੇ ਹਨ ਜਿਨ੍ਹਾਂ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਇਤਾਲਵੀ ਸਮਾਜ ਅੰਦਰ ਅਰਾਜਕਤਾ ਦੂਰ ਕਰ ਕੇ ਵਿਵਸਥਾ ਲਿਆਂਦੀ ਸੀ ਤੇ ਇਸ ਦਾ ਫ਼ੌਜੀਕਰਨ ਕੀਤਾ ਸੀ। ਇਸ ਨੂੰ ਲੋਕਤੰਤਰ ਦੇ ਹਾਂਦਰੂ ਬਦਲ ਵਜੋਂ ਪੂਰੀ ਤਰ੍ਹਾਂ ਲੋਕਤੰਤਰੀ ਵਿਰੋਧੀ ਪ੍ਰਣਾਲੀ ਗਿਣਿਆ ਜਾਂਦਾ ਸੀ ਜਦਕਿ ਲੋਕਤੰਤਰ ਨੂੰ ਬਰਤਾਨਵੀ ਸੰਸਥਾ ਵਜੋਂ ਦੇਖਿਆ ਜਾਂਦਾ ਸੀ।’
        ਕਾਸੋਲਾਰੀ ਦੀਆਂ ਖੋਜਾਂ ਵਿਚ ਅਹਿਮ ਹਸਤੀ ਡਾ. ਬੀਐੱਸ ਮੂੰਜੇ ਸੀ ਜੋ ਹਿੰਦੂ ਕੱਟੜਪੰਥ ਦਾ ਮੁੱਖ ਵਿਚਾਰਕ ਸੀ। ਉਸ ਨੇ 1931 ਵਿਚ ਇਟਲੀ ਦਾ ਦੌਰਾ ਕੀਤਾ ਅਤੇ ਫਾਸ਼ੀਵਾਦੀ ਸ਼ਾਸਨ ਦੇ ਹਮਾਇਤੀਆਂ ਨੂੰ ਮਿਲਿਆ। ਉਹ ਮੁਸੋਲਿਨੀ ਅਤੇ ਉਸ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸ ਦੀ ਤਰ੍ਹਾਂ ਹੀ ਨੌਜਵਾਨਾਂ ਅੰਦਰ ਫ਼ੌਜਪੁਣੇ ਵਾਲੀ ਭਾਵਨਾ ਭਰਨਾ ਚਾਹੁੰਦਾ ਸੀ। ਮੂੰਜੇ ਦੀ ਬੇਨਤੀ ‘ਤੇ ਉਸ ਦੀ ਮੁਸੋਲਿਨੀ ਨਾਲ ਮੁਲਾਕਾਤ ਵੀ ਕਰਵਾਈ ਗਈ। ਜਦੋਂ ਮੁਸੋਲਿਨੀ ਨੇ ਉਸ ਨੂੰ ਪੁੱਛਿਆ ਕਿ ਉਹ ਫਾਸ਼ੀਵਾਦ ਬਾਰੇ ਕੀ ਜਾਣਦਾ ਹੈ ਤਾਂ ਮੂੰਜੇ ਨੇ ਜਵਾਬ ਦਿੱਤਾ, “ਹਜ਼ੂਰ, ਮੈਂ ਬਹੁਤ ਜ਼ਿਆਦਾ ਮੁਤਾਸਿਰ ਹੋਇਆ ਹਾਂ। ਹਰ ਇੱਛਕ ਤੇ ਉਭਰਦੇ ਰਾਸ਼ਟਰ ਨੂੰ ਇਸ ਤਰ੍ਹਾਂ ਦੀ ਜਥੇਬੰਦੀ ਦੀ ਲੋੜ ਹੈ, ਖ਼ਾਸ ਤੌਰ ‘ਤੇ ਭਾਰਤ ਨੂੰ ਆਪਣੇ ਫ਼ੌਜੀ ਮੁੜ ਉਭਾਰ ਲਈ ਇਸ ਦੀ ਲੋੜ ਹੈ।’
     ਇਟਲੀ ਦੇ ਫਾਸ਼ੀਵਾਦੀ ਤਾਨਾਸ਼ਾਹ ਨਾਲ ਆਪਣੀ ਵਾਰਤਾ ਬਾਰੇ ਮੂੰਜੇ ਨੇ ਟਿੱਪਣੀ ਕੀਤੀ ਸੀ : ‘ਇਸ ਤਰ੍ਹਾਂ ਯੂਰਪੀ ਜਗਤ ਦੀ ਉਸ ਮਹਾਨ ਸ਼ਖ਼ਸੀਅਤ ਮੁਸੋਲਿਨੀ ਨਾਲ ਮੇਰੀ ਗੁਫ਼ਤਗੂ ਖਤਮ ਹੋਈ। ਉਨ੍ਹਾਂ ਦਾ ਕੱਦ ਲੰਮਾ, ਭਰਵਾਂ ਚਿਹਰਾ, ਕਾਟਵੀਂ ਠੋਢੀ ਤੇ ਛਾਤੀ ਚੌੜੀ ਸੀ। ਉਨ੍ਹਾਂ ਦੇ ਚਿਹਰੇ ਤੋਂ ਹੀ ਪਤਾ ਲੱਗਦਾ ਸੀ ਕਿ ਉਹ ਦ੍ਰਿੜ ਇਰਾਦੇ ਅਤੇ ਸ਼ਕਤੀਸ਼ਾਲੀ ਸ਼ਖਸੀਅਤ ਦੇ ਮਾਲਕ ਹਨ। ਮੈਂ ਇਹ ਗੱਲ ਦੇਖੀ ਹੈ ਕਿ ਇਤਾਲਵੀ ਉਸ ਨੂੰ ਪਿਆਰ ਕਰਦੇ ਹਨ।’
       ਡਾ. ਮੂੰਜੇ ਮੁਸੋਲਿਨੀ ਦੀ ਸ਼ਖ਼ਸੀਅਤ ਤੇ ਉਸ ਦੀ ਵਿਚਾਰਧਾਰਾ ਅਤੇ ਇਸ ਦੇ ਨਾਲ ਹੀ ਨਿਰੰਤਰ ਜੰਗ ਮਹਿਮਾ ਅਤੇ ਸ਼ਾਂਤੀ ਤੇ ਸੁਲ੍ਹਾ ਦੀ ਨੀਤੀ ਪ੍ਰਤੀ ਉਸ ਦੇ ਤਿਰਸਕਾਰ ਤੋਂ ਉਸ ਦਾ ਸ਼ੈਦਾਈ ਹੋ ਗਿਆ ਸੀ। ਉਸ ਨੇ ਇਤਾਲਵੀ ਤਾਨਾਸ਼ਾਹ ਦੇ ਬਿਆਨਾਂ ਦੀ ਪ੍ਰੋੜਤਾ ਸਹਿਤ ਹਵਾਲੇ ਦਿੱਤੇ ਹਨ, ਜਿਵੇਂ : ‘ਸਿਰਫ ਜੰਗ ਹੀ ਹੈ ਜੋ ਸਮੁੱਚੀ ਮਨੁੱਖੀ ਊਰਜਾ ਨੂੰ ਉਸ ਮੁਕਾਮ ਤੱਕ ਉਭਾਰਦੀ ਹੈ ਜਿੱਥੇ ਉਨ੍ਹਾਂ ਲੋਕਾਂ ਦੀ ਕੁਲੀਨਤਾ ਸਿੱਧ ਹੁੰਦੀ ਹੈ ਜੋ ਇਸ ਦਾ ਸਾਹਮਣਾ ਕਰਨ ਦਾ ਹੌਸਲਾ ਰੱਖਦੇ ਹਨ।’ ਇਕ ਹੋਰ ਕਥਨ ਹੈ : ‘ਫਾਸ਼ੀਵਾਦ ਨਿਰੰਤਰ ਸ਼ਾਂਤੀ ਦੀ ਸੰਭਾਵਨਾ ਅਤੇ ਉਪਯੋਗਤਾ ਵਿਚ ਵਿਸ਼ਵਾਸ ਨਹੀਂ ਰੱਖਦਾ। ਇਸ ਤਰ੍ਹਾਂ ਇਹ ਸ਼ਾਤੀ ਦੇ ਸਿਧਾਂਤ ਨੂੰ ਰੱਦ ਕਰਦਾ ਹੈ ਜੋ ਸੰਘਰਸ਼ ਦੇ ਤਿਆਗ ਵਿਚੋਂ ਪੈਦਾ ਹੁੰਦਾ ਹੈ ਅਤੇ ਕੁਰਬਾਨੀ ਦੇ ਪੇਸ਼ੇਨਜ਼ਰ ਕਾਇਰਤਾਪੂਰਨ ਕਦਮ ਹੈ।’
      ਮੂੰਜੇ ਆਰਐੱਸਐੱਸ ਦੇ ਬਾਨੀ ਕੇਬੀ ਹੈਡਗੇਵਾਰ ਦਾ ਉਸਤਾਦ ਸੀ। ਹੈਡਗੇਵਾਰ ਵਿਦਿਆਰਥੀ ਹੁੰਦਿਆਂ ਨਾਗਪੁਰ ਵਿਖੇ ਮੂੰਜੇ ਦੇ ਘਰ ਰਹਿੰਦਾ ਸੀ, ਇਹ ਮੂੰਜੇ ਹੀ ਸੀ ਜਿਸ ਨੇ ਉਸ ਨੂੰ ਮੈਡੀਸਨ ਦੀ ਪੜ੍ਹਾਈ ਲਈ ਕੋਲਕਾਤਾ ਭੇਜਿਆ ਸੀ। ਇਟਲੀ ਦੀ ਯਾਤਰਾ ਤੋਂ ਬਾਅਦ ਮੂੰਜੇ ਤੇ ਹੈਡਗੇਵਾਰ ਹਿੰਦੂ ਮਹਾਸਭਾ ਅਤੇ ਆਰਐੱਸਐੱਸ ਨੂੰ ਇਕ ਦੂਜੀ ਦੇ ਨੇੜੇ ਲਿਆਉਣ ਲਈ ਨਿੱਠ ਕੇ ਕੰਮ ਕਰਦੇ ਰਹੇ। ਜਨਵਰੀ 1934 ਵਿਚ ਹੈਡਗੇਵਾਰ ਨੇ ਫਾਸ਼ੀਵਾਦ ਅਤੇ ਨਾਜ਼ੀਵਾਦ ਬਾਰੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਸੀ ਜਿਸ ਦੇ ਮੁੱਖ ਵਕਤਿਆਂ ਵਿਚ ਮੂੰਜੇ ਸ਼ਾਮਲ ਸੀ। ਉਸੇ ਸਾਲ ਮਾਰਚ ਮਹੀਨੇ ਮੂੰਜੇ, ਹੈਡਗੇਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੰਮੀ ਮੀਟਿੰਗ ਕੀਤੀ ਜਿਸ ਵਿਚ ਮੂੰਜੇ ਦੀ ਟਿੱਪਣੀ ਸੀ : ‘ਮੈਂ ਹਿੰਦੂ ਧਰਮ ਸ਼ਾਸਤਰ ਦੇ ਆਧਾਰ ‘ਤੇ ਯੋਜਨਾ ਬਣਾਈ ਹੈ ਜੋ ਪੂਰੇ ਭਾਰਤ ਅੰਦਰ ਹਿੰਦੂਵਾਦ ਵਿਚ ਇਕਸਾਰਤਾ ਲਿਆ ਸਕਦੀ ਹੈ ... ਪਰ ਸਵਾਲ ਹੈ ਕਿ ਇਹ ਆਦਰਸ਼ ਉਦੋਂ ਤੱਕ ਸਿਰੇ ਨਹੀਂ ਚੜ੍ਹ ਸਕਦਾ ਜਿੰਨੀ ਦੇਰ ਤੱਕ ਪੁਰਾਣੇ ਵੇਲੇ ਦੇ ਸ਼ਿਵਾਜੀ ਜਾਂ ਵਰਤਮਾਨ ਸਮਿਆਂ ਵਿਚ ਇਟਲੀ ਦੇ ਮੁਸੋਲਿਨੀ ਜਾਂ ਜਰਮਨੀ ਦੇ ਤਾਨਾਸ਼ਾਹ ਜਿਹਾ ਸਾਡਾ ਸਵਰਾਜ ਕਾਇਮ ਨਹੀਂ ਹੋ ਜਾਂਦਾ। ਉਂਝ, ਇਸ ਦਾ ਇਹ ਮਤਲਬ ਨਹੀਂ ਕਿ ਜਿੰਨੀ ਦੇਰ ਤੱਕ ਇਹੋ ਜਿਹਾ ਕੋਈ ਤਾਨਾਸ਼ਾਹ ਭਾਰਤ ਵਿਚ ਨਹੀਂ ਉਭਰਦਾ, ਉਦੋਂ ਤੱਕ ਅਸੀਂ ਹੱਥ ‘ਤੇ ਹੱਥ ਧਰ ਕੇ ਬੈਠ ਜਾਈਏ। ਸਾਨੂੰ ਵਿਗਿਆਨਕ ਸਕੀਮ ਘੜਨੀ ਚਾਹੀਦੀ ਹੈ ਤੇ ਇਹਦੇ ਲਈ ਪ੍ਰਾਪੇਗੰਡਾ ਜਾਰੀ ਰੱਖਣਾ ਚਾਹੀਦਾ ਹੈ।’
       ਮੂੰਜੇ ਨੇ ਇਤਾਲਵੀ ਫਾਸ਼ੀਵਾਦ ਅਤੇ ਆਰਐੱਸਐੱਸ ਦੀ ਵਿਚਾਰਧਾਰਾ ਵਿਚ ਸਿੱਧੀ ਸਮਾਨਤਾ ਦਰਸਾਈ ਸੀ। ਉਸ ਨੇ ਲਿਖਿਆ : ਫਾਸ਼ੀਵਾਦ ਦਾ ਵਿਚਾਰ ਮੋਟੇ ਰੂਪ ਵਿਚ ਲੋਕਾਂ ਦਰਮਿਆਨ ਏਕਤਾ ਦਾ ਸੰਕਲਪ ਹੈ। ਭਾਰਤ ਖ਼ਾਸ ਤੌਰ ‘ਤੇ ਹਿੰਦੂ ਭਾਰਤ ਨੂੰ ਹਿੰਦੂਆਂ ਦੇ ਮੁੜ ਉਭਾਰ ਲਈ ਇਹੋ ਜਿਹੀ ਸੰਸਥਾ ਦੀ ਲੋੜ ਹੈ ... ਨਾਗਪੁਰ ਵਿਚ ਡਾ. ਹੈਡਗੇਵਾਰ ਦੀ ਅਗਵਾਈ ਹੇਠ ਚੱਲ ਰਹੀ ਰਾਸ਼ਟਰੀ ਸਵੈਮਸੇਵਕ ਸੰਘ ਇਹੋ ਜਿਹੀ ਜਥੇਬੰਦੀ ਹੈ।’
      ਕਾਸੋਲਾਰੀ ਦਾ ਮੱਤ ਹੈ ਕਿ ਆਰਐੱਸਐੱਸ ਦੀ ਭਰਤੀ ਦਾ ਤਰੀਕਾਕਾਰ ਅਮਲੀ ਰੂਪ ਵਿਚ ਇਟਲੀ ਦੀ ‘ਬਲੀਲਾ ਯੂਥ’ ਸੰਸਥਾ ਨਾਲ ਮਿਲਦਾ ਹੈ, ਮਸਲਨ, ਉਮਰ ਦੇ ਲਿਹਾਜ ਨਾਲ ਗਰੁਪ ਬਣਾਏ ਜਾਂਦੇ ਹਨ। ਕਮਾਲ ਦੀ ਗੱਲ ਹੈ ਕਿ ਇਹ ਉਵੇਂ ਹੀ ਹੈ ਜਿਵੇਂ ਫਾਸ਼ੀਵਾਦੀ ਯੁਵਾ ਸੰਗਠਨਾਂ ਦੀ ਉਮਰ ਵਾਰ ਦਰਜਾਬੰਦੀ ਕੀਤੀ ਜਾਂਦੀ ਹੈ ... ਉਂਝ, ਆਰਐੱਸਐੱਸ ਮੈਂਬਰਾਂ ਦੀ ਦਰਜਾਬੰਦੀ ਸੰਗਠਨ ਕਾਇਮ ਹੋਣ ਤੋਂ ਬਾਅਦ ਕੀਤੀ ਜਾਂਦੀ ਹੈ ਤੇ ਇਸ ਦਾ ਵਿਚਾਰ ਵੀ ਫਾਸ਼ੀਵਾਦ ਤੋਂ ਲਿਆ ਜਾਪਦਾ ਹੈ।’
      ਮਾਰਜ਼ੀਆ ਕਾਸੋਲਾਰੀ ਨੇ 1933 ਦੇ ਇਕ ਪੁਲੀਸ ਅਫ਼ਸਰ ਦੇ ਨੋਟ ਦਾ ਹਵਾਲਾ ਦਿੱਤਾ ਹੈ ਜਿਸ ਵਿਚ ਰਾਸ਼ਟਰੀ ਸਵੈਮਸੇਵਕ ਸੰਘ ਬਾਰੇ ਕਿਹਾ ਹੈ : ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਸੰਘ ਭਵਿੱਖ ਦੇ ਭਾਰਤ ਵਿਚ ਉਹੋ ਕੁਝ ਬਣਨਾ ਚਾਹੁੰਦਾ ਹੈ ਜੋ ਇਟਲੀ ਵਿਚ ਫਾਸ਼ੀਵਾਦੀ ਤੇ ਜਰਮਨੀ ਵਿਚ ਨਾਜ਼ੀ ਹਨ। ਸੰਘ ਮੁੱਢੋਂ ਸੁੱਢੋਂ ਮੁਸਲਿਮ ਵਿਰੋਧੀ ਸੰਗਠਨ ਹੈ ਜਿਸ ਦਾ ਮਕਸਦ ਭਾਰਤ ਵਿਚ ਨਿਰੋਲ ਹਿੰਦੂਆਂ ਦੀ ਸ਼੍ਰੇਸਠਤਾ ਕਾਇਮ ਕਰਨਾ ਹੈ।’
      ਕਾਸੋਲਾਰੀ ਦੀ ਖੋਜ ਸਾਵਰਕਰ ਦੀ ਦੁਨੀਆ ਬਾਰੇ ਸਮਝ ‘ਤੇ ਦਿਲਚਸਪ ਝਾਤ ਪੁਆਉਂਦੀ ਹੈ। ਉਨ੍ਹਾਂ ਲਿਖਿਆ ਕਿ 1938 ਦੇ ਆਸ-ਪਾਸ ਨਾਜ਼ੀ ਜਰਮਨੀ ਸਾਵਰਕਰ ਦੀ ਅਗਵਾਈ ਹੇਠ ਹਿੰਦੂ ਮਹਾਸਭਾ ਦੇ ਹਵਾਲੇ ਦਾ ਮੁੱਖ ਨੁਕਤਾ ਬਣ ਗਿਆ ਸੀ। ਜਰਮਨੀ ਦੀਆਂ ਕੱਟੜ ਨਸਲਪ੍ਰਸਤ ਨੀਤੀਆਂ ਨੂੰ ਭਾਰਤ ਵਿਚ ‘ਮੁਸਲਿਮ ਸਮੱਸਿਆ’ ਨੂੰ ਹੱਲ ਕਰਨ ਲਈ ਮਾਡਲ ਵਜੋਂ ਲਿਆ ਜਾਣ ਲੱਗ ਪਿਆ ਸੀ। ਇਸ ਬਾਰੇ ਕਾਸੋਲਾਰੀ ਨੇ ਸਾਵਰਕਰ ਦੇ ਕਈ ਕਥਨਾਂ ਦਾ ਹਵਾਲਾ ਦਿੱਤਾ ਹੈ :
  ‘ਜਰਮਨੀ ਨੂੰ ਨਾਜ਼ੀਵਾਦ ਅਤੇ ਇਟਲੀ ਨੂੰ ਫਾਸ਼ੀਵਾਦ ਅਪਣਾਉਣ ਦਾ ਪੂਰਾ ਹੱਕ ਹੈ। ਘਟਨਾਵਾਂ ਨੇ ਸਾਬਿਤ ਕੀਤਾ ਹੈ ਕਿ ਇਹ ਵਾਦ ਅਤੇ ਸ਼ਾਸਨ ਦੀਆਂ ਤਰਜ਼ਾਂ ਉਨ੍ਹਾਂ ਹਾਲਾਤ ਵਿਚ ਉਨ੍ਹਾਂ ਲਈ ਜ਼ਰੂਰੀ ਤੇ ਲਾਹੇਵੰਦ ਸਿੱਧ ਹੋਈਆਂ ਹਨ।’
      ‘ਰਾਸ਼ਟਰੀਅਤਾ ਸਾਂਝੇ ਭੂਗੋਲਕ ਖਿੱਤੇ ‘ਤੇ ਓਨਾ ਨਿਰਭਰ ਨਹੀਂ ਕਰਦੀ ਜਿੰਨਾ ਵਿਚਾਰ, ਧਰਮ, ਭਾਸ਼ਾ ਅਤੇ ਸਭਿਆਚਾਰ ’ਤੇ ਨਿਰਭਰ ਕਰਦੀ ਹੈ। ਇਸੇ ਕਰ ਕੇ ਜਰਮਨ ਅਤੇ ਯਹੂਦੀਆਂ ਨੂੰ ਇਕ ਕੌਮ ਨਹੀਂ ਮੰਨਿਆ ਜਾ ਸਕਦਾ।’
    ‘ਜਰਮਨੀ ਵਿਚ ਜਰਮਨਾਂ ਦੀ ਲਹਿਰ ਰਾਸ਼ਟਰੀ ਲਹਿਰ ਹੈ ਪਰ ਯਹੂਦੀਆਂ ਦੀ ਲਹਿਰ ਫਿਰਕੂ ਹੈ।’
   ‘ਕੋਈ ਰਾਸ਼ਟਰ ਕਿਸੇ ਜਗ੍ਹਾ ਵਸਦੇ ਬਹੁਗਿਣਤੀ ਲੋਕਾਂ ਰਾਹੀਂ ਬਣਦਾ ਹੈ। ਯਹੂਦੀਆਂ ਨੇ ਜਰਮਨੀ ਵਿਚ ਕੀ ਕੀਤਾ ਹੈ? ਉਨ੍ਹਾਂ ਨੂੰ ਘੱਟਗਿਣਤੀ ਹੋਣ ਕਰ ਕੇ ਜਰਮਨੀ ’ਚੋਂ ਬਾਹਰ ਧੱਕ ਦਿੱਤਾ ਗਿਆ।’
    ‘ਭਾਰਤੀ ਮੁਸਲਮਾਨ ਸਮੂਹਿਕ ਰੂਪ ਵਿਚ ਆਪਣੇ ਹਿੱਤ ਆਪਣੇ ਆਸ-ਪਾਸ ਵਸਦੇ ਹਿੰਦੂਆਂ ਦੀ ਬਜਾਇ ਭਾਰਤ ਤੋਂ ਬਾਹਰ ਵਸਦੇ ਮੁਸਲਮਾਨਾਂ ਨਾਲ ਜੋੜ ਕੇ ਦੇਖਦੇ ਹਨ ਜਿਵੇਂ ਜਰਮਨੀ ਦੇ ਯਹੂਦੀ ਦੇਖਦੇ ਸਨ।’
      ਬਿਨਾਂ ਸ਼ੱਕ ਇਸ ਵੇਲੇ ਸਾਵਰਕਰ ਭਾਰਤ ਵਿਚ ਸੱਤਾਸੀਨ ਹਿੰਦੂਤਵੀ ਸਰਕਾਰ ਲਈ ਬਹੁਤ ਵੱਡੀ ਹਸਤੀ ਹੈ। ਕਾਸੋਲਾਰੀ ਦੀ ਕਿਤਾਬ ਵਿਚ ਹਿੰਦੂਤਵ ਦੇ ਇਕ ਹੋਰ ਚਿਹਰੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਬਾਰੇ ਵੀ ਕੁਝ ਟਿੱਪਣੀਆਂ ਹਨ। ਦੋ ਜੰਗਾਂ ਵਿਚਕਾਰਲੇ ਅਰਸੇ ਦੌਰਾਨ ਇਤਾਲਵੀ ਸਰਕਾਰ ਨੇ ਅਜਿਹੇ ਭਾਰਤੀ ਬੁੱਧੀਜੀਵੀਆਂ ਤੇ ਸਿਆਸਤਦਾਨਾਂ ਦੇ ਪਾਲਣ ਪੋਸ਼ਣ ’ਤੇ ਜ਼ੋਰ ਦਿੱਤਾ ਸੀ ਜੋ ਫਾਸ਼ੀਵਾਦ ਨਾਲ ਹਮਦਰਦੀ ਰੱਖਦੇ ਹੋਣ। ਉਨ੍ਹਾਂ ਦੇ ਕੰਮ ਨੂੰ ਜੁਸੈਪੇ ਤੂਚੀ ਨੇ ਅਗਾਂਹ ਵਧਾਉਂਦਾ ਸੀ ਜੋ ਆਪਣੀ ਪੀੜ੍ਹੀ ਦਾ ਸਰਕਰਦਾ ਇਤਾਲਵੀ ਪੁਰਾਤਨਪੰਥੀ (ਓਰੀਐਂਟਲਿਸਟ) ਸੀ ਅਤੇ ਫਾਸ਼ੀਵਾਦ ਦਾ ਹਮਾਇਤੀ ਸੀ। ਤੂਚੀ ਦੀ ਮੂੰਜੇ ਨਾਲ ਖਤੋ-ਕਿਤਾਬਤ ਸੀ ਅਤੇ 1930ਵਿਆਂ ਵਿਚ ਉਸ ਦਾ ਮੁਖਰਜੀ ਨਾਲ ਵੀ ਰਾਬਤਾ ਸੀ ਜੋ ਉਸ ਵੇਲੇ ਕੋਲਕਾਤਾ ਯੂਨੀਵਰਸਿਟੀ ਦਾ ਉਪ ਕੁਲਪਤੀ ਸੀ ਅਤੇ ਬਾਅਦ ਵਿਚ ਉਹ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਰੂਪ ਜਨ ਸੰਘ ਦਾ ਬਾਨੀ ਬਣਿਆ ਸੀ। ਆਪਣੇ ਆਕਾ ਫਾਸ਼ੀਵਾਦੀ ਦਾਰਸ਼ਨਿਕ ਜੀਓਵਾਨੀ ਜੈਂਟਾਇਲ ਨੂੰ ਲਿਖੀ ਚਿੱਠੀ ਵਿਚ ਟੂਚੀ ਨੇ ਮੁਖਰਜੀ ਨੂੰ ਕੋਲਕਾਤਾ ਵਿਚ ‘ਆਪਣਾ ਸਭ ਤੋਂ ਅਹਿਮ ਸੰਗੀ’ ਕਰਾਰ ਦਿੱਤਾ ਸੀ।
      ਮਾਰਜ਼ੀਆ ਕਾਸੋਲਾਰੀ ਹਿੰਦੂਤਵ ਅਤੇ ਫਾਸ਼ੀਵਾਦ ਵਿਚਕਾਰ ਗੰਢ-ਤੁਪ ਦੇਖਣ ਵਾਲੀ ਪਹਿਲੀ ਵਿਦਵਾਨ ਨਹੀਂ। ਉਸ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਸ਼ਾਰਦਾ ਯੂਨੀਵਰਸਿਟੀ ਦੇ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਤੋਂ ਵਾਜਿਬ ਅਤੇ ਅਹਿਮ ਸਵਾਲ ਪੁੱਛਿਆ ਸੀ। ਉਨ੍ਹਾਂ ਨੂੰ ਜਵਾਬ ਦੇਣ ਤੋਂ ਵਰਜ ਕੇ ਅਤੇ ਅਧਿਆਪਕ ਨੂੰ ਮੁਅੱਤਲ ਕਰ ਕੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਦਰਸਾ ਦਿੱਤਾ ਕਿ ਉਹ ਸਚਾਈ ਸਾਹਮਣੇ ਆਉਣ ਤੋਂ ਕਿੰਨਾ ਖ਼ੌਫਜ਼ਦਾ ਹਨ। ਸ਼ਾਇਦ ਉਨ੍ਹਾਂ ਤੋਂ ਵੀ ਵੱਧ ਉਨ੍ਹਾਂ ਦੇ ਸਿਆਸੀ ਆਕਾ ਡਰੇ ਹੋਏ ਹਨ ਜੋ ਚਾਹੁੰਦੇ ਹਨ ਕਿ ਅਸੀਂ ਇਹ ਭੁਲਾ ਹੀ ਦੇਈਏ ਕਿ ਹਿੰਦੂਤਵ ਦੇ ਬਾਨੀ ਅਸਲ ਵਿਚ ਯੂਰੋਪੀਅਨ ਫਾਸ਼ੀਵਾਦੀਆਂ ਤੋਂ ਪ੍ਰਭਾਵਿਤ ਸਨ।’
*  ਲੇਖਕ ਇਤਿਹਾਸਕਾਰ ਅਤੇ ਸਿਆਸੀ ਟਿੱਪਣੀਕਾਰ ਹੈ।