" ਹਿੰਦੂ ਜਗਾਉਣ ਤੁਰੇ ਸੀ ਪਰ ਮੁਸਲਮਾਨ ਜਗਾ ਬੈਠੇ " - ਵਿਸ਼ਵਾ ਮਿੱਤਰ ਬੰਮੀ

ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਹਜਰਤ ਮੁਹੰਮਦ ਬਾਰੇ ਬਿਆਨਾਂ ਤੇ ਪਹਿਲਾਂ ਤਾਂ ਭਾਰਤ ਦੇ ਮੁਸਲਮਾਨ ਭੜਕੇ ਅਤੇ ਬਾਅਦ ਵਿੱਚ ਮੁਸਲਿਮ ਦੇਸ਼ਾਂ ਦੀ ਜਥੇਬੰਦੀ ਓ.ਆਈ. ਸੀ ਭੜਕ ਗਈ ਅਤੇ ਭਾਰਤ ਸਰਕਾਰ ਨੂੰ ਮਾਫ਼ੀ ਮੰਗਣ ਦੀ ਗਲ ਕਹਿ ਦਿੱਤੀ। ਪਰ ਵਾਸਤਵਿਕਤਾ ਨੂੰ ਮੰਨਣਾ ਭਾਜਪਾ ਦੇ ਡੀ. ਐਨ. ਏ ਵਿਚ ਮੌਜੂਦ ਨਹੀਂ। ਫੱਟ ਭਾਰਤ ਦੇ ਵਿਦੇਸ਼ ਮੰਤਰੀ ਨੇ ਬਿਆਨ ਦੇ ਦਿੱਤਾ, "ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦਾ ਬਿਆਨ ਭਾਰਤ ਸਰਕਾਰ ਦਾ ਨਹੀਂ ਹੈ।" ਕੋਈ ਪੁੱਛਣ ਵਾਲਾ ਹੋਵੇ ਕਿ ਭਾਜਪਾ ਦਾ/ਦੀ ਪ੍ਰਵਕਤਾ ਦਾ ਬਿਆਨ ਜੇਕਰ ਭਾਰਤ ਸਰਕਾਰ ਦਾ ਬਿਆਨ ਨਹੀਂ ਹੈ ਤਾਂ ਹੋਰ ਕਿਸ ਦਾ ਬਿਆਨ ਭਾਰਤ ਸਰਕਾਰ ਦਾ ਹੋਵੇ ਗਾ? ਕੁਝ ਮੁਸਲਿਮ ਦੇਸ਼ਾਂ ਨੇ ਭਾਰਤ ਦਾ ਬਣਿਆ ਸਮਾਨ ਵੇਚਣਾ ਬੰਦ ਕਰ ਦਿੱਤਾ ਹੈ ਅਤੇ ਉਹਨਾਂ ਦੇਸ਼ਾਂ ਵਿਚ ਭਾਰਤੀ ਕਾਮਿਆਂ ਦੇ ਰੁਜ਼ਗਾਰ ਵੀ ਖਤਰੇ ਵਿਚ ਪੈ ਗਏ ਹਨ। ਇਹ ਵੀ ਹੋ ਸਕਦਾ ਹੈ ਕਿ ਉਹ ਸਾਨੂੰ ਕੱਚਾ ਤੇਲ ( ਜਿਸ ਤੋਂ ਪੈਟਰੋਲ ਅਤੇ ਪੈਟਰੋਲੀਅਮ ਪਦਾਰਥ ਬਣਦੇ ਹਨ ) ਦੇਣਾ ਬੰਦ ਕਰ ਦੇਣ ਜਾਂ ਮਹਿੰਗੇ ਕਰ ਦੇਣ । ਕੁਲ ਮਿਲਾ ਕੇ ਜਿਹੜੇ ਖਾੜੀ ਦੇ ਦੇਸ਼ ਸਾਡੇ ਮਿੱਤਰ ਹੁੰਦੇ ਸਨ ਉਹਨਾਂ ਨੂੰ ਵੀ ਭਾਜਪਾ ਆਪਣੇ ਦੁਸ਼ਮਣ ਬਣਾਉਣ ਦੇ ਰਾਹ ਤੁਰ ਪਈ ਹੈ। ਅਫਗਾਨਿਸਤਾਨ ਜਿਸ ਵਿਚ ਭਾਰਤ ਨੇ ਤਿੰਨ ਬਿਲੀਅਨ ਤੋਂ ਵੀ ਜ਼ਿਆਦਾ ਡਾਲਰ ਲਗਾਏ ਹਨ ਉਸ ਦਾ ਬਿਆਨ ਵੀ ਕਾਫੀ ਗਰਮ ਹੈ। ਇਮਰਾਨ ਖਾਨ ਜਿਹੜਾ ਕਿ ਭਾਰਤ ਸਰਕਾਰ ਨੂੰ ਕੁਝ ਸਮਾਂ ਪਹਿਲਾਂ ਇਕ ਵਧੀਆ ਲੋਕਤਾਂਤਰਿਕ ਦੇਸ਼ ਕਹਿੰਦਾ ਰਿਹਾ ਉਸ ਨੇ ਵੀ ਨੂਪੁਰ ਅਤੇ ਜਿੰਦਲ ਦੇ ਬਿਆਨ ਤੇ ਗੁੱਸਾ ਪ੍ਰਗਟ ਕੀਤਾ ਹੈ।
      ਕਿਸੇ ਮੂਰਖਤਾ ਹੀ ਵੀ ਹੱਦ ਹੋਣੀ ਚਾਹੀਦੀ ਹੈ। ਕਦੇ ਇਹ ਕਿਹਾ ਜਾਣਾ ਕਿ ਦੰਗੇ ਕਰਨ ਵਾਲੇ ਉਹਨਾਂ ਦੇ ਲਿਬਾਸ ਤੋਂ ਪਛਾਣੇ ਜਾਂਦੇ ਹਨ, ਕਦੇ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ, ਕਦੇ ਭਾਰਤ ਵਿਚ ਰਹਿਣ ਵਾਲਾ ਹਰ ਨਾਗਰਿਕ ਹਿੰਦੂ ਹੈ, ਕਦੇ ਰਾਮ ਨੂੰ ਨਾ ਮੰਨਣ ਵਾਲੇ ਸਮੁੰਦਰ ਵਿਚ ਡੋਬ ਦਿਓ, ਕਦੇ ਹਰ ਮਸਜਿਦ ਹੇਠ ਮੰਦਿਰ ਹੈ ਅਤੇ ਇੱਕ ਤੋਂ ਬਾਅਦ ਦੂਜੀ ਮਸਜਿਦ ਖੋਦਣ ਦੇ ਨਾਹਰੇ ਲਗ ਰਹੇ ਹਨ, ਕਦੇ ਗਊ ਹੱਤਿਆ ਦੇ ਨਾਮ ਤੇ ਮੁਸਲਮਾਨ ਮਾਰ ਦੇਣਾ ਭਾਵੇਂ ਉਸਦੇ ਘਰੋਂ ਬੱਕਰੇ ਦਾ ਮੀਟ ਨਿਕਲ ਆਵੇ, ਕਦੇ ਮੁਸਲਮਾਨਾਂ ਦੀਆਂ ਦੁਕਾਨਾਂ ਹਿੰਦੂ ਮੰਦਿਰਾਂ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਵੀ ਨਹੀਂ ਰਹਿਣ ਦੇਣੀਆਂ, ਕਦੇ ਮੰਦਿਰ ਦੇ ਨੇੜਿਓਂ ਮੁਸਲਮਾਨ ਰੇਹੜੀ ਵਾਲੇ ਦੇ ਤਰਬੂਜ਼ ਤੋੜ ਕੇ ਸੁੱਟ ਦੇਣੇ, ਕਦੇ "ਹਮ ਕਯਾ ਚਾਹਤੇ ਹੈਂ ... ਮਹਿੰਗਾਈ ਸੇ ਅਜ਼ਾਦੀ ਵਾਲੀ ਵੀਡਿਓ ਵਿਚ ਆਵਾਜ਼ ਭਰ ਦੇਣੀ, ਹਮ ਚਾਹਤੇ ਹੈਂ .... ਭਾਰਤ ਸੇ ਆਜ਼ਾਦੀ" ਅਤੇ ਇਹਨਾਂ ਨੂੰ ਪਾਕਿਸਤਾਨੀ ਏਜੈਂਟ ਜਾਂ ਸ਼ਹਿਰੀ ਨਕਸਲੀ ਕਹਿ ਕੇ ਫਰਜ਼ੀ ਕੇਸ ਬਣਾ ਕੇ ਸਾਲਾਂ ਬੱਧੀ ਜੇਲ ਵਿਚ ਸੁੱਟ ਦੇਣਾ - ਕਿੱਥੇ ਤਕ ਕੋਈ ਬਰਦਾਸ਼ਤ ਕਰੇ, ਅਖੀਰ ਮੁਸਲਿਮ ਦੇਸ਼ਾਂ ਨੇ ਭੜਕਣਾ ਹੀ ਸੀ। ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ, ਮੁਸਲਮਾਨਾਂ ਅਤੇ ਈਸਾਈਆਂ ਉੱਤੇ ਸ਼ਰੀਰਿਕ, ਧਾਰਮਿਕ ਅਤੇ ਸੱਭਿਆਾਰਕ ਹਮਲੇ ਇਹ ਸੋਚ ਕੇ ਕਰਦੀ ਰਹੀ ਕਿ ਇਹ ਕੀ ਵਿਗਾੜ ਲੈਣਗੇ, ਘੱਟ ਗਿਣਤੀਆਂ ਹੀ ਹਨ। ਪਰ ਇਹ ਸੋਚਿਆ ਹੀ ਨਹੀਂ ਕਿ ਸੰਸਾਰ ਦੇ ਦੇਸ਼ਾਂ ਵਿਚ ਮੁਸਲਮਾਨਾਂ ਅਤੇ ਈਸਾਈਆਂ ਦੀ ਗਿਣਤੀ ਹਿੰਦੂਆਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਕਹਿੰਦੇ ਹਨ ਕਿ ਆਈਨਸਟਾਈਨ ਨੇ ਇਕ ਵਾਰ ਕਿਹਾ ਸੀ,      "ਬ੍ਰਹਿਮੰਡ ਅਤੇ ਬੇਵਕੂਫੀ ਦੋਵੇਂ ਅਸੀਮਿਤ ਹਨ ਭਾਵੇਂ ਕਿ ਬ੍ਰਹਿਮੰਡ ਬਾਰੇ ਮੇਰੇ ਵਿਚਾਰ ਬਦਲ ਸਕਦੇ ਹਨ।,"
       ਨੀਤੀਆਂ ਐਸੀਆਂ ਹਨ ਕਿ ਹਰ ਮਿੱਤਰ ਦੇਸ਼ ਹੌਲੀ ਹੌਲੀ ਕਰਕੇ ਭਾਰਤ ਦਾ ਦੁਸ਼ਮਣ ਦੇਸ਼ ਬਣ ਰਿਹਾ ਹੈ ਜਾਂ ਦੋਸਤੀ ਛੱਡ ਰਿਹਾ ਹੈ। ਮੋਦੀ ਜੀ ਦੇ ਸਿਰ ਤੇ ਹਿੰਦੂ ਰਾਸ਼ਟਰ ਦਾ ਐਸਾ ਭੂਤ ਸਵਾਰ ਹੋਇਆ ਕਿ ਨੇਪਾਲ ਵਿਚ ਹਿੰਦੂ ਪ੍ਰਤੀਸ਼ਤਤਾ ਭਾਰਤ ਨਾਲੋਂ ਵੱਧ ਹੋਣ ਕਾਰਣ ਨੇਪਾਲ ਨੂੰ ਕਹਿਣ ਤੁਰ ਪਏ ਕਿ ਤੁਸੀ ਆਪਣੇ ਸੰਵਿਧਾਨ ਵਿਚ ਨੇਪਾਲ ਨੂੰ ਹਿੰਦੂ ਰਾਸ਼ਟਰ ਲਿਖੋ। ਜਦ ਉਸ ਨੇ ਕਿਹਾ ਕਿ ਅਸੀ ਇੱਕ ਧਰਮ ਨਿਰਪੱਖ ਦੇਸ਼ ਹਾਂ ਅਤੇ ਧਰਮ ਨਿਰਪੱਖ ਹੀ ਰਹਾਂਗੇ ਤਾਂ ਉਸ ਨੂੰ ਪੈਟਰੋਲ, ਦਵਾਈਆਂ ਅਤੇ ਹੋਰ ਜਰੂਰੀ ਵਸਤਾਂ ਦੇਣੀਆਂ ਬੰਦ ਕਰ ਦਿੱਤੀਆਂ। ਚੀਨ ਲਈ ਇਹ ਸੁਨਹਿਰੀ ਮੌਕਾ ਸੀ ਉਸ ਨੇ ਪਹਾੜ ਕਟ ਕੇ ਆਪਣੀ ਇੱਕ ਬੰਦਰਗਾਹ ਤੋਂ ਕਾਠਮੰਡੂ ਤਕ ਸੜਕ ਬਣਾ ਦਿੱਤੀ ਜਿਸ ਨਾਲ ਨੇਪਾਲ ਨੂੰ ਨਾ ਕੇਵਲ ਪੈਟਰੋਲ ਦਵਾਈਆਂ ਅਤੇ ਅਤੇ ਹੋਰ ਜਰੂਰੀ ਵਸਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਬਲਕਿ ਨੇਪਾਲ ਦੇ ਵਪਾਰ ਵਾਸਤੇ ਸਮੰਦਰੀ ਮਾਰਗ ਵੀ ਖੁੱਲ ਗਏ। ਨੇਪਾਲ ਹੁਣ ਸਾਨੂੰ ਛੱਡ ਕੇ ਚੀਨ ਵੱਲ ਝੁੱਕ ਗਿਆ ਹੈ ਅਤੇ ਚੀਨੀ ਸਾਗਰ ਜਾਂ ਤਾਇਵਾਨ ਵਿੱਚ ਚੀਨ ਦੀ ਦਾਵੇਦਾਰੀ ਵਿਰੁੱਧ ਵੀ ਨਹੀਂ ਬੋਲਦਾ।
       ਛੇਤੀ ਤੋਂ ਛੇਤੀ ਹਿੰਦੂ ਰਾਸ਼ਟਰ ਬਣਾਉਣ ਲਈ ਆਰ ਐਸ ਐਸ ਪ੍ਰਮੁੱਖ ਦੇ ਦਿਸ਼ਾ ਨਿਰਦੇਸ਼ਨਾ ਹੇਠ , ਭਵਿੱਖੀ ਨਤੀਜਿਆਂ ਬਾਰੇ ਬਿਨਾ ਸੋਚੇ ਭਾਜਪਾ ਕੋਈ ਵੀ ਕਦਮ ਪੁੱਟ ਲੈਂਦੀ ਹੈ। ਹੁਣ ਇੱਕ ਯੂਨੀਫ਼ਾਰਮ ਦੇ ਨਾਮ ਤੇ ਸਕੂਲਾਂ ਕਾਲਜਾਂ ਵਿੱਚ ਹਿਜਾਬ ਦੀ ਮਨਾਹੀ ਕੀਤੀ ਜਾ ਰਹੀ ਹੈ । ਇਸ ਦਾ ਵੀ ਦੇਰ ਸਵੇਰ ਮੁਸਲਿਮ ਜਗਤ ਵਿਰੋਧ ਕਰੇਗਾ। ਇਹ ਇੱਕ ਇਤਿਹਾਸਿਕ ਅਤੇ ਮਨੋਵਿਗਿਆਨਿਕ ਸੱਚਾਈ ਹੈ ਕਿ ਪਰੰਪਰਾ ਨੂੰ ਹੀ ਸਮਾਂ ਬੀਤਣ ਬਾਅਦ ਲੋਕ ਧਰਮ ਮੰਨਣ ਲਗ ਪੈਂਦੇ ਹਨ। ਜਿਹੜੇ ਇਲਾਕਿਆਂ ਵਿਚ ਧਰਤੀ ਰੇਤੀਲੀ ਜਾਂ ਪਥਰੀਲੀ ਸੀ ਉੱਥੇ ਮੁਰਦੇ ਨੂੰ ਦਫਨਾਇਆ ਜਾਣ ਲਗ ਪਿਆ। ਉਥੇ ਕਿਉਕਿ ਲੱਕੜ ਘਟ ਮਿਲਦੀ ਸੀ ਇਸ ਲਈ ਮੁਰਦੇ ਨੂੰ ਜਲਾਇਆ ਨਹੀਂ ਜਾਂਦਾ ਸੀ। ਸਮਾਂ ਪਾ ਕੇ ਇਹ ਪਰੰਪਰਾ ਪੱਕੀ ਹੁੰਦੀ ਹੁੰਦੀ ਧਰਮ ਦਾ ਅੰਗ ਮੰਨੀ ਜਾਣ ਲਗ ਪਈ। ਹੁਣ ਭਾਵੇਂ ਉਹਨਾਂ ਦੇਸ਼ਾਂ ਵਿਚ ਲੱਕੜ ਸੌਖਿਆਂ ਮਿਲ ਵੀ ਸਕਦੀ ਹੈ ਪਰ ਦਫਨਾਉਣਾ ਧਰਮ ਦਾ ਅੰਗ ਮੰਨੇ ਜਾਣ ਕਾਰਣ ਮੁਸਲਿਮ ਜਾਂ ਇਸਾਈ ਮੁਰਦੇ ਦਾ ਅਗਨ ਦਾਹ ਸੰਸਕਾਰ ਨਹੀਂ ਕਰਨਗੇ। ਇਸੇ ਤਰਾਂ ਹਿੰਦੂ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਮੁਰਦੇ ਦਾ ਅੱਗ ਬਾਲ ਕੇ ਦਾਹ ਸੰਸਕਾਰ ਕਰਦੇ ਆਏ ਹਨ ਇਸਲਈ ਧਰਮ ਦਾ ਹਿੱਸਾ ਮੰਨਕੇ ਉਹ ਦਾਹ ਸੰਸਕਾਰ ਹੀ ਕਰੀ ਜਾਣਗੇ। ਹੋਰ ਤਾਂ ਹੋਰ ਵਾਤਾਵਰਨ ਦੇ ਫ਼ਿਕਰਮੰਦ ਕਹਿ ਰਹੇ ਹਨ ਕਿ ਲੱਕੜ ਬਾਲ ਕੇ ਦਾਹ ਸੰਸਕਾਰ ਦੇ ਨਾਲ ਆਕਸੀਜਨ ਦੇਣ ਵਾਲੇ ਜੰਗਲ ਨਸ਼ਟ ਹੋ ਰਹੇ ਹਨ ਅਤੇ ਪ੍ਰਦੂਸ਼ਣ ਵਿਚ ਵੀ ਵਾਧਾ ਹੋ ਰਿਹਾ ਹੈ ਇਸ ਲਈ ਬਿਜਲਈ ਦਾਹ ਸੰਸਕਾਰ ਕਰਨਾ ਚਹੀਦਾ ਹੈ। ਇਸ ਵਿਗਿਆਨਿਕ ਸੋਚ ਨੂੰ ਕਿਸੇ ਅਨਪੜ੍ਹ ਨੇ ਕੀ ਮੰਨਣਾਂ ਹੈ ਸਾਡੇ ਪੜ੍ਹੇ ਲਿਖੇ ਵੀ ਨਹੀਂ ਮੰਨ ਰਹੇ ਕਿਉਂਕਿ ਕਿ ਦਿਮਾਗਾਂ ਵਿੱਚ ਬੈਠਾ ਹੈ ਕਿ ਪਾਰਥਿਕ ਸ਼ਰੀਰ ਨੂੰ ਅਗਨੀ ਬੇਟੇ ਨੇ ਹੀ ਦੇਣੀ ਹੈ। ਇਸੇ ਤਰਾਂ ਮੁਸਲਮਾਨ ਔਰਤਾਂ ਵਿਚ ਹਿਜਾਬ ਪਹਿਨਣਾ ਇੱਕ ਪਰੰਪਰਾ ਤੋਂ ਸ਼ੁਰੂ ਹੋ ਕੇ ਧਰਮ ਦਾ ਅੰਗ ਬਣ ਚੁੱਕਿਆ ਹੈ। ਨਕਾਬ ਦੀ ਪ੍ਰਥਾ ਵੀ ਹਿੰਦੂ ਧਾਰਮਿਕ ਦੋਹੇ ਅਨੁਸਾਰ ਹੈ ਜਿਸ ਵਿਚ ਲਿਖਿਆ ਗਿਆ ਸੀ,          "ਭੋਜਨ, ਭਜਨ ਔਰ ਨਾਰੀ ਯੇਹ ਸਬ ਪਰਦੇ ਕੇ ਅਧਿਕਾਰੀ" ਪਰ ਹੁਣ ਹਿੰਦੂ ਇਸ ਨੂੰ ਭੁੱਲ ਗਏ ਹਨ ਜਾਂ ਮੁਸਲਮਾਨਾਂ ਦਾ ਵਿਰੋਧ ਕਰਨ ਲਈ ਜਾਣਬੁੱਝ ਕਰ ਅਣਗੌਲਿਆਂ ਕਰ ਰਹੇ ਹਨ। ਹੁਣ ਜੇਕਰ ਹਿਜਾਬ ਦਾ ਵਿਰੋਧ ਕੋਈ ਪਾਰਟੀ ਜਾਂ ਸਰਕਾਰ ਬਹੁਮਤ ਵਿਚ ਹੋਣ ਦੇ ਹੰਕਾਰ ਵਿਚ ਆ ਕੇ ਕਰੇ ਤਾਂ ਇਸ ਦਾ ਨਤੀਜਾ ਦੰਗੇ ਜਾਂ ਨਫਰਤ ਹੀ ਹੋ ਸਕਦਾ ਹੈ।
       ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਸਮੇਤ ਰਾਫੇਲ ਘੋਟਾਲਾ, ਚੀਨ ਦੇ ਭਾਰਤ ਦੀ ਧਰਤੀ ਅੰਦਰ ਵਧਦੇ ਕਦਮਾਂ ਅਤੇ ਹੋਰ ਨਾਕਾਮੀਆਂ ਤੇ ਪਰਦੇ ਪਾਉਣ ਲਈ ਭਾਜਪਾ ਹਿੰਦੂ ਮੁਸਲਮਾਨ ਵਿਚ ਵੈਰ ਵਿਰੋਧ ਪੈਦਾ ਕਰ ਰਹੀ ਹੈ। ਮਸਜਿਦਾਂ ਹੇਠ ਮੰਦਿਰ, ਮਸਜਿਦਾਂ ਵਿਚ ਲੱਗੇ ਫੁਹਾਰੇ ਜਾਂ ਫੁਹਾਰੇ ਦੇ ਟੁੱਟੇ ਅੰਸ਼ਾਂ ਨੂੰ ਸ਼ਿਵ ਲਿੰਗ ਦਸਦੇ ਰਹੇ। ਇਤਿਹਾਸ ਵਿਚੋਂ ਮੁਸਲਿਮ ਯੁੱਗ ਕਾਫ਼ੀ ਸਾਰਾ ਹਟਾ ਕੇ ਉਸਦੀ ਥਾਂ ਸੰਘ ਗੁਰੂ ਦਾ ਭਾਸ਼ਣ ਦਰਜ ਕਰਕੇ ਅਤੇ ਮਿਥਹਾਸ ਨੂੰ ਇਤਿਹਾਸ ਬਣਾ ਕੇ ਇਹ ਹਿੰਦੂ ਜਗਾਉਣ ਤੁਰੇ ਸੀ, ਪਰ ਮੁਸਲਮਾਨ ਜਗਾ ਬੈਠੇ।
ਵਿਸ਼ਵਾ ਮਿੱਤਰ ਬੰਮੀ
ਸੰਪਰਕ : 9417632228.