ਪੰਜਾਬ ਦਾ ਭਲਾ ਮਸ਼ੀਨ ਨਾਲ ਕਿ ਤਕਨੀਕ ਨਾਲ ? - ਦਵਿੰਦਰ ਸ਼ਰਮਾ

ਅਜਿਹੇ ਵਕਤ ਜਦੋਂ ਦੁਨੀਆ ਭਰ ਵਿਚ ਕਿਸਾਨ ਆਪਣੀ ਉਪਜ ਦੀ ਲਾਗਤ ਪੂਰੀ ਕਰਨ ਲਈ ਜੂਝ ਰਹੇ ਹਨ ਤਾਂ ਔਕਸਫੈਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਦੋ ਸਾਲਾਂ ਵਿਚ 62 ਨਵੇਂ ਖੁਰਾਕ ਕਾਰੋਬਾਰੀ ਅਰਬਪਤੀ ਧਨਾਢਾਂ ਦੀ ਸੂਚੀ ਵਿਚ ਸ਼ਾਮਲ ਹੋਏ ਹਨ। ਬਿਨਾਂ ਸ਼ੱਕ ਰਿਪੋਰਟ ਇਸ ਸੂਚੀ ਵਿਚ ਸ਼ਾਮਲ ਹੋਏ ਕਾਰਗਿਲ ਕੁਨਬੇ ਦੇ ਉਨ੍ਹਾਂ 12 ਅਰਬਪਤੀਆਂ ਦਾ ਵੀ ਜ਼ਿਕਰ ਕਰਦੀ ਹੈ ਜਿਨ੍ਹਾਂ ਦੀ ਗਿਣਤੀ ਕੋਵਿਡ ਮਹਾਮਾਰੀ ਤੋਂ ਪਹਿਲਾਂ ਅੱਠ ਸੀ।
       ਜਿਣਸਾਂ ਦੀਆਂ ਉੱਚੀਆਂ ਕੀਮਤਾਂ, ਖੁਰਾਕ ਮਹਿੰਗਾਈ ਦਰ ਵਧਣ, ਜ਼ਮੀਨ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ ਹੋਣ ਅਤੇ ਲਗਾਤਾਰ ਤਕਨੀਕੀ ਕਾਢਾਂ ਕਰ ਕੇ ਖੁਰਾਕ ਸਨਅਤ ਦਾ ਮੁਨਾਫ਼ਾ ਲਗਾਤਾਰ ਵਧ ਰਿਹਾ ਹੈ ਤੇ ਇਹ ਸਭ ਕੁਝ ਉਤਪਾਦਕਤਾ ਵਧਾਉਣ ਦੇ ਨਾਂ ’ਤੇ ਕੀਤਾ ਗਿਆ ਹੈ। ਹਾਲਾਂਕਿ, ਔਕਸਫੈਮ (ਬਰਤਾਨੀਆ) ਦੇ ਮੁੱਖ ਕਾਰਜਕਾਰੀ ਡੈਨੀ ਸ੍ਰੀਸਕੰਦਰਜਾ ਦਾ ਕਹਿਣਾ ਹੈ : “ਅਜਿਹੇ ਵਕਤ ਜਦੋਂ ਕਰੋੜਾਂ ਲੋਕਾਂ ਨੂੰ ਅਤਿ ਦੀ ਗ਼ਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਕਿਸਮ ਦੇ ਬੇਹਿਸਾਬ ਮੁਨਾਫ਼ਿਆਂ ਤੇ ਧਨ-ਦੌਲਤ ਨੂੰ ਮੁਖ਼ਾਤਬ ਹੋਣ ਲਈ ਸਰਕਾਰਾਂ ਕੋਲ ਕੋਈ ਬਹਾਨਾ ਨਹੀਂ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕੋਈ ਪਿੱਛੇ ਨਾ ਛੁੱਟ ਜਾਵੇ” ਪਰ ਇਹ ਗੱਲ ਸਮਝ ਨਹੀਂ ਪੈਂਦੀ ਕਿ ਫੂਡ ਸਪਲਾਈ ਚੇਨਾਂ ਦੇ ਛੜੱਪੇ ਮਾਰ ਕੇ ਵਧ ਰਹੇ ਮੁਨਾਫ਼ਿਆਂ ਦਾ ਕਿਣਕਾ ਮਾਤਰ ਵੀ ਮੁਢਲੇ ਉਤਪਾਦਕ, ਭਾਵ ਕਿਸਾਨ ਤੱਕ ਕਿਉਂ ਨਹੀਂ ਅੱਪੜ ਰਿਹਾ। ਖੁਰਾਕ ਦੇ 70 ਫ਼ੀਸਦ ਕੌਮਾਂਤਰੀ ਵਪਾਰ ਉਪਰ ਵੱਡ ਅਕਾਰੀ ਕਾਰਗਿਲ ਸਮੇਤ ਅਨਾਜ ਦੇ ਕਾਰੋਬਾਰ ਦੀਆਂ ਚਾਰ ਵੱਡੀਆਂ ਕੰਪਨੀਆਂ ਦਾ ਕੰਟਰੋਲ ਹੈ। ਅਸੀਂ ਜਾਣਦੇ ਹਾਂ ਕਿ ਦੁਨੀਆ ਭਰ ਵਿਚ ਖੇਤੀ ਜਿਣਸਾਂ ਦਾ ਜਿੰਨਾ ਵਪਾਰ ਕੀਤਾ ਜਾਂਦਾ ਹੈ, ਉਨ੍ਹਾਂ ਦੀ ਉਪਜ ਲੱਖਾਂ ਮਿਹਨਤਕਸ਼ ਕਿਸਾਨਾਂ ਵਲੋਂ ਕੀਤੀ ਜਾਂਦੀ ਹੈ ਪਰ ਉਨ੍ਹਾਂ ਲਈ ਚੰਗੀ ਜ਼ਿੰਦਗੀ ਮੁਸ਼ਕਿਲ ਹੋ ਰਹੀ ਹੈ। ਦੂਜੇ ਸ਼ਬਦਾਂ ਵਿਚ ਹੇਠਲੇ ਪੱਧਰ ’ਤੇ ਜੋ ਉਪਜ ਅਤੇ ਦੌਲਤ ਕਿਸਾਨ ਪੈਦਾ ਕਰਦੇ ਹਨ, ਉਸ ਨੂੰ ਉਪਰ ਬੈਠੇ ਲੋਕ ਆਰਾਮ ਨਾਲ ਸੜ੍ਹਾਕ ਰਹੇ ਹਨ। ਕਿਸਾਨਾਂ ਨੂੰ ਵਧੀਆਂ ਕੀਮਤਾਂ ਦਾ ਕੋਈ ਫਾਇਦਾ ਨਾ ਹੋਣ ਦਾ ਹੋਰ ਕੋਈ ਕਾਰਨ ਨਹੀਂ ਹੈ।
      ਇਸੇ ਤਰ੍ਹਾਂ ਕਿਸਾਨਾਂ ਦੀਆਂ ਦਿੱਕਤਾਂ ਹੱਲ ਕਰਨ ਵਾਲੀਆਂ ਤਕਨਾਲੋਜੀ ਕੰਪਨੀਆਂ ਲਈ ਵੀ ਇਹੀ ਗੱਲ ਸੱਚ ਹੈ ਜੋ ਮਣਾਂ-ਮੂੰਹੀਂ ਮੁਨਾਫ਼ੇ ਕਮਾ ਰਹੀਆਂ ਹਨ। ਕਿਸਾਨ ਜਦੋਂ ਦੋ ਵਕਤ ਦੀ ਰੋਟੀ ਖਾਣ ਲਈ ਜੂਝ ਰਿਹਾ ਹੈ ਤਾਂ ਤਕਨਾਲੋਜੀ ਕੰਪਨੀਆਂ ਦੇ ਸ਼ੇਅਰ ਠਾਠਾਂ ਮਾਰ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਸਭ ਤਕਨੀਕੀ ਕਾਢਾਂ ਦੇ ਬਾਵਜੂਦ ਸਨਅਤੀ ਖੇਤੀਬਾੜੀ ਨੂੰ ਦੁਨੀਆ ਭਰ ਵਿਚ ਪੈਦਾ ਹੋ ਰਹੀਆਂ ਤਾਪ-ਵਧਾਊ (ਗਰੀਨ ਹਾਊਸ) ਗੈਸਾਂ ਦੇ ਇਕ ਤਿਹਾਈ ਹਿੱਸੇ ਲਈ ਕਸੂਰਵਾਰ ਗਿਣਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਸਤੀ ਖੁਰਾਕ ਪੈਦਾ ਕਰਨ ਦੀ ਅਸਲ ਲਾਗਤ ਵੀ ਆਰਾਮ ਨਾਲ ਹੋਰਨਾਂ ਦੇ ਮੋਢਿਆਂ ’ਤੇ ਪਾ ਦਿੱਤੀ ਹੈ। ਇਕ ਪਾਸੇ ਵਰਤੋਂ ਸਮੱਗਰੀ ਸਪਲਾਇਰ ਬੇਹਿਸਾਬ ਮੁਨਾਫ਼ਾ ਕਮਾ ਰਹੇ ਹਨ ਜਦਕਿ ਇਸ ਦੀ ਆਰਥਿਕ ਤੇ ਵਾਤਾਵਰਨੀ ਲਾਗਤ ਦਾ ਜ਼ਿੰਮਾ ਸਮਾਜ ’ਤੇ ਪਾਇਆ ਜਾ ਰਿਹਾ ਹੈ। ਇਹ ਚੱਕਰ ਲਗਾਤਾਰ ਚੱਲ ਰਿਹਾ ਹੈ। ਆਓ, ਦੇਖਦੇ ਹਾਂ ਕਿ ਮਸਨੂਈ ਬੌਧਿਕਤਾ/ਰੋਬੋਟ ਤਕਨੀਕ (artificial intelligence) ਕਿਵੇਂ ਇਹ ਸੰਤੁਲਨ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
       ਇਹ ਉਹ ਸਵਾਲ ਹੈ ਜੋ ਪੈਰਿਸ ਦੇ ਪ੍ਰਾਈਵੇਟ ਨਿਵੇਸ਼ਕ ਰੂਫੋ ਕੁਇੰਟਵਲੇ ਨੇ ਆਪਣੇ ਲੇਖ ਖੁਰਾਕ ‘ਫੂਡ ਡਜ਼ਨ’ਟ ਗ੍ਰੋਅ ਇਨ ਸਿਲੀਕਾਨ ਵੈਲੀ’ (ਖੁਰਾਕ ਸਿਲੀਕਾਨ ਵੈਲੀ ਵਿਚ ਨਹੀਂ ਉੱਗਦੀ) ਵਿਚ ਪੁੱਛਿਆ ਹੈ ਜੋ ਸਟੈਨਫਰਡ ਇਨੋਵੇਸ਼ਨ ਰਿਵਿਊ (12 ਮਾਰਚ, 2014) ਵਿਚ ਛਪਿਆ ਸੀ। ਉਨ੍ਹਾਂ ਲਿਖਿਆ : “ਪਿਛਲੇ ਸੌ ਸਾਲਾਂ ਦੌਰਾਨ ਖੁਰਾਕ ਪ੍ਰਣਾਲੀ ਅੰਦਰ ਜੋ ਤਕਨੀਕੀ ਕਾਢਾਂ ਦੇਖਣ ਨੂੰ ਮਿਲੀਆਂ ਹਨ, ਉਹ ਸ਼ਾਇਦ ਮਨੁੱਖੀ ਇਤਿਹਾਸ ਦੇ ਕਿਸੇ ਵੀ ਅਰਸੇ ਦੌਰਾਨ ਨਹੀਂ ਦੇਖੀਆਂ ਗਈਆਂ ਅਤੇ ਇਨ੍ਹਾਂ ਕਾਢਾਂ ਦਾ ਦਾਰੋਮਦਾਰ ਖੁਰਾਕ ਦੀਆਂ ਕੀਮਤਾਂ ਘਟਾਉਣ, ਕਿਸਾਨਾਂ ਨੂੰ ਹੋਰ ਗ਼ਰੀਬ ਕਰਨ ਅਤੇ ਵਾਤਾਵਰਨ ਦੀ ਬੇਹੁਰਮਤੀ ਕਰਨ ਦਾ ਰਿਹਾ ਹੈ।”
       ਦਰਅਸਲ, ਸਾਰੀਆਂ ਤਕਨੀਕੀ ਕਾਢਾਂ ਦਾ ਮੰਤਵ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣ ਅਤੇ ਉਚ ਉਤਪਾਦਕਤਾ ਹਾਸਲ ਕਰਨਾ ਰਿਹਾ ਹੈ। ਇਨ੍ਹਾਂ ਤਕਨੀਕੀ ਕਾਢਾਂ ਸਦਕਾ ਕਿਸਾਨਾਂ ਨੂੰ ਖੇਤੀਬਾੜੀ ਤੋਂ ਹੋਣ ਵਾਲੀ ਕਮਾਈ ਵਿਚ ਵੀ ਵਾਧਾ ਹੋਣਾ ਚਾਹੀਦਾ ਸੀ ਪਰ ਤੱਥ ਇਹ ਹੈ ਕਿ ਜਿੰਨੀ ਜ਼ਿਆਦਾ ਕਿਸਾਨਾਂ ਦੀ ਉਪਜ ਵਧੀ ਹੈ, ਓਨੀ ਹੀ ਉਨ੍ਹਾਂ ਦੀ ਆਮਦਨ ਘਟੀ ਹੈ। ਮਿਸਾਲ ਦੇ ਤੌਰ ’ਤੇ ਉੱਤਰੀ ਅਮਰੀਕਾ ਦਾ ਕੇਸ ਲੈਂਦੇ ਹਾਂ। ਪਿਛਲੇ 150 ਸਾਲਾਂ ਤੋਂ ਉੱਚ ਉਤਪਾਦਕਤਾ ਹਾਸਲ ਕਰਨ ਦੇ ਬਾਵਜੂਦ ਕਿਸਾਨਾਂ ਲਈ ਕਣਕ ਦੀ ਕੀਮਤ ਜੇ ਮਹਿੰਗਾਈ ਦਰ ਨਾਲ ਮਿਲਾ ਕੇ ਕੱਢੀ ਜਾਵੇ ਤਾਂ ਇਸ ਵਿਚ ਤਿੱਖੀ ਕਮੀ ਆਈ ਹੈ। ਕੈਨੇਡਾ ਵਿਚ ਕਣਕ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਨੂੰ ਅੱਜ ਜੋ ਕੁਝ ਮਿਲ ਰਿਹਾ ਹੈ, ਉਸ ਦਾ ਪੜਦਾਦਾ ਉਸ ਨਾਲੋਂ ਛੇ ਗੁਣਾ ਜ਼ਿਆਦਾ ਕਮਾ ਰਿਹਾ ਸੀ।
        ਹੁਣ ਗੱਲ ਕਰਦੇ ਹਾਂ ਭਾਰਤ ਦੇ ਸਭ ਤੋਂ ਮੋਹਰੀ ਖੇਤੀਬਾੜੀ ਸੂਬੇ ਪੰਜਾਬ ਦੀ ਜਿਸ ਨੇ ਰਿਕਾਰਡ ਸਾਲਾਨਾ ਫਸਲੀ ਉਤਪਾਦਕਤਾ ਪ੍ਰਾਪਤ ਕੀਤੀ ਹੈ ਜੋ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਹੈ। ਇਸ ਦੇ ਬਾਵਜੂਦ ਪੰਜਾਬ ਵਾਤਾਵਰਨ ਦੀ ਬਰਬਾਦੀ ਦਾ ਨਮੂਨਾ ਬਣ ਗਿਆ ਹੈ। ਤਕਨਾਲੋਜੀ ਨਾਲ ਫ਼ਸਲੀ ਉਤਪਾਦਨ ਤਾਂ ਵਧ ਗਿਆ ਪਰ ਜ਼ਮੀਨ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਨਾਲ ਸਾਡੇ ਜਲ ਸਰੋਤ ਮੁੱਕ ਗਏ ਹਨ, ਰਸਾਇਣਕ ਖਾਦਾਂ ਦਾ ਅਸਰ ਵਿਆਪਕ ਰੂਪ ਵਿਚ ਵਾਤਾਵਰਨ ਵਿਚ ਫੈਲ ਗਿਆ ਹੈ, ਜ਼ਮੀਨ ਦਾ ਉਪਜਾਊਪਣ ਘਟ ਰਿਹਾ ਹੈ ਅਤੇ ਪਰਾਲੀ ਸਾੜਨ ਕਰ ਕੇ ਹਵਾ ਪ੍ਰਦੂਸ਼ਤ ਹੋ ਰਹੀ ਹੈ। ਮੁਲਕ ਦਾ ਅਨਾਜ ਕਟੋਰਾ ਕਿਹਾ ਜਾਣਾ ਵਾਲਾ ਸੂਬਾ ਹੁਣ ਸਿਹਤਮੰਦ ਅਤੇ ਹੰਢਣਸਾਰ ਖੇਤੀ ਪ੍ਰਣਾਲੀ ਅਪਣਾਉਣ ਲਈ ਤਰਲੇ ਲੈ ਰਿਹਾ ਹੈ।
       ਪੰਜਾਬ ਨੇ ਸਾਨੂੰ ਅਜਿਹਾ ਮੌਕਾ ਦਿੱਤਾ ਹੈ ਕਿ ਅਸੀਂ ਇਹ ਸਮਝ ਸਕੀਏ ਕਿ ਤਕਨਾਲੋਜੀ ਦੀ ਸਿਆਸਤ ਕਿਵੇਂ ਚਲਦੀ ਹੈ। ਇਸ ਵੇਲੇ ਜ਼ਮੀਨ ਹੇਠਲੇ ਪਾਣੀ ਦੇ ਸਰੋਤ ਬਚਾਉਣ ਲਈ ਬਹਿਸ ਛਿੜੀ ਹੋਈ ਹੈ ਜਿਸ ਤੋਂ ਕੁਝ ਦਹਾਕੇ ਪਹਿਲਾਂ ਦੀ ਘਟਨਾ ਯਾਦ ਆਉਂਦੀ ਹੈ ਜਦੋਂ ਫਿਲਪੀਨਜ਼ ਦੀ ਕੌਮਾਂਤਰੀ ਝੋਨਾ ਖੋਜ ਸੰਸਥਾ (ਆਈਆਰਆਰਆਈ) ਦੇ ਦੌਰੇ ਸਮੇਂ ਇਕ ਅਧਿਐਨ ’ਤੇ ਝਾਤ ਮਾਰਨ ਦਾ ਮੌਕਾ ਮਿਲਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਹੋ ਜਾਂ ਪਨੀਰੀ ਦੀ ਲੁਆਈ, ਉਤਪਾਦਕਤਾ ਵਿਚ ਕੋਈ ਫ਼ਰਕ ਨਹੀਂ ਆਉਂਦਾ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਏਸ਼ੀਆ ਦੇ ਬਹੁਤ ਸਾਰੇ ਖਿੱਤਿਆਂ ਅੰਦਰ ਆਮ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਦੀ ਰਵਾਇਤ ਰਹੀ ਸੀ। ਇਸ ਬਾਰੇ ਇਕ ਉੱਘੇ ਝੋਨਾ ਵਿਗਿਆਨੀ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ : “ਅਸੀਂ ਟਰੈਕਟਰ ਸਨਅਤ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਖਿ਼ਰਕਾਰ, ਝੋਨੇ ਦੀ 97 ਫ਼ੀਸਦ ਕਾਸ਼ਤ ਏਸ਼ੀਆ ਵਿਚ ਕੀਤੀ ਜਾਂਦੀ ਹੈ ਅਤੇ ਸ਼ਾਇਦ ਕਾਸ਼ਤਕਾਰੀ ਦੇ ਤਰੀਕਾਕਾਰ ਵਿਚ ਤਬਦੀਲੀ ਟਰੈਕਟਰ ਸਨਅਤ ਨੂੰ ਵਧਾਉਣ ਲਈ ਅਪਣਾਇਆ ਗਿਆ ਸੀ।”
       ਆਈਆਰਆਰਆਈ ਦੇ ਇਕ ਹੋਰ ਅਧਿਐਨ ਵਿਚ ਕਿਹਾ ਗਿਆ ਸੀ ਕਿ ਜੇ ਤੁਸੀਂ ਖੇਤ ਵਿਚ ਪਾਣੀ ਦੇ ਵਹਾਓ ਦੇ ਸਰੋਤ ਨਾਲ ਕੀਟਨਾਸ਼ਕ ਪਾ ਦਿੰਦੇ ਹੋ ਜਾਂ ਫਿਰ ਵੱਖੋ-ਵੱਖਰੀਆਂ ਨੋਜ਼ਲਾਂ ਵਾਲੇ ਸਪ੍ਰੇਅਰਾਂ ਰਾਹੀਂ ਛਿੜਕਾਅ ਕਰਦੇ ਹੋ ਤਾਂ ਕੀਟਨਾਸ਼ਕ ਦੀ ਕਾਰਗਰਤਾ ਵਿਚ ਕੋਈ ਫ਼ਰਕ ਨਹੀਂ ਆਉਂਦਾ। ਜਦੋਂ ਅਸੀਂ ਵਿਦਿਆਰਥੀ ਹੁੰਦੇ ਸੀ ਤਾਂ ਸਾਨੂੰ ਇਵੇਂ ਨਹੀਂ ਪੜ੍ਹਾਇਆ ਜਾਂਦਾ ਸੀ।
        ਨੀਤੀਗਤ ਇਮਦਾਦ, ਸਬਸਿਡੀਆਂ ਅਤੇ ਸੌਖੇ ਢੰਗ ਨਾਲ ਕਰਜ਼ ਦਿਵਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮਸ਼ੀਨਰੀ ਖਰੀਦਣ ਵੱਲ ਧੱਕਿਆ ਗਿਆ। ਪੰਜਾਬ ਨੂੰ ਜਿੰਨੇ ਟਰੈਕਟਰਾਂ ਦੀ ਲੋੜ ਹੈ, ਉਸ ਨਾਲੋਂ ਪੰਜ ਗੁਣਾ ਵੱਧ ਟਰੈਕਟਰ ਹਨ। ਪੰਜਾਬ ਫਾਰਮਰਜ਼ ਕਮਿਸ਼ਨ ਦੇ ਇਕ ਸਾਬਕਾ ਚੇਅਰਮੈਨ ਨੇ ਬੈਂਕਾਂ ਨੂੰ ਆਖਿਆ ਸੀ ਕਿ ਟਰੈਕਟਰ ਖਰੀਦਣ ਲਈ ਰਿਆਇਤੀ ਦਰਾਂ ’ਤੇ ਹੋਰ ਕਰਜ਼ੇ ਨਾ ਦਿੱਤੇ ਜਾਣ। ਇਸ ਤੋਂ ਇਲਾਵਾ, ਪਰਾਲੀ ਸਾੜਨ ਤੋਂ ਰੋਕਣ ਦੇ ਨਾਂ ’ਤੇ 75 ਹਜ਼ਾਰ ਤੋਂ ਵੱਧ ਮਸ਼ੀਨਾਂ ਵੇਚੀਆਂ ਗਈਆਂ ਹਨ। ਪੰਜ ਤੋਂ ਛੇ ਸੈੱਟਾਂ ਵਿਚ ਆਉਣ ਵਾਲੀਆਂ ਇਹ ਮਸ਼ੀਨਾਂ ਵੱਧ ਤੋਂ ਵੱਧ ਤਿੰਨ ਹਫ਼ਤੇ ਲਈ ਵਰਤੀਆਂ ਜਾ ਸਕਦੀਆਂ ਹਨ। ਜਿਵੇਂ ਜਿਵੇਂ ਹੋਰ ਤਕਨੀਕੀ ਸਾਜ਼ੋ-ਸਾਮਾਨ ਤੇ ਮਸ਼ੀਨਾਂ ਦੀ ਖਰੀਦ ਨੂੰ ਹੱਲਾਸ਼ੇਰੀ ਦਿੰਦੀ ਜਾਂਦੀ ਹੈ, ਤਿਵੇਂ ਤਿਵੇਂ ਕਿਸਾਨ ਹੋਰ ਕਰਜ਼ ਜਾਲ ਵਿਚ ਫਸਦੇ ਜਾਂਦੇ ਹਨ ਜਦਕਿ ਮਸ਼ੀਨਰੀ ਨਿਰਮਾਣਕਾਰ ਹੱਥ ਰੰਗ ਰਹੇ ਹਨ।
        ਅਕਸਰ ਅਜਿਹੀ ਕਿਸੇ ਤਕਨੀਕ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਜਿਸ ਲਈ ਕਿਸੇ ਸੰਦ ਜਾਂ ਮਸ਼ੀਨ ਵੇਚਣ ਦੀ ਲੋੜ ਨਹੀਂ ਹੁੰਦੀ। ਇੱਥੇ ਸਵਾਲ ਤਕਨਾਲੋਜੀ ਦੀ ਮੁਖਾਲਫ਼ਤ ਦਾ ਨਹੀਂ ਸਗੋਂ ਸਵਾਲ ਇਹ ਹੈ ਕਿ ਕਿਉਂ ਕੁਝ ਕੁ ਬ੍ਰਾਂਡਿਡ ਤਕਨਾਲੋਜੀ ਕਾਢਾਂ ਦੀ ਹੀ ਤਰਫ਼ਦਾਰੀ ਕੀਤੀ ਜਾਂਦੀ ਹੈ। ‘ਨਿਦਾਨ’ ਮਾਡਲ ਜਿਹੀ ਸਰਲ ਤੇ ਕਾਰਗਰ ਤਕਨਾਲੋਜੀ ਜਿਸ ਨੂੰ ਨਰਮੇ ’ਤੇ ਕੀਟਾਂ ਦੀ ਰੋਕਥਾਮ ਲਈ ਸੁਰਿੰਦਰ ਦਲਾਲ ਨੇ ਨਿਖਾਰਿਆ ਸੀ, ਬਾਰੇ ਬਹੁਤ ਘੱਟ ਕਿਸਾਨ ਜਾਣਦੇ ਹਨ ਜਿਸ ਦਾ ਸਾਦਾ ਜਿਹਾ ਕਾਰਨ ਇਹ ਹੈ ਕਿ ਇਸ ਲਈ ਬਹੁਤੀ ਮਸ਼ੀਨਰੀ ਦੀ ਲੋੜ ਹੀ ਨਹੀਂ ਪੈਂਦੀ। ਝੋਨੇ ਦੀ ਸਿੱਧੀ ਬਿਜਾਈ (ਐੱਸਆਰਆਈ) ਇਸ ਦੀ ਇਕ ਹੋਰ ਮਿਸਾਲ ਹੈ, ਤੇ ਇਹ ਸੂਚੀ ਬਹੁਤ ਲੰਮੀ ਹੋ ਸਕਦੀ ਹੈ।
       ਬਿਨਾਂ ਸ਼ੱਕ ਮਸ਼ੀਨੀਕਰਨ ਦੀ ਲੋੜ ਹੈ ਪਰ ਆਧੁਨਿਕੀਕਰਨ ਕਰਦਿਆਂ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਪੰਜਾਬ ਮਸ਼ੀਨਾਂ ਦਾ ਕਬਾੜਖ਼ਾਨਾ ਨਾ ਬਣ ਜਾਵੇ। ਉਸ ਕਿਸਮ ਦੀਆਂ ਹੰਢਣਸਾਰ ਤਕਨਾਲੋਜੀਆਂ ਅਪਣਾਉਣ ਲਈ ਮਨੋਦਸ਼ਾ ਬਣਾਉਣੀ ਪਵੇਗੀ ਜਿਨ੍ਹਾਂ ਵਾਸਤੇ ਬਾਹਰੀ ਸਮੱਗਰੀ ਅਤੇ ਮਸ਼ੀਨਾਂ ਦੀ ਬਹੁਤ ਘੱਟ ਲੋੜ ਪੈਂਦੀ ਹੈ।
ਸੰਪਰਕ : hunger55@gmail.com