ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

12 ਜੂਨ 2022

ਨੋਟਾਂ ਤੋਂ ਗਾਂਧੀ ਦੀ ਤਸਵੀਰ ਹਟਾਉਣ ਦੀ ਕੋਈ ਤਜਵੀਜ਼ ਨਹੀਂ- ਆਰ.ਬੀ.ਆਈ.

ਬਸ ਸਮਝ ਲਉ ਕਿ ਹੁਣ ਗਾਂਧੀ ਦੀ ਤਸਵੀਰ ਦੇ ਦਿਨ ਪੁੱਗ ਗਏ।

ਪ੍ਰਧਾਨ ਮੰਤਰੀ ਦਿੱਲੀ ਅਤੇ ਪੰਜਾਬ ਦੀਆਂ ‘ਆਪ’ ਸਰਕਾਰਾਂ ਪਿੱਛੇ ਪਏ ਹੋਏ ਹਨ- ਕੇਜਰੀਵਾਲ

ਨੀ ਉਡ ਕੇ ਚੁੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।

ਈ.ਡੀ.ਤੇ ਸੀ.ਬੀ.ਆਈ ਦੇ ਡਰੋਂ ਕਾਂਗਰਸੀ ਲੀਡਰ ਗਏ ਭਾਜਪਾ ‘ਚ- ਰਾਜਾ ਵੜਿੰਗ

ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।

ਵਿਜੀਲੈਂਸ ਵਲੋਂ ਸਾਬਕਾ ਮੰਤਰੀ ਧਰਮਸੋਤ ਦੀਆਂ ਜਾਇਦਾਦਾਂ ਦੀ ਪੜਤਾਲ ਸ਼ੁਰੂ- ਇਕ ਖ਼ਬਰ

ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ?

ਕਮਲਦੀਪ ਕੌਰ ਦੇ ਹੱਕ ‘ਚ ਸਿਮਰਨਜੀਤ ਸਿੰਘ ਮਾਨ ਆਪਣਾ ਨਾਂ ਵਾਪਸ ਲੈਣ- ਸੁਖਬੀਰ ਬਾਦਲ

ਤਾਂ ਕਿ ਤੁਹਾਡੇ ਮਰੇ ਹੋਏ ਕਲਬੂਤ ਵਿਚ ਜਾਨ ਪੈ ਜਾਵੇ।

ਭਾਜਪਾ ਦੇ ਵੱਡੇ ਆਗੂ ਨਫ਼ਰਤੀ ਤਕਰੀਰ ਲਈ ਸਰਪ੍ਰਸਤ- ਸੀ.ਪੀ.ਐਮ.

ਚੁੱਕੀ ਹੋਈ ਪੰਚਾਂ ਦੀ, ਗਾਲ਼ ਬਿਨਾਂ ਨਾ ਬੋਲੇ।

ਭਾਜਪਾ ਅਗੂਆਂ ਦੇ ਵਿਵਾਦਿਤ ਬੋਲਾਂ ਦੇ ਰੋਸ ਵਜੋਂ ਕਈ ਦੇਸ਼ਾਂ ਨੇ ਭਾਰਤੀ ਰਾਜਦੂਤ ਕੀਤੇ ਤਲਬ- ਇਕ ਖ਼ਬਰ

ਜ਼ਖ਼ਮ ਤਲਵਾਰ ਦਾ ਸਮੇਂ ਨਾਲ਼ ਭਰ ਜਾਂਦਾ, ਜ਼ਖ਼ਮ ਜ਼ੁਬਾਨ ਦਾ ਉਮਰ ਦੇ ਨਾਲ਼ ਜਾਵੇ।

ਦੇਸ਼ ‘ਚ ਆਰਥਿਕ ਮੰਦੀ ਦਿਸ ਰਹੀ ਹੈ, ਭਾਜਪਾ ਕੋਲ਼ ਕੋਈ ਜਵਾਬ ਨਹੀਂ- ਰਾਹੁਲ ਗਾਂਧੀ

ਫ਼ਕਰਦੀਨਾਂ ਨਾ ਇਹਨਾਂ ਨੂੰ ਨਜ਼ਰ ਆਵੇ, ਬੁਲਬੁਲ ਲੁੱਟ ਕੇ ਦੇਸ਼ ਨੂੰ ਖਾਂਵਦੀ ਏ।

ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ- ਇਕ ਖ਼ਬਰ

ਜੇ ਤੂੰ ਚੁੰਘੀਆਂ ਬੂਰੀਆਂ ਤਾਂ ਨਿੱਕਲ ਵਿਚ ਮੈਦਾਨ।

ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲ਼ੇ 38 ਭਾਜਪਾ ਆਗੂਆਂ ਦੀ ਪਛਾਣ ਹੋਈ-ਇਕ ਖ਼ਬਰ

ਬਈ ਅਠੱਤੀਆਂ ਨੂੰ ਸਿਫ਼ਰਾਂ ਹੋਰ ਲਗਾਉ, ਲਗਦੈ ਤੁਹਾਨੂੰ ਭੁਲੇਖਾ ਲੱਗਿਐ।

ਵਿਜੀਲੈਂਸ ਬਿਊਰੋ ਨੇ ਅੱਧੀ ਰਾਤ ਨੂੰ ਸਾਬਕਾ ਮੰਤਰੀ ਧਰਮਸੋਤ ਚੁੱਕਿਆ- ਇਕ ਖ਼ਬਰ

ਰਾਤੀਂ ਧਾੜ ਪਈ, ਚੁੱਕਿਆ ਧਰਮਸੋਤ ਵਿਚਾਰਾ

ਕੈਪਟਨ ਪਿੱਠ ਦਰਦ ਦੇ ਇਲਾਜ ਲਈ ਜਾਣਗੇ ਇੰਗਲੈਂਡ- ਇਕ ਖ਼ਬਰ

ਆਪਣੇ ਗੁਆਂਢ ‘ਚ ਬੜੇ ਅੱਛੇ ਅੱਛੇ ਡਾਕਟਰ ਹੈਨ ਕੈਪਟਨ ਸਾਬ।

ਸ਼ਰਾਬ ਸਸਤੀ ਹੋਣ ਕਰਕੇ ਪਊਏ ਤੋਂ ਅਧੀਏ ਵਲ ਨੂੰ ਨਾ ਤੁਰ ਪਇਓ, ਆਂਡਾ ਦੀ ਭੁਰਜੀ ਵੀ ਖਾਇਉ ਨਾਲ- ਗੁਰਦਿਤ ਸਿੰਘ ਸੇਖੋਂ

ਆਂਡੇ ਦੀ ਭੁਰਜੀ ਮੁਫ਼ਤ ਮਿਲੇਗੀ ‘ਆਪ’ ਸਰਕਾਰ ਵਲੋਂ।

ਰਿਸ਼ਵਤਖੋਰੀ ਕਾਂਗਰਸੀਆਂ ਦੇ ਖ਼ੂਨ ਵਿਚ ਹੈ- ਭਗਵੰਤ ਮਾਨ

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ਼।

ਮੋਦੀ ਸਰਕਾਰ ਹੀ ਸੁਧਾਰ ਸਕਦੀ ਹੈ ਪੰਜਾਬ ਦੇ ਵਿਗੜੇ ਹਾਲਾਤ- ਕੇਵਲ ਸਿੰਘ ਢਿੱਲੋਂ

ਜਿਸ ਦਾ ਖਾਈਏ ਅੰਨ, ਕਰੀਏ ਉਸ ਦੀ ਧੰਨ ਧੰਨ।