ਜੀਵਨ ਲਈ ਵਿਨਾਸ਼ਕਾਰੀ ਹੈ ਅਖੌਤੀ ਵਿਕਾਸ ਮਾਡਲ   - ਗੁਰਚਰਨ ਸਿੰਘ ਨੂਰਪੁਰ

ਇਕ ਵਿਅਕਤੀ ਨੇ ਦੂਰ-ਦੁਰਾਡੇ ਜੰਗਲੀ ਤੇ ਮਾਰੂਥਲੀ ਸਫ਼ਰ ਦੀ ਯਾਤਰਾ 'ਤੇ ਜਾਣਾ ਸੀ। ਉਹ ਸਫ਼ਰ ਲਈ ਲੋੜੀਂਦਾ ਸਾਰਾ ਸਾਮਾਨ ਇਕੱਠਾ ਕਰ ਰਿਹਾ ਸੀ। ਉਸ ਨੇ ਸੋਚਿਆ ਕਿ ਸਫ਼ਰ ਦੌਰਾਨ ਇਹ ਨਾ ਹੋਵੇ ਕਿ ਉਹ ਕਿਤੇ ਰਸਤੇ ਵਿਚ ਹੀ ਭਟਕ ਜਾਵੇ, ਇਹਦੇ ਲਈ ਬੜਾ ਜ਼ਰੂਰੀ ਹੈ ਕਿ ਉਸ ਕੋਲ ਦਿਸ਼ਾਵਾਂ ਦੇ ਗਿਆਨ ਲਈ ਇਕ ਕੰਪਾਸ ਹੋਵੇ। ਉਹ ਇਕ ਦੁਕਾਨਦਾਰ ਤੋਂ ਕੰਪਾਸ ਖ਼ਰੀਦਣ ਗਿਆ। ਉਸ ਨੇ ਜਦੋਂ ਕੰਪਾਸ ਵਾਲਾ ਟੀਨ ਦਾ ਡੱਬਾ ਖੋਲ੍ਹਿਆ ਤਾਂ ਕੰਪਾਸ ਦੀ ਸੂਈ ਤੋਂ ਇਲਾਵਾ ਇਸ ਵਿਚੋਂ ਇਕ ਛੋਟਾ ਜਿਹਾ ਸ਼ੀਸ਼ਾ ਵੀ ਨਿਕਲਿਆ। ਉਸ ਨੇ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ 'ਕੰਪਾਸ ਦੀ ਸੂਈ ਤਾਂ ਦਿਸ਼ਾਵਾਂ ਦਾ ਗਿਆਨ ਦੱਸਣ ਲਈ ਹੈ ਤਾਂ ਕਿ ਕੋਈ ਭਟਕ ਨਾ ਜਾਵੇ ਪਰ ਇਸ ਡੱਬੇ ਵਿਚ ਇਹ ਸ਼ੀਸ਼ਾ ਕਿਸ ਵਾਸਤੇ ਹੈ?'
ਦੁਕਾਨਦਾਰ ਨੇ ਜਵਾਬ ਦਿੱਤਾ, 'ਸ਼ੀਸ਼ਾ ਇਹ ਵੇਖਣ ਲਈ ਹੈ ਜੋ ਭਟਕ ਗਿਆ ਹੈ ਉਹ ਕੌਣ ਹੈ।'
      ਅੱਜ ਦੇ ਮਨੁੱਖ ਦੀ ਅਜਿਹੀ ਹੀ ਹਾਲਤ ਹੈ। ਅਸੀਂ ਮਨ ਦੀ ਭਟਕਣਾ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ। ਮਨੁੱਖ ਨੇ ਬੇਸ਼ੁਮਾਰ ਸਰੀਰਕ ਸੁਖ ਹਾਸਲ ਕਰ ਲਏ ਪਰ ਇਸ ਦੇ ਮਾਨਸਿਕ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ।
      ਪਿਛਲੇ ਦੋ ਸੌ ਸਾਲਾਂ ਤੋਂ ਮਨੁੱਖ ਜਾਤੀ ਹਰ ਦਿਨ ਨਵੀਂ ਤੋਂ ਨਵੀਂ ਮੁਸ਼ਕਿਲ ਸਮੱਸਿਆ ਵਿਚ ਘਿਰ ਰਹੀ ਹੈ। ਵਿਗਿਆਨ ਕਿਸੇ ਇਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਨਹੀਂ ਬਲਕਿ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਚ ਵਿਚ ਵਿਗਿਆਨ ਨਹੀਂ। ਸਾਡੀ ਸੋਚ ਵਿਚਾਰ ਕਰਨ ਦੀ ਆਦਤ ਵਿਚ ਵਿਗਿਆਨ ਨਹੀਂ। ਜਦੋਂ ਤੱਕ ਸਾਡੀ ਸੋਚ ਵਿਗਿਆਨਕ ਨਹੀਂ ਹੋਵੇਗੀ ਸਾਡੀਆਂ ਸਮੱਸਿਆਵਾਂ ਵਿਕਰਾਲ ਰੂਪ ਅਖ਼ਤਿਆਰ ਕਰਦੀਆਂ ਰਹਿਣਗੀਆਂ।
       ਜੀਵਨ ਵਿਚ ਸ਼ੰਘਰਸ਼ ਯੁੱਗਾਂ ਤੋਂ ਚਲਦਾ ਆਇਆ ਹੈ ਅਤੇ ਇਹ ਚਲਦਾ ਰਹੇਗਾ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਆਖਦਾ ਹੈ, ਜਿਊਂਦੇ ਰਹਿਣ ਲਈ ਜੀਵਨ ਵਿਚ ਸੰਘਰਸ਼ ਹੈ, ਇਸ ਸੰਘਰਸ਼ ਵਿਚ ਜੋ ਜੀਵ ਜਾਤੀਆਂ ਜੇਤੂ ਹੁੰਦੀਆਂ ਹਨ ਕੁਦਰਤ ਉਨ੍ਹਾਂ ਨੂੰ ਅਗਾਂਹ ਆਪਣੇ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਜਾਤੀ ਦਾ ਜਿਊਂਦੇ ਰਹਿਣ ਲਈ ਸੰਘਰਸ਼ ਬਿਲਕੁਲ ਗ਼ੈਰ-ਵਿਗਿਆਨਕ ਹੈ। ਦੁਨੀਆ ਦੀ ਵੱਡੀ ਆਬਾਦੀ ਜੀਵਨ ਦੀਆਂ ਜ਼ਰੂਰੀ ਲੋੜਾਂ ਤੋਂ ਵਿਰਵੀ ਹੈ। ਵੱਡੀ ਗਿਣਤੀ ਵਿਚ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ-ਸਮੱਸਿਆਵਾਂ ਵਿਚ ਘਿਰੇ ਹੋਏ ਹਨ। ਇੱਥੋਂ ਤੱਕ ਕਿ ਧਰਤੀ ਦੇ ਵੱਡੀ ਗਿਣਤੀ ਲੋਕਾਂ ਨੂੰ ਪੀਣ ਵਾਲਾ ਠੀਕ ਪਾਣੀ ਵੀ ਹੁਣ ਤੱਕ ਨਸੀਬ ਨਹੀਂ ਹੋਇਆ ਅਤੇ ਭਵਿੱਖ ਵਿਚ ਇਹ ਸੰਕਟ ਹੋਰ ਗਹਿਰਾ ਹੋਣ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਗ਼ਰੀਬੀ, ਮੰਦਹਾਲੀ, ਬੇਕਾਰੀ ਦਾ ਜੀਵਨ ਭੋਗ ਰਹੇ ਹਨ। ਦੁਨੀਆ ਦਾ ਇਕ ਵੱਡਾ ਹਿੱਸਾ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ। ਬਚਪਨ ਵਿਚ ਹੀ ਬੱਚੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਬੱਚੇ ਨਸ਼ਿਆਂ ਦੇ ਨਰਕ ਵਿਚ ਗਰਕ ਰਹੇ ਹਨ। ਜੀਵਨ ਸੰਤਾਪ ਬਣ ਰਿਹਾ ਹੈ। ਦੂਜੇ ਪਾਸੇ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿਚ ਜੰਗ ਯੁੱਧ ਚੱਲ ਹੀ ਰਿਹਾ ਹੁੰਦਾ ਹੈ। ਮਨੁੱਖ ਦੇ 4000 ਹਜ਼ਾਰ ਸਾਲਾਂ ਦੇ ਇਤਿਹਾਸ ਦੌਰਾਨ 4000 ਤੋਂ ਵੱਧ ਗਿਣਤੀ ਵਿਚ ਯੁੱਧ ਲੜੇ ਗਏ। ਅਖੌਤੀ ਸੱਭਿਅਕ ਮਨੁੱਖ ਅੱਜ ਅਜਿਹੇ ਜੰਗੀ ਸਾਜ਼ੋ-ਸਾਮਾਨ ਦਾ ਮਾਲਕ ਹੈ, ਜਿਸ ਨਾਲ ਕੁਝ ਹੀ ਮਿੰਟਾਂ ਵਿਚ ਪੂਰੀ ਧਰਤੀ ਤੋਂ ਜੀਵਨ ਦਾ ਖੁਰਾ ਖੋਜ ਮਿਟ ਜਾਵੇਗਾ ਤੇ ਮੁੜ ਹਜ਼ਾਰਾਂ ਸਾਲਾਂ ਤੱਕ ਇੱਥੇ ਜੀਵਨ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹੇਗੀ। ਇਹ ਕਿਹੋ ਜਿਹਾ ਵਿਕਾਸ ਹੈ? ਧਰਤੀ ਦੀ ਅੱਧੀ ਆਬਾਦੀ ਭੁੱਖ ਨਾਲ ਇਸ ਲਈ ਮਰ ਰਹੀ ਹੈ ਕਿ ਮਨੁੱਖ ਨੂੰ ਮਾਰੇ ਜਾਣ ਲਈ ਬਣਾਏ ਜਾਣ ਵਾਲੇ ਸਾਜ਼ੋ-ਸਾਮਾਨ 'ਤੇ ਅਰਬਾਂ ਰੁਪਏ ਖ਼ਰਚ ਹੋ ਰਹੇ ਹਨ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਘਰ ਵਿਚ ਬੱਚਿਆਂ ਦੇ ਖਾਣ ਲਈ ਰੋਟੀ ਨਾ ਹੋਵੇ ਪਰ ਘਰ ਦਾ ਮਾਲਕ ਬੰਦੂਕਾਂ ਖ਼ਰੀਦਦਾ ਫਿਰੇ, ਇਹ ਕਿੱਥੋਂ ਦੀ ਸਿਆਣਪ ਹੈ? ਮਨੁੱਖੀ ਸੱਭਿਅਤਾ ਦਾ ਵਿਕਾਸ ਤਾਂ ਜੀਵਨ ਨੂੰ ਚੰਗਾ ਬਣਾਉਣ ਦਾ ਵਿਕਾਸ ਸੀ। ਜੀਵਨ ਨੂੰ ਚੰਗਾ ਬਣਾਉਣ ਦੀ ਯਾਤਰਾ 'ਤੇ ਨਿਕਲਿਆ ਮਨੁੱਖ ਜੀਵਨ ਲਈ ਹੋਰ ਸਾਧਨ ਖੋਜਦਾ-ਖੋਜਦਾ ਆਪ ਗਵਾਚ ਤਾਂ ਨਹੀਂ ਗਿਆ? ਇਹ ਵਿਸ਼ਾ ਵਿਸ਼ਾਲ ਚਿੰਤਨ ਦੀ ਮੰਗ ਕਰਦਾ ਹੈ ਪਰ ਅਫ਼ਸੋਸ ਇਸ ਵੱਲ ਸਾਡਾ ਕਦੇ ਧਿਆਨ ਹੀ ਨਹੀਂ ਜਾਂਦਾ।
      ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਸਾਡੇ ਸੰਕਟਾਂ ਦੇ ਰਚਣਹਾਰੇ ਕੌਣ ਹਨ। ਇਸ ਤੋਂ ਵੀ ਬੁਨਿਆਦੀ ਗੱਲ ਇਹ ਹੈ ਕਿ ਬਹੁਗਿਣਤੀ ਮਨੁੱਖਾਂ ਨੂੰ ਆਪਣੇ ਸੰਕਟਾਂ ਦਾ ਗਿਆਨ ਨਹੀਂ। ਅਸੀਂ ਉਸ ਹਾਲਤ ਵਿਚ ਹਾਂ ਜਿਵੇਂ ਪੁਰਾਣੇ ਸਮੇਂ ਵਿਚ ਜੇਕਰ ਕਿਸੇ ਦਾ ਫੋੜਾ ਕੁਝ ਦਿਨ ਠੀਕ ਨਹੀਂ ਹੁੰਦਾ ਸੀ ਤਾਂ ਉਹ ਇਕ ਪੱਕੀ ਪੱਟੀ ਇਸ 'ਤੇ ਬੰਨ੍ਹ ਲੈਂਦਾ ਸੀ। ਫੋੜੇ ਨੂੰ ਆਤਮਸਾਤ ਕਰ ਲੈਂਦਾ ਸੀ। ਸਮਝ ਲੈਂਦਾ ਸੀ ਇਸ ਫੋੜੇ ਨੇ ਹੁਣ ਸਰੀਰ ਦੇ ਨਾਲ-ਨਾਲ ਹੀ ਰਹਿਣਾ ਹੈ। ਇਸੇ ਤਰ੍ਹਾਂ ਅਸੀਂ ਧਰਤੀ ਵਾਸੀ ਮੁੱਠੀ ਭਰ ਮਨੁੱਖਾਂ ਦੁਆਰਾ ਸਿਰਜਤ ਸਮੱਸਿਆਵਾਂ, ਸੰਕਟਾਂ, ਦੁਸ਼ਵਾਰੀਆਂ ਵਿਚ ਰਹਿਣ ਦੇ ਆਦੀ ਬਣਾ ਦਿੱਤੇ ਗਏ ਹਾਂ।
       ਆਓ, ਥੋੜ੍ਹੀ ਜਿਹੀ ਗੱਲ ਆਪਣੇ ਘਰ ਦੀ ਪੰਜਾਬ ਦੀ ਕਰੀਏ। ਇੱਥੇ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਪੀੜਤ ਹਨ। ਇੱਥੋਂ ਦੀ ਵਸੋਂ ਦਾ ਇਕ ਵੱਡਾ ਹਿੱਸਾ ਨਹਿਰਾਂ ਦਾ ਅਤਿ ਜ਼ਹਿਰੀਲਾ ਪਾਣੀ ਪੀਣ ਨਾਲ ਵੱਡੀ ਪੱਧਰ 'ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਲੋਕਾਂ ਦੀਆਂ ਜ਼ਮੀਨਾਂ ਤੇ ਘਰ ਬਿਮਾਰੀਆਂ ਦੇ ਖਰਚੇ ਕਰਕੇ ਵਿਕ ਰਹੇ ਹਨ। ਮਾਸੂਮ ਬੱਚੇ ਵੀ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਮਾਲਵੇ ਦੇ ਕਈ ਪਿੰਡ ਹਨ ਜਿੱਥੇ ਹਰ ਸਾਲ ਹਰ ਪਿੰਡ ਵਿਚ ਕੈਂਸਰ ਨਾਲ ਹਰ ਉਮਰ ਦੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਹਨ ਜੋ ਇਸ ਸੰਤਾਪ ਨੂੰ ਭੋਗ ਰਹੇ ਹਨ, ਬਹੁਤ ਥੋੜ੍ਹੇ ਮੁੱਠੀ ਭਰ ਲੋਕ ਹਨ ਜੋ ਇਸ ਸਭ ਕੁਝ ਦੇ ਖਿਲਾਫ਼ ਬੋਲਦੇ ਹਨ। ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝਦੇ ਲੋਕ ਜਿਨ੍ਹਾਂ ਦੇ ਮਾਸੂਮ ਬੱਚੇ ਵੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹਨ। ਜ਼ਮੀਨਾਂ-ਜਾਇਦਾਦਾਂ ਇਲਾਜ ਲਈ ਵਿਕ ਰਹੀਆਂ ਹਨ। ਵੱਡੀ ਗਿਣਤੀ ਵਿਚ ਲੋਕ ਮਰ ਰਹੇ ਹਨ। ਇਹ ਵਰਤਾਰਾ ਰੱਬੀ ਵਰਤਾਰਾ ਹੈ ਜਾਂ ਮੁੱਠੀ ਭਰ ਲੋਕਾਂ ਦੀਆਂ ਜੇਬਾਂ ਭਰਨ ਵਾਲਾ ਇਹ ਅਖੌਤੀ ਵਿਕਾਸ ਹੈ ਜੋ ਲੋਕਾਂ ਦੇ ਕਤਲ ਦਾ ਜ਼ਰੀਆ ਬਣ ਰਿਹਾ ਹੈ? ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਅਸੀਂ ਇਸ ਦਾ ਫ਼ੈਸਲਾ ਕਰੀਏ।
     ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਜਾਗਣਾ, ਉੱਠਣਾ ਤੇ ਬੋਲਣਾ ਪਵੇਗਾ ਕਿ ਇਹ ਤੁਹਾਡਾ ਅਖੌਤੀ ਵਿਕਾਸ ਹਜ਼ਾਰਾਂ ਲੋਕਾਂ ਦੇ ਵਿਨਾਸ਼ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਵਿਕਾਸ ਸਾਨੂੰ ਹਰਗਿਜ਼ ਮਨਜ਼ੂਰ ਨਹੀਂ।
        ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ 'ਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਮਾਨਵਤਾ ਦਾ ਪੈਗ਼ਾਮ ਦਿੱਤਾ ਹੈ। ਪਰ ਅਸੀਂ ਆਪਣੀ ਧਰਤੀ ਦਾ ਵਿਨਾਸ਼ ਹੁੰਦਾ ਆਪਣੇ ਅੱਖੀਂ ਵੇਖ ਰਹੇ ਹਾਂ। ਜਿਵੇਂ ਸਮੁੰਦਰ, ਪਾਣੀ, ਬੱਦਲਾਂ, ਪਹਾੜਾਂ ਵਿਚ ਜੰਮਦੀ ਬਰਫ, ਬਰਸਦੇ ਬੱਦਲ ਅਤੇ ਨਦੀਆਂ ਦਾ ਇਕ ਜਲ ਚੱਕਰ ਹੈ। ਕੁਦਰਤ ਨੂੰ ਜਾਣਨ ਸਮਝਣ ਵਾਲੇ ਜਾਣਦੇ ਹਨ ਧਰਤੀ ਉੱਪਰਲੇ ਜੀਵਨ ਦਾ ਵੀ ਇਸੇ ਤਰ੍ਹਾਂ ਜੀਵਨ ਚੱਕਰ ਹੈ। ਜੀਵਨ ਦੀਆਂ ਕੜੀਆਂ ਇਕ ਦੂਜੀ ਨਾਲ ਜੁੜੀਆਂ ਹੁੰਦੀਆਂ ਹਨ। ਜਦੋਂ ਇਸ ਧਰਤੀ 'ਤੇ ਕੋਈ ਜੀਵ ਜਾਤੀ ਦਾ ਖ਼ਾਤਮਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿਚ ਸਾਡਾ ਜੀਵਨ ਵੀ ਮਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੁੰਦਾ ਕਿ ਧਰਤੀ ਦੀਆਂ ਜਿਊਣ ਹਾਲਤਾਂ ਦੇ ਕੁਝ ਹਿੱਸੇ ਦਾ ਖ਼ਾਤਮਾ ਹੋ ਗਿਆ ਹੈ। ਜੀਵਨ ਲਈ ਵਿਨਾਸ਼ਕਾਰੀ ਅਖੌਤੀ ਵਿਕਾਸ ਨੇ ਜਿੱਥੇ ਫ਼ਸਲਾਂ ਦੀ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਇਸ ਧਰਤੀ 'ਤੇ ਵੱਡੀ ਗਿਣਤੀ ਵਿਚ ਰਹਿਣ ਵਾਲੇ ਜੋ ਜਲ ਥਲੀ ਜੀਵ ਸਨ, ਉਨ੍ਹਾਂ ਦੀਆਂ ਨਸਲਾਂ ਦਾ ਵੀ ਅਸੀਂ ਖ਼ਾਤਮਾ ਕਰ ਦਿੱਤਾ ਹੈ। ਪਿਛਲੇ ਕੁਝ ਦਹਾਕਿਆਂ ਵਿਚ ਕਈ ਤਰ੍ਹਾਂ ਦੀਆਂ ਚਿੜੀਆਂ, ਮੋਰ, ਪਪੀਹਾ, ਕਠਫੋੜਾ, ਚੁਗਲ, ਗਰੁੜ, ਹਰਿਅਲ, ਚਮਗਿੱਦੜ, ਤਿੱਤਰ, ਬਟੇਰ, ਗਿਰਝਾਂ, ਚਿੱਟੀ ਇੱਲ, ਬਾਜਾਂ ਦੀਆਂ ਕਈ ਨਸਲਾਂ, ਬਿਜੜਾ, ਲਾਲ ਰੰਗ ਦਾ ਕਾਂ, ਉੱਲੂ, ਤਿਲੀਅਰ, ਕਾਲੀ ਲੰਮੀ ਪੂਛ ਵਾਲੀ ਚਿੜੀ ਆਦਿ ਕਈ ਪੰਛੀ ਹਨ, ਜਿਨ੍ਹਾਂ ਦੀਆਂ ਨਸਲਾਂ ਪੰਜਾਬ ਦੀ ਧਰਤੀ ਤੋਂ ਲਗਾਤਾਰ ਅਲੋਪ ਹੋ ਰਹੀਆਂ ਹਨ। ਕਲਕਲ ਵਗਦੇ ਜਿਹੜੇ ਦਰਿਆਵਾਂ ਵਿਚ ਕਦੇ ਕੱਛੂਕੁੰਮੇ, ਰੰਗ ਬਰੰਗੀਆਂ ਮੱਛੀਆਂ, ਮੁਰਗਾਬੀਆਂ, ਜਲਕੁਕੜੀਆਂ, ਬਖਤਾਂ, ਕਲਹੰਸ ਤੈਰਦੇ ਅਠਖੇਲੀਆਂ ਕਰਦੇ ਸਨ, ਹੁਣ ਇਹ ਦਰਿਆ ਵੀਰਾਨ ਹੋ ਗਏ ਹਨ। ਪਿਛਲੇ ਦਿਨ ਹਰੀਕੇ ਨੇੜੇ ਸਤਿਲੁਜ ਦਰਿਆ ਦੇ ਕੰਢੇ 'ਤੇ ਜਾਣ ਦਾ ਮੌਕਾ ਮਿਲਿਆ। ਇੱਥੇ ਜਾ ਕੇ ਵੇਖਿਆ ਕਿ ਜਿਹੜੇ ਦਰਿਆਵਾਂ 'ਤੇ ਸਾਨੂੰ ਪੰਜਾਬੀਆਂ ਨੂੰ ਮਾਣ ਸੀ, ਉਨ੍ਹਾਂ ਦਰਿਆਵਾਂ ਦੇ ਨੇੜੇ ਅਸੀਂ ਹੁਣ ਖੜ੍ਹ ਨਹੀਂ ਸਕਦੇ। ਉਨ੍ਹਾਂ ਦਾ ਗੰਦਾ ਸੰਘਣਾ ਕਾਲਾ ਪਾਣੀ ਦੂਰ ਤੱਕ ਮੁਸ਼ਕ ਮਾਰ ਰਿਹਾ ਹੈ। ਆਪਣੀ ਅਕਲ ਨੂੰ ਜਿੰਦਰੇ ਮਾਰ ਕੇ ਦਰਿਆਵਾਂ ਦੇ ਆਸ-ਪਾਸ ਬਸੇਰਾ ਰੱਖਣ ਵਾਲੇ ਅਨੇਕਾਂ ਜੀਵ ਜਾਤੀਆਂ ਦੇ ਕਤਲ ਕਰਕੇ ਅਸੀਂ ਅਖੌਤੀ ਵਿਕਾਸ ਦੀ ਸਿਰਜਣਾ ਕੀਤੀ ਹੈ। ਸਾਡੀ ਹਾਲਤ ਬੜੀ ਅਜੀਬੋ-ਗਰੀਬ ਬਣ ਗਈ ਹੈ :
ਵੇਲਾ ਸੀ ਕਦੇ ਅਸੀਂ ਮਾਲਕ ਹੁੰਦੇ ਸਾਂ ਦਰਿਆਵਾਂ ਦੇ,
ਅੱਜਕਲ੍ਹ ਸ਼ਹਿਰੋਂ ਭਾਅ ਪੁੱਛਦੇ ਹਾਂ ਬੋਤਲ ਵਾਲੇ ਪਾਣੀ ਦਾ।
ਅੱਜ ਦੁਨੀਆ ਭਰ ਵਿਚ ਲੱਖਾਂ ਲੋਕ ਸਰੀਰਕ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਹੋ ਗਏ ਹਨ। ਪੂਰੀ ਦੁਨੀਆ ਵਿਚ ਹੀ ਵਾਤਾਵਰਨ ਦਾ ਮੁੱਦਾ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਮਨੁੱਖ ਨੇ ਰੁੱਖਾਂ ਜੰਗਲਾਂ ਦਾ ਜਿਵੇਂ ਪਿਛਲੇ ਕੁਝ ਸਾਲਾਂ ਵਿਚ ਬੇਲਿਹਾਜ਼ ਕਤਲੇਆਮ ਕੀਤਾ, ਉਸ ਤੋਂ ਲਗਦਾ ਹੈ ਕਿ ਅਸੀਂ ਜਿਵੇਂ ਆਪਣੀ ਅਕਲ ਦੇ ਬੂਹੇ ਬੰਦ ਕਰ ਲਏ ਹਨ। ਧਰਤੀ 'ਤੇ ਘਟ ਰਹੇ ਜੰਗਲਾਂ ਕਰਕੇ ਸਾਨੂੰ ਵੱਧ ਊਰਜਾ ਦੀ ਲੋੜ ਪੈ ਰਹੀ ਹੈ। ਧਰਤੀ ਦੇ ਗਰਮ ਖਿੱਤੇ ਵਧੇਰੇ ਗਰਮ ਹੋਣ ਕਰਕੇ ਵੱਧ ਗਿਣਤੀ ਵਿਚ ਏ.ਸੀ., ਫਰਿੱਜਾਂ, ਕੋਲਡ ਡਰਿੰਕਾਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਸ ਜੀਵਨ ਸ਼ੈਲੀ ਵਿਚ ਅਗਾਂਹ ਸਾਨੂੰ ਵੱਧ ਬਿਜਲੀ ਦੀ ਲੋੜ ਅਤੇ ਵੱਧ ਬਿਜਲੀ ਨੂੰ ਪੈਦਾ ਕਰਨ ਲਈ ਵੱਧ ਕੋਲੇ ਦੀ ਲੋੜ ਹੈ। ਇਹਦਾ ਸਿੱਟਾ ਫਿਰ ਧਰਤੀ ਦੇ ਉਜਾੜੇ ਵਿਚ ਨਿਕਲਦਾ ਹੈ। ਇਸ ਲਈ ਫਿਰ ਵੱਧ ਜੰਗਲਾਂ ਦਾ ਕਟਾਅ, ਵੱਧ ਊਰਜਾ ਦੇ ਸਾਧਨਾਂ ਦੀ ਵਰਤੋਂ ਤੇ ਫਿਰ ਹੋਰ ਵੱਧ ਠੰਢੇ ਬਸੇਰਿਆਂ ਦੀ ਲੋੜ। ਵੱਧ ਅਕਲ ਦਾ ਮਾਣ ਕਰਨ ਵਾਲਾ ਅੱਜ ਦਾ ਮਨੁੱਖ ਜਿਸ ਟਾਹਣ 'ਤੇ ਬੈਠਾ ਹੈ, ਉਸੇ ਨੂੰ ਵੱਡਣ ਲੱਗਾ ਹੋਇਆ ਹੈ। ਜੀਵਨ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲਾ ਇਹ ਗ਼ੈਰ-ਕੁਦਰਤੀ ਅਤੇ ਗ਼ੈਰ-ਵਿਗਿਆਨਕ ਵਿਕਾਸ ਮਾਡਲ ਹੁਣ ਮਨੁੱਖ ਦੇ ਸੰਕਟਾਂ ਦਾ ਵੱਡਾ ਕਾਰਨ ਬਣ ਗਿਆ ਹੈ। ਉਰਦੂ ਦਾ ਇਕ ਸ਼ਾਇਰ ਲਿਖਦਾ ਹੈ
ਵਿਕਾਸ ਕੇ ਦੌਰ ਕੇ ਆਲਮ ਹੀ ਨਿਰਾਲੇ ਹੈ,
ਜ਼ਿਹਨੋਂ ਮੇਂ ਅੰਧੇਰਾ ਹੈ ਸੜਕੋਂ ਪੇ ਉਜਾਲੇ ਹੈ।
      ਸਾਨੂੰ ਮਨਾਂ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਇਧਰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਓ, ਵਾਤਾਵਰਨ ਦੇ ਸੰਕਟ ਨੂੰ ਜਾਣੀਏ, ਸਮਝੀਏ ਅਤੇ ਇਸ ਖਿਲਾਫ਼ ਆਵਾਜ਼ ਬੁਲੰਦ ਕਰੀਏ।
- ਜ਼ੀਰਾ, ਸੰਪਰਕ : 98550-51099