ਨਫ਼ਰਤ, ਹਿੰਸਾ ਤੇ ਸਿਆਸਤ - ਸਵਰਾਜਬੀਰ

ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਧੋਤੀ ਊਜਲ ਤਿਲਕੁ ਗਲਿ ਮਾਲਾ।। ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ।।’’ ਭਾਵ : ਜੇਕਰ ਕੋਈ ਜਣਾ ਤੇੜ ਸਾਫ਼ ਸੁਥਰੀ ਧੋਤੀ ਪਾ ਲਵੇ, ਮੱਥੇ ’ਤੇ ਟਿੱਕਾ ਲਾ ਲਵੇ, ਗ਼ਲ ਵਿਚ ਮਾਲਾ ਪਹਿਨ ਲਵੇ ਪਰ ਜੇਕਰ ਉਸ ਦੇ ਮਨ ਵਿਚ ਕ੍ਰੋਧ ਹੈ ਤਾਂ ਉਹ (ਧਾਰਮਿਕ ਲਿਖਤਾਂ ਨੂੰ ਵੀ) ਤਮਾਸ਼ੇ-ਘਰ ਵਿਚ ਖੇਲ ਵਾਂਗੂ ਹੀ ਪੜ੍ਹਦਾ ਹੈ।
ਜਦ ਕ੍ਰੋਧ, ਕੁੜੱਤਣ, ਹਉਮੈ ਤੇ ਅਜਿਹੇ ਹੋਰ ਜਜ਼ਬੇ ਮਨ ਵਿਚ ਜ਼ਹਿਰੀਲੇ ਭਾਵ ਪੈਦਾ ਕਰਦੇ ਹੋਏ ਇਕ ਹੱਦ ਤੋਂ ਵਧ ਜਾਂਦੇ ਹਨ ਤਾਂ ਨਫ਼ਰਤ ਦਾ ਜਨਮ ਹੁੰਦਾ ਹੈ। ਜਦ ਨਫ਼ਰਤ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਸ਼ਾਬਦਿਕ ਅਤੇ ਹਕੀਕੀ ਹਿੰਸਾ ਜਨਮਦੀ ਹੈ। ਨਫ਼ਰਤ ਤੇ ਹਿੰਸਾ ਦੇ ਰਸਤੇ ’ਤੇ ਤੁਰ ਰਹੇ ਮਨੁੱਖ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਰਸਤਾ ਉਸ ਨੂੰ ਕਿਸ ਪਾਸੇ ਲੈ ਜਾਵੇਗਾ। ਨਫ਼ਰਤ ਤੇ ਹਿੰਸਾ ਕਾਰਨ ਵਕਤੀ ਸੱਤਾ ਅਤੇ ਝੂਠਾ ਮਾਣ-ਸਨਮਾਨ ਮਿਲਦਾ ਹੈ। ਮਨੁੱਖ ਨਫ਼ਰਤ ਤੇ ਹਿੰਸਾ ਦੁਆਰਾ ਕੀਲਿਆ ਜਾਂਦਾ ਹੈ, ਉਸ ਨੂੰ ਲੱਗਦਾ ਹੈ ਕਿ ਇਹੀ ਉਸ ਦੇ ਜੀਵਨ ਦੇ ਟੀਚੇ ਹਨ।
       ਪ੍ਰੇਮ, ਸਾਂਝੀਵਾਲਤਾ, ਸ੍ਵੈਮਾਣ, ਨਫ਼ਰਤ, ਹਿੰਸਾ ਅਤੇ ਹੋਰ ਜਜ਼ਬੇ ਤੇ ਭਾਵਨਾਵਾਂ ਕਿਸੇ ਖਲਾਅ ਵਿਚ ਨਹੀਂ ਜਨਮਦੀਆਂ। ਇਹ ਸਮਾਜ, ਘਰ-ਪਰਿਵਾਰਾਂ, ਸਕੂਲਾਂ-ਕਾਲਜਾਂ ਅਤੇ ਧਾਰਮਿਕ ਅਸਥਾਨਾਂ ਵਿਚ ਜਨਮਦੀਆਂ ਅਤੇ ਪਣਪਦੀਆਂ ਹਨ। ਇਹੀ ਅਦਾਰੇ ਮਨੁੱਖੀ ਮਨਾਂ ਵਿਚ ਨਫ਼ਰਤ ਦੇ ਬੀਜ ਬੀਜਦੇ ਹਨ। ਇਕ ਧਰਮ ਦੇ ਲੋਕਾਂ ਨੂੰ ਦੂਜੇ ਧਰਮਾਂ ਦੇ ਲੋਕਾਂ ਨਾਲ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ, ਦੂਸਰੇ ਫ਼ਿਰਕਿਆਂ ਦੇ ਵਿਅਕਤੀਆਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣਾ ਆਪਣੇ ਧਰਮ ਦੀ ਸੇਵਾ ਦੱਸਿਆ ਜਾਂਦਾ ਹੈ, ਇਹ ਵਾਅਦੇ ਕੀਤੇ ਜਾਂਦੇ ਹਨ ਕਿ ਜੇ ਦੂਸਰੇ ਧਰਮਾਂ ਦੇ ਲੋਕਾਂ ਵਿਰੁੱਧ ਹਿੰਸਾ ਕਰਦਿਆਂ ਕੋਈ ਬੰਦਾ ਮਾਰਿਆ ਜਾਵੇ ਤਾਂ ਉਸ ਨੂੰ ਸਮਾਜਿਕ ਤੇ ਧਾਰਮਿਕ ਜੱਸ ਅਤੇ ਕੀਰਤੀ ਮਿਲੇਗੀ, ਉਸ ਨੂੰ ਸ਼ਹੀਦ ਤੇ ਆਤਮ-ਬਲੀਦਾਨੀ ਕਿਹਾ ਜਾਵੇਗਾ, ਉਹ ਸਵਰਗ/ਬਹਿਸ਼ਤ ਦਾ ਭਾਗੀ ਤੇ ਅਮਰ ਹੋ ਜਾਵੇਗਾ, ਉਸ ਦੇ ਪਰਿਵਾਰ ਨੂੰ ਮਾਣ-ਸਨਮਾਨ ਤੇ ਸ਼ੋਭਾ ਮਿਲੇਗੀ।
      ਧਾਰਮਿਕ ਆਧਾਰ ’ਤੇ ਨਫ਼ਰਤ ਕਰਨ/ਕਰਵਾਉਣ ਅਤੇ ਸੱਤਾ ਵਿਚਕਾਰਲਾ ਰਿਸ਼ਤਾ ਬਹੁਤ ਪੁਰਾਣਾ ਹੈ। ਧਾਰਮਿਕ ਆਗੂ ਸੱਤਾ ਤੋਂ ਫ਼ਾਇਦੇ ਲੈਣ ਤੇ ਉਨ੍ਹਾਂ ਤੋਂ ਸਨਮਾਨਿਤ ਹੋਣ ਦੇ ਢੰਗ-ਤਰੀਕੇ ਲੱਭਦੇ ਰਹੇ ਹਨ, ਉਹ ਹਮੇਸ਼ਾ ਹਾਕਮਾਂ ਨੂੰ ਇਹ ਦੱਸਦੇ ਰਹੇ ਕਿ ਉਹ (ਭਾਵ ਹਾਕਮ) ਧਾਰਮਿਕ ਰਾਹ-ਰਸਤਿਆਂ ਤੋਂ ਭਟਕ ਰਹੇ ਹਨ ਅਤੇ ਉਹ (ਧਾਰਮਿਕ ਆਗੂ) ਹੀ ਉਨ੍ਹਾਂ ਨੂੰ ਸਹੀ ਤੇ ਸੱਚੀ ਰਾਹ ਦੱਸ ਸਕਦੇ ਹਨ। ਹਾਕਮਾਂ ਨੂੰ ਵੀ ਧਾਰਮਿਕ ਆਗੂ ਬਹੁਤ ਰਾਸ ਆਉਂਦੇ ਹਨ। ਇਸ ਤਰ੍ਹਾਂ ਦੋਵੇਂ ਧਿਰਾਂ ਇਕ ਦੂਸਰੇ ਦੀਆਂ ਪੂਰਕ ਹਨ। ਸੱਤਾ ਤੇ ਧਰਮ ਵਿਚਲੀ ਸਹਿਹੋਂਦ ਦੀ ਇਹ ਖੇਡ ਕਾਫ਼ੀ ਪੁਰਾਣੀ ਹੈ।
       ਇਹ ਖੇਡ ਹੁਣ ਵੀ ਚੱਲ ਰਹੀ ਹੈ, ਸਾਡੇ ਦੇਸ਼ ਦੇ ਨਾਲ ਨਾਲ ਅਫ਼ਗਾਨਿਸਤਾਨ, ਪਾਕਿਸਤਾਨ, ਸ੍ਰੀਲੰਕਾ, ਮਿਆਂਮਾਰ ਤੇ ਬੰਗਲਾਦੇਸ਼ ਵਿਚ। ਇਰਾਨ, ਇਰਾਕ, ਸਾਊਦੀ ਅਰਬ, ਸੀਰੀਆ, ਮਿਸਰ, ਯਮਨ, ਯੂਏਈ, ਇਜ਼ਰਾਈਲ ਤੇ ਹੋਰ ਦੇਸ਼ਾਂ ਵਿਚ। ਅਮਰੀਕਾ, ਕੈਨੇਡਾ, ਚੀਨ, ਕੋਈ ਵੀ ਦੇਸ਼ ਇਸ ਤੋਂ ਬਚਿਆ ਨਹੀਂ। ਫ਼ਰਕ ਸਿਰਫ਼ ਏਨਾ ਹੈ ਕਿ ਧਾਰਮਿਕ ਕੱਟੜਪੰਥੀਆਂ ਨੂੰ ਕਿੱਥੇ ਕਿੰਨੀ ਆਜ਼ਾਦੀ ਦਿੱਤੀ ਜਾਂਦੀ ਹੈ। ਪਾਕਿਸਤਾਨ ਵਰਗੇ ਧਰਮ-ਆਧਾਰਿਤ ਦੇਸ਼ਾਂ ਵਿਚ ਧਾਰਮਿਕ ਕੱਟੜਪੰਥੀਆਂ ਦਾ ਬੋਲਬਾਲਾ ਹੈ ਅਤੇ ਉਹ ਘੱਟਗਿਣਤੀ ਫ਼ਿਰਕਿਆਂ ਜਿਨ੍ਹਾਂ ਵਿਚ ਹਿੰਦੂ, ਸਿੱਖ, ਇਸਾਈ, ਅਹਿਮਦੀਆ ਅਤੇ ਸ਼ੀਆ ਮੁਸਲਮਾਨ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਉਂਦੇ ਹਨ। ਧਰਮ-ਆਧਾਰਿਤ ਦੇਸ਼ਾਂ ਵਿਚ ਕੱਟੜਪੰਥੀ ਆਪਣੀਆਂ ਕਾਰਵਾਈਆਂ ਨੂੰ ਇਸ ਆਧਾਰ ’ਤੇ ਨਿਆਂ-ਸੰਗਤ ਦੱਸਦੇ ਹਨ ਕਿ ਉਨ੍ਹਾਂ ਦੇਸ਼ਾਂ ਦੇ ਸੰਵਿਧਾਨ ਧਰਮ ’ਤੇ ਆਧਾਰਿਤ ਹਨ ਅਤੇ ਦੂਸਰੇ ਧਰਮਾਂ ਦੇ ਲੋਕ ਦੂਸਰੇ ਦਰਜੇ ਦੇ ਸ਼ਹਿਰੀ ਹਨ।
        ਭਾਰਤ ਵਿਚ ਵੀ ਇਸ ਖੇਡ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬਹੁਗਿਣਤੀ ਫ਼ਿਰਕੇ ਵਿਚ ਉੱਭਰੇ ਧਾਰਮਿਕ ਕੱਟੜਪੰਥੀਆਂ ਨੂੰ 1980ਵਿਆਂ ਵਿਚ ਇਹ ਗਿਆਨ ਹੋ ਗਿਆ ਸੀ ਕਿ ਉਹ ਇਸੇ ਰਾਹ ’ਤੇ ਚੱਲ ਕੇ ਸੱਤਾ ਤਕ ਪਹੁੰਚ ਸਕਦੇ ਹਨ। 1992 ਵਿਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਨੇ ਇਸ ਲਹਿਰ ਨੂੰ ਹੁਲਾਰਾ ਦਿੱਤਾ ਅਤੇ 2002 ਦੇ ਗੁਜਰਾਤ ਦੰਗਿਆਂ ਨੇ ਇਹ ਵਿਸ਼ਵਾਸ ਪਰਪੱਕ ਕੀਤਾ ਕਿ ਸੱਤਾ ਦੀ ਰਾਹ ਧਾਰਮਿਕ ਕੱਟੜਤਾ ਤੇ ਧਰੁਵੀਕਰਨ ਦੇ ਪੜਾਵਾਂ ਵਿਚਦੀ ਹੋ ਕੇ ਗੁਜ਼ਰਦੀ ਹੈ। ਹੁਣ ਧਾਰਮਿਕ ਆਧਾਰ ’ਤੇ ਨਫ਼ਰਤ ਫੈਲਾਉਣ ਨੂੰ ਇਕ ਮਜ਼ਬੂਤ ਸਿਆਸੀ ਹਥਿਆਰ ਤੇ ਸੁਨਿਸ਼ਚਿਤ ਯੋਜਨਾ/ਵਿਉਂਤਬੰਦੀ ਬਣਾਇਆ ਜਾ ਚੁੱਕਾ ਹੈ।
       2014 ਵਿਚ ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੰਵਿਧਾਨ ਅਨੁਸਾਰ ਉਸਾਰੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਖੋਖਲੇ ਕਰ ਕੇ ਉਨ੍ਹਾਂ ਵਿਚ ਆਪਣੇ ਪੈਰੋਕਾਰ ਬਿਠਾਏ ਗਏ। ਹਜੂਮੀ ਹਿੰਸਾ, ਲਵ ਜਹਾਦ, ਭੋਜਨ ਤੇ ਲਿਬਾਸ ’ਤੇ ਆਧਾਰਿਤ ਵਿਤਕਰੇ, ਵਿਚਾਰਾਂ ਦੇ ਪ੍ਰਗਟਾਵੇ ’ਤੇ ਪਾਬੰਦੀਆਂ, ਬੁਲਡੋਜ਼ਰ ਕਾਰਵਾਈਆਂ, ਧਰਮ-ਸੰਸਦਾਂ ਵਿਚ ਨਫ਼ਰਤੀ ਪ੍ਰਚਾਰ ਅਤੇ ਹੋਰ ਤਰੀਕਿਆਂ ਨਾਲ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਨਫ਼ਰਤ ਪੈਦਾ ਕੀਤੀ ਗਈ, ਕੱਟੜਪੰਥੀ ਸੋਚ ਦੇ ਸਿਧਾਂਤਕਾਰ ਵੀ.ਡੀ. ਸਾਵਰਕਰ ਅਤੇ ਨੱਥੂ ਰਾਮ ਗੋਡਸੇ ਨੂੰ ਨਾਇਕ ਵਜੋਂ ਪੇਸ਼ ਕੀਤਾ ਗਿਆ, ਹਜੂਮੀ ਹਿੰਸਾ ਕਰਨ ਵਾਲਿਆਂ ਨੂੰ ਜਨਤਕ ਤੌਰ ’ਤੇ ਸਨਮਾਨਿਤ ਕੀਤਾ ਗਿਆ, ਸੱਤਾਧਾਰੀ ਪਾਰਟੀ ਦੇ ਆਪਣੇ ਆਗੂਆਂ ਨੇ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ’ ਜਿਹੇ ਨਾਅਰੇ ਲਗਾ ਕੇ ਨਫ਼ਰਤ ਦੇ ਕਾਫ਼ਲੇ ਦੀ ਅਗਵਾਈ ਕੀਤੀ, ਦੇਸ਼ ਦੇ ਪ੍ਰਮੁੱਖ ਆਗੂ ਨੇ ਖ਼ੁਦ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਦੀ ਪਛਾਣ ਉਨ੍ਹਾਂ ਦੇ ਲਿਬਾਸ ਤੋਂ ਕੀਤੀ ਜਾ ਸਕਦੀ ਹੈ। ਹਿੰਦੂ ਰਾਸ਼ਟਰ ਦੇ ਸੰਕਲਪ ਨੂੰ ਦੁਹਰਾਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਗਿਆ।
       ਸੱਤਾ ਅਤੇ ਮਸ਼ਹੂਰੀ ਦੇ ਚਾਹਵਾਨ ਇਸ ਨਫ਼ਰਤੀ ਪ੍ਰਚਾਰ ਵਿਚ ਹਿੱਸਾ ਪਾ ਕੇ ਸੱਤਾ ਹਾਸਿਲ ਕਰਨੀ ਚਾਹੁੰਦੇ ਹਨ। ਅਜਿਹਾ ਪ੍ਰਚਾਰ ਕਰਦਿਆਂ ਉਹ ਮਨੁੱਖਤਾ, ਸਾਂਝੀਵਾਲਤਾ, ਸਦਾਚਾਰ, ਸ਼ਰਾਫਤ ਅਤੇ ਸਾਊਪੁਣੇ ਦੇ ਸਭ ਅਸੂਲਾਂ ਨੂੰ ਤਿਲਾਂਜਲੀ ਦੇ ਦਿੰਦੇ ਹਨ। ਟੈਲੀਵਿਜ਼ਨਾਂ ’ਤੇ ਹੁੰਦੀਆਂ ਬਹਿਸਾਂ ਵਿਚ ਇਹ ਮੁਕਾਬਲਾ ਹੁੰਦਾ ਹੈ ਕਿ ਕੌਣ ਕਿੰਨੀ ਕੁੜੱਤਣ ਤੇ ਨਫ਼ਰਤ ਫੈਲਾ ਸਕਦਾ ਹੈ, ਕੌਣ ਕਿੰਨੀ ਜ਼ਹਿਰੀਲੀ ਭਾਸ਼ਾ ਬੋਲ ਸਕਦਾ ਹੈ, ਜ਼ਿਆਦਾ ਨਫ਼ਰਤੀ ਭਾਸ਼ਾ ਬੋਲਣ ਵਾਲੇ ਆਪਣੇ ਆਪ ਨੂੰ ਸਮਾਜ ਦੇ ਨਾਇਕ-ਨਾਇਕਾਵਾਂ ਸਮਝਦੇ ਹਨ। ਸਵਾਮੀ ਯਤੀ ਨਰਸਿੰਹਾਨੰਦ ਤੋਂ ਲੈ ਕੇ ਨੂਪੁਰ ਸ਼ਰਮਾ ਤਕ ਇਸ ਪਰਿਵਾਰ ਦੇ ਲੋਕਾਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਸੁਰ ਵੀ ਤਿੱਖੀ, ਉੱਚੀ ਤੇ ਕੁੜੱਤਣ ਭਰੀ ਹੋ ਰਹੀ ਹੈ।
       ਇਸੇ ਮੁਕਾਬਲੇ ਵਿਚ ਅੱਗੇ ਨਿਕਲਣ ਦੀ ਤੀਬਰ ਦੌੜ ਵਿਚ ਹਿੱਸਾ ਲੈਂਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਸਪੋਕਸਪਰਸਨ ਨੂਪੁਰ ਸ਼ਰਮਾ ਨੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਵਿਰੁੱਧ ਟੈਲੀਵਿਜ਼ਨ ’ਤੇ ਅਪਮਾਨਜਨਕ ਸ਼ਬਦ ਬੋਲੇ। ਨਵੀਨ ਜਿੰਦਲ ਨੇ ਟਵੀਟ ਕਰ ਕੇ ਉਸ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਹੋਰ ਵੀ ਕਠੋਰ ਭਾਸ਼ਾ ਵਿਚ ਪ੍ਰਗਟਾਇਆ। ਮੁਸਲਮਾਨ ਭਾਈਚਾਰੇ ਵਿਚ ਤਿੱਖਾ ਵਿਰੋਧ ਅਤੇ ਪ੍ਰਤੀਕਰਮ ਹੋਇਆ। ਕਈ ਸ਼ਹਿਰਾਂ ਵਿਚ ਫ਼ਿਰਕੂ ਹਿੰਸਾ ਹੋਈ। ਹਿੰਸਾ ਤੋਂ ਬਾਅਦ ਉੱਥੇ ਬੁਲਡੋਜ਼ਰ ਬੁਲਾਏ ਗਏ ਅਤੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੇ ਘਰਾਂ ਨੂੰ ਢਾਹਿਆ ਗਿਆ। ਦੇਸ਼ ਵਿਚ ਤਾਂ ਕੱਟੜਪੰਥੀ ਸਿਆਸਤ ਸਫ਼ਲ ਹੋ ਰਹੀ ਸੀ ਪਰ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 16 ਤੋਂ ਜ਼ਿਆਦਾ ਇਸਲਾਮੀ ਦੇਸ਼ਾਂ ਨੇ ਸਫ਼ਾਰਤੀ ਪੱਧਰ ’ਤੇ ਭਾਰਤ ਨਾਲ ਨਾਰਾਜ਼ਗੀ ਪ੍ਰਗਟਾਈ ਅਤੇ ਕਈ ਦੇਸ਼ਾਂ ਵਿਚ ਭਾਰਤੀ ਸਫ਼ੀਰਾਂ ਨੂੰ ਤਲਬ ਵੀ ਕੀਤਾ ਗਿਆ। ਕਈ ਦੇਸ਼ਾਂ ਵਿਚ ਭਾਰਤੀ ਵਸਤਾਂ ਦੇ ਬਾਈਕਾਟ ਕਰਨ ਦੇ ਐਲਾਨ ਹੋਏ। ਲੱਖਾਂ ਭਾਰਤੀ ਖਾੜੀ ਦੇ ਦੇਸ਼ਾਂ ਵਿਚ ਨੌਕਰੀਆਂ ਕਰਦੇ ਹਨ, ਉਨ੍ਹਾਂ ਦੇ ਮਨਾਂ ਵਿਚ ਆਪਣੇ ਭਵਿੱਖ ਨੂੰ ਲੈ ਕੇ ਖ਼ਦਸ਼ੇ ਪੈਦਾ ਹੋਏ। ਭਾਰਤ ਕੱਚੇ ਤੇਲ ਦੀ ਦਰਾਮਦ ਲਈ ਇਨ੍ਹਾਂ ਦੇਸ਼ਾਂ ’ਤੇ ਨਿਰਭਰ ਕਰਦਾ ਹੈ। ਵਪਾਰਕ ਸਬੰਧਾਂ ਬਾਰੇ ਵੀ ਸਵਾਲ ਉੱਠਣ ਲੱਗੇ।
       ਭਾਜਪਾ ਆਗੂਆਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਕੋਈ ਕਾਰਵਾਈ ਤਾਂ ਕਰਨੀ ਪੈਣੀ ਹੈ। ਪਾਰਟੀ ਨੇ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਅਤੇ ਨਵੀਨ ਕੁਮਾਰ ਜਿੰਦਲ ਨੂੰ ਪਾਰਟੀ ’ਚੋਂ ਕੱਢ ਦਿੱਤਾ। ਇਹ ਕਾਰਵਾਈ ਭਾਵੇਂ ਮਜਬੂਰੀ ਵਿਚ ਕੀਤੀ ਗਈ ਹੈ ਪਰ ਪ੍ਰਮੁੱਖ ਸਵਾਲ ਇਹ ਹੈ ਕਿ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਕਿਸ ਨੇ।
       ਸੰਸਥਾਤਮਕ ਰੂਪ ਵਿਚ ਧਾਰਮਿਕ ਆਧਾਰ ’ਤੇ ਨਫ਼ਰਤੀ ਪ੍ਰਚਾਰ ਦਾ ਇਤਿਹਾਸ ਅਜਿਹੀਆਂ ਸੰਸਥਾਵਾਂ ਦੇ ਜਨਮ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਆਪੋ-ਆਪਣੇ ਧਰਮ ਨੂੰ ਸਰਬਉੱਚ ਦੱਸਦਿਆਂ ਆਪਣੇ ਧਰਮ ਦੇ ਲੋਕਾਂ ਦੇ ਮਨਾਂ ਵਿਚ ਦੂਸਰੇ ਧਰਮਾਂ ਦੇ ਲੋਕਾਂ ਨਾਲ ਨਫ਼ਰਤ ਕਰਨ ਦੇ ਬੀਜ ਬੀਜੇ। ਅਜਿਹੀਆਂ ਸੰਸਥਾਵਾਂ ਬਸਤੀਵਾਦੀ ਸਮੇਂ ਵਿਚ ਪੈਦਾ ਹੋਈਆਂ ਅਤੇ ਫ਼ਿਰਕਾਪ੍ਰਸਤੀ ਦੇਸ਼ ਦੀ ਸਿਆਸਤ ਦਾ ਅਨਿੱਖੜਵਾਂ ਅੰਗ ਬਣ ਗਈ। ਬਸਤੀਵਾਦੀ ਹਾਕਮਾਂ ਨੇ ਇਨ੍ਹਾਂ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ, ਸਮਾਜ ਨੂੰ ਧਾਰਮਿਕ ਆਧਾਰ ’ਤੇ ਹੋਰ ਜ਼ਿਆਦਾ ਵੰਡਿਆ, ਬਲਦੀ ’ਤੇ ਤੇਲ ਪਾਇਆ ਜਿਸ ਦਾ ਨਤੀਜਾ ਦੇਸ਼ ਦੀ ਵੰਡ ਅਤੇ ਆਪਾ-ਮਾਰੂ ਹਿੰਸਾ ਦੇ ਰੂਪ ਵਿਚ ਨਿਕਲਿਆ।
        ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਦੇ ਬਣਨ ਨਾਲ ਇਹ ਆਸਾਂ-ਉਮੀਦਾਂ ਜਾਗੀਆਂ ਸਨ ਕਿ ਦੇਸ਼ ਇਕ ਧਰਮ ਨਿਰਪੱਖ ਇਕਾਈ ਬਣੇਗਾ ਜਿਹੜਾ ਸੰਵਿਧਾਨ ਦੁਆਰਾ ਪੇਸ਼ ਕੀਤੀਆਂ ਸਕਾਰਾਤਮਕ ਕਦਰਾਂ-ਕੀਮਤਾਂ ਨੂੰ ਅਪਣਾਏਗਾ। ਇਨ੍ਹਾਂ ਲੀਹਾਂ ’ਤੇ ਚੱਲਣ ਵਾਲੀ ਸਿਆਸਤ ਕੱਟੜਪੰਥੀ ਤਾਕਤਾਂ ਦੇ ਸੱਤਾ ਤਕ ਪਹੁੰਚਣ ਦੇ ਰਾਹ ਵਿਚ ਅੜਿੱਕੇ ਪਾਉਂਦੀ ਸੀ। 1990ਵਿਆਂ ਤੋਂ ਕੱਟੜਪੰਥੀਆਂ ਨੇ ਦੇਸ਼ ਦੀ ਸਿਆਸਤ ਦੀ ਨੁਹਾਰ ਬਦਲੀ ਹੈ। ਨਵੀਂ ਨੁਹਾਰ ਵਾਲੀ ਸਿਆਸਤ ਹੁਣ ਆਪਣੇ ਸਿਖਰ ’ਤੇ ਹੈ। ਨੂਪੁਰ ਸ਼ਰਮਾ, ਨਵੀਨ ਜਿੰਦਲ, ਯਤੀ ਨਰਸਿੰਹਾਨੰਦ, ਠਾਕੁਰ ਪ੍ਰਗਿਆ ਸਿੰਘ, ਕਪਿਲ ਸ਼ਰਮਾ, ਅਨੁਰਾਗ ਠਾਕੁਰ, ਪਰਵੇਸ਼ ਸਾਹਿਬ ਸਿੰਘ ਵਰਮਾ, ਇਹ ਫਹਿਰਿਸਤ ਬਹੁਤ ਲੰਮੀ ਹੈ, ਇਹ ਸਾਰੇ ਧਰਮ-ਆਧਾਰਿਤ ਸਿਆਸਤ ਦੀ ਪੈਦਾਵਾਰ ਹਨ।
      ਧਰਮ-ਆਧਾਰਿਤ ਸਿਆਸਤ ਕ੍ਰੋਧ, ਕੁੜੱਤਣ, ਨਫ਼ਰਤ ਅਤੇ ਹਿੰਸਾ ਪੈਦਾ ਕਰਦੀ ਹੈ। ਇਹ ਸਿਆਸਤ ਲੋਕ-ਵਿਰੋਧੀ ਹੈ। 2021 ਵਿਚ ਨੌਮ ਚੋਮਸਕੀ ਨੇ ਕਿਹਾ ਸੀ, ‘‘ਭਾਰਤ ਇਕ ਸਜੀਵ ਜਮਹੂਰੀਅਤ ਰਿਹਾ ਹੈ... ਇਸ ਨੂੰ ਤਬਾਹ ਹੁੰਦੇ ਦੇਖਣਾ ਮਨੁੱਖੀ ਦੁਖਾਂਤ ਹੈ, ਇਸ (ਤਬਾਹੀ) ਨੂੰ ਰੋਕਣ ਲਈ ਹਰ ਯਤਨ ਕਰਨਾ ਚਾਹੀਦਾ ਹੈ।’’ ਜਮਹੂਰੀਅਤ ਨੂੰ ਇਹ ਖ਼ੋਰਾ ਧਰਮ-ਆਧਾਰਿਤ ਸਿਆਸਤ ਕਾਰਨ ਲੱਗ ਰਿਹਾ ਹੈ। ਅਜਿਹੀ ਸਿਆਸਤ ਵਿਰੁੱਧ ਲੜਨ ਲਈ ਵਿਆਪਕ ਲੋਕ-ਏਕਤਾ ਦੀ ਜ਼ਰੂਰਤ ਹੈ। ਲੋਕ-ਏਕਤਾ ਅਤੇ ਜਨ-ਅੰਦੋਲਨ ਹੀ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰ ਸਕਦੇ ਹਨ।