ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

19 ਜੂਨ 2022

ਸਵਿਸ ਬੈਂਕਾਂ ਵਿਚ ਭਾਰਤੀਆਂ ਦਾ ਪੈਸਾ 14 ਸਾਲ ਦੇ ਉੱਚ ਪੱਧਰ ‘ਤੇ ਪਹੁੰਚਿਆ- ਇਕ ਖ਼ਬਰ

ਇਸੇ ਖ਼ੁਸ਼ੀ ਵਿਚ ਸਰਕਾਰ ਹੁਣ 15-15 ਲੱਖ ਦੀ ਬਜਾਇ 30-30 ਲੱਖ ਦੇਵੇਗੀ।


ਡੇਰਾ ਮੁਖੀ ਰਾਮ ਰਹੀਮ ਇਕ ਮਹੀਨੇ ਦੀ ਪੈਰੋਲ ‘ਤੇ ਰਿਹਾਅ- ਇਕ ਖ਼ਬਰ

ਮਿੱਤਰਾਂ ਦੇ ਤਿੱਤਰਾਂ ਨੂੰ, ਨੀਂ ਮੈਂ ਤਲੀਆਂ ‘ਤੇ ਚੋਗ ਚੁਗਾਵਾਂ।


ਜੰਗਲਾਤ ਮਹਿਕਮੇ ‘ਚ ਵਿਆਪਕ ਪੱਧਰ ‘ਤੇ ਭ੍ਰਿਸ਼ਟਾਚਾਰ ਦੇ ਸੰਕੇਤ- ਇਕ ਖ਼ਬਰ

ਇਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ।

 

ਸਾਡੇ ਦਿਲ ਵਿਚ ਹੈ ਸਿੱਧੂ ਮੂਸੇਵਾਲੇ ਦੀ ਤਸਵੀਰ- ਸਿਮਰਨਜੀਤ ਸਿੰਘ ਮਾਨ

ਦਿਲ ਮੇਂ ਹੈ ਤਸਵੀਰੇ-ਯਾਰ, ਜਬ ਜ਼ਰਾ ਗਰਦਨ ਝੁਕਾਈ ਦੇਖ ਲੀ


ਸੁਖਬੀਰ ਨੇ ਸਿਆਸੀ ਲਾਹੇ ਖ਼ਾਤਰ ਮੇਰੇ ਤੱਕ ਪਹੁੰਚ ਕੀਤੀ- ਸਿਮਰਨਜੀਤ ਸਿੰਘ ਮਾਨ

ਉੱਤੋਂ ਉੱਤੋਂ ਮਿੱਠਾ ਬੋਲਦਾ, ਮੁੰਡਾ ਦਿਲ ‘ਚ ਰੱਖੇ ਬੇਈਮਾਨੀ।


ਪੰਜਾਬ ਦੇ ਤਿੰਨ ਦਰਜਨ ਕਾਂਗਰਸੀ ਆਗੂਆਂ ‘ਤੇ ਵਿਜੀਲੈਂਸ ਦੀ ਤਲਵਾਰ ਲਟਕੀ- ਇਕ ਖ਼ਬਰ

ਵੈਲੀਆਂ ਨੇ ਰਾਜ ਚਲਾਇਆ, ਡੰਡੀਆਂ ਦਾ ਪੀ ਗਏ ਸੁਲਫ਼ਾ।


 ਮਹਾਂਰਾਸ਼ਟਰ ‘ਚ ਪਤਨੀਆਂ ਤੋਂ ਦੁਖੀ ਪਤੀਆਂ ਨੇ ਕੀਤੀ ਪਿੱਪਲ ਦੀ ਪੂਜਾ- ਇਕ ਖ਼ਬਰ

ਦੁਖੀ ਦਿਲਾਂ ਦੀ ਦੇਖ ਲੈ ਫੋਟੋ, ਮੂਰਤਾਂ ਦਾ ਕੀ ਦੇਖਣਾ।


ਬਾਦਲ ਦਾ ਹਾਲ ਚਾਲ ਪੁੱਛਣ ਲਈ ਮਨੋਹਰ ਲਾਲ ਖੱਟਰ ਹਸਪਤਾਲ ਪੁੱਜੇ- ਇਕ ਖ਼ਬਰ

ਆ ਵੇ ਨਾਜਰਾ ਜਾਹ ਵੇ ਨਾਜਰਾ, ਬੋਤਾ ਬੰਨ੍ਹ ਦਰਵਾਜ਼ੇ।


ਪਿੰਡ ਛਾਜਲੀ ਵਿਖੇ ਚੋਣ ਜਲਸੇ ਦੌਰਾਨ ਸੁਖਬੀਰ ਬਾਦਲ ਨੇ ਲਿਆਂਦੀਆਂ ਗੱਪਾਂ ਦੀਆਂ ਹਨ੍ਹੇਰੀਆਂ- ਇਕ ਖ਼ਬਰ

ਅੱਜ ਮੇਰੇ ਅਮਲੀ ਦੇ, ਫੀਮ ਰਗ਼ਾਂ ਵਿਚ ਬੋਲੇ।


ਟੈਂਡਰ ਮਾਮਲਾ: ਸਾਬਕਾ ਮੰਤਰੀ ਆਸ਼ੂ ਵਲੋਂ ਹਾਈ ਕੋਰਟ ਤੱਕ ਪਹੁੰਚ- ਇਕ ਖ਼ਬਰ

ਮੈਨੂੰ ਲਾਈਂ ਨਾ ਕੋਈ ਲਾਰੇ ਜੀ, ਮੈਂ ਆਇਆ ਤੇਰੇ ਦੁਆਰੇ ਜੀ।


ਕਾਨੂੰਨ ਸੁੱਤਾ ਪਿਐ, ਜ਼ੋਰ ਜ਼ਬਰਦਸਤੀ ਦਾ ਸਭਿਆਚਾਰ ਵਧ-ਫੁੱਲ ਰਿਹੇ- ਕਪਿਲ ਸਿੱਬਲ

ਵਾਰਸ ਸ਼ਾਹ ਹਜ਼ਾਰੇ ਦੇ ਚੌਧਰੀ ਨੇ, ਕਾਮਗਤੀ ਦੀ ਚੁੱਕ ਲਈ ਕਾਰ ਯਾਰੋ। 


ਜਥੇਦਾਰ ਹਵਾਰਾ ਵਲੋਂ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਸੱਦਾ- ਇਕ ਖ਼ਬਰ

ਬੋਤਾ ਆਵੇ ਮੇਰੇ ਵੀਰ ਦਾ, ਜਿਵੇਂ ਕਾਲ਼ੀਆਂ ਘਟਾਵਾਂ ਵਿਚ ਬਗਲਾ।


ਟਰਾਂਸਪੋਰਟ ਮਾਫ਼ੀਆ ਦਾ ਮੁਕੰਮਲ ਸਫ਼ਾਇਆ ਕਰਾਂਗੇ- ਟਰਾਂਸਪੋਰਟ ਮੰਤਰੀ ਭੁੱਲਰ

ਤੇਰੀ ਤੋੜ ਕੇ ਛੱਡਾਂਗੇ ਗਾਨੀ, ਸੱਪ ਵਾਂਗ ਮੇਲ੍ਹਦੀਏ।


ਵਿਰੋਧੀ ਧਿਰਾਂ ਦੀ ਆਵਾਜ਼ ਭਾਜਪਾ ਸੰਮਨਾਂ ਰਾਹੀਂ ਦਬਾਅ ਰਹੀ ਹੈ- ਰਣਜੀਤ ਰੰਜਨ

ਬਹਿ ਕੇ ਟੇਸ਼ਣ ‘ਤੇ, ਵੈਣ ਬੁੱਢੇ ਦੇ ਪਾਵਾਂ।


ਅਗਨੀਪੱਥ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਸਰਕਾਰ ਵਲੋਂ ਨੌਜਵਾਨਾਂ ਨੂੰ ਗੱਲਬਾਤ ਦੀ ਪੇਸ਼ਕਸ਼- ਇਕ ਖ਼ਬਰ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।