ਅਗਨੀਵੀਰਾਂ ਦਾ ਗੁੱਸਾ  - ਚੰਦ ਫਤਿਹਪੁਰੀ

ਮੋਦੀ ਸਰਕਾਰ ਵੱਲੋਂ ਅਚਾਨਕ ਐਲਾਨੀ ਗਈ ਅਗਨੀਪੱਥ ਯੋਜਨਾ ਦੇ ਵਿਰੁੱਧ ਸਾਰੇ ਦੇਸ਼ ਦੇ ਨੌਜਵਾਨ ਸੜਕਾਂ ‘ਤੇ ਉੱਤਰ ਆਏ ਹਨ । ਬੇਰੁਜ਼ਗਾਰ ਨੌਜਵਾਨਾਂ ਦਾ ਇਹ ਵਿਰੋਧ ਆਪਮੁਹਾਰਾ ਸੀ, ਇਸ ਲਈ ਪਹਿਲੇ ਤਿੰਨ ਦਿਨ ਸਾੜ-ਫੂਕ ਦੀਆਂ ਘਟਨਾਵਾਂ ਵੀ ਵੱਡੇ ਪੱਧਰ ਉੱਤੇ ਹੋਈਆਂ । ਚੌਥੇ ਦਿਨ ਬਿਹਾਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਵਿਦਿਆਰਥੀ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ, ਜਿਸ ਕਾਰਨ ਇੱਕਾ-ਦੁੱਕਾ ਘਟਨਾਵਾਂ ਤੋਂ ਇਲਾਵਾ ਬਿਹਾਰ ਬੰਦ ਵੀ ਪੁਰਅਮਨ ਰਿਹਾ ।
       ਕੇਂਦਰ ਦੀ ਸਰਕਾਰ ਲੋਕਤੰਤਰੀ ਢੰਗ ਰਾਹੀਂ ਚੁਣੀ ਗਈ ਇੱਕ ਪੁਰਖੀ ਸਰਕਾਰ ਹੈ । ਇਸ ਦੇ ਸਭ ਮੰਤਰੀਆਂ-ਸੰਤਰੀਆਂ ਦਾ ਜ਼ੋਰ ਇਹੋ ਸਿੱਧ ਕਰਨ ‘ਤੇ ਲੱਗਾ ਰਹਿੰਦਾ ਹੈ ਕਿ ਨਰਿੰਦਰ ਮੋਦੀ ਇੱਕ ਪਰਉਪਕਾਰੀ ਸੰਤ ਹਨ । ਸੰਤ ਕਿਸੇ ਨਾਲ ਸਲਾਹ-ਮਸ਼ਵਰਾ ਨਹੀਂ ਕਰਦੇ, ਸਿਰਫ਼ ਬਚਨ ਕਰਦੇ ਹੁੰਦੇ ਹਨ । ਇਸ ਲਈ ਨੋਟਬੰਦੀ ਤੋਂ ਲੈ ਕੇ ਅਗਨੀਪੱਥ ਤੱਕ ਇਸ ਸਰਕਾਰ ਨੇ ਕਦੇ ਵੀ ਪ੍ਰਭਾਵਤ ਹੋਣ ਵਾਲੇ ਵਰਗਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਲੋੜ ਨਹੀਂ ਸਮਝੀ । ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਮੇਂ ਤਾਂ ਮੋਦੀ ਇਹ ਕਹਿ ਕੇ ਖੁਦ ਹੀ ਸੰਤ ਬਣ ਗਏ ਸਨ ਕਿ ‘ਮੇਰੀ ਤਪੱਸਿਆ ਵਿੱਚ ਕੋਈ ਕਮੀ ਰਹਿ ਗਈ ਹੈ ।’
     ਅਜਿਹੇ ਕੱਚਘਰੜ ਫੈਸਲਿਆਂ ਦਾ ਜਦੋਂ ਜਨਤਕ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਰਕਾਰੀ ਪੱਖ ਕੋਲ ਘੜੇ-ਘੜਾਏ ਦੋ ਜੁਮਲੇ ਹਨ । ਇੱਕ ਇਹ ਕਿ ਅੰਦੋਲਨਕਾਰੀ ਵਿਰੋਧੀਆਂ ਦੇ ਭੜਕਾਏ ਹਨ ਤੇ ਦੂਜਾ ਇਹ ਕਿ ਮੋਦੀ ਨੇ ਜੋ ਕੁਝ ਕੀਤਾ ਹੈ, ਸੋਚ-ਸਮਝ ਕੇ ਭਲੇ ਲਈ ਕੀਤਾ ਹੈ, ਪਰ ਇਹ ਇਸ ਨੂੰ ਸਮਝ ਨਹੀਂ ਰਹੇ ।
     ਭਾਰਤੀ ਫੌਜ ਵਿੱਚ ਹਰ ਸਾਲ ਲੱਗਭੱਗ 50 ਹਜ਼ਾਰ ਨਵੇਂ ਸੈਨਿਕਾਂ ਦੀ ਭਰਤੀ ਹੁੰਦੀ ਹੈ । ਪਿਛਲੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ 2016-17 ਵਿੱਚ 54815, 2017-18 ਵਿੱਚ 52839 ਤੇ 2018-19 ਵਿੱਚ 57266 ਨਵੇਂ ਰੰਗਰੂਟ ਭਰਤੀ ਕੀਤੇ ਗਏ ਸਨ । ਉਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਕਾਰਨ ਚਾਲੂ ਸਾਲ ਸਮੇਤ 4 ਸਾਲ ਕੋਈ ਭਰਤੀ ਨਹੀਂ ਹੋਈ । ਇਸ ਦੌਰਾਨ 2 ਲੱਖ ਦੇ ਕਰੀਬ ਨਵੇਂ ਰੰਗਰੂਟ ਭਰਤੀ ਕੀਤੇ ਜਾਣੇ ਸਨ । ਹੁਣ ਮੋਦੀ ਸਰਕਾਰ ਇਸ ਭਰਤੀ ਨੂੰ ਰੋਕ ਕੇ ਨਵੀਂ ਅਗਨੀਪੱਥ ਯੋਜਨਾ ਲੈ ਆਈ ਹੈ ।
     ਸਰਕਾਰੀ ਫੈਸਲੇ ਅਨੁਸਾਰ ਅਗਨੀਪੱਥ ਯੋਜਨਾ ਅਧੀਨ ਭਰਤੀ ਹੋਏ ਨੌਜਵਾਨ ਸੈਨਿਕ ਨਹੀਂ ਅਗਨਵੀਰ ਕਹਾਉਣਗੇ । ਇਹ ਕਿਸੇ ਰਜਮੈਂਟ ਦਾ ਅੰਗ ਨਹੀਂ ਹੋਣਗੇ । ਫੌਜ ਦੇ ਮੌਜੂਦਾ ਰੈਂਕਾਂ ਵਿੱਚੋਂ ਇਨ੍ਹਾਂ ਨੂੰ ਕੋਈ ਵੀ ਰੈਂਕ ਨਹੀਂ ਮਿਲੇਗਾ । ਨਾ ਇਹ ਰਜਮੈਂਟ ਦੇ ਬੈਜ ਦੀ ਵਰਤੋਂ ਕਰ ਸਕਣਗੇ । ਚਾਰ ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਵਿੱਚੋਂ 25 ਫ਼ੀਸਦੀ ‘ਤੱਕ’ ਨੂੰ ਫੌਜ ਵਿੱਚ ਭਰਤੀ ਕੀਤਾ ਜਾ ਸਕੇਗਾ । ਇਸ ‘ਤੱਕ’ ਦਾ ਮਤਲਬ ਤਾਂ ਇਹੋ ਨਿਕਲਦਾ ਕਿ 25 ਫੀਸਦੀ ਵੀ ਜ਼ਰੂਰੀ ਨਹੀਂ । ਬਾਕੀ ਬਚਦੇ ਜਿਹੜੇ ਘਰਾਂ ਨੂੰ ਆ ਜਾਣਗੇ, ਉਨ੍ਹਾਂ ਨੂੰ ਫੌਜ ਰਿਟਾਇਰਮੈਂਟ ਦੀ ਕੋਈ ਸੁਵਿਧਾ ਨਹੀਂ ਮਿਲੇਗੀ । ਉਹ ਸਾਬਕਾ ਫੌਜੀ ਵੀ ਨਹੀਂ ਕਹਾ ਸਕਣਗੇ ।
     ਅਸਲ ਵਿੱਚ ਸਰਕਾਰ ਇਸ ਯੋਜਨਾ ਨੂੰ ਫੌਜ ਵਿੱਚ ਲਾਗੂ ਕਰਕੇ ਹਰ ਵਿਭਾਗ ਵਿੱਚ ਪੱਕੀਆਂ ਨਿਯੁਕਤੀਆਂ ਨੂੰ ਖ਼ਤਮ ਕਰਨ ਦਾ ਰਾਹ ਖੋਲ੍ਹ ਰਹੀ ਹੈ । ਸਪੱਸ਼ਟ ਹੈ ਕਿ ਫੌਜ ਵਿੱਚ ਰੈਗੂਲਰ ਭਰਤੀ ਬੰਦ ਹੋ ਜਾਵੇਗੀ | ਕੁਝ ਮਾਹਰਾਂ ਨੂੰ ਇਹ ਖਦਸ਼ਾ ਹੈ ਕਿ ਸਰਕਾਰ ਸਾਰੇ ਸਰਕਾਰੀ ਤੰਤਰ ਨੂੰ ਹੀ ਠੇਕਾ ਪ੍ਰਣਾਲੀ ਰਾਹੀਂ ਚਲਾਉਣ ਦਾ ਮਨ ਬਣਾ ਚੁੱਕੀ ਹੈ । ਇਸ ਬਾਰੇ ਸਰਕਾਰ ਨੇ ਹਾਲੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ । ਸਰਕਾਰ ਕਹਿ ਰਹੀ ਹੈ ਕਿ ਸੈਨਾ ਵਿੱਚੋਂ ਅਯੋਗ ਕਰਾਰ ਦੇ ਦਿੱਤੇ ਗਏ 75 ਫ਼ੀਸਦੀ ਅਗਨਵੀਰਾਂ ਨੂੰ ਕੇਂਦਰੀ ਪੁਲਸ ਬਲਾਂ ਵਿੱਚ ਅਡਜਸਟ ਕੀਤਾ ਜਾਵੇਗਾ । ਭਲਾ ਜਿਨ੍ਹਾਂ ਨੂੰ ਫੌਜ ਵਿੱਚੋਂ ਅਯੋਗ ਕਹਿ ਕੇ ਕੱਢ ਦਿੱਤਾ ਜਾਵੇਗਾ, ਉਹ ਪੁਲਸ ਬਲਾਂ ਲਈ ਯੋਗ ਕਿਵੇਂ ਹੋ ਜਾਣਗੇ । ਇਨ੍ਹਾਂ ਘਰ ਵਾਪਸ ਮੁੜੇ ਅਗਨਵੀਰਾਂ ਦਾ ਸਮਾਜ ਵਿੱਚ ਵੀ ਕੋਈ ਸਨਮਾਨ ਨਹੀਂ ਰਹੇਗਾ | ਉਹ ਫੌਜ ‘ਚੋਂ ਕੱਢੇ ਹੋਏ ਸਮਝੇ ਜਾਣਗੇ । ਇਹ ਇਨ੍ਹਾਂ ਨੌਜਵਾਨਾਂ ਉੱਤੇ ਮਾਨਸਿਕ ਜ਼ੁਲਮ ਹੋਵੇਗਾ । ਇਹ 75 ਫ਼ੀਸਦੀ ਕੱਢੇ ਗਏ ਫੌਜੀ ਆਧੁਨਿਕ ਹਥਿਆਰਾਂ ਦੀ ਸਿੱਖਿਆ ਲੈ ਕੇ ਆਉਣਗੇ । ਬੇਰੁਜ਼ਗਾਰੀ ਦੀ ਸਥਿਤੀ ਵਿੱਚ ਇਹ ਗਰਮ ਖੂਨ ਗਲਤ ਦਿਸ਼ਾ ਵਿੱਚ ਵੀ ਮੁੜ ਸਕਦਾ ਹੈ, ਜੋ ਸਮੁੱਚੇ ਸਮਾਜ ਲਈ ਖ਼ਤਰਨਾਕ ਹੋਵੇਗਾ ।
      ਅਗਨੀਪੱਥ ਯੋਜਨਾ ਦਾ ਐਲਾਨ ਹੋਣ ‘ਤੇ ਇਸ ਦਾ ਸਭ ਤੋਂ ਪਹਿਲਾਂ ਸਵਾਗਤ ਸਨਅਤਕਾਰਾਂ ਦੇ ਸੰਗਠਨ ਸੀ ਆਈ ਆਈ ਨੇ ਕੀਤਾ ਹੈ । ਇਸ ਸੰਗਠਨ ਨੇ ਅਖਬਾਰਾਂ ਵਿੱਚ ਪੂਰੇ ਸਫ਼ੇ ਦਾ ਇਸ਼ਤਿਹਾਰ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਖੁਸ਼ੀ ਹੋਵੇ ਵੀ ਕਿਉਂ ਨਾ, ਕਿਉਂਕਿ ਅਗਨੀਵੀਰ ਫੌਜ ਲਈ ਨਹੀਂ ਮੋਦੀ ਸਰਕਾਰ ਆਪਣੇ ਕਾਰਪੋਰੇਟ ਮਿਤਰਾਂ ਲਈ ਹੀ ਤਾਂ ਬਣਾ ਰਹੀ ਹੈ । ਅਸਲ ਵਿੱਚ ਸਰਕਾਰੀ ਖਰਚ ‘ਤੇ ਸਿੱਖਿਅਤ ਹੋਏ 75 ਫ਼ੀਸਦੀ ਅਗਨਵੀਰ ਕੱਢ ਦਿੱਤੇ ਜਾਣਗੇ ਤਾਂ ਇਹ ਨਿੱਜੀ ਅਦਾਰਿਆਂ ਲਈ ਬਿਨਾਂ ਨਿਵੇਸ਼ ਸਸਤੇ ਕਾਮੇ ਬਣ ਜਾਣਗੇ ।
ਕਈ ਲੋਕ ਇਸ ਯੋਜਨਾ ਦੀ ਤੁਲਨਾ ਬਰਮੂਡਾ, ਇਜ਼ਰਾਈਲ ਤੇ ਸਿੰਘਾਪੁਰ ਵਰਗੇ ਦੇਸ਼ਾਂ ਵਿੱਚ ਲਾਗੂ ਜ਼ਰੂਰੀ ਫੌਜੀ ਸੇਵਾਵਾਂ ਨਾਲ ਕਰ ਰਹੇ ਹਨ । ਇਨ੍ਹਾਂ ਦੇਸ਼ਾਂ ਦੀ ਜਨ ਸੰਖਿਆ ਬਹੁਤ ਥੋੜ੍ਹੀ ਹੈ ਤੇ ਸਰਹੱਦਾਂ ਦੀ ਸੁਰੱਖਿਆ ਲਈ ਹਰ ਨਾਗਰਿਕ ਨੂੰ ਕੁਝ ਸਮੇਂ ਲਈ ਫੌਜ ਵਿੱਚ ਸੇਵਾ ਦੇਣੀ ਪੈਂਦੀ ਹੈ, ਪਰ ਭਾਰਤ ਵਿੱਚ ਤਾਂ ਬੇਰੁਜ਼ਗਾਰਾਂ ਦੀ ਗਿਣਤੀ ਹੀ ਇਨ੍ਹਾਂ ਸਾਰੇ ਮੁਲਕਾਂ ਦੀ ਵਸੋਂ ਤੋਂ ਵੱਧ ਹੋਵੇਗੀ । ਉਂਜ ਵੀ ਜੇ ਜ਼ਰੂਰੀ ਸੈਨਿਕ ਸਿੱਖਿਆ ਹੀ ਦੇਣੀ ਹੈ ਤਾਂ ਕਿਸਾਨਾਂ ਤੇ ਆਮ ਲੋਕਾਂ ਦੇ ਬੱਚਿਆਂ ਲਈ ਹੀ ਕਿਉਂ ਹਰ ਬੱਚੇ ਲਈ ਜ਼ਰੂਰੀ ਹੋਵੇ । ਉਸ ਤੋਂ ਬਾਅਦ ਹੀ ਉਹ ਆਪਣਾ ਕੈਰੀਅਰ ਚੁਣਨ । ਚੋਣਾਂ ਲੜਨ ਵਾਲੇ ਆਗੂਆਂ ਉੱਤੇ ਵੀ ਇਹ ਲਾਗੂ ਹੋਵੇ ।
      ਚਾਰ ਰਾਜਾਂ ਰਾਜਸਥਾਨ, ਤਾਮਿਲਨਾਡੂ, ਕੇਰਲਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਅਗਨੀਪੱਥ ਯੋਜਨਾ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਇਸ ਨੂੰ ਵਾਪਸ ਲਵੇ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਗਨੀਪੱਥ ਯੋਜਨਾ ਵਾਪਸ ਲੈ ਕੇ ਉਨ੍ਹਾਂ ਨੌਜਵਾਨਾਂ ਦੀ ਲਿਖਤੀ ਪ੍ਰੀਖਿਆ ਲੈ ਕੇ ਉਨ੍ਹਾਂ ਨੂੰ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਦੇਵੇ, ਜਿਹੜੇ ਫਿਜੀਕਲ ਟੈਸਟ ਪਾਸ ਕਰਕੇ ਭਰਤੀ ਦਾ ਇੰਤਜ਼ਾਰ ਕਰ ਰਹੇ ਹਨ ।