ਇੱਕ ਕਹਾਣੀ/ ਪੰਜ ਮਿੰਨੀ ਕਹਾਣੀਆਂ - ਗੁਰਮੀਤ ਸਿੰਘ ਪਲਾਹੀ

(1) ਸਮਝੋਤਾ

ਪਿੰਡ ‘ਚ ਚੋਣਾਂ ਆ ਗਈਆਂ।ਸਰਪੈਂਚੀ ਲਈ ਪਿੰਡ ਦੇ ਦੋ ਚੌਧਰੀ ਆਤਾ ਸਿਹੁੰ ਤੇ ਮਾਘਾ ਸਿਹੁੰ ਮੈਦਾਨ ‘ਚ ਨਿੱਤਰੇ।ਦੋਵੇਂ ਚੰਗੇ ਸਰਦੇ-ਪੁੱਜਦੇ ਘਰਾਂ ਦੇ ਮਾਲਕ ਸਨ।ਦੋਹਾਂ ਦਾ ਪਿੰਡ ‘ਚ ਪਹਿਲਾਂ ਹੀ ਚੰਗਾ ਰੋਹਬ ਦਾਅਬ ਸੀ। ਫੱਤਾ,ਤੇਲੂ,ਬਿਸ਼ਨਾ,ਫੀਲਾ,ਮੱਘਰ ਸਿਹੁੰ ਇਕ ਧੜੇ ਨਾਲ ਅਤੇ ਰਾਹੂ,ਮੇਲੂ,ਹੁਕਮਾ,ਚੰਨਣ ਦੂਜੇ ਧੜੇ ਨਾਲ ਹੋ ਤੁਰੇ।ਪੰਦਰਾਂ ਵੀਹ ਦਿਨ ਪਿੰਡ ‘ਚ ਗਹਿਮਾ-ਗਹਿਮੀ ਰਹੀ।ਕਦੇ ਇਕ ਪਾਰਟੀ ਵਾਲੇ ਅਤੇ ਕਦੇ ਦੂਜੀ ਪਾਰਟੀ ਵਾਲੇ ਵੋਟਾਂ ਲਈ ਘਰੋ-ਘਰੀ ਕਹਿਣ ਤੁਰੇ ਫਿਰਦੇ। ਲੋਕਾਂ ਨੂੰ ਨਵੇਂ-ਨਵੇਂ ਲਾਲਚ ਦੇਕੇ ਵੋਟਾਂ ਪੱਕੀਆਂ ਕਰਦੇ ਰਹੇ।ਚੋਣਾਂ ਦੇ ਇਨਾਂ ਦਿਨਾਂ ‘ਚ ਸ਼ਰਾਬਾਂ ਉੱਡ ਰਹੀਆਂ ਸਨ।ਜਿਨਾਂ ਕਦੇ ਵਰ੍ਹੇ ਛਿਮਾਹੀ ਹੀ ਸੁਆਦ ਚੱਖਿਆ ਸੀ,ਉਹਨੂੰ ਵੀ ਰੋਜ਼ ਅਧੀਆ ਪਊਆ ਥਿਆ ਜਾਂਦਾ ਤੇ ਮੁਫ਼ਤ ਦੀ ਤਾਂ ਕਾਜ਼ੀ ਨੇ ਵੀ ਨਹੀਂ ਸੀ ਛੱਡੀ,ਆਖ ਉਹ ਸੁਆਦ ਲੈ ਪੀ ਜਾਂਦਾ।ਇਨ੍ਹਾਂ ਦਿਨਾਂ 'ਚ ਪਿੰਡ ਦੀਆਂ ਡੇੜ੍ਹੀਆਂ,ਚੋਕਾਂ,ਬੋਹੜਾਂ,ਪਿਪਲਾਂ ਥੱਲੇ ਲੋਕਾਂ ਦਾ ਚੰਗਾ ਝੁਰਮੁਟ ਬੱਝ ਜਾਂਦਾ। ਨਿੱਤ ਨਵੀਆਂ ਅਫਵਾਹਾਂ ਇਕ-ਦੂਜੇ ਵਿਰੁੱਧ ਫੈਲਦੀਆਂ ਰਹਿੰਦੀਆਂ।ਇਕ ਦੂਜੇ ਧੜੇ ਵਿਰੁਧ ਨਿੱਤ ਨਵੇਂ ਦੂਸ਼ਨ ਸੁਨਣ ਨੂੰ ਮਿਲਦੇ।

ਘੁੱਗ ਵਸਦਾ ਚੁੱਪਚਾਪ ਪਿੰਡ, ਦੋ ਹਿੱਸਿਆਂ ’ਚ ਵੰਡਿਆਂ ਗਿਆ।ਕੋਈ ਚੌਧਰੀ ਆਤਾ ਸਿਹੁੰ ਦੀਆਂ ਸ਼ਿਫਤਾਂ ਕਰਦਾ ਤੇ ਦੂਜਾ ਮਾਘਾ ਸਿਹੁੰ ਚੌਧਰੀ ਦੇ ਸੋਹਲੇ ਗਾਉਂਦਾ।ਇਕ-ਦੂਜੇ ਧੜੇ ਦੇ ਲੋਕ,ਇਕ ਦੂਜੇ ਵੱਲ ਕਹਿਰ ਭਰੀਆਂ ਨਜ਼ਰਾਂ ਨਾਲ ਵੇਖਦੇ।ਪਿਛਲੀਆਂ ਦੁਸ਼ਮਣੀਆਂ,ਲੜਾਈਆਂ ਤੇ ਖੈਹਾਂ ਦੀ ਯਾਦ ਚੋਣਾਂ ਨੇ ਮੁੜ ਤਾਜ਼ੀ ਕਰ ਦਿੱਤੀ। ਰਤਾ ਭਰ ਗੱਲ ਕਿਸੇ ਨੂੰ ਦੂਜੇ ਧੜੇ ਦੀ ਪਤਾ ਲਗਦੀ ਉਹ ਝੱਟ ਦੇਣੀ ਆਪਣੀ ਵਫਾਦਾਰੀ ਦਿਖਾੳਣ ਲਈ ਆਪਣੇ ਚੌਧਰੀ ਨੂੰ ਜਾ ਦਸਦੇ। ਦੋਹਾਂ ਚੌਧਰੀਆਂ ਦੀ ਚੌਧਰ ਦੀ ਭੁੱਖ ਨੇ ਲੋਕਾਂ ਦੇ ਮਨਾਂ ਚ ਇਕ-ਦੂਜੇ ਪ੍ਰਤੀ ਨਫ਼ਰਤ ਦੀ ਅੱਗ ਭਰ ਦਿੱਤੀ।

ਮਸਾਂ-ਮਸਾਂ ਕਰਕੇ ਚੋਣਾਂ ਦਾ ਦਿਨ ਆਇਆ। ਚੋਣਾਂ ਵਾਲੇ ਦਿਨ ਤੋਂ ਪਹਿਲੀ ਰਾਤੇ ਅੰਦਰ ਖਾਤੇ ਦੋਹਾਂ ਚੌਧਰੀਆਂ ਦਾ ਆਪਸ ’ਚ ਕੋਈ ਸਮਝੌਤਾ ਹੋ ਗਿਆ। ਲੋਕਾਂ ਨੂੰ ਇਸ ਦਾ ਕੋਈ ਇਲਮ ਨਹੀਂ ਸੀ। ਦੋਹਾਂ ਗਰੁਪਾਂ ਨੇ ਜਾਨ ਦੀ ਬਾਜ਼ੀ ਲਾ ਕੇ ਚੋਣਾਂ ਲੜੀਆਂ। ਪਿੰਡ ਦੇ ਬੁੱਢੇ,ਠੇਰੇ,ਬੀਮਾਰ,ਫੱਟੜ ਤੱਕ ਦੀ ਵੋਟ ਵੀ ਭੁਗਤਾ ਦਿੱਤੀ ਗਈੇ। ਨਤੀਜਾ ਨਿਕਲਿਆ। ਆਤਾ ਸਿਹੁੰ ਦੀ ਪਾਰਟੀ ਦੇ ਜ਼ਿਆਦਾ ਪੰਚ ਚੁਣੇ ਗਏ ਸਨ। ਉਨ੍ਹਾਂ ਆਤਾ ਸਿਹੁੰ ਨੂੰ ਸਰਪੰਚ ਚੁਣ ਲਿਆ। ਉਹਦੇ ਧੜੇ ਦੇ ਲੋਕਾਂ ਉਸ ਰਾਤ ਬੱਕਰੇ ਬੁਲਾਏ,ਸ਼ਰਾਬਾਂ ਪੀਤੀਆਂ ਤੇ ਹੁੱਲੜ ਮਚਾਇਆ। ਮਾਘਾ ਸਿਹੁੰ ਦੇ ਬੰਦੇ ਅਣਖ ‘ਚ ਆ ਗਏ।ਦੋਹਾਂ ਧੜਿਆਂ ਦੀ ਬੱਝਵੀਂ ਲੜਾਈ ਹੋਈ, ਟਕੂਏ, ਬਰਛੇ ਚਲੇ। ਚੰਗੀ ਵੱਢ ਟੁੱਕ ਹੋਈ। ਲੜਨ ਵਾਲਿਆਂ 'ਚ ਨਾ ਚੌਧਰੀ ਆਤਾ ਸਿਹੁੰ ਸੀ, ਨਾ ਮਾਘਾ ਸਿਹੁੰ ਅਤੇ ਨਾ ਹੀ ਉਹਨਾਂ ਦਾ ਟੱਬਰ-ਟੀਹਰ। ਉਹ ਦੋਵੇਂ ਚੌਧਰੀ ਆਤਾ ਸਿਹੁੰ ਦੀ ਹਵੇਲੀ ਬੈਠੇ ਪੀ ਰਹੇ ਸਨ। ਦੋਹਾਂ ਧੜਿਆਂ ਦੇ ਲੋਕਾਂ ਨੇ ਉਮਰ ਭਰ ਦੇ ਵੈਰ ਸਹੇੜ ਲਏ ਸਨ। ਗਰੀਬ ਲੋਕਾਂ ਦਾ ਪਿੰਡ ’ਚ ਜੀਊਣਾ ਦੁਭਰ ਹੋ ਗਿਆ ਸੀ।ਉਨਾਂ ਨੂੰ ਬੋਲ-ਕਬੋਲ ਬੋਲੇ ਜਾਂਦੇ। ਉਹ ਚੁੱਪ-ਚਾਪ ਆਪਣੀਆਂ ਘੜੀਆਂ ਲੰਘਾਈ ਜਾਂਦੇ। ਇਕ ਦਿਨ ਤੁਰੇ ਜਾਂਦੇ ਬਖਸ਼ਾ ਸਿਹੁ ਨੇ ਸੀਬੂ ਨੂੰ ਬੋਲੀ ਮਾਰੀ, ਇਹਨੇ ਸਾਨੂੰ ਨੀ ਪਾਈ ਵੋਟ,ਇਹਨੇ ਦੂਜੇ ਧੜੇ ਨੂੰ ਪਾਈ ਆ, ਸਾਰੀ ਉਮਰ ਘਾਹ ਪੱਠਾ ਸਾਡੇ ਖੇਤਾਂ ਚੋਂ ਖੋਤਦਾ ਰਿਹਾ ਆ। ਤੇ ਜਦੋਂ ਸੀਬੂ ਨੇ ਅਗਿਓਂ ਕੁਝ ਬੋਲਣਾ ਚਾਹਿਆ ਤਾਂ ਓਹਦੇ ਕੜਕਵੇਂ ਬੋਲ ‘ਕੋਈ ਨੀ ਪੁੱਤ ਬਣਾਊਂ ਬੰਦਾਂ ਤੈਨੂੰ ਕਿਸੇ ਵੇਲੇ, ਨਿਕਲੀ ਹੁਣ ਸਾਡੇ ਖੇਤਾਂ ਵੱਲ ਨੂੰ ਜੰਗਲ ਪਾਣੀ ਵੀ। ਹੱਡ ਸੇਕੂੰ ਤੇਰੇ ਚੰਗੀ ਤਰ੍ਹਾਂ। ਇਹ ਬੋਲ ਉਹਦੇ ਕੰਨਾਂ ‘ਚ ਕਈ ਦਿਨ ਗੂੰਜਦੇ ਰਹੇ। ਉਹ ਬੇਬਸੀ ਕਾਰਨ ਕੁਝ ਵੀ ਨਹੀਂ ਸੀ ਬੋਲ ਸਕਿਆ ।

ਪਿੰਡ ਦੇ ਚੜ੍ਹਦੇ ਪਾਸਿਓਂ ਹੱਡਾ-ਰੇੜੀ ਚੋਂ ਡੱਬੂ ਕੁੱਤੇ ਦੇ ਭੋਕਣ ਦੀ ਆਵਾਜ਼ ਸੁਣ ਕੇ ਪਲਾਂ ਚ ਹੀ ਕਾਲੂ,ਰੰਮੀ ਅਤੇ ਡੱਬੂ ਤੇ ਹੋਰ ਕੁਤੀੜ ਹੱਡਾ-ਰੇੜੀ ’ਚ ਇਕੱਠੀ ਹੋ ਗਈ ਅਤੇ ਫਿਰ ਘੂੰ-ਘੂੰ, ਬਊਂ ਬਊਂ ਕਰਦਿਆਂ ਮਾਸ ਚੁੰਡਣ ਲਈ ਚਾਰ ਕੁੱਤੇ ਇੱਕ ਪਾਸੇ ਹੋ ਲੜਨ ਲੱਗ ਪਏ।ਇੰਜ ਲੱਗਦਾ ਸੀ ਉਹ ਇਕ-ਦੂਜੇ ਨੂੰ ਮਾਰ ਸੁੱਟਣਗੇ। ਅਚਾਨਕ ਉਨਾਂ ਦੀ ਨਜ਼ਰ ਹੱਡਾ ਰੇੜੀ ਚ ਆਏ ਨਵੇਂ ਸ਼ਿਕਾਰ ਤੇ ਪਈ, ਜਿਨਾਂ ਨੂੰ ਗਿਰਝਾਂ ਚੂੰਡ ਰਹੀਆਂ ਸਨ। ਉਨਾਂ ਇਕ ਦੂਜੇ ਵੱਲ ਵੇਖਿਆ। ਫਿਰ ਅੱਖੋ- ਅੱਖੀਂ ਜਿਵੇਂ ਕੋਈ ਸਮਝੌਤਾ ਕਰ ਲਿਆ ਹੋਵੇ, ਉਹ ਗਿਰਝਾਂ ਨੂੰ ਦੂਰ ਭਜਾ ਸ਼ਿਕਾਰ ਤੇ ਟੁੱਟ ਪਏ।ਉਹ ਪੂਰਾ ਰੱਜ ਕਰਕੇ ਵਾਪਿਸ ਪਿੰਡ ਪਰਤ ਆਏ। ਉਨਾਂ ਨੂੰ ਹੁਣ ਆਪਸ ‘ਚ ਕੋਈ ਗਿਲਾ ਸ਼ਿਕਵਾ ਨਹੀ ਸੀ।ਸੀਬੂ ਜਿਹੜਾ ਇਹ ਸਭ ਕੁੱਝ ਵੇਖ ਰਿਹਾ ਸੀ ਦੇ ਮਨ ਚ ਬਖਸ਼ਾ ਸਿਹੁੰ ਦੇ ਬੋਲ ਤੇ ਪਿਛਲੇ ਦਿਨੀਂ ਆਪਣੇ ਪਿੰਡ ਚ ਵਾਪਰੀਆਂ ਘਟਨਾਵਾਂ ਚੱਕਰ ਕੱਟ ਗਈਆਂ। ਉਸ ਸੋਚਿਆ ਇਕ ਦੂਜੇ ਨੂੰ ਜਾਨੋਂ ਮਾਰਨ ਵਾਲੇ ਕੁੱਤੇ ਆਪਸ ਚ ਮਾਲ ਦੀ ਬੋਟੀ ਤੇ ਸਮਝੌਤਾ ਕਰੀ ਬੈਠੇ ਸਨ ਅਤੇ ਪਿੰਡ ਦੇ ਦੋਵੇਂ ਚੌਧਰੀ ਵੀ। ਪਰ ਲੋਕ ਕਦੋਂ ਮਿਲ ਬੈਠਣਗੇ ਦਾ ਉਸ ਦੀ ਸੋਚ ਕੋਈ ਉੱਤਰ ਨਹੀਂ ਸੀ ਦੇ ਸਕੀ।

 

(2.) ਈਮਾਨਦਾਰ

ਮਾਸਟਰ ਧੀਰ ਨੇ ਬੱਚਿਆਂ ਨੂੰ ਸੱਚ ਬੋਲਣ, ਹੇਰਾਫੇਰੀ ਨਾ ਕਰਨ ਅਤੇ ਈਮਾਨਦਾਰ ਬਣ ਕੇ ਰਹਿਣ ਦੀ ਨਸੀਅਤ ਕੀਤੀ। ਅੱਠਾਂ ਸਾਲਾਂ ਦੇ ਪੰਮੀ ਨੇ ਆਪਣੇ ਮਾਸਟਰ ਦੀਆਂ ਗਲਾਂ ਧਿਆਨ ਨਾਲ ਸੁਣੀਆਂ ਅਤੇ ਸਦਾ ਸੱਚ ਬੋਲਣ ਤੇ ਈਮਾਨਦਾਰ ਬਣ ਕੇ ਰਹਿਣ ਦਾ ਪ੍ਰਣ ਕਰ ਲਿਆ।

ਉਸੇ ਦਿਨ ਮਾਸਟਰ ਧੀਰ ਨੇ ਪੰਮੀ ਨੂੰ ਡਾਕਖਾਨੇ ਤੋਂ ਲਫਾਫੇ ਲਿਆਉਣ ਲਈ ਪੰਜਾਹ ਪੈਸੇ ਦਿੱਤੇ। ਉਹ ਪੋਸਟ ਮਾਸਟਰ ਕੋਲ ਗਿਆ। ਉਸ ਨੇ ਗਲਤੀ ਨਾਲ ਪੰਜਾਹ ਪੈਸਿਆਂ ਨੂੰ ਰੁਪਿਆ ਸਮਝ ਕੇ ਦੋ ਲਫਾਫੇ ਤੇ ਪੰਜਾਹ ਪੈਸੇ ਮੋੜ ਦਿੱਤੇ। ਪੰਮੀ ਨੇ ਸੋਚਿਆ ਸ਼ਾਇਦ ਮਾਸਟਰ ਹੁਰਾਂ ਰੁਪਿਆ ਦਿੱਤਾ ਸੀ। ਉਹ ਭੁਲੇਖਾ ਕੱਢ ਕੇ ਪੈਸੇ ਪੋਸਟ ਮਾਸਟਰ ਨੂੰ ਮੋੜ ਜਾਏਗਾ। ਲਫਾਫੇ ਮਾਸਟਰ ਜੀ ਨੂੰ ਫੜਾਉਂਦਿਆਂ ਉਸ ਪੁੱਛਿਆ, 'ਮਾਸਟਰ ਜੀ, ਤੁਸਾਂ ਮੈਨੂੰ ਕਿੰਨੇ ਪੈਸੇ ਦਿੱਤੇ ਸਨ'?

'ਪੰਜਾਹ ਪੈਸੇ', ਮਾਸਟਰ ਨੇ ਕਿਹਾ।

'ਪਰ ਉਸ ਤਾਂ ਪੰਜਾਹ ਪੈਸੇ ਲਫਾਫਿਆਂ ਦੇ ਨਾਲ ਹੀ ਮੋੜ ਦਿੱਤੇ ਹਨ।' ਪੰਮੀ ਨੇ ਦੱਸਿਆ ਅਤੇ ਅਠਿਆਨੀ ਮਾਸਟਰ ਜੀ ਨੂੰ ਫੜਾਉਣੀ ਚਾਹੀ।

'ਚੱਲ, ਇਹ ਪੈਸੇ ਲੈ ਜਾਹ ਅਤੇ ਦੁਕਾਨੋਂ ਲੂਣ ਵਾਲੀ ਦਾਲ ਲੈ ਆ, ਦੋ ਮਿੰਟ ਮੂੰਹ ਹੀ ਕਰਾਰਾ ਕਰ ਲੈਨੇ ਆਂ'। ਇਹ ਸੁਣ ਕੇ ਪੰਮੀ ਮਾਸਟਰ ਧੀਰ ਦੀ ਈਮਾਨਦਾਰੀ ਤੇ ਹੈਰਾਨ ਰਹਿ ਗਿਆ।

 

(3). ਮੁਸਕਾਨ ਦੀ ਰਿਸ਼ਵਤ

ਤੀਹ ਮੀਲ ਦਾ ਪੈਂਡਾ ਮਾਰ ਮਾਸਟਰ ਕੀਰਤੀ ਸਲਾਨਾ ਤਰੱਕੀ ਲਵਾਉਣ ਲਈ ਸਿੱਖਿਆ ਦਫ਼ਤਰ ਗਿਆ।ਉਸ ਬਾਬੂ ਰਾਕੇਸ਼ ਨੂੰ ਤਰੱਕੀ ਲਾਉਣ ਲਈ ਆਖਿਆ।

'ਅੱਜ ਨਹੀਂ ਵਿਹਲ, ਕੱਲ ਨੂੰ ਆਉਣਾ'। ਬਾਬੂ ਨੇ ਬਿਨਾਂ ਮੂੰਹ ਉਤਾਂਹ ਚੁਕਿਆਂ ਬੁੜ ਬੁੜ ਕੀਤੀ।

 ‘ਬਾਬੂ ਜੀ, ਸਿੰਗਲ ਟੀਚਰ ਸਕੂਲ ਆ, ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਇਸ ਤਰ੍ਹਾਂ ਸਕੂਲ ਛੱਡ ਕੇ ਆਇਆਂ।’ ਮਾਸਟਰ ਕੀਰਤੀ ਨੇ ਕਿਹਾ। ‘ਫਿਰ ਮੈਂ ਕੀ ਕਰਾਂ?’ ਬਾਬੂ ਨੇ ਮੱਥੇ ਤੇ ਤੀਊੜੀਆਂ ਪਾ, ਮੂੰਹ ਤੇ ਗੁੱਸੇ ਦੇ ਭਾਵ ਲਿਆਉਂਦਿਆਂ ਕਿਹਾ। ਮਾਸਟਰ ਕੀਰਤੀ ਨੇ ਜਦੋਂ ਬਹੁਤੇ ਤਰਲੇ ਕੀਤੇ, ਬਾਬੂ ਨੇ ਉਹਨੂੰ ਦੁਪਹਿਰੋਂ ਬਾਅਦ ਆਉਣ ਲਈ ਕਹਿ ਦਿਤਾ।

ਉਦੋਂ ਹੀ ਇਕ ਟੀਚਰਸ ਨੇ ਬਾਬੂ ਰਾਕੇਸ਼ ਅੱਗੇ ਲਿਆ ਕੇ ਸਲਾਨਾਂ ਤਰੱਕੀ ਲਾਉਣ ਲਈ ਸਰਵਿਸ ਬੁੱਕ ਰੱਖੀ। ਉਸ ਉਪਰ ਵਲ ਤੱਕਿਆ। ਮਿਸ ਸੋਨੀਆਂ ਮੁਸਕਰਾਉਂਦੀ ਉਹਨੂੰ ਕਹਿ ਰਹੀ ਸੀ, ‘ਆਹ ਮੇਰੀ ਤਰੱਕੀ ਤਾਂ ਲਾ ਦਿੳ।’ ‘ਬੈਠੋ, ਬੈਠੋ, ਹੁਣੇ ਲਾ ਦੇਨਾਂ।’ ਆਖ ਬਾਬੂ ਹੱਥਲਾ ਕੰਮ ਛੱਡ ਮਿਸ ਸੋਨੀਆਂ ਦੇ ਬੁਲ੍ਹਾਂ ਤੇ ਆਈ ਮੁਸਕਰਾਹਟ ਦਾ ਸੁਆਦ ਮਾਣਦਾ, ਉਹਦਾ ਕੰਮ ਕਰਨ ਲੱਗ ਪਿਆ।

ਦੂਰ ਖੜਾ ਮਾਸਟਰ ਕੀਰਤੀ ਇਸ ਨਵੀਂ ਕਿਸਮ ਦੀ ਮੁਸਕਰਾਹਟ ਦੀ ਰਿਸ਼ਵਤ ਤੇ ਹੈਰਾਨ ਰਹਿ ਗਿਆ।

 

(4). ਤਬਦੀਲੀ

"ਐਹੋ ਜਿਹੀ ਔਲਾਦ ਖੁਣੋਂ ਕੀ ਥੁੜਿਆ ਹੋਇਆ ਸੀ ? ਸਵੇਰ ਦਾ ਗਿਆ ਹੁਣ ਤਕ ਨਹੀਂ ਮੁੜਿਆ। ਤੂੰ ਹੀ ਗੰਦੀ ਔਲਾਦ ਨੂੰ ਭੂਏ ਚਾੜਿਆ ਹੋਇਐ ? ਕੰਮ ਦਾ ਡੱਕਾ ਦੌਹਰਾ ਨਹੀਂ ਕਰਦਾ ਪੇ ਦਾ ਪੁਤ, ਸਾਰਾ ਦਿਨ" ਬਾਪੂ ਨੇ ਮਾਂ  ਨੂੰ ਕਿਹਾ। ਬਾਪੂ ਦਾ ਪਾਰਾ ਚੜ੍ਹਿਆ ਹੋਇਆ ਸੀ । ਉਹ ਕਦੇ ਮੰਜੇ 'ਤੇ ਬੈਠ ਜਾਂਦਾ, ਕਦੇ ਘਰ 'ਚ ਇਧਰ ਉਧਰ ਫਿਰਨ ਲਗ ਪੈਂਦਾ । ਉਹਨੂੰ ਅੱਚਵੀ ਜਿਹੀ ਲਗੀ ਹੋਈ ਸੀ।

ਛੋਟਾ ਬਿੱਲੂ ਘਰ ਪਰਤਿਆ । ਉਸ ਰਜ ਕੇ ਸ਼ਰਾਬ ਪੀਤੀ ਹੋਈ ਸੀ । ਆਉਂਦਾ ਹੀ ਉਹ ਬਾਪੂ ਕੋਲ ਗਿਆ ,ਝੋਲੇ 'ਚੋਂ ਅਧੀਆ ਕੱਢ ਉਸ ਬਾਪੂ ਨੂੰ ਫੜਾਇਆ ਅਤੇ ਆਪ ਰੋਟੀ ਖਾਣ ਆ ਲਗਾ । ਮਾਂ ਜਿਹੜੀ ਬਾਪੂ  ਦੀ ਸੁਣ ਹੁਣ ਤਕ ਚੁੱਪ ਬੈਠੀ ਸੀ, ਹਰਖਕੇ ਬੋਲੀ, "ਬਿੱਲੂ ਤੈਨੂੰ ਸ਼ਰਮ ਨਹੀਂ ਆਉਂਦੀ ਕੁੱਤਿਆਂ ਵਾਂਗ ਫਿਰਦੇ ਨੂੰ। ਸਾਰੀ ਦਿਹਾੜੀ ਤੂੰ ਸ਼ਰਾਬ ਪੀਂਦਾ  ਰਹਿੰਦਾਂ । ਤੂੰ ਸਾਨੂੰ ਕਦੇ ਸੁੱਖ ਦਾ ਸਾਹ ਵੀ ਲੈਣ ਦੇਵੇਂਗਾ ਕਿ ਨਹੀਂ । ਬਿੱਲੂ ਸੁਣ ਚੁੱਪ ਰਿਹਾ ਤਦੇ ਬਾਪੂ ਬੋਲਿਆ, " ਐਂਵੇਂ ਨਾ ਮੁੰਡਿਆਂ ਨੂੰ ਝਿੜਕਿਆ ਕਰ ਬਿੱਲੂ ਦੀ ਮਾਂ ਜਵਾਨ ਪੁੱਤ ਬਰਾਬਰ ਦੇ ਹੋ ਗਏ ਆ ਹੁਣ'।

ਮਾਂ ਇਸ ਥੋੜੇ ਚਿਰਾਂ ਚ ਆਈ ਇਸ ਤਬਦੀਲੀ ਤੇ ਹੈਰਾਨ ਸੀ।

 

(5)ਕੰਮਪਿਊੁਟਰ

ਉਹ ਸਵੇਰੇ ਉੱਠਦੀ, ਖਾਣਾ ਤਿਆਰ ਕਰਦੀ, ਸੁੱਤੇ ਪਏ ਬੱਚਿਆਂ ਨੂੰ ਉਠਾਉਂਦੀ ਅਤੇ ਕੰਮ ਕਰਨ ਤੁਰ ਜਾਂਦੀ। ਉਹ ਸਾਰਾ ਦਿਨ ਕੰਮ ਕਰਦੀ, ਵਾਪਿਸ ਘਰ ਆ, ਮੁੜ ਕੰਮ 'ਤੇ ਆ ਲਗਦੀ। ਉਹਦਾ ਪਤੀ ਆਉਂਦਾ, ਉਹ ਉਹਦੀ ਵੀ ਸੇਵਾ ਕਰਦੀ ਅਤੇ ਅੱਕ ਥੱਕ ਕੇ ਸੋਂ ਜਾਂਦੀ। ਵਲੈਤ ਆਈ ਕੁੜੀ ਰੀਨਾ ਦਾ ਇਹ ਕਈ ਵਰ੍ਹਿਆਂ ਦਾ ਨਿੱਤ ਕਰਮ ਸੀ। ਕਦੇ ਕਦਾਈ ਉਹਦਾ ਜੀਅ ਕਰਦਾ ਉਹ ਪਤੀ ਨਾਲ ਘੁੰਮੇ, ਫਿਰੇ,ਵਲੈਤ ਦੀਆਂ ਸੈਰਾਂ ਕਰੇ। ਪਰ ਲਾਲਚੀ ਪਤੀ ਤਾਂ ਪੌਂਡਾਂ ਦੇ ਚੱਕਰ ’ਚ ਜਿਵੇਂ ਉਹਨੂੰ ਵਿਸਾਰ ਹੀ ਚੁੱਕਾ ਸੀ।

ਉਹ ਦੇ ਸਟੋਰ ’ਚ ਰੰਗ-ਬਿਰੰਗੇ ਗਾਹਕ ਆਉਂਦੇ, ਤਰ੍ਹਾਂ-ਤਰ੍ਹਾਂ ਦੇ ਲੋਕ। ਉਹ ਸੋਚਦੀ, ‘ਕਿੰਨੇ ਚੰਗੇ ਹਨ ਇਹ ਲੋਕ, ਆਪਣੀ ਜ਼ਿੰਦਗੀ ਇਨਜੁਆਏ ਕਰਦੇ ਹਨ ਅਤੇ ਮੈਂ ਤਾਂ ਮਸ਼ੀਨ ਨਾਲ ਮਸ਼ੀਨ ਹੋ ਬੈਠੀ ਹਾਂ। ਟੂ ਪਲੱਸ ਟੂ ਫੋਰ, ਸਲਿੱਪ ਮਸ਼ੀਨ ਤੋਂ ਬਾਹਰ, ਉਹਦੇ ਹੱਥਾਂ ਚ ਹੁੰਦੀ, ਉਹ ਗਾਹਕ ਨੂੰ ਸਲਿੱਪ ਦਿੰਦੀ। ਅਗਲੇ ਗਾਹਕ ਨੂੰ ਭੁਗਤਾਉਣ ਲਈ ਉਹਦਾ ਸਮਾਨ ਅਤੇ ਉਸ ਉਤੇ ਲਗਿਆ ਮੁੱਲ ਮਸ਼ੀਨ ਨਾਲ ਦੱਬਦੀ, ਸਲਿੱਪ ਕੱਢਦੀ ਅਗਲੇ ਗਾਹਕ ਨੂੰ ਆਖਦੀ, ‘ਕੈਨ ਆਈ ਹੈਲਪ ਯੂ, ਪਲੀਜ਼’ ਇੰਜ ਕਰਦਿਆਂ ਉਹਨੂੰ ਜਾਪਿਆ, ਉਹ ਵੀ ਕੰਮਪਿਊਟਰ ਹੀ ਬਣ ਗਈ।

 

 

(6). ਓ. ਕੇ.
 

‘ਹੈਲੋ ਗੁਰਦੀਪ ! ਮੈਂ ਸਤਨਾਮ ਬੋਲ ਰਿਹਾਂ’

'ਹੈਲੋ ! ਕੀ ਹਾਲ ਆ ਗੁਰਦੀਪ ? ਕਦੋਂ ਆਇਆ ਇੰਡੀਆ ਤੋਂ ?’

ਬੱਸ ਕੱਲ੍ਹ ਹੀ ਆਇਆ  ਮੈਂ । ਸਾਊਥਾਲ ਰਹਿ ਰਿਹਾ ਹਾਂ।

ਤੂੰ ਕਦੋਂ ਮਿਲੇਂਗਾ ਮੈਨੂੰ ?

‘ਯਾਰ ! ਦੋ ਕੁ ਦਿਨ ਕੰਮ ਐ,  ਮੈਂ ਤੈਨੂੰ ਵਿਹਲ ਕੱਢ ਕੇ ਮਿਲਾਂਗਾ।’

‘ੳ. ਕੇ.’ ਆਖ ਉਸ ਫੋਨ ਰੱਖ ਦਿੱਤਾ।

ਸਤਨਾਮ ਕਈ ਦਿਨ ਆਪਣੇ ਦੋਸਤ ਨੂੰ ਉਡੀਕਦਾ ਰਿਹਾ।ਅੱਕ ਕੇ ਉਸ ਇਕ ਦਿਨ ਫਿਰ ਟੈਲੀਫੋਨ ਕੀਤਾ ।

‘ਹੈਲੋ ! ਯਾਰ ਤੇਰਾ ਜੀਅ ਨਹੀਂ ਕਰਦਾ ਮਿਲਣ ਨੂੰ ?’

ਜੀਆ ਤਾ ਬਹੁਤ ਕਰਦਾ ਯਾਰ ।

ਮੈਂ ਡਿਊਟੀ 'ਤੇ ਜਾ ਰਿਹਾ ਹਾਂ । ਤੂੰ ਇਥੇ ਕਿੰਨਾ ਕੁ ਚਿਰ ਏਂ ?’

‘ਬੱਸ ਦੋ ਕੁ ਹਫਤੇ ਹੋਰ ।’

‘ਤਾਂ ਫਿਰ ਯਾਰ, ਆਪਾਂ ਇੰਡੀਆ ਹੀ ਮਿਲਾਂਗੇ , ਓ.ਕੇ. ।

‘ਓ.ਕੇ.’ ਆਖ ਉਸ ਨਿਰਾਸ਼ ਹੋ ਕੇ ਫੋਨ ਰੱਖ ਦਿੱਤਾ ।

 

 

-ਗੁਰਮੀਤ ਸਿੰਘ ਪਲਾਹੀ

218, ਗੁਰੂ ਹਰਿਗੋਬਿੰਦ ਨਗਰ, ਫਗਵਾੜਾ

-9815802070