ਸ਼ਖ਼ਸੀ ਪੂਜਾ ਦੇ ਸਮਿਆਂ ਵਿਚ - ਰਾਮਚੰਦਰ ਗੁਹਾ

ਆਜ਼ਾਦੀ ਦਾ ਬਾਕਾਇਦਾ ਐਲਾਨ ਹੋਣ ਤੋਂ ਇਕ ਦਹਾਕਾ ਪਹਿਲਾਂ 1937 ਵਿਚ ਭਾਰਤ ਦੇ ਲੋਕਾਂ ਨੂੰ ਸੀਮਤ ਅਧਿਕਾਰਾਂ ਵਾਲਾ ਸਵੈ-ਸ਼ਾਸਨ ਚਲਾਉਣ ਦਾ ਇਕ ਤਜਰਬਾ ਹੋਇਆ ਸੀ ਜਦੋਂ ਅੰਗਰੇਜ਼ਾਂ ਦੇ ਰਾਜ ਅਧੀਨ ਵੱਖ ਵੱਖ ਸੂਬਿਆਂ ਵਿਚ ਸਰਕਾਰਾਂ ਚੁਣੀਆਂ ਗਈਆਂ ਸਨ। ਇਸ ਨੂੰ ਪੂਰੀ ਸੂਰੀ ਪ੍ਰਤੀਨਿਧ ਸਰਕਾਰ ਦੇ ਰਾਹ ਵੱਲ ਇਕ ਕਦਮ ਦੇ ਤੌਰ ’ਤੇ ਦੇਖਿਆ ਗਿਆ ਸੀ। ਮਦਰਾਸ ਪ੍ਰੈਜ਼ੀਡੈਂਸੀ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਹਲਫ਼ ਲੈਣ ਤੋਂ ਥੋੜ੍ਹੀ ਦੇਰ ਬਾਅਦ ਹੀ ਇਕ ਤਾਮਿਲ ਵਿਦਵਾਨ ਨੇ ਲੀਡਰਸ਼ਿਪ ਮੁਤੱਲਕ ਇਕ ਯਾਦਗਾਰੀ ਭਾਸ਼ਣ ਦਿੱਤਾ ਸੀ ਜਿਸ ਵਿਚ ਪ੍ਰਗਟਾਏ ਵਿਚਾਰ ਭਾਰਤ ਦੇ ਅਜੋਕੇ ਸਿਆਸੀ ਸਭਿਆਚਾਰ ’ਤੇ ਕਰਾਰੀ ਚੋਟ ਕਰਦੇ ਹਨ।
      ਉਨ੍ਹਾਂ ਦਾ ਨਾਂ ਕੇ. ਸਵਾਮੀਨਾਥਨ ਸੀ ਜੋ ਉਦੋਂ ਪ੍ਰੈਜ਼ੀਡੈਂਸੀ ਕਾਲਜ ਵਿਚ ਸਾਹਿਤ ਦੇ ਪ੍ਰੋਫੈਸਰ ਸਨ। 1938 ਵਿਚ ਅੰਨਾਮਲਾਈ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਸੀ ਕਿ ਸਿਆਸੀ ਆਗੂ ਦੋ ਤਰ੍ਹਾਂ ਦੇ ਹੁੰਦੇ ਹਨ ਇਕ ਉਹ ਜਿਨ੍ਹਾਂ ਦਾ ਆਪਣੇ ਬਾਰੇ ਖਿਆਲ ਹੁੰਦਾ ਹੈ ਕਿ ਉਨ੍ਹਾਂ ਤੋਂ ਬਗ਼ੈਰ ਕੰਮ ਚੱਲ ਨਹੀਂ ਸਕਦਾ ਅਤੇ ਦੂਜੇ ਉਹ ਜੋ ਆਪਣੇ ਆਪ ਨੂੰ ਇੰਝ ਨਹੀਂ ਵੇਖਦੇ। ਦੂਜੀ ਸ਼੍ਰੇਣੀ ਵਿਚ ਉਨ੍ਹਾਂ ਇਸ ਤਰ੍ਹਾਂ ਇਕ ਨਾਂ ਗਿਣਾਇਆ ਸੀ : ‘ਸ੍ਰੀ ਗਾਂਧੀ ਪਿਛਲੇ ਤਿੰਨ ਚਾਰ ਸਾਲਾਂ ਤੋਂ ਆਪਣੇ ਵਾਰਸਾਂ ਦੀ ਸਿਖਲਾਈ ਨੂੰ ਲੈ ਕੇ ਬਹੁਤ ਚਿੰਤਾਤੁਰ ਹਨ ਤੇ ਗੱਡਵੀਂ ਮਿਹਨਤ ਕਰ ਰਹੇ ਹਨ। ਆਪਣੇ ਆਪ ਨੂੰ ਅਣਸਰਦੀ ਲੋੜ ਵਜੋਂ ਦੇਖਣ ਦੀ ਉਨ੍ਹਾਂ ਦੀ ਅਖੀਰਲੀ ਇੱਛਾ ਰਹੀ ਹੋਵੇਗੀ... ਜਵਾਹਰਲਾਲ ਨਹਿਰੂ ਤੇ ਰਾਜੇਂਦਰ ਪ੍ਰਸ਼ਾਦ ਦੋਵੇਂ ਜਿਹੋ ਜਿਹੇ ਆਗੂ ਸਾਬਿਤ ਹੋਏ, ਉਹ ਗਾਂਧੀ ਕਰਕੇ ਹੀ ਹਨ ਹਾਲਾਂਕਿ ਇਨ੍ਹਾਂ ’ਚੋਂ ਕੋਈ ਵੀ ਉਨ੍ਹਾਂ ਦਾ ਜੀ ਹਜੂਰੀਆ ਨਹੀਂ ਸੀ। ਸ੍ਰੀ ਗਾਂਧੀ ਮਾਮੂਲੀ ਮਿੱਟੀ ਦੇ ਸ਼ਖ਼ਸ ਨੂੰ ਨਾਇਕ ਬਣਾ ਸਕਦੇ ਸਨ ਤਾਂ ਫਿਰ ਉਹ ਖਰੇ ਸੋਨੇ ਦਾ ਕੀ ਨਹੀਂ ਬਣਾ ਸਕਦੇ ਸਨ? ਬਸ, ਆਪਣੀ ਦੂਜੀ ਮਸ਼ੀਨੀ ਨਕਲ ਨੂੰ ਛੱਡ ਕੇ ਹੋਰ ਕੁਝ ਵੀ ਬਣਾ ਸਕਦੇ ਸਨ।’
        ਇਸ ਆਰੰਭਕ ਤਾਰੀਫ਼ ਤੋਂ ਬਾਅਦ ਸਵਾਮੀਨਾਥਨ ਇਕ ਚਿਤਾਵਨੀ ਦਿੰਦੇ ਹਨ : ‘‘ਪਰ ਕੁਝ ਅਜਿਹੇ ਆਗੂ ਹਨ ਜੋ ਆਪਣੇ ਪੈਰੋਕਾਰਾਂ ’ਤੇ ਭਰੋਸਾ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਕੁਝ ਕਰਨ ਦੀ ਕੋਈ ਆਜ਼ਾਦੀ ਨਹੀਂ ਦਿੰਦੇ, ਫ਼ੌਜ ਵਰਗਾ ਜ਼ਾਬਤਾ ਲਾਗੂ ਕਰਵਾਉਂਦੇ ਹਨ, ਆਜ਼ਾਦ ਤੇ ਆਤਮ ਨਿਰਭਰ ਵਰਕਰਾਂ ਦੀ ਬਜਾਇ ਉਹ ਆਪਣੇ ਦੁਆਲੇ ਜੀ ਹਜੂਰੀਆਂ ਦਾ ਮਜਮਾ ਲਾਉਣਾ ਚਾਹੁੰਦੇ ਹਨ, ਇਹੋ ਜਿਹੇ ਆਗੂ ਇਮਲੀ ਦੇ ਦਰਖ਼ਤ ਵਾਂਗ ਹੁੰਦੇ ਹਨ, ਜੋ ਦਿਨ ਵੇਲੇ ਤਾਂ ਉਰੂਜ਼ ’ਤੇ ਹੁੰਦੇ ਹਨ ਪਰ ਇਨ੍ਹਾਂ ਦਾ ਹੋਰ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਇਹ ਦੂਜਿਆਂ ਦੇ ਜੀਵਨ ਤੇ ਉਨ੍ਹਾਂ ਦੇ ਵਿਕਾਸ ਨੂੰ ਬਰਬਾਦ ਕਰ ਦਿੰਦੇ ਹਨ। ਇਹ ਕਿਸੇ ਤਰ੍ਹਾਂ ਦੀ ਅਸਹਿਮਤੀ ਬਰਦਾਸ਼ਤ ਨਹੀਂ ਕਰਦੇ, ਦੋਸਤਾਨਾ ਲਹਿਜ਼ੇ ਵਿਚ ਕੀਤੀ ਟੀਕਾ ਟਿੱਪਣੀ ਨੂੰ ਵੀ ਨਹੀਂ ਸਹਾਰਦੇ। ਤੁਰਕ ਦੀ ਤਰ੍ਹਾਂ ਉਹ ਤਾਜ ਦੇ ਨੇੜੇ ਤੇੜੇ ਆਪਣੇ ਕਿਸੇ ਭਾਈਬੰਧ ਨੂੰ ਵੇਖ ਨਹੀਂ ਸੁਖਾਂਦੇ। ਤੇ ਜਦੋਂ ਉਹ ਰੁਖ਼ਸਤ ਹੁੰਦੇ ਹਨ ਤਾਂ ਸਭ ਕੁਝ ਉਜਾੜ ਜਾਂਦੇ ਹਨ।’’
       ਸਵਾਮੀਨਾਥਨ ਨੇ 1938 ਵਿਚ ਅੰਨਾਮਲਾਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਖਿਆ ਸੀ ਕਿ ਸਾਡੇ ਦੇਸ਼ ਨੂੰ ਜਿਸ ਚੀਜ਼ ਦੀ ਲੋੜ ਹੈ ਤੇ ਅਜਿਹਾ ਕੀ ਹੈ ਜੋ ਸਾਡੇ ਹੋਸਟਲ ਪੈਦਾ ਕਰਨ ਵਿਚ ਮਦਦ ਕਰ ਸਕਦੇ ਹਨ ਤਾਂ ਉਹ ਹੈ ਭਰਵੀਂ ਤਾਦਾਦ ਵਿਚ ਅਜਿਹੇ ਸਿਆਸੀ ਆਗੂ ਜੋ ਔਸਤ ਨਾਲੋਂ ਥੋੜ੍ਹਾ ਉਤਾਂਹ ਹੋਣ। ਮੇਰਾ ਨਹੀਂ ਖਿਆਲ ਕਿ ਸਾਨੂੰ ਕਿਸੇ ਅਜਿਹੇ ਚਿਰਸਥਾਈ ਸੁਪਰਮੈਨ ਦੀ ਲੋੜ ਹੈ ਜੋ ਆਪਣੇ ਸਾਥੀਆਂ ਦੇ ਸਿਰਾਂ ’ਤੇ ਮੰਡਰਾਉਂਦਾ ਹੋਵੇ ਅਤੇ ਉਨ੍ਹਾਂ ਦਰਮਿਆਨ ਇਕ ਅਜਿਹੀ ਖਾਈ ਹਮੇਸ਼ਾ ਬਣੀ ਰਹੇ ਜਿਸ ਨੂੰ ਪਾਰ ਹੀ ਨਹੀਂ ਕੀਤਾ ਜਾ ਸਕਦਾ।
        ਹਾਲ ਹੀ ਵਿਚ ਸਵਾਮੀਨਾਥਨ ਦੇ ਭਾਸ਼ਣਾਂ ਦੀ ਇਬਾਰਤ ’ਤੇ ਮੇਰੀ ਝਾਤ ਪਈ ਸੀ ਤੇ ਇਸ ਨੂੰ ਪੜ੍ਹ ਕੇ ਮੈਂ ਦੰਗ ਰਹਿ ਗਿਆ ਕਿ ਉਨ੍ਹਾਂ ਨੇ ਜੋ ਚਿਤਾਵਨੀ 1938 ਵਿਚ ਦਿੱਤੀ ਸੀ, ਉਹ ਹੁਣ 2022 ਦੇ ਭਾਰਤ ਵਿਚ ਹੋਰ ਜ਼ਿਆਦਾ ਪ੍ਰਸੰਗਕ ਬਣ ਗਈ ਹੈ ਜਦੋਂ ਸਾਡੇ ਕੋਲ ਇਕ ਅਜਿਹਾ ਪ੍ਰਧਾਨ ਮੰਤਰੀ ਮੌਜੂਦ ਹੈ ਜਿਸ ਨੇ ਪਾਰਟੀ ਤੇ ਸਰਕਾਰ ਦੇ ਮਣਾਂਮੂੰਹੀ ਧਨ ਸੰਪਦਾ ਤੇ ਮਾਨਵ ਸ਼ਕਤੀ ਜ਼ਾਇਆ ਕਰ ਕੇ ਆਪਣਾ ਅਜਿਹਾ ਸਿਆਸੀ ਸ਼ਖ਼ਸੀ ਪੂਜਾ (personality cult) ਵਾਲਾ ਮਾਹੌਲ ਸਿਰਜ ਲਿਆ ਹੈ ਜਿਸ ਦੀ ਦੁਨੀਆ ਵਿਚ ਹੋਰ ਕੋਈ ਮਿਸਾਲ ਮਿਲਣੀ ਮੁਸ਼ਕਲ ਹੈ।
         ਨਰਿੰਦਰ ਮੋਦੀ ਦੀ ਸ਼ਖ਼ਸੀ ਪੂਜਾ ਦੇ ਮਾਅਨਿਆਂ ਤੇ ਖ਼ਤਰਨਾਕ ਸਿੱਟਿਆਂ ਬਾਰੇ ਮੈਂ ਪਹਿਲਾਂ ਹੀ ਕਾਫ਼ੀ ਤਫ਼ਸੀਲ ਵਿਚ ਲਿਖ ਚੁੱਕਿਆ ਹਾਂ। ਇਸ ਲਈ ਮੈਂ ਉਨ੍ਹਾਂ ਦਲੀਲਾਂ ਨੂੰ ਨਹੀਂ ਦੁਹਰਾਵਾਂਗਾ, ਸਗੋਂ ਮੈਂ ਇਸ ਗੱਲ ਧਿਆਨ ਖਿੱਚਣਾ ਚਾਹੁੰਦਾ ਹਾਂ ਕਿ ਸੱਤਾ ਦੇ ਨਿੱਜੀਕਰਨ ਦੀ ਪ੍ਰਵਿਰਤੀ ਮਹਿਜ਼ ਕੇਂਦਰ ਸਰਕਾਰ ਤੱਕ ਮਹਿਦੂਦ ਨਹੀਂ ਹੈ ਸਗੋਂ ਇਹ ਵਬਾਅ ਕਈ ਸੂਬਾਈ ਸਰਕਾਰਾਂ ਵਿਚ ਵੀ ਫੈਲ ਗਈ ਹੈ। ਹਾਲਾਂਕਿ ਵਿਧਾਨ ਸਭਾ ਤੇ ਪਾਰਲੀਮਾਨੀ ਚੋਣਾਂ ਵਿਚ ਮਮਤਾ ਬੈਨਰਜੀ ਨਰਿੰਦਰ ਮੋਦੀ ਦੇ ਆਹੂ ਲਾਹੁੰਦੀ ਹੈ ਪਰ ਉਨ੍ਹਾਂ ਦੀ ਰਾਜਨੀਤੀ ਦਾ ਅੰਦਾਜ਼ ਵੀ ਮੋਦੀ ਦੇ ਮੰਤਰ ਨਾਲ ਮੇਲ ਖਾਂਦਾ ਹੈ। ਉਹ ਵੀ ਇਕੱਲੀ ਹੀ ਤ੍ਰਿਣਮੂਲ ਕਾਂਗਰਸ, ਪੱਛਮੀ ਬੰਗਾਲ ਦੀ ਸਰਕਾਰ ਚਲਾਉਣਾ ਅਤੇ ਆਪਣੇ ਆਪ ਨੂੰ ਬੰਗਾਲੀ ਜਨਤਾ ਦੇ ਅਤੀਤ, ਵਰਤਮਾਨ ਤੇ ਭਵਿੱਖ ਨਾਲ ਤਸ਼ਬੀਹ ਦੇਣਾ ਚਾਹੁੰਦੀ ਹੈ।
       ਮਮਤਾ ਬੈਨਰਜੀ ਵੱਲੋਂ ਉਵੇਂ ਹੀ ਸੂਬਾਈ ਪੱਧਰ ’ਤੇ ਪਾਰਟੀ, ਸਰਕਾਰ ਤੇ ਲੋਕਾਂ ਨਾਲ ਆਗੂ ਇਕਰੂਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਨਰਿੰਦਰ ਮੋਦੀ ਨੇ ਕੌਮੀ ਪੱਧਰ ’ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਮਾਨਤਾ ਇੱਥੇ ਹੀ ਨਹੀਂ ਮੁੱਕਦੀ। ਟੀਐਮਸੀ ਦੇ ਵਿਧਾਇਕ ਤੇ ਸੰਸਦ ਮੈਂਬਰ ਆਪਣੀ ਮੁੱਖ ਮੰਤਰੀ ਬਾਰੇ ਉਵੇਂ ਹੀ ਖੁਸ਼ਾਮਦੀ ਲਹਿਜੇ ਵਿਚ ਗੱਲ ਕਰਦੇ ਹਨ ਜਿਵੇਂ ਭਾਜਪਾ ਦੇ ਸੰਸਦ ਮੈਂਬਰ ਤੇ ਮੰਤਰੀ ਪ੍ਰਧਾਨ ਮੰਤਰੀ ਮੋਦੀ ਦਾ ਗੁੱਡਾ ਬੰਨ੍ਹਦੇ ਰਹਿੰਦੇ ਹਨ। ਮੋਦੀ ਵਾਂਗ ਹੀ ਮਮਤਾ ਵੀ ਵਫ਼ਾਦਾਰ ਤੇ ਅਕਸਰ ਫ਼ਰਮਾਬਰਦਾਰ ਨੌਕਰਸ਼ਾਹਾਂ ਤੇ ਪੁਲੀਸ ਅਫ਼ਸਰਾਂ ਰਾਹੀਂ ਕੰਮ ਕਰਨਾ ਪਸੰਦ ਕਰਦੀ ਹੈ। ਉਹ ਪ੍ਰੈਸ ਦੀ ਆਜ਼ਾਦੀ ਅਤੇ ਸੰਸਥਾਵਾਂ ਦੀ ਖ਼ੁਦਮੁਖ਼ਤਾਰੀ ਦੀਆਂ ਗੱਲਾਂ ਤਾਂ ਕਰਦੀ ਹੈ ਪਰ ਜਦੋਂ ਕਦੇ ਉਸ ਦੇ ਸ਼ਾਸਨ ’ਤੇ ਕਿੰਤੂ ਕੀਤਾ ਜਾਂਦਾ ਹੈ ਤਾਂ ਉਹ ਇਸੇ ਆਜ਼ਾਦੀ ਤੇ ਖ਼ੁਦਮੁਖ਼ਤਾਰੀ ਨੂੰ ਕੁਚਲਣ ’ਤੇ ਤੁਲ ਜਾਂਦੀ ਹੈ।
       ਮਮਤਾ ਬੈਨਰਜੀ ਜੋ ਪੱਛਮੀ ਬੰਗਾਲ ਵਿਚ ਕਰਨ ਦੀ ਚੇਸ਼ਟਾ ਰੱਖਦੀ ਹੈ, ਉਹੀ ਲਗਭਗ ਉਨ੍ਹਾਂ ਸਾਰੇ ਸੂਬਿਆਂ ਵਿਚ ਵਾਪਰਦਾ ਹੈ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ। ਉਹ ਮੁੱਖ ਮੰਤਰੀ ਵੀ ਮਮਤਾ ਵਾਂਗ ਕਰਨ ਦੀ ਲਾਲਸਾ ਰੱਖਦੇ ਹਨ। ਇਹ ਮੁੱਖ ਮੰਤਰੀ ਭਾਰਤ ਦੇ ਵੱਖੋ ਵੱਖਰੇ ਸੂਬਿਆਂ ਵਿਚ ਰਾਜ ਚਲਾ ਰਹੇ ਹਨ ਅਤੇ ਵੱਖੋ ਵੱਖਰੀਆਂ ਪਾਰਟੀਆਂ ਨਾਲ ਸੰਬੰਧਤ ਹਨ ਪਰ ਫ਼ਿਤਰਤ ਅਤੇ ਸ਼ਾਸਨ ਦੀ ਤੌਰ ਤਰੀਕੇ ਪੱਖੋਂ ਇਹ ਸਾਰੇ ਤਾਨਾਸ਼ਾਹ ਹੀ ਹਨ।
       ਜੇ ਪ੍ਰੋਫੈਸਰ ਸਵਾਮੀਨਾਥਨ ਅੱਜ ਸਾਡੇ ਵਿਚਕਾਰ ਮੌਜੂਦ ਹੁੰਦੇ ਤਾਂ ਉਨ੍ਹਾਂ ਜ਼ਰੂਰ ਆਖਣਾ ਸੀ ਕਿ ਇਹ ਮੁੱਖ ਮੰਤਰੀ ਤੇ ਆਗੂ ਕਿਸੇ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕਰਦੇ, ਕਿਸੇ ਦਾ ਕੋਈ ਮਜ਼ਾਹੀਆ ਕਟਾਖ਼ਸ਼ ਵੀ ਨਹੀਂ ਸਹਾਰਦੇ। ਇਹ ਕਿ ਉਹ ਆਜ਼ਾਦ ਤੇ ਆਤਮ-ਨਿਰਭਰ ਪੈਰੋਕਾਰਾਂ ਦੀ ਬਜਾਇ ਆਪਣੇ ਦੁਆਲੇ ਚਾਪਲੂਸਾਂ ਦਾ ਜਮਘਟਾ ਲਾਉਣਾ ਚਾਹੁੰਦੇ ਹਨ। ਇਹ ਕਿ ਉਹ ਦੂਜਿਆਂ ਦੀ ਜ਼ਿੰਦਗੀ ਤੇ ਤਰੱਕੀ ਬਰਬਾਦ ਕਰ ਦਿੰਦੇ ਹਨ। ਇਹ ਕਿ ਉਹ ਆਪਣੇ ਆਪ ਨੂੰ ਇੰਝ ਸਮਝਦੇ ਹਨ ਕਿ ਉਨ੍ਹਾਂ ਤੋਂ ਬਗ਼ੈਰ ਕੰਮ ਚੱਲ ਹੀ ਨਹੀਂ ਸਕਦਾ, ਇਹ ਆਪਣੇ ਕਾਬਿਲ ਵਾਰਸਾਂ ਦੀ ਸਿਖਲਾਈ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ। ਉਹ ਆਪਣੇ ਸਾਥੀਆਂ ਨਾਲੋਂ ਆਪਣੇ ਆਪ ਨੂੰ ਸੁਪਰਮੈਨ/ਸੁਪਰਵਿਮੈੱਨ ਦੀ ਤਰ੍ਹਾਂ ਨਿਖੇੜ ਕੇ ਰੱਖਦੇ ਹਨ ਕਿ ਇੰਝ ਉਨ੍ਹਾਂ ਅਤੇ ਦੇਸ਼ ਦੇ ਨਾਗਰਿਕਾਂ ਵਿਚਕਾਰ ਇਕ ਪਾਰ ਨਾ ਕੀਤੀ ਜਾਣ ਯੋਗ ਅਜਿਹੀ ਗਹਿਰੀ ਖਾਈ ਬਣ ਜਾਂਦੀ ਹੈ ਕਿ ਉਹ ਕਿਸੇ ਪ੍ਰਤੀ ਵੀ ਜਵਾਬਦੇਹ ਨਹੀਂ ਰਹਿੰਦੇ।
        ਇਸ ਤੋਂ ਪਹਿਲਾਂ ਕਿ ਮੇਰੇ ’ਤੇ ਸਾਰਿਆਂ ਨੂੰ ਇਕੋ ਰੱਸੇ ਨਾਲ ਨੂੜਨ ਦਾ ਦੋਸ਼ ਲੱਗੇ, ਮੇਰਾ ਮੰਨਣਾ ਹੈ ਕਿ ਇਹ ਵੱਖੋ ਵੱਖਰੇ ਕਿਸਮ ਦਾ ਸੱਤਾਵਾਦ ਹੈ ਅਤੇ ਇਨ੍ਹਾਂ ਦੇ ਪ੍ਰਭਾਵ ਵੀ ਵੱਖੋ ਵੱਖਰੇ ਹਨ। ਰਾਸ਼ਟਰੀ ਪੱਧਰ ’ਤੇ ਮੋਦੀ ਅਤੇ ਆਬਾਦੀ ਪੱਖੋਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਵਜੋਂ ਆਦਿਤਿਆਨਾਥ ਸੱਤਾਵਾਦ ਨੂੰ ਬਹੁਗਿਣਤੀਵਾਦ ਨਾਲ ਜੋੜਦੇ ਹਨ, ਮਸਲਨ ਧਾਰਮਿਕ ਘੱਟਗਿਣਤੀਆਂ ਨੂੰ ਭੰਡਣਾ ਅਤੇ ਉਨ੍ਹਾਂ ਦਾ ਦਮਨ ਕਰਨਾ। ਉਂਝ, ਫਿਰ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਦੀ ਸਿਆਸਤ ਵੀ ਉਨ੍ਹਾਂ ਨਾਪਾਕ ਮਨੋਰਥਾਂ ਖ਼ਾਤਰ ਰਾਜਕੀ ਸੱਤਾ ਤੇ ਜਨਤਕ ਸਰਮਾਏ ਦੀ ਵਰਤੋਂ ਕਰ ਕੇ ਨਿੱਜੀ ਸ਼ਕਤੀ ਤੇ ਨਿੱਜੀ ਅਥਾਰਿਟੀ ਕਾਇਮ ਕਰਨ ’ਤੇ ਕੇਂਦਰਤ ਹੈ।
        ਆਮ ਤੌਰ ’ਤੇ ਫ਼ੌਜੀ ਤਾਨਾਸ਼ਾਹੀ, ਫਾਸ਼ੀਵਾਦੀ ਰਿਆਸਤਾਂ ਜਾਂ ਕਮਿਊਨਿਸਟ ਹਕੂਮਤਾਂ ਜਿਹੇ ਨਿਰੰਕੁਸ਼ ਸ਼ਾਸਨਾਂ ਤਹਿਤ ਹੀ ਸਿਰਮੌਰ ਆਗੂਆਂ ਦੀ ਸ਼ਖ਼ਸੀ ਪੂਜਾ ਦਾ ਚਲਨ ਪੈਦਾ ਹੁੰਦਾ ਹੈ। ਦਰਅਸਲ, ਜੇ ਕੋਈ ਇਕੋ ਵਿਅਕਤੀ ਸਿਖਰਲੇ ਸਿਆਸੀ ਅਹੁਦੇ ’ਤੇ ਬਿਰਾਜਮਾਨ ਹੋਵੇ ਤਾਂ ਹੀ ਉਹ ਸਾਰੇ ਨਾਗਰਿਕਾਂ ਦੀ ਇੱਛਾ ਨੂੰ ਮੂਰਤੀਮਾਨ ਤੇ ਨਿਰਦੇਸ਼ਤ ਕਰ ਸਕਦਾ ਹੈ, ਇਹ ਖਿਆਲ ਹੀ ਲੋਕਤੰਤਰ ਦੇ ਵਿਚਾਰ ਤੋਂ ਉਲਟ ਹੈ।
       ਜਦੋਂ ਅਸੀਂ ਆਪਣੀ ਆਜ਼ਾਦੀ ਦੇ ਪਝੱਤਰਵੇਂ ਸਾਲ ਵਿਚ ਦਾਖ਼ਲ ਹੋ ਗਏ ਹਾਂ ਤਾਂ ਅਸੀਂ ਤੇਜ਼ੀ ਨਾਲ ਅਜਿਹਾ ਲੋਕਤੰਤਰ ਬਣਦੇ ਜਾ ਰਹੇ ਹਾਂ ਜਿੱਥੇ ਤਾਨਾਸ਼ਾਹ ਅਤੇ ਇੱਥੋਂ ਤੱਕ ਕਿ ਤਾਨਾਸ਼ਾਹੀ ਪ੍ਰਵਿਰਤੀਆਂ ਵਾਲੇ ਵਿਅਕਤੀਆਂ ਵੱਲੋਂ ਸ਼ਾਸਨ ਚਲਾਇਆ ਜਾਂਦਾ ਹੈ। ਇਹ ਸਾਡੇ ਮਨਾਂ ਲਈ ਹੀ ਨਹੀਂ ਸਗੋਂ ਜ਼ਿੰਦਗੀਆਂ ਲਈ ਵੀ ਘਾਤਕ ਹਨ ਜੋ ਇਨ੍ਹਾਂ ਨੂੰ ਮੋਕਲੇ ਤੇ ਮੁਕਤ ਬਣਾਉਣ ਦੀ ਬਜਾਇ ਜਕੜ ਕੇ ਰੱਖਦੇ ਹਨ। ਸੱਤਾ ਤੇ ਖ਼ੁਦਪ੍ਰਸਤੀ ਦੀ ਹਿਰਸ ਵਾਲੇ ਆਗੂ ਵਿਕਾਸ ਅਤੇ ਸ਼ਾਸਨ ਦੀ ਰੋਜ਼ਮਰ੍ਹਾ ਦੀਆਂ ਜ਼ਿੰਮੇਵਾਰੀਆਂ ਨੂੰ ਅਣਡਿੱਠ ਕਰਦੇ ਰਹਿੰਦੇ ਹਨ। ਜਿਹੜੇ ਆਗੂ ਫ਼ੈਸਲੇ ਲੈਣ ਦੀ ਸਮੁੱਚੀ ਤਾਕਤ ਆਪਣੇ ਹੱਥਾਂ ਵਿਚ ਕਰ ਲੈਂਦੇ ਹਨ, ਆਪਣੇ ਮੰਤਰੀਆਂ ਤੇ ਅਫ਼ਸਰਾਂ ’ਤੇ ਭਰੋਸਾ ਕਰਨ ਤੇ ਹੇਠਾਂ ਅਖ਼ਤਿਆਰ ਦੇਣ ਤੋਂ ਇਨਕਾਰ ਕਰਦੇ ਹਨ, ਉਹ ਭਾਰਤ ਦੀ ਤਾਂ ਗੱਲ ਹੀ ਛੱਡੋ, ਪੱਛਮੀ ਬੰਗਾਲ ਜਿਹੇ ਇਕ ਵੱਡੇ, ਵਿਆਪਕ ਤੇ ਵੰਨ-ਸੁਵੰਨਤਾ ਵਾਲੇ ਸੂਬੇ ਦਾ ਪ੍ਰਸ਼ਾਸਨ ਵੀ ਕਾਰਗਰ ਢੰਗ ਨਾਲ ਚਲਾਉਣ ਦੇ ਯੋਗ ਨਹੀਂ ਹੋ ਸਕਦੇ। ਜਿਹੜੇ ਆਗੂ ਆਪਣੇ ਚਮਚਿਆਂ ਤੋਂ ਆਪਣੀ ਵਾਹ-ਵਾਹ ਸੁਣਨ ਦੇ ਆਦੀ ਹੋਣ ਉਹ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣ ਕੇ ਬਹੁਤ ਬੁਰੇ ਸਾਬਿਤ ਹੁੰਦੇ ਹਨ ਬਨਿਸਬਤ ਉਨ੍ਹਾਂ ਆਗੂਆਂ ਦੇ ਜੋ ਨਿੱਠ ਕੇ ਜਾਣਕਾਰੀ ਲੈਂਦੇ ਹਨ, ਆਪਣੇ ਸਿਆਸੀ ਸਾਥੀਆਂ, ਵਿਰੋਧੀਆਂ ਤੇ ਆਜ਼ਾਦ ਮੀਡੀਆ ਤੋਂ ਮਿਲਦੀ ਆਲੋਚਨਾ ਨੂੰ ਸਵੀਕਾਰ ਕਰਦੇ ਹਨ ਤੇ ਉਸ ਦਾ ਹੁੰਗਾਰਾ ਭਰਦੇ ਹਨ।
       ਨਵੀਂ ਦਿੱਲੀ ਦੀ ਗੱਦੀ ’ਤੇ ਬੈਠ ਕੇ ਸੁਪਰਮੈਨ ਵਾਂਗ ਭਾਰਤ ਸਰਕਾਰ ਨੂੰ ਚਲਾਉਣ ਨਾਲ ਸਾਡੇ ਦੇਸ਼ ਦਾ ਆਰਥਿਕ ਵਾਅਦਾ ਪੂਰਾ ਨਹੀਂ ਹੋਵੇਗਾ, ਸਾਡੀ ਸਮਾਜਿਕ ਇਕਸੁਰਤਾ ਮਜ਼ਬੂਤ ਨਹੀਂ ਹੋ ਸਕੇਗੀ ਤੇ ਸਾਡੀ ਕੌਮੀ ਸੁਰੱਖਿਆ ਯਕੀਨੀ ਨਹੀਂ ਹੋ ਸਕੇਗੀ। ਇਕ ਸੱਤਾਵਾਦੀ ਪ੍ਰਧਾਨ ਮੰਤਰੀ ਦੇ ਨਾਲ ਬਹੁਤ ਸਾਰੇ ਸੱਤਾਵਾਦੀ ਮੁੱਖ ਮੰਤਰੀ ਪੈਦਾ ਹੋ ਜਾਂਦੇ ਹਨ ਜਿਸ ਕਰਕੇ ਇਕ ਰਾਸ਼ਟਰ ਦੇ ਤੌਰ ’ਤੇ ਸਾਡੀਆਂ ਸੰਭਾਵਨਾਵਾਂ ਲਈ ਖ਼ਤਰਾ ਬਣ ਜਾਂਦਾ ਹੈ। ਭਾਰਤ ਅਤੇ ਭਾਰਤੀਆਂ ਦੇ ਹਿੱਤਾਂ ਦੀ ਰੱਖਿਆ ਉਹੀ ਆਗੂ ਬਿਹਤਰ ਕਰ ਸਕਦੇ ਹਨ ਜੋ ਆਪੋ ਆਪਣੇ ਖੇਤਰਾਂ ਦੇ ਮਾਹਿਰਾਂ ਅਤੇ ਵਿਆਪਕ ਰੂਪ ਵਿਚ ਨਾਗਰਿਕਾਂ ਦੀ ਸੁਣਦੇ ਹੋਣ -ਜੋ ਆਪਣੇ ਮੰਤਰੀਆਂ ਨੂੰ ਅਖ਼ਤਿਆਰ ਦਿੰਦੇ ਹੋਣ (ਅਤੇ ਬਣਦਾ ਸਿਹਰਾ ਵੀ ਦਿੰਦੇ ਹੋਣ), ਜੋ ਜਨਤਕ ਸੰਸਥਾਵਾਂ ਦੀ ਖ਼ੁਦਮੁਖ਼ਤਾਰੀ ਅਤੇ ਪ੍ਰੈਸ ਦੀ ਆਜ਼ਾਦੀ ਦਾ ਸਤਿਕਾਰ ਕਰਦੇ ਹੋਣ, ਜੋ ਸਿਆਸੀ ਵਿਰੋਧੀ ਨਾਲ ਉਸਾਰੂ ਸੰਵਾਦ ਰਚਾਉਂਦੇ ਹੋਏ ਇਕ ਦੂਜੇ ’ਤੇ ਦੂਸ਼ਣਬਾਜ਼ੀ ਤੋਂ ਗੁਰੇਜ਼ ਕਰਦੇ ਹੋਣ।