ਖੰਡਰ  - ਵੀਰਪਾਲ ਕੌਰ ਭੱਠਲ

ਪੱਥਰ ਪਾਟਿਆ ਪੁੱਤ ਨੀ ਜੰਮਦੇ,ਕੁੱਖਾਂ ਪਾੜ ਕੇ ਜੰਮਦੇ ਨੇ
ਨੱਕ ਰਗੜ ਕੇ ਮਾਪੇ, ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ
ਚਿੱਟੇ ਦੇ ਵਪਾਰੀਆ ਓਏ ,ਕੁਝ ਮੈਂ ਮੂੰਹੋਂ ਨੀ ਕਹਿਣਾ
 ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ ਵੇਖ ਵਿਲਕਦੀਆਂ ਭੈਣਾਂ

ਭਾਂਡੇ ਵੇਚ ਕੇ ਚਿੱਟਾ ਪੀ ਗਿਆ ,ਚਾਰ ਭੈਣਾਂ ਦਾ ਭਾਈ
ਵਿਆਹੁਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਪਰਾਈ
ਕਹਿਣ ਮਾਪੇ ਜੰਮਦਾ ਮਰ ਜਾਂਦਾ ,ਜੇ ਸੀ ਏਨ੍ਹਾਂ ਦੁੱਖ ਦੇਣਾ
ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ ਵੇਖ ਵਿਲਕਦੀਆਂ ਭੈਣਾਂ

ਵੱਸਦੇ ਘਰ ਨੂੰ ਖੰਡਰ ਬਣਾ ਕੇ ,ਕਰ ਲਿਆ ਲਾਲਚ ਪੂਰਾ
ਮਾਪਿਆਂ ਦੇ ਅਰਮਾਨਾਂ ਦਾ ,ਕੀ ਮਿਲਿਆ ਕਰਕੇ ਚੂਰਾ
 ਬਦ ਦੁਆਵਾਂ  ਲੱਗਣਗੀਆਂ ,ਪੁੱਤ ਥੋਡਾ ਵੀ ਨ੍ਹੀਂ ਰਹਿਣਾ
ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ,ਵੇਖ ਵਿਲਕਦੀਆਂ ਭੈਣਾਂ

ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ,ਮਰਗੇ ਸੁਪਨੇ ਪਾਲ਼ੇ
ਕਈ ਮਾਵਾਂ ਦੇ ਪੁੱਤ ਖਾ ਗਏ ਚਿੱਟਾ ਵੇਚਣ ਵਾਲੇ
 ਵੀਰਪਾਲ ਚੁੱਪ ਰਹੇ ਨੀ ਸਰਨਾ ਹੱਲ ਕੋਈ ਕਰਨਾ ਪੈਣਾ
ਲਾਸ਼ ਦੇ ਸਿਰ ਤੇ ਸੇਹਰਾ ਬੰਨ੍ਹ ਕੇ ਵੇਖ ਵਿਲਕਦੀਆਂ ਭੈਣਾਂ