ਬੇਚੈਨ ਪੰਜਾਬ - ਸਵਰਾਜਬੀਰ

ਕੁਝ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦੀ ਵਿਦਿਆਰਥਣ ਦੁਆਰਾ ਆਈਲੈਟਸ ਦਾ ਇਮਤਿਹਾਨ ਪਾਸ ਨਾ ਕਰ ਸਕਣ ਕਾਰਨ ਕੀਤੀ ਖ਼ੁਦਕੁਸ਼ੀ ਦਾ ਦੁਖਾਂਤ ਵਾਪਰਿਆ। ਕੋਈ ਵੀ ਹੀਲਾ-ਵਸੀਲਾ ਵਰਤ ਕੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾਣਾ ਤੇ ਵਿਦੇਸ਼ ਪਹੁੰਚਣਾ ਭਾਵ ਪਰਵਾਸ ਕਰਨਾ ਪੰਜਾਬ ਦੀ ਬੇਚੈਨ ਆਤਮਾ ਦਾ ਚਿੰਨ੍ਹ ਬਣ ਗਿਆ ਹੈ। 2021 ਵਿਚ ਲੋਕ ਸਭਾ ਵਿਚ ਦਿੱਤੇ ਗਏ ਇਕ ਜਵਾਬ ਵਿਚ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ 2016 ਤੋਂ 2021 ਵਿਚਕਾਰ 9.84 ਲੱਖ ਲੋਕਾਂ ਨੇ ਪਰਵਾਸ ਕੀਤਾ ਜਿਨ੍ਹਾਂ ਵਿਚੋਂ 3.79 ਲੱਖ ਵਿਦਿਆਰਥੀ ਸਨ ਅਤੇ 6 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਕੰਮ ਕਰਨ ਦੇ ਆਧਾਰ ’ਤੇ ਵੀਜ਼ਾ ਮਿਲਿਆ ਸੀ। 2021 ਵਿਚ ਹੀ ਰਾਜ ਸਭਾ ਵਿਚ ਪੁੱਛੇ ਇਕ ਪ੍ਰਸ਼ਨ ਦੇ ਉੱਤਰ ਵਿਚ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ 2016 ਵਿਚ ਪੰਜਾਬ ਦੇ 36,000 ਵਿਦਿਆਰਥੀਆਂ ਨੇ ਪੜ੍ਹਾਈ ਕਰਨ ਲਈ ਵਿਦੇਸ਼ਾਂ ਦਾ ਵੀਜ਼ਾ ਲਿਆ ਜਦੋਂਕਿ 2019 ਵਿਚ ਇਹ ਗਿਣਤੀ 73,000 ਤਕ ਪਹੁੰਚ ਗਈ। 2020 ਵਿਚ ਜਦੋਂ ਸਾਰੀ ਦੁਨੀਆ ਕਰੋਨਾ ਤੋਂ ਪ੍ਰਭਾਵਿਤ ਸੀ, ਤਦ ਵੀ 38,000 ਪੰਜਾਬੀ ਵਿਦਿਆਰਥੀ ਪੜ੍ਹਾਈ ਆਧਾਰਿਤ ਵੀਜ਼ਾ ਲੈ ਕੇ ਵਿਦੇਸ਼ਾਂ ਨੂੰ ਗਏ। 2021 ਤੇ 2022 ਵਿਚ ਇਹ ਗਿਣਤੀ ਬਹੁਤ ਵਧ ਗਈ ਹੈ ਅਤੇ ਮਾਹਿਰਾਂ ਅਨੁਸਾਰ 2022 ਵਿਚ ਪੜ੍ਹਾਈ ਲਈ ਵਿਦੇਸ਼ਾਂ ਵਿਚ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਦੋ ਤੋਂ ਚਾਰ ਗੁਣਾ ਤਕ ਵਧਣ ਦੇ ਅਨੁਮਾਨ ਹਨ।
       ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਸਿਆਸੀ ਅਤੇ ਪ੍ਰਸ਼ਾਸਕੀ ਜਮਾਤ ਦੀ ਰਿਸ਼ਵਤਖ਼ੋਰੀ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਪਰ ਜਾਣਕਾਰਾਂ ਅਨੁਸਾਰ ਇਹ ਤਾਂ ਅਜੇ ਗੋਹੜੇ ਵਿਚੋਂ ਪੂਣੀ ਛੋਹਣ ਦੇ ਬਰਾਬਰ ਹੈ। ਜੇ ਪੰਜਾਬ ਦੇ ਸਿਆਸੀ ਆਗੂਆਂ ਅਤੇ ਸਾਬਕਾ ਉੱਚ-ਅਧਿਕਾਰੀਆਂ ਦੀ ਜਾਇਦਾਦ ਦੀ ਸਮਾਜਿਕ ਲੇਖਾ-ਪੜਤਾਲ (Social audit) ਕਰਾਈ ਜਾਵੇ ਤਾਂ ਇਹ ਤੱਥ ਸਾਹਮਣੇ ਆਏਗਾ ਕਿ ਉਨ੍ਹਾਂ ਵਿਚੋਂ ਬਹੁਗਿਣਤੀ ਦੀ ਜਾਇਦਾਦ ਕਈ ਗੁਣਾ ਵਧੀ ਹੈ। ਰਿਸ਼ਵਤਖ਼ੋਰੀ ਦਾ ਜ਼ਿੰਦਗੀ ਦੇ ਹਰ ਸ਼ੋਅਬੇ ਵਿਚ ਘੁਣ ਵਾਂਗ ਦਾਖ਼ਲ ਹੋਣਾ ਸਿਆਸੀ ਅਤੇ ਪ੍ਰਸ਼ਾਸਕੀ ਜਮਾਤਾਂ ਦੀ ਹੀ ਦੇਣ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਹਰ ਕੰਮ ਲਈ ਰਿਸ਼ਵਤ ਲੈਣਾ, ਜ਼ਮੀਨਾਂ-ਜਾਇਦਾਦਾਂ ’ਤੇ ਨਾਜਾਇਜ਼ ਕਬਜ਼ੇ ਅਤੇ ਸੱਤਾ ਦੇ ਜ਼ੋਰ ’ਤੇ ਕਾਰੋਬਾਰਾਂ ਵਿਚ ਆਪਣੀ ਸਰਦਾਰੀ ਕਾਇਮ ਕਰਨਾ ਸਿਆਸੀ ਤੇ ਪ੍ਰਸ਼ਾਸਕੀ ਜਮਾਤ ਦੀ ਜੀਵਨ-ਜਾਚ ਦਾ ਵੱਡਾ ਪਹਿਲੂ ਬਣ ਕੇ ਉੱਭਰਿਆ ਹੈ। ਜਿਉਂ ਜਿਉਂ ਇਹ ਵਰਤਾਰੇ ਵਧੇ, ਤਿਉਂ ਤਿਉਂ ਆਗੂਆਂ ਤੇ ਅਧਿਕਾਰੀਆਂ ਦੀ ਲੋਕਾਂ ਪ੍ਰਤੀ ਪ੍ਰਤੀਬੱਧਤਾ ਘਟਦੀ ਗਈ। ਅਜਿਹੇ ਹਾਲਾਤ ਵਿਚ ਨੌਜਵਾਨਾਂ ਦਾ ਪੰਜਾਬ ਅਤੇ ਇਸ ਦੇ ਰਾਜ-ਪ੍ਰਬੰਧ ਤੋਂ ਬੇਮੁਖ ਹੋਣਾ ਸੁਭਾਵਿਕ ਸੀ। ਪੰਜਾਬ ਦੀ ਮੱਧਵਰਗੀ ਜਮਾਤ, ਜਿਸ ਵਿਚ ਕਿਸਾਨੀ ਵੀ ਸ਼ਾਮਲ ਹੈ, ਵਿਚੋਂ ਬਹੁਗਿਣਤੀ ਆਪਣੇ ਬੱਚਿਆਂ ਦਾ ਭਵਿੱਖ ਪੰਜਾਬ ਤੋਂ ਬਾਹਰ ਦੇਖਦੀ ਹੈ।
       ਵਿਦਿਆਰਥਣ ਦੀ ਖ਼ੁਦਕੁਸ਼ੀ ਉਸ ਲੋਕ-ਵੇਦਨਾ ਦਾ ਸੰਕੇਤ ਹੈ ਜਿਸ ਵਿਚੋਂ ਪੰਜਾਬ ਗੁਜ਼ਰ ਰਿਹਾ ਹੈ। ਲੋਕ ਬੈਂਕਾਂ ਤੋਂ ਕਰਜ਼ੇ ਲੈ ਕੇ ਅਤੇ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ਸਿਆਸੀ ਪਾਰਟੀਆਂ ਰੁਜ਼ਗਾਰ ਪੈਦਾ ਕਰਨ ਦੇ ਵਾਅਦੇ ਕਰਦੀਆਂ ਰਹੀਆਂ ਹਨ ਪਰ ਵਾਅਦੇ ਰੁਜ਼ਗਾਰ ਪੈਦਾ ਨਹੀਂ ਕਰ ਸਕਦੇ। ਰੁਜ਼ਗਾਰ ਪੈਦਾ ਕਰਨ ਲਈ ਸਰਕਾਰਾਂ ਨੂੰ ਲੰਮੇ ਸਮੇਂ ਵਾਲੀਆਂ ਸੂਝਵਾਨ ਨੀਤੀਆਂ ਬਣਾਉਣੀਆਂ ਅਤੇ ਉਨ੍ਹਾਂ ’ਤੇ ਇਮਾਨਦਾਰੀ ਨਾਲ ਅਮਲ ਕਰਨਾ ਪੈਣਾ ਹੈ। ਪੰਜਾਬੀ ਬੰਦਾ ਜੋ ਕਰ ਸਕਦਾ ਸੀ, ਉਸ ਨੇ ਕੀਤਾ : ਕਿਸਾਨ ਅੰਦੋਲਨ ਖੜ੍ਹਾ ਕਰ ਕੇ ਕੇਂਦਰ ਸਰਕਾਰ ਨਾਲ ਲੋਹਾ ਲਿਆ, ਰਵਾਇਤੀ ਪਾਰਟੀਆਂ ਨੂੰ ਅਜਿਹੀ ਹਾਰ ਦਿੱਤੀ ਜਿਸ ਦਾ ਉਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ ਪਰ ਉਹ (ਪੰਜਾਬੀ ਬੰਦਾ) ਆਪਣੇ ਸੂਬੇ ਦੇ ਰਾਜ-ਪ੍ਰਬੰਧ/ਤੰਤਰ ਸਾਹਮਣੇ ਨਿਤਾਣਾ ਤੇ ਹੀਣਾ ਹੋਇਆ ਖੜ੍ਹਾ ਹੈ। ਵਿਰੋਧਾਭਾਸ ਇਹ ਹੈ ਕਿ ਇਕ ਪਾਸੇ ਪੰਜਾਬੀਆਂ ਦੀ ਟੇਕ ਜਨ-ਸੰਘਰਸ਼ਾਂ ’ਤੇ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਮਨਾਂ ਵਿਚ ਕੈਨੇਡਾ, ਅਮਰੀਕਾ ਆਦਿ ਨੂੰ ਆਪਣਾ ਘਰ ਬਣਾਉਣ ਦੀ ਲਾਲਸਾ ਸਿਖ਼ਰਾਂ ਛੋਹ ਰਹੀ ਹੈ।
      ਪਰਵਾਸ ਮਨੁੱਖ ਦੀ ਹੋਣੀ ਹੈ। ਬੰਦਾ ਮੁੱਢ-ਕਦੀਮ ਤੋਂ ਪਰਵਾਸ ਕਰਦਾ ਆਇਆ ਹੈ। ਵਿਗਿਆਨ ਦੇ ਲੇਖੇ-ਜੋਖੇ ਅਨੁਸਾਰ ਬੰਦੇ ਦੀ ਉਤਪਤੀ ਅਫ਼ਰੀਕਾ ਵਿਚ ਹੋਈ ਅਤੇ ਮੁੱਢਲੇ ਮਨੁੱਖਾਂ ਨੇ 2,50,000-2,70,000 ਸਾਲ ਪਹਿਲਾਂ ਅਫ਼ਰੀਕਾ ’ਚੋਂ ਨਿਕਲ ਕੇ ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਵਿਚ ਪੈਰ ਧਰੇ। ਵਿਗਿਆਨੀਆਂ ਅਨੁਸਾਰ 50,000-60,000 ਵਰ੍ਹੇ ਪਹਿਲਾਂ ਵਾਤਾਵਰਨਿਕ ਕਾਰਨਾਂ ਕਰਕੇ ਮਨੁੱਖਾਂ ਨੇ ਫਿਰ ਅਫ਼ਰੀਕਾ ਤੋਂ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਵਿਚ ਵੱਡੀ ਪੱਧਰ ’ਤੇ ਪਰਵਾਸ ਕੀਤਾ। ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਵਿਚ ਮਨੁੱਖ ਦੀ ਆਮਦ 65,000-70,000 ਵਰ੍ਹੇ ਪਹਿਲਾਂ ਦੀ ਮੰਨੀ ਜਾਂਦੀ ਹੈ। ਦੱਖਣੀ ਭਾਰਤ, ਉੱਤਰੀ ਭਾਰਤ, ਇਰਾਨ, ਇਰਾਕ ਅਤੇ ਆਲੇ-ਦੁਆਲੇ ਦੇ ਹੋਰ ਖੇਤਰਾਂ ਵਿਚ ਪਣਪੀਆਂ ਨਸਲਾਂ ਆਪਸ ਵਿਚ ਰਲ-ਮਿਲ ਗਈਆਂ, ਇਕ ਵੱਡਾ ਪਰਵਾਸ ਲਗਭਗ 10,000 ਵਰ੍ਹੇ ਪਹਿਲਾਂ ਇਰਾਨ, ਇਰਾਕ ਅਤੇ ਦੱਖਣ ਪੂਰਬੀ ਤੁਰਕੀ ਦੇ ਪਹਾੜੀ ਇਲਾਕਿਆਂ ਤੋਂ ਹੋਇਆ। 5,000 ਵਰ੍ਹੇ ਪਹਿਲਾਂ ਮਹਿੰਜੋਦੜੋ-ਹੜੱਪਾ ਦੀ ਸੱਭਿਅਤਾ ਪਣਪੀ ਅਤੇ ਫਿਰ ਆਰੀਅਨ ਅਤੇ ਕਈ ਹੋਰ ਲੋਕ-ਸਮੂਹ ਭਾਰਤ ਵਿਚ ਆ ਵੱਸੇ, ਇਹ ਵਰਤਾਰਾ 16ਵੀਂ-17ਵੀਂ ਸਦੀ ਤਕ ਜਾਰੀ ਰਿਹਾ।
       ਆਧੁਨਿਕ ਸਮਿਆਂ ਵਿਚ ਇਤਿਹਾਸਕਾਰ 1850 ਤੋਂ 1914 ਨੂੰ ‘ਮਹਾਂ-ਪਰਵਾਸ ਦਾ ਯੁੱਗ (Age of Mass Migration)’ ਕਹਿੰਦੇ ਹਨ, ਇਨ੍ਹਾਂ ਸਮਿਆਂ ਵਿਚ ਯੂਰਪੀ ਲੋਕਾਂ ਵੱਲੋਂ ਅਮਰੀਕੀ ਮਹਾਂਦੀਪ ਨੂੰ ਸ੍ਵੈ-ਇੱਛਾ ਨਾਲ ਕੀਤੇ ਪਰਵਾਸ ਦੇ ਨਾਲ ਨਾਲ ਅਫ਼ਰੀਕਾ ਤੋਂ ਸਿਆਹਫ਼ਾਮ ਲੋਕਾਂ ਦਾ ਵਗਾਰ ਕਰਨ ਲਈ ਜਬਰੀ ਪਰਵਾਸ ਕਰਾਇਆ ਗਿਆ। ਇਸ ਪਰਵਾਸ ਅਤੇ ਅਮਰੀਕਾ ਵਿਚ ਸਿਆਹਫ਼ਾਮ ਲੋਕਾਂ ਦੀ ਗ਼ੁਲਾਮੀ ਨੇ ਸਰਮਾਏਦਾਰੀ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ।
        ਭਾਸ਼ਾ ਅਤੇ ਲੋਕ-ਸੱਭਿਆਚਾਰਾਂ ਦੇ ਪਨਪਣ ਕਾਰਨ ਮਨੁੱਖ ਆਪਣੀ ਭੋਇੰ, ਸਥਾਨਿਕਤਾ ਅਤੇ ਸੱਭਿਆਚਾਰ ਨਾਲ ਜੁੜਦੇ ਗਏ, ਇਸ ਵਿਚ ਮਨੁੱਖ ਦੀ ਮਨੁੱਖ ਬਣਨ ਦੀ ਕਹਾਣੀ ਵੀ ਪਈ ਹੋਈ ਹੈ। ਇਹ ਵਰਤਾਰਾ ਏਨਾ ਜਟਿਲ ਅਤੇ ਗੁੰਝਲਦਾਰ ਸੀ ਕਿ ਕਈ ਸੱਭਿਆਚਾਰਾਂ ਵਿਚ ਆਪਣੀ ਭੋਇੰ ਨੂੰ ਛੱਡ ਕੇ ਦੂਸਰੇ ਖੇਤਰ ਜਾਂ ਦੇਸ਼ ਵਿਚ ਜਾਣ ਨੂੰ ਲਗਭਗ ਗੁਨਾਹ ਮੰਨਿਆ ਜਾਣ ਲੱਗਾ। ਪੰਜਾਬੀ ਅੰਗਰੇਜ਼ੀ ਹਕੂਮਤਾਂ ਦੀਆਂ ਫ਼ੌਜਾਂ ਵਿਚ ਭਰਤੀ ਹੋ ਕੇ ਦੂਰ-ਦੁਰਾਡੇ ਦੇਸ਼ਾਂ ਵਿਚ ਗਏ ਅਤੇ ਉਸ ’ਚੋਂ ਪਰਵਾਸ ਦੇ ਰੁਝਾਨ ਨੇ ਜਨਮ ਲਿਆ। ਪਹਿਲਾਂ-ਪਹਿਲ ਪੰਜਾਬੀ ਚੀਨ, ਮਿਆਂਮਾਰ, ਮਲੇਸ਼ੀਆ, ਸਿੰਘਾਪੁਰ ਗਏ, ਫਿਰ ਕੀਨੀਆ, ਯੂਗਾਂਡਾ ਆਦਿ, ਫਿਰ ਉਨ੍ਹਾਂ ਨੇ ਅਮਰੀਕਾ, ਕੈਨੈਡਾ, ਇੰਗਲੈਂਡ ਦਾ ਰੁਖ਼ ਕੀਤਾ। ਆਸਟਰੇਲੀਆ, ਨਿਊਜ਼ੀਲੈਂਡ, ਯੂਰਪ ਅਤੇ ਪੱਛਮੀ ਏਸ਼ੀਆ ਦੇ ਦੇਸ਼ (ਦੁਬਈ ਆਦਿ), ਕੋਈ ਧਰਤੀ ਪੰਜਾਬੀਆਂ ਲਈ ਅਜਨਬੀ ਨਾ ਰਹੀ। ਪੰਜਾਬੀ ਬੰਦਾ ਪਰਵਾਸ ਕਰਦਾ ਰਿਹਾ ਅਤੇ ਗੁਨਾਹਗਾਰ ਵੀ ਮਹਿਸੂਸ ਕਰਦਾ ਰਿਹਾ ਹੈ ਕਿ ਉਹ ਆਪਣੀ ਭੋਇੰ ਛੱਡ ਰਿਹਾ ਹੈ।
        ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਤੋਂ ਵੱਡੇ ਪੱਧਰ ’ਤੇ ਹੋ ਰਹੇ ਪਰਵਾਸ ਦਾ ਮੁੱਖ ਕਾਰਨ ਪੰਜਾਬੀ ਬੰਦੇ ਦੇ ਮਨ ਵਿਚ ਘਰ ਕਰ ਗਈ ਇਹ ਗੱਲ ਹੈ ਕਿ ਉਸ ਦੇ ਬੱਚਿਆਂ ਦਾ ਭਵਿੱਖ ਇਸ ਭੋਇੰ ’ਤੇ ਸੁਰੱਖਿਅਤ ਨਹੀਂ ਹੈ, ਉਸ ਨੂੰ ਭਵਿੱਖ ਕੈਨੇਡਾ ਤੋਂ ਸਿਵਾਏ ਹੋਰ ਕਿਤੇ ਦਿਖਾਈ ਨਹੀਂ ਦਿੰਦਾ, ਉਹ ਸਿਆਸੀ ਅਤੇ ਪ੍ਰਸ਼ਾਸਕੀ ਜਮਾਤ ਤੋਂ ਪਰੇਸ਼ਾਨ ਹੈ, ਉਹ ਜਾਣਦਾ ਹੈ ਕਿ ਇਹ ਜਮਾਤਾਂ ਪੰਜਾਬ ਦੇ ਮੁੱਖ ਵਸੀਲਿਆਂ, ਰਾਜ-ਪ੍ਰਬੰਧ, ਵਰਤਮਾਨ ਅਤੇ ਭਵਿੱਖ ’ਤੇ ਕਾਬਜ਼ ਹੋ ਚੁੱਕੀਆਂ ਹਨ, ਪੰਜਾਬ ਪ੍ਰਤੀ ਇਨ੍ਹਾਂ ਦੀ ਪ੍ਰਤੀਬੱਧਤਾ ਬਹੁਤ ਘੱਟ ਜਾਂ ਨਾ ਹੋਣ ਦੇ ਬਰਾਬਰ ਹੈ, ਸਿਆਸੀ ਆਗੂ ਮੂੰਹ-ਜ਼ਬਾਨੀ ਤਾਂ ਪੰਜਾਬ ਦੇ ਗੁਣ ਗਾਉਂਦੇ ਅਤੇ ਸਭ ਸਮੱਸਿਆਵਾਂ ਹੱਲ ਕਰਨ ਦੇ ਵਾਅਦੇ ਕਰਦੇ ਹਨ ਪਰ ਉਨ੍ਹਾਂ ਦਾ ਪ੍ਰਮੁੱਖ ਟੀਚਾ ਸੱਤਾ ਅਤੇ ਧਨ ਹਾਸਲ ਕਰਨਾ ਹੈ। ਅਜਿਹੇ ਹਾਲਾਤ ਵਿਚ ਪੰਜਾਬੀ ਮਜਬੂਰੀਵੱਸ ਪਰਵਾਸ ਕਰ ਰਹੇ ਹਨ, ਕਮਜ਼ੋਰ ਵਿੱਦਿਅਕ ਢਾਂਚੇ ਕਾਰਨ ਆਈਲੈੱਟਸ ਦਾ ਇਮਤਿਹਾਨ ਪਾਸ ਕਰਨਾ ਵੀ ਵੱਡੀ ਚੁਣੌਤੀ ਬਣ ਗਿਆ ਹੈ।
      ਪਰਵਾਸੀ ਵਰਤਮਾਨ ਵਿਚ ਭਾਵੇਂ ਕਮਜ਼ੋਰ ਹੋਵੇ ਪਰ ਉਸ ਦਾ ਭਵਿੱਖ ਉੱਜਲਾ ਹੁੰਦਾ ਹੈ, ਉਹ ਮਿਹਨਤ ਕਰਦਾ ਹੈ, ਸਿਰੜ ਤੇ ਮਿਹਨਤ ਦੇ ਜ਼ੋਰ ਨਾਲ ਆਸਾਂ-ਉਮੀਦਾਂ ਦਾ ਸੰਸਾਰ ਸਿਰਜਦਾ ਹੈ, ਥਾਮਸ ਨੇਲ (Thomas Nail) ਨਿਤਸ਼ੇ ਦੇ ਹਵਾਲੇ ਨਾਲ ਦੱਸਦਾ ਹੈ, ‘‘ਅਸੀਂ (ਭਾਵ ਪਰਵਾਸੀ) ਬੇਘਰੇ ਹਾਂ’’ ਪਰ ਅਸੀਂ ‘‘ਭਵਿੱਖ ਦੀ ਸੰਤਾਨ’’ ਹਾਂ, ਭਾਵ ਮਿਹਨਤ-ਮੁਸ਼ੱਕਤ ਕਰ ਕੇ ਪਰਵਾਸੀ ਆਪਣੇ ਭਵਿੱਖ ਨੂੰ ਮਜ਼ਬੂਤ, ਅਰਥ-ਭਰਪੂਰ ਅਤੇ ਸ਼ਕਤੀਸ਼ਾਲੀ ਬਣਾ ਲੈਂਦੇ ਹਨ। ਕੈਨੇਡਾ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚ ਪੰਜਾਬੀਆਂ ਨੇ ਇਹ ਕ੍ਰਿਸ਼ਮਾ ਕੀਤਾ ਹੈ।
        ਇਕ ਪਾਸੇ ਕੈਨੇਡਾ ਅਤੇ ਹੋਰ ਵਿਦੇਸ਼ੀ ਧਰਤੀਆਂ ਦਾ ਤਲਿੱਸਮ ਹੈ, ਦੂਸਰੇ ਪਾਸੇ ਪੰਜਾਬੀ ਬੰਦਾ ਆਪਣੀ ਧਰਤੀ ਨਾਲ ਜੁੜੇ ਰਹਿਣ ਲਈ ਤੜਪ ਰਿਹਾ ਹੈ, ਇਕ ਪਾਸੇ ਆਰਥਿਕਤਾ ਦੀ ਮਜਬੂਰੀ ਹੈ, ਦੂਸਰੇ ਪਾਸੇ ਉਹ ਸੱਭਿਆਚਾਰਕ, ਸਮਾਜਿਕ ਅਤੇ ਭਾਵਨਾਤਮਕ ਪੱਖਾਂ ਤੋਂ ਆਪਣੀ ਭੋਇੰ ਦੇ ਮੋਹ ’ਚ ਜਕੜਿਆ ਹੋਇਆ ਹੈ। ਉਹ ਬੇਚੈਨ ਹੈ, ਉਸ ਦੀ ਆਤਮਾ ਕੁਰਲਾ ਰਹੀ ਹੈ ਪਰ ਉਹ ਆਪਣੀ ਭੋਇੰ ਛੱਡਣ ਲਈ ਮਜਬੂਰ ਹੈ, ਉਹ ਆਪਣੇ ਆਪ ਨਾਲ ਹਿੰਸਾ ਕਰ ਰਿਹਾ ਹੈ। ਉਹਦਾ ਸਰੀਰ ਕੈਨੇਡਾ-ਅਮਰੀਕਾ ਵਿਚ ਰਹਿੰਦਾ ਹੈ ਪਰ ਉਹਦੀ ਰੂਹ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਜੂਹਾਂ ’ਚ ਭਟਕਦੀ ਹੈ, ਆਪਣੀ ਜੰਮਣ-ਭੋਇੰ ਦੇ ਮੋਹ-ਵੈਰਾਗ ਵਿਚ ਜਕੜਿਆ ਉਹ ਇਕ ਵੰਡੀ ਹੋਈ ਜ਼ਿੰਦਗੀ ਜਿਊਂਦਾ ਹੈ, ਉਹ ਜਾਣਦਾ ਹੈ ਕਿ ਇਹ ਉਸ ਦੀ ਹੋਣੀ ਹੈ, ਰੁਜ਼ਗਾਰ ਪ੍ਰਾਪਤ ਕਰਨ ਤੇ ਸਿਰ ਉੱਚਾ ਕਰ ਕੇ ਮਾਣ-ਸਨਮਾਨ ਦੀ ਜ਼ਿੰਦਗੀ ਜਿਊਣ ਲਈ ਉਸ ਨੂੰ ਪੰਜਾਬ ਛੱਡਣਾ ਪੈਣਾ ਹੈ।
      ਰੁਜ਼ਗਾਰ/ਕੰਮ ਮਨੁੱਖ ਦੇ ਹੋਣ ਦੀ ਸ਼ਾਹਰਗ ਹੈ। ਪਾਸ਼ ਨੇ ਲਿਖਿਆ ਸੀ, ‘‘ਕੰਮ ਜੋ ਆਦਮੀ ਦੀਆਂ ਨਸਾਂ ਵਿਚ ਵਹਿੰਦਾ ਹੈ/ਜਿਉਣ ਦੀ ਕੰਬਣੀ ਬਣ... ਕੰਮ ਇਕ ਬਲਦ ਹੈ ਧਰਤੀ ਦੇ ਹੇਠਲਾ/ ਕੰਮ ਅਕਾਸ਼ ਹੈ ਲਿਸ਼ਕਦਾ ਹੋਇਆ।’’ ਪੰਜਾਬ ਦੀ ਧਰਤੀ ’ਤੇ ਕੰਮ/ਰੁਜ਼ਗਾਰ ਦੀ ਘਾਟ ਅਤੇ ਰਾਜ-ਪ੍ਰਬੰਧ ਵਿਚ ਹੋਏ ਪਤਨ ਕਾਰਨ ਪੰਜਾਬੀ ਬੰਦਾ ਆਪਣੀ ਭੋਇੰ ਛੱਡ ਕੇ ‘ਲਿਸ਼ਕਦੇ ਅਕਾਸ਼ਾਂ’ ਵੱਲ ਧਾਅ ਰਿਹਾ ਹੈ। ਪੰਜਾਬ ਦੀ ਸਿਆਸੀ ਜਮਾਤ ਨੂੰ ਬਹੁਤ ਸੁਹਿਰਦਤਾ ਨਾਲ ਇਸ ਗੰਭੀਰ ਸੰਕਟ ਬਾਰੇ ਸੋਚਣ ਅਤੇ ਅਜਿਹੀ ਵਿਉਂਤਬੰਦੀ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਪੰਜਾਬੀ ਬੰਦੇ ਦਾ ਪੰਜਾਬ ਦੇ ਭਵਿੱਖ ਵਿਚ ਯਕੀਨ ਫਿਰ ਬਣ ਸਕੇ। ਇਸ ਬਾਰੇ ਗੱਲਾਂ ਕਰਨੀਆਂ ਆਸਾਨ ਹਨ ਪਰ ਇਹ ਬਹੁਤ ਜਟਿਲ, ਮੁਸ਼ਕਲ ਅਤੇ ਔਕੜਾਂ ਭਰਿਆ ਕਾਰਜ ਹੈ। ਪਰਵਾਸ ਦੇ ਕੇਂਦਰ ਦੁਆਬੇ ’ਚ ਜਨਮੇ ਸ਼ਾਇਰ ਮੁਨੀਰ ਨਿਆਜ਼ੀ ਦਾ ਕਥਨ ਹੈ, ‘‘ਕੰਮ ਉਹੋ ਮੁਨੀਰ ਸੀ ਮੁਸ਼ਕਲਾਂ ਦਾ/ ਜਿਹੜਾ ਸ਼ੁਰੂ ’ਚ ਬਹੁਤ ਆਸਾਨ ਦਿਸਿਆ।’’