ਭਵਿੱਖਵਾਦੀ ਨੀਤੀਵੇਤਾ ਸਨ ਰਾਮ ਮਨੋਹਰ ਲੋਹੀਆ - ਯੋਗੇਂਦਰ ਯਾਦਵ

ਲੋਕ ਮੇਰੀਆਂ ਗੱਲਾਂ ਉਪਰ ਧਿਆਨ ਦੇਣਗੇ ਪ੍ਰੰਤੂ ਮੇਰੇ ਮਰਨ ਬਾਅਦ। ਇਹ ਸ਼ਬਦ ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਦੇ ਹਨ ਜਿਨ੍ਹਾਂ ਉਪਰ ਅੱਜ (12 ਅਕਤੂਬਰ) ਉਨ੍ਹਾਂ ਦੀ 50ਵੀਂ ਬਰਸੀ ਮੌਕੇ ਸੰਜੀਦਾ ਵਿਚਾਰ ਕਰਨ ਵਾਸਤੇ ਬਹੁਤ ਢੁਕਵਾਂ ਅਵਸਰ ਹੈ। ਅਸਲ ਵਿੱਚ, ਲੋਹੀਆ ਇੱਕੀਵੀਂ ਸਦੀ ਦੇ ਚਿੰਤਕ ਸਨ। ਉਹ 'ਆਧੁਨਿਕ ਭਾਰਤੀ ਸਿਆਸੀ ਸੋਚ' ਦੇ ਆਖ਼ਰੀ ਮਹਾਨ ਚਿੰਤਕ ਸਨ। ਨਾਲ ਹੀ ਉਹ ਅਜੋਕੇ ਭਾਰਤ ਲਈ ਵੀ ਬਹੁਤ ਪ੍ਰਾਸੰਗਿਕ ਚਿੰਤਕ ਹਨ।
ਲੋਹੀਆ ਤੋਂ ਸਿੱਖਣ ਦੀ ਸ਼ੁਰੂਆਤ, ਉਹ ਕੀ ਸਨ, ਯਾਦ ਕਰਦਿਆਂ ਹੋਣੀ ਚਾਹੀਦੀ ਹੈ ਕਿਉਂਕਿ ਨਵੀਂ ਪੀੜ੍ਹੀ ਉਨ੍ਹਾਂ ਬਾਰੇ ਅਣਜਾਣ ਹੈ। 1910 ਵਿੱਚ ਜਨਮੇ ਲੋਹੀਆ ਇਕ ਆਜ਼ਾਦੀ ਘੁਲਾਟੀਏ, ਸਮਾਜਵਾਦੀ ਨੇਤਾ, ਸੰਸਦ ਮੈਂਬਰ ਅਤੇ ਕਾਂਗਰਸ ਖ਼ਿਲਾਫ਼ ਇਕਜੁੱਟ ਹੋ ਰਹੀਆਂ ਸਿਆਸੀ ਪਾਰਟੀਆਂ ਲਈ ਪ੍ਰੇਰਨਾ ਸਰੋਤ ਸਨ। ਸੁਭਾਅ ਪੱਖੋਂ ਸਕਾਲਰ ਸਨ। ਉਨ੍ਹਾਂ ਨੇ ਜਰਮਨੀ ਤੋਂ ਡਾਕਟਰੇਟ ਕੀਤੀ ਹੋਈ ਸੀ। ਉਨ੍ਹਾਂ ਨੇ ਬਹੁਤ ਲਿਖਿਆ-ਸਿਰਫ ਸਿਆਸਤ ਉਪਰ ਨਹੀਂ, ਵਿਚਾਰਧਾਰਾਵਾਂ 'ਤੇ ਵੀ ਅਤੇ ਇਤਿਹਾਸ, ਮਿਥਿਹਾਸ 'ਤੇ' ਫਿਲਾਸਫੀ ਉਪਰ ਵੀ, ਵੱਡੀ ਗਿਣਤੀ ਲੇਖਕਾਂ ਤੇ ਕਲਾਕਾਰਾਂ ਲਈ ਪ੍ਰੇਰਨਾ ਸ੍ਰੋਤ ਵੀ ਸਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਉਹ ਇਕ ਨੇਤਾ ਹੋਣ ਦੇ ਨਾਲ-ਨਾਲ ਚਿੰਤਕ ਵੀ ਸਨ। ਸਾਡੀ ਅਜੋਕੀ ਸਿਆਸਤ ਵਿੱਚ ਅਜਿਹਾ ਸੁਮੇਲ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਹੈ।
ਲੋਹੀਆ ਕੋਲੋਂ ਸਿੱਖਣ ਲਈ ਪਹਿਲਾਂ ਸਾਨੂੰ ਆਪਣੀ ਸੋਚ ਵਿੱਚੋਂ ਉਨ੍ਹਾਂ ਬਾਰੇ ਪਏ ਭੰਬਲਭੂਸਿਆਂ ਤੇ ਗ਼ਲਤਫਹਿਮੀਆਂ ਨੂੰ ਦੂਰ ਕਰਨਾ ਹੋਵੇਗਾ। ਉਨ੍ਹਾਂ ਦੇ ਸਮੇਂ ਅਤੇ ਉਸ ਤੋਂ ਬਾਅਦ ਦੇ ਸੂਝਵਾਨ ਵਰਗ ਨੇ, ਉਨ੍ਹਾਂ ਦੇ ਵਿਚਾਰਾਂ ਨੂੰ ਲਗਾਤਾਰ ਗਲਤ ਸਮਝਿਆ। ਲਗਦਾ ਹੈ ਕਿ ਲੋਹੀਆ ਨੂੰ ਉਨ੍ਹਾਂ ਦੇ ਤਿੰਨ ਪ੍ਰਮੁੱਖ 'ਗੁਨਾਹਾਂ' - ਉਨ੍ਹਾਂ ਨੇ ਨਹਿਰੂ ਦਾ ਉਸ ਸਮੇਂ ਵਿਰੋਧ ਕੀਤਾ ਜਦੋਂ ਉਹ ਅਰਧ-ਦੇਵਤੇ ਵਜੋਂ ਉੱਭਰੇ ਸਨ, ਉੱਚ ਜਾਤ ਦੇ ਦਬਦਬੇ ਉਪਰ ਸਵਾਲ ਉਠਾਇਆ ਜਦੋਂ ਕੋਈ ਵੀ ਜਾਤ-ਪਾਤ ਬਾਰੇ ਨਹੀਂ ਬੋਲਦਾ ਸੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾਉਣ ਦਾ ਵਿਰੋਧ ਕੀਤਾ ਸੀ। ਇਸ ਵਿਰੋਧ ਨੇ ਉਨ੍ਹਾਂ ਨੂੰ ਉਸ ਸਮੇਂ ਰਾਇ ਬਣਾਉਣ ਵਾਲਿਆਂ, ਸਮੇਤ ਉਦਾਰਵਾਦੀਆਂ ਤੇ ਖੱਬੇ-ਪੱਖੀਆਂ, ਦੀਆਂ ਨਜ਼ਰਾਂ ਵਿੱਚ ਡੇਗ ਦਿੱਤਾ ਸੀ। ਇਹੀ ਕਾਰਨ ਸਨ ਜਿਨ੍ਹਾਂ ਕਰਕੇ ਲੋਹੀਆ ਨੂੰ ਭੁਲਾ ਦਿੱਤਾ ਗਿਆ ਜਾਂ ਗਲਤ ਕਾਰਨਾਂ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਰਿਹਾ ਹੈ।
ਲੋਹੀਆ ਨੂੰ ਆਮ ਕਰਕੇ ਤਿੰਨ ਗੱਲਾਂ ਲਈ ਜਾਣਿਆ ਜਾਂਦਾ ਹੈ- ਉਸ ਦਾ ਗ਼ੈਰ-ਕਾਂਗਰਸਵਾਦ, ਉਸ ਵੱਲੋਂ ਓਬੀਸੀ ਰਾਖਵੇਂਕਰਨ ਦੀ ਵਕਾਲਤ ਕਰਨ ਅਤੇ ਅੰਗਰੇਜ਼ੀ ਹਟਾਓ ਆਵਾਜ਼ ਉਠਾਉਣ। ਇਹ ਤਿੰਨ ਗੱਲਾਂ, ਲੋਹੀਆ ਵੱਲੋਂ ਜਿਸ ਕਰਕੇ ਆਵਾਜ਼ ਉਠਾਈ ਗਈ ਸੀ, ਬਹੁਤ ਗੰਭੀਰ ਗਲਤਫਹਿਮੀਆਂ ਪੈਦਾ ਕਰ ਗਈਆਂ। ਗ਼ੈਰ-ਕਾਂਗਰਸਵਾਦ, 1960ਵਿਆਂ ਦੌਰਾਨ ਉਸ ਸਮੇਂ ਜਦੋਂ ਵਿਰੋਧੀ ਸਿਆਸੀ ਪਾਰਟੀਆਂ ਖਿੰਡੀਆਂ ਹੋਈਆਂ ਸਨ, ਕਾਂਗਰਸ ਨੂੰ ਨੁੱਕਰੇ ਲਾਉਣ ਲਈ ਇਕ ਰਣਨੀਤੀ ਤੋਂ ਵੱਧ ਕੁਝ ਨਹੀਂ ਸੀ। ਇਹ ਸਿਆਸੀ ਭੁੱਖ ਜਾਂ ਵਿਚਾਰਧਾਰਾ ਨਹੀਂ ਸੀ ਜਿਵੇਂ ਕਿ ਨਿਤੀਸ਼ ਕੁਮਾਰ ਵਰਗੇ ਸਮਾਜਵਾਦੀ ਨੇਤਾ ਭਾਜਪਾ ਨਾਲ ਭਾਈਵਾਲੀ ਪਾਉਣ ਸਮੇਂ ਅਕਸਰ ਦਾਅਵਾ ਕਰਦੇ ਹਨ। ਲੋਹੀਆ ਨੇ ਦਰਅਸਲ, ਢੁਕਵੇਂ ਸਮੇਂ ਤੋਂ ਪਹਿਲਾਂ ਸ਼ੂਦਰਾਂ ਲਈ ਰਾਖਵੇਂਕਰਨ ਦੀ ਵਕਾਲਤ ਕਰ ਦਿੱਤੀ ਸੀ। ਪਰ ਉਨ੍ਹਾਂ ਲਈ ਇਹ ਵਰਗ ਓਬੀਸੀ ਤੱਕ ਸੀਮਤ ਨਹੀਂ ਸਗੋਂ ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਲਈ ਵੀ ਸੀ, ਉਨ੍ਹਾਂ ਦੀਆਂ ਜਾਤਾਂ ਜਾਂ ਭਾਈਚਾਰਿਆਂ ਬਗੈਰ। ਲੋਹੀਆ ਲਈ ਸਮਾਜਿਕ ਨਿਆਂ ਸਿਰਫ ਰਾਖਵੇਂਕਰਨ ਤੱਕ ਸੀਮਤ ਨਹੀਂ ਸੀ ਸਗੋਂ ਉਹ ਜਾਤ-ਪਾਤ ਤੇ ਲਿੰਗਕ ਬਰਾਬਰੀ ਲਈ ਸੰਘਰਸ਼ ਦਾ ਇਸ ਨੂੰ ਇਕ ਹਿੱਸਾ ਮੰਨਦੇ ਸਨ। ਇਸ ਤਰ੍ਹਾਂ ਉਹ ਅੰਗਰੇਜ਼ੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਬਣਾਈ ਰੱਖਣ ਦਾ ਵਿਰੋਧ ਕਰਦੇ ਸਨ ਪਰ ਉਨ੍ਹਾਂ ਦਾ ਵਿਰੋਧ ਜਨਤਕ ਜੀਵਨ ਉਪਰ ਅੰਗਰੇਜ਼ੀ ਭਾਸ਼ਾ ਦੇ ਭਾਰੂ ਹੋਣ ਖ਼ਿਲਾਫ਼ ਸੀ ਨਾ ਕਿ ਅੰਗਰੇਜ਼ੀ ਭਾਸ਼ਾ ਜਾਂ ਅੰਗਰੇਜ਼ੀ ਸਾਹਿਤ ਦੇ ਵਿਰੋਧ ਵਿੱਚ। ਉਹ ਆਪ ਇਸ ਦੇ ਕਦਰਦਾਨ ਸਨ। ਉਹ ਹਿੰਦੀ ਦੀ ਵੀ ਵਕਾਲਤ ਨਹੀਂ ਕਰਦੇ ਸਨ ਸਗੋਂ ਇਹ ਕਹਿੰਦੇ ਸੀ ਕਿ ਸਰਕਾਰੀ ਭਾਸ਼ਾ ਵਜੋਂ ਅੰਗਰੇਜ਼ੀ ਦੀ ਬਜਾਏ, ਭਾਰਤੀ ਭਾਸ਼ਾਵਾਂ ਨੂੰ ਸਥਾਨ ਮਿਲਣਾ ਚਾਹੀਦਾ ਹੈ।
ਜਦੋਂ ਅਸੀਂ ਆਪਣੇ ਮਨਾਂ ਵਿੱੱਚੋਂ ਉਪਰੋਕਤ ਗ਼ਲਤਫਹਿਮੀਆਂ ਦੂਰ ਕਰ ਲਵਾਂਗੇ, ਅਸੀਂ ਇਹ ਵੇਖਣਾ ਸ਼ੁਰੂ ਕਰ ਸਕਦੇ ਹਾਂ ਕਿ ਅਸਲ ਵਿੱਚ ਲੋਹੀਆ ਕੀ ਸਨ- ਇਕ ਬੁੱਤਸ਼ਿਕਨ, ਇਕ ਸੁਪਨਸਾਜ਼, ਬਸਤੀਵਾਦੀ ਦੌਰ ਤੋਂ ਬਾਅਦ ਦਾ ਇਕ ਚਿੰਤਕ ਜਾਂ ਇਕ ਸਹੀ ਕੌਮਾਂਤਰੀਵਾਦੀ। ਲੋਹੀਆ ਨੇ ਸਾਨੂੰ ਵੀਹਵੀਂ ਸਦੀ ਦੇ ਦਵੈਤਵਾਦ, ਭਾਵ ਪੂੰਜੀਵਾਦ ਬਨਾਮ ਸਾਮਵਾਦ, ਕੌਮੀਵਾਦ ਬਨਾਮ ਕੌਮਾਂਤਰੀਵਾਦ, ਰਵਾਇਤ ਬਨਾਮ ਆਧੁਨਿਕਤਾ ਤੋਂ ਅਗਾਂਹ ਤੀਸਰਾ ਮਾਰਗ ਵਿਖਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗ਼ੈਰ-ਯੂਰੋਪੀਅਨ ਸਮਾਜਾਂ ਨੂੰ ਕਦੇ ਵੀ ਯੂਰੋਪ ਦੇ ਇਤਿਹਾਸ ਵਿੱਚ ਮੁੜ ਜਿਊਣ ਲਈ ਯਤਨ ਨਹੀਂ ਕਰਨੇ ਚਾਹੀਦੇ। ਉਨ੍ਹਾਂ ਭਾਰਤ ਦੇ ਵਰਤਮਾਨ ਤੇ ਭਵਿੱਖ ਬਾਰੇ ਨਵੇਂ ਚਿੰਤਨ ਲਈ ਦਰਵਾਜ਼ੇ ਖੋਲ੍ਹ ਦਿੱਤੇ।
ਲੋਹੀਆ ਲਈ ਸਮਾਜਵਾਦ, ਪੂੰਜੀਵਾਦ ਤੇ ਸਾਮਵਾਦ ਤੋਂ ਵਿਲੱਖਣ ਮੱਤਵਾਦ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਵੀਹਵੀਂ ਸਦੀ ਦੀਆਂ ਦੋਵੇਂ, ਪੂੰਜੀਵਾਦੀ ਤੇ ਸਾਮਵਾਦੀ ਆਰਥਿਕ ਪ੍ਰਣਾਲੀਆਂ ਵੱਡੀਆਂ ਸਨਅਤਾਂ, ਵੱਡੇ ਪੱਧਰ 'ਤੇ ਤਕਨਾਲੋਜੀ ਅਤੇ ਕੇਂਦਰੀਕਰਨ ਦੇ ਖ਼ਬਤ ਨਾਲ ਜੁੜੀਆਂ ਹੋਈਆਂ ਹਨ। ਅਜਿਹਾ ਮਾਡਲ ਬਸਤੀਵਾਦੀ ਲੁੱਟਮਾਰ ਨਾਲ ਜੁੜਿਆ ਹੈ ਅਤੇ ਇਹ ਵਿਸ਼ਵ ਵਿੱਚ ਬਰਾਬਰੀ ਨਹੀਂ ਲਿਆ ਸਕਦਾ। ਦਰਅਸਲ, ਉਨ੍ਹਾਂ ਨੇ ਤੀਜੇ ਮਾਰਗ ਭਾਵ ਸਮਾਜਵਾਦ ਦੀ ਤਜਵੀਜ਼ ਰੱਖੀ ਜੋ ਛੋਟੀਆਂ ਤਕਨਾਲੋਜੀਆਂ, ਪੇਂਡੂ ਸਨਅਤ ਅਤੇ ਵਿਕੇਂਦਰੀਕਰਨ 'ਤੇ ਆਧਾਰਤ ਹੈ। ਉਨ੍ਹਾਂ ਆਰਥਿਕ ਅਸਾਸਿਆਂ ਦੀ ਸਹਿਕਾਰੀ ਮਾਲਕੀ ਦੀ ਤਜਵੀਜ਼ ਪੇਸ਼ ਕਰਦਿਆਂ, ਪ੍ਰਾਈਵੇਟ ਤੇ ਸਰਕਾਰੀ ਮਾਲਕੀ ਉਪਰ ਬਹਿਸ ਨੁੱਕਰੇ ਲਾ ਦਿੱਤੀ।
ਲੋਹੀਆ ਨੇ ਸੱਭਿਆਚਾਰ ਪਛਾਣ ਉਪਰ ਸਮਕਾਲੀ ਬਹਿਸਾਂ ਵਿੱਚ ਤੀਸਰਾ ਰਾਹ ਵਿਖਾਇਆ। ਉਨ੍ਹਾਂ ਕੱਟੜ ਕੌਮਪ੍ਰਸਤੀ ਤੇ ਜੜ੍ਹੋਂ ਉੱਖੜੇ ਸੱਭਿਆਚਾਰਾਂ ਵਾਲੇ ਕੌਮਾਂਤਰੀਵਾਦ ਦੀ ਥਾਂ ਸੱਭਿਆਚਾਰਾਂ ਨਾਲ ਜੁੜੇ ਕੌਮਾਂਤਰੀਵਾਦ ਨੂੰ ਤਜਵੀਜ਼ ਕੀਤਾ। ਉਨ੍ਹਾਂ ਦਰੋਪਦੀ ਨੂੰ ਭਾਰਤੀ ਨਾਰੀਵਾਦ ਦੇ ਚਿੱਤਰ ਵਜੋਂ ਪੇਸ਼ ਕੀਤਾ, ਰਾਮਾਇਣ ਨੂੰ ਉੱਤਰ-ਦੱਖਣ ਏਕਤਾ ਦਾ ਮਹਾਕਾਵਿ ਕਰਾਰ ਦਿੱਤਾ ਅਤੇ ਮਹਾਭਾਰਤ ਨੂੰ ਪੂਰਬ ਤੇ ਪੱਛਮ ਦੀ ਏਕਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਦਾ ਸੁਪਨਾ ਸੀ ਕਿ ਰਾਮਾਇਣ ਮੇਲਾ ਲੱਗੇ ਜਿੱਥੇ ਰਾਮਾਇਣ ਦੇ ਸਾਰੇ ਰੂੜੀਵਾਦੀ ਤੇ ਭਿੰਨ-ਮਤੀਏ ਪੱਖਾਂ ਦਾ ਗਾਇਨ ਹੋਵੇ। ਉਹ ਪਹਿਲੇ ਸਨ ਜਿਨ੍ਹਾਂ ਨੇ ਦਰਿਆਵਾਂ ਦੇ ਗੰਧਲੇ ਹੋਣ ਵੱਲ ਧਿਆਨ ਖਿੱਚਿਆ ਅਤੇ ਪਵਿੱਤਰ ਅਸਥਾਨਾਂ ਦੀ ਸਫ਼ਾਈ ਉਪਰ ਜ਼ੋਰ ਦਿੱਤਾ। ਉਨ੍ਹਾਂ ਸਮਾਜਵਾਦੀ ਸਿਆਸਤ ਨਾਲ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰਕ ਊਰਜਾਵਾਂ ਨੂੰ ਜੋੜਨ ਉਪਰ ਜ਼ੋਰ ਦਿੱਤਾ। ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਦੇਸ਼ ਨੂੰ ਚੀਨ ਦੇ ਨਾਪਾਕ ਇਰਾਦਿਆਂ ਤੋਂ ਸੁਚੇਤ ਕੀਤਾ। ਉਨ੍ਹਾਂ ਹਿਮਾਲੀਅਨ ਸਰਹੱਦਾਂ ਦੀ ਸੁਰੱਖਿਆ ਉਪਰ ਨਹਿਰੂ ਵੱਲੋਂ ਤਸੱਲੀ ਪ੍ਰਗਟਾਏ ਜਾਣ ਕਾਰਨ ਉਨ੍ਹਾਂ ਦੀ ਖਿਚਾਈ ਵੀ ਕੀਤੀ।
ਉਨ੍ਹਾਂ ਨੇ ਭਾਰਤ ਦੇ ਧਰਮ ਨਿਰਪੱਖ, ਆਧੁਨਿਕ ਤੇ ਕੌਮਾਂਤਰੀਵਾਦੀ ਮੁਹਾਂਦਰੇ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਜੋੜਿਆ। ਉਹ ਧਰਤੀ ਉਪਰ ਵਸਦੇ ਸਾਰੇ ਲੋਕਾਂ ਰਾਹੀਂ ਚੁਣੀ ਹੋਈ ਆਲਮੀ ਸਰਕਾਰ ਤੇ ਆਲਮੀ ਸੰਸਦ ਦੇ ਪੱਖ ਵਿੱਚ ਸਨ। ਬਸਤੀਵਾਦ ਦੇ ਸਾਰੇ ਰੂਪਾਂ ਦੇ ਵਿਰੋਧੀ ਲੋਹੀਆ, ਕੌਮਾਂਤਰੀ ਪੱਧਰ 'ਤੇ ਬਰਾਬਰੀ ਚਾਹੁੰਦੇ ਸਨ। ਸ਼ਾਇਦ ਉਹ ਭਾਰਤ ਦੇ ਕੇਵਲ ਇਕ ਹੀ ਨੇਤਾ ਸਨ ਜਿਨ੍ਹਾਂ ਨੇ ਅਮਰੀਕਾ ਵਿੱਚ ਚੱਲ ਰਹੇ ਨਾਗਰਿਕ ਅਧਿਕਾਰਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਤੇ ਗ੍ਰਿਫ਼ਤਾਰੀ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ। ਉਨ੍ਹਾਂ ਨਸਲੀ ਭੇਦਭਾਵ ਦਾ ਸਖ਼ਤ ਵਿਰੋਧ ਵੀ ਕੀਤਾ ਸੀ।
ਆਖੀਰ ਵਿੱਚ, ਅਸੀਂ ਕਹਿ ਸਕਦੇ ਹਾਂ ਕਿ ਰਾਮ ਮਨੋਹਰ ਲੋਹੀਆ ਨੇ ਭਾਰਤ ਅੰਦਰ 20ਵੀਂ ਸਦੀ ਵਿੱਚ ਭਾਰੂ ਦਵੈਤਵਾਦ ਤੋਂ ਅਗਾਂਹ ਕਦਮ ਚੁੱਕਦਿਆਂ ਆਧੁਨਿਕਤਾ ਬਾਰੇ ਨਵੀਂ ਸੋਚ ਦਾ ਆਗਾਜ਼ ਕੀਤਾ ਸੀ। ਉਨ੍ਹਾਂ ਅਜਿਹੀ ਆਧੁਨਿਕਤਾ ਦਾ ਵਿਰੋਧ ਕੀਤਾ ਜੋ ਸਾਨੂੰ ਸ਼ਹਿਰਾਂ, ਪੜ੍ਹੇ-ਲਿਖੇ ਤੇ ਪੱਛਮੀ ਪ੍ਰਭਾਵ ਅਪਨਾਉਣ ਵਾਲੇ ਭਾਰਤੀਆਂ ਵਿੱਚ ਅਕਸਰ ਵਿਖਾਈ ਦਿੰਦੀ ਹੈ। ਉਨ੍ਹਾਂ ਨੇ ਅਜਿਹੇ ਰਵਾਇਤਵਾਦੀਆਂ ਦਾ ਵੀ ਬਰਾਬਰ ਵਿਰੋਧ ਕੀਤਾ ਜਿਹੜੇ ਹਰੇਕ ਰਵਾਇਤ ਦਾ ਪਾਲਣ ਕੀਤੇ ਜਾਣ ਦੀ ਆਸ ਰੱਖਦੇ ਅਤੇ ਹਰੇਕ ਆਧੁਨਿਕ ਕਾਢ ਨੂੰ ਪੁਰਾਤਨ ਯੁੱਗ ਨਾਲ ਜੋੜਨ ਦਾ ਯਤਨ ਕਰਦੇ ਹਨ। ਉਹ ਸਪੱਸ਼ਟ ਸਨ ਕਿ ਆਧੁਨਿਕਤਾ ਦਾ ਸਾਰ ਸਾਡੀ ਵਿਰਾਸਤ ਵਿੱਚ ਛੁਪਿਆ ਹੈ ਜੋ ਸਾਡੀਆਂ ਚੁਣੌਤੀਆਂ ਦੇ ਹੱਲ ਦੇ ਸਮਰੱਥ ਹੈ। ਇਸ ਲਈ ਆਧੁਨਿਕਤਾ ਕਦੇ ਵੀ ਨਕਲੀ ਨਹੀਂ ਹੋ ਸਕਦੀ ਅਤੇ ਨਾ ਹੀ ਇਹ ਮਨੁੱਖੀ ਵਿਰਾਸਤ ਵੱਲ ਪਿੱਠ ਕਰ ਸਕਦੀ ਹੈ। ਇੰਜ ਲੋਹੀਆ ਨੇ 'ਦੇਸੀ ਆਧੁਨਿਕਤਾ' ਦੀ ਵਿਆਖਿਆ ਕੀਤੀ।
       ਉਨ੍ਹਾਂ ਨੇ ਆਪਣੇ ਇਕ ਚਰਚਿਤ ਭਾਸ਼ਨ ਵਿੱਚ ਯੂਨੀਵਰਸਿਟੀ ਗਰੈਜੂਏਟਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਅਜਿਹੀ ਆਧੁਨਿਕਤਾ ਨੂੰ ਆਕਾਰ ਦੇਣ ਜਿਹੜੀ ਯੂਰੋਪ ਨੇ ਪਹਿਲਾਂ ਕਦੇ ਵੀ ਵੇਖੀ ਜਾਂ ਜਾਣੀ ਨਾ ਹੋਵੇ। ਇਤਫ਼ਾਕਵੱਸ, ਉਨ੍ਹਾਂ ਨੇ ਇਹ ਭਾਸ਼ਨ ਬਨਾਰਸ ਹਿੰਦੂ ਯੂਨਵਿਰਸਿਟੀ ਵਿੱਚ ਹੀ ਦਿੱਤਾ ਸੀ।