ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਹਾਇਤਾ ਦੇਣ ਦੇ ਸੰਦਰਭ ਵਿੱਚ - ਬਘੇਲ ਸਿੰਘ ਧਾਲੀਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ,ਇਸ ਸੰਸਥਾ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਜਿਸ ਦੀ ਜੁੰਮੇਵਾਰੀ ਸਿੱਖੀ ਦੇ ਪ੍ਰਚਾਰ, ਪਾਸਾਰ ਤੋ ਇਲਾਵਾ ਇਹਾਸਿਕ ਗੁਰਦੁਆਰਾ ਸਹਿਬਾਨਾਂ ਦੀ ਸਾਂਭ ਸੰਭਾਲ,ਸਿੱਖੀ ਦੀ ਸਾਂਭ ਸੰਭਾਲ, ਸਿਧਾਂਤਾਂ ਦੀ ਰਾਖੀ ਅਤੇ ਸਮੁੱਚੇ ਗੁਰਦੁਆਰਾ ਪ੍ਰਬੰਧਾਂ ਚ ਸੁਧਾਰ ਕਰਨ ਦੀ ਹੈ। ਗੁਰੂ ਕੀ ਗੋਲਕ ਨਾਲ ਗਰੀਬ ਲੋੜਬੰਦ ਸਿੱਖਾਂ ਦੀਆਂ ਜਰੂਰੀ ਲੋੜਾਂ ਦੀ ਪੂਰਤੀ, ਜਿਵੇਂ ਸਿੱਖ ਬੱਚਿਆਂ ਨੂੰ ਸਿੱਖਿਆ ਦੇ ਪ੍ਰਬੰਧ ਕਰਨੇ ਅਤੇ ਸਮੇਂ ਦੀ ਲੋੜ ਅਨੁਸਾਰ ਸਿਹਤ ਸਹੂਲਤਾਂ ਲਈ ਚੰਗੇ ਹਸਪਤਾਲ ਬਨਾਉਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਜਾਂ ਵਿੱਚ ਸ਼ਾਮਲ ਹੈ। ਸਿੱਖੀ ਦੀ ਸਾਂਭ ਸੰਭਾਲ ਤੋ ਭਾਵ ਹੈ ਕਿ ਸਿੱਖੀ ਤੇ ਹੋ ਰਹੇ ਬਾਹਰੀ ਹਮਲਿਆਂ ਨੂੰ ਰੋਕਣ ਲਈ ਸਿੱਖ ਲਾਮਬੰਦੀ ਅਤੇ ਸਿੱਖੀ ਦੀ ਆਣ ਇੱਜਤ ਦੀ ਰਾਖੀ ਕਰਦੇ ਜੁਝਾਰੂ ਸਿੰਘਾਂ ਦੀ ਹਰ ਤਰਾਂ ਦੀ ਸਹਾਇਤਾ ਕਰਨਾ ਵੀ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਫਰਜਾਂ ਵਿੱਚੋ ਇੱਕ ਅਹਿਮ ਫਰਜ ਹੈ, ਪਰ ਅਫਸੋਸ! ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਹੁਤ ਲੰਮੇ ਅਰਸੇ ਤੋਂ ਅਜਿਹੇ ਲੋਕ ਕਾਬਜ ਹਨ, ਜਿਹੜੇ ਸਿੱਖੀ ਦੀ ਸਾਂਭ ਸੰਭਾਲ ਨਹੀ, ਬਲਕਿ ਸਿੱਖੀ ਦੇ ਦੁਸ਼ਮਣ ਬਣ ਕੇ ਵਿਚਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਜਿੰਨੇ ਕੁ ਉੱਪਰ ਦਿੱਤੇ ਫਰਜਾਂ ਅਤੇ ਸੇਵਾਵਾਂ ਦੀ ਗੱਲ ਕੀਤੀ ਗਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਸਿੱਖੀ ਭੇਖ ਵਿੱਚ ਬੈਠੇ ਨਰੈਣੂ ਮਹੰਤ ਦੇ ਵਾਰਸ ਉਨਾਂ ਸਾਰੇ ਫਰਜਾਂ ਤੋ ਉਲਟ ਕਰ ਰਹੇ ਹਨ। ਗੁਦੁਆਰਾ ਪ੍ਰਬੰਧਾਂ ਚ ਵਿਪਰਵਾਦ, ਪਖੰਡਵਾਦ ਅਤੇ ਬ੍ਰਾਹਮਵਾਦੀ ਕਰਮਕਾਂਡਾਂ ਨੂੰ ਰਲਗੱਡ ਕਰਨ ਦੇ ਸਫਲ ਜਤਨ ਲਗਾਤਾਰ ਕੀਤੇ ਜਾ ਰਹੇ ਹਨ। ਪੰਥਕ ਸੋਚ ਰੱਖਣ ਵਾਲੇ ਲੋਕਾਂ ਲਈ ਕਈ ਵਾਰ ਗੁਰਦੁਆਰਾ ਸਾਹਿਬਾਨਾਂ ਦੇ  ਦਰਬਾਜੇ ਵੀ ਬੰਦ ਹੋ ਜਾਂਦੇ ਹਨ, ਕਿਉਂਕਿ ਸਿੱਖ ਦੁਸ਼ਮਣ ਤਾਕਤਾਂ ਕਦੇ ਵੀ ਨਹੀ ਚਾਹੁੰਦੀਆਂ ਕਿ ਗੁਰਦਆਰਿਆਂ ਚੋ ਸਿੱਖੀ ਸਿਧਾਂਤਾਂ ਦੀ ਗੱਲ ਕੀਤੀ ਜਾਵੇ। ਤਤਕਾਲੀ ਕੇਂਦਰੀ ਕਾਂਗਰਸ ਸਰਕਾਰ ਨਾਲ ਸਾਂਝ ਭਿਆਲੀ ਪਾ ਕੇ ਜੂਨ 1984 ਵਿੱਚ ਫੌਜੀ ਹਮਲੇ ਨਾਲ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਵਾਉਣ, ਵੀਹਵੀ ਸਦੀ ਦੇ ਮਹਾਂਨ ਸਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਉਹਨਾਂ ਦੇ ਮੁੱਠੀਭਰ ਜੁਝਾਰੂ ਸਿੱਖ ਸਾਥੀਆਂ ਦੇ ਨਾਲ ਹਜਾਰਾਂ ਬੇਗੁਨਾਹ ਸਿੱਖ ਸਰਧਾਲੂਆਂ ਨੂੰ ਕੋਹ ਕੋਹ ਕੇ ਮਾਰਨ,  ਲਈ ਜੋ ਲੋਕ ਜੁੰਮੇਵਾਰ ਹਨ, ਬਦਕਿਸਮਤੀ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਵੀ ਉਹ ਹੀ ਲੋਕ ਹਨ।ਜੂਨ 84 ਦੇ ਰੋਸ ਵਜੋਂ ਸੀਸ ਤਲੀ ਤੇ ਧਰਕੇ ਧਰਮ ਕੌਂਮ ਦੀ ਰਾਖੀ ਖਾਤਰ ਉੱਠੀ ਸਿੱਖ ਖਾੜਕੂ ਲਹਿਰ ਨੂੰ ਖਤਮ ਕਰਨ ਦੇ ਬਹਾਨੇ ਜਿਸ ਤਰਾਂ ਸਿੱਖਾਂ ਦੀ ਇੱਕ ਪੀਹੜੀ ਨੂੰ ਖਤਮ ਕੀਤਾ ਗਿਆ, ਉਹ ਜੁਲਮੀ ਦਾਸਤਾਂਨ ਤੋਂ ਪੂਰੀ ਦੁਨੀਆਂ ਬਾ ਖੂਬੀ ਵਾਕਫ ਹੈ। ਇਸ ਜਬਰ ਜੁਲਮ ਦਾ ਬਦਲਾ ਲੈਣ ਵਾਲੇ ਭਾਵ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਵਾਲੇ ਜੁਝਾਰੂ ਸਿੰਘਾਂ ਦੇ ਕਾਰਨਾਮੇ ਨੂੰ ਸਿੱਖ ਜਗਤ ਝੁਕ ਝੁਕ ਕੇ ਸਲਾਮ  ਕਰਦਾ ਹੈ ਅਤੇ ਉਹਨਾਂ ਜੁਝਾਰੂਆਂ ਨੂੰ ਵੀ ਕੌਂਮ ਦੇ ਨਾਇਕ ਸਮਝਦਾ ਹੈ, ਪ੍ਰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਹੀ ਕਦੇ ਆਪ ਉਪਰੋਕਤ ਫਰਜਾਂ ਵੱਲ ਧਿਆਨ ਦਿੱਤਾ ਹੈ ਅਤੇ ਨਾ ਹੀ ਕੌਂਮੀ ਫਰਜ ਨਿਭਾਉਣ ਵਾਲਿਆਂ ਨੂੰ ਕੋਈ ਸਹਿਯੋਗ ਦਿੱਤਾ ਹੈ, ਕਿਉਂਕਿ ਜੇਕਰ ਇਹ ਅਜਿਹਾ ਕਰਦੇ ਹਨ, ਤਾਂ ਨਿੱਜੀ ਲੋਭ ਲਾਲਸਾਵਾਂ ਦੀ ਪੂਰਤੀ ਨਹੀ ਹੋ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਘਰਸੀ ਨੌਜਵਾਨਾਂ ਜਾਂ ਸੰਘਰਸੀ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ 2022 ਦੀ 8 ਮਾਰਚ ਨੂੰ ਭਾਈ ਬਲਵੰਤ ਸੰਘ ਰਾਜੋਆਣਾ ਅਤੇ ਉਹਨਾਂ ਦੀ ਮੂੰਹ ਬੋਲੀ ਭੈਣ ਦੀ ਆਰਥਿਕ ਸਹਾਇਤਾ ਕਰਨ ਲਈ ਪਾਏ ਗਏ ਮਤੇ ਜਨਤਕ ਹੋਏ ਹਨ, ਜਿੰਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ੍ਰੋਮਣੀ ਕਮੇਟੀ ਵੱਲੋਂ 4 ਜਨਵਰੀ 2019 ਤੋ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 10,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾ ਰਹੀ ਹੈ।ਇਸ ਤੋ ਉਪਰੰਤ 8 ਮਾਰਚ 2022 ਦੇ ਮਤਾ ਨੰਬਰ 192 ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਕਮਲਦੀਪ ਕੌਰ ਨੂੰ 10,00,000/ (ਦਸ ਲੱਖ ਰੁਪਏ) ਭੁਗਤਾਨ ਕਰਨ ਦਾ ਮਤਾ ਪਾਸ ਕੀਤਾ ਸੀ, ਉਸ ਦਿਨ ਹੀ ਇੱਕ ਹੋਰ ਮਤਾ ਨੰਬਰ 223 ਵੀ ਪਾਸ ਕੀਤਾ ਗਿਆ ਸੀ, ਜਿਸ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਤੀ 04/01/2019 ਨੂੰ ਮਤਾ ਨੰਬਰ 75 ਮੁਤਾਬਿਕ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾ ਰਹੇ 10,000/ਮਹੀਨਾ ਨੂੰ ਵਧਾ ਕੇ 20,000 ਰੁਪਏ ਕੀਤਾ ਗਿਆ ਹੈ। ਮਤੇ ਵਿੱਚ ਲਿਖਿਆ ਗਿਆ ਹੈ ਕਿ ਭਾਈ ਰਾਜੋਆਣਾ ਨੂੰ ਇਹ ਸਹਾਇਤਾ ਜਿਹੜੀ ਪਹਿਲਾਂ 10,000 ਪ੍ਰਤੀ ਮਹੀਨਾ ਦਿੱਤੀ ਜਾ ਰਹੀ ਸੀ, ਹੁਣ ਵਧਾ ਕੇ 20,000 ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਇੱਥੇ ਇਹ ਦੱਸਣਾ ਵੀ ਜਰੂਰੀ ਬਣਦਾ ਹੈ ਕਿ ਉਕਤ ਪਾਸ ਕੀਤੇ ਮਤੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਹਾਇਤਾ ਭਾਈ ਰਾਜੋਆਣਾ ਨੂੰ ਉਹਨਾਂ ਦੀ ਰਿਹਾਈ ਹੋਣ ਤੱਕ ਦਿੱਤੀ ਜਾਂਦੀ ਰਹੇਗੀ। ਸੋ ਉੱਪਰ ਵੀ ਲਿਖਿਆ ਗਿਆ ਹੈ ਕਿ ਸੰਘਰਸੀ ਸਿੰਘਾਂ ਦੀ ਮਦਦ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਢਲੇ ਫਰਜਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਇਸ ਲਈ ਇਹ ਫੈਸਲਾ ਸਲਾਘਾ ਯੋਗ ਤਾਂ ਹੈ, ਪਰ ਇਸ ਫੈਸਲੇ ਨੇ ਕੁੱਝ ਹੋਰ ਨਵੀਆਂ ਸੰਕਾਵਾਂ ਅਤੇ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਹੈ। ਸਵਾਲ ਇਹ ਹੈ ਕਿ ਬੰਦੀ ਸਿੰਘਾਂ ਨੂੰ ਇਹ ਸਹਾਇਤਾ ਦੇਣ ਸਮੇ ਵਿਤਕਰੇਵਾਜੀ ਕਿਉਂ ਕੀਤੀ ਜਾ ਰਹੀ ਹੈ? ਕਿਉ ਬਾਕੀ ਦੇ ਸਿੰਘਾਂ ਨੂੰ ਇਸ ਸਹਾਇਤਾ ਤੋ ਵਾਂਝੇ ਰੱਖਿਆ ਗਿਆ ਹੈ? ਕਿੰਨੇ ਹੀ ਸਿੰਘ ਪੰਜਾਬ ਤੋਂ ਬਾਹਰਲੀਆਂ ਜੇਲਾਂ ਵਿੱਚ ਬੰਦ ਹਨ, ਜਿੰਨਾਂ ਦੀ ਰਿਹਾਈ ਲਈ ਖਾਲਸਾ ਪੰਥ ਲੰਮੇ ਸਮੇਂ ਤੋਂ ਚਾਰਾਜੋਈ ਕਰਦਾ ਆ ਰਿਹਾ ਹੈ, ਪਰ ਸਮੇਂ ਦੀਆਂ ਹਕੂਮਤਾਂ ਸਿੱਖ ਬੰਦੀਆਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀ ਕਰ ਰਹੀਆਂ, ਉਹਨਾਂ ਦੇ ਪਰਿਵਾਰਾਂ ਦੀ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਜਿਕਰਯੋਗ ਸਹਾਇਤਾ ਨਹੀ ਕੀਤੀ। ਸਿਰਫ ਤੇ ਸਿਰਫ ਇੱਕੋ ਇੱਕ ਵਿਅਕਤੀ ਨੂੰ ਮਦਦ ਕਰਨ ਦੇ ਕੀ ਅਰਥ ਹੋ ਸਕਦੇ ਹਨ, ਜਦੋ ਕਿ ਬੇਅੰਤ ਕਤਲ ਕੇਸ ਵਿੱਚ ਵੀ ਸਰਬਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਰੀ ਜਗਤਾਰ ਸਿੰਘ ਤਾਰਾ, ਸਮੇਤ ਹੋਰ ਵੀ ਬਹੁਤ ਸਾਰੇ ਸਿੱਖ ਨੌਜਵਾਨ ਸਾਮਲ ਹਨ। ਫਿਰ ਸ਼੍ਰੋਮਣੀ ਕਮੇਟੀ ਨੇ ਬਾਕੀ  ਸਾਰੇ ਸਿੰਘਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਹੈ? ਮਤੇ ਵਿੱਚ ਭਾਈ ਰਾਜੋਆਣਾ ਦੀ ਮੂੰਹ ਬੋਲੀ ਭੈਣ ਨੂੰ ਦਸ ਲੱਖ ਰੁਪਏ ਇੱਕੋ ਸਮੇ ਇਕੱਠ ਦਿੱਤੇ ਜਾ ਰਹੇ ਹਨ, ਜਦੋ ਕਿ ਮਰਹੂਮ ਸਿੱਧੂ ਮੂਸੇ ਵਾਲਾ ਦੇ ਪਾਬੰਦੀਸੁਦਾ ਗੀਤ ਐਸ ਵਾਈ ਐਲ ਨਾਲ ਮੁੜ ਤੋਂ ਚਰਚਾ ਵਿੱਚ ਆਏ ਖਾੜਕੂ ਸੰਘਰਸ ਦੇ ਸਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸਕੀ ਭੈਣ ,ਜਿਸਦੀ ਇੱਕ ਮੁਲਾਕਾਤ ਨਿੱਜੀ ਵੈਬ ਚੈਨਲ ਤੇ ਚਲ ਰਹੀ ਹੈ,ਜਿਸ ਵਿੱਚ ਉਸ ਭੈਣ ਦੀ ਬਦਤਰ ਹਾਲਤ ਨੂੰ ਉਸ ਚੈਨਲ ਦੇ ਪੱਤਰਕਾਰ ਵੱਲੋਂ ਨਿੱਜੀ ਦਿਲਚਸਪੀ ਨਾਲ ਬਿਆਨ ਕੀਤਾ ਗਿਆ ਹੈ, ਅਤੇ ਖਾਲਸਾ ਪੰਥ ਤੇ ਉਸ ਬੀਬੀ ਦੇ ਪਰਿਵਾਰ ਦੀ ਕਿਸੇ ਵੀ ਕਿਸਮ ਦੀ ਕੋਈ ਵੀ ਮਦਦ ਨਾ ਕੀਤੇ ਜਾਣ ਦਾ ਉਲਾਂਹਵਾ ਵੀ ਦਿੱਤਾ ਗਿਆ ਹੈ,ਪਰੰਤੂ ਇਸ ਦੇ ਬਾਵਜੂਦ ਵੀ ਇੱਕ ਵਿਅਤਕੀ ਨੂੰ ਦਸ ਦਸ ਲੱਖ ਦੀ ਸਹਾਇਤਾ ਅਤੇ ਵੀਹ ਵੀਹ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸੀ ਪਰਿਵਾਰਾਂ ਦੀ ਇੱਕ ਨਵੇਂ ਪੈਸੇ ਦੀ ਮਦਦ ਨਹੀ ਕੀਤੀ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਈ ਤੱਕ ਵੀਹ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਬਾਰੇ ਜਿਕਰ ਕਰਨ ਤਂ ਇਹ ਸ਼ੱਕ ਜਾਹਰ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਕਾਵਾਂ ਨੂੰ ਇਹ ਸਾਫ ਤੌਰ ਤੇ ਪਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹੀ ਰਿਹਾਈ ਕਦੋਂ ਹੋਣੀ ਹੈ, ਦੂਜੇ ਸਿੰਘਾਂ ਦੀ ਨਹੀ। ਇਹ ਸਵਾਲ ਬੇਹੱਦ ਗੰਭੀਰ ਹਨ, ਜਿੰਨਾਂ ਦਾ ਜਵਾਬ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੋ ਜਰੂਰ ਮੰਗਣਾ ਚਾਹੀਦਾ ਹੈ।

ਬਘੇਲ ਸਿੰਘ ਧਾਲੀਵਾਲ
99142-58142