ਕਸੂਰ - ਅਰਸ਼ਪ੍ਰੀਤ ਸਿੱਧੂ

ਸੀਤੋ ਬਹੁਤ ਹੀ ਨੇਕ ਦਿਲ ਦੀ ਔਰਤ ਸੀ, ਮਿੱਠੜਾ ਸੁਭਾਅ ਸਹਿਣਸੀਲਤਾ ਸਾਦਗੀ ਸਾਰੇ ਗੁਣ ਮੋਜੂਦ ਸਨ ਸੀਤੋ ਵਿੱਚ। ਬਚਪਨ ਤੋਂ ਹੀ ਸੀਤੋ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ। ਸੀਤੋ ਨੇ ਸਕੂਲ ਜਾਣ ਤੋਂ ਪਹਿਲਾ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਅਤੇ ਫਿਰ ਗੁਰੂ ਘਰ ਜਾਣਾ। ਸੀਤੋ ਨਿਤਨੇਮ ਗੁਰੂ ਘਰ ਜਾਇਆ ਕਰਦੀ ਸੀ। ਪੜ੍ਹਾਈ ਪੂਰੀ ਹੋਈ ਤਾ ਘਰਦਿਆਂ ਨੇ ਚੰਗੀ ਜਮੀਨ ਜਾਇਦਾਦ ਵਾਲਾ ਮੁੰਡਾ ਦੇਖ ਕੇ ਕਰਮੇ ਨਾਲ ਸੀਤੋ ਦਾ ਵਿਆਹ ਰੱਖ ਦਿੱਤਾ। ਵਿਆਹ ਵੀ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਾ ਕੇ ਬਰਾਤ ਦੀ ਆਉ ਭਗਤੀ ਕੀਤੀ ਗਈ। ਉਸ ਸਮੇਂ ਕਰਮੇ ਤੇ ਸੀਤੋ ਦਾ ਵਿਆਹ ਲੋਕਾ ਲਈ ਮਿਸਾਲ ਬਣ ਗਿਆ ਸੀ। ਸੀਤੋ ਤੇ ਕਰਮਾ ਆਪਣੇ ਗ੍ਰਹਿਸ਼ਤੀ ਜੀਵਨ ਵਿੱਚ ਬੇਹੱਦ ਖੁਸ਼ ਸੀ, ਸਵੇਰ ਸਾਮ ਗੁਰਦੁਆਰਾ ਸਾਹਿਬ ਜਾਦੇ। ਵਕਤ ਬਦਲਿਆ ਸਮਾਂ ਨਹੀਂ ਲੱਗਦਾ। ਕਰਮਾ ਹੋਲੀ-ਹੋਲੀ ਘਰ ਦੇ ਗੁਆਢ ਵਿੱਚ ਰਹਿੰਦੀ ਸਿੰਦੋ ਭਾਬੀ ਨਾਲ ਜਿਆਦਾ ਘੁਲ ਮਿਲ ਗਿਆ ਹੁਣ ਕਰਮੇ ਨੂੰ ਸਿੰਦੋ ਭਾਬੀ ਨਾਲ ਵਕਤ ਬਤਾਉਣਾ ਜਿਆਦਾ ਚੰਗਾ ਲਗਦਾ। ਕਰਮਾ ਸੀਤੋ ਨਾਲ ਗੁਰੂ ਘਰ ਵੀ ਨਾ ਜਾਂਦਾ। ਸੀਤੋ ਚੁਪ ਚਾਪ ਉਸ ਰੱਬ ਦੀ ਰਜਾ ਸਮਝ ਆਪਣੀ ਜਿੰਦਗੀ ਬਤੀਤ ਕਰਦੀ ਰਹੀ। ਸੀਤੋ ਦੇ ਇੱਕ ਧੀ ਇੱਕ ਪੁੱਤ ਸੀ। ਸਿੰਦੋ ਭਾਬੀ ਨੇ ਹੌਲੀ-ਹੌਲੀ ਕਰਮੇ ਨੂੰ ਸੀਤੋ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਕਰਮਾ ਸੀਤੋ ਦੇ ਗੁਰੂ ਘਰ ਜਾਣ ਤੇ ਵੀ ਸ਼ੱਕ ਕਰਨ ਲੱਗਾ। ਸੀਤੋ ਨੇ ਲੜਾਈ ਮਿਟਾਉਂਦਿਆਂ ਘਰ ਵਿੱਚ ਹੀ ਪਾਠ ਕਰਨਾ ਸ਼ੁਰੂ ਕੀਤਾ, ਹੁਣ ਸੀਤੋ ਗੁਰੂ ਘਰ ਵੀ ਨਾ ਜਾਦੀ। ਦਿਮਾਗੀ ਤੌਰ ਤੇ ਸੀਤੋ ਪਰੇਂਸ਼ਾਨ ਰਹਿਣ ਲੱਗੀ। ਬੱਚਿਆਂ ਨੇ ਵੀ ਆਪਣੀ ਮਾਂ ਨੂੰ ਪਾਗਲ ਸਮਝਣਾ ਸ਼ੁਰੂ ਕਰ ਦਿੱਤਾ। ਸੀਤੋ ਦੇ ਪੇਕੇ ਸੀਤੋ ਨੂੰ ਵਾਪਿਸ ਲੈ ਆਏ। ਪੇਕੇ ਘਰ ਸੀਤੋ ਹਰ ਸਮੇਂ ਪਾਠ ਕਰਦੀ ਰਹਿੰਦੀ ਤੇ ਆਪਣੇ ਬੱਚਿਆਂ ਨੂੰ ਉਡੀਕਦੀ ਪਰ ਕੋਈ ਵੀ ਸੀਤੋ ਨੂੰ ਵਾਪਿਸ ਲੈਣ ਨਹੀਂ ਆਇਆ। ਸੀਤੋ ਦੋ ਤਿੰਨ ਵਾਰ ਆਪਣੇ ਸਹੁਰੇ ਘਰ ਗਈ ਤਾ ਬੱਚਿਆਂ ਅਤੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ। ਸੀਤੋ ਦੇ ਪੇਕਿਆਂ ਦੀ ਪੰਚਾਇਤ ਦੇ ਫੈਸਲੇ ਅਨੁਸਾਰ ਸੀਤੋ ਨੂੰ ਸਹੁਰੇ ਘਰ ਵਿੱਚ ਰਹਿਣ ਲਈ ਇੱਕ ਕਮਰਾ ਦੇ ਦਿੱਤਾ। ਸੀਤੋ ਸਾਰਾ ਦਿਨ ਪਾਠ ਕਰਦੀ ਤੇ ਕਮਰੇ ਵਿੱਚ ਹੀ ਬੈਠੀ ਆਪਣੇ ਧੀ ਤੇ ਪੁੱਤ ਨੂੰ ਦੇਖਦੀ। ਧੀ ਤੇ ਪੁੱਤ ਨੇ ਸੀਤੋ ਨੂੰ ਕਦੀ ਮਾਂ ਵੀ ਕਹਿ ਕੇ ਨਾ ਬੁਲਾਇਆ ਉਹ ਦੋਨੋਂ ਹੁਣ ਸਿੰਦੋ ਨੂੰ ਹੀ ਆਪਣੀ ਮਾਂ ਦੱਸਦੇ ਸਨ। ਇੱਕ ਦਿਨ ਸੀਤੋ ਦੇ ਪੁੱਤ ਦਾ ਜਨਮ ਦਿਨ ਸੀ ਸੀਤੋ ਜਦੋਂ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ ਪੁੱਤ ਨੂੰ ਜਨਮ ਦਿਨ ਦੀਆਂ ਵਧਾਈਆ ਦੇਣ ਲੱਗੀ ਤਾਂ ਪੁੱਤ ਨੇ ਜੋਰ ਨਾਲ ਧੱਕਾ ਦੇ ਦਿੱਤਾ। ਸੀਤੋ ਚੁਪ ਚਾਪ ਖੜੀ ਹੋਈ ਤੇ ਆਪਣੇ ਕਮਰੇ ਦੇ ਅੰਦਰ ਚਲੀ ਗਈ। ਉਸ ਦਿਨ ਪਤਾ ਨਹੀਂ ਪੁੱਤ ਦੇ ਮਨ ਵਿੱਚ ਕੀ ਆਇਆ ਕਿ ਉਸਨੇ ਸ਼ਾਮ ਨੂੰ ਸੀਤੋ ਦੇ ਕਮਰੇ ਦਾ ਬੂਹਾ ਖੜ ਖੜਾਇਆ। ਸੀਤੋ ਨੇ ਭੱਜ ਕੇ ਬੂਹਾ ਖੋਲਿਆ ਸਾਹਮਣੇ ਪੁੱਤ ਦੇਖ ਸੀਤੋ ਤੋਂ ਖੁਸ਼ੀ ਸੰਭਾਲੀ ਨਾ ਗਈ। ਖੁਸ਼ੀ ਦੇ ਹੰਝੂ ਸੀਤੋ ਦੇ ਚਿਹਰੇ ਤੋਂ ਝਲਕ ਰਹੇ ਸਨ। ਪਰ ਪੁੱਤ ਦੇ ਦਿਲ ਦੀ ਬੇਈਮਾਨੀ ਤੋਂ ਸੀਤੋ ਕੋਹਾ ਦੂਰ ਸੀ। ਪੁੱਤ ਨੇ ਦਰਵਾਜਾ ਬੰਦ ਕੀਤਾ ਤੇ ਕੋਲ ਪਏ ਮੇਜ ਨਾਲ ਮਾਂ ਦੇ ਸਿਰ ਤੇ ਦੋ ਵਾਰ ਕਰ ਦਿੱਤੇ। ਸਿਰ ਵਿੱਚੋਂ ਖੂਨ ਨਿਕਲਣ ਲੱਗਾ ਤਾਂ ਪੁੱਤ ਬਾਹਰੋ ਦਰਵਾਜਾ ਬੰਦ ਕਰ ਚਲਾ ਗਿਆ ਅਤੇ ਆਪਣੇ ਪਿਉ ਦੇ ਫੋਨ ਤੋਂ ਆਪਣੇ ਨਾਨਕੇ ਪਿੰਡ ਫੋਨ ਕਰ ਕਹਿ ਦਿੱਤਾ ਵੀ ਮੇਰੀ ਮਾਂ ਡਿੱਗ ਪਈ ਹੈ ਹਸਪਤਾਲ ਲੈ ਜਾਉ। ਜਦੋਂ ਤੱਕ  ਸੀਤੋ ਦੇ ਪੇਕੇ ਪਹੁੰਚਦੇ ਸੀਤੋ ਬਿਨ੍ਹਾਂ ਕੀਤੇ ਹੋਏ ਗੁਨਾਹਾ ਦੀ ਸਜਾਂ ਭੁਗਤ ਚੁੱਕੀ ਸੀ। ਸੀਤੋ ਦੀ ਜਿੰਦਗੀ ਵਿੱਚ ਸਮਝਣ ਦੀ ਲੋੜ ਇਹ ਸੀ ਕਿ ਹਰ ਪਲ ਰੱਬ ਨੂੰ ਮੰਨਣ ਵਾਲੀ ਸੀਤੋ ਦਾ ਕਸੂਰ ਕੀ ਸੀ ਕਿ ਮੌਤ ਵੀ ਉਸਨੂੰ ਉਸਦੇ ਆਪਣੇ ਜੰਮੇ ਪੁੱਤ ਨੇ ਦਿੱਤੀ।
                               
            ਅਰਸ਼ਪ੍ਰੀਤ ਸਿੱਧੂ 94786-22509