ਸਿਰਜਣਾਤਮਿਕ ਅਮਲ ਨੂੰ ਉਡੀਕਦੇ ਲੋਕ   - ਸਵਰਾਜਬੀਰ

ਭਾਰਤ ਵਿਚ ਆਧੁਨਿਕ ਸਮਿਆਂ ਦੌਰਾਨ ਫੈਲੀ ਫ਼ਿਰਕਾਪ੍ਰਸਤੀ, ਧਾਰਮਿਕ ਕੱਟੜਤਾ ਅਤੇ ਧਰਮ-ਆਧਾਰਿਤ ਨਫ਼ਰਤ ਦਾ ਇਤਿਹਾਸ ਫ਼ਿਰਕਾਪ੍ਰਸਤ ਜਥੇਬੰਦੀਆਂ ਦੇ ਇਤਿਹਾਸ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਫ਼ਿਰਕਾਪ੍ਰਸਤੀ ਅਤੇ ਧਾਰਮਿਕ ਵਖਰੇਵਿਆਂ ਦੀਆਂ ਜੜ੍ਹਾਂ ਮੱਧਕਾਲੀਨ ਸਮਿਆਂ ਵਿਚ ਹਨ ਜਦੋਂ ਵੱਖ ਵੱਖ ਸ਼ਾਸਕਾਂ ਨੇ ਧਾਰਮਿਕ ਕੱਟੜਤਾ ਨੂੰ ਆਪਣੀ ਸੱਤਾ ਮਜ਼ਬੂਤ ਕਰਨ ਲਈ ਵਰਤਿਆ। ਚਾਹੀਦਾ ਤਾਂ ਇਹ ਸੀ ਕਿ ਅਸੀਂ ਮੱਧਕਾਲੀਨ ਸਮਿਆਂ ਦੀਆਂ ਗਿਆਨ-ਪ੍ਰਾਪਤੀਆਂ ਅਤੇ ਸਭਿਆਚਾਰਕ ਸਾਂਝਾਂ ਨੂੰ ਅਪਣਾਉਣ ਦੇ ਨਾਲ ਨਾਲ ਉਨ੍ਹਾਂ ਸਮਿਆਂ ਵਿਚ ਪਣਪੇ ਤੁਅੱਸਬਾਂ, ਨਫ਼ਰਤਾਂ ਤੇ ਵਿਤਕਰਿਆਂ ’ਤੇ ਤਰਕਸ਼ੀਲ ਢੰਗ ਨਾਲ ਵਿਚਾਰ ਕਰ ਕੇ ਉਨ੍ਹਾਂ ਨੂੰ ਮਨਾਂ ਵਿਚੋਂ ਕੱਢਦੇ ਅਤੇ ਉਨ੍ਹਾਂ ਸਮਿਆਂ ਦੀਆਂ ਗਿਆਨ-ਪ੍ਰਾਪਤੀਆਂ ਨੂੰ ਸਾਂਭਦੇ ਪਰ ਹੋਇਆ ਇਸ ਤੋਂ ਉਲਟ। ਅੰਗਰੇਜ਼ ਬਸਤੀਵਾਦ ਦੁਆਰਾ ਲਿਆਂਦੀ ਗਈ ਪੱਛਮੀ ਆਧੁਨਿਕਤਾ ਦਾ ਸਾਹਮਣਾ ਕਰਦਿਆਂ ਸਾਡਾ ਪੂਰਾ ਜ਼ੋਰ ਆਪਣੇ ਆਪ ਨੂੰ ਇਕ ਭੂਗੋਲਿਕ ਖ਼ਿੱਤੇ ਵਿਚ ਰਹਿੰਦੇ ਤੇ ਸਾਂਝੀਵਾਲਤਾ ਵੱਲ ਵਧਦੇ ਸਮਾਜਾਂ ਵਜੋਂ ਪਰਿਭਾਸ਼ਿਤ ਕਰਨ ਦੀ ਥਾਂ ਆਪੋ-ਆਪਣੇ ਧਰਮਾਂ ਨੂੰ ਸਰਬਉੱਚ ਤੇ ਸ੍ਰੇਸ਼ਠ ਸਿੱਧ ਕਰਨ ’ਤੇ ਲੱਗਾ ਅਤੇ ਅਸੀਂ ਅੰਗਰੇਜ਼ਾਂ ਤੋਂ ਜ਼ਿਆਦਾ ਆਪਣੇ ਲੋਕਾਂ ਨਾਲ ਨਫ਼ਰਤ ਕੀਤੀ। ਮੁਸਲਿਮ ਲੀਗ, ਰਾਸ਼ਟਰੀ ਸਵੈਮਸੇਵਕ ਸੰਘ, ਹਿੰਦੂ ਮਹਾ ਸਭਾ ਅਤੇ ਹੋਰ ਕਈ ਜਥੇਬੰਦੀਆਂ ਧਾਰਮਿਕ ਪਛਾਣਾਂ ਦੇ ਨਾਂ ਹੇਠ ਪਣਪੀਆਂ। ਸਾਨੂੰ ਧਰਮ ਦੇ ਆਧਾਰ ’ਤੇ ਨਫ਼ਰਤ ਕਰਨ ਲਈ ਤਿਆਰ ਕੀਤਾ ਗਿਆ, ਅਸੀਂ ਨਫ਼ਰਤ ਕੀਤੀ ਵੀ। 1947 ਵਿਚ ਹਮਸਾਇਆਂ ਨੇ ਹਮਸਾਇਆਂ ਨੂੰ ਵੱਢਿਆ, ਔਰਤਾਂ ਨਾਲ ਜਬਰ-ਜਨਾਹ ਕੀਤਾ, ਇਕ-ਦੂਜੇ ਦੇ ਘਰ ਤੇ ਜਾਇਦਾਦਾਂ ਲੁੱਟੀਆਂ। ਅਸੀਂ ਨਫ਼ਰਤ ਦਾ ਸਾਹਮਣਾ ਨਾ ਕਰ ਸਕੇ। ਆਪਣੇ ਆਪ ਨੂੰ ਤਰਕਸ਼ੀਲ ਅਤੇ ਸਿਆਣੇ ਸਮਝਦੇ ਲੋਕ ਵੀ ਬੇਵੱਸ ਹੋ ਗਏ, 1947 ਵਿਚ ਹੋਈ ਕਤਲੋਗਾਰਤ ਦਾ ਕਾਰਨ ਤੇ ਭਾਰ ‘ਵਕਤੀ ਪਾਗ਼ਲਪਣ’ ਜਾਂ ਸਮਾਜ ਦੇ ਹੇਠਲੇ ਤਬਕੇ ਦੇ ਬਦਮਾਸ਼ ਅਨਸਰਾਂ ਸਿਰ ਲੱਦ ਦਿੱਤਾ, ਉਦਾਹਰਨ ਲਈ ਅਸ਼ਫਾਕ ਅਹਿਮਦ ਦੀ ਮਸ਼ਹੂਰ ਕਹਾਣੀ ‘ਗਡਰੀਆ’ ਪੜ੍ਹੋ।
      1947 ਵਿਚ ਆਜ਼ਾਦ ਭਾਰਤ ਤੇ ਪਾਕਿਸਤਾਨ ਨੇ ਜਨਮ ਲਿਆ। ਆਜ਼ਾਦ ਭਾਰਤ ਵਿਚ 1947 ਦੀ ਕਤਲੋਗਾਰਤ ਤੋਂ ਬਾਅਦ ਇਸ ਕੱਟੜਤਾ ਕਾਰਨ ਪਹਿਲਾ ਵੱਡਾ ਸਿਆਸੀ ਕਤਲ ਮਹਾਤਮਾ ਗਾਂਧੀ ਦਾ ਹੋਇਆ। ਗਾਂਧੀ ਦੀ ਆਪਣੇ ਆਪ ਨਾਲ ਸੰਘਰਸ਼ ਕਰਦੀ, ਧਰਮ ਨੂੰ ਮੰਨਦੀ ਪਰ ਸਾਂਝੀਵਾਲਤਾ ਲੋਚਦੀ ਸੋਚ ਦਾ ਕਤਲ ਅੱਜ ਵੀ ਜਾਰੀ ਹੈ। ਗਾਂਧੀ ਅਤੇ ਉਸ ਦੀ ਸੋਚ ਦੇ ਕਾਤਲ ਸਾਡੇ ਨਾਇਕ ਬਣ ਗਏ ਹਨ। ਬਹੁਤੇ ਖੱਬੇ-ਪੱਖੀ ਚਿੰਤਕਾਂ ਨੇ ਵੀ ਜ਼ਿਆਦਾ ਜ਼ੋਰ ਗਾਂਧੀ ਦੇ ਵਿਰੁੱਧ ਵਿਚਾਰਧਾਰਕ ਪੜੁੱਲ ਬੰਨ੍ਹਣ ’ਤੇ ਲਾਇਆ ਹੈ, ਈਐੱਮਐੱਸ ਨੰਬੂਦਰੀਪਾਦ ਜਿਹੀ ਸੰਤੁਲਿਤ ਸਮਝ ਕਿਸੇ ਵਿਰਲੇ ਚਿੰਤਕ ਦੇ ਹੀ ਹਿੱਸੇ ਆਈ।
       ਭਾਰਤ ਤੇ ਪਾਕਿਸਤਾਨ ਦੇ ਵਿਕਾਸ ਵਿਚ ਵੱਡਾ ਫ਼ਰਕ ਭਾਰਤ ਵਿਚ ਇਕ ਉਦਾਰਵਾਦੀ ਅਤੇ ਧਰਮ ਨਿਰਪੱਖ ਸੰਵਿਧਾਨ ਬਣਨਾ ਸੀ। ਭਾਰਤ ਦੇ ਕਈ ਖੱਬੇ-ਪੱਖੀਆਂ ਨੇ ਸੰਵਿਧਾਨ ਦੀਆਂ ਕੇਂਦਰਵਾਦੀ ਰੁਚੀਆਂ ਨੂੰ ਬਹੁਗਿਣਤੀ ਫ਼ਿਰਕੇ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਦੱਸਿਆ। ਉਨ੍ਹਾਂ ਵਿਚੋਂ ਕਈ ਇਹ ਵੀ ਨਾ ਪਛਾਣ ਸਕੇ ਕਿ ਸੰਵਿਧਾਨ ਦੁਆਰਾ ਕਾਇਮ ਕੀਤੀ ਗਈ ਜਮਹੂਰੀਅਤ ਨੇ ਹੀ ਵਿਚਾਰਾਂ ਦੇ ਪ੍ਰਗਟਾਵੇ ਅਤੇ ਜਨਤਕ ਸੰਘਰਸ਼ਾਂ ਨੂੰ ਪਨਪਣ ਤੇ ਵਿਗਸਣ ਲਈ ਭੋਇੰ ਪ੍ਰਦਾਨ ਕੀਤੀ ਹੈ।
       ਦੂਸਰੇ ਪਾਸੇ ਧਾਰਮਿਕ ਕੱਟੜਤਾ ਦੇ ਰੁਝਾਨ ਜਾਰੀ ਰਹੇ। ਪਾਕਿਸਤਾਨ ਵਿਚ ਜਮਹੂਰੀਅਤ ਖੇਰੂੰ ਖੇਰੂੰ ਹੋ ਗਈ ਅਤੇ ਧਾਰਮਿਕ ਅਤੇ ਖੇਤਰੀ ਕੱਟੜਤਾ ਦਾ ਝੰਡਾ ਬੁਲੰਦ ਹੋਇਆ। 1971 ਵਿਚ ਪਾਕਿਸਤਾਨ ਦੇ ਦੋ ਟੋਟੇ ਹੋ ਗਏ ਅਤੇ ਬੰਗਲਾਦੇਸ਼ ਹੋਂਦ ਵਿਚ ਆਇਆ। ਸ਼ਾਇਰ ਇਨਕਲਾਬ ਦੇ ਗੀਤ ਲਿਖਦੇ ਰਹੇ ਪਰ ਹਕੀਕੀ ਸੰਸਾਰ ਵਿਚ ਧਾਰਮਿਕ ਕੱਟੜਤਾ ਦੀ ਡੁਗਡੁਗੀ ਵੱਜਦੀ ਰਹੀ, ਅਹਿਮਦੀਆ, ਇਸਾਈ ਅਤੇ ਸ਼ੀਆ ਫ਼ਿਰਕਿਆਂ ਦੇ ਲੋਕਾਂ ’ਤੇ ਜਬਰ ਹੋਇਆ, ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਦਾਰਵਾਦੀ ਤੇ ਖੱਬੇ-ਪੱਖੀ ਪਾਰਟੀਆਂ, ਚਿੰਤਕ ਅਤੇ ਕਲਾਕਾਰ ਕੁਝ ਨਾ ਕਰ ਸਕੇ, ਸਮਾਜ ਤੋਂ ਅਲੱਗ-ਥਲੱਗ ਤੇ ਸ਼ਕਤੀਹੀਣ ਹੋ ਗਏ, ਅੱਜ ਵੀ ਉਨ੍ਹਾਂ ਦੀ ਸਥਿਤੀ ਉਹੋ ਜਿਹੀ ਹੀ ਹੈ।
         ਭਾਰਤ ਵਿਚ ਵੀ ਧਾਰਮਿਕ ਕੱਟੜਤਾ ਪਣਪਦੀ ਰਹੀ, ਫ਼ਿਰਕੂ ਦੰਗੇ ਹੁੰਦੇ ਰਹੇ। ਫ਼ਿਰਕੂ ਸੰਸਥਾਵਾਂ ਨੇ ਪੂਰੇ ਸਿਰੜ ਤੇ ਮਿਹਨਤ ਨਾਲ ਕੰਮ ਕੀਤਾ, ਆਪਣੇ ਸਕੂਲ, ਕਾਲਜ ਅਤੇ ਹੋਰ ਸੰਸਥਾਵਾਂ ਬਣਾਈਆਂ। ਖੱਬੇ-ਪੱਖੀਆਂ ਨੇ ਉਦਾਰਵਾਦੀਆਂ ਨਾਲ ਸਾਂਝ ਪਾਈ, ਉਚੇਰੀ ਵਿੱਦਿਆ ਦੇ ਅਦਾਰਿਆਂ ’ਤੇ ਕਾਬਜ਼ ਹੋਏ, ਆਪਣੇ ਨੁਕਤਾ-ਨਿਗਾਹ ਤੋਂ ਕਿਤਾਬਾਂ ਲਿਖੀਆਂ ਅਤੇ ਮਾਣ-ਸਨਮਾਨ ਹਾਸਲ ਕੀਤੇ, ਦੇਸ਼-ਵਿਦੇਸ਼ ਵਿਚ ਨਾਮ ਕਮਾਇਆ ਪਰ ਆਪਣੇ ਲੋਕਾਂ ਤੇ ਸਮਾਜ ਤੋਂ ਦੂਰ ਹੁੰਦੇ ਗਏ, ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਸਾਡੀ ਭੋਇੰ ’ਤੇ ਵੱਸਦੇ ਸਮਾਜਾਂ ਵਿਚ ਕੀ ਹੋ ਰਿਹਾ ਹੈ, ਘੜੀ-ਘੜਾਈ ਭਾਸ਼ਾ ਵਿਚ ਉਨ੍ਹਾਂ ਨੇ ਵਿਰੋਧੀ ਰੁਝਾਨਾਂ ਨੂੰ ਪ੍ਰਤੀਕਿਰਿਆਵਾਦੀ, ਫਾਸ਼ੀਵਾਦੀ, ਪਿਛਾਂਹਖਿੱਚੂ ਅਤੇ ਅਜਿਹੇ ਹੋਰ ਲਕਬ ਦਿੱਤੇ ਅਤੇ ਆਪਣੇ ਆਪ ਨੂੰ ਸੁਰਖ਼ਰੂ ਹੋ ਗਏ ਸਮਝਿਆ। ਇਉਂ ਲੱਗਦਾ ਹੈ ਜਿਵੇਂ ਇਹ ਪਾਰਟੀਆਂ ਅਤੇ ਚਿੰਤਕ ਸਮਾਜ ਦੀ ਜੀਵਨ-ਧਾਰਾ ਵਿਚ ਨਹੀਂ ਸਗੋਂ ਆਪੋ-ਆਪਣੀ ਵਿਚਾਰਧਾਰਾ ਵਿਚ ਜੀਅ ਰਹੇ ਹੋਣ। ਸਾਰਾ ਜ਼ੋਰ ਆਪੋ-ਆਪਣੀ ਵਿਚਾਰਧਾਰਾ ਅਤੇ ਉਸ ਅਨੁਸਾਰ ਇਤਿਹਾਸ ਤੇ ਸਮਾਜ ਦੀਆਂ ਕੀਤੀਆਂ ਗਈਆਂ ਵਿਆਖਿਆਵਾਂ ਨੂੰ ਸਰਬਉੱਚ ਅਤੇ ਸਹੀ ਸਿੱਧ ਕਰਨ ’ਤੇ ਲੱਗਾ। 1990ਵਿਆਂ ਵਿਚ ਬਾਜ਼ੀ ਪਲਟਣ ਲੱਗੀ ਅਤੇ ਧਾਰਮਿਕ ਕੱਟੜਤਾ ਵਿਚ ਵਿਸ਼ਵਾਸ ਰੱਖਣ ਵਾਲਿਆਂ ਦਾ ਸੱਤਾ ’ਤੇ ਕਬਜ਼ਾ ਹੋਣਾ ਸ਼ੁਰੂ ਹੋ ਗਿਆ।
       ਜਿਨ੍ਹਾਂ ਦਾ ਹੁਣ ਸੱਤਾ ’ਤੇ ਕਬਜ਼ਾ ਹੈ, ਉਨ੍ਹਾਂ ਦਾ ਮੁਕੱਦਮਾ ਕੀ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਸੱਤਰ ਸਾਲ ਖੱਬੇ-ਪੱਖੀਆਂ ਅਤੇ ਉਦਾਰਵਾਦੀਆਂ ਨੇ ਹਿੰਦੋਸਤਾਨ ਦੀ ਹਕੀਕਤ ਨੂੰ ਵਿਗਾੜ ਕੇ ਪੇਸ਼ ਕੀਤਾ ਹੈ, ਬਹੁਗਿਣਤੀ ਫ਼ਿਰਕੇ ਦੀਆਂ ਭਾਵਨਾਵਾਂ ਦਾ ਤ੍ਰਿਸਕਾਰ ਕੀਤਾ ਅਤੇ ਉਨ੍ਹਾਂ ਦੇ ਰੀਤੀ-ਰਿਵਾਜਾਂ, ਮਾਨਤਾਵਾਂ ਅਤੇ ਵਿਸ਼ਵਾਸਾਂ ਦਾ ਮਜ਼ਾਕ ਉਡਾਇਆ ਹੈ, ਉਨ੍ਹਾਂ ਨੂੰ ਤਰਕਹੀਣ ਕਿਹਾ ਹੈ, ਬਹੁਗਿਣਤੀ ਫ਼ਿਰਕੇ ਦੇ ਇਤਿਹਾਸ ਨੂੰ ਬੌਣਾ ਅਤੇ ਹੀਣਾ ਬਣਾ ਕੇ ਦਿਖਾਇਆ ਹੈ। ਇਹ ਸਾਰੀਆਂ ਧਾਰਨਾਵਾਂ ਸਹੀ ਨਹੀਂ ਹਨ ਪਰ ਇਨ੍ਹਾਂ ਵਿਚ ਇਹ ਜ਼ਰੂਰ ਸੱਚ ਹੈ ਕਿ ਖੱਬੇ-ਪੱਖੀ ਅਤੇ ਉਦਾਰਵਾਦੀ ਚਿੰਤਕ ਤੇ ਵਿਦਵਾਨ ਬਹੁਗਿਣਤੀ ਫ਼ਿਰਕੇ ਦੇ ਸਮਾਜਿਕ ਅਤੇ ਧਾਰਮਿਕ ਜੀਵਨ ਦੇ ਬਹੁਤ ਸਾਰੇ ਪੱਖਾਂ ਨੂੰ ਸਮਝਣ ਦੀ ਥਾਂ ਤ੍ਰਿਸਕਾਰ ਦੀ ਭਾਵਨਾ ਨਾਲ ਦੇਖਦੇ ਰਹੇ ਹਨ, ਉਨ੍ਹਾਂ ਦੀਆਂ ਰਵਾਇਤਾਂ ਅਤੇ ਰੀਤੀ-ਰਿਵਾਜਾਂ ਦੇ ਸਮਾਜਿਕ-ਸੱਭਿਆਚਾਰਕ-ਧਾਰਮਿਕ-ਇਤਿਹਾਸਕ ਵੇਰਵਿਆਂ ਨੂੰ ਸਮਝਣ ਦੀ ਥਾਂ ਉਨ੍ਹਾਂ ਨੂੰ ਪਾਖੰਡ, ਵਹਿਮ-ਭਰਮ ਅਤੇ ਤਰਕਹੀਣ ਗਰਦਾਨਦੇ ਰਹੇ ਹਨ, ਜਦੋਂ ਤੁਸੀਂ ਸਮਾਜਿਕ-ਧਾਰਮਿਕ ਵਰਤਾਰਿਆਂ ਨੂੰ ਸਮਝਣ ਦੀ ਥਾਂ ਉਨ੍ਹਾਂ ਨੂੰ ਮਹਿਜ ਪਾਖੰਡ ਕਹਿੰਦੇ ਹੋ ਤਾਂ ਤੁਹਾਡਾ ਉਸ ਸਮਾਜ ਨਾਲ ਵਿਚਾਰਧਾਰਕ ਅਤੇ ਭਾਵਨਾਤਮਕ ਰਿਸ਼ਤਾ ਨਹੀਂ ਬਣ ਸਕਦਾ। ਦੂਰੀਆਂ ਪਣਪਦੀਆਂ ਹਨ। ਅੱਜ ਖੱਬੇ-ਪੱਖੀ ਅਤੇ ਉਦਾਰਵਾਦੀ ਪਾਰਟੀਆਂ ਤੇ ਚਿੰਤਕ ਇਹ ਦੂਰੀਆਂ ਹੰਢਾ ਰਹੇ ਹਨ। ਦੂਸਰੇ ਪਾਸੇ ਕੱਟੜਪੰਥੀਆਂ ਨੇ ਬਹੁਗਿਣਤੀ ਫ਼ਿਰਕੇ ਨੂੰ ਇਕ ਅਜਿਹਾ ਭਾਵਨਾਤਮਕ ਸਮਾਜ ਬਣਾ ਦਿੱਤਾ ਹੈ ਜਿਹੜਾ ਇਹ ਸਮਝਦਾ ਹੈ ਕਿ ਉਹ 700-800 ਸਾਲ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦਾ ਗ਼ੁਲਾਮ ਅਤੇ ਉਸ ਧਰਮ ਨਾਲ ਸਬੰਧਿਤ ਸ਼ਾਸਕਾਂ ਦਾ ਜਬਰ ਸਹਿੰਦਾ ਰਿਹਾ ਹੈ, ਹੁਣ ਉਨ੍ਹਾਂ ਦੀ ਆਪਣੀ ਹਕੂਮਤ ਆਈ ਹੈ, ਇਹ ਉਨ੍ਹਾਂ ਦਾ ਵੇਲਾ ਹੈ, ਮੱਧਕਾਲੀਨ ਸਮਿਆਂ ਵਿਚ ਜੋ ਜਬਰ ਕੁਝ ਮੁਸਲਮਾਨ ਸ਼ਾਸਕਾਂ ਨੇ ਕੀਤਾ ਸੀ, ਉਸ ਦਾ ਬਦਲਾ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਤੋਂ ਹੁਣ ਲਿਆ ਜਾਵੇ।
      ਇਸ ਸਭ ਕੁਝ ਦੇ ਬਾਵਜੂਦ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਵਿਚ ਵਸਦੇ ਸਮਾਜਾਂ ਦਾ ਭਵਿੱਖ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਨਾਲ ਜੁੜਦੀਆਂ ਵਿਚਾਰਧਾਰਾਵਾਂ ਵਿਚ ਪਿਆ ਹੈ, ਇਨ੍ਹਾਂ ਵਿਚਾਰਧਾਰਾਵਾਂ ਨੂੰ ਪ੍ਰਣਾਏ ਲੋਕਾਂ ਦੇ ਵਿਆਪਕ ਸਾਂਝੇ ਮੁਹਾਜ਼ ਦੀ ਜ਼ਰੂਰਤ ਹੈ। ਪ੍ਰਮੁੱਖ ਸਮੱਸਿਆ ਇਹ ਹੈ ਕਿ ਨਿਰੋਲ ਵਿਚਾਰਧਾਰਾ ਨੂੰ ਪ੍ਰਣਾਏ ਵਿਅਕਤੀ ਵਿਚਾਰਧਾਰਕ ਕੱਟੜਤਾ ਦਾ ਬੋਝ ਉਵੇਂ ਹੀ ਢੋਂਦੇ ਹਨ ਜਿਵੇਂ ਧਾਰਮਿਕ ਕੱਟੜਤਾ ਨੂੰ ਪ੍ਰਣਾਏ ਲੋਕ ਢੋਂਦੇ ਹਨ। ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ, ਖੱਬੇ-ਪੱਖੀ ਸ਼ਕਤੀਆਂ ਸਿਆਸਤ ਤੇ ਸਮਾਜ ਦੇ ਹਾਸ਼ੀਏ ’ਤੇ ਹਨ ਅਤੇ ਉਦਾਰਵਾਦੀ ਤਾਕਤਾਂ ਦਬਾਅ ਹੇਠ। ਜਿੱਥੇ ਖੱਬੇ-ਪੱਖੀ ਅਤੇ ਉਦਾਰਵਾਦੀ ਚਿੰਤਕਾਂ ਅਤੇ ਵਿਦਵਾਨਾਂ ਦੀ ਸੋਚ ਸੰਕੀਰਨ ਵਿਚਾਰਧਾਰਕ ਸ਼ਿਕੰਜਿਆਂ ਵਿਚ ਜਕੜੀ ਹੋਈ ਸੀ/ਹੈ, ਉੱਥੇ ਸੱਤਾਧਾਰੀ ਸ਼ਕਤੀਆਂ ਦੀ ਸੋਚ ਧਾਰਮਿਕ ਤੇ ਵਿਚਾਰਧਾਰਕ ਕੱਟੜਤਾ ਅਤੇ ਬਦਲਾ-ਲਊ ਭਾਵਨਾ ਦਾ ਸ਼ਿਕਾਰ ਹੈ। ਬਦਲਾ-ਲਊ ਸੋਚ ਤਹਿਤ ਉਦਾਰਵਾਦੀ ਅਤੇ ਖੱਬੇ-ਪੱਖੀਆਂ ਨੂੰ ਟੁਕੜੇ ਟੁਕੜੇ ਗੈਂਗ, ਦੇਸ਼ ਧਰੋਹੀ, ਅੰਦੋਲਨਜੀਵੀ, ਸ਼ਹਿਰੀ ਨਕਸਲੀ ਤੇ ਕਈ ਹੋਰ ਲਕਬ ਦਿੱਤੇ ਗਏ ਹਨ, ਪ੍ਰਕਿਰਿਆ ਲਕਬ ਦੇਣ ਤਕ ਸੀਮਤ ਨਹੀਂ ਸਗੋਂ ਸਮਾਜ ਵਿਚ ਸੰਵਾਦ ਬੰਦ ਕਰਵਾਉਣ ਅਤੇ ਧਾਰਮਿਕ ਕੱਟੜਤਾ ਨੂੰ ਸਮਾਜ ’ਤੇ ਥੋਪਣ ਵੱਲ ਸੇਧਿਤ ਹੈ। ਉਦਾਰਵਾਦੀਆਂ ਤੇ ਖੱਬੇ-ਪੱਖੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਗ੍ਰਿਫ਼ਤਾਰ ਕਰਨ ਦੇ ਨਾਲ ਨਾਲ ਧਾਰਮਿਕ ਕੱਟੜਤਾ ਸਮਾਜ ਦੀ ਨਸ ਨਸ ਵਿਚ ਭਰੀ ਜਾ ਰਹੀ ਹੈ।
        ਧਾਰਮਿਕ ਕੱਟੜਤਾ ’ਤੇ ਆਧਾਰਿਤ ਬਹੁਗਿਣਤੀਵਾਦ (majoritarianism) ਬਹੁਗਿਣਤੀ ਫ਼ਿਰਕੇ ਦੀਆਂ ਅੰਦਰੂਨੀ ਸਮੱਸਿਆਵਾਂ ਨੂੰ ਵੀ ਕੱਟੜਤਾ ਅਤੇ ਨਫ਼ਰਤ ਦੇ ਮੁਲੰਮੇ ਨਾਲ ਢੱਕਣਾ ਚਾਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸੇ ਇਕ ਫ਼ਿਰਕੇ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾਵੇ। ਇਸੇ ਲਈ ਮੁਸਲਮਾਨ ਭਾਈਚਾਰਾ ਨਿਸ਼ਾਨੇ ’ਤੇ ਹੈ। ਇਸ ਭਾਈਚਾਰੇ ਦੀਆਂ ਆਪਣੀਆਂ ਸਮੱਸਿਆਵਾਂ ਹਨ, ਇਹ ਸਮਾਜਿਕ, ਵਿੱਦਿਅਕ ਅਤੇ ਆਰਥਿਕ ਪੱਖਾਂ ਤੋਂ ਪਛੜਿਆ ਹੋਇਆ ਹੈ, ਇਸ ਵਿਚ ਮਰਦ-ਪ੍ਰਧਾਨ ਸੋਚ ਦਾ ਬੋਲਬਾਲਾ ਹੈ, ਭਾਈਚਾਰੇ ਦੇ ਆਗੂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਥਾਂ ਇਨ੍ਹਾਂ ’ਤੇ ਲਿਪਾ-ਪੋਚੀ ਕਰਦੇ ਰਹਿੰਦੇ ਹਨ।
         ਧਾਰਮਿਕ ਕੱਟੜਤਾ ’ਤੇ ਆਧਾਰਿਤ ਵਿਚਾਰਧਾਰਾ ਦੇਸ਼/ਰਾਸ਼ਟਰ ਦੀ ਧਾਰਨਾ ਨੂੰ ਬਹੁਗਿਣਤੀ ਫ਼ਿਰਕੇ ਦੇ ਧਰਮ ਨਾਲ ਜੋੜ ਕੇ ਵੇਖਦੀ ਹੈ, ਇਸ ਤਰ੍ਹਾਂ ਧਰਮ-ਆਧਾਰਿਤ ਜਾਂ ਧਾਰਮਿਕ ਰਾਸ਼ਟਰਵਾਦ (ਜਿਸ ਨੂੰ ਉਹ ‘ਸੱਭਿਆਚਾਰਕ ਰਾਸ਼ਟਰਵਾਦ’ ਦਾ ਨਾਂ ਦਿੰਦੇ ਹਨ) ਦੀ ਬਣਤਰ ਤਿਆਰ ਕੀਤੀ ਗਈ ਹੈ, ਕੱਟੜਪੰਥੀ ਇਸ ਨੂੰ ਲੋਕ-ਧਰਮ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਵਿਚ ਵੀ ਸਫ਼ਲਤਾ ਮਿਲੀ ਹੈ, ਅੱਜ ਬਹੁਗਿਣਤੀ ਫ਼ਿਰਕੇ ਦਾ ਕੋਈ ਵੀ ਬੰਦਾ ਘੱਟਗਿਣਤੀ ਫ਼ਿਰਕੇ ਦੇ ਕਿਸੇ ਵੀ ਸ਼ਖ਼ਸ ਦੀ ਦੇਸ਼-ਭਗਤੀ ਅਤੇ ਦੇਸ਼-ਪ੍ਰੇਮ ’ਤੇ ਕਿੰਤੂ ਕਰ ਸਕਦਾ ਹੈ, ਉਸ ਤੋਂ ਉਸ ਦੀ ਦੇਸ਼-ਭਗਤੀ ਅਤੇ ਧਾਰਮਿਕ ਰਾਸ਼ਟਰਵਾਦ ਦਾ ਧਾਰਨੀ ਹੋਣ ਦੇ ਸਬੂਤ ਮੰਗੇ ਅਤੇ ਧਾਰਮਿਕ ਰੰਗਤ ਵਾਲੇ ਨਵ-ਰਾਸ਼ਟਰਵਾਦੀ ਨਾਅਰੇ ਲਗਵਾਏ ਜਾ ਸਕਦੇ ਹਨ।
         ਜੋ ਕੁਝ ਹੋ ਰਿਹਾ ਹੈ, ਉਹ ਦੇਸ਼ ਨੂੰ ਆ ਰਿਹਾ ਕੋਈ ਭੈੜਾ ਸੁਪਨਾ ਨਹੀਂ, ਹਕੀਕਤ ਹੈ। ਚਾਰ ਸਾਲ ਪੁਰਾਣੇ ਟਵੀਟ ਕਾਰਨ ਤੁਹਾਡੇ ’ਤੇ ਮੁਕੱਦਮਾ ਦਰਜ ਕਰ ਕੇ ਤੁਹਾਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ, ਤੁਹਾਡੇ ਘਰ ਜਾਂ ਦਫ਼ਤਰ ’ਤੇ ਸੀਬੀਆਈ ਜਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਪੈ ਸਕਦੇ ਹਨ, ਤੁਹਾਡੇ ਮਾਣ-ਸਨਮਾਨ ਨੂੰ ਮਿੱਟੀ ਵਿਚ ਮਿਲਾਇਆ ਜਾ ਸਕਦਾ ਹੈ, ਨਿਆਂ-ਪ੍ਰਣਾਲੀ ਤੋਂ ਨਿਆਂ ਮਿਲਣ ਦੀ ਉਮੀਦ ਦਿਨੋਂ-ਦਿਨ ਘਟਦੀ ਜਾ ਰਹੀ ਹੈ।
        ਤੁਹਾਡੇ ਕੋਲ ਇਸ ਸਭ ਕੁਝ ਲਈ ਕੀ ਚਾਰਾਜੋਈ ਹੈ? ਬਹੁਤੇ ਲੋਕ ਇਹ ਸਮਝਦੇ ਹਨ ਕਿ ਚੁੱਪ ਰਹਿਣ ਵਿਚ ਹੀ ਬਚਾਅ ਹੈ। ਬਹੁਤ ਸਾਰੇ ਸੁਹਿਰਦ ਚਿੰਤਕ ਤੇ ਵਿਦਵਾਨ ਆਪਣਾ ਸਮਾਂ ਅਜਿਹੀ ਸੱਭਿਆਚਾਰਕ ਜਾਂ ਸਾਹਿਤਕ ਖੋਜ ਅਤੇ ਵਿਸ਼ਲੇਸ਼ਣ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ ਜਿਸ ਵਿਚ ਮੌਜੂਦਾ ਸਥਾਪਤੀ ਤੋਂ ਸਵਾਲ ਪੁੱਛਣ ਤੋਂ ਬਚਿਆ ਜਾ ਸਕੇ।
        ਇਸ ਵਰਤਾਰੇ ਵਿਚ ਬਹੁਗਿਣਤੀ ਫ਼ਿਰਕੇ ਦੇ ਮੱਧਕਾਲੀਨ ਸਮਿਆਂ ਦੇ ਚਿੰਤਕਾਂ ਅਤੇ ਸੁਧਾਰਕਾਂ, ਜਿਨ੍ਹਾਂ ਵਿਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਅਤੇ ਭਗਤੀ ਲਹਿਰ ਦੇ ਹੋਰ ਭਗਤ ਤੇ ਚਿੰਤਕ ਸ਼ਾਮਲ ਹਨ, ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ, ਅਜਿਹੇ ਚਿੰਤਕਾਂ ਨੂੰ ਉਨ੍ਹਾਂ ਦੀਆਂ ਜਾਤਾਂ ਨਾਲ ਜੋੜ ਕੇ ਪ੍ਰਤੀਕਮਈ ਪੱਧਰ ’ਤੇ ਸ਼ਰਧਾਂਜਲੀਆਂ ਤਾਂ ਦਿੱਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੀ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਵਾਲੀ ਸੋਚ ਨੂੰ ਮੁੱਖ-ਧਾਰਾ ਦੀ ਸੋਚ ਵਿਚੋਂ ਮਨਫ਼ੀ ਕਰ ਦਿੱਤਾ ਗਿਆ ਹੈ।
        ਅਜਿਹੇ ਸਮੇਂ ਹੀ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਵਿਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਵਿਆਪਕ ਸਿਰਜਣਾਤਮਕ ਅਮਲ ਲਈ ਵੰਗਾਰਦੇ ਹਨ, ਅਜਿਹਾ ਸਿਰਜਣਾਤਮਕ ਅਮਲ ਜੋ ਆਪਣੇ ਵਿਰਸੇ ਅਤੇ ਸਮਾਜ ਨਾਲ ਜੁੜਿਆ ਹੋਵੇ, ਜੋ ਵਿਚਾਰਧਾਰਾ ਵਿਚ ਕਲਪਿਤ ‘ਲੋਕਾਂ’ ਦੀ ਗੱਲ ਨਾ ਕਰ ਕੇ ਹਕੀਕੀ ਸੰਸਾਰ ਵਿਚ ਜਿਊਂਦੇ ਲੋਕਾਂ ਦੇ ਮਨਾਂ ਨਾਲ ਸਾਂਝ ਪਾ ਸਕੇ, ਪੰਜਾਬ ਵਿਚ ਅਜਿਹਾ ਕ੍ਰਿਸ਼ਮਾ 16ਵੀਂ-18ਵੀਂ ਸਦੀ ਵਿਚ ਵਾਪਰਿਆ ਜਦ ਕਿਰਤੀ ਤੇ ਕਿਸਾਨ ਆਪਣੀ ਹੋਣੀ ਦੇ ਸਿਰਜਕ ਬਣੇ। ਵੀਹਵੀਂ ਸਦੀ ਦੇ ਜਨ-ਸੰਘਰਸ਼ ਹਕੀਕੀ ਅਤੇ ਪ੍ਰਤੀਕਮਈ ਪੱਧਰ ’ਤੇ ਤਾਂ ਬਹੁਤ ਮਹੱਤਵਪੂਰਨ ਸਨ/ਹਨ ਪਰ ਉਨ੍ਹਾਂ ਦੁਆਰਾ ਉਪਜਾਈ ਚੇਤਨਾ ਦੇ ਪਸਾਰ ਏਨੇ ਵੱਡੇ ਨਹੀਂ ਸਨ ਜਿੰਨੇ ਨਕਾਰਾਤਮਕ ਅਤੇ ਕੱਟੜਪੰਥੀ ਤਾਕਤਾਂ ਦਾ ਸਾਹਮਣਾ ਕਰਨ ਲਈ ਚਾਹੀਦੇ ਸਨ। ਅੱਜ ਜਮਹੂਰੀ ਤਾਕਤਾਂ ਅਤੇ ਚਿੰਤਕਾਂ ਨੂੰ ਅਜਿਹੀ ਸਿਰਜਣਾਤਮਕ ਊਰਜਾ ਪੈਦਾ ਕਰਨ ਦੀ ਜ਼ਰੂਰਤ ਹੈ ਜਿਸ ਤੋਂ ਉਪਜੀ ਚੇਤਨਾ ਅਤੇ ਅਮਲ ਸਮਾਜ ਦੇ ਵੱਡੇ ਹਿੱਸਿਆਂ ਦੀ ਮਾਨਸਿਕਤਾ ਨਾਲ ਸਾਂਝ ਪਾ ਕੇ ਉਨ੍ਹਾਂ ਨੂੰ ਧਾਰਮਿਕ ਕੱਟੜਤਾ ਤੋਂ ਦੂਰੀ ਬਣਾਉਣ ਲਈ ਪ੍ਰੇਰਿਤ ਕਰ ਸਕਣ, ਅਜਿਹੀ ਊਰਜਾ ਬੌਧਿਕ ਮਿਹਨਤ ਤੇ ਸੂਝ ਦੇ ਨਾਲ ਨਾਲ ਹਕੀਕੀ ਜੀਵਨ ਵਿਚ ਉਸ ਸੂਝ ਲਈ ਲੜਨ ਅਤੇ ਖ਼ਤਰੇ ਸਹੇੜਨ ਦਾ ਜਜ਼ਬਾ ਤੇ ਜਮਹੂਰੀ ਤਾਕਤਾਂ ਦੀ ਏਕਤਾ ਵੀ ਮੰਗਦੀ ਹੈ।