ਸਤਿੰਦਰ ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ -  ਉਜਾਗਰ ਸਿੰਘ

ਸਤਿੰਦਰ ਸਿੰਘ ਨੰਦਾ ਆਪਣੇ ਜ਼ਮਾਨੇ ਦਾ ਜਾਣਿਆਂ ਪਹਿਚਾਣਿਆਂ ਰੰਗ ਕਰਮੀ ਹੈ। ਉਸਨੇ ਆਪਣਾ ਸਾਰਾ ਜੀਵਨ ਰੰਗ ਮੰਚ ਨੂੰ ਸਮਰਪਤ ਕੀਤਾ ਹੈ। ਨਾਟਕ ਹੀ ਉਸਦੀ ਜ਼ਿੰਦ ਜਾਨ ਹਨ। ਉਨ੍ਹਾਂ ਦੇ ਨਾਟਕਾਂ ਨੂੰ ਵੇਖਕੇ ਜਿਉਂਦੀ ਜਾਗਦੀ ਜ਼ਿੰਦਗੀ ਦੇ ਦਰਸ਼ਨ ਹੋ ਜਾਂਦੇ ਹਨ। ਹੁਣ ਤੱਕ ਉਨ੍ਹਾਂ ਦੀਆਂ ਇਕ ਦਰਜਨ ਦੇ ਕਰੀਬ ਨਾਟਕ, ਅੱਧੀ ਦਰਜਨ ਇਕਾਂਗੀ, ਦੋ ਨਾਵਲ ਅਤੇ ਦੋ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਬਹੁਪੱਖੀ ਅਤੇ ਬਹੁਪਰਤੀ ਲੇਖਕ ਤੇ ਰੰਗ ਕਰਮੀ ਹੈ। ਰੰਗ ਤਮਾਸ਼ੇ ਪੁਸਤਕ ਵਿੱਚ ਉਨ੍ਹਾਂ ਦੇ 9 ਨਾਟਕ ਹਨ। ਇਹ ਨਾਟਕ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚਲੇ ਕੁਝ ਪਾਤਰ ਇਤਿਹਾਸਿਕ ਹਨ। ਕਈ ਨਾਟਕ ਵੀ ਇਤਿਹਾਸਕ ਅਤੇ ਧਾਰਮਿਕ ਘਟਨਾਵਾਂ ਨਾਲ ਸੰਬੰਧਤ ਹਨ। ਅਜਿਹੇ ਨਾਟਕ ਲਿਖਣ ਲਈ ਇਤਿਹਾਸ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਸਤਿੰਦਰ ਸਿੰਘ ਨੰਦਾ ਨੇ ਇਤਿਹਾਸਿਕ ਪ੍ਰਸਿਥਿਤੀਆਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਸਨੂੰ ਇਤਿਹਾਸ ਬਾਰੇ ਵੀ ਪੂਰੀ ਜਾਣਕਾਰੀ ਹੈ। ਭਾਵ ਉਸਨੇ ਇਤਿਹਾਸ ਪੜ੍ਹਿਆ ਹੋਇਆ ਹੈ। ਭਾਸ਼ਾ ਵਿਭਾਗ ਪੰਜਾਬ ਵਿੱਚ ਜ਼ਿੰਮੇਵਾਰੀ ਨਿਭਾਉਣ ਕਰਕੇ ਸਾਹਿਤ ਅਤੇ ਇਤਿਹਾਸ ਨਾਲ ਉਹ ਬਾਵਾਸਤਾ ਰਹੇ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਉਸਦੇ ਨਾਟਕਾਂ ਵਿੱਚ ਸਮਾਜਿਕ, ਆਰਥਿਕ, ਧਾਰਮਿਕ ਅਤੇ ਇਤਿਹਾਸਿਕਤਾ ਦਾ ਸੁਮੇਲ ਹੈ ਤਾਂ ਕੋਈ ਅਤਕਥਨੀ ਨਹੀਂ। ਇਨ੍ਹਾਂ ਸਾਰੇ ਨਾਟਕਾਂ ਦੀ ਬੋਲੀ ਅਤੇ ਸ਼ੈਲੀ ਆਮ ਘਰਾਂ ਵਿੱਚ ਬੋਲਚਾਲ ਵਾਲੀ ਬੋਲੀ ਹੈ। ਪਾਤਰਾਂ ਦੀ ਬੋਲੀ ਦਰਸ਼ਕਾਂ ਦੇ ਮਨਾਂ ਨੂੰ ਮੋਂਹਦੀ ਹੋਈ ਆਪਣੇ ਨਾਲ ਜੋੜ ਲੈਂਦੀ ਹੈ। ਸਮੇਂ, ਸਥਾਨ, ਹਾਲਾਤ ਅਤੇ ਪਾਤਰ ਅਨੁਸਾਰ ਬੋਲੀ ਬੁਲਾਈ ਗਈ ਹੈ। ਉਦਾਹਰਣ ਦੇ ਤੌਰ ‘ਤੇ ਧੂੰਏ ਦੇ ਬੱਦਲ’ ਨਾਟਕ ਵਿੱਚ ਲਤਾ ਦੀ ਆਵਾਜ ਆਉਂਦੀ ਹੈ, ‘ਗੋਡੇ ਗੋਡੇ ਦਿਨ ਉਤਰ ਆਇਐ ਤੇ ਇਥੇ ਸਾਰੇ ਲੰਮੀਆਂ ਤਾਣ ਕੇ ਸੁਤੇ ਹੋਏ ਨੇ। ਵੇ ਕੋਈ ਸੁਣਦਾ ਏ ਮੇਰੀ ਵਾਜ’? ਅਰਵਿੰਦ ਕਹਿੰਦਾ, ‘ਇਸ ਕਲਮੂੰਹੀ ਨੂੰ ਆਪਾਂ ਚੰਗਾ ਸਮਝਦੇ ਸੀ, ਪਰ ਇਹੀ ਨੱਕ ਡਬੋਣ ਲੱਗੀ ਏ ਆਪਣਾ।’ ‘ਪੂਰਨ ਖਸਮ ਹਮਾਰੇ’ ਨਾਟਕ ਵਿੱਚ ਚੰਦੂ ਕਹਿੰਦਾ ‘ਬਹੁਤ ਬਕੜਵਾਹ ਕਰ ਰਿਹਾ ਹੈ। ਹਨੇਰ ਕੋਠੜੀ ਵਿਚ ਲਿਜਾ ਕੇ  ਭੁਗਤ ਸਵਾਰੋ ਤਾਂ ਜੋ ਇਸ ਦੀ ਟੈਂ ਟੈਂ ਨੂੰ ਕੋਈ ਹੋਰ ਨਾ ਸੁਣ ਲਵੇ।’ ਕਿਰਾਏਦਾਰ ਵਿਚ ਕੁਲਦੀਪ ਕਹਿੰਦਾ ‘ਸਿਵਾਏ ਫ਼ਜ਼ੂਲ ਦੀਆਂ ਗੱਲਾਂ ਤੋਂ ਤੁਹਾਨੂੰ ਕੁਝ ਹੋਰ ਵੀ ਆਉਂਦਾ ਏ?’ ਸੁਆਹ ਤੇ ਖੇਹ ਆਉਂਦਾ ਏ। ਦਫ਼ਤਰ ਵਿਚ ਅਫ਼ਸਰਾਂ ਦੀ ਚਪਲੂਸੀ ਤੇ ਘਰ ਵਿੱਚ। ‘ਕਰਮਯੋਗੀ’ ਵਿਚ ਦਸੌਂਧੀ ਰਾਮ ਕਹਿੰਦਾ ‘ਪਿਉ ਮਰ ਗਿਆ। ਭਰਾਵਾਂ ਜਾਇਦਾਦ ਹੜੱਪ ਲੲਂੀ ਤੇ ਅੱਧ ਮਰਿਆ ਕਰਕੇ ਘਰੋਂ ਕੱਢ ਦਿੱਤਾ’। ‘ਥਿੜਕਦੇ ਕਦਮ’ ਵਿਚ ਅਮਰ ਨਾਂ ਦਾ ਪਾਤਰ ਕਹਿੰਦਾ ‘ ਕਿਤਨੀ ਵਾਰ ਕਹਿ ਚੁੱਕੇ ਹਾਂ ਚੋਂਦੇ ਚੋਂਦੇ ਗਾਣੇ ਲਾਇਆ ਕਰ, ਪਰ ਕੀ ਮਜ਼ਾਲ ਕਿ ਕੰਨਾਂ ਉਤੇ ਜੂੰ ਸਰਕ ਜਾਵੇ’। ‘ਸਿੱਖੀ ਸਿਦਕ’ ਵਿੱਚ ਹੀਰਾ ਸਿੰਘ ਪਾਤਰ ਕਹਿੰਦਾ ਹੈ ‘ ਮੇਰੇ ਗੁਰੂ ਦੇ ਸਿੰਘੋ, ਜੋ ਕੰਮ ਕਰਨ ਦਾ ਮੈਨੂੰ ਹੁਕਮ ਸੀ, ਸੋ ਹੋ  ਚੁਕਾ ਹੈ। ਅੱਗੇ ਕਹਿੰਦਾ ਹੈ, ਜਿਨ੍ਹਾਂ ਨੇ ਸੀਸ ਤਲੀ ਉਤੇ ਰੱਖਿਆ ਹੋਇਆ ਹੈ, ਉਹ ਇਥੇ ਠਹਿਰ ਜਾਣ’। ‘ਭਲਕ ਅਜੇ ਦੂਰ ਹੈ’ ਵਿੱਚ ਥਾਣੇਦਾਰ ਕਹਿੰਦਾ ਹੈ ‘ ਜਾਹ ਬੰਦ ਕਰ ਓਏ ਬੰਤਿਆ ਏਸ ਢਕਵੰਜ ਨੂੰ’। ਮਹੰਤ ਥਾਣੇਦਾਰ ਨੂੰ ਕਹਿੰਦਾ ‘ਜਨਤਾ ਨੂੰ ਬੇਫ਼ਜ਼ੂਲ ਤੰਗ ਕਰਨਾ ਤਾਂ ਥੋਡਾ ਕਿੱਤੈ।’ ‘ਨਿਰੰਜਨੀ ਜੋਤ’ ਵਿੱਚ ਗੁਰਸੇਵਕ ਕਹਿੰਦਾ ‘ ਹਨੇਰੇ ਵਿੱਚ ਰੱਖਣ ਵਾਲੀ ਕੋਈ ਗੱਲ ਨਹੀਂ, ਭੁਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਇਰਾਦਾ ਹੈ।’ ਜਹਾਂਗੀਰ ਕਹਿੰਦਾ ‘ਇਹ ਤਾਂ ਬਚਪਨ ਦਾ ਭੂਤ ਹੈ, ਜੋ ਹੌਲੀ ਹੌਲੀ ਉਤਰ ਜਾਵੇਗਾ।’ ‘ਕਉਣੁ ਜਾਣੈ ਪੀਰ ਪਰਾਈ’ ਵਿੱਚ ‘ਸੁਲੀਨਾ : ਮੱਥਾ ਟੇਕਦੀ ਆਂ ਮਾਤਾ! ਮਾਤਾ: ਜਾਹ, ਜਾ ਕੇ ਕੰਮ ਕਰ ਆਪਣਾ ’ ਆਦਿ। ਵਿਸ਼ਿਆਂ ਦੀ ਚੋਣ ਵੀ ਕਮਾਲ ਦੀ ਹੈ। ‘ਧੂੰਏਂ ਦੇ ਬੱਦਲ’ ਦੇ ਵਿਸ਼ੇ ਦੋਵੇਂ ਨੌਕਰੀ ਰਹੇ ਪਤਨੀ ਦੀਆਂ ਸਮੱਸਿਆਵਾਂ, ਮਹਿੰਗਾਈ, ਬੱਚਿਆਂ ਦੇ ਪਿਆਰ ਸੰਬੰਧ, ਟੈਲੀਵਿਜਨ ਦੇ ਪ੍ਰੋਗਰਾਮਾ ਦਾ ਬੱਚਿਆਂ ‘ਤੇ ਪ੍ਰਭਾਵ, ਸ਼ਹਿਰਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ, ਮਾਪਿਆਂ ਦੀ ਅਣਗਹਿਲੀ ਆਦਿ ਹਨ, ਜਿਨ੍ਹਾਂ ਦਾ ਪ੍ਰਭਾਵ ਆਮ ਲੋਕਾਂ ਦੇ ਜੀਵਨ ‘ਤੇ ਪੈ ਰਿਹਾ ਹੈ। ‘ਪੂਰਨ ਖਸਮ ਹਮਾਰੇ’ ਦਾ ਵਿਸ਼ਾ ਮੁਗਲ ਸ਼ਾਸ਼ਕਾਂ ਦੇ ਸਿੱਖਾਂ ਉਤੇ ਕੀਤੇ ਜ਼ੁਲਮ ਖਾਸ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸਿਖਾਂ ਵੱਲੋਂ ਵਿਰੋਧ ਤੇ ਇਨਸਾਫ ਲਈ ਜਦੋਜਹਿਦ ਬਾਰੇ ਹੈ। ਸ਼ਹਿਨਸ਼ਾਹਾਂ ਦੇ ਚੋਚਲੇ ਅਤੇ ਐਸ਼ ਪ੍ਰਸਤੀ ਨੂੰ ਵੀ ਵਿਸ਼ਾ ਬਣਾਇਆ ਗਿਆ ਹੈ। ਇਹ ਨਾਟਕ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ‘ਕਿਰਾਏਦਾਰ’ ਵਿੱਚ ਨਾਟਕਕਾਰ ਨੇ ਕਈ ਵਿਸ਼ੇ ਲਏ ਹਨ। ਤਾਈ ਰਾਮਭਜਨੀ ਫਫੇਕੁਟਣੀ ਜਿਹੜੀ ਲਾਈ ਲੂਤੀ ਲਾ ਕੇ ਲੜਾਈ ਕਰਵਾਉਂਦੀ ਹੈ। ਬਜ਼ੁਰਗਾਂ ਦੀ ਬੇਕਦਰੀ ਅਤੇ ਹਮ ਉਮਰਾਂ ਦਾ ਮੋਹ, ਇਕ ਦੂਜੇ ਦਾ ਨੁਕਸਾਨ ਕਰਨ ਦਾ ਸੋਚਣਾ, ਆਂਢ ਗੁਆਂਢ ਦੇ ਝਗੜੇ, ਮਾਲਕ ਮਕਾਨ ਤੇ ਕਿਰਾਏਦਾਰਾਂ ਦੀ ਖਹਿਬਾਜ਼ੀ, ਜਨਾਨੀਆਂ ਦੀ ਸ਼ਰੀਕੇਬਾਜ਼ੀ, ਇਕ ਦੂਜੀ ਜਨਾਨੀ ਤੇ ਸ਼ੱਕ ਕਰਨਾ ਆਦਿ ਆਮ ਜਿਹੀ ਗੱਲ ਹੈ, ਜਿਸਨੂੰ ਇਸ ਨਾਟਕ ਵਿੱਚ ਦਰਸਾਇਆ ਗਿਆ ਹੈ। ‘ਕਰਮਯੋਗੀ’ ਪਟਿਆਲਾ ਦੇ ਇਕ ਸਿਰਮੌਰ ਸਮਾਜ ਸੇਵਕ ਜਿਹੜਾ ਲਾਵਾਰਸ਼ ਲਾਸ਼ਾਂ ਦੇ ਸਸਕਾਰ ਕਰਦਾ ਸੀ ਅਤੇ ਅਜਿਹੇ ਲੂਲੇ ਲੰਗੜੇ, ਮੰਦਬੁੱਧੀ ਬਸਹਾਰਾ ਲੋਕਾਂ ਦੀ ਖੁਦ ਵੇਖ  ਭਾਲ ਕਰਦਾ ਸੀ, ਉਸਦਾ ਨਾਂ ਸੀ ਵੀਰ ਜੀ ਦਸੌਂਧੀ ਰਾਮ। ਇਹ ਨਾਟਕ ਉਸ ਮਹਾਨ ਵਿਅਕਤੀ ਦੀ ਜ਼ਿੰਦਗੀ ‘ਤੇ ਲਿਖਿਆ ਗਿਆ ਨਾਟਕ ਸੀ, ਜਿਸਦੀ ਪ੍ਰੇਰਨਾ ਸਦਕਾ ਅੱਜ ਪਟਿਆਲਾ ਨੂੰ ਸਮਾਜ ਸੇਵਕਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ‘ਥਿੜਕਦੇ ਕਦਮ’ ਸਮਾਜਿਕ ਤਾਣੇ ਬਾਣੇ ‘ਤੇ ਆਧੁਨਿਕਤਾ ਦੀ ਚੜ੍ਹੀ ਪਾਣ ਦਾ ਸਬੂਤ ਹੈ। ਬਦਲਦੇ ਹਾਲਾਤ ਵਿੱਚ ਮਰਦ ਔਰਤ ਦੇ ਸੰਬੰਧਾਂ ਦੀ ਤਰਜਮਾਨੀ ਹੁੰਦੀ ਹੈ। ਮਰਦ ਔਰਤ ਹੁਣ ਪੁਰਾਤਨ ਘਸੇ ਪਿਟੇ ਵਿਚਾਰਾਂ ਦੀ ਗ਼ੁਲਾਮ ਨਹੀਂ ਹਨ। ਉਹ ਤਾਂ ਖੁਲ੍ਹ ਦਿਲੀ ਨਾਲ ਵਿਚਰਦੇ ਹਨ। ‘ਸਿੱਖੀ ਸਿਦਕ’ ਮਾਲੇਰਕੋਟਲਾ ਵਿਖੇ ਨਾਮਧਾਰੀ ਕੂਕਿਆਂ ਨੂੰ ਅੰਗਰੇਜ਼ਾ ਵੱਲੋਂ ਤੋਪਾਂ ਨਾਲ ਉੜਾਉਣ ਦੀ ਗਾਥਾ ਹੈ, ਕਿਸ ਤਰ੍ਹਾਂ ਨਾਮਧਾਰੀ ਸਿੱਖੀ ਸਿਦਕ ਦਾ ਸਬੂਤ ਦਿੰਦੇ ਹੋਏ ਜਾਨਾ ਵਾਰ ਜਾਂਦੇ ਹਨ। ਇਥੇ ਹੀ ਬਰਕਤ ਖ਼ਾਂ ਵਰਗੇ ਹਾਅਦਾ ਨਾਅਰਾ ਵੀ ਮਾਰਦੇ ਹਨ। ਉਨ੍ਹਾਂ ਦੇ ਸਿਦਕ ਦੀ ਵੀ ਕਮਾਲ ਹੈ। ਛੋਟੇ ਬਿਸ਼ਨ ਸਿੰਘ ਵਰਗੇ ਬੱਚੇ ਵੀ ਦਲੇਰੀ ਨਾਲ ਕੁਰਬਾਨੀ ਦਿੰਦੇ ਹਨ ਪ੍ਰੰਤੂ ਸਿੱਖੀ ਤੋਂ ਮੂੰਹ ਮੋੜਨ ਤੋਂ Çੲਨਕਾਰ ਕਰਦੇ ਹਨ। ‘ਭਲਕ ਅਜੇ ਦੂਰ ਹੈ’ ਨਾਟਕ ਵਿੱਚ ਰਾਜਨੀਤੀ ਵਿੱਚ ਭਰਿਸ਼ਟਾਚਾਰ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਰਾਜਨੀਤਕ ਲੋਕ ਚੋਣਾ ਜਿੱਤਣ ਲਈ ਜਿਹੜੇ ਹੱਥਕੰਡੇ ਵਰਤਦੇ ਹਨ। ਨਸ਼ੇ ਅਫੀਮ ਅਤੇ ਪੈਸੇ ਆਦਿ ਵੰਡਦੇ ਹਨ। ਚੋਣਾ ਜਿੱਤਣ ਤੋਂ ਬਾਅਦ ਲੋਕਾਂ ਨੂੰ ਅੱਖੋਂ ਪ੍ਰੋਖੇ ਕਰਦੇ ਹਨ। ਕਾਰਜਕਾਰੀ ਨਾਲ ਮਿਲੀਭੁਗਤ ਕਰਕੇ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰਦੇ ਹਨ। ਵਿਭਚਾਰੀ ਵੀ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਪ੍ਰੰਤੂ ਹੁਣ ਨੌਜਵਾਨਾ ਵਿੱਚ ਜਾਗ੍ਰਤੀ ਆਉਣ ਨਾਲ ਹਾਲਾਤ ਬਦਲ ਰਹੇ ਹਨ। ਇਸ ਪੁਸਤਕ ਦਾ ਨੌਵਾਂ ਅਤੇ ਆਖ਼ਰੀ ਨਾਟਕ ‘ਕਉਣ ਜਾਣੈ ਪੀਰ ਪਰਾਈ’ ਵੀ ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਨਾਲ ਸੰਬੰਧਤ ਹੈ। ਇਸ ਵਿੱਚ ਦੁਹਰਾਓ ਵੀ ਹੈ। ਮੁਗਲਾਂ ਦੇ ਜ਼ੁਲਮਾ ਦੀ ਦਾਸਤਾਂ ਹੈ। ਖਾਲਸਾ ਸਿਰਜਣਾ ਦਾ ਬਿਰਤਾਂਤ ਹੈ। ਸਤਿੰਦਰ ਸਿੰਘ ਨੰਦਾ ਦੇ ਨਾਟਕ ਖੇਡਣ ਲਈ ਵਧੇਰੇ ਪਾਤਰਾਂ, ਸਾਜੋ ਸਾਮਾਨ ਅਤੇ ਢਾਂਚੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜੋ ਅਜੋਕੇ ਸਮੇਂ ਮਹਿੰਗੀ ਪੈ ਸਕਦੀ ਹੈ। ਜਿਸ ਸਮੇਂ ਇਹ ਨਾਟਕ ਲਿਖੇ ਗਏ ਹਨ, ਸ਼ਾਇਦ ਉਸ ਸਮੇਂ ਬਹੁਤੀ ਮੁਸ਼ਕਲ ਨਾ ਹੁੰਦੀ ਹੋਵੇਗੀ।
    436 ਪੰਨਿਆਂ, 375 ਰੁਪਏ ਕੀਮਤ ਵਾਲੀ ਇਹ ਪੁਸਤਕ ਆਰਸੀ ਪਬਲਿਸ਼ਰਜ਼ ਚਾਂਦਨੀ ਚੌਕ, ਦਿੱਲੀ ਨੇ ਪ੍ਰਕਾਸ਼ਤ ਕੀਤੀ ਹੈ। ਪੁਸਤਕ ਦੇ ਮੁੱਖ ਕਵਰ ‘ਤੇ ਰੰਗਦਾਰ ਸੰਸਾਰ ਦੀ ਪ੍ਰਾਚੀਨਤਮ ਰੰਗਸ਼ਾਲਾ ਕਲੋਸ਼ੀਅਮ ਇਟਲੀ ਦੀ ਰਾਜਧਾਨੀ ਰੋਮ ਦੀ ਤਸਵੀਰ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072
ujagarsingh48@yahoo.com