ਨਸ਼ੇ ਬਰਾਬਰ ਝੂਠ - ਸੁਖਪਾਲ ਸਿੰਘ ਗਿੱਲ

ਸਮਾਜਿਕ ਕੁਰੀਤੀਆਂ ਦੀ ਲੜੀ ਤਹਿਤ ਘੋਖਿਆ ਜਾਵੇ ਤਾਂ ਝੂਠ ਬੋਲਣਾ ਵੀ ਇੱਕ ਨਸ਼ਾ ਹੀ ਹੈ । ਧਾਰਮਿਕ ਤੌਰ ਤੇ ਝੂਠ ਅਤੇ ਨਸ਼ੇ ਨੂੰ ਕੋਈ ਮਾਨਤਾ ਨਹੀਂ ਹੈ । ਪਰ ਸਮਾਜਿਕ ਤੌਰ ਤੇ ਝੂਠ ਅਤੇ ਨਸ਼ੇ ਨੂੰ ਜਾਣਦੇ ਹੋਏ ਵੀ  ਅਣਜਾਣ ਬਣ ਕੇ ਮਾਨਤਾ ਦਿੱਤੀ ਜਾ ਰਹੀ ਹੈ  । ਹੁਣ ਨਸ਼ੇ ਦੇ ਦੈਂਤ ਨਾਲ ਲੜਨ ਲਈ ਹੰਭਲੇ ਮਾਰੇ ਜਾ ਰਹੇ ਹਨ । ਪਰ ਝੂਠ ਬਾਰੇ ਸਮੇਂ ਦੀ ਨਬਜ਼ ਪਛਾਣ ਕੇ  ਗਿਣਤੀਆਂ - ਮਿਣਤੀਆਂ ਕਰ ਲਈਆ ਜਾਂਦੀਆਂ ਹਨ । ਇਹ ਦੋਵੇਂ ਨਾਮੁਰਾਦ ਬਿਮਾਰੀਆਂ ਲਈ ਇੱਕ ਕੋੜਾ ਸੱਚ ਹੈ ਕਿ ਕਿਸੇ ਦੇ ਕਹੇ ਤੋਂ ਕੋਈ ਹਟਿਆ ਨਹੀਂ । ਪਰ ਦੋਵੇਂ ਇੱਕ ਦੂਜੇ ਦੀ ਉੱਪਜ ਹਨ ।
            ਨਸ਼ਾ ਕੁਝ ਦੇਰ ਲਈ ਬੇਸੁਰਤ ਕਰਦਾ ਹੈ , ਪਰ ਇੱਕ ਵਾਰ ਬੋਲਿਆ ਝੂਠ ਲੰਬੇ ਸਮੇਂ ਲਈ ਬੇਸੁਰਤ ਰੱਖਦਾ ਹੈ । ਸਮਾਜ ਵਿੱਚ ਆਮ ਕਿਹਾ ਜਾਂਦਾ ਹੈ  ਕਿ ਇੱਕ ਝੂਠ ਨੂੰ ਛੁਪਾਉਣ ਲਈ ਸੌ ਝੂਠ ਬੋਲਣਾ ਪੈਂਦਾ ਹੈ । ਝੂਠ ਪਰ ਝੂਠ ਬੋਲਣ ਨਾਲ ਆਪੇ ਵਿੱਚ ਗੁਵਾਚਣਾ ਪੈਂਦਾ ਹੈ । ਨਸ਼ਾ ਮੁੱਲ ਮਿਲਦਾ ਹੈ ਝੂਠ ਮੁਫ਼ਤ ਮਿਲਦਾ ਹੈ । ਦੋਵਾਂ ਦੀ ਮੰਜ਼ਲ ਇੱਕ ਹੈ  ਪਰ ਰਸਤੇ ਅੱਡ - ਅੱਡ ਹਨ । ਜੇ ਵਿਅਕਤੀ ਦੇ ਸੁਭਾਅ ਵਿੱਚ ਝੂਠ ਅਤੇ ਨਸ਼ਾ ਵਸ ਜਾਵੇ ਤਾਂ ਸਮਝੋ  ਬੇੜਾ ਗਰਕ ਹੈ । ਝੂਠ ਅਤੇ ਨਸ਼ੇ ਦਾ ਇਲਾਜ ਵੀ ਇੱਕੋ ਜਿਹਾ ਹੈ । ਦੋਵਾਂ ਦਾ ਦਰਦ ਵੀ ਮਾਨਸਿਕ ਤਨਾਅ ਦੇ ਨਾਲ ਸਾਰੇ ਪੱਖ ਪ੍ਰਭਾਵਿਤ ਕਰਦਾ ਹੈ ।
                ਝੂਠ ਦੀ ਗੁੜਤੀ ਘਰ ਵਿੱਚੋਂ ਮਿਲਦੀ ਹੈ । ਨਸ਼ੇ ਦੀ ਗੁੜਤੀ ਸੰਗਤ ਵਿੱਚੋਂ ਮਿਲਦੀ ਹੈ । ਘਰ ਵਿੱਚ ਝੂਠ ਦੀ ਆਦਤ ਨੂੰ ਬੱਚਾ ਬਹੁਤ ਛੇਤੀ ਫੜਦਾ ਹੈ । ਜਿਸ ਤੋਂ ਉਸਨੂੰ ਨਿਜ਼ਾਤ ਅਸੰਭਵ ਹੁੰਦੀ ਹੈ । ਆਮ ਰੀਤੀ ਹੈ ਕਿ ਜਦੋਂ ਕੋਈ ਦਰਵਾਜ਼ਾ ਖੜਕਾ ਕੇ ਕਿਸੇ ਮੈਂਬਰ ਬਾਰੇ ਪੁੱਛੇ ਤਾਂ ਘਰ ਹੋਣ ਦੇ ਬਾਵਜੂਦ ਜਵਾਬ ਮਿਲਦਾ ਹੈ ਕਿ ਘਰ ਨਹੀਂ ਹੈ । ਇਹੋ ਜਹੇ ਅਨੇਕਾਂ ਵਰਤਾਰੇ ਹੋਰ ਵੀ ਕੀਤੇ ਜਾਂਦੇ ਹਨ ਜੋ ਬੱਚੇ ਨੂੰ ਝੂਠ ਦੀ ਪੁੱਠ ਚਾੜ੍ਹਦੇ ਹਨ ।
                       ਸਮਾਜ ਵਿੱਖ ਫੈਲੀ ਅਸਿਹਣਸ਼ੀਲਤਾ ਦਾ ਕਾਰਨ ਦੋਵੇਂ ਹੀ ਹਨ । ਘੱਟ ਗਿਆਨ ਅਤੇ ਚੱਜ ਅਚਾਰੋਂ ਖਾਲੀ ਹੋਣ ਦਾ ਪੁੱਖਤਾ ਸਬੂਤ ਹੈ ਝੂਠ ।ਮਾਨਸਿਕ ਕਮਜ਼ੋਰੀ ਦਾ ਸਬੂਤ ਹੈ ਨਸ਼ਾ । ਦੋਵੇਂ ਹੀ ਮਨੁੱਖੀ ਵਿਕਾਸ ਦੇ ਦੁਸ਼ਮਣ ਹਨ । ਹਾਸੋਹੀਣੀ ਸਥਿਤੀ ਊਸ ਸਮੇਂ ਬਣਦੀ ਹੈ ਜਦੋਂ ਇਹ ਜਾਣਦੇ ਹੋਏ ਵੀ ਝੂਠ ਬੋਲਿਆ ਜਾਂਦਾ ਹੈ ਕਿ ਸਾਡਾ ਝੂਠ ਥੋੜੇ  ਚਿਰ ਬਾਅਦ ਬੇਪਰਦ ਹੋ ਜਾਣਾ ਹੈ । ਅੱਜ ਕੱਲ੍ਹ ਝੂਠ ਬੋਲਣ ਲੱਗੇ ਕਸਮ ਖਾਣ ਨੂੰ ਇੱਕ ਰੀਤੀ ਜਿਹੀ ਸਮਝਿਆ ਜਾਂਦਾ ਹੈ । ਹਾਂ ਇੱਕ ਹੋਰ ਗੱਲ ਜ਼ਰੂਰ ਹੈ  ਕਿ ਮਾਪਿਆ ਦੀ ਹੈਂਕੜ ਅਤੇ ਗੁੱਸੇ ਖੋਰ ਸੁਭਾਅ  ਅੱਗੇ ਬੱਚਾ ਡਰਦਾ ਝੂਠ ਬੋਲਦਾ ਹੈ । ਇਸ ਮਨੋਵਿਗਿਆਨਕ ਸਥਿੱਤੀ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ।
                     ਆਪਣੇ ਅੰਦਰ ਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਝੂਠ ਬੋਝ ਅਤੇ ਸੱਚ ਫਕਰ ਮਹਿਸੂਸ ਕਰਵਾਉਂਦਾ ਹੈ । ਝੂਠ ਬੋਲਣ ਵਾਲਾ ਖਿੱਲ ਵਾਂਗ ਅਟੱਕਦਾ ਹੈ । ਜਦਕਿ ਸੱਚ ਬੋਲਣ ਵਾਲਾ ਸਹਿਜ ਅਵਸਥਾ ਵਿੱਚ ਰਹਿੰਦਾ ਹੈ । ਅੱਜ ਜੇ ਨਸ਼ਾ ਕੋਹੜ ਹੈ ਤਾਂ ਝੂੜ ਬੋਲਣਾ ਵੀ ਕੋਹੜ ਹੀ ਹੈ । ਨਸ਼ਾ ਸ਼ਰੀਰ ਨੂੰ ਅਤੇ ਝੂਠ ਆਤਮਾ ਨੂੰ ਖਾ ਲੈਂਦਾ ਹੈ । ਜੋ ਵਿਅਕਤੀ ਇਹਨਾਂ ਅਲਾਂਮਤਾ ਤੋਂ ਨਿਰਲੇਪ ਹੈ ਉਹ ਸਮਾਜਿਕ ਚਿੱਕੜ ਵਿੱਚ ਕਮਲ ਦਾ ਫੁੱਲ ਹੁੰਦਾ ਹੈ । ਆਓ ਆਪਣੇ ਅੰਦਰ ਝਾਤੀ ਮਾਰ ਕੇ ਝੂਠ ਬੋਲਣ ਦੇ ਕਾਰਨਾਂ ਦੀ ਪਹਿਚਾਣ ਕਰੀਏ ਇਸ ਨੂੰ ਨਸ਼ੇ ਬਰਾਬਰ ਸਮਝ ਕੇ ਝੂਠੇ ਸਹਾਰਿਆ ਦਾ ਆਸਰਾ ਛੱਡ ਕੇ ਆਪਣੇ ਜਿਸਮ ਅਤੇ ਰੂਹ ਨੂੰ ਇੱਕ ਸੁਰ ਕਰਕੇ ਤਨਾਅ ਮੁਕਤ ਕਰੀਏ  ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445

29 Sep. 2018