ਕੀ ਪੰਜਾਬ ਅੰਦਰ ਇਸਾਈਅਤ ਤੇ ਇਸਲਾਮ ਦਾ ਪ੍ਰਚਾਰ ਤੇ ਪਸਾਰ ਸਿੱਖ ਧਰਮ ਲਈ ਖਤਰਾ ਹੈ ? - ਸੰਪੂਰਨ ਸਿੰਘ Houston ( U S A )

ਪਿਛਲੇ ਸਾਲ ਤੋਂ ਕਈ ਲੀਡਰ ਬਿਰਤੀ ਵਾਲੇ ਲੋਕਾਂ ਤੇ ਬਹੁਤ ਸਾਰੇ ਪ੍ਰਚਾਰਕਾਂ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਸਤਰਾ ਪੰਜਾਬ ਵਿੱਚ ਵੱਡੇ ਵੱਡੇ ਗਿਰਜਾ ਘਰ ਤੇ ਮਸੀਤਾਂ ਮਦਰੱਸੇ ਬਣ ਰਹੇ ਹਨ,ਉਸ ਨਾਲ ਸਿੱਖ ਧਰਮ ਵਿਚ ਧਰਮ ਪਰਿਵਰਤਨ ਦੇ ਖਤਰੇ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ।ਵੱਡੀ ਹੈਰਾਨੀ ਉਦੋਂ ਹੋਈ ਜਦੋਂ ਸੑੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਕ ਇਤਹਾਸਕ ਦਿਨ ਉੱਪਰ ਇਕ ਵੱਡੇ ਪੰਥਕ ਇਕੱਠ ਵਿੱਚ ਹਾਜ਼ਰੀ ਭਰਦਿਆ ਬੜੇ ਜ਼ੋਰ ਨਾਲ ਇਸ ਖਤਰੇ ਦਾ ਪ੍ਰਗਟਾਵਾ ਕੀਤਾ ਤੇ ਸੰਤ ਸਮਾਜ ਨੂੰ ਬੜੀ ਭਾਵਪੂਰਨ ਅਪੀਲ ਕੀਤੀ ਕਿ ਉਹ ਅੱਗੇ ਹੋ ਕਿ ਇਸ ਵਹਿਣ ਨੂੰ ਰੋਕਣ ।
ਮੈਂ ਜਥੇਦਾਰ ਸਾਹਿਬ ਦਾ ਕਈ ਕਾਰਨਾਂ ਕਰਕੇ ਦਿਲੌ ਸਤਿਕਾਰ ਕਰਦਾ ਹਾਂ । ਪਰ ਜਿਸਤਰਾ ਇਸਾਈਅਤ ਤੇ ਇਸਲਾਮ ਦੇ ਵੱਧ ਰਹੇ ਪ੍ਰਚਾਰ ਤੇ ਪਸਾਰ ਨੂੰ ਉੱਨਾਂ ਨੇ ਸਿੱਖ ਧਰਮ ਲਈ ਚਿੰਤਾ ਦਾ ਵਿਸ਼ਾ ਸਮਝਿਆ ,ਮੈ ਉੱਨਾਂ ਦੇ ਇਸ ਬਿਆਨ ਨੂੰ ਕਾਹਲ਼ੀ ਵਿੱਚ ਬਿਨਾ ਸੰਜੀਦਗੀ ਨਾਲ ਵਿਚਾਰਨ ਦੇ ਪ੍ਰਗਟਾਈ ਗਈ ਚਿੰਤਾ ਸਮਝਦਾ ਹਾਂ ।
ਭਾਰਤ ਬਹੁਤ ਸਾਰੇ ਧਰਮਾ ਨੂੰ ਮੰਨਣ ਵਾਲੇ ਲੋਕਾਂ ਦਾ ਦੇਸ਼ ਹੈ । ਭਾਰਤ ਦਾ ਸੰਵਿਧਾਨ ਕਹਿੰਦਾ ਹੈ ਃ every citizen of India has a right to practice and promote their religion peacefully ,article 25-28 of constitution of India’ “every person has a right and freedom to choose and practice his or her religion’”
ਸਾਡਾ ਫ਼ਿਕਰ ਇਹ ਕਤਈ ਨਹੀਂ ਹੋਣਾ ਚਾਹੀਦਾ ਕਿ ਦੂਜਿਆਂ ਦੇ ਪਸਾਰੇ ਵਿੱਚ ਵਾਧਾ ਕਿਉਂ ਹੋ ਰਿਹਾ ਹੈ । ਸਗੋਂ ਸਾਡੇ ਫ਼ਿਕਰ ਦਾ ਸਬੱਬ ਇਹ ਹੋਣਾ ਚਾਹੀਦੇ ਕਿ ਕੀ ਕਮੀਆਂ ਹਨ ਕਿ ਅਸੀ ਨਿਘਾਰ ਤੇ ਨਿਵਾਣ ਵੱਲ ਨੂੰ ਜਾ ਰਹੇ ਹਾਂ ।ਸਾਡੇ ਧਾਰਮਕ ਰਹਿਬਰਾਂ ਨੂੰ ਫ਼ਿਕਰ ਚਾਹੀਦਾ ਕਿ ਕਿ ਸਿੱਖ ਧਰਮ ਦੇ ਨਕਸ਼ਾ ਨੂੰ ਕਿਵੇਂ ਸੰਵਾਰ ਕੇ ਵਿਸ਼ਵ ਦੇ ਨਕਸ਼ੇ ਉੱਪਰ ਪੇਸ਼ ਕਰਨਾ ਹੈ । ਕਿਵੇਂ ਸਾਡੇ ਧਰਮ ਵਿੱਚ ਆਈਆਂ ਤਰੁੱਟੀਆਂ ਨੂੰ ਦੂਰ ਕਰਨਾ ਹੈ ,ਦੂਜੇ ਧਰਮਾ ਦੇ ਵੱਧ ਰਹੇ ਪਸਾਰੇ ਦੇ ਫ਼ਿਕਰ ਦੀ ਥਾਂ ,ਆਪਣੀ ਧੁੰਦਲੀ ਤੇ ਛੋਟੀ ਪੈ ਰਹੀ ਲਕੀਰ ਨੂੰ ਕਿਵੇਂ ਉੱਜਲ ਤੇ ਵਡਿਆ ਕਰਨਾ ਹੈ । ਵਿਸ਼ਵ ਦੇ ਬਹੁਤ ਹੀ ਨਾਮਵਰ ਵਿਦਵਾਨਾਂ ਤੇ ਚਿੰਤਕਾਂ ਜਿਵੇਂ ਲਿਓ ਟਾਲਸਟਾਏ , ਰੂਸ ,Houston Smith USA,Herbert wales England,Albert Einstein Germany ,Bertrand Russel British Philosopher ਆਦਿ ਨੇ ਆਪੋ ਆਪਣੇ ਤਰੀਕੇ ਨਾਲ ਸਿੱਖ ਧਰਮ ਨੂੰ ਆਉਣ ਵਾਲੇ ਸਮੇਂ ਲਈ ਵਿਸ਼ਵ ਭਰ ਦੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਬਣ ਕਿ ਅਗਵਾਈ ਕਰਨ ਦੀਆਂ ਸੰਭਾਵਨਾਵਾਂ ਭਰਪੂਰ ਧਰਮ ਮੰਨਿਆ ਹੈ ।ਸਾਡੇ ਧਰਮ ਦਾ ਭਵਿੱਖ ਉਜਲਾ ਹੀ ਹੈ ।ਇਤਹਾਸ ਗਵਾਹ ਹੈ ਕਿ ਸਾਡੇ ਵਿੱਚ ਨਿਖਾਰ ਉਦੋਂ ਹੀ ਆਉਂਦਾ ਹੈ ਜਦੋਂ ਅਸੀ ਡੇਗੇ ਜਾਂਦੇ ਹਾਂ ਜਾ ਸਾਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਧਾਰਮਕ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਮਾਂ ਫਿਕਰਮੰਦ ਹੋਣ ਦਾ ਨਹੀਂ ਸਗੋਂ ਫ਼ਿਕਰ ਕਰਨ ਦਾ ਹੈ ।ਸਮਾਂ ਹਵਾਵਾਂ ਨੂੰ ਦੋਸ਼ੀ ਕਹਿਣ ਦਾ ਨਹੀਂ ਕਿ ਉਹ ਸਾਡੇ ਚਿਰਾਗ਼ ਬੁਝਾ ਰਹੀਆਂ ਹਨ ਸਗੋਂ ਸਮਾਂ ਆਪਣੇ ਦੀਵਿਆਂ ਵਲ ਝਾਤੀ ਮਾਰਨ ਦਾ ਹੈ ਕਿ ਕਿਤੇ ਸਾਡੇ ਦੀਵੇ ਹੀ ਤੇਲ ਤੋਂ ਸੱਖਣੇ ਤਾਂ ਨਹੀਂ ਹੋ ਰਹੇ ?
ਸਿੱਖ ਧਰਮ ਨਿਵੇਕਲਾ ਹੈ ਕਿਉਂਕਿ ਇਸਦੀਆਂ ਵਿਸ਼ੇਸ਼ਤਾਵਾਂ ਵੱਖਰੀਆਂ ਤੇ ਨਿਵੇਕਲੀਆ ਹਨ । ਸਿੰਘ ,ਕੌਰ , ਦਸਤਾਰ ਤੇ ਮੁਕੰਮਲ ਸਿੱਖੀ ਸਰੂਪ।ਇਹ ਗੱਲ ਸਾਡੇ ਚੇਤੇ ਵਿੱਚ ਰਹਿਣੀ ਚਾਹੀਦੀ ਹੈ ਕਿ ਜਦੋਂ ਦਸਮ ਪਾਤਸ਼ਾਹ ਨੇ ਖੰਡੇ ਦੀ ਪਹੁਲ ਦੇਣੀ ਸੀ ਤਾਂ ਉੱਨਾਂ ਨੇ ਪਹਿਲਾ ਸੀਸ ਦੀ ਮੰਗ ਕੀਤੀ ਸੀ ।ਪਰ ਖੰਡੇ ਦੀ ਪਹੁਲ ਦੇ ਵਰਤਾਰੇ ਤੋਂ ਬਾਅਦ ਜਿਹੜੇ ਹੋਰ ਲੋਕ ਉੱਥੇ ਆਏ ਉਹਨਾਂ ਨੂੰ ਵੀ ਹੁਕਮ ਰੂਪ ਵਿੱਚ ਇਕ ਦਾਤ ਬਖ਼ਸ਼ੀ ਸੀ ਕਿ ਹਰ ਉਹ ਵਿਅਕਤੀ ਜਿਹੜਾ ਗੁਰੂ ਜੋਤ ਦਾ ਅਨੁਯਾਈ ਹੈ ,ਉਹ ਆਪਣੇ ਨਾਵਾ ਦੇ ਅਖੀਰ ਵਿੱਚ ਮਰਦ ਹੋਵੇ ਤਾਂ ਸਿੰਘ ਤੇ ਜੇ ਔਰਤ ਹੋਵੇ ਤਾਂ ਕੌਰ ਦਾ ਧਾਰਨੀ ਬਣੇ । ਇਹ ਚਿੰਨ ਜਿਹੜੇ ਸਾਡੀ ਵਿਲੱਖਣਤਾ ਦੀ ਗਵਾਹੀ ਭਰਦੇ ਹਨ ਬੜੀ ਤੇਜ਼ੀ ਨਾਲ ਅਲੋਪ ਹੋ ਰਹੇ ਹਨ ।ਇਸ ਵਰਤਾਰੇ ਪਿੱਛੇ ਬੇਸਕ (so called modernity) ਦਾ ਪ੍ਰਭਾਵ ਮੰਨਿਆ ਜਾ ਸਕਦਾ ਹੈ ਪਰ ਕੀ ਸਮੇਂ ਦੀ ਇਸ ਵੰਗਾਰ ਤੋਂ ਸੁਚੇਤ ਕਰਨ ਤੇ ਇਸਨੂੰ ਸਮਝਦਾਰੀ ਨਾਲ ਨਜਿੱਠਣ ਦੇ ਅਸਮਰਥ ਜਾ ਉਸ ਤੋਂ ਅਵੇਸਲੇ ਰਹਿਣ ਲਈ ਸਾਡੇ ਧਾਰਮਕ ਰਹਿਬਰ ਤੇ ਪ੍ਰਚਾਰਕ ਜ਼ਿੰਮੇਵਾਰ ਨਹੀ ,ਜਿੰਨਾ ਨੂੰ ਇਸ ਆਧੁਨਿਕਤਾ ਦੇ ਪ੍ਰਭਾਵ ਦੀ ਹਨੇਰੀ ਵਿੱਚ ਇਕ ਕੰਧ ਬਣਕੇ ਖਲੋਣਾ ਚਾਹੀਦਾ ਸੀ ? ਪਰ ਕੀ ਉਹ ਆਪਣਾ ਬਣਦਾ ਰੋਲ ਨਿਭਾਂ ਸਕੇ ? ਜਵਾਬ ਹਾਂ ਵਿੱਚ ਤੇ ਨਹੀਂ ਹੋ ਸਕਣਾ ।ਧਰਾਤਲ ਨਾਲ਼ੇ ਟੁੱਟ ਕੇ ਅਸੀ ਉਹ ਤਾਂ ਨਹੀਂ ਬਣ ਸਕਣਾ ਜਿਸ ਬਣਨ ਦੀ ਦੌੜ ਵਿੱਚ ਅਸੀ ਅੰਨੇਵਾਹ ਦੌੜੇ ਜਾ ਰਹੇ ਹਾਂ , ਪਰ ਉਹ ਕੁਝ ਵੀ ਸਾਥੋਂ ਗਵਾਚ ਜਾਣਾ ਹੈ ਜੋ ਅਸੀ ਹਾਂ ।ਸਾਡੇ ਧਾਰਮਕ ਰਹਿਬਰਾ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਪਹਿਰੇਦਾਰ ਬਣਕੇ ਆਪਣੇ ਘਰਾਂ ਨੂੰ ਸੰਭਾਲ਼ੀਏ ।ਜੇ ਤੁਸੀ ਸਾਡੇ ਧਾਰਮਕ ਰਹਿਬਰ ਕੌਮ ਨੂੰ ਸੁਚੇਤ ਰੱਖਣ ਦੀ ਪਹਿਰੇਦਾਰੀ ਕਰਦੇ ਰਹੋਗੇ ਤਾਂ ਬੇਖੌਫ ਰਹੋ ਕਿ ਕੋਈ ਦੂਸਰਾ ਸਾਡਾ ਕੁਝ ਵਿਗਾੜ ਸਕੇ ।
ਇਸਦੇ ਨਾਲ ਹੀ ਮੈ ਧਾਰਮਕ ਜਗਤ ਦੇ ਪਹਿਰੇਦਾਰਾ ਨਾਲ ਬੇਨਤੀ ਰੂਪ ਵਿੱਚ ਇਕ ਹੋਰ ਵਾਕਿਆ ਨੂ ਵੀ ਸਾਂਝਾ ਕਰਨਾ ਚਾਹੁੰਦਾ ਹੈ ।USA ਦੀ ਕਾਂਗਰਸ (ਪਾਰਲੀਮੈਂਟ ) ਵਿੱਚ ਸਾਡੇ ਸ਼ਹਿਰ Houston ਤੋਂ ਇਕ ਕਾਗਰਸਮੈਨ ਜੋ ਰਿਪਬਲਿਕਨ ਪਾਰਟੀ ਵੱਲੋਂ ਸੀ ਨੂੰ ਅਸੀ ਉਸਨੂੰ Washington D C ਵਿੱਚ ਇਕ ਸਿੱਖ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ । ਕਿਉਂਕਿ ਉਹ ਸਾਡੇ ਸ਼ਹਿਰ ਤੇ ਸਾਡੇ ਹਲਕੇ ਤੋਂ ਸੀ , ਸਾਨੂੰ ਪੁੱਛਣ ਲੱਗਾ ਕਿ ਅਸੀ ਕਾਂਗਰਸ ਵਿੱਚ ਹੁੰਦੇ ਹੋਏ ਤੁਹਾਡੀ ਕੀ ਤੇ ਕਿਵੇਂ ਮਦਦ ਕਰ ਸਕਦੇ ਹਾਂ । ਅਸੀ ਕਿਹਾ ਕਿ ਅਸੀ ਅਮਰੀਕਨ ਸਿਸਟਮ ਵਿੱਚ ਆਪਣੀ recognition ਚਾਹੁੰਦੇ ਹਾਂ ਤਾਂ ਉਸਦਾ ਬੜਾ ਹੀ ਸਪਸ਼ਟ ਉੱਤਰ ਸੀ ਕਿ ਸਵਾਲ ਵੀ ਤੁਹਾਡਾ ਹੈ ਤੇ ਜਵਾਬ ਵੀ ਤੁਹਾਡੇ ਕੋਲ ਹੈ । ਤੁਹਾਡੇ ਜਿੰਨੇ ਵੀ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਹਨ ਉੱਨਾਂ ਦੇ ਸਿਰਾ ਉੱਪਰ ਪੱਗਾਂ ਬਨਵਾਅ ਦਿਓ , ਆਪਣੇ ਆਪ ਤੁਹਾਡੀ ਵੱਖਰੀ ਤੇ ਪਰਭਾਵਸਾਲੀ ਪਹਿਚਾਣ ਸਥਾਪਤ ਹੋ ਜਾਵੇਗੀ ।ਉਸਨੇ ਹੋਰ ਵੀ ਕਿਹਾ ਕਿ ਫਿਰ ਤੁਹਾਨੂੰ ਸਾਡੀ ਨਹੀਂ ਸਗੋਂ ਸਾਨੂੰ ਤੁਹਾਡੀ ਲੋੜ ਮਹਿਸੂਸ ਹੋਇਆ ਕਰੇਗੀ । ਕੀ ਪੰਜਾਬ ਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਸਿਰਾ ਉੱਪਰੋਂ ਘੱਟ ਰਹੀਆਂ ਦਸਤਾਰਾਂ ਚਿੰਤਾ ਦਾ ਵਿਸ਼ਾ ਨਹੀਂ ? ਇਹ ਗੱਲ ਸਾਡੇ ਤੇ ਖਾਸ ਕਰਕੇ ਧਾਰਮਕ ਰਹਿਬਰਾਂ ਦੀ ਚਿੰਤਾ ਤੇ ਚੇਤੇ ਦਾ ਹਿੱਸਾ ਬਣਨੀ ਚਾਹੀਦੀ ਹੈ ਤੇ ਉਪਰਾਲਿਆਂ ਦੀ ਦਿਸ਼ਾ ਵਿੱਚ ਸਰਗਰਮੀ ਨਜ਼ਰ ਆਉਣੀ ਚਾਹੀਦੀ ਹੈ ।
ਜੇ ਸੰਜੀਦਗੀ ਨਾਲ ਫ਼ਿਕਰ ਕਰਨ ਦਾ ਕੋਈ ਮਸਲਾ ਹੈ ਤਾਂ ਉਹ ਹੈ ਆਰ ਐਸ ਅੇਸ ਦੇ ਹਿੰਦੁਤਵ ਦੇ ਏਜੰਡੇ ਦੀ ਹਨੇਰੀ ਨੂੰ ਬੰਨ ਲਾਉਣਾ ।ਇਸ ਗੱਲ ਤੋਂ ਵੀ ਸੁਚੇਤ ਰਹਿਣਾ ਕਿ ਕਿਵੇ ਉੱਨਾਂ ਨੇ ਪਿਛਲੀਆ ਪੰਜ ਸਦੀਆਂ ਦੇ ਸਮੇਂ ਤੋ ਹੀ ਸਾਨੂੰ ਵੱਖਰੇ ਧਰਮ ਵਜੋਂ ਪ੍ਰਵਾਨ ਨਹੀਂ ਕੀਤਾ ।ਹੁਣ ਉਹਨਾਂ ਕੋਲ ਉਹ ਸਾਰੇ ਵਸੀਲੇ ਹਨ ਜਿੰਨਾ ਦੀ ਤਾਕਤ ਨਾਲ ਉਹ ਅਸੰਭਵ ਨੂੰ ਵੀ ਸੰਭਵ ਕਰਨ ਦੀ ਸਮਰੱਥਾ ਰੱਖਦੇ ਹਨ ।ਹੁਣ ਫੇਰ ਸਾਡੇ ਉੱਪਰ ਉਹੀ ਜ਼ਿੰਮੇਵਾਰੀ ਆਉਣ ਦੀ ਸੰਭਾਵਨਾ ਹੈ ਜਿਹੜੀ ਜਿਮੇਵਾਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਿਰ ਦੇ ਕੇ ਨਿਭਾਈ ਸੀ ।ਕਿਉਂਕਿ ਹੁਣ ਖਤਰਾ ਓਨਾ ਸਿੱਖਾਂ ਉੱਪਰ ਨਹੀਂ ਆਉਣਾ( ਕਿਉਂਕਿ ਜੇ ਹਾਲਾਤ ਇਸਤਰਾ ਦੇ ਸਿਰਜਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਸਿੱਖਾਂ ਨੂੰ ਚੰਗੀ ਤਰਾਂ ਅਹਿਸਾਸ ਹੈ ਕਿ ਉਸ ਨਾਲ ਕਿਵੇਂ ਨਜਿੱਠਣਾ ਹੈ )ਜਿੰਨਾ ਮੁਸਲਮਾਨਾਂ ਤੇ ਕੁਝ ਹੱਦ ਤੱਕ ਇਸਾਈਆ ਉੱਪਰ ਆਉਣ ਦੀ ਸੰਭਾਵਨਾ ਹੈ ।ਸੰਭਵ ਹੈ ਕਿ ਇਹ ਉਹੀ ਸਮਾਂ ਹੋਵੇ ਜਿਸਦੀ ਭਵਿਖਬਾਣੀ ਪੱਛਮੀ ਵਿਦਵਾਨਾਂ ਨੇ ਕੀਤੀ ਸੀ ਕਿ ਇਕ ਦਿਨ ਸਿੱਖ ਧਰਮ ਵਿਸ਼ਵ ਧਰਮਾ ਲਈ ਚਾਨਣ ਮੁਨਾਰਾ ਬਣੇਗਾ ।
ਆਪਾ ਨੂੰ ਇਹ ਵੀ ਆਪਣੇ ਚੇਤੇ ਵਿੱਚ ਰੱਖਣਾ ਚਾਹੀਦਾ ਹੈ ਕਿ ਤਕਰੀਬਨ 20 ਲੱਖ ਦੇ ਕਰੀਬ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਸਾਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਸ ਰਹੇ ਹਨ ਤੇ ਵਧੀਆ ਜੀਵਨ ਜਿਉਂ ਰਹੇ ਹਨ ।50 ਹਜ਼ਾਰ ਤੋਂ ਵੱਧ ਸਿੱਖ Middle East ਦੇ ਵੱਖ ਵੱਖ ਦੇਸ਼ਾਂ ਵਿੱਚ ਹਨ ਤੇ ਉੱਹਨਾ ਦੇਸ਼ਾਂ ਵਿੱਚ ਸਿੱਖਾਂ ਦੇ ੧੮ ਗੁਰੂ ਘਰ ਹਨ ।ਪਾਕਿਸਤਾਨ ਅੰਦਰ 195 ਗੁਰਦੁਆਰੇ ਹਨ । ਇੰਡੋਨੇਸੀਆ ਸਭ ਤੋਂ ਵੱਧ ਮੁਸਲਮ ਅਬਾਦੀ ਵਾਲਾ ਦੇਸ਼ ਹੈ ਤੇ ਉੱਥੇ ਵੀ ੧੧ ਗੁਰਦਵਾਰੇ ਹਨ ।ਡੁਬਈ ਵਿਚਲਾ ਗੁਰਦੁਆਰਾ ਵਿਸ਼ਵ ਭਰ ਦੇ ਵੱਡੇ ਤੇ ਆਲੀਸਾਨ ਗੁਰੂ ਘਰਾਂ ਵਿਚ ਮੰਨਿਆ ਜਾਂਦਾ ਹੈ ਤੇ ਉਸ ਗੁਰੂ ਘਰ ਵਾਸਤੇ ਜ਼ਮੀਨ ਜੋ25400 S/ft ਬਣਦੀ ਹੈ , ਦਾਨ ਰੂਪ ਵਿੱਚ ਉੱਥੋਂ ਦੇ (Vice President / prime minister ) sheikh Mohammed-Bin-Rashid , ਨੇ ਦਿੱਤੀ । ਬਹੁਤ ਸਾਰੇ ਮੋਕਿਆ ਉੱਪਰ ਸ਼ਾਹੀ ਪਰਵਾਰ ਦੇ ਲੋਕ ਵੀ ਉੱਥੇ ਨਤਮਸਤਕ ਹੁੰਦੇ ਹਨ । ਜ਼ਰਾ ਵਿਚਾਰ ਕੇ ਦੇਖੋ ਕਿ ਮੁਸਲਮਾਨਾਂ ਬਾਰੇ ਸਾਡੀ ਇਸਤਰਾ ਦੀ ਗੈਰ ਜ਼ਿੰਮੇਵਾਰੀ ਵਾਲੀ ਪਹੁੰਚ ਕਿਤੇ ਸਾਡੇ ਉੱਥੇ ਵੱਸਦੇ ਗੁਰ-ਭਾਈਆ ਲਈ ਕਿਸੇ ਮੁਸ਼ਕਲ ਦਾ ਸਬੱਬ ਤੇ ਨਹੀਂ ਬਣਦੀ ?
ਤਕਰੀਬਨ ਸਾਰੇ ਹੀ ਪੱਛਮੀ ਦੇਸ਼ਾਂ ਅੰਦਰ ਸਿੱਖ ਵੱਸੋ ਹੈ ਤੇ ਉਹ ਸਾਰੇ ਹੀ ਦੇਸ਼ ਇਸਾਈਅਤ ਨੂੰ ਮੰਨਣ ਵਾਲੇ ਹਨ । ਫਿਰ ਵੀ ਉੱਨਾਂ ਦੇਸ਼ਾਂ ਅੰਦਰ ਸਿੱਖਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਦਵਾਰੇ ਹਨ । ਬਹੁਤ ਸਾਰੇ ਗੁਰੂ ਘਰਾਂ ਦੀਆਂ ਬਹੁਤ ਹੀ ਖ਼ੂਬਸੂਰਤ ਇਮਾਰਤਾਂ ਹਨ ।ਉੱਨਾਂ ਦੇਸ਼ਾਂ ਦੇ ਸਬੰਧਤ ਉੱਚੀਆਂ ਪਦਵੀਆਂ ਵਾਲੇ ਲੋਕ ਵੀ ਅਕਸਰ ਹੀ ਗੁਰੂ ਘਰਾਂ ਵਿਚ ਆਉਂਦੇ ਹਨ ।ਸਾਨੂੰ ਸਾਡੇ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਉਹ ਸਾਰੀਆਂ ਸਹੂਲਤਾਂ ਉਸੇ ਤਰਜ਼ ਉੱਪਰ ਉਪਲਭਧ ਹਨ ਜਿਵੇਂ ਕਿਸੇ ਵੀ ਹੋਰ ਧਰਮ ਖਾਸ ਕਰਕੇ ਇਸਾਈ ਧਰਮ ਨੂੰ ।ਸਾਡੀ ਸੁਰੱਖਿਆ ਲਈ ਹਮੇਸਾ ਹੀ ਪ੍ਰਸ਼ਾਸਨ ਫਿਕਰਮੰਦ ਵੀ ਹੁੰਦਾ ਤੇ ਯਕੀਨੀ ਵੀ ਬਣਾਉਂਦਾ ਹੈ ।ਸਤੰਬਰ ੧੧ ਦੀ ਮੰਦਭਾਗੀ ਘਟਨਾ ਸਮੇਂ ਜਦੋਂ ਸਿੱਖਾਂ ਦੇ ਮਨਾਂ ਅੰਦਰ ਆਪਣੀ ਸੁਰੱਖਿਆ ਨੂੰ ਲੈ ਕੇ ਫ਼ਿਕਰ ਸੀ ਉਸ ਸਮੇਂ ਅਮਰੀਕਨ ਰਾਸ਼ਟਰਪਤੀ ਨੇ ਸਿੱਖ ਵਫ਼ਦ ਨਾਲ White House ਵਿੱਚ ਮੀਟਿੰਗ ਕੀਤੀ ਸੀ ਤੇ ਹਰ ਤਰਾਂ ਦੀ ਜਾਨ ਮਾਲ ਦੀ ਰਾਖੀ ਦੀ ਵਚਨਬੱਧਤਾ ਵੀ ਪ੍ਰਗਟਾਈ ਸੀ ।
ਤੁਹਾਨੂੰ ਯਾਦ ਹੋਵੇਗਾ ੫ ਅਗਸਤ 2012 ਨੂੰ Sikh temple of Wisconsin (oak creek) ਵਿੱਚ ਇਕ ਕੱਟੜਵਾਦੀ 40 ਸਾਲਾ ਗੋਰੇ ਵਿਅਕਤੀ ਨੇ ਗੁਰਦੁਆਰੇ ਅੰਦਰ ਗੋਲੀਆਂ ਚਲਾ ਕਿ 6 ਲੋਕਾਂ ਦੀ ਜਾਨ ਲਈ ਸੀ ਤੇ ੪ ਲੋਕ ਜ਼ਖਮੀ ਹੋਏ ਸੀ ਤੇ ਆਪ ਵੀ ਉਹ ਪੁਲੀਸ ਵੱਲੋਂ ਗੋਲੀਆਂ ਵੱਜਣ ਕਾਰਨ ਗੁਰੂ ਘਰ ਦੇ ਇਹਾਤੇ ਵਿੱਚ ਮਾਰਿਆ ਗਿਆ ਸੀ । ਪੂਰੇ ਦੇਸ਼ ਅੰਦਰ ਇਸ ਘਟਨਾ ਦੀ ਪੀੜ ਨੂੰ ਮਹਿਸੂਸ ਕੀਤਾ ਗਿਆ ਸੀ । ਉਸ ਸਮੇਂ ਦੇ ਰਾਸ਼ਟਰਪਤੀ ( ਦੁਨੀਆ ਦੇ ਉਸ ਸਮੇਂ ਦੇ ਸਭ ਤੋਂ ਵੱਧ ਸਕਤੀਸਾਲੀ ਵਿਅਕਤੀ )ਬਰਾਕ ਓਬਾਮਾ ਨੇ ਟੈਲੀਫ਼ੋਨ ਕਰਕੇ ਗੁਰੂ ਘਰ ਦੇ ਪ੍ਰਬੰਧਕਾਂ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਤੇ ਹਰ ਤਰਾਂ ਦੀ ਸਹਾਇਤਾ ਤੇ ਇਨਸਾਫ਼ ਦਾ ਭਰੋਸਾ ਦਿਵਾਇਆ ਸੀ ਤੇ ਉਸ ਨੂੰ ਯਕੀਨੀ ਵੀ ਬਣਾਇਆ ਸੀ ।ਜਿਸ ਦਿਨ ਮਿ੍ਰਤਕਾਂ ਦਾ ਅੰਤਮ ਸੰਸਕਾਰ ਸੀ ਉਸ ਦਿਨ ਰਾਸ਼ਟਰਪਤੀ ਦੀ ਪਤਨੀ (Michelle Obama ) Federal Government ਅਤੇState Government ਦੇ ਵੱਡੇ ਲੀਡਰਾਂ ਨਾਲ ਉੱਥੇ ਸਾਮਲ ਹੋਈ ਤੇ ਆਪਣਾ ਦੁੱਖ ਤੇ ਹਮਦਰਦੀ ਪ੍ਰਗਟਾਈ ।10ਦਿਨ ਦੇਸ਼ ਦੇ ਕੌਮੀ ਝੰਡੇ ਨੂੰ ਵੀ ਨੀਵਾਂ ਰੱਖਿਆ ਗਿਆ । ਅਮਰੀਕਾ ਵੀ ਇਸਾਈ ਬਹੁਗਿਣਤੀ ਵਾਲਾ ਦੇਸ਼ ਹੈ ।
ਜੇ ਆਪਾ ਇੰਨਾਂ ਇਸਾਈ ਦੇਸ਼ਾਂ ਅੰਦਰ ਧਰਮ ਦੇ ਪ੍ਰਚਾਰ ਤੇ ਪਸਾਰ ਦੀ ਗੱਲ ਕਰੀਏ ਤਾ ਮੈ ਫਿਰ ਉਦਾਹਰਣ ਅਮਰੀਕਾ ਤੋਂ ਹੀ ਲੈਣੀ ਚਾਹਵਾਗਾ ।ਯੋਗੀ ਹਰਭਜਨ ਸਿੰਘ 1970 ਵਿੱਚ ਅਮਰੀਕਾ ਆਇਆ ਸੀ । ਉਸਨੇ ਆਪਣਾ ਇਕ ਆਸ਼ਰਮ ਚਲਾਇਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੋਰਿਆਂ ਨੂੰ ਸਿੱਖੀ ਞਿਚ ਸਾਮਲ ਕਰਵਾਇਆ ।ਉਹ ਸਾਰੇ ਹੀ ਸਿੰਘ ਸਿੰਘਣੀਆਂ ਪੂਰਨ ਅੰਮਰਿਤਧਾਰੀ ਮਰਯਾਦਾ ਦੇ ਧਾਰਨੀ ਬਣੇ ।ਉਹਨਾਂ ਨੇ ਪੰਜਾਬੀ ਸਿੱਖੀ , ਗੁਰਬਾਣੀ ਸਿੱਖੀ , ਗੁਰਬਾਣੀ ਕੀਰਤਨ ਦੀ ਮੁਹਾਰਤ ਹਾਸਲ ਕੀਤੀ । ਉਸਦੀ ਮੌਤ ਤੋਂ ਬਾਅਦ ਵੀ ਉਸਦੇ ਆਸ਼ਰਮ ਚੱਲ ਰਹੇ ਹਨ ।ਤਕਰੀਬਨ 35 ਦੇਸ਼ਾਂ ਅੰਦਰ 300 ਤੋਂ ਵਧੀਕ ਉਸਦੇ ਆਸ਼ਰਮ ਹਨ ਜਿੰਨਾ ਨੂੰ ਗੋਰੇ ਅੰਮ੍ਰਿਤ ਧਾਰੀ ਸਿੱਖ ਚਲਾਉਂਦੇ ਹਨ ਤੇ ਉਹ ਸਾਰੇ ਹੀ ਇਸਾਈ ਧਰਮ ਨੂੰ ਮੰਨਣ ਵਾਲੇ ਹਨ । ਇੰਨਾਂ ਸਾਰੀਆਂ ਗੱਲਾਂ ਉੱਪਰ ਸਾਨੂੰ ਖੁਸ਼ੀ ਹੁੰਦੀ ਹੈ । ਸਾਨੂੰ ਚਾਅ ਚੜਦਾ ਹੈ ਜਦ ਕਿਸੇ ਮੁਸਲਮਾਨ , ਹਿੰਦੂ ਜਾ ਇਸਾਈ ਨੂੰ ਸਿੱਖੀ ਸਰੂਪ ਨੂੰ ਅਪਣਾਉਂਦੇ ਦੇਖਦੇ ਹਾਂ । ਉੱਨਾਂ ਨੂੰ ਅਸੀ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਸਨਮਾਨਿਤ ਕਰਦੇ ਹਾਂ ਤੇ ਹਰ ਤਰਾਂ ਦੇ ਸਹਿਯੋਗ ਦਾ ਯਕੀਨ ਦਿਵਾਉਂਦੇ ਹਾਂ । ਬੇਨਤੀ ਰੂਪ ਵਿੱਚ ਇਹ ਸਾਂਝ ਪਾਉਣੀ ਚਾਹੁੰਦਾ ਹਾਂ ਕਿ ਦੋਗਲੇਪਣ ਤੋਂ ਗੁਰੇਜ਼ ਕਰੀਏ , ਧਰਮ ਦੀ ਚੋਣ ਹਰੇਕ ਵਿਅਕਤੀ ਦਾ ਜਨਮਸਿਧ ਅਧਿਕਾਰ ਹੈ ।ਬੇਸਕ ਅਮਰੀਕਾ ਇਸਾਈ ਬਹੁਗਿਣਤੀ ਵਾਲਾ ਦੇਸ਼ ਹੈ ਪਰ ਫਿਰ ਵੀ ਬਾਕੀ ਧਰਮਾ ਨੂੰ ਵੀ ਪ੍ਰਚਾਰ ਤੇ ਪਸਾਰ ਦੀ ਪੂਰੀ ਅਜ਼ਾਦੀ ਹੈ ।
ਪੱਛਮ ਦੇ ਬਹੁਤ ਸਾਰੇ ਦੇਸ਼ਾਂ ਅੰਦਰ ਵੱਡੇ ਵੱਡੇ ਨਗਰ ਕੀਰਤਨ ਹੁੰਦੇ ਹਨ ।ਮੈਨੂੰ ਇਹ ਵੀ ਪਤੀ ਹੈ ਕਿ ਸਾਡੇ ਵੱਡੇ ਧਾਰਮਕ ਰਹਿਬਰ ਬੜੇ ਫ਼ਖ਼ਰ ਨਾਲ ਉੱਨਾਂ ਸਮਾਗਮਾਂ ਵਿੱਚ ਸਾਮਲ ਹੁੰਦੇ ਹਨ । ਕਈਆ ਨਗਰ ਕੀਰਤਨਾ ਵਿੱਚ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ ਹੈ ।ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ,ਸਰਧਾਲੂਆ ਦੀ ਸਹੂਲਤ ਲਈ ਸ਼ਹਿਰ ਦੀਆਂ ਕਈ ਵੱਡੀਆਂ ਸੜਕਾਂ ਵੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ ।ਇਸਾਈ ਧਰਮ ਨੂੰ ਮੰਨਣ ਵਾਲੇ ਵੱਡੇ ਸਰਕਾਰੀ ਲੀਡਰ ਵੀ ਖੁਸ਼ੀ ਨਾਲ ਸਾਮਲ ਹੁੰਦੇ ਹਨ ।ਇਿਹਨਾ ਇਸਾਈ ਦੇਸ਼ਾਂ ਵਿੱਚ ਆਪਣੇ ਇਸ ਤਰਾਂ ਦੇ ਸਿੱਖੀ ਜਲੌ ਨੂੰ ਵੇਖਕੇ ਅਸੀ ਖੁਸ਼ ਵੀ ਹੁੰਦੇ ਹਾਂ ਤੇ ਮਾਣ ਵੀ ਮਹਿਸੂਸ ਕਰਦੇ ਹਾਂ ।ਪਰ ਜਦੋਂ ਅਸੀ ਆਪਣੇ ਜੱਦੀ ਖ਼ਿੱਤੇ ਵਿੱਚ ਅਜਿਹਾ ਵਰਤਾਰਾ ਕਿਸੇ ਦੂਸਰੇ ਫ਼ਿਰਕੇ ਵੱਲੋਂ ਹੁੰਦਾ ਦੇਖਦੇ ਹਾਂ ਤਾਂ ਅਸੀ ਤਕਲੀਫ਼ ਮਹਿਸੂਸ ਕਰਦੇ ਹਾਂ , ਕਿਉਂ ?
ਮੈ ਆਪਣੀ ਗੱਲ ਖਤਮ ਕਰਨ ਤੋਂ ਪਹਿਲਾ ਆਪਣੇ ਪਿੰਡ ਦੀ ਇਕ ਉਦਾਹਰਣ ਦੇਣੀ ਵਾਜਬ ਸਮਝਦਾ ਹਾਂ । ਸਾਡੇ ਪਿੰਡ ਵਿੱਚ ਵੀ ਦੋ ਗਿਰਜਾ ਘਰ ਹਨ , ਇਕ catholic ਤੇ ਦੂਸਰਾ Protestant ।ਇਕ ਗਿਰਜਾ ਘਰ ਤਾਂ ਸ਼ਾਇਦ ੫੦ ਸਾਲ ਤੋਂ ਵੀ ਵੱਧ ਪੁਰਾਣਾ ਹੈ ।ਅਸੀ ਕਈ ਵਾਰੀ ਕਈ ਖਾਸ ਧਾਰਮਕ ਸਮਾਗਮਾਂ ਉੱਪਰ ਉਹਨਾਂ ਗਿਰਜਾ ਘਰਾਂ ਵਿੱਚ ਜਾਇਆ ਕਰਦੇ ਸੀ । ਉਹ ਲੋਕ ਸਤਿਕਾਰ ਨਾਲ ਸਾਨੂੰ ਸੱਦੇ ਵੀ ਦਿੰਦੇ ਸੀ ।ਪਿੰਡ ਦੇ ਲੋਕ ਮਾਇਕ ਤੋਰ ਤੇ ਵੀ ਆਪਣਾ ਯੋਗਦਾਨ ਪਾਇਆ ਕਰਦੇ ਸੀ । ਮੈ ਕਦੀ ਵੀ ਅੱਜ ਤੱਕ ਕੋਈ ਅਜਿਹੀ ਗੱਲ ਨਹੀਂ ਸੁਣੀ ਕਿ ਉਹ ਸਾਡੇ ਪਿੰਡ ਜਾ ਆਸੇ ਪਾਸੇ ਧਰਮ ਪਰਿਵਰਤਨ ਦੇ ਸੰਬੰਧ ਵਿੱਚ ਕੋਈ ਉਪਰਾਲਾ ਕਰਦੇ ਹੋਣ । ਮੈ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਫਿਕਰਮੰਦ ਹੋਣ ਵਾਲਾ ਮਸਲਾ ਬਿਲਕੁਲ ਵੀ ਨਹੀਂ । ਪਰ ਫਿਰ ਵੀ ਜੇ ਕੋਈ ਕਿਸੇ ਕਾਰਨ ਕਰਕੇ ਪ੍ਰਭਾਵ ਕਬੂਲਦਾ ਹੀ ਹੈ ਤਾਂ ਮੈ ਤਾਂ ਇਹੀ ਕਹਿਣਾ ਚਾਹਾਂਗਾ ਕਿ ਅਜਿਹੇ ਬੰਦਿਆਂ ਤੋਂ ਆਪਾ ਕਰਵਾਉਣਾ ਵੀ ਕੀ ਹੈ । ਅਜਿਹੇ ਲੋਕ ਤਾ ਸੁੱਕ ਰਹੇ ਪੱਤਿਆਂ ਵਾਂਗੂ ਹੁੰਦੇ ਹਨ ਜੋ ਮਾੜੀ ਮੋਟੀ ਹਵਾ ਦੇ ਬੁੱਲਿਆਂ ਨਾਲ ਵੀ ਝੜ ਜਾਂਦੇ ਹਨ ।ਮੈ ਅਖੀਰ ਵਿੱਚ ਫਿਰ ਆਪਣੀ ਪ੍ਰਚਾਰਕ ਧਿਰ ਦੇ ਲੋਕਾਂ ਤੇ ਧਾਰਮਕ ਰਹਿਬਰਾਂ ਨੂੰ ਇਹੀ ਗੁਜ਼ਾਰਸ਼ ਕਰਦਾ ਹਾਂ ਕਿ ਆਪਾ ਦੂਜਿਆਂ ਦੇ ਘਰਾਂ ਅੰਦਰ ਦਰਾਂ ਦੀਆਂ ਝੀਤਾਂ ਰਾਹੀ ਝਾਕਣਾ ਛੱਡੀਏ ਤੇ ਆਪਣੇ ਦਰਾਂ ਉੱਪਰ ਆਪਣੀ ਪਹਿਰੇਦਾਰੀ ਮਜ਼ਬੂਤ ਕਰੀਏ ।ਸਾਡਾ ਇਤਹਾਸ ਗਵਾਹ ਹੈ ਅਸੀ ਮਾਰਿਆ ਨਹੀਂ ਮਰਨਾ , ਸਗੋਂ ਔਖੇ ਵਕਤਾ ਵਿੱਚ ਖ਼ਾਲਸੇ ਦੀ ਛਵੀ ਵਿੱਚ ਵੱਧ ਨਿਖਾਰ ਆਉਂਦਾ ਹੈ ।ਪੰਥ ਬੇਖ਼ਬਰ ਨਹੀਂ ,ਜਾਗਿਆ ਹੋਇਆ ਹੈ ,ਖ਼ਾਲਸੇ ਦੀ ਰੂਹ ਵਿੱਚ ਮੋਹ ਵੀ ਹੈ ਤੇ ਰੋਹ ਵੀ ।ਦਿਸਾ - ਨਿਰਦੇਸ਼ ਦੇਣ ਲਈ ਸਾਡੇ ਪਹਿਰੇਦਾਰ ( ਧਾਰਮਕ ਆਗੂ ) ਚੌਕਸ ਤੇ ਮਜ਼ਬੂਤ ਰਹਿਣੇ ਚਾਹੀਦੇ ਹਨ ।
ਸੰਪੂਰਨ ਸਿੰਘ Houston ( U S A )
281-635-7466