ਇਕ ਸੀ ਰਾਜਾ - ਸਵਰਾਜਬੀਰ

‘ਇਕ ਸੀ ਰਾਜਾ, ਇਕ ਸੀ ਰਾਣੀ’। ਸਾਡੀਆਂ ਨਾਨੀਆਂ, ਦਾਦੀਆਂ, ਪੜਨਾਨੀਆਂ, ਪੜਦਾਦੀਆਂ ਆਪਣੀਆਂ ਕਹਾਣੀਆਂ ਇਸੇ ਸਤਰ ਨਾਲ ਸ਼ੁਰੂ ਕਰਦੀਆਂ ਸਨ। ਇਨ੍ਹਾਂ ਕਹਾਣੀਆਂ ਵਿਚ ਜੇ ਰਾਜਾ ਦਿਆਲੂ ਅਤੇ ਸੂਝਵਾਨ ਹੁੰਦਾ ਤਾਂ ਰਾਜੇ, ਰਾਣੀ ਤੇ ਉਨ੍ਹਾਂ ਦੇ ਧੀਆਂ-ਪੁੱਤਾਂ (ਰਾਜਕੁਮਾਰਾਂ, ਰਾਜਕੁਮਾਰੀਆਂ) ਦੀ ਜਿੱਤ ਹੁੰਦੀ ਅਤੇ ਜੇ ਰਾਜਾ ਜ਼ਾਲਮ ਤੇ ਧੋਖੇਬਾਜ਼ ਹੁੰਦਾ ਤਾਂ ਉਹ ਤੇ ਉਸ ਦੀ ਮੰਡਲੀ ਹਾਰ ਜਾਂਦੀ।
       ਭਾਰਤ ਦੇ ਗੁਆਂਢੀ ਦੇਸ਼ ਦੇ ਰਾਸ਼ਟਰਪਤੀ ਦੀ ਕਹਾਣੀ ਵੀ ਕੁਝ ਏਦਾਂ ਦੱਸੀ ਜਾ ਸਕਦੀ ਹੈ : ਇਕ ‘ਸੀ’ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ। ਉਹ ਅਜੇ ਜਿਊਂਦਾ ਹੈ, ਉਸ ਨੇ 14 ਜੁਲਾਈ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਸ ਦੇ ਪਰਿਵਾਰ ਦੀ ਕਹਾਣੀ ਕਿਸੇ ਰਾਜ-ਪਰਿਵਾਰ ਦੀ ਕਹਾਣੀ ਤੋਂ ਘੱਟ ਨਹੀਂ ਹੈ। ਉਸ ਦਾ ਪਿਤਾ ਡੌਨ ਐਲਵਿਨ ਰਾਜਪਕਸੇ ਸ੍ਰੀਲੰਕਾ ਫ਼ਰੀਡਮ ਪਾਰਟੀ ਦੇ ਬਾਨੀਆਂ ਵਿਚੋਂ ਸੀ, ਉਹ 18 ਸਾਲ (1947-1965) ਸ੍ਰੀਲੰਕਾ ਦੀ ਸੰਸਦ ਦਾ ਮੈਂਬਰ ਰਿਹਾ, 1959-1960 ਵਿਚ ਕੇਂਦਰ ਸਰਕਾਰ ਵਿਚ ਵਜ਼ੀਰ ਬਣਿਆ ਅਤੇ 1964 ਵਿਚ ਕੁਝ ਸਮੇਂ ਲਈ ਸੰਸਦ ਦਾ ਡਿਪਟੀ ਸਪੀਕਰ ਵੀ ਰਿਹਾ। ਇਹ ਪਰਿਵਾਰ ਬੁੱਧ ਧਰਮ ਨੂੰ ਮੰਨਦਾ ਹੈ ਅਤੇ ਇਸ ਦੇ ਬਹੁਤ ਸਾਰੇ ਮੈਂਬਰ ਬਹੁਤ ਲੰਮੇ ਸਮੇਂ ਤਕ ਕਈ ਸ੍ਰੀਲੰਕਨ ਸਰਕਾਰਾਂ ਵਿਚ ਵਜ਼ੀਰ ਅਤੇ ਹੋਰ ਅਹੁਦਿਆਂ ’ਤੇ ਰਹੇ ਹਨ।
      ਪਰਿਵਾਰ ਵਿਚ ਸਭ ਤੋਂ ਸ਼ਕਤੀਸ਼ਾਲੀ ਸਿਆਸਤਦਾਨ ਗੋਟਾਬਾਯਾ ਦਾ ਵੱਡਾ ਭਰਾ ਮਹਿੰਦਾ ਰਾਜਪਕਸੇ ਹੈ/ਸੀ। ਜਿਨ੍ਹਾਂ ਅਹੁਦਿਆਂ ’ਤੇ ਉਹ ਰਿਹਾ ਹੈ, ਉਨ੍ਹਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ : ਉਹ 9 ਸਾਲ ਤੋਂ ਵੱਧ ਸਮੇਂ ਲਈ (19 ਨਵੰਬਰ 2005 ਤੋਂ 9 ਜਨਵਰੀ 2015 ਤਕ) ਦੇਸ਼ ਦਾ ਰਾਸ਼ਟਰਪਤੀ ਰਿਹਾ, 2004-2005, 2018 ਅਤੇ ਨਵੰਬਰ 2019 ਤੋਂ 9 ਮਈ 2022 ਤਕ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ, 2019 ਤੋਂ 2021 ਤਕ ਉਸ ਕੋਲ ਦੇਸ਼ ਦਾ ਵਿੱਤ ਵਿਭਾਗ ਵੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ 2005 ਤੋਂ 2015 ਤਕ ਦੇਸ਼ ਦਾ ਰਾਸ਼ਟਰਪਤੀ ਹੁੰਦਿਆਂ ਉਹ ਦੇਸ਼ ਦਾ ਵਿੱਤ ਮੰਤਰੀ ਵੀ ਸੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਵੀ। ਰਾਸ਼ਟਰਪਤੀ ਹੁੰਦਿਆਂ ਉਸ ਨੇ 2010-2015 ਤਕ ਬੰਦਰਗਾਹਾਂ, ਜਹਾਜ਼ਰਾਨੀ ਤੇ ਸ਼ਾਹਰਾਹਾਂ ਬਾਰੇ ਮੰਤਰਾਲੇ ਦਾ ਭਾਰ ਵੀ ਸੰਭਾਲਿਆ ਅਤੇ 2013 ਤੋਂ 2015 ਤਕ ਕਾਨੂੰਨ ਮੰਤਰਾਲੇ ਦਾ ਵੀ। ਉਹ ਕਈ ਵਾਰ ਸੰਸਦ ਵਿਚ ਵਿਰੋਧੀ ਪਾਰਟੀ ਦਾ ਆਗੂ ਅਤੇ ਕਈ ਹੋਰ ਵਜ਼ਾਰਤਾਂ ਵਿਚ ਵਜ਼ੀਰ ਰਿਹਾ। ਇਕ ਹੋਰ ਭਰਾ ਬਾਸਿਲ ਰਾਜਪਕਸੇ ਵੀ ਇਸ ਮੰਤਰੀ ਮੰਡਲ ਵਿਚ ਵਿੱਤ ਮੰਤਰੀ ਸੀ ਅਤੇ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਇਸ ਵਜ਼ਾਰਤ ਵਿਚ ਮਹੱਤਵਪੂਰਨ ਅਹੁਦਿਆਂ ’ਤੇ ਸਨ।
      ਜਦੋਂ ਮਹਿੰਦਾ ਰਾਜਪਕਸੇ ਰਾਸ਼ਟਰਪਤੀ (2005-2015) ਸੀ ਤਾਂ ਉਸ ਦਾ ਛੋਟਾ ਭਰਾ ਗੋਟਾਬਾਯਾ ਦੇਸ਼ ਦਾ ਰੱਖਿਆ ਮੰਤਰੀ ਸੀ। ਫ਼ੌਜ ਵਿਚ ਨੌਕਰੀ ਕਰਨ ਤੋਂ ਬਾਅਦ ਉਸ ਨੇ ਅਮਰੀਕਾ ਵਿਚ ਕੰਪਿਊਟਰ ਖੇਤਰ ਵਿਚ ਕਾਰੋਬਾਰ ਕੀਤਾ। 2005 ਵਿਚ ਉਹ ਅਮਰੀਕਾ ਤੋਂ ਪਰਤਿਆ ਅਤੇ ਭਰਾ ਦੀ ਵਜ਼ਾਰਤ ਵਿਚ ਰੱਖਿਆ ਮੰਤਰੀ ਬਣ ਗਿਆ। ਉਸ ਸਮੇਂ ਦੇਸ਼ ਵਿਚ ਖ਼ਾਨਾਜੰਗੀ ਚੱਲ ਰਹੀ ਸੀ ਅਤੇ ਤਾਮਿਲ ਲੋਕ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਲਿੱਟੇ) ਦੀ ਅਗਵਾਈ ਵਿਚ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਸਨ। ਉਸ ਦੀ ਅਗਵਾਈ ਵਿਚ ਫ਼ੌਜ ਨੇ ਲਿੱਟੇ ਨੂੰ ਹਰਾ ਦਿੱਤਾ। ਉਸ ਨੇ ਹੁਕਮ ਦਿੱਤੇ ਸਨ ਕਿ ਲਿੱਟੇ ਦੇ ਕਿਸੇ ਦਸਤੇ ਵੱਲੋਂ ਹਥਿਆਰ ਸੁੱਟਣ ਦੀ ਪੇਸ਼ਕਸ਼ ਪ੍ਰਵਾਨ ਨਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਵੇ। ਲਿੱਟੇ ਨਾਲ ਸਬੰਧਿਤ ਲੜਾਕੂਆਂ ਦੇ ਨਾਲ ਨਾਲ 40,000 ਸਿਵਲੀਅਨ ਤਾਮਿਲਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਉਸ ’ਤੇ ਫ਼ੌਜੀ ਸਾਜ਼ੋ-ਸਾਮਾਨ ਵਿਚ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲੱਗੇ। ਉਹ ਆਪਣੇ ਵਿਰੋਧੀਆਂ, ਪੱਤਰਕਾਰਾਂ ਤੇ ਸਿਆਸੀ ਆਗੂਆਂ ਨੂੰ ਕਤਲ ਕਰਵਾਉਣ ਲਈ ਆਪਣੇ ਹਥਿਆਰਬੰਦ ਦਸਤੇ ਭੇਜਦਾ ਸੀ ਪਰ ਤਾਮਿਲ ਟਾਈਗਰਾਂ ਨੂੰ ਕੁਚਲਣ ਵਿਚ ਮਿਲੀ ਸਫ਼ਲਤਾ ਕਾਰਨ ਉਹ ਸ੍ਰੀਲੰਕਾ ਦੇ ਬਹੁਗਿਣਤੀ ਫ਼ਿਰਕੇ ਭਾਵ ਬੋਧੀਆਂ ਦਾ ਨਾਇਕ ਬਣ ਗਿਆ।
      ਰਾਜਪਕਸੇ ਪਰਿਵਾਰ ਦੇ ਭ੍ਰਿਸ਼ਟਾਚਾਰ ਦੀ ਕਹਾਣੀ ਅਦਭੁੱਤ ਹੈ, ਇਉਂ ਲੱਗਦਾ ਹੈ ਜਿਵੇਂ ਲੰਕਾ ਦਾ ਸਾਰਾ ਸੋਨਾ ਇਸੇ ਪਰਿਵਾਰ ਨੇ ਹੀ ਲੁੱਟ ਲਿਆ ਹੋਵੇ। ਪਰਿਵਾਰ ਦੀ ਦੌਲਤ ਦਾ ਕੋਈ ਹਿਸਾਬ-ਕਿਤਾਬ ਨਹੀਂ, ਕੁਝ ਅਨੁਮਾਨਾਂ ਅਨੁਸਾਰ ਤਾਂ ਪਰਿਵਾਰ ਦੇ ਸਭ ਮੈਂਬਰਾਂ ਦੀ ਜਾਇਦਾਦ ਲਗਭਗ ਇਕ ਟ੍ਰਿਲੀਅਨ ਡਾਲਰ (1,000 ਕਰੋੜ ਡਾਲਰ ਜਾਂ 10 ਲੱਖ ਕਰੋੜ ਸ੍ਰੀਲੰਕਨ ਰੁਪਈਏ) ਹੈ ਜਦੋਂਕਿ ਦੇਸ਼ ਚੀਨ, ਭਾਰਤ ਅਤੇ ਵਿਸ਼ਵ ਵਿੱਤ ਫੰਡ (International Monetary Fund-ਆਈਐੱਮਐੱਫ) ਤੋਂ ਕੁਝ ਲੱਖ ਡਾਲਰ ਦੀ ‘ਭੀਖ’ ਮੰਗ ਰਿਹਾ ਹੈ। ਪਰਿਵਾਰ ਦੇ ਮੈਂਬਰਾਂ ਦੇ ਟੈਲੀਫੋਨ, ਹੋਟਲ, ਏਅਰਲਾਈਨਜ਼, ਖੇਡਾਂ, ਮੀਡੀਆ, ਚਾਹ, ਸੀਮੈਂਟ, ਫਿਲਮਾਂ, ਹੀਰੇ-ਜਵਾਹਰਾਤ, ਫ਼ੌਜੀ ਸਾਜ਼ੋ-ਸਾਮਾਨ, ਜਹਾਜ਼ਰਾਨੀ, ਇਮਾਰਤਸਾਜ਼ੀ ਅਤੇ ਹੋਰ ਖੇਤਰਾਂ ਵਿਚ ਵੱਡੇ ਕਾਰੋਬਾਰ ਹਨ, ਕੀਮਤੀ ਜ਼ਮੀਨਾਂ ਹਨ, ਦੋ ਆਪਣੇ ਟਾਪੂ ਹਨ, ਇਕ ਸੇਸ਼ਲਜ ਲਾਗੇ ਅਤੇ ਇਕ ਮਾਲਦੀਵਜ ਲਾਗੇ। ਭ੍ਰਿਸ਼ਟਾਚਾਰ ਰਾਜਪਕਸੇ ਪਰਿਵਾਰ ਤਕ ਸੀਮਤ ਨਹੀਂ। ਤੱਥ ਇਹ ਹੈ ਕਿ ਦੇਸ਼ ਦੇ ਹੋਰ ਵੱਡੇ ਸਿਆਸੀ ਪਰਿਵਾਰਾਂ, ਪ੍ਰਸ਼ਾਸਕਾਂ, ਵੱਖ ਵੱਖ ਅਹੁਦਿਆਂ ’ਤੇ ਰਹੇ ਅਧਿਕਾਰੀਆਂ, ਵਪਾਰੀਆਂ, ਕਾਰੋਬਾਰੀਆਂ, ਕਾਰਪੋਰੇਟਾਂ, ਸਭ ਨੇ ਮਿਲ ਕੇ ਲੋਕਾਂ ਨੂੰ ਲੁੱਟਿਆ ਹੈ।
       ਭ੍ਰਿਸ਼ਟਾਚਾਰ ਤਸਵੀਰ ਦਾ ਇਕ ਪਾਸਾ ਹੈ ਪਰ ਪ੍ਰਮੁੱਖ ਸਵਾਲ ਇਹ ਹੈ ਕਿ ਰਾਜਪਕਸੇ ਪਰਿਵਾਰ ਨੂੰ ਏਨੀ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਕਰਨ ਦੀ ਤਾਕਤ ਕਿੱਥੋਂ ਪ੍ਰਾਪਤ ਹੋਈ। ਸਪੱਸ਼ਟ ਹੈ ਕਿ ਇਹ ਤਾਕਤ ਲਗਾਤਾਰ ਸੱਤਾ ’ਚ ਰਹਿਣ ਨਾਲ ਪ੍ਰਾਪਤ ਹੋਈ। ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਪਰਿਵਾਰ ਕੋਲ ਜਾਦੂ ਦੀ ਅਜਿਹੀ ਕਿਹੜੀ ਛੜੀ ਸੀ ਜਿਸ ਕਾਰਨ ਸ੍ਰੀਲੰਕਾ ਦੇ ਲੋਕ ਉਨ੍ਹਾਂ ਨੂੰ ਲਗਾਤਾਰ ਵੋਟਾਂ ਪਾ ਕੇ ਨਿਵਾਜਦੇ ਅਤੇ ਵੱਡੇ ਅਹੁਦਿਆਂ ’ਤੇ ਬਿਠਾਉਂਦੇ ਰਹੇ। ਇਸ ਦਾ ਜਵਾਬ ਇਹ ਹੈ ਕਿ ਉਹ ਜਾਦੂ ਦੀ ਛੜੀ ਸੀ ਸਿਨਹਾਲੀ ਅੰਧ-ਰਾਸ਼ਟਰਵਾਦ ਅਤੇ ਦੇਸ਼ ਦੇ ਘੱਟਗਿਣਤੀ ਫ਼ਿਰਕਿਆਂ (ਤਾਮਿਲ, ਮੁਸਲਮਾਨ, ਇਸਾਈ ਆਦਿ) ਦੇ ਲੋਕਾਂ ਨਾਲ ਨਫ਼ਰਤ ਜਿਸ ਤਹਿਤ ਦੇਸ਼ ਦੀਆਂ ਘੱਟਗਿਣਤੀਆਂ ਨੂੰ ਲਗਾਤਾਰ ਹਾਸ਼ੀਏ ’ਤੇ ਧੱਕਿਆ ਗਿਆ ਅਤੇ ਬਹੁਗਿਣਤੀ ਫ਼ਿਰਕੇ ਸਿਨਹਾਲੀ ਬੋਧੀਆਂ ਦਾ ਬੋਲਬਾਲਾ ਹੋਇਆ।
       ਇਹ ਕਹਾਣੀ ਬਹੁਤ ਲੰਮੀ ਹੈ। 1948 ਵਿਚ ਆਜ਼ਾਦੀ ਮਿਲਣ ਸਮੇਂ ਜਿਹੜਾ ਸੰਵਿਧਾਨ ਲਾਗੂ ਕੀਤਾ ਗਿਆ, ਉਹ ਪੱਛਮੀ ਆਧੁਨਿਕਤਾ ਤੋਂ ਪ੍ਰਭਾਵਿਤ ਸੀ ਅਤੇ ਸਮਾਜ ਨੂੰ ਅਜਿਹੇ ਦ੍ਰਿਸ਼ਟੀਕੋਣ ਤੋਂ ਦੇਖਦਾ ਸੀ ਜਿਸ ਨੂੰ ਸੀਲੋਨਵਾਦੀ (Ceylonese) ਦ੍ਰਿਸ਼ਟੀਕੋਣ ਕਿਹਾ ਜਾਂਦਾ ਸੀ, ਦੇਸ਼ ਦਾ ਨਾਂ ਵੀ ਸੀਲੋਨ (ਸ੍ਰੀਲੰਕਾ ਦਾ ਅੰਗਰੇਜ਼ੀ ਨਾਮ) ਸੀ ਅਤੇ ਦੇਸ਼ ਆਸਟਰੇਲੀਆ, ਕੈਨੇਡਾ ਤੇ ਕੁਝ ਹੋਰ ਦੇਸ਼ਾਂ ਦੀ ਤਰ੍ਹਾਂ ਇੰਗਲੈਂਡ ਦੀ ਰਾਣੀ ਨੂੰ ਦੇਸ਼ ਦੀ ਸੰਵਿਧਾਨਿਕ ਮੁਖੀ ਮੰਨਦਾ ਸੀ। ਇਸ ਦ੍ਰਿਸ਼ਟੀਕੋਣ ਦੀ ਪ੍ਰਮੁੱਖ ਖ਼ਾਸੀਅਤ ਇਹ ਸੀ ਕਿ ਇਹ ਵੱਖ ਵੱਖ ਫ਼ਿਰਕਿਆਂ ਵਿਚ ਸਾਂਝੀਵਾਲਤਾ ਵਧਾਉਣ ਅਤੇ ਤਾਕਤਾਂ ਦਾ ਸਮਤੋਲ ਬਣਾ ਕੇ ਰੱਖਣਾ ਚਾਹੁੰਦਾ ਸੀ। ਸਿਨਹਾਲੀ ਸਿਆਸੀ ਪਾਰਟੀਆਂ ਨੂੰ ਇਹ ਸੰਵਿਧਾਨ ਬਹੁਤਾ ਪਸੰਦ ਨਹੀਂ। ਆਜ਼ਾਦੀ ਤੋਂ ਇਕਦਮ ਬਾਅਦ 1948 ਵਿਚ ਹੀ ਸੀਲੋਨ ਨਾਗਰਿਕਤਾ ਕਾਨੂੰਨ ਬਣਾਇਆ ਗਿਆ ਜਿਸ ਨੇ ਲਗਭਗ 7 ਲੱਖ ਤਾਮਿਲਾਂ ਨੂੰ ਬੇਵਤਨੇ (Stateless) ਐਲਾਨ ਦਿੱਤਾ। ਲੱਖਾਂ ਤਾਮਿਲਾਂ ਨੂੰ ਜ਼ਬਰਦਸਤੀ ਭਾਰਤ ਭੇਜਿਆ ਗਿਆ। 1956 ਵਿਚ ‘ਸਿਰਫ਼ ਸਿਨਹਾਲਾ ਕਾਨੂੰਨ (Sinhala Only Act)’ ਬਣਾਇਆ ਗਿਆ ਜਿਸ ਵਿਚ ਸਿਨਹਾਲੀ ਭਾਸ਼ਾ ਨੂੰ ਦੇਸ਼ ਦੀ ਰਾਸ਼ਟਰ ਭਾਸ਼ਾ ਬਣਾ ਦਿੱਤਾ ਗਿਆ। 1972 ਵਿਚ ਬਣਾਏ ਨਵੇਂ ਸੰਵਿਧਾਨ ਵਿਚ ਘੱਟਗਿਣਤੀ ਫ਼ਿਰਕਿਆਂ ਦੇ ਹੱਕਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। 1956, 1958, 1977, 1981 ਅਤੇ 1983 ਵਿਚ ਤਾਮਿਲ ਵਿਰੋਧੀ ਦੰਗੇ ਹੋਏ।
        ਤਾਮਿਲ ਘੱਟਗਿਣਤੀ ਨੇ ਇਨ੍ਹਾਂ ਰੁਝਾਨਾਂ ਦਾ ਵਿਰੋਧ ਕਰਦਿਆਂ ਦੇਸ਼ ਦੇ ਉੱਤਰ-ਪੂਰਬ ਵਿਚ ਇਕ ਵੱਖਰੇ ਦੇਸ਼ ਜਾਂ ਖ਼ੁਦਮੁਖ਼ਤਿਆਰੀ ਵਾਲੇ ਖੇਤਰ ਦੀ ਮੰਗ ਕੀਤੀ। ਖ਼ਾਨਾਜੰਗੀ 30 ਸਾਲ ਤਕ ਚੱਲੀ। 21ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਖ਼ਾਨਾਜੰਗੀ ਖ਼ਤਮ ਹੋਣ ਨਾਲ ਸਿਨਹਾਲੀ ਅੰਧ-ਰਾਸ਼ਟਰਵਾਦ ਤੇਜ਼ੀ ਨਾਲ ਵਧਿਆ ਅਤੇ ਤਾਮਿਲ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੇ ਰਾਜਪਕਸੇ ਪਰਿਵਾਰ ਦੁਆਰਾ ਕੀਤੀ ਜਾ ਰਹੀ ਲੁੱਟ ਨੂੰ ਨਜ਼ਰਅੰਦਾਜ਼ ਅਤੇ ਉਨ੍ਹਾਂ (ਰਾਜਪਕਸੇ ਪਰਿਵਾਰ) ਦੁਆਰਾ ਉਤਸ਼ਾਹਿਤ ਕੀਤੀ ਜਾ ਰਹੀ ਘੱਟਗਿਣਤੀਆਂ ਵਿਰੋਧੀ ਸਿਆਸਤ ਨੂੰ ਸਵੀਕਾਰ ਕਰਦਿਆਂ ਦੇਸ਼ ਦੀ ਵਾਗਡੋਰ 2019 ਵਿਚ ਫਿਰ ਇਸੇ ਪਰਿਵਾਰ ਨੂੰ ਸੌਂਪ ਦਿੱਤੀ। ਗੋਟਾਬਾਯਾ ਨੇ ਟੈਕਸ ਵੱਡੀ ਪੱਧਰ ’ਤੇ ਵਧਾਏ ਅਤੇ ਦੇਸ਼ ਵਿਚ ਸਿਰਫ਼ ਜੈਵਿਕ (Organic) ਤਰੀਕੇ ਨਾਲ ਖੇਤੀ ਕਰਨ ਦਾ ਫ਼ੈਸਲਾ ਕੀਤਾ। ਕੋਵਿਡ-19 ਦੀ ਮਹਾਮਾਰੀ ਨੇ ਮਸਲਾ ਹੋਰ ਉਲਝਾ ਦਿੱਤਾ। ਇਸ ਦੌਰਾਨ ਰਾਜਪਕਸੇ ਪਰਿਵਾਰ ਅਤੇ ਹੋਰ ਸਿਆਸੀ ਆਗੂਆਂ ਦੁਆਰਾ ਕੀਤੀ ਜਾ ਰਹੀ ਲੁੱਟ-ਖਸੁੱਟ ਲਗਾਤਾਰ ਜਾਰੀ ਰਹੀ ਜਿਸ ਦੇ ਨਤੀਜੇ ਤਬਾਹਕੁਨ ਸਾਬਤ ਹੋਏ ਹਨ। ਜਿਨ੍ਹਾਂ ਲੋਕਾਂ ਨੇ ਰਾਸ਼ਟਰਪਤੀ ਭਵਨ ਅਤੇ ਹੋਰ ਸਰਕਾਰੀ ਸਥਾਨਾਂ ’ਤੇ ਕਬਜ਼ਾ ਕਰ ਕੇ ਹਕੂਮਤ ਡੇਗੀ ਹੈ, ਉਨ੍ਹਾਂ ਲੋਕਾਂ ਨੇ ਹੀ ਨਫ਼ਰਤੀ ਸਿਆਸਤ ਅਤੇ ਅੰਧ-ਰਾਸ਼ਟਰਵਾਦ ਵਿਚ ਵਿਸ਼ਵਾਸ ਕਰਦਿਆਂ ਗੋਟਾਬਾਯਾ ਪਰਿਵਾਰ ਨੂੰ ਸੱਤਾਧਾਰੀ ਬਣਾਇਆ ਸੀ।
         ਅਜੋਕੇ ਸਮਿਆਂ ਦੀਆਂ ਕਹਾਣੀਆਂ ਨਾ ਤਾਂ ‘ਇਕ ਸੀ ਰਾਜਾ’ ਜਿਹੇ ਵਾਕ ਨਾਲ ਸ਼ੁਰੂ ਹੋ ਸਕਦੀਆਂ ਹਨ ਅਤੇ ਨਾ ਹੀ ਰਾਜ-ਪਰਿਵਾਰ ਦੀ ਜਿੱਤ ਜਾਂ ਹਾਰ ਨਾਲ ਖ਼ਤਮ ਹੋ ਸਕਦੀਆਂ ਹਨ। ਗੋਟਾਬਾਯਾ ਪਰਿਵਾਰ ਸੱਤਾ ਤੋਂ ਬਾਹਰ ਹੋ ਗਿਆ ਹੈ ਪਰ ਅੰਧ-ਰਾਸ਼ਟਰਵਾਦੀ ਅਤੇ ਫ਼ਿਰਕਾਪ੍ਰਸਤ ਵਿਚਾਰਧਾਰਾ ਅਨੁਸਾਰ ਜਿਊਂਦੇ ਰਹੇ ਲੋਕ, ਜੋ ਹੁਣ ਅੰਦੋਲਨਕਾਰੀ ਬਣੇ ਹੋਏ ਹਨ, ਮੰਝਧਾਰ ਵਿਚ ਫਸੇ ਹੋਏ ਹਨ। ਉਹ ਘੱਟਗਿਣਤੀ ਫ਼ਿਰਕਿਆਂ ਪ੍ਰਤੀ ਆਪਣੀ ਨਫ਼ਰਤ ਤੋਂ ਪਿੱਛਾ ਛੁਡਾਉਣ ਤੋਂ ਅਸਮਰੱਥ ਹਨ, ਉਹ ਇਸ ਨਫ਼ਰਤ ਵਿਚ ਜਿਊਂਦਿਆਂ ਆਪਣੇ ਲਈ ਬਿਹਤਰ ਜ਼ਿੰਦਗੀ ਦੀ ਉਮੀਦ ਕਰਦੇ ਹਨ। ਕਹਾਣੀ ਦਾ ਸਾਰ-ਤੱਤ ਇਹ ਹੈ ਕਿ ਘੱਟਗਿਣਤੀ ਫ਼ਿਰਕਿਆਂ ਨੂੰ ਨੁੱਕਰੇ ਲਾਉਣ ਲਈ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੇ ਧਾਰਮਿਕ ਭਾਵਨਾਵਾਂ ’ਤੇ ਸਿਆਸਤ ਕਰਨ ਵਾਲੇ ਆਗੂਆਂ ਨੂੰ ਸੱਤਾਧਾਰੀ ਬਣਾਇਆ ਅਤੇ ਉਨ੍ਹਾਂ ਸੱਤਾਧਾਰੀਆਂ ਨੇ ਲੋਕਾਂ, ਜਿਨ੍ਹਾਂ ਵਿਚ ਵੱਡੀ ਗਿਣਤੀ ਬਹੁਗਿਣਤੀ ਫ਼ਿਰਕੇ ਦੀ ਹੈ, ਨੂੰ ਧੋਖਾ ਦਿੱਤਾ। ਕੁਝ ਵਿਦਵਾਨ ਇਸ ਨੂੰ ਕਾਵਿਮਈ ਢੰਗ ਨਾਲ ਹੋਇਆ ਨਿਆਂ (Poetic Justice) ਕਹਿਣਗੇ ਪਰ ਇਸ ਸਭ ਕੁਝ ਦਾ ਖ਼ਮਿਆਜ਼ਾ ਆਖ਼ਰਕਾਰ ਲੋਕਾਂ ਨੂੰ ਹੀ ਭੁਗਤਣਾ ਪੈਣਾ ਹੈ। ਸ੍ਰੀਲੰਕਾ ਦੇ ਵੱਖ ਵੱਖ ਫ਼ਿਰਕਿਆਂ ਦੇ ਲੋਕਾਂ ਕੋਲ ਸਾਂਝੀਵਾਲਤਾ ਦੀ ਸੋਚ ਅਪਣਾ ਕੇ ਜਮਹੂਰੀਅਤ ਬਹਾਲ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ, ਇਹ ਕੰਮ ਔਖਾ, ਜਟਿਲ ਅਤੇ ਮੁਸ਼ਕਲਾਂ-ਭਰਪੂਰ ਹੈ। ਲੰਮੀ ਸੋਚ ਵਾਲੇ ਦਾਨਿਸ਼ਵਰ ਸਿਆਸਤਦਾਨ ਹੀ ਲੋਕਾਂ ਵਿਚ ਏਕਤਾ ਤੇ ਸਮਤਾ ਪੈਦਾ ਕਰ ਕੇ ਮੰਝਧਾਰ ਵਿਚ ਡੋਲ ਰਹੇ ਬੇੜੇ ਨੂੰ ਕਿਨਾਰੇ ’ਤੇ ਲਗਾ ਸਕਦੇ ਹਨ।